ਮਿਆਂਮਾਰ ਫੌਜੀਆਂ ਦੀ ਹਵਸ ਦਾ ਸ਼ਿਕਾਰ ਹੋਈਆਂ ਰੋਹਿੰਗਿਆ ਕੁੜੀਆਂ

ਸੰਯੁਕਤ ਰਾਸ਼ਟਰ: ਮਿਆਂਮਾਰ ਦੇ ਸੁਰੱਖਿਆ ਬਲਾਂ ਨੇ ਫੌਜੀ ਮੁਹਿੰਮ ਦੌਰਾਨ ਅਣਗਿਣਤ ਰੋਹਿੰਗਿਆ ਔਰਤਾਂ ਤੇ ਕੁੜੀਆਂ ਨਾਲ ਸਮੁਹਿਕ ਬਲਾਤਕਾਰ ਕੀਤਾ। ਇਸ ਮੁਹਿੰਮ ਦੌਰਾਨ ਬਹੁਤ ਵੱਡੀ ਗਿਣਤੀ ਵਿਚ ਰੋਹਿੰਗਿਆ ਮੁਸਲਮਾਨਾਂ ਨੂੰ ਸਰਹੱਦ ਪਾਰ ਬੰਗਲਾਦੇਸ਼ ਭੱਜਣਾ ਪਿਆ।

ਮਨੁੱਖੀ ਅਧਿਕਾਰ ਸੰਗਠਨ ਹਿਊਮਨ ਰਾਈਟਸ ਵਾਚ (ਐਚæਆਰæਡਬਲਿਊæ) ਨੇ ਰਿਪੋਰਟ ਵਿਚ ਕਿਹਾ ਹੈ ਕਿ ਮਿਆਂਮਾਰ ਦੇ ਸੁਰੱਖਿਆ ਬਲਾਂ ਨੇ ਜਿਨਸੀ ਹਿੰਸਾ ਦੇ ਨਾਲ-ਨਾਲ ਬਹੁਤ ਅੱਤਿਆਚਾਰ ਕੀਤੇ ਜੋ ਮਾਨਵਤਾ ਵਿਰੋਧੀ ਹਨ। ਬਲਾਤਕਾਰ ਪੀੜਤਾਂ, ਸਹਾਇਤਾ ਸੰਗਠਨਾਂ ਤੇ ਬੰਗਲਾਦੇਸ਼ੀ ਸਿਹਤ ਅਧਿਕਾਰੀਆਂ ਦੀ ਇੰਟਰਵਿਊ ਉਤੇ ਆਧਾਰਤ ਇਸ ਰਿਪੋਰਟ ਵਿਚ ਵੱਡੀ ਗਿਣਤੀ ਰੋਹਿੰਗਿਆ ਔਰਤਾਂ ਨਾਲ ਬਲਾਤਕਾਰ ਤੇ ਫੌਜੀਆਂ ਵੱਲੋਂ ਜਿਨਸੀ ਸ਼ੋਸ਼ਣ ਸਬੰਧੀ ਜਾਣਕਾਰੀ ਹੈ।
ਇਹ ਖੋਜ ਕਰਨ ਵਾਲੇ ਲੇਖਕ ਸਕਾਈ ਵ੍ਹੀਲਰ ਨੇ ਕਿਹਾ ਕਿ ਬਰਮਾ ਦੇ ਸੁਰੱਖਿਆ ਦਸਤਿਆਂ ਵੱਲੋਂ ਰੋਹਿੰਗਿਆ ਖਿਲਾਫ਼ ਛੇੜੀ ਜਾਤੀਗਤ ਸਫਾਏ ਦੀ ਮੁਹਿੰਮ ਵਿਚ ਫੌਜ ਨੇ ਅਣਗਿਣਤੀ ਔਰਤਾਂ ਤੇ ਕੁੜੀਆਂ ਨਾਲ ਕੀਤੇ ਜਬਰ ਜਨਾਹ ਕਾਰਨ ਉਨ੍ਹਾਂ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਾਇਆ ਹੈ।
29 ਬਲਾਤਕਾਰ ਪੀੜਤਾਂ ਦੇ ਇੰਟਰਵਿਊ ਦੇ ਆਧਾਰ ‘ਤੇ ਕਿਹਾ ਗਿਆ ਹੈ ਕਿ ਸਿਰਫ ਇਕ ਨੂੰ ਛੱਡ ਕੇ ਬਾਕੀ ਸਾਰੀਆਂ ਨਾਲ ਦੋ ਜਾਂ ਇਸ ਤੋਂ ਵੀ ਵੱਧ ਲੋਕਾਂ ਨੇ ਬਲਾਤਕਾਰ ਕੀਤਾ। ਅੱਠ ਮਾਮਲਿਆਂ ਵਿਚ ਔਰਤਾਂ ਤੇ ਕੁੜੀਆਂ ਨਾਲ ਪੰਜ ਜਾਂ ਇਸ ਤੋਂ ਵੀ ਵੱਧ ਫੌਜੀਆਂ ਨੇ ਬਲਾਤਕਾਰ ਕੀਤੇ ਜਾਣ ਦਾ ਖੁਲਾਸਾ ਹੋਇਆ ਹੈ।
