ਆਤਮਿਕ ਵਿਕਾਸ ਤੇ ਸਮਾਜਿਕ ਸੁਰੱਖਿਆ ਦੇ ਸ੍ਰੋਤ ਹੋਣ ਗੁਰਪੁਰਬ

ਗੁਰੂ ਸਾਹਿਬਾਨ ਵਲੋਂ ਸਥਾਪਤ ਕੀਤੇ ਗਏ ਸਿੱਖ ਧਰਮ ਦਾ ਮਾਨਵੀ ਹਿਤਾਂ ਨਾਲ ਡੂੰਘਾ ਸਰੋਕਾਰ ਹੈ। ਅੱਜ ਭਾਰਤ ਵਿਚ ਬਹੁਤ ਸਾਰੀਆਂ ਸਮੱਸਿਆਵਾਂ ਸਿਰ ਚੁੱਕ ਰਹੀਆਂ ਹਨ। ਇਨ੍ਹਾਂ ਵਿਚ ਵਾਤਾਵਰਣ ਦਾ ਪ੍ਰਦੂਸ਼ਣ, ਗਰੀਬਾਂ ਦਾ ਗਰੀਬੀ ਹੱਥੋਂ ਤਬਾਹ ਹੋਣਾ ਅਤੇ ਮਾਨਵੀ ਕਦਰਾਂ-ਕੀਮਤਾਂ ਦਾ ਘਾਣ ਸ਼ਾਮਲ ਹਨ। ਇਸ ਲੇਖ ਵਿਚ ਲੇਖਕ ਰਸ਼ਪਾਲ ਸਿੰਘ ਨੇ ਸੁਨੇਹਾ ਦਿੱਤਾ ਹੈ ਕਿ ਦਿਖਾਵੇ ਦੇ ਕਾਰਜਾਂ ਉਤੇ ਬੇਵਜ੍ਹਾ ਖਰਚੇ ਕਰਨ ਦੀ ਥਾਂ ਉਪਰੋਕਤ ਮਸਲਿਆਂ ਦੇ ਹੱਲ ਉਪਰ ਖਰਚ ਕਰ ਕੇ ਗੁਰੂ ਸਾਹਿਬਾਨ ਵਲੋਂ ਲੋਕ ਸਰੋਕਾਰਾਂ ਵੱਲ ਧਿਆਨ ਦੇਣ ਦੇ ਪਾਏ ਪੂਰਨਿਆਂ ਉਤੇ ਚੱਲਿਆ ਜਾਵੇ। ਬਾਬੇ ਨਾਨਕ ਦੇ ਉਚੇ-ਦਰ ਦੇ ਨਵੇਂ-ਨਰੋਏ ਸੰਕਲਪਾਂ ਨਾਲ ਸਿਹਤਮੰਦ ਸੰਸਾਰ ਦੀ ਸਿਰਜਣਾ ਹਿਤ ਲਾਮਬੰਦ ਹੋਈਏ ਤੇ ਤੁਰੀਏ।

-ਸੰਪਾਦਕ

ਰਸ਼ਪਾਲ ਸਿੰਘ
ਫੋਨ: 91-98554-40151

ਕਿਸੇ ਵੀ ਕੌਮ ਦੇ ਉਜਲੇ ਭਵਿੱਖ ਲਈ ਉਸ ਦੇ ਅਰਥਚਾਰੇ ਦੀ ਵੱਡੀ ਅਹਿਮੀਅਤ ਹੈ। ਗੁਰਬਾਣੀ ਅਤੇ ਸਾਹਿਤ ਵਿਚੋਂ ਸੰਕੇਤ ਮਿਲਦੇ ਹਨ ਕਿ ਸਮਾਜਿਕ-ਧਾਰਮਿਕ ਰੂਹਾਂ ਨੇ ਇਕ ਕਲਿਆਣਕਾਰੀ ਸਮਾਜਿਕ-ਆਰਥਿਕ ਵਿਵਸਥਾ ਦਾ ਸੰਕਲਪ ਪੇਸ਼ ਕੀਤਾ ਹੈ। ਧਰਮ ਮਨੁੱਖ ਦੀ ਅੰਤਰੀਵ ਸ਼ਕਤੀ ਨੂੰ ਸੇਧ ਦਿੰਦਾ ਹੈ। ਧਰਮ ਦੀ ਸ਼ਕਤੀ ਨਵੀਆਂ ਸੰਸਥਾਵਾਂ ਅਤੇ ਨਵੀਆਂ ਸਮਾਜਿਕ, ਆਰਥਿਕ ਤੇ ਸੱਭਿਆਚਾਰਕ ਗਤੀਵਿਧੀਆਂ ਲਈ ਸਾਨੂੰ ਕ੍ਰਿਆਸ਼ੀਲ ਕਰਦੀ ਹੈ, ਬਸ਼ਰਤੇ ਧਰਮ ਕਰਮ-ਕਾਂਡ ਤੱਕ ਸੀਮਤ ਨਾ ਹੋਵੇ। ਜੇ ਕਰਤਾਰੀ ਸ਼ਕਤੀਆਂ ਕਰਮ-ਕਾਂਡ ਉਤੇ ਹੀ ਖਰਚ ਹੋ ਰਹੀਆਂ ਹੋਣ ਤਾਂ ਆਰਥਿਕ ਤਬਦੀਲੀ ਲਈ ਨਾ ਤਾਂ ਸੋਚ ਉਭਰੇਗੀ ਅਤੇ ਨਾ ਹੀ ਇਨਕਲਾਬੀ ਸਮੂਹ ਪੈਦਾ ਹੋਵੇਗਾ।
ਇਸੇ ਲਈ ਗੁਰੂ ਨਾਨਕ ਦੇਵ ਜੀ ਨੇ ਨਾਮ ਜਪਣ ਦੇ ਨਾਲ ਨਾਲ ਕਿਰਤ ਕਰਨ ਤੇ ਵੰਡ ਛਕਣ ਦਾ ਸਿਧਾਂਤ ਸਿਰਜਿਆ। ਧਾਰਮਿਕ ਮੰਡਲ ਤੇ ਸੰਸਾਰਕ ਮੰਡਲ ਦਾ ਸੰਤੁਲਿਤ ਸਰੂਪ ਪੇਸ਼ ਕੀਤਾ। ਸਿੱਖ ਨੈਤਿਕਤਾ ਇਸ ਗੱਲ ਦੀ ਹਾਮੀ ਹੈ ਕਿ ਵਿਸ਼ਵ ਪੱਧਰ ‘ਤੇ ਪਰਸਪਰ ਹਮਦਰਦੀ ਹੀ ਸਹੀ ਪ੍ਰਣਾਲੀ ਹੈ। ਗੁਰੂ ਸਾਹਿਬਾਨ ਨੇ ਪੇਂਡੂ ਜੀਵਨ ਉਤੇ ਭਾਰੂ ਆਰੀਆ ਸਭਿਅਤਾ ਦੀ ਖੜੋਤ ਪ੍ਰਵਿਰਤੀ ਨੂੰ ਤੋੜਿਆ। ਪਿੰਡਾਂ ਦੇ ਵਿਕਾਸ ਲਈ ਸ਼ਹਿਰੀਕਰਣ ਦੀ ਵਿਵਸਥਾ ਕਾਇਮ ਕੀਤੀ ਅਤੇ ਸ਼ਹਿਰ ਵੀ ਵਸਾਏ। ਸ਼ਹਿਰਾਂ ਨੂੰ ਆਰਥਿਕ ਆਧਾਰ ਦਿੱਤਾ। ਜੇ ਵਪਾਰੀਆਂ ਅਤੇ ਕਾਰੀਗਰਾਂ ਨੂੰ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪੈਂਦਾ ਤਾਂ ਗੁਰੂ ਸਾਹਿਬ ਆਪ ਜਾਂ ਸਿੱਖਾਂ ਦੀ ਸਹਾਇਤਾ ਨਾਲ ਰਾਸ ਪੂੰਜੀ ਦਾ ਪ੍ਰਬੰਧ ਕਰ ਕੇ ਦਿੰਦੇ।
ਗੁਰੂ ਰਾਮਦਾਸ ਜੀ ਨੇ 52 ਵੱਖ-ਵੱਖ ਕਿੱਤਿਆਂ ਦੇ ਲੋਕਾਂ ਨੂੰ ਅੰਮ੍ਰਿਤਸਰ ਦੀ ਧਰਤੀ ‘ਤੇ ਵਸਾਇਆ। ਅੰਮ੍ਰਿਤਸਰ ਦਸਤਕਾਰੀ ਅਤੇ ਵਪਾਰ ਦਾ ਵੱਡਾ ਕੇਂਦਰ ਬਣਿਆ। ਨਵੇਂ ਨਗਰਾਂ ਦੀ ਉਸਾਰੀ ਅਤੇ ਲੋਕ ਭਲਾਈ ਦੇ ਕੰਮਾਂ ਲਈ ਅਥਾਹ ਪੈਸੇ ਦੀ ਲੋੜ ਸੀ। ਇਸ ਲਈ ਦਸਵੰਧ ਦੀ ਪ੍ਰਥਾ ਜਾਰੀ ਕੀਤੀ ਗਈ। ਉਚੇ-ਸੁੱਚੇ ਗੁਰਸਿੱਖੀ ਜੀਵਨ ਦੇ ਧਾਰਨੀ ਪ੍ਰਚਾਰਕ ਨਿਯੁਕਤ ਕੀਤੇ ਗਏ। ਇਨ੍ਹਾਂ ਨੂੰ ਮਸੰਦ ਕਿਹਾ ਗਿਆ ਹੈ। ਮਸੰਦ, ਅਰਬੀ ਸ਼ਬਦ ‘ਮਸਨਦ’ ਤੋਂ ਬਣਿਆ ਹੈ, ਜਿਸ ਦਾ ਅਰਥ ਹੈ-ਸਿਰਹਾਣਾ, ਤਕੀਆ ਜਾਂ ਗੱਦੀ। ਸਮੇਂ ਦੇ ਹਾਕਮ ਤਖਤ ਉਤੇ ਸਿਰਹਾਣੇ ਲਾ ਕੇ ਬੈਠਿਆ ਕਰਦੇ ਸਨ ਤੇ ਉਨ੍ਹਾਂ ਨੂੰ ‘ਮਸਨਦ ਨਸ਼ੀਨ’ ਕਿਹਾ ਜਾਂਦਾ ਸੀ। ਮਸੰਦਾਂ ਨੂੰ ‘ਰਾਮਦਾਸੀਏ’ ਵੀ ਕਿਹਾ ਜਾਂਦਾ ਸੀ। ਪਿੱਛੋਂ ‘ਗੁਰੂ ਕੇ’ ਵੀ ਵਰਤਿਆ ਜਾਂਦਾ ਰਿਹਾ।
ਮਿਆਰੀ ਪ੍ਰਚਾਰ ਦੀ ਬਦੌਲਤ ਭਾਰੀ ਗਿਣਤੀ ਵਿਚ ਲੋਕ ਸਿੱਖੀ ਦੇ ਦਾਇਰੇ ਵਿਚ ਆਏ। ਮਹਾਨ ਵਿਆਖਿਆਕਾਰ ਤੇ ਕਈ ਭਾਸ਼ਾਵਾਂ ਦੇ ਜਾਣਕਾਰ ਭਾਈ ਗੁਰਦਾਸ ਨੇ ਆਗਰੇ ਤੇ ਕਾਂਸ਼ੀ ਵਿਖੇ ਰਹਿ ਕੇ ਦੂਰ ਦੂਰ ਤੱਕ ਸਿੱਖੀ ਦੀ ਖੁਸ਼ਬੋ ਫੈਲਾਈ। ਲੋਕਾਂ ਦੀ ਬੋਲੀ ਵਿਚ ਪ੍ਰਚਾਰ ਕੀਤਾ। ਮਸੰਦ ਹਰ ਸਾਲ ਵਿਸਾਖੀ ਤੇ ਦੀਵਾਲੀ ਮੌਕੇ ਦੋ ਵਾਰ ਗੁਰੂ-ਦਰਬਾਰ ਵਿਚ ਹਾਜ਼ਰ ਹੋ ਕੇ ਗੁਰੂ ਸਾਹਿਬ ਨੂੰ ਸਾਰਾ ਹਿਸਾਬ ਦਿੰਦੇ। ਗੁਰੂ ਅਮਰਦਾਸ ਜੀ ਵਲੋਂ ਧਰਮ ਪ੍ਰਚਾਰ ਲਈ ਨਿਯੁਕਤ 22 ਮੰਜੀਦਾਰਾਂ ਅਤੇ 52 ਪੀਹੜੇਦਾਰਾਂ ਨਾਲ ਸੰਪਰਕ ਰੱਖਦੇ। ਗੁਰੂ ਸਾਹਿਬਾਨ ਵਲੋਂ ਚੱਲ ਰਹੇ ਕਾਰਜਾਂ ਅਤੇ ਸੰਗਤਾਂ ਦੇ ਹਰ ਦੁੱਖ-ਸੁੱਖ ਦੀ ਖਬਰ ਦਿੰਦੇ-ਲੈਂਦੇ।
ਕੀ ਅੱਜ ਕਿਸਾਨਾਂ, ਮਜ਼ਦੂਰਾਂ, ਵਪਾਰੀਆਂ, ਮੁਲਾਜ਼ਮਾਂ, ਕਿਰਤੀਆਂ ਅਤੇ ਵਿਦਿਆਰਥੀਆਂ ਦਾ ਉਜਾੜਾ ਰੋਕਣਾ ਸਮੇਂ ਦੀ ਮੰਗ ਨਹੀਂ? ਗਰੀਬਾਂ ਦੇ ਦੁੱਖਾਂ-ਸੁੱਖਾਂ ਵਿਚ ਭਾਈਵਾਲ ਬਣਨ ਦੀ ਲੋੜ ਨਹੀਂ ਹੈ? ਪਿਆਰ ਤੇ ਮਿਆਰ ਭਰਪੂਰ ਪ੍ਰਚਾਰ ਦੀ ਲੋੜ ਨਹੀਂ ਹੈ? ਉਤਰ ਆਵੇਗਾ, ਜੀ ਹਾਂ ਲੋੜ ਹੈ, ਕਿਉਂਕਿ ਭੁੱਖੇ ਪਿਆਸੇ ਦੀ ਸਹਾਇਤਾ ਕਰਨਾ ਅਤੇ ਨਿਆਂ ਦੇਣਾ ਸਾਡੇ ਸੰਸਕਾਰਾਂ ਦਾ ਹਿੱਸਾ ਹੈ।
