ਧਰਮ ਪੰਖ ਕਰ ਉਡਰਿਆ!

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
“ਹਾਂ ਬਈ, ਤੂੰ ਕਿਵੇਂ ਆਇਐਂ ਭਗਤਾ?” ਪੰਜ-ਸੱਤ ਕੁ ਜਵਾਨ ਅਤੇ ਇੰਨੀਆਂ ਕੁ ਹੀ ਅਧਖੜ ਉਮਰ ਦੀਆਂ ਬੀਬੀਆਂ ਦੇ ਸਭ ਤੋਂ ਪਿੱਛੇ ਸਿਰ ‘ਤੇ ਚਿੱਟਾ ਦੁੱਧ ਰੁਮਾਲ ਬੰਨ੍ਹੀ ਬੈਠੇ ਰਾਮ ਪਾਲ ਨੂੰ ਸੰਤਾਂ ਨੇ ਉਚੀ ਆਵਾਜ਼ ‘ਚ ਪੁੱਛਿਆ। ਸੋਫੇ ‘ਤੇ ਪਥੱਲ੍ਹਾ ਮਾਰੀ ਬੈਠੇ ਸੰਤ ਜੀ ਦੇ ਲਾਗੇ ਹੋ ਹੋ ਬੈਠੀਆਂ ਸਾਰੀਆਂ ਬੀਬੀਆਂ ਨੇ ਪਿਛਾਂਹ ਗਰਦਨਾਂ ਘੁਮਾ ਕੇ ਕਲੀਨਸ਼ੇਵ ਬੰਦੇ ਵੱਲ ਦੇਖਿਆ। ਸੰਤਾਂ ਨੇ ਤਾਂ ਸ਼ਾਇਦ ‘ਰੰਨਾਂ ਵਿਚ ਧੰਨਾ’ ਬਣੀ ਬੈਠੇ ਅਜਨਬੀ ਸ਼ਰਧਾਲੂ ਨੂੰ ਆਪਣੀ ‘ਪ੍ਰਾਈਵੇਸੀ’ ਬਣਾਈ ਰੱਖਣ ਲਈ ਸਾਰਿਆਂ ਤੋਂ ਪਹਿਲਾਂ ਵਿਹਲਾ ਕਰਨ ਦੀ ਸਕੀਮ ਅਨੁਸਾਰ ਪੁੱਛ ਲਿਆ ਹੋਵੇਗਾ, ਪਰ  ਬੀਬੀਆਂ ਉਸ ਆਦਮੀ ਦੇ ਚੰਗੇ ਭਾਗਾਂ ‘ਤੇ ਰਸ਼ਕ ਕਰਨ ਲੱਗੀਆਂ, ‘ਕਿੰਨੀ ਕਿਸਮਤ ਵਾਲਾ ਐ, ਮਾ’ਰਾਜ ਨੇ ਸਭ ਤੋਂ ਪਹਿਲਾਂ ਆਵਾਜ਼ ਮਾਰ ਲਈ।’
“ਜੀ ਨਵਾਂ ਕਾਰੋਬਾਰ ਸ਼ੁਰੂ ਕੀਤਾ ਹੈ, ਸਫ਼ਲਤਾ ਵਾਸਤੇ ਆਪ ਜੀ ਦਾ ਅਸ਼ੀਰਵਾਦ ਲੈਣ ਆਇਆਂ।” ਰਾਮਪਾਲ ਨੇ ਅਤਿ ਅਧੀਨਗੀ ਨਾਲ ਹੱਥ ਜੋੜਦਿਆਂ ਸੰਤਾਂ ਦੇ ਨੇੜੇ ਹੋ ਕੇ ਅਰਜ਼ ਗੁਜ਼ਾਰੀ।
“ਕਾਹਦਾ ਕਾਰੋਬਾਰ ਭਾਈ?” ਸੰਤਾਂ ਨੇ ਅਜਨਬੀ ਨੂੰ ਸਿਰ ਤੋਂ ਪੈਰਾਂ ਤੱਕ ਤਾੜਦਿਆਂ ਪੁੱਛਿਆ।
“ਮਹਾਰਾਜ, ਮੈਂ ਟਰੈਵਲ ਏਜੰਟ ਹਾਂæææਮੁੰਡੇ ਵਿਦੇਸ਼ ਭੇਜਣ ਦਾ ਕੰਮ-ਕਾਰ ਸ਼ੁਰੂ ਕੀਤਾ ਹੈ।”
ਇਹ ਜਵਾਬ ਸੁਣ ਕੇ ਸੰਤ ਜੀ ਦਾੜ੍ਹੀ ਖੁਰਕਦਿਆਂ ਬੀਬੀਆਂ ਨਾਲ ਨਜ਼ਰਾਂ ਮਿਲਾ ਕੇ ਮਖੌਲੀਆ ਅੰਦਾਜ਼ ‘ਚ ਬੋਲੇ, “ਬਾਹਰ ਭੇਜਦਾ ਐਂ ਕਿ ਅਧਵਾਟੇ ਈ ਡੋਬਦੈਂ?”
