ਪੰਜਾਬੀ ਕਿਸਾਨ ਗੁਜਰਾਤ ਵਿਚ ਭਾਜਪਾ ਨੂੰ ਸਿਖਾਉਣਗੇ ਸਬਕ

ਚੰਡੀਗੜ੍ਹ: ਗੁਜਰਾਤ ਵਿਧਾਨ ਸਭਾ ਚੋਣਾਂ ਵਿਚ ਪੰਜਾਬੀ ਕਿਸਾਨਾਂ ਦਾ ਉਜਾੜਾ ਮੁੱਦਾ ਬਣ ਕੇ ਉਭਰਿਆ ਹੈ। ਪਿਛਲੇ ਸੱਤ ਵਰ੍ਹਿਆਂ ਤੋਂ ਪੰਜਾਬੀ ਕਿਸਾਨ ਗੁਜਰਾਤ ਵਿਚ ਔਖੇ ਦੌਰ ਵਿਚੋਂ ਲੰਘ ਰਹੇ ਹਨ ਤੇ ਉਨ੍ਹਾਂ ਦੇ ਚੇਤੇ ਵਿਚੋਂ ਉਜਾੜੇ ਦਾ ਦੌਰ ਨਹੀਂ ਭੁੱਲ ਰਿਹਾ। ਗੁਜਰਾਤ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਸਿੱਖ ਵੋਟਰਾਂ ਨੂੰ ਤਾਂ ਚੋਗਾ ਪਾਇਆ ਹੈ ਪਰ ਪੰਜਾਬ ਤੇ ਹਰਿਆਣਾ ਦੇ ਉਥੇ ਰਹਿ ਰਹੇ ਕਿਸਾਨਾਂ ਦੀ ਬਾਂਹ ਨਹੀਂ ਫੜੀ। ਜ਼ਿਲ੍ਹਾ ਭੁਜ ਦੇ ਵਿਧਾਨ ਸਭਾ ਹਲਕੇ ਨਲੀਆ ਵਿਚ ਵੱਡੀ ਗਿਣਤੀ ਪੰਜਾਬੀ ਕਿਸਾਨਾਂ ਦੀ ਹੈ, ਜਿਨ੍ਹਾਂ ਉਤੇ ਉਜਾੜੇ ਦੀ ਤਲਵਾਰ ਲਟਕ ਰਹੀ ਹੈ।

ਹਲਕੇ ਦੇ ਪਿੰਡ ਲੋਰੀਆ ਦੇ ਕਿਸਾਨ ਰਵਿੰਦਰ ਸਿੰਘ ਨੇ ਕੁਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਪੱਤਰ ਭੇਜ ਕੇ ਆਪਣੀ ਦਾਸਤਾਂ ਸੁਣਾਈ ਹੈ। ਉਸ ਨੇ ਦੱਸਿਆ ਹੈ ਕਿ ਉਸ ਦੀ 20 ਏਕੜ ਜ਼ਮੀਨ ਉਤੇ ਗੁਜਰਾਤ ਦੇ ਭੂ-ਮਾਫੀਏ ਨੇ ਕਬਜ਼ਾ ਕੀਤਾ ਹੋਇਆ ਹੈ, ਇਸ ਜ਼ਮੀਨ ਦੀ ਕਾਸ਼ਤ ਲਈ ਉਸ ਨੇ ਬੈਂਕ ਤੋਂ 20 ਲੱਖ ਰੁਪਏ ਦਾ ਕਰਜ਼ਾ ਲਿਆ ਸੀ। ਉਸ ਨੂੰ ਗੁਜਰਾਤ ਛੱਡਣ ਲਈ ਮਜਬੂਰ ਕਰ ਦਿੱਤਾ ਗਿਆ ਤੇ ਹੁਣ ਬੈਂਕ ਦੀਆਂ ਕਿਸ਼ਤਾਂ ਉਹ ਪੱਲਿਓਂ ਭਰ ਰਿਹਾ ਹੈ। ਇੰਜ ਹੀ ਫਾਜ਼ਿਲਕਾ ਜ਼ਿਲ੍ਹੇ ਦੇ ਤਿੰਨ ਭਰਾ ਅਤੇ ਉਨ੍ਹਾਂ ਦਾ ਇਕ ਚਾਚਾ ਵੀ ਗੁਜਰਾਤ ਵਿਚੋਂ ਵਾਪਸ ਆ ਗਏ ਹਨ, ਜਿਨ੍ਹਾਂ ਨੂੰ ਆਪਣੀ 300 ਏਕੜ ਜ਼ਮੀਨ ਛੱਡਣੀ ਪਈ ਹੈ। ਗੁਰਚਰਨ ਸਿੰਘ ਨਾਂ ਦਾ ਕਿਸਾਨ 40 ਏਕੜ ਜ਼ਮੀਨ ਛੱਡ ਕੇ ਆਇਆ ਹੈ।
