ਨਵਾਂ ਪੰਥਕ ਫਰੰਟ ਲਵੇਗਾ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਬਾਦਲਾਂ ਨਾਲ ਟੱਕਰ

ਜਲੰਧਰ: ਅਕਾਲ ਤਖਤ ਦੇ ਜਥੇਦਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੇਅਦਬੀ ਕਾਂਡ ਦੀ ਕੋਈ ਪੜਤਾਲ ਨਾ ਕਰਵਾਏ ਜਾਣ ਅਤੇ ਹੋਰ ਪੰਥਕ ਸੰਸਥਾਵਾਂ ਦੀ ਭੂਮਿਕਾ ਤੋਂ ਨਿਰਾਸ਼ ਆਗੂਆਂ ਨੇ ਨਵਾਂ ਪੰਥਕ ਫਰੰਟ ਬਣਾ ਲਿਆ। ਫਰੰਟ ਦੀ ਸਥਾਪਨਾ ਦਾ ਮੁੱਖ ਮੰਤਵ ਪੰਥਕ ਮੁੱਦਿਆਂ ਲਈ ਲੜਾਈ ਲੜਨਾ ਹੋਵੇਗਾ। ਜਥੇਦਾਰ ਸੁਖਦੇਵ ਸਿੰਘ ਭੌਰ ਨੂੰ ਪੰਥਕ ਫਰੰਟ ਦਾ ਬਾਨੀ ਕਨਵੀਨਰ ਥਾਪਿਆ ਗਿਆ ਹੈ। ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹੀ ਨੌਵੀਂ ਵਿਖੇ ਹੋਈ ਮੀਟਿੰਗ ਦੌਰਾਨ ਸ਼੍ਰੋਮਣੀ ਕਮੇਟੀ ਦੇ ਮੌਜੂਦਾ 22 ਮੈਂਬਰਾਂ ਅਤੇ ਸਾਬਕਾ ਮੈਂਬਰਾਂ ਨੇ ਹਾਜ਼ਰੀ ਭਰੀ। ਇਨ੍ਹਾਂ ਵਿਚੋਂ ਬਹੁਤੇ ਸ਼੍ਰੋਮਣੀ ਕਮੇਟੀ ਮੈਂਬਰ ਅਕਾਲੀ ਦਲ ਬਾਦਲ ਦੀ ਟਿਕਟ ‘ਤੇ ਚੋਣ ਜਿੱਤੇ ਸਨ।

ਇਸ ਦੌਰਾਨ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਲਈ 29 ਨਵੰਬਰ ਨੂੰ ਹੋਣ ਵਾਲੀ ਚੋਣ ਲੜਨ ਦਾ ਫੈਸਲਾ ਕਰਨ ਲਈ ਇਕ 7 ਮੈਂਬਰੀ ਕਮੇਟੀ ਵੀ ਬਣਾਈ ਗਈ ਹੈ ਜਿਸ ਵਿਚ ਪੰਥ ਰਤਨ ਅਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਧੀ ਕੁਲਦੀਪ ਕੌਰ ਟੌਹੜਾ ਨੂੰ ਵੀ ਸ਼ਾਮਲ ਕੀਤਾ ਗਿਆ ਹੈ, ਜਿਹੜੇ ਮੀਟਿੰਗ ਵਿਚ ਵੀ ਹਾਜ਼ਰ ਸਨ।
ਪ੍ਰਧਾਨਗੀ ਦੀ ਚੋਣ ਲੜਨ ਦਾ ਫੈਸਲਾ ਕਰਨ ਤੋਂ ਪਹਿਲਾਂ ਪੰਥਕ ਫਰੰਟ ਦੇ ਨਵੇਂ ਥਾਪੇ ਗਏ ਕਨਵੀਨਰ ਜਥੇਦਾਰ ਸੁਖਦੇਵ ਸਿੰਘ ਭੌਰ ਨੇ ਕਿਹਾ ਕਿ ਜਥੇਬੰਦੀ ਪੰਥਕ ਮਾਣ ਮਰਿਆਦਾ ਦੀ ਕਾਇਮੀ ਲਈ ਧਾਰਮਿਕ ਸ਼ਖਸੀਅਤਾਂ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਮੈਂਬਰਾਂ ਤੱਕ ਵੀ ਪਹੁੰਚ ਕਰੇਗੀ। ਉਨ੍ਹਾਂ ਕਿਹਾ ਪੰਥਕ ਫਰੰਟ ਕਿਸੇ ਵੀ ਸਿਆਸੀ ਸਰਗਰਮੀ ਤੋਂ ਦੂਰ ਰਹਿੰਦਿਆਂ ਨਿਰੋਲ ਪੰਥਕ ਮੁੱਦਿਆਂ ਅਤੇ ਪੰਥਕ ਸੰਸਥਾਵਾਂ ਦਾ ਵਕਾਰ ਬਹਾਲ ਕਰਵਾਉਣ ਦੀ ਲੜਾਈ ਲੜੇਗਾ ਤੇ ਇਕ ਚੌਕੀਦਾਰ ਵਜੋਂ ਕੰਮ ਕਰੇਗਾ। ਇਸ ਮੌਕੇ ਫਰੰਟ ਵੱਲੋਂ ਬਾਬਾ ਗੁਰਪ੍ਰੀਤ ਸਿੰਘ ਅਤੇ ਜਸਵੰਤ ਸਿੰਘ ਪੁੜੈਣ ਨੂੰ ਮੁੱਖ ਬੁਲਾਰੇ ਨਿਯੁਕਤ ਕੀਤਾ ਗਿਆ।
_________________________________
ਭੌਰ ਵੱਲੋਂ ਅਕਾਲ ਤਖਤ ਦੇ ਜਥੇਦਾਰ ਨੂੰ ਸਵਾਲ
ਸੁਖਦੇਵ ਸਿੰਘ ਭੌਰ ਨੇ ਕਿਹਾ ਕਿ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਮੁਖ ਸਿੰਘ ਵੱਲੋਂ ਕੀਤੇ ਖੁਲਾਸਿਆਂ ਤੋਂ ਸਾਫ ਹੋ ਗਿਆ ਹੈ ਕਿ ਕਿਵੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਡੇਰਾ ਸੱਚਾ ਸੌਦਾ ਮੁਖੀ ਨੂੰ ਮੁਆਫੀ ਦੇਣ ਲਈ ਡਰਾਮਾ ਰਚਿਆ ਸੀ, ਪਰ ਮਗਰੋਂ ਪੰਥਕ ਦਬਾਅ ਕਰ ਕੇ ਮੁਆਫੀਨਾਮਾ ਵਾਪਸ ਲੈਣਾ ਪਿਆ। ਉਨ੍ਹਾਂ ਕਿਹਾ ਕਿ ਜੇਕਰ ਗਿਆਨੀ ਗੁਰਮੁਖ ਸਿੰਘ ਵੱਲੋਂ ਲਾਏ ਗਏ ਦੋਸ਼ ਝੂਠੇ ਸਨ ਤਾਂ ਅਕਾਲ ਤਖਤ ਦੇ ਜਥੇਦਾਰ ਨੂੰ ਉਨ੍ਹਾਂ ਖਿਲਾਫ਼ ਕਾਰਵਾਈ ਕਰਨੀ ਚਾਹੀਦੀ ਸੀ।