ਮੋਦੀ ਦੀ ਲੋਕਪ੍ਰਿਅਤਾ ਅਤੇ ਭਾਰਤੀ ਜਮਹੂਰੀਅਤ

ਆਲਮੀ ਕਰੈਡਿਟ ਰੇਟਿੰਗ ਏਜੰਸੀ ਮੂਡੀਜ਼ ਨੇ ਮੋਦੀ ਸਰਕਾਰ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹੇ ਹਨ। ਇਸੇ ਤਰ੍ਹਾਂ ਅਮਰੀਕੀ ਥਿੰਕ ਟੈਂਕ ਪਿਊ ਰਿਸਰਚ ਸੈਂਟਰ ਨੇ ਆਪਣੇ ਸਰਵੇਖਣ ਵਿਚ ਦਰਸਾਇਆ ਹੈ ਕਿ ਮੋਦੀ ਦੀ ਹਰਮਨਪਿਆਰਤਾ ਵਧੀ ਹੈ। ਸੀਨੀਅਰ ਪੱਤਰਕਾਰ ਰਵੀਸ਼ ਕੁਮਾਰ ਨੇ ਸਰਵੇਖਣਾਂ ਦੇ ਇਸ ਵਰਤਾਰੇ ਦੇ ਵਿਰੋਧਾਭਾਸ ਬਾਰੇ ਪੁਖ਼ਤਾ ਟਿੱਪਣੀ ਕੀਤੀ ਹੈ। ਸਾਡੇ ਕਾਲਮਨਵੀਸ ਬੂਟਾ ਸਿੰਘ ਵੱਲੋਂ ਇਸ ਲਿਖਤ ਦਾ ਕੀਤਾ ਪੰਜਾਬੀ ਅਨੁਵਾਦ ਅਸੀਂ ਆਪਣੇ ਪਾਠਕਾਂ ਲਈ ਪੇਸ਼ ਕਰ ਰਹੇ ਹਾਂ।

-ਸੰਪਾਦਕ

ਰਵੀਸ਼ ਕੁਮਾਰ
ਅਨੁਵਾਦ: ਬੂਟਾ ਸਿੰਘ
2464 ਲੋਕ ਉਹ ਹਨ ਜੋ ਪਿਊ ਰਿਸਰਚ ਵਿਚ ਸ਼ਾਮਲ ਹੋਏ ਹਨ। ਇਹੀ ਭਾਰਤ ਹੈ। ਭਾਰਤ ਦੀ ਰੂਹ ਪਿੰਡਾਂ ਵਿਚ ਨਹੀਂ, ਸਰਵੇਖਣ ਦੇ ਸੈਂਪਲਾਂ ਵਿਚ ਵਸਦੀ ਹੈ। ਸਰਵੇ ਭਵਯੰਤੂ ਸੁਖਿਨ:, ਸਰਵੇ ਭਵਯੰਤੂ ਮੋਦਾਮਯਾ। ਹਰਮਨਪਿਆਰਤਾ ਵੀ ਇਕ ਤਰ੍ਹਾਂ ਦਾ ਬੁਖ਼ਾਰ ਹੀ ਹੈ। ਕਈ ਲੋਕ ਥਰਮਾਮੀਟਰ ਚੁੱਕੀ ਦਿਨ ਰਾਤ ਨਾਪਦੇ ਰਹਿੰਦੇ ਹਨ। ਜਿਸ ਨੂੰ ਦੇਖੋ ਥਰਮਾਮੀਟਰ ਚੁੱਕੀ ਘੁੰਮ ਰਿਹਾ ਹੈ। ਅਕਤੂਬਰ ਵਿਚ ਕਈ ਲੇਖ ਛਪੇ ਕਿ ਮੋਦੀ ਦੀ ਹਰਮਨਪਿਆਰਤਾ ਘਟੀ ਹੈ। ਨਵੰਬਰ ਵਿਚ ਲੇਖ ਛਪ ਰਹੇ ਹਨ ਕਿ ਹਰਮਨਪਿਆਰਤਾ ਵਧੀ ਹੈ। ਘਟੀ ਤਾਂ ਬਸ ਨੌਕਰੀ ਅਤੇ ਕਮਾਈ ਹੈ। ਕਿਸਾਨਾਂ ਕੋਲ ਨਾ ਪੈਸਾ ਹੈ, ਨਾ ਦਵਾਈ। ਫਿਰ ਵੀ ਮੋਦੀ ਹਰਮਨਪਿਆਰਾ ਹੈ!
ਸਰਵੇਖਣ ਨੇ ਜੋ ਦੱਸਿਆ ਹੈ, ਉਸ ਤੋਂ ਪਹਿਲਾਂ ਅਸੀਂ ਭਾਰਤ ਦੇ ਸਰਵੇਖਣ ਜਾਣ ਲਈਏ, ਪਰ ਇਹ 2464 ਲੋਕ ਕੌਣ ਹਨ ਜੋ ‘ਅਸੀਂ ਭਾਰਤ ਦੇ ਲੋਕ’ ਹਨ। ਸਰਵੇਖਣ ਹੀ ਸਰਵੋਸਰਵਾ ਹੈ ਅਤੇ ਸਰਵੇਸੇਵਾ ਹੀ ਦੇਸ਼ ਸੇਵਾ ਹੈ।
2464 ਲੋਕਾਂ ਦਾ ਵਿਚਾਰ ਹੈ ਕਿ ਮੋਦੀ ਜੀ 10 ਭਾਰਤੀਆਂ ਵਿਚੋਂ 9 ਵਿਚ ਹਰਮਨਪਿਆਰੇ ਹਨ। ਪੱਤਰਕਾਰ ਮਿੱਤਰ ਜ਼ਫ਼ਰ ਨੇ ਫੇਸਬੁਕ ਉਪਰ ਲਿਖਿਆ ਕਿ ਉਹ ਦਸਵਾਂ ਕੌਣ ਹੈ? ਕੀ ਉਹ ਦੇਸ਼ਧ੍ਰੋਹੀ ਹੈ? ਕਿਉਂ ਨਾ ਅਸੀਂ ਸਭ ਉਸ ਦਸਵੇਂ ਨੂੰ ਦੇਸ਼ ਦੇ ਹਿਤ ਵਿਚ ਸਮਝਾਈਏ ਕਿ ਭਾਈ, ਤੂੰ ਵੀ 9 ਨਾਲ ਰਲ਼ ਜਾ। ਇਕੱਲਾ ਰਹਿ ਕੇ ਤੈਥੋਂ ਕੁਝ ਨਹੀਂ ਹੋਣਾ। ਇਸ 9 ਵਿਚ ਤਾਂ ਵਿਰੋਧੀ ਧਿਰ ਦੇ ਆਗੂ ਵੀ ਆ ਗਏ ਹਨ, ਸਾਡੇ ਉਪਰ ਯਕੀਨ ਕਰ, ਤਮਾਮ ਪਾਰਟੀਆਂ ਦੇ ਹਮਾਇਤੀ ਵੀ ਆ ਗਏ ਹਨ। ਪਤਾ ਨਹੀਂ ਤੇਰੀ ਕਿਸ ਗੱਲੋਂ ਮੋਦੀ ਨਾਲ ਖੁੰਦਕ ਹੈ; ਨਹੀਂ ਤਾਂ ਅੱਜ 10 ਵਿਚੋਂ ਪੂਰਾ 10 ਸਕੋਰ ਹੁੰਦਾ। ਅਜੇ ਵੀ ਮੇਰੀ ਗੱਲ ਮੰਨ ਲੈ, ਨਹੀਂ ਤਾਂ ‘ਮਨ ਕੀ ਬਾਤ’ ਵਿਚ ਮੋਦੀ ਜੀ ਤੇਰੀ ਦਸਵੇਂ ਦੀ ਗੱਲ ਕਰਨ ਲੱਗ ਪੈਣਗੇ। ਕਹਿਣਾ ਸ਼ੁਰੂ ਕਰ ਦੇਣਗੇ, ਭਾਈਓ, ਇਹ ਦਸਵਾਂ ਕਦੋਂ ਮੰਨੇਗਾ, ਇਸ ਨੂੰ ਕੀ ਸਮੱਸਿਆ ਹੈ। ਇਸ ਦੇ ਲਈ ਮੈਂ ਦੀਨਦਿਆਲ ਦਸਵਾਂ ਅੰਸ਼ ਮੰਤਰ ਜਾਪ ਯੋਜਨਾ ਵੀ ਸ਼ੁਰੂ ਕਰ ਦਿੰਦਾ ਹਾਂ। ਅਮਿਤ ਸ਼ਾਹ ਕਿਤੇ ਮਿਸ਼ਨ ਨਾ ਸ਼ੁਰੂ ਕਰ ਦੇਵੇ। ਮਿਸ਼ਨ ਟੈਂਥ। ਜਦੋਂ ਤਕ ਦਸਵਾਂ ਸਾਡੀ ਹਮਾਇਤ ‘ਤੇ ਨਹੀਂ ਆਵੇਗਾ, ਉਦੋਂ ਤਕ ਸਾਨੂੰ ਅਤੇ ਮੋਦੀ ਜੀ ਨੂੰ ਚਿੰਤਾ ਲੱਗੀ ਰਹੇਗੀ।
2464 ਦਾ ਸੈਂਪਲ ਹੋਵੇ ਜਾਂ 20000 ਦਾ; ਝਲਕ ਅਤੇ ਝਾਕੀ ਤਾਂ ਮਿਲਦੀ ਹੀ ਹੈ। ਸਰਵੇਖਣ ਗ਼ਲਤ ਵੀ ਹੁੰਦੇ ਹਨ ਅਤੇ ਸਹੀ ਵੀ। ਲਿਹਾਜ਼ਾ ਬਹਿਸ ਇਸ ਬਾਰੇ ਨਹੀਂ। ਮੋਦੀ ਜੀ ਹਰਮਨਪਿਆਰੇ ਨੇਤਾ ਹਨ, ਇਸ ਨੂੰ ਕਿਸੇ ਸਰਵੇਖਣ ਨਾਲ ਜਾਨਣ ਦੀ ਜ਼ਰੂਰਤ ਨਹੀਂ ਹੈ, ਜੇ ਹੈ ਤਾਂ ਇਹ ਮਾੜਾ ਵੀ ਨਹੀਂ ਹੈ।
ਸਮੱਸਿਆ ਕਿਤੇ ਹੋਰ ਹੈ। ਪਿਊ ਰਿਸਰਚ ਨੇ 40 ਤੋਂ ਵੱਧ ਸਵਾਲਾਂ ਦੇ ਜਵਾਬ ਮੰਗੇ ਹਨ। ਉਨ੍ਹਾਂ ਜਵਾਬਾਂ ਨਾਲ ਇਨ੍ਹਾਂ 2464 ਲੋਕਾਂ ਦੀ ਜੋ ਤਸਵੀਰ ਉਭਰਦੀ ਹੈ, ਉਸ ਉਪਰ ਗੱਲ ਹੋਣੀ ਚਾਹੀਦੀ ਹੈ। ਇਹ ਲੋਕ ਮੋਦੀ ਜੀ ਦੇ ਮਸਲੇ ਨੂੰ ਛੱਡ ਕੇ ਬਾਕੀ ਕਈ ਚੀਜ਼ਾਂ ਉਪਰ ਘਚੋਲੇ ਵਿਚ ਜਾਪਦੇ ਹਨ; ਭਾਵ ਉਹ ਕਹਿੰਦੇ ਹਨ ਕਿ ਕਾਨੂੰਨ ਬਣੇ ਤਾਂ ਉਸ ਵਿਚ ਚੁਣੇ ਹੋਏ ਨੁਮਾਇੰਦੇ ਵੋਟ ਨਾ ਦੇਣ। ਅਸੀਂ ਨਾਗਰਿਕ ਸਿੱਧੀ ਵੋਟ ਪਾ ਦੇਈਏ। ਫਿਰ ਇਹੀ ਲੋਕ ਕਹਿੰਦੇ ਹਨ ਕਿ ਉਹ ਲੋਕਤੰਤਰ ਵਿਚ ਯਕੀਨ ਵੀ ਰੱਖਦੇ ਹਨ। ਭਾਈ, ਜਦੋਂ ਕਾਨੂੰਨ ਵੀ ਤੁਸੀਂ ਟਰੈਫਿਕ ਜਾਮ ਵਿਚ ਟਵੀਟ ਕਰ ਕੇ ਬਣਾਉਣਾ ਹੈ ਤਾਂ ਇਹ ਐਮæਪੀæ, ਐਮæਐਲ਼ਏæ ਚੁਣਨ ਕਿਉਂ ਜਾਂਦੇ ਹੋ। ਨਹੁੰ ਉਪਰ ਸਿਆਹੀ ਦੇ ਨਿਸ਼ਾਨ ਨਾਲ ਸੈਲਫੀ ਲੈਣ ਲਈ?
ਤੁਸੀਂ ਦੇਖਿਆ ਹੋਵੇਗਾ ਕਿ ਹਵਾਈ ਜਹਾਜ਼ ਤੋਂ ਲੈ ਕੇ ਰੇਲ ਗੱਡੀ ਤਕ ਐਕਸਪਰਟ ਹੀ ਚਲਾ ਰਹੇ ਹਨ। ਕੀ ਤੁਸੀਂ ਦੇਖਿਆ ਹੈ ਕਿ ਸੰਸਦ ਮੈਂਬਰ ਏਅਰ ਇੰਡੀਆ ਦਾ ਜਹਾਜ਼ ਚਲਾ ਰਿਹਾ ਹੈ? ਚੀਫ਼ ਇੰਜੀਨੀਅਰ ਦਾ ਕੰਮ ਇੰਜੀਨੀਅਰ ਹੀ ਤਾਂ ਕਰ ਰਿਹਾ ਸੀ, ਸੈਨਾ ਦਾ ਮੁਖੀ ਉਸ ਵਿਚ ਜ਼ਿੰਦਗੀ ਗੁਜ਼ਾਰਨ ਵਾਲਾ ਐਕਸਪਰਟ ਹੀ ਤਾਂ ਬਣਦਾ ਹੈ, ਫਿਰ ਇਹ ਕਿਹੜੇ ਐਕਸਪਰਟ ਹਨ ਜੋ ਡੈਮੋਕਰੇਸੀ ਵਿਚ ਚੁਣੇ ਹੋਏ ਨੁਮਾਇੰਦਿਆਂ ਨਾਲੋਂ ਜ਼ਰੂਰੀ ਹੋ ਗਏ? ਅਸੀਂ ਭਾਰਤ ਦੇ ਬਾਕੀ ਸਵਾ ਅਰਬ ਲੋਕ ਆਪਣੇ ਇਨ੍ਹਾਂ 2464 ਲੋਕਾਂ ਨੂੰ ਸਮਝਾਈਏ, ਨਹੀਂ ਤਾਂ ਇਹ ਪੂਰੇ ਇੰਡੀਆ ਨੂੰ ਪਾਗਲ ਕਰ ਦੇਣਗੇ।
ਇਨ੍ਹਾਂ ਵਿਚੋਂ 55 ਫ਼ੀਸਦੀ, ਯਾਨੀ ਬਹੁਮਤ ਮੰਨਦਾ ਹੈ ਕਿ ਭਾਰਤ ਵਿਚ ਫ਼ੈਸਲਾ ਕਰਨ ਲਈ ਮਜ਼ਬੂਤ ਆਗੂ ਹੋਵੇ, ਜੋ ਸੰਸਦ ਤੇ ਅਦਾਲਤ ਦੀ ਦਖ਼ਲਅੰਦਾਜ਼ੀ ਤੋਂ ਬਗ਼ੈਰ ਫ਼ੈਸਲੇ ਲਵੇ। ਜੋ ਸੰਸਦ ਅਤੇ ਅਦਾਲਤ ਦੀ ਗੱਲ ਨਹੀਂ ਮੰਨੇਗਾ, ਅੱਜ ਦੇ ਫੈਸ਼ਨ ਦੇ ਹਿਸਾਬ ਨਾਲ ਤਾਂ ਇਨ੍ਹਾਂ ਨੂੰ ਦੇਸ਼ਧ੍ਰੋਹੀ ਕਿਹਾ ਜਾਣਾ ਚਾਹੀਦਾ ਹੈ, ਪਰ ਲੋਕ ਐਸੇ ਤੁੱਛ ਸੱਜਣਾਂ ਦੀ ਰਾਇ ਦਾ ਜਸ਼ਨ ਮਨਾ ਰਹੇ ਹਨ। ਐਨੀਆਂ ਚੋਣਾਂ ਵਿਚ ਜਿਤਾ ਕੇ ਲੋਕਾਂ ਨੇ ਮੋਦੀ ਜੀ ਦੀ ਹਰਮਨਪਿਆਰਤਾ ਸਾਬਤ ਕਰਨ ਵਿਚ ਕੋਈ ਕਸਰ ਛੱਡੀ ਹੈ, ਹੁਣ ਐਸੇ ਲੋਕਾਂ ਦੀ ਰਾਇ ਉਪਰ ਖ਼ਬਰਾਂ ਬਣ ਰਹੀਆਂ ਹਨ।
ਭਾਜਪਾ ਦੇ ਆਗੂ ਅਤੇ ਹਮਾਇਤੀ ਕਿਸ ਤਰ੍ਹਾਂ ਦੇ ਲੋਕਾਂ ਦੀ ਰਾਇ ਦਾ ਜਸ਼ਨ ਮਨਾ ਰਹੇ ਹਨ। ਮੇਰੀ ਰਾਇ ਵਿਚ ਉਨ੍ਹਾਂ ਨੂੰ ਵੀ 2464 ਲੋਕਾਂ ਨੂੰ ਸਮਝਾਉਣਾ ਚਾਹੀਦਾ ਹੈ ਕਿ ਭਾਈ ਸੰਸਦ, ਅਦਾਲਤ ਨੂੰ ਬਾਈਪਾਸ ਕਰਨਾ ਸਾਡੇ ਮੋਦੀ ਜੀ ਦੇ ਹਿਤ ਵਿਚ ਨਹੀਂ ਹੈ। ਇਹ ਸਭ ਪਹਿਲਾਂ ਹੋ ਚੁੱਕਾ ਹੁੰਦਾ ਤਾਂ ਅੱਜ ਮੋਦੀ ਜੀ ਪ੍ਰਧਾਨ ਮੰਤਰੀ ਹੀ ਨਾ ਬਣ ਸਕਦੇ। ਵੈਸੇ ਵੀ ਸੰਸਦ ਦਾ ਸੈਸ਼ਨ ਅਸੀਂ ਚੋਣਾਂ ਦੇ ਹਿਸਾਬ ਨਾਲ ਮੈਨੇਜ ਕਰ ਲੈਂਦੇ ਹਾਂ, ਤਾਂ ਇਸ ਨੂੰ ਬਾਈਪਾਸ ਕਰਨ ਦੀ ਗੱਲ ਕਿਉਂ ਕਰਦੇ ਹੋ?