ਸਾਰੀਆਂ ਮਾਈਆਂ ਇਉਂ ਹਿੜ-ਹਿੜ ਕਰਨ ਲੱਗ ਪਈਆਂ ਕਿ ਬੰਦੇ ਨੇ ਜਵਾਬ ਵਜੋਂ ਹੱਥ ਜਿਹੇ ਮਲਦਿਆਂ ਜੋ ਕੁਝ ਕਿਹਾ, ਸੁਣਾਈ ਹੀ ਨਾ ਦਿੱਤਾ।
ਦੋ ਕੁ ਪਲ ਸੋਚ ਕੇ, ਸੰਤਾਂ ਨੇ ਬੀਬੀਆਂ ਨੂੰ ਸੌਂਫਾ ਛਕ ਲੈਣ ਦਾ ਆਦੇਸ਼ ਦਿੱਤਾ ਅਤੇ ਰਾਮਪਾਲ ਨੂੰ ਕੁਟੀਆ ਦੇ ਅੰਦਰ ਚੱਲਣ ਦਾ ਇਸ਼ਾਰਾ ਕੀਤਾ। ਨਾਲ ਹੀ ‘ਵਾਹæææਹੇæææਏæææਏ’ ਨੂੰ ਬੇਲੋੜਾ ਲਮਕਾ ਕੇ, ਨਾਲ ਹੌਲੀ ਜਿਹੀ ‘ਗੁæææਰੂæææ’ ਆਖਦਿਆਂ ਉਹ ਵੀ ਦਰਵਾਜ਼ੇ ਦਾ ਪਰਦਾ ਚੁੱਕ ਕੇ ਅੰਦਰ ਜਾ ਵੜੇ। ਬਾਹਰ ਬੈਠੀਆਂ ਮਾਈਆਂ ਨੇ ਸੌਂਫਾ ਛਕ-ਛਕਾ ਕੇ ਬਾਟੀਆਂ ਮਾਂਜ ਸੁਆਰ ਕੇ ਵੀ ਰੱਖ ਦਿੱਤੀਆਂ। ਸਾਰੀਆਂ ਜਣੀਆਂ ਦਰੀ ‘ਤੇ ਬਹਿ ਕੇ ਕੁਟੀਆ ਦੇ ਦਰਵਾਜ਼ੇ ‘ਤੇ ਟਿਕ-ਟਿਕੀ ਲਾ ਕੇ ਦੇਖਣ ਲੱਗੀਆਂ। ਮਸਾਂ ਕਿਤੇ ਜਾ ਕੇ ਇੰਤਜ਼ਾਰ ਦੀਆਂ ਘੜੀਆਂ ਖ਼ਤਮ ਹੋਈਆਂ। ਘੰਟੇ ਸਵਾ ਘੰਟੇ ਬਾਅਦ ਦੋਵੇਂ ਅੰਦਰੋਂ ਇਉਂ ਨਿਕਲੇ ਜਿਵੇਂ ਉਹ ਦੋ ਦੇਸ਼ਾਂ ਦੇ ਵਿਦੇਸ਼ੀ ਮੰਤਰੀ ਹੋਣ, ਜੋ ਕੋਈ ਅਹਿਮ ਸਮਝੌਤਾ ਨੇਪਰੇ ਚਾੜ੍ਹ ਕੇ ਮੀਟਿੰਗ ਰੂਮ ‘ਚੋਂ ਬਾਹਰ ਆਏ ਹੋਣ।
“ਕੋਈ ਚੱਕਰ ਈ ਨ੍ਹੀਂ ਮਾ’ਰਾਜ਼ææਜਿਵੇਂ ਤੁਸੀਂ ਆਖੋਗੇ, ਉਵੇਂ ਹੀæææ।” ਰਾਮਪਾਲ ਦੇ ਫੁੱਲ ਵਾਂਗ ਖਿੜੇ ਮੂੰਹ ਤੋਂ ਬੀਬੀਆਂ ਨੇ ਇੰਨੇ ਕੁ ਹੀ ਲਫ਼ਜ਼ ਸੁਣੇ। ਉਹ ਕੁਟੀਆ ਅੰਦਰੋਂ ਆਏ ਬੰਦੇ ਦੇ ਦੋਵੇਂ ਹੱਥ ਖਾਲੀ ਦੇਖ ਕੇ ਵੀ ਹੈਰਾਨ ਹੋਈਆਂ, ਕਿਉਂਕਿ ਲੈਚੀਆਂ ਵਾਲਾ ਬਾਬਾ ਨਾਮ ਨਾਲ ਮਸ਼ਹੂਰ ਹੋਏ ਇਹ ਸੰਤ ਜੀ ਦਰ ਆਏ ਹਰ ਜਿਗਿਆਸੂ ਨੂੰ ਲੈਚੀਆਂ ਮੰਤਰ ਕੇ ਜ਼ਰੂਰ ਬਖ਼ਸ਼ਦੇ ਸਨ। ਖ਼ੈਰ, ਆਪੋ-ਆਪਣੇ ਦੁੱਖਾਂ-ਕਲੇਸ਼ਾਂ ਦੀ ਨਵਿਰਤੀ ਕਰਨ ਦਾ ‘ਲੈਚੀ ਹਥਿਆਰ’ ਲੈ ਕੇ ਮਾਈਆਂ ਡੇਰੇ ‘ਚੋਂ ਰਵਾਨਾ ਹੋ ਗਈਆਂ।
ਇਧਰੋਂ ਵਿਹਲੇ ਹੋ ਕੇ ਸੰਤਾਂ ਨੇ ਆਪਣੇ ਡਰਾਇਵਰ ਨੂੰ ਗੱਡੀ ਲੈ ਆਉਣ ਲਈ ਆਖਿਆ। ਚੌਂਹ-ਪੰਜਾਂ ਘੰਟਿਆਂ ਦਾ ਸਫ਼ਰ ਮੁਕਾ ਕੇ ਗੱਡੀ ਇਕ ਪਿੰਡ ਦੇ ਗੁਰਦੁਆਰੇ ਜਾ ਪਹੁੰਚੀ। ਇਸ ਗੁਰਦੁਆਰੇ ਸੇਵਾ ਨਿਭਾ ਰਿਹਾ ਨੌਜਵਾਨ ਭਾਈ ਜਗਤਾਰ ਸਿੰਘ ਵਿਹੜੇ ‘ਚ ਆਈ ਸੰਤਾਂ ਦੀ ਗੱਡੀ ਦੇਖ ਕੇ ਪਰਿਵਾਰ ਸਮੇਤ ਦੌੜਿਆ ਆਇਆ। ਸਾਰਿਆਂ ਨੇ ਸੰਤਾਂ ਦੇ ਚਰਨ ਸਪਰਸ਼ ਕਰ ਕੇ ਥਾਪੜਾ ਲਿਆ ਤੇ ਬੜੇ ਸਤਿਕਾਰ ਨਾਲ ਸੰਤਾਂ ਨੂੰ ਆਪਣੇ ਰਿਹਾਇਸ਼ੀ ਕਮਰੇ ‘ਚ ਲਿਆ ਬਿਠਾਇਆ। ਰਾਜ਼ੀ-ਖੁਸ਼ੀ ਪੁੱਛੇ ਜਾਣ ‘ਤੇ ਬਾਗੋ-ਬਾਗ ਹੋਇਆ ਜਗਤਾਰ ਸਿੰਘ ਆਪਣੀ ਚੜ੍ਹਦੀ ਕਲਾ ਦੇ ਵੇਰਵੇ ਸੁਣਾਉਣ ਲੱਗਾ।
“ਮਹਾਰਾਜ, ਆਪ ਜੀ ਦੀ ਮਿਹਰ ਸਕਦਾ ਪੂਰੇ ਅਨੰਦ ਵਿਚ ਹਾਂ। ਸਾਰਾ ਪਿੰਡ ਤੇ ਕਮੇਟੀ ਵਾਲੇ ਮੇਰਾ ਬੇਹੱਦ ਸਤਿਕਾਰ ਕਰਦੇ ਨੇ। ਸਾਰਾ ਦਿਨ ਸਬਜ਼ੀ-ਭਾਜੀ, ਦੁੱਧ, ਦਹੀਂ ਦੀਆਂ ਲਹਿਰਾਂ-ਬਹਿਰਾਂ ਲੱਗੀਆਂ ਰਹਿੰਦੀਆਂ ਹਨ। ਛਕਣ-ਛਕਾਉਣ ਸਾਰਾ ਮੁਫ਼ਤ, ਉਤੋਂ ਦਸ-ਪੰਦਰਾਂ ਹਾਜ਼ਰ ਰੁਪਏ ਮਹੀਨਾ ਇਨਕਮ ਹੋ ਜਾਂਦੀæææ।”