‘ਸਦਕਾ-ਏ-ਫਿਤਰ’ ਈਦ ਮੌਕੇ ਦਿੱਤੇ ਜਾਣ ਵਾਲਾ ਮਹਾਨ ਦਾਨ ਹੈ, ਜੋ ਹਰ ਮੁਸਲਮਾਨ ਲਈ ਈਦ ਦੀ ਨਮਾਜ਼ ਖਾਤਿਰ ਘਰੋਂ ਚੱਲਣ ਤੋਂ ਪਹਿਲਾਂ ਅਦਾ ਕਰਨਾ ਜ਼ਰੂਰੀ ਹੈ। ਐਸਾ ਨਾ ਹੋਵੇ ਕਿ ਆਮ ਲੋਕ ਈਦ ਦੀਆਂ ਖੁਸ਼ੀਆਂ ਵਿਚ ਮਗਨ ਹੋਣ ਤੇ ਦੂਜੇ ਪਾਸੇ ਗਰੀਬ, ਯਤੀਮ, ਮੁਥਾਜ਼ ਕਿਸਮ ਦੇ ਲੋਕ ਮਾਲੀ ਤੰਗੀ ਕਾਰਨ ਇਨ੍ਹਾਂ ਖੁਸ਼ੀਆਂ ਵਿਚ ਸ਼ਾਮਲ ਹੀ ਨਾ ਹੋ ਸਕਣ। ‘ਸਦਕਾ-ਏ-ਫਿਤਰ’ ਦੀ ਦਰ ਮੁਸਲਿਮ ਵਿਦਵਾਨਾਂ ਅਨੁਸਾਰ ਇਕ ਕਿਲੋ 666 ਗ੍ਰਾਮ ਤੋਂ ਲੈ ਕੇ ਢਾਈ ਕਿਲੋ ਕਣਕ ਪ੍ਰਤੀ ਜੀਅ ਜਾਂ ਉਸ ਦੇ ਬਰਾਬਰ ਬਣਦੀ ਰਾਸ਼ੀ ਹੋਣੀ ਚਾਹੀਦੀ ਹੈ। ਰਮਜ਼ਾਨ ਮਹੀਨਾ ਅਤੇ ਉਸ ਨਾਲ ਜੁੜਿਆ ਈਦ ਦਾ ਦਿਹਾੜਾ ਅਸਲ ਵਿਚ ਮੁਸਲਿਮ ਧਾਰਮਿਕ ਜੀਵਨ ਸ਼ੈਲੀ ਨੂੰ ਮੁੜ ਉਸ ਲੀਹ ‘ਤੇ ਪਾਉਣ ਦੀ ਕੋਸ਼ਿਸ਼ ਹੈ, ਜਿਸ ਨਾਲ ਸਾਲ ਦੇ ਬਾਕੀ ਮਹੀਨਿਆਂ ਵਿਚ ਆਏ ਵਿਗਾੜ ਅਤੇ ਸੁਸਤੀ ਨੂੰ ਦੂਰ ਕਰਨ ਵਿਚ ਮਦਦ ਜ਼ਰੂਰ ਮਿਲਦੀ ਹੈ।
ਵਿਚਾਰੀਏ ਤਾਂ ਸਹੀ ਕਿ ਗੁਰੂ ਸਾਹਿਬਾਨ ਦੇ ਪਾਏ ਪੂਰਨਿਆਂ ਤੋਂ ਅਸੀਂ ਕਿੰਨਾ ਦੁਰੇਡੇ ਜਾ ਖੜ੍ਹੇ ਹਾਂ। ਭਰਮ ਨੂੰ ਹੀ ਧਰਮ ਕਹੀ ਜਾ ਰਹੇ ਹਾਂ। “ਬਾਬਾ ਦੇਖੈ ਧਿਆਨੁ ਧਰਿ ਜਲਤੀ ਸਭਿ ਪ੍ਰਿਥਮੀ ਦਿਸਿ ਆਈ। ਬਾਝਹੁ ਗੁਰੂ ਗੁਬਾਰ ਹੈ, ਹੈ ਹੈ ਕਰਦੀ ਸੁਣੀ ਲੁਕਾਈ।” ਬਾਬੇ ਵਾਲਾ ਧਿਆਨ, ਬਾਬੇ ਵਾਲਾ ਦਿਖਣਾ ਤੇ ਸੁਣਨਾ ਧਰਮ ਦੇ ਬਣੇ ਚਾਲਕਾਂ-ਸੰਚਾਲਕਾਂ ਵਿਚੋਂ ਅਲੋਪ ਕਿਉਂ ਹੈ? ‘ਬਾਬੇ ਕੇ’ ਕਹਾਉਣ ਵਾਲਿਆਂ ਵਲੋਂ ਗੁਰਪੁਰਬਾਂ ਸਬੰਧੀ ਅਪਨਾਏ ਜਾਂਦੇ ਕਾਰਜ-ਢੰਗ ਕੇਵਲ ਰਸਮਮੁਖੀ ਹੀ ਹਨ। ਸਿੱਖ ਕੌਮ ਦੇ ਕੌਮਾਂਤਰੀ ਪਸਾਰੇ ਅਤੇ ਧਰਮ ਦੀ ਆੜ ਵਿਚ ਬੜੇ ਵੱਡੇ ਪਏ ਖਲਾਰੇ ਨੂੰ ਇਕ ਪਾਸੇ ਰੱਖਦਿਆਂ ਇਕ ਛੋਟੇ ਜਿਹੇ ਸ਼ਹਿਰ ਦਾ ਛੋਟਾ ਜਿਹਾ ਨਮੂਨਾ ਹੀ ਸਥਿਤੀ ਸਪੱਸ਼ਟ ਕਰ ਸਕਦਾ ਹੈ। ਮਈ- ਜੂਨ ਮਹੀਨੇ ਗੁਰੂ ਅਰਜਨ ਦੇਵ ਦਾ ਸ਼ਹੀਦੀ ਦਿਹਾੜਾ ਅਤੇ ਅਕਤੂਬਰ-ਨਵੰਬਰ ਮਹੀਨੇ ਗੁਰੂ ਰਾਮਦਾਸ ਤੇ ਗੁਰੂ ਨਾਨਕ ਦੇਵ ਦੇ ਗੁਰਪੁਰਬਾਂ ਸਬੰਧੀ ਬੜੀ ਸ਼ਰਧਾ ਨਾਲ ਸਮਾਂ ਤੇ ਸਰਮਾਇਆ ਖਰਚ ਕੀਤਾ ਜਾਂਦਾ ਹੈ। ਗੁਰਪੁਰਬਾਂ ਪ੍ਰਤੀ ਸਵਾ ਸਵਾ ਮਹੀਨਾ ਪਹਿਲਾਂ ਦੋ ਸੰਸਥਾਵਾਂ ਵਲੋਂ ਸਵੇਰ ਸ਼ਾਮ ਦੀਆਂ ਕੀਰਤਨ ਲੜੀਆਂ ਸ਼ੁਰੂ ਹੋ ਜਾਂਦੀਆਂ ਹਨ। ਜਿਨ੍ਹਾਂ ਵਿਚ ਵਧੇਰੇ ਅੱਧਖੜ੍ਹ ਉਮਰ ਦੀਆਂ ਸੰਗਤਾਂ ਹੀ ਹੁੰਦੀਆਂ ਹਨ ਅਤੇ ਔਸਤਨ ਦੋ ਸੌ ਤੋਂ ਵੱਧ ਗਿਣਤੀ ਨਹੀਂ ਹੁੰਦੀ। ਗੁਰਪੁਰਬ ਨਾਲ ਸਬੰਧਤ ਇਤਿਹਾਸ ਜਾਂ ਗੁਰਮਤਿ ਵਿਚਾਰ ਤੇ ਲਿਟਰੇਚਰ ਤੋਂ ਪਰਹੇਜ਼ ਹੀ ਰੱਖਿਆ ਹੁੰਦਾ ਹੈ। ਸੰਗਤਾਂ ਦੇ ਆਉਣ-ਜਾਣ ਦੇ ਪੈਟਰੋਲ ਡੀਜ਼ਲ ਖਰਚੇ ਪਾਸੇ ਰੱਖ ਦੇਈਏ ਤਾਂ ਕੇਵਲ ਲੰਗਰ ‘ਤੇ ਹੀ ਘਰਾਂ ਵਾਲਿਆਂ ਦਾ ਖਰਚ ਅੰਦਾਜ਼ਨ 50 ਹਜ਼ਾਰ ਰੁਪਏ ਰੋਜ਼ਾਨਾ ਆਉਂਦਾ ਹੈ। ਸਵਾ ਮਹੀਨੇ ਵਿਚ ਇਕ ਗੁਰਪੁਰਬ ‘ਤੇ ਕਰੀਬ 20 ਲੱਖ ਰੁਪਿਆ ਖਰਚ ਹੋ ਜਾਂਦਾ ਹੈ। ਗੁਰਪੁਰਬ ਵਾਲੇ ਦਿਨ ਦਾ ਖਰਚ ਵੱਖਰਾ। ਸਭਾ-ਸੁਸਾਇਟੀਆਂ ਦੇ ਇਨ੍ਹਾਂ ਪ੍ਰੋਗਰਾਮਾਂ ਤੋਂ ਵੱਖਰਿਆਂ ਗੁਰਦੁਆਰਿਆਂ ਵਲੋਂ ਮਨਾਏ ਜਾਂਦੇ ਗੁਰਪੁਰਬ, ਸਜਾਏ ਜਾਂਦੇ ਨਗਰ ਕੀਰਤਨ ਤੇ ਬਜ਼ਾਰਾਂ ਵਿਚ ਲੱਗੇ ਲੰਗਰਾਂ ਦਾ ਤੇ ਪ੍ਰਬੰਧਾਂ ਦਾ ਖਰਚ ਵੱਖਰਾ। ਗੁਰਪੁਰਬ ਮਨਾਉਣ ਦੀ ਬਹੁਤ ਅਹਿਮੀਅਤ ਹੈ ਪਰ ਗੁਰੂ ਸਾਹਿਬਾਨ ਦੀ ਨਸੀਹਤ ਹੇਠ ਮਨਾਏ ਜਾਣ।
ਇਕ ਛੋਟਾ ਜਿਹਾ ਸ਼ਹਿਰ ਇਕ ਪਿੰਡ ਦੀ ਉਸ ਸਮੱਸਿਆ ਦਾ ਹੱਲ ਸਹਿਜੇ ਹੀ ਕਰ ਸਕਦਾ ਹੈ ਜੋ ਅੱਜ ਭਾਰਤ ਦੇ ਕਈ ਰਾਜਾਂ, ਖਾਸ ਕਰ ਪੰਜਾਬ ਦਾ, ਇਕ ਭਖਦਾ ਮਸਲਾ ਹੈ। ਉਹ ਹੈ, ਪਰਾਲੀ ਜਾਂ ਨਾੜ ਨੂੰ ਅੱਗ ਲਾਉਣ ‘ਤੇ ਪੈਦਾ ਹੁੰਦਾ ਪ੍ਰਦੂਸ਼ਣ ਅਤੇ ਕਰਜ਼ੇ ਕਾਰਨ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਹੁੰਦੀਆਂ ਖੁਦਕੁਸ਼ੀਆਂ।
ਪੰਜਾਬ ਸਰਕਾਰ ਅਨੁਸਾਰ ਹੁਣ ਤੱਕ ਦੀ ਸਾਰੀ ਮਸ਼ੀਨਰੀ ਮਿਲਾ ਕੇ ਇਸ ਨਾਲ 61 ਹਜ਼ਾਰ ਹੈਕਟੇਅਰ ਝੋਨੇ ਦੀ ਪਰਾਲੀ ਦਾ ਪ੍ਰਬੰਧ ਅੱਗ ਲਗਾਏ ਬਿਨਾ ਕੀਤਾ ਜਾ ਸਕਦਾ ਹੈ। ਜੇ 2 ਏਕੜ ਤੱਕ ਵਾਲੇ ਨੂੰ ਮੁਫਤ, 5 ਏਕੜ ਵਾਲਿਆਂ ਨੂੰ 5 ਹਜ਼ਾਰ ਰੁਪਏ ਅਤੇ ਇਸ ਤੋਂ ਵੱਧ ਵਾਲਿਆਂ ਨੂੰ 15 ਹਜ਼ਾਰ ਰੁਪਏ ਵਿਚ ਤਕਨੀਕ ਤੇ ਮਸ਼ੀਨਰੀ ਉਪਲਭਧ ਕਰਾ ਕੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਹੁਕਮ ਨੂੰ ਲਾਗੂ ਕਰਨਾ ਹੋਵੇ ਤਾਂ 9392 ਕਰੋੜ ਰੁਪਏ ਚਾਹੀਦੇ ਹਨ। ਇਥੇ ਧਰਮ ਦੀ ਪਰਉਪਕਾਰੀ ਜੁਗਤਿ ਹੀ ਜੀਵਨ ਪ੍ਰਦਾਨ ਕਰ ਸਕਦੀ ਹੈ। ਸਰਕਾਰੀ ਵਿੱਤੀ ਅੰਕੜਾ ਆਧਾਰ ਬਣਾਈਏ ਤਾਂ ਪੰਜਾਬ ਦੇ ਹਰ ਪਿੰਡ ਨੂੰ ਲਗਭਗ 80 ਲੱਖ ਰੁਪਏ ਦੀ ਤਕਨੀਕ ਤੇ ਮਸ਼ੀਨਰੀ ਦੇ ਕੇ ਪਰਾਲੀ ਨੂੰ ਫੂਕਣ ਤੋਂ ਰੋਕਿਆ ਜਾ ਸਕਦਾ ਹੈ। ਇਕ ਛੋਟੇ ਜਿਹੇ ਸ਼ਹਿਰ ਦਾ ਛੋਟਾ ਜਿਹਾ ਇਕ ਧਾਰਮਿਕ ਵਰਗ ਤੇ ਪਿੰਡ ਵਾਲੇ ਰਲ ਕੇ ਇਕ ਪਿੰਡ ‘ਚ ਪਰਾਲੀ ਦੀ ਅੱਗ ਨੂੰ ਰੋਕ ਸਕਦੇ ਹਨ, ਜੋ ਜ਼ਰੂਰੀ ਹੈ। ਪਰ ਲੋੜ ਹੈ ਗੁਰੂਆਂ ਵਾਲੀ ਸੂਝ ਦੀ।
20 ਅਕਤੂਬਰ 2017 ਦੀ ਖਬਰ ਹੈ ਕਿ ਤਲਵੰਡੀ ਮਾਧੋ ਦੇ ਨੌਜਵਾਨ ਕਿਸਾਨ ਗੁਰਵਿੰਦਰ ਸਿੰਘ ਬੋਪਾਰਾਏ ਨੇ ਪਰਾਲੀ ਸੰਭਾਲ ਮਲਚਰ ਅਤੇ ਪਲਟਾਵੇ ਹਲਾਂ ਸਮੇਤ ਹੋਰ ਸੰਦ ਛੋਟੇ ਕਿਸਾਨਾਂ ਨੂੰ ਵਰਤ ਲੈਣ ਲਈ ਜਨਤਕ ਪੇਸ਼ਕਸ਼ ਕੀਤੀ ਹੈ, ਜੋ 10-12 ਲੱਖ ਰੁਪਏ ਦੇ ਹਨ। ਕੈਨੇਡਾ ਵਿਚ ਰਹਿੰਦੇ ਸ਼ੇਰਪੁਰ ਦੋਨਾ ਦੇ ਸਤਨਾਮ ਸਿੰਘ ਹੁੰਦਲ ਨੇ ਪੇਸ਼ਕਸ਼ ਕੀਤੀ ਹੈ ਕਿ ਉਹ ਪਰਾਲੀ ਨੂੰ ਖੇਤਾਂ ਵਿਚ ਵਾਹੁਣ ‘ਤੇ ਹੋਣ ਵਾਲੇ ਤੇਲ ਦੇ ਖਰਚੇ ਦਾ ਭਾਰ ਚੁੱਕਣਗੇ। ਸਤਨਾਮ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਰਕਾਰ ‘ਤੇ ਟੇਕ ਨਾ ਰੱਖਣ ਸਗੋਂ ਇਕ ਦੂਜੇ ਦਾ ਸਾਥ ਦੇ ਕੇ ਇਸ ਸੰਕਟ ਵਿਚੋਂ ਨਿਕਲਣ।
ਦੁਰਦਸ਼ਾ ਨੂੰ ਗੰਭੀਰਤਾ ਨਾਲ ਲੈ ਕੇ ਸਿਹਤਮੰਦ ਦਿਸ਼ਾ ਅਖਤਿਆਰ ਕਰਨੀ ਹੋਵੇਗੀ। ਪਹਿਲਾ ਸਵਾਲ ਹੈ ਕਿ ਐਸੀਆਂ ਫਸਲਾਂ ਬੀਜੀਆਂ ਹੀ ਕਿਉਂ ਜਾਣ ਜੋ ਧਰਤੀ ਹੇਠਲੇ ਪਾਣੀ ਦਾ ਹੀ ਖਾਤਮਾ ਕਰ ਦੇਣ ਤੇ ਫਿਰ ਸਮੇਟਣ ਲਈ ਪੌਣ-ਪਾਣੀ ਨੂੰ ਪ੍ਰਦੂਸ਼ਿਤ ਕਰ ਦੇਣ। ਆਉਣ ਵਾਲੀ ਪੀੜ੍ਹੀ ਆਕਸੀਜਨ ਤੇ ਪਾਣੀ ਨੂੰ ਤਰਸਦੀ ਮਰੇਗੀ। ਇਹ ਕੈਸੀ ਕਮਾਈ ਹੈ ਜੋ ਹਸਪਤਾਲਾਂ ਰਾਹੀਂ ਫਿਰ ਕਾਰਪੋਰੇਟ ਘਰਾਣਿਆਂ ਦੇ ਹੀ ਘਰ ਜਾ ਪੁੱਜੇਗੀ।