ਗਨੀਮਤ ਹੈ ਕਿ ਇਨ੍ਹਾਂ 10 ਭਾਰਤੀਆਂ ਨੇ ਇਹ ਨਹੀਂ ਕਿਹਾ ਕਿ ਅਦਾਲਤ ਦੀ ਵੀ ਜ਼ਰੂਰਤ ਨਹੀਂ ਹੈ। ਸਿਰਫ਼ ਮਜ਼ਬੂਤ ਆਗੂ ਲਈ ਬਾਈਪਾਸ ਕਰਨ ਦੀ ਗੱਲ ਕਹੀ ਗਈ, ਪਰ ਇਹ 2464 ਲੋਕ ਕਾਨੂੰਨ ਬਣਾਉਣ ਦਾ ਸਿੱਧਾ ਅਧਿਕਾਰ ਆਪਣੇ ਕੋਲ ਰੱਖਣਾ ਚਾਹੁੰਦੇ ਹਨ। ਸੰਸਦ ਮੈਂਬਰਾਂ ਨੂੰ ਇਹ ਅਧਿਕਾਰ ਨਹੀਂ ਦੇਣਾ ਚਾਹੁੰਦੇ। ਪਿਊ ਨੂੰ ਦੱਸਣਾ ਚਾਹੀਦਾ ਹੈ ਕਿ ਅਸੀਂ ਐਸੇ ਲੋਕ ਚੁਣੇ ਹਨ ਜਿਨ੍ਹਾਂ ਨੂੰ ਨਾ ਲੋਕਤੰਤਰ ਦੀ ਸਮਝ ਹੈ, ਤੇ ਨਾ ਫ਼ੌਜੀ ਰਾਜ ਦਾ ਇਲਮ ਹੈ। ਇਨ੍ਹਾਂ ਨੂੰ ਲਿਜਾ ਕੇ ਕਿਸੇ ਫ਼ੌਜੀ ਮੈਦਾਨ ਵਿਚ ਦਸ ਚੱਕਰ ਲਗਾਉਣੇ ਚਾਹੀਦੇ ਹਨ ਤਾਂ ਪਤਾ ਲੱਗੇਗਾ ਕਿ ਫ਼ੌਜੀ ਰਾਜ ਹੁੰਦਾ ਕੀ ਹੈ। ਦੋਨੋਂ ਹੱਥ ਉਪਰ ਕਰਕੇ ਬੰਦੂਕ ਚੁੱਕ ਕੇ ਦੌੜਨ ਨਾਲ ਇਕ ਹੀ ਚੱਕਰ ਵਿਚ ਪਤਾ ਲੱਗ ਜਾਵੇਗਾ।
ਨਾ ਜਾਨਣ ਦੇ ਕਾਰਨ ਹੀ ਇਨ੍ਹਾਂ 2464 ਵਿਚੋਂ 53 ਫ਼ੀਸਦੀ ਕਹਿੰਦੇ ਹਨ ਕਿ ਭਾਰਤ ਵਿਚ ਫ਼ੌਜੀ ਰਾਜ ਹੋਣਾ ਚਾਹੀਦਾ ਹੈ। ਇਸ ਹਿਸਾਬ ਨਾਲ ਤਾਂ ਅੱਜ ਪ੍ਰਧਾਨ ਮੰਤਰੀ ਦੀ ਕੁਰਸੀ ਉਪਰ ਨਰਿੰਦਰ ਮੋਦੀ ਦੀ ਥਾਂ ਜਨਰਲ ਵੀæਕੇæ ਸਿੰਘ ਹੁੰਦੇ। ਜਦੋਂ 10 ਵਿਚੋਂ 8 ਭਾਰਤੀ ਇਸ ਗੱਲ ਨਾਲ ਖੁਸ਼ ਹਨ ਕਿ ਜਿਸ ਤਰ੍ਹਾਂ ਨਾਲ ਲੋਕਤੰਤਰ ਚਲ ਰਿਹਾ ਹੈ, ਉਹ ਠੀਕ ਹੈ ਤਾਂ ਉਨ੍ਹਾਂ ਦਸ ਵਿਚੋਂ ਇਹ ਪੰਜ ਤੋਂ ਵਧੇਰੇ ਭਾਰਤੀ ਕੌਣ ਹਨ ਜੋ ਫ਼ੌਜੀ ਰਾਜ ਨੂੰ ਬਿਹਤਰ ਮੰਨਦੇ ਹਨ। ਇਹ ਉਹ 10 ਭਾਰਤੀ ਹਨ ਜੋ ਕਮਾਲ ਦੇ ਹਨ। ਰੱਬ ਬਚਾਏ ਇਨ੍ਹਾਂ 10 ਭਾਰਤੀਆਂ ਤੋਂ! ਇਨ੍ਹਾਂ ਲੋਕਾਂ ਦਰਮਿਆਨ ਫ਼ੌਜੀ ਰਾਜ ਦੀ ਗੁਪਤ ਕਾਮਨਾ ਗੁਪਤ ਰੋਗ ਦੀ ਤਰ੍ਹਾਂ ਫੈਲੀ ਹੋਈ ਹੈ। ਇਨ੍ਹਾਂ ਨਾਲ ਗੱਲ ਕਰਨੀ ਹੀ ਪਵੇਗੀ। ਇਨ੍ਹਾਂ ਸੱਜਣਾਂ ਨੂੰ ਸਮਝਾਉਣਾ ਪਵੇਗਾ ਕਿ ਲੋਕਤੰਤਰ ਨਾ ਹੁੰਦਾ ਤਾਂ ਉਨ੍ਹਾਂ ਦੇ ਹਰਮਨਪਿਆਰੇ ਮੋਦੀ ਜੀ ਉਨ੍ਹਾਂ ਨੂੰ ਨਾ ਮਿਲਦੇ। ਫ਼ੌਜੀ ਰਾਜ ਹੁੰਦਾ ਤਾਂ ਕਿਸੇ ਰਾਤ ਪੁਲਿਸ ਵਾਲੇ ਆਉਣਗੇ ਅਤੇ ਚੁੱਕ ਕੇ ਦਸ ਸਾਲ ਲਈ ਜੇਲ੍ਹ ਵਿਚ ਤੁੰਨ ਦੇਣਗੇ। ਮਾਰ ਦੇਣਗੇ। ਜਿਸ ਦਾ ਨਾ ਕੋਈ ਸਬੂਤ ਹੋਵੇਗਾ, ਨਾ ਗਵਾਹੀ, ਨਾ ਇਨਸਾਫ਼। ਕੀ ਉਹ ਐਸਾ ਪ੍ਰਬੰਧ ਚਾਹੁੰਦੇ ਹਨ? ਫ਼ੌਜੀ ਰਾਜ ਤੋਂ ਬਾਅਦ ਜੇ ਇਹ ਸਵਾਲ ਪੁੱਛਿਆ ਗਿਆ ਹੁੰਦਾ ਤਾਂ ਇਨ੍ਹਾਂ 2464 ਦੀ ਹਾਲਤ ਖ਼ਰਾਬ ਹੋ ਜਾਂਦੀ।
ਇਨ੍ਹਾਂ 2464 ਲੋਕਾਂ ਦੀ ਬਦੌਲਤ ਭਾਰਤ ਇਸ ਸਰਵੇਖਣ ਵਿਚ ਦੁਨੀਆ ਦੇ ਚਾਰ ਮੁਲਕਾਂ ਵਿਚ ਆ ਸਕਿਆ ਹੈ ਜਿਸ ਦੇ 50 ਫ਼ੀਸਦੀ ਤੋਂ ਵਧੇਰੇ ਲੋਕ ਮੰਨਦੇ ਹਨ ਕਿ ਫ਼ੌਜੀ ਰਾਜ ਹੋਣਾ ਚਾਹੀਦਾ ਹੈ। ਇਹ ਸੈਂਪਲ ਦੱਸਦਾ ਹੈ ਕਿ ਚਾਹੇ ਪੂਰਾ ਭਾਰਤ ਲੋਕਤੰਤਰ ਨੂੰ ਲੈ ਕੇ ਘਚੋਲੇ ਵਿਚ ਨਾ ਹੋਵੇ, ਪਰ ਇਹ 2464 ਪੱਕੇ ਬੇਵਕੂਫ਼ ਹਨ। ਇਨ੍ਹਾਂ ਨੂੰ ਲੋਕਤੰਤਰ ਦਾ ਮਤਲਬ ਹੀ ਨਹੀਂ ਪਤਾ। ਅਦਾਲਤ ਦਾ ਕੰਮ ਨਹੀਂ ਪਤਾ। ਸੰਸਦ ਦਾ ਜ਼ਰੂਰਤ ਦਾ ਪਤਾ ਨਹੀਂ ਹੈ। ਇਕ ਨੇਤਾ ਨੂੰ ਜਾਣਦੇ ਹਨ ਜਿਸ ਵਿਚ ਇਨ੍ਹਾਂ ਦਾ ਖ਼ੂਬ ਵਿਸ਼ਵਾਸ ਹੈ।
ਹੁਣ ਇਕ ਗੱਲ ਗੰਭੀਰਤਾ ਨਾਲ। ਸਰਵੇਖਣ ਨੂੰ ਖਾਰਜ ਨਾ ਕਰਿਓ, ਪਰ ਇਨ੍ਹਾਂ ਦੇ ਸਵਾਲਾਂ ਦੇ ਨਮੂਨੇ ਉਪਰ ਗ਼ੌਰ ਜ਼ਰੂਰ ਕਰਿਓ। ਪਿਊ ਰਿਸਰਚ ਦੇ ਸਵਾਲ ਰਾਜ ਕਰਨ ਲਈ ਸੰਸਦ, ਅਦਾਲਤ ਅਤੇ ਚੁਣੇ ਹੋਏ ਨੁਮਾਇੰਦਿਆਂ ਦੀ ਹੈਸੀਅਤ ਨੂੰ ਘਟਾਉਂਦੇ ਹਨ। ਅਸੀਂ ਜਾਣਦੇ ਹਾਂ ਕਿ ਦੁਨੀਆਂ ਵਿਚ ਆਰਥਿਕ ਪਾੜਾ ਵਧਦਾ ਜਾਂਦਾ ਹੈ। ਇਕ ਫ਼ੀਸਦੀ ਲੋਕਾਂ ਦੇ ਕੋਲ ਕੁਲ ਦੁਨੀਆਂ ਦੀ ਦੌਲਤ ਹੈ। ਇਹੀ ਅਨੁਪਾਤ ਅਮਰੀਕਾ ਵਿਚ ਹੈ, ਇਹੀ ਭਾਰਤ। ਨੇਤਾਵਾਂ ਨੂੰ ਖ਼ਤਰਾ ਹੈ ਕਿ ਕਿਤੇ 90 ਫ਼ੀਸਦੀ ਵਾਂਝੀ ਜਨਤਾ ਉਨ੍ਹਾਂ ਉਪਰ ਹਮਲਾ ਨਾ ਕਰ ਦੇਵੇ। ਇਸ ਲਈ ਐਸੇ ਸਵਾਲ ਪੁੱਛੇ ਜਾਂਦੇ ਹਨ ਜਿਸ ਨਾਲ ਲੱਗੇ ਕਿ ਦੁਨੀਆਂ ਵਿਚ ਜਮਹੂਰੀ ਸੰਸਥਾਵਾਂ ਫੇਲ੍ਹ ਹੋ ਚੁੱਕੀਆਂ ਹਨ ਅਤੇ ਹੁਣ ਫ਼ੌਜੀ ਰਾਜ ਜ਼ਰੂਰੀ ਹੈ।
ਫ਼ੌਜੀ ਰਾਜ ਇਸ ਲਈ ਜ਼ਰੂਰੀ ਹੈ ਕਿ ਇਸ ਦੇ ਜ਼ਰੀਏ ਤੁਸੀਂ ਕਿਸੇ ਵੀ ਬਗ਼ਾਵਤ ਨੂੰ ਬਿਹਤਰ ਤਰੀਕੇ ਨਾਲ ਕੁਚਲਦੇ ਹੋ। ਇਨ੍ਹਾਂ ਸਵਾਲਾਂ ਅਤੇ ਜਵਾਬਾਂ ਦੇ ਜ਼ਰੀਏ ਤੁਸੀਂ ਮੀਡੀਆ ਅਤੇ ਲੋਕਾਂ ਵਿਚ ਬਨਾਉਟੀ ਆਕਾਂਖਿਆ ਭਰ ਦਿੰਦੇ ਹੋ ਕਿ ਫ਼ੌਜ ਨਾਲ ਹੀ ਸਭ ਕੁਝ ਹੋ ਸਕੇਗਾ। ਫ਼ੌਜੀ ਰਾਜ ਦੀ ਕਲਪਨਾ ਆਮ ਨਾਗਰਿਕਾਂ ਦੇ ਅਧਿਕਾਰਾਂ ਦੀ ਹੱਤਿਆ ਦੀ ਕਲਪਨਾ ਹੈ। ਕੀ ਇਹ ਲੋਕ ਆਮ ਲੋਕਾਂ ਨੂੰ ਮਰਵਾਉਣਾ ਚਾਹੁੰਦੇ ਹਨ।
ਮਜ਼ਬੂਤ ਆਗੂ ਨਿਰੀ ਮਿੱਥ ਹੈ। ਮਜ਼ਬੂਤ ਆਗੂ ਦੇ ਨਾਂ ਉਪਰ ਉਸ ਆਗੂ ਦੇ ਅੰਦਰ ਐਨੀ ਅਸੁਰੱਖਿਆ ਭਰੀ ਹੁੰਦੀ ਹੈ ਕਿ ਉਹ ਪੂਰਾ ਦਿਨ ਭਾਵੁਕ ਮੁੱਦਿਆਂ ਦੀ ਤਲਾਸ਼ ਵਿਚ ਰਹਿੰਦਾ ਹੈ। ਭਾਵੁਕਤਾ ਵਿਚ ਹੀ ਮੁਲਕ ਦੇ ਦਸ ਵੀਹ ਸਾਲ ਕੱਢ ਦਿੰਦਾ ਹੈ ਅਤੇ ਇਕ ਦਿਨ ਧੜੰਮ ਡਿਗ ਜਾਂਦਾ ਹੈ। ਕੀ ਤੁਸੀਂ ਗਾਂਧੀ, ਅੰਬੇਦਕਰ, ਲਿੰਕਨ, ਮੰਡੇਲਾ ਨੂੰ ਮਜ਼ਬੂਤ ਆਗੂ ਨਹੀਂ ਮੰਨੋਗੇ ਜਿਨ੍ਹਾਂ ਨੇ ਲੱਖਾਂ ਲੋਕਾਂ ਦੀਆਂ ਜ਼ਿੰਦਗੀਆਂ ਬਦਲ ਦਿੱਤੀਆਂ। ਮੁਲਕ ਦੀ ਪਛਾਣ ਬਦਲ ਦਿੱਤੀ। ਲੋਕਾਂ ਨੂੰ ਹੋਕਾ ਦੇ ਕੇ ਉਨ੍ਹਾਂ ਵਿਚ ਜਾਨ ਭਰ ਦਿੱਤੀ। ਜਿਥੇ ਕਿਤੇ ਵੀ ਇਕ ਛਤਰ ਵਾਲੇ ਮਜ਼ਬੂਤ ਆਗੂ ਹੋਏ ਹਨ, ਉਥੇ ਉਥੇ ਆਮ ਲੋਕਾਂ ਦੇ ਅਧਿਕਾਰ ਖੋਹੇ ਗਏ ਹਨ; ਚਾਹੇ ਉਹ ਕਮਿਊਨਿਸਟ ਰੂਸ ਹੋਵੇ, ਜਾਂ ਪੁਤਿਨ ਦਾ ਰੂਸ ਹੋਵੇ। ਤੁਸੀਂ ਚੀਨ ਤੋਂ ਲੈ ਕੇ ਅਮਰੀਕਾ ਤਕ ਅਨੇਕਾਂ ਮਿਸਾਲਾਂ ਦੇਖ ਸਕਦੇ ਹੋ।
ਪਰ ਅਸੀਂ ਸਭ ਇਕ ਦਿਨ ਭਾਰਤ ਦੇ ਲੋਕਤੰਤਰ ਨੂੰ ਅਸਫ਼ਲ ਬਣਾ ਦਿਆਂਗੇ, ਜੇ ਅਸੀਂ ਇਨ੍ਹਾਂ 2464 ਲੋਕਾਂ ਦੀਆਂ ਗੱਲਾਂ ਨੂੰ ਗੰਭੀਰਤਾ ਨਾਲ ਲੈ ਲਵਾਂਗੇ। ਇਨ੍ਹਾਂ ਦੀ ਇਕੋ ਗੱਲ ਠੀਕ ਹੈ ਕਿ ਨਰੇਂਦਰ ਮੋਦੀ ਹਰਮਨਪਿਆਰੇ ਆਗੂ ਹਨ ਅਤੇ ਇਨ੍ਹਾਂ ਨੂੰ ਲਗਦਾ ਹੈ ਕਿ ਲੋਕਤੰਤਰ ਠੀਕ ਚਲ ਰਿਹਾ ਹੈ। ਇਹ ਖ਼ਤਰਨਾਕ ਵਿਚਾਰ ਨਹੀਂ। ਖ਼ਤਰਨਾਕ ਵਿਚਾਰ ਹੈ- ਲੋਕਤੰਤਰ ਉਪਰ ਫ਼ੌਜੀ ਰਾਜ ਦਾ ਵਿਚਾਰ। ਇਸ ਲਈ ਐ ਭਾਰਤ ਦੇ ਲੋਕੋ! ਇਨ੍ਹਾਂ 2464 ਲੋਕਾਂ ਦੀ ਰਾਇ ਤੋਂ ਦੂਰ ਰਹੋ।