ਔਰਤਾਂ ਨੇ ਬਲਾਤਕਾਰ ਤੋਂ ਪਹਿਲਾਂ ਆਪਣੀਆਂ ਅੱਖਾਂ ਸਾਹਮਣੇ ਆਪਣੇ ਪਤੀ ਤੇ ਮਾਂ-ਬਾਪ ਦਾ ਕਤਲ ਹੁੰਦਾ ਵੇਖਿਆ। ਐਚæਆਰæਡਬਲਿਊæ ਨੇ ਗੈਂਗਰੇਪ ਦੇ ਛੇ ਮਾਮਲੇ ਅਜਿਹੇ ਦੱਸੇ ਹਨ ਜਿਨ੍ਹਾਂ ਵਿਚ ਫੌਜੀਆਂ ਨੇ ਔਰਤਾਂ ਨੂੰ ਸਮੂਹਾਂ ਵਿਚ ਇਕੱਤਰ ਕਰ ਲਿਆ।
ਉਨ੍ਹਾਂ ਨਾਲ ਉਥੇ ਕੁੱਟ-ਮਾਰ ਕੀਤੀ ਗਈ ਤੇ ਫਿਰ ਬਲਾਤਕਾਰ ਵੀ ਕੀਤਾ ਗਿਆ। ਰਿਪੋਰਟ ਵਿਚ 33 ਸਾਲ ਦੀ ਮੁਮਤਾਜ ਯੂਨੁਸ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਫੌਜੀਆਂ ਨੇ ਉਸ ਨੂੰ ਤੇ 20 ਹੋਰ ਔਰਤਾਂ ਨੂੰ ਇਕ ਪਹਾੜੀ ਉਤੇ ਫੜਿਆ ਸੀ ਤੇ ਉਨ੍ਹਾਂ ਨਾਲ ਬਲਾਤਕਾਰ ਕੀਤਾ। ਰਖਾਈਨ ਸੂਬੇ ਵਿਚ ਬੀਤੇ ਅਗਸਤ ਤੋਂ ਫੌਜੀ ਮੁਹਿੰਮ ਸ਼ੁਰੂ ਹੋਣ ਤੋਂ ਬਾਅਦ ਬੋਧੀ ਬਹੁਗਿਣਤੀ ਵਾਲੇ ਇਲਾਕੇ ਵਿਚੋਂ ਇਸ ਸਾਲ ਤਕਰੀਬਨ 6,00,000 ਤੋਂ ਵੀ ਜ਼ਿਆਦਾ ਰੋਹਿੰਗਿਆ ਮੁਸਲਮਾਨਾਂ ਨੇ ਭੱਜ ਕੇ ਦੂਜੇ ਦੇਸ਼ ਵਿਚ ਸ਼ਰਣ ਲਈ ਹੈ।
_______________________________
ਮੂਲ ਵਾਸੀਆਂ ਦੇ ਮੰਨਣ ‘ਤੇ ਹੀ ਵਾਪਸੀ: ਫੌਜ
ਯਾਗੂਨ: ਫੌਜ ਨੇ ਆਖਿਆ ਹੈ ਕਿ ਰੋਹਿੰਗਿਆ ਸ਼ਰਨਾਰਥੀ ਉਦੋਂ ਤੱਕ ਰਖੀਨ ਸੂਬੇ ਵਿਚ ਵਾਪਸ ਨਹੀਂ ਪਰਤ ਸਕਦੇ ਜਦੋਂ ਤੱਕ ਉਥੋਂ ਦੇ ਮੂਲ ਵਾਸੀ ਉਨ੍ਹਾਂ ਨੂੰ ਸਵੀਕਾਰ ਨਹੀਂ ਕਰਦੇ। ਅਗਸਤ ਮਹੀਨੇ ਵਿਚ ਫੌਜ ਵੱਲੋਂ ਉਨ੍ਹਾਂ ਖਿਲਾਫ਼ ਚਲਾਈ ਮੁਹਿੰਮ ਤੋਂ ਬਾਅਦ 6 ਲੱਖ ਰੋਹਿੰਗਿਆ ਮੁਸਲਮਾਨ ਬੰਗਲਾਦੇਸ਼ ਸ਼ਰਨਾਰਥੀ ਕੈਂਪਾਂ ਵਿਚ ਚਲੇ ਗਏ ਸੀ। ਸੰਯੁਕਤ ਰਾਸ਼ਟਰ ਨੇ ਦੋਸ਼ ਲਾਇਆ ਹੈ ਕਿ ਫੌਜ ਵੱਲੋਂ ਉਤਰੀ ਰਖੀਨ ਸੂਬੇ ਵਿਚ ਕੀਤੀ ਕਾਰਵਾਈ, ਘੱਟ ਗਿਣਤੀ ਦਾ ਮੂਲੋਂ ਨਾਸ਼ ਕਰਨ ਲਈ ਹੀ ਕੀਤੀ ਗਈ ਸੀ ਪਰ ਮਿਆਂਮਾਰ ਫੌਜ ਦੇ ਮੁਖੀ ਮਿਨ ਉਂਗ ਹਲਿਆਂਗ ਨੇ ਸ਼ੋਸ਼ਣ ਦੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਫੌਜ ਨੇ ਸਿਰਫ ਰੋਹਿੰਗਿਆ ਬਾਗੀਆਂ ਨੂੰ ਹੀ ਨਿਸ਼ਾਨਾ ਬਣਾਇਆ ਸੀ।