ਭਾਰਤ ਵਿਚ ਲੋੜਾਂ ਪੂਰੀਆਂ ਕਰਨ ਉਪਰੰਤ ਹਰ ਵਰ੍ਹੇ 30-35 ਮਿਲੀਅਨ ਟਨ ਅਨਾਜ ਬਚਾ ਕੇ ਰੱਖਣ ਦੀ ਗੁਜਾਇੰਸ਼ ਹੁੰਦੀ ਹੈ। ਇਸ ਦੇ ਬਾਵਜੂਦ ਦੇਸ਼ ਵਿਚ ਹਰ ਸਾਲ ਸਾਢੇ ਛੇ ਕਰੋੜ ਲੋਕ ਭੁੱਖਮਰੀ ਜਾਂ ਨੀਮ ਭੁੱਖਮਰੀ ਕਾਰਨ ਰੋਗਾਂ ਦਾ ਸ਼ਿਕਾਰ ਹੋ ਕੇ ਮਰ ਜਾਂਦੇ ਹਨ। ਯੁਨੀਸੈਫ ਦੀ ਰਿਪੋਰਟ ਅਨੁਸਾਰ ਭਾਰਤ ਵਿਚ ਹਰ ਸਾਲ 3 ਲੱਖ ਬੱਚੇ ਇਕ ਦਿਨ ਦੀ ਜ਼ਿੰਦਗੀ ਵੀ ਪੂਰੀ ਨਹੀਂ ਕਰਦੇ। ਕੁਪੋਸ਼ਣ ਅਤੇ ਇਲਾਜ ਦੀ ਘਾਟ ਕਰਕੇ ਪੰਜ ਸਾਲ ਤੋਂ ਘੱਟ ਉਮਰ ਦੇ ਲਗਭਗ 10 ਲੱਖ ਬੱਚੇ ਹਰ ਸਾਲ ਮੌਤ ਦੇ ਮੂੰਹ ਵਿਚ ਚਲੇ ਜਾਂਦੇ ਹਨ। ਇਕ ਲੱਖ ਮਾਂਵਾਂ ਪਿੱਛੇ ਪੰਝੀ ਹਜ਼ਾਰ ਜਣੇਪੇ ਸਮੇਂ ਹੀ ਸਫਰ ਮੁਕਾ ਬਹਿੰਦੀਆਂ ਹਨ। ਇਹ ਮੌਤਾਂ ਕੁਦਰਤੀ ਨਹੀਂ, ਖੁਰਾਕ ਸੁਰੱਖਿਆ ਅਤੇ ਸਿਹਤ ਸਹੂਲਤਾਂ ਦਾ ਵਿਗੜਿਆ ਢਾਂਚਾ ਹੀ ਇਨ੍ਹਾਂ ਮੌਤਾਂ ਦਾ ਜ਼ਿੰਮੇਵਾਰ ਹੈ।
9392 ਕਰੋੜ ਰੁਪਏ ਦੀ ਲੋੜ ਹੈ, ਪੰਜਾਬ ਸਰਕਾਰ ਨੂੰ ਪਰਾਲੀ ਦੀ ਸੰਭਾਲ ਲਈ। ਕੀ ਹੁਣ ਵਾਤਾਵਰਣ ਦੀ ਅਤੇ ਲੋਕਾਈ ਦੀ ਹੱਤਿਆ ਕਰਕੇ ਉਸੇ ਵਿਚ ਆਤਮ-ਹੱਤਿਆ ਕਰ ਲੈਣੀ ਹੈ? ਨਹੀਂ ਜੀ। ਗੁਰੂ ਦਾ ਗਿਆਨ ਫੁਰਮਾਨ ਵਰਤੀਏ। ਇਹ ਵੀ ਭੁਚਾਲ, ਤੁਫਾਨ ਤੇ ਸੁਨਾਮੀ ਜੈਸੀ ਆਫਤ ਹੈ। ਤਬਾਹੀ ਰੋਕੀ ਜਾ ਸਕਦੀ ਹੈ। ਤੁਰਨਾ ਪਵੇਗਾ। “ਚੜ੍ਹਿਆ ਸੋਧਣ ਧਰਤਿ ਲੋਕਾਈ” ਉਚੇ-ਦਰ ਦੀ ਵਾਰਸ ਸਿੱਖ ਕੌਮ ਦੀ ਗਿਣਤੀ 2 ਕਰੋੜ ਦੇ ਕਰੀਬ ਹੈ। ਇਸ ‘ਚੋਂ ਇਕ ਕਰੋੜ ਸਿੱਖਾਂ ਨੂੰ ਯੋਗ ਮੰਨ ਲਿਆ ਜਾਵੇ ਕਿ ਉਹ ਹਰ ਰੋਜ਼ 10 