‘ਕਮਲਿਆ ਇੰਨੇ ਕੁ ਪੈਸਿਆਂ ਨਾਲ ਤੇਰਾ ਕੀ ਬਣੇਗਾæææਕੱਲ੍ਹ ਨੂੰ ਨਿਆਣੇ ਪੜ੍ਹਾਵੇਂਗਾæææਵਿਆਹਵੇਂਗਾæææਮਹਿੰਗਾਈ ਪਤਾ ਕਿੰਨੀ ਵਧੀ ਜਾਂਦੀ ਐ?” ਜਗਤਾਰ ਸਿੰਹੁ ਮੂੰਹੋਂ ਪਾਣੀ ਦੇ ਝਰਨੇ ਵਾਂਗ ਕਿਰਦੀ ‘ਪ੍ਰਸੰਨਤਾ ਲੜੀ’ ਨੂੰ ਵਿਚੋਂ ਈ ਕੱਟਦਿਆਂ ਸੰਤਾਂ ਨੇ ‘ਕਮਲੇ’ ਜਗਤਾਰ ਸਿੰਹੁ ਨੂੰ ‘ਮੱਤ’ ਦਿੰਦਿਆਂ ਆਖਿਆ, “ਮੇਰੀ ਮੰਨੇ ਤਾਂ ਸਾਲ ਛੇ ਮਹੀਨੇ ਕਿਸੇ ਬਾਹਰਲੇ ਮੁਲਕ ਦਾ ਗੇੜਾ ਲਾ ਆ।”
“ਨਾæææਨਾæææਮਾ’ਰਾਜ!”, ਕੰਨਾਂ ਨੂੰ ਹੱਥ ਲਾਉਂਦਿਆਂ ਜਗਤਾਰ ਸਿੰਘ ਕਹਿੰਦਾ, “ਪਰਦੇਸਾਂ ‘ਚ ਦੀਨੋ-ਬੇ-ਦੀਨ ਹੋ ਕੇ ਧੱਕੇ ਖਾਣ ਨਾਲੋਂ ਸਬਰ-ਸ਼ੁਕਰ ਦੇ ਦੋ ਫੁਲਕੇ ਮਿਲੀ ਜਾਣ, ਇਹੀ ਗਨੀਮਤ ਹੈ। ਨਾਲੇ ਬਾਹਰਲੇ ਕੰਮ ਕਿਹੜਾ ਸੌਖਿਆਂ ਬਣ ਜਾਂਦੇ ਨੇ, ਕੋਈ ਭਰੋਸੇ ਵਾਲਾ ਬੰਦਾ ਹੋਵੇ ਤਾਂæææ।”
“ਤੂੰ ਭਾਈ ਆਪਣਾ ਮਨ ਬਣਾæææ”, ਐਤਕੀਂ ਫਿਰ ਸੰਤਾਂ ਨੇ ਆਪਣੇ ਸੇਵਕ ਦੇ ਮੂੰਹੋਂ ਗੱਲ ਬੋਚਦਿਆਂ ਆਖਿਆ, “ਭਰੋਸੇ ਵਾਲਾ ਬੰਦਾ ਤੈਨੂੰ ਅਸੀਂ ਮਿਲਾਵਾਂਗੇ।”
ਲੈਚੀਆਂ ਵਾਲੇ ਸੰਤਾਂ ‘ਤੇ ਰੱਬ ਵਰਗਾ ਵਿਸ਼ਵਾਸ ਅਤੇ ਕੁਝ ਘਰ ਵਾਲੀ ਦੀਆਂ ਲਾਈਆਂ ਆਰਾਂ ਸਦਕਾ ਜਗਤਾਰ ਸਿੰਘ ਬਾਹਰ ਜਾਣ ਲਈ ਤਿਆਰ ਹੋ ਗਿਆ। ਸੰਤਾਂ ਦੇ ਹੁਕਮ ‘ਤੇ ਉਹ ਪਾਸਪੋਰਟ ਲੈ ਕੇ ਡੇਰੇ ਪਹੁੰਚ ਗਿਆ ਤੇ ਉਥੇ ਹੀ ਉਹਦਾ ਮੇਲ-ਮਿਲਾਪ ਰਾਮਪਾਲ ਟਰੈਵਲ ਏਜੰਟ ਨਾਲ ਕਰਵਾਇਆ ਗਿਆ। ਕੈਨੇਡਾ ਜਾਣ ਦਾ ਸੌਦਾ ਚਾਰ ਲੱਖ ਵਿਚ ਤੈਅ ਹੋਇਆ। ਡੇਢ ਲੱਖ ਇੱਧਰ ਦੇਣਾ ਸੀ, ਬਾਕੀ ਦਾ ਢਾਈ ਲੱਖ ਕੈਨੇਡਾ ‘ਚ ਕੰਮ ‘ਤੇ ਲੱਗ ਜਾਣ ਤੋਂ ਬਾਅਦ। ਦੋਂਹ ਕੁ ਮਹੀਨਿਆਂ ਤੱਕ ਕੰਮ ਬਣ ਜਾਣ ਦਾ ਭਰੋਸਾ ਲੈ ਕੇ ਜਗਤਾਰ ਸਿੰਘ ਗੁਰਦੁਆਰੇ ਵਾਪਸ ਆ ਗਿਆ।
ਵਾਪਸ ਆ ਕੇ ਉਸ ਨੇ ਡੇਢ ਲੱਖ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ। ਕਿਸੇ ਪਾਸੋਂ ਦੋ ਹਜ਼ਾਰ, ਕਿਸੇ ਤੋਂ ਪੰਜ, ਕਿਸੇ ਕੋਲੋਂ ਸੱਤ। ਸਾਰੇ ਭੈਣ-ਭਰਾਵਾਂ, ਮਿੱਤਰਾਂ-ਦੋਸਤਾਂ ਤੋਂ ਉਸ ਨੇ ਉਧਾਰ ਚੁੱਕ ਲਿਆ। ਪੋਰ੍ਹਿਆ-ਪੋਰ੍ਹਿਆ ਕਰ ਕੇ ਜੋੜਿਆ ਹੋਇਆ ਪੱਚੀ ਕੁ ਹਜ਼ਾਰ ਆਪਣਾ ਵੀ ਬੈਂਕ ‘ਚੋਂ ਕਢਾ ਲਿਆ। ਤਰਲੇ ਕਰ ਕੇ ਬੜੀ ਮੁਸ਼ਕਿਲ ਨਾਲ ਉਸ ਨੇ ਰਕਮ ਇਕੱਠੀ ਕੀਤੀ। ਉਸ ਨੂੰ ਕੈਨੇਡਾ ਚਲੇ ਜਾਣ ਦਾ ਬੇਸ਼ੱਕ 99 ਫ਼ੀਸਦੀ ਵਿਸ਼ਵਾਸ ਸੀ, ਫਿਰ ਵੀ ਕੁਝ ਅੰਦੇਸ਼ੇ ਕਾਰਨ ਉਸ ਨੇ ਗੁਰਦੁਆਰੇ ਵਿਚ ਆਪਣੀ ਥਾਂ ਕਿਸੇ ਤੀਏ-ਤਰਾਫੂ ਨੂੰ ਨਾ ਬਹਾਇਆ, ਸਗੋਂ ਆਪਣੇ ਸਕੇ ਮਾਮੇ ਦੇ ਪੁੱਤ ਨੂੰ ਲਿਆਂਦਾ ਜੋ ਵਿਆਹਿਆ ਵਰਿਆ ਹੋਣ ਦੇ ਬਾਵਜੂਦ ਬੇਕਾਰ ਹੀ ਭੌਂਦਾ ਫਿਰਦਾ ਸੀ।