ਲੁਧਿਆਣਾ ਜ਼ਿਲ੍ਹੇ ਦਾ ਪਵਿੱਤਰ ਸਿੰਘ ਮੁੜ ਪੰਜਾਬ ਆ ਗਿਆ ਹੈ। ਪੰਜਾਬੀ ਕਿਸਾਨਾਂ ਦੀ ਅਗਵਾਈ ਕਰਨ ਵਾਲੇ ਸੁਰਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਸੱਤ ਵਰ੍ਹਿਆਂ ਤੋਂ ਪੰਜਾਬੀ ਕਿਸਾਨ ਗੁਜਰਾਤ ਵਿਚ ਦਹਿਸ਼ਤ ਵਿਚ ਦਿਨ ਕੱਟ ਰਹੇ ਹਨ। ਭਾਵੇਂ ਹਾਈ ਕੋਰਟ ਨੇ ਕਿਸਾਨਾਂ ਦੇ ਪੱਖ ਵਿਚ ਫੈਸਲਾ ਸੁਣਾਇਆ ਹੈ, ਪਰ ਗੁਜਰਾਤ ਸਰਕਾਰ ਸੁਪਰੀਮ ਕੋਰਟ ਚਲੀ ਗਈ ਹੈ। ਉਨ੍ਹਾਂ ਦੱਸਿਆ ਕਿ ਸਾਲ 2010 ਤੋਂ ਪਹਿਲਾਂ ਗੁਜਰਾਤ ਵਿਚ ਤਕਰੀਬਨ ਪੰਜ ਹਜ਼ਾਰ ਕਿਸਾਨ ਪਰਿਵਾਰ ਸਨ, ਜਿਨ੍ਹਾਂ ਵਿਚੋਂ ਹੁਣ 50 ਫਸਦੀ ਰਹਿ ਗਏ ਹਨ। ਪੰਜਾਬੀ ਕਿਸਾਨਾਂ ਵਿਚ ਰੋਹ ਹੈ ਤੇ ਉਨ੍ਹਾਂ ਨੇ ਹਾਕਮ ਧਿਰ ਨੂੰ ਸਬਕ ਸਿਖਾਉਣ ਦਾ ਮਨ ਬਣਾਇਆ ਹੈ।
ਪੰਜਾਬੀ ਕਿਸਾਨ ਹਰਵਿੰਦਰ ਸਿੰਘ ਨੇ ਕਿਹਾ ਕਿ ਗੁਜਰਾਤ ਸਰਕਾਰ ਵੱਲੋਂ ਸੁਪਰੀਮ ਕੋਰਟ ਵਿਚੋਂ ਕੇਸ ਵਾਪਸ ਨਾ ਲੈਣ ਤੋਂ ਸਪੱਸ਼ਟ ਹੈ ਕਿ ਗੁਜਰਾਤ ਸਰਕਾਰ ਹੁਣ ਪੰਜਾਬੀ ਕਿਸਾਨਾਂ ਦੇ ਵਸੇਬੇ ਦੇ ਹੱਕ ਵਿਚ ਨਹੀਂ ਹੈ। ਉਨ੍ਹਾਂ ਦੱਸਿਆ ਕਿ ਕੁਠਾਰਾ ਕਸਬੇ ਵਿਚ ਤਕਰੀਬਨ ਤਿੰਨ ਹਜ਼ਾਰ ਵੋਟਾਂ ਪੰਜਾਬੀ ਕਿਸਾਨਾਂ ਦੀਆਂ ਹਨ। ਕੱਛ ਖਿੱਤੇ ਦੇ ਮਾਂਡਵੀ ਇਲਾਕੇ ਵਿਚ ਕਾਫੀ ਪੰਜਾਬੀ ਕਿਸਾਨ ਹਨ। ਇਨ੍ਹਾਂ ਕਿਸਾਨਾਂ ਨੂੰ ਮਰਹੂਮ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੇ ਸਾਲ 1964 ਵਿਚ ‘ਜੈ ਜਵਾਨ ਜੈ ਕਿਸਾਨ’ ਦੇ ਨਾਅਰੇ ਤਹਿਤ ਗੁਜਰਾਤ ਵਿਚ ਜ਼ਮੀਨ ਅਲਾਟ ਕੀਤੀ ਸੀ।
______________________________
ਗੁਜਰਾਤ ਸਰਕਾਰ ਦਾ ਸਿੱਖ ਭਾਈਚਾਰੇ ਨੂੰ ਚੋਗਾ
ਚੰਡੀਗੜ੍ਹ: ਗੁਜਰਾਤ ਸਰਕਾਰ ਨੇ ਸਿੱਖ ਭਾਈਚਾਰੇ ਨੂੰ ਚੋਗਾ ਪਾਇਆ ਹੈ। ਘੱਟ ਗਿਣਤੀ ਵਿੱਤ ਤੇ ਵਿਕਾਸ ਕਾਰਪੋਰੇਸ਼ਨ ਗੁਜਰਾਤ ਦੀ ਡਾਇਰੈਕਟਰ ਪਰਮਜੀਤ ਕੌਰ ਛਾਬੜਾ ਨੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾਂ ਸਮਾਗਮਾਂ ਉਤੇ ਗੁਜਰਾਤ ਦੇ ਮੁੱਖ ਮੰਤਰੀ ਨੇ ਸਿੱਖ ਭਾਈਚਾਰੇ ਦੀਆਂ ਮੰਗਾਂ ਮੰਨੀਆਂ ਹਨ, ਜਿਸ ਤਹਿਤ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਲੱਖਪਤ ਤੇ ਭਾਈ ਮੋਹਕਮ ਸਿੰਘ ਨਾਲ ਸਬੰਧਤ ਬੇਟ ਦਵਾਰਕਾ ਦੇ ਵਿਕਾਸ ਲਈ 10 ਕਰੋੜ ਰੁਪਏ ਦਿੱਤੇ ਗਏ ਹਨ। ਇਨ੍ਹਾਂ ਦੋਹਾਂ ਥਾਵਾਂ ਦੇ ਪ੍ਰੋਜੈਕਟ ਵੀ ਉਨ੍ਹਾਂ ਨੇ ਸਰਕਾਰ ਕੋਲ ਚੋਣਾਂ ਤੋਂ ਪਹਿਲਾਂ ਜਮ੍ਹਾਂ ਕਰਾ ਦਿੱਤੇ ਹਨ। ਸਰਕਾਰ ਪੰਜਾਬੀ ਕਿਸਾਨਾਂ ਦੇ ਮਸਲੇ ਦਾ ਵੀ ਹੱਲ ਕੱਢੇਗੀ।
______________________________
ਸਹਿਜਧਾਰੀ ਪਾਰਟੀ ਵੱਲੋਂ ਭਾਜਪਾ ਤੋਂ ਦੂਰੀ ਦੀ ਸਲਾਹ
ਚੰਡੀਗੜ੍ਹ: ਸਹਿਜਧਾਰੀ ਸਿੱਖ ਪਾਰਟੀ ਵੱਲੋਂ ਗੁਜਰਾਤ ਦੇ ਸਿੱਖਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਗੁਜਰਾਤ ‘ਚ ਭਾਜਪਾ ਨੂੰ ਵੋਟ ਨਾ ਦੇਣ। ਸਹਿਜਧਾਰੀ ਸਿੱਖ ਪਾਰਟੀ ਦੇ ਕੌਮੀ ਪ੍ਰਧਾਨ ਡਾæ ਪਰਮਜੀਤ ਸਿੰਘ ਰਾਣੂ ਨੇ ਕਿਹਾ ਕਿ ਭਾਜਪਾ ਨੂੰ ਦੇਸ਼ ‘ਚ ਵੱਸਦੇ ਲੱਖਾਂ ਸਹਿਜਧਾਰੀ ਸਿੱਖਾਂ ਦੀ ਤਾਕਤ ਦਾ ਅੰਦਾਜ਼ਾ ਹਿਮਾਚਲ ਤੇ ਗੁਜਰਾਤ ਚੋਣਾਂ ਮਗਰੋਂ ਹੋ ਜਾਵੇਗਾ। ਸਹਿਜਧਾਰੀ ਸਿੱਖ ਭਾਜਪਾ ਲਈ ਦੇਸ਼ ਭਰ ਵਿਚ ਚੁਣੌਤੀ ਬਣ ਕੇ ਸਾਹਮਣੇ ਆਉਣਗੇ ਅਤੇ ਇਹ ਪਾਰਟੀ ਹਮੇਸ਼ਾ ਕਾਂਗਰਸ ਦੀ ਹਮਾਇਤ ਕਰੇਗੀ।