ਜਿਥੇ 800 ਡਾਲਰ ਵਿਚ ਹੁੰਦੀ ਹੈ ਜ਼ਿੰਦਗੀ ਨਿਲਾਮ

ਤ੍ਰਪੋਲੀ (ਲਿਬੀਆ): ਇਕ ਆਦਮੀ ਬੋਲੀ ਦੇ ਰਿਹਾ ਹੈ, “ਹਾਂ ਜੀ, ਅੱਠ ਸੌ, 900æææ, 1100æææ, 1200æææ”, ਲਓ ਜੀ ਸੌਦਾ ਪੂਰਾ ਹੋਇਆ, 1200 ਲੀਬੀਅਨ ਦਿਨਾਰ ਵਿਚ, ਯਾਨਿ 800 ਡਾਲਰ ਵਿਚ। ਬੋਲੀ ਰਾਹੀਂ ਜੋ ਇਹ ਸੌਦਾ ਹੋ ਰਿਹਾ ਹੈ, ਉਹ ਕੋਈ ਆਲੂ-ਗੋਭੀ ਜਾਂ ਕਿਸੇ ਕਾਰ-ਕੋਠੀ ਦਾ ਨਹੀਂ, ਬਲਕਿ ਮਨੁੱਖਾਂ ਦਾ ਹੈ। ਜੀ ਹਾਂ, ਇਥੇ ਮਨੁੱਖਾਂ ਦੀ ਮੰਡੀ ਲੱਗਦੀ ਹੈ। ਨਿਊਜ਼ ਚੈਨਲ ਸੀæਐਨæਐਨæ ਵੱਲੋਂ ਇੱਕ ਵੀਡੀਓ ਲਿਬੀਆ ਸਰਕਾਰ ਨੂੰ ਸੌਂਪੀ ਗਈ ਹੈ ਤਾਂ ਜੋ ਕਾਰਵਾਈ ਕੀਤੀ ਜਾ ਸਕੇ।

ਇਹ ਨਿਲਾਮੀ ਫੜੇ ਹੋਏ ਅਣਪਛਾਤੇ ਲੋਕਾਂ ਜਾਂ ਰਿਫੀਊਜੀਆਂ ਦੀ ਕੀਤੀ ਜਾਂਦੀ ਹੈ। ਇਹ ਉਹ ਲੋਕ ਹਨ ਜੋ ਲੀਬੀਆ ਰਾਹੀਂ ਯੂਰਪੀ ਦੇਸ਼ਾਂ ਵਿਚ ਦਾਖਲ ਹੋਣਾ ਚਾਹੁੰਦੇ ਹਨ। ਇਨ੍ਹਾਂ ਵਿਚ ਜ਼ਿਆਦਾਤਰ ਉਹ ਲੋਕ ਹੁੰਦੇ ਹਨ ਜੋ ਆਪਣਾ ਸਭ ਕੁਝ ਵੇਚ ਕੇ ਯੂਰਪ ਜਾ ਕੇ ਨਵੀਂ ਜ਼ਿੰਦਗੀ ਸ਼ੁਰੂ ਕਰਨਾ ਲੋਚਦੇ ਹਨ।
ਤਸਕਰ ਇਨ੍ਹਾਂ ਨੂੰ ਕਿਸ਼ਤੀਆਂ ਵਿਚ ਸਵਾਰ ਕਰ ਕੇ ਲਿਆਉਂਦੇ ਤੇ ਲਿਜਾਂਦੇ ਹਨ ਅਤੇ ਉਥੋਂ ਦੀ ਜਲ ਸੈਨਾ ਇਨ੍ਹਾਂ ਲੋਕਾਂ ਨੂੰ ਮੁਸਾਫਰ ਸਮਝਦੀ ਹੈ, ਕਿਉਂਕਿ ਉਨ੍ਹਾਂ ‘ਤੇ ਗੁਲਾਮੀ ਦੀਆਂ ਭੌਤਿਕ ਨਿਸ਼ਾਨੀਆਂ, ਹਥਕੜੀਆਂ ਤੇ ਬੇੜੀਆਂ ਨਹੀਂ ਵਿਖਾਈ ਦਿੰਦੀਆਂ। ਤਸਕਰਾਂ ਦਾ ਕੰਮ ਸਿਰਫ ਆਦਮੀ ਸਪਲਾਈ ਕਰਨਾ ਤੇ ਉਸ ਦੇ ਬਦਲੇ ਵਿਚ ਪੈਸੇ ਲੈਣਾ ਹੁੰਦਾ ਹੈ। ਇਨਸਾਨ ਨੂੰ ਉਸ ਦੀ ਸਰੀਰਕ ਕਾਬਲੀਅਤ ਦੇ ਆਧਾਰ ਉਤੇ ਵੇਚਿਆ ਜਾਂਦਾ ਹੈ। ਖੇਤਾਂ ਵਿਚ ਕੰਮ ਕਰਨ ਵਾਲੇ ਸਰੀਰਕ ਰੂਪ ਵਿਚ ਤਕੜੇ ਬੰਦੇ ਦਾ ਉਸ ਦੀ ਸਮਰੱਥਾ ਮੁਤਾਬਕ ਮੁੱਲ ਲੱਗਦਾ ਹੈ। ਇਸ ਤਰ੍ਹਾਂ ਉਥੇ ਇਕ ਵੱਖਰੀ ਪੂਰਨ ਸਲੇਵ ਮਾਰਕੀਟ ਯਾਨੀ ਗੁਲਾਮਾਂ ਦਾ ਬਾਜ਼ਾਰ ਬਣ ਗਿਆ ਹੈ। ਇਸ ਗੁਲਾਮ ਬਾਜ਼ਾਰ ਵਿਚ ਵੱਧ ਬੋਲੀ ਲਾਉਣ ਵਾਲਾ ਇਨ੍ਹਾਂ ਗੁਲਾਮਾਂ ਦਾ ਮਾਲਕ ਬਣ ਜਾਂਦਾ ਹੈ।
—————————-
ਮਾਨੁਸ਼ੀ ਛਿੱਲਰ ਸਿਰ ਸਜਿਆ ਵਿਸ਼ਵ ਸੁੰਦਰੀ ਦਾ ਤਾਜ
ਸਾਨਿਆ: ਹਰਿਆਣਾ ਦੇ ਜ਼ਿਲ੍ਹਾ ਝੱਜਰ ਦੀ ਮਾਨੁਸ਼ੀ ਛਿੱਲਰ ਮਿਸ ਵਰਲਡ 2017 ਚੁਣੀ ਗਈ ਹੈ। 17 ਸਾਲ ਬਾਅਦ ਕਿਸੇ ਭਾਰਤੀ ਸੁੰਦਰੀ ਸਿਰ ਇਹ ਤਾਜ ਸਜਿਆ ਹੈ। ਚੀਨ ਦੇ ਸਾਨਿਆ ਸਿਟੀ ਐਰੀਨਾ ਵਿਚ ਹੋਏ ਇਸ ਮੁਕਾਬਲੇ ਵਿਚ ਵੱਖ-ਵੱਖ ਮੁਲਕਾਂ ਦੀਆਂ 121 ਸੁੰਦਰੀਆਂ ਨੇ ਹਿੱਸਾ ਲਿਆ ਸੀ।
ਮਿਸ ਵਰਲਡ 2016 ਮੁਕਾਬਲੇ ਦੀ ਜੇਤੂ ਪੁਏਰਟੋ ਰਿਕੋ ਦੀ ਸਟੈਫਨੀ ਡੇਲ ਵੈਲੇ ਨੇ ਮਾਨੁਸ਼ੀ ਨੂੰ ਤਾਜ ਪਹਿਨਾਇਆ। ਇਸ ਸਾਲ ਮਈ ਵਿਚ ਉਸ ਨੇ ਮਿਸ ਇੰਡੀਆ ਵਰਲਡ ਖਿਤਾਬ ਜਿੱਤਿਆ ਸੀ। ਮਿਸ ਵਰਲਡ ਮੁਕਾਬਲੇ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਮਾਨੁਸ਼ੀ ਦੇ ਜਿੱਤਣ ਦਾ ਐਲਾਨ ਕੀਤਾ ਗਿਆ। ਮਾਨੁਸ਼ੀ ਇੰਗਲੈਂਡ, ਫਰਾਂਸ, ਕੀਨੀਆ, ਮੈਕਸਿਕੋ ਦੀਆਂ ਸੁੰਦਰੀਆਂ ਨਾਲ ਆਖਰੀ ਪੰਜਾਂ ਵਿਚ ਸ਼ਾਮਲ ਹੋਈ ਸੀ। ਇਸ ਮੁਕਾਬਲੇ ਵਿਚ ਦੂਜੇ ਸਥਾਨ ਉਤੇ ਮਿਸ ਇੰਗਲੈਂਡ ਸਟੈਫਨੀ ਹਿੱਲ ਅਤੇ ਤੀਜੇ ਸਥਾਨ ਉਤੇ ਮਿਸ ਮੈਕਸਿਕੋ ਆਂਦਰੀਆ ਮੇਜਾ ਰਹੀ। ਮੁਕਾਬਲੇ ਦੇ ਆਖਰੀ ਗੇੜ ਵਿਚ ਮਾਨੁਸ਼ੀ ਤੋਂ ਜਿਊਰੀ ਨੇ ਪੁੱਛਿਆ ਕਿ ਕਿਹੜੇ ਪੇਸ਼ੇ ਵਿਚ ਸਭ ਤੋਂ ਜ਼ਿਆਦਾ ਤਨਖਾਹ ਮਿਲਣੀ ਚਾਹੀਦੀ ਹੈ ਅਤੇ ਕਿਉਂ? ਇਸ ਦੇ ਜਵਾਬ ਵਿਚ ਮਾਨੁਸ਼ੀ ਨੇ ਕਿਹਾ, ‘ਮਾਂ ਨੂੰ ਸਭ ਤੋਂ ਵੱਧ ਆਦਰ ਮਿਲਣਾ ਚਾਹੀਦਾ ਹੈ। ਇਸ ਲਈ ਉਨ੍ਹਾਂ ਨੂੰ ਤਨਖਾਹ ਨਹੀਂ ਬਲਕਿ ਸਨਮਾਨ ਅਤੇ ਪਿਆਰ ਮਿਲਣਾ ਚਾਹੀਦਾ ਹੈ।’
___________________________
ਮਾਨੁਸ਼ੀ ਦੇ ਜੀਵਨ ਉਤੇ ਝਾਤ
14 ਮਈ 1997 ਵਿਚ ਹਰਿਆਣਾ ਦੇ ਸੋਨੀਪਤ ਵਿਚ ਜੰਮੀ ਮਾਨੁਸ਼ੀ ਦੇ ਮਾਤਾ-ਪਿਤਾ ਡਾਕਟਰ ਹਨ। ਮਾਨੁਸ਼ੀ ਸੋਨੀਪਤ ਦੇ ਭਗਤ ਫੂਲ ਸਿੰਘ ਸਰਕਾਰੀ ਮੈਡੀਕਲ ਕਾਲਜ ਵਿਚ ਡਾਕਟਰੀ ਦੀ ਪੜ੍ਹਾਈ ਕਰ ਰਹੀ ਹੈ ਅਤੇ ਦਿਲ ਦੇ ਰੋਗਾਂ ਦੀ ਮਾਹਿਰ ਬਣਨਾ ਚਾਹੁੰਦੀ ਹੈ। ਉਸ ਨੂੰ ਰਵਾਇਤੀ ਕੁੱਚੀਪੁੜੀ ਨਾਚ ‘ਚ ਮੁਹਾਰਤ ਹਾਸਲ ਹੈ ਅਤੇ ਉਹ ਸਮਾਜ ਸੇਵਾ ਦੇ ਕੰਮਾਂ ਨਾਲ ਵੀ ਜੁੜੀ ਹੋਈ ਹੈ। ਵਿਸ਼ਵ ਸੁੰਦਰੀ ਬਣਨਾ ਮਾਨੁਸ਼ੀ ਦੇ ਬਚਪਨ ਦਾ ਹੀ ਸੁਪਨਾ ਸੀ।