ਉਸ ਨੂੰ ਗੁਰਦੁਆਰੇ ਦਾ ਕਾਰ-ਵਿਹਾਰ ਸਮਝਾ ਦਿੱਤਾ ਅਤੇ ਨਾਲ ਹੀ ਉਸ ਨਾਲ ਜ਼ੁਬਾਨੀ ਕਲਾਮੀ ਇਹ ਅਹਿਦ ਕਰ ਲਿਆ ਕਿ ਖੁਦਾ-ਨਾ-ਖਾਸਤਾ, ਅਗਰ ਜਗਤਾਰ ਵਾਪਸ ਮੁੜ ਆਵੇ ਤਾਂ ਉਸੇ ਵੇਲੇ ਗੁਰਦੁਆਰੇ ਦੀਆਂ ਚਾਬੀਆਂ ਉਸ ਦੇ ਹਵਾਲੇ ਕਰ ਦਿੱਤੀਆਂ ਜਾਣ। ਇਹ ਪ੍ਰਬੰਧ ਕਰ ਕੇ ਜਗਤਾਰ ਸਿੰਘ ਸੰਤਾਂ ਦੇ ਸੱਦੇ ਦੀ ਉਡੀਕ ਵਿਚ ਕੈਨੇਡਾ ਦੀਆਂ ਤਿਆਰੀਆਂ ਕੱਸਣ ਲੱਗ ਪਿਆ। ਉਸ ਦੇ ਦੇਖਦਿਆਂ ਦੇਖਦਿਆਂ ਮਿੱਠ ਬੋਲੜੇ ਤੇ ਮਿਲਾਪੜੇ ਸੁਭਾਅ ਵਾਲੇ ਨਵੇਂ ਭਾਈ ਜੀ ਨੇ ਪੂਰੇ ਪਿੰਡ ਵਿਚ ਆਪਣੀ ਪੈਂਠ ਬਣਾ ਲਈ। ਉਸ ਦੀ ਪਤਨੀ ਨੇ ਗੁਰਦੁਆਰੇ ਵਿਚ ਸਿਲਾਈ ਸੈਂਟਰ ਖੋਲ੍ਹ ਲਿਆ।
ਇਸੇ ਦੌਰਾਨ ਸੰਤਾਂ ਨੇ ਇਕ ਦਿਨ ਆਪਣਾ ਫੋਰ-ਵ੍ਹੀਲਰ ਭੇਜ ਦਿੱਤਾ। ਨਾਲੇ ਸੰਤਾਂ ਨੇ ਜਗਤਾਰ ਨੂੰ ਮਹੀਨੇ ਕੁ ਬਾਅਦ ਦੀ ਕਿਸੇ ਤਰੀਕ ਨੂੰ ਡੇਰੇ ਸੱਦ ਲਿਆ ਤੇ ਕਹਿ ਭੇਜਿਆ ਕਿ ਡੇਰੇ ਵਿਖੇ ਹੋਣ ਵਾਲੇ ਵਿਸ਼ਾਲ ਸੰਤ ਸਮਾਗਮ ਵਾਸਤੇ ਆਪਣੇ ਕੋਲ ਪਈਆਂ ਰਸਦਾਂ-ਵਸਤਾਂ ਭੇਜ ਦਿੱਤੀਆਂ ਜਾਣ। ਕੈਨੇਡਾ ਜਾਣ ਦੇ ਚਾਅ ਵਿਚ ਜਗਤਾਰ ਨੇ ਆਪਣੇ ਕੋਲ ਪਈਆਂ ਪੰਜ-ਸੱਤ ਬੋਰੀਆਂ ਕਣਕ ਦੀਆਂ, ਆਟਾ, ਗੁੜ, ਘਿਉ ਤੇ ਦਾਲਾਂ ਵਗੈਰਾ ਸਾਰਾ ਸਾਮਾਨ ਚੁੱਕ ਕੇ ਫੋਰ-ਵ੍ਹੀਲਰ ‘ਤੇ ਲੱਦ ਦਿੱਤਾ। ਖਾਲ-ਮ-ਖਾਲੀ ਹੋ ਕੇ ਉਸ ਨੇ ਪਤਨੀ ਪੇਕੀਂ ਭੇਜ ਦਿੱਤੀ ਅਤੇ ਆਪ ਨਵਾਂ ਸੂਟ ਪਹਿਨ, ਹੱਥ ਅਟੈਚੀ ਲੈ ਕੇ ਮਿਥੀ ਤਰੀਕ ਨੂੰ ਸੰਤਾਂ ਦੇ ਡੇਰੇ ਜਾ ਹਾਜ਼ਰ ਹੋਇਆ। ਉਥੇ ਪਹੁੰਚ ਕੇ ਪਤਾ ਲੱਗਾ ਕਿ ਕੈਨੇਡਾ ਜਾਣ ਵਾਲੇ ਜਥੇ ਵਿਚ ਉਹ ‘ਕੱਲਾ ਨਹੀਂ, ਸਗੋਂ ਸੰਤਾਂ ਦੇ ਦਸ-ਪੰਦਰਾਂ ਸ਼ਰਧਾਲੂ ਹੋਰ ਵੀ ਹਨ।
ਸੰਤਾਂ ਪਾਸੋਂ ਅਸ਼ੀਰਵਾਦ ਲੈ ਕੇ ਰਾਮਪਾਲ ਏਜੰਟ ਸਮੇਤ ਇਹ ਜਥਾ ਪਹਿਲਾਂ ਦਿੱਲੀ, ਫਿਰ ਬੰਬੇ ਪਹੁੰਚਿਆ। ਉਥੋਂ ਦੋ-ਦੋ ਚਾਰ-ਚਾਰ ਕਰ ਕੇ ਜਹਾਜ਼ਾਂ ‘ਚ ਚਾੜ੍ਹੇ ਗਏ। ਜਗਤਾਰ ਸਿੰਘ ਚਹੁੰ ਕੁ ਮੁੰਡਿਆਂ ਸਮੇਤ ਥਾਈਲੈਂਡ ਜਾ ਪਹੁੰਚਿਆ। ਇਨ੍ਹਾਂ ਦਾ ਰਾਮਪਾਲ ਸਮੇਤ ਦੂਜੇ ਸਾਰਿਆਂ ਨਾਲੋਂ ਸੰਪਰਕ ਟੁੱਟ ਚੁੱਕਾ ਸੀ। ਦੋ ਕੁ ਮਹੀਨੇ ਥਾਈਲੈਂਡ ਧੱਕੇ-ਧੋੜੇ ਖਾ ਕੇ ਇਹ ਵਾਪਸ ਪੰਜਾਬ ਆ ਪਹੁੰਚੇ। ਸੰਤਾਂ ਦੇ ਡੇਰੇ ਉਲਾਂਭਾ ਦੇਣ ਗਿਆਂ ਨੂੰ ਮਹਾਂਪੁਰਸ਼ਾਂ ਦਾ ਉਪਦੇਸ਼ ਮਿਲਿਆ-ਅਖੇ, ਭਾਣਾ ਮੰਨੋ ਭਾਈ ਗੁਰਮੁਖੋæææ।
‘ਲੌਟ ਕੇ ਬੁੱਧੂ ਘਰ ਕੋ ਆਏæææ।’ ਇਸ ਕਹਾਵਤ ਨੂੰ ਪੂਰਿਆਂ ਕਰਨ ਵਾਲਾ ਜਗਤਾਰ ਸਿੰਹੁ ਵਾਪਸ ਆਪਣੇ ਮਾਮੇ ਦੇ ਮੁੰਡੇ ਕੋਲ ਗੁਰਦੁਆਰੇ ਪਹੁੰਚਿਆ ਤਾਂ ਉਸ ਨੇ ਅੱਖਾਂ ਹੀ ਫੇਰ ਲਈਆਂ। ਪਿੰਡ ਦੀ ਸਾਰੀ ਲਗੌੜ ਨਵੇਂ ਭਾਈ ਦੀ ਹਮਾਇਤੀ ਬਣ ਚੁੱਕੀ ਸੀ। ਨਵੇਂ ਭਾਈ ਦੀ ਵਹੁਟੀ ਨੇ ਵੀ ਪਿੰਡ ‘ਚ ਆਪਣਾ ਵਾਹਵਾ ਅਸਰ ਰਸੂਖ ਬਣਾ ਲਿਆ। ਆਪਣੇ ਭੂਆ ਦੇ ਪੁੱਤ ਭਰਾ ਨਾਲ ਕੀਤੇ ਹੋਏ ਸਾਰੇ ਅਹਿਦ ਭੁਲਾ ਕੇ ਨਵੇਂ ਭਾਈ ਨੇ ਪਿੰਡ ‘ਚ ਜਗਤਾਰ ਸਿੰਹੁ ਦੇ ਪੈਰ ਨਾ ਲੱਗਣ ਦਿੱਤੇ। ਕੁਝ ਮਹੀਨੇ ਪਹਿਲਾਂ ਢੋਲੇ ਦੀਆਂ ਗਾਉਣ ਵਾਲੇ ਜਗਤਾਰ ਸਿੰਘ ਦਾ ਅੱਜ ਹਾਲ ਇਹ ਹੈ ਕਿ ਉਹ ਭੁੱਖ ਨਾਲ ਘੁਲਦਾ ਪੈਸੇ ਪੈਸੇ ਨੂੰ ਤਰਸਦਾ ਦਿਨ-ਕਟੀ ਕਰਦਾ ਫਿਰਦਾ ਹੈ। ਭੈਣ-ਭਾਈ, ਰਿਸ਼ਤੇਦਾਰ ਅਤੇ ਯਾਰ ਬੇਲੀ ਆਪੋ-ਆਪਣੇ ਪੈਸੇ ਮੰਗਦੇ ਹਨ। ਸੱਥਾਂ ਪੰਚਾਇਤਾਂ ਲੈ ਲੈ ਕੇ ਕਦੇ ਉਹ ਸੰਤ ਦੇ ਡੇਰੇ ਜਾਂਦਾ ਹੈ, ਕਦੇ ਆਪਣੇ ਮਾਮੇ ਦੇ ਪੁੱਤ ਅੱਗੇ ਹਾੜ੍ਹੇ ਕੱਢਦਾ ਹੈ। ਕਦੇ ਪੁਲਿਸ ਅਫ਼ਸਰਾਂ ਦੇ ਦਫ਼ਤਰਾਂ ਦੀ ਖਾਕ ਛਾਣਦਾ ਫਿਰਦਾ ਹੈ। ਸੁਣਵਾਈ ਉਹਦੀ ਕਿਤੇ ਵੀ ਨਹੀਂ ਹੋ ਰਹੀ। ਬੱਚੇ ਉਸ ਦੇ ਨਾਨਕੀ ਬੈਠੇ ਵਿਲਕਦੇ ਹਨ।
ਧੋਖਾ ਖਾਣ ਵਾਲੇ ਇਨ੍ਹਾਂ ਸੰਤ ਦੇ ਸ਼ਿਸ਼ਕੇਰੇ ਹੋਏ ਸ਼ਰਧਾਲੂਆਂ ਨੇ ਜਦੋਂ ਇਕੱਠੇ ਹੋ ਕੇ ਇਸ ਕਾਰੇ ਦੀਆਂ ਡੂੰਘੀਆਂ ਜੜ੍ਹਾਂ ਫਰੋਲੀਆਂ, ਤਦ ਪਤਾ ਲੱਗਿਆ ਕਿ ਟਰੈਵਲ ਏਜੰਟ ਅਤੇ ਧਰਮ ਦੇ ਏਜੰਟ ਦੀ ਮਿਲੀ-ਭੁਗਤ ਨਾਲ ਇਹ ਲੋਟੂ ਗੇਮ ਖੇਡੀ ਗਈ ਹੈ। ਲੁੱਟ ਹੋਣ ਵਾਲਿਆਂ ਨੂੰ ਇਹ ਵੀ ਸੂਹ ਮਿਲੀ ਕਿ ਭਗੌੜਾ ਹੋਇਆ ਟਰੈਵਲ ਏਜੰਟ ਜਿਸ ਮੁਲਕ ਵਿਚ ਰਹਿ ਰਿਹਾ ਹੈ, ਉਥੇ ਲੈਚੀਆਂ ਵਾਲਾ ਬਾਬਾ ਵੀ ਗੇੜੀ ਮਾਰ ਆਇਆ ਹੈ।
ਖੁਦਾ ਮੇਂ, ਨਾਖੁਦਾ ਮੇਂ ਕੁਛ
ਮੁਝੇ ਸ਼ਿਰਕਤ ਸੀ ਲਗਤੀ ਹੈ
ਜਹਾਂ ਡੂਬੀ ਮਿਰੀ ਕਸ਼ਤੀ,
ਵਹਾਂ ਮੌਜੂਦ ਥੇ ਦੋਨੋ!
(ਖੁਦਾ=ਰੱਬ, ਨਾਖੁਦਾ=ਮਲਾਹ, ਸ਼ਿਰਕਤ=ਮਿਲੀਭੁਗਤ)

Be the first to comment

Leave a Reply

Your email address will not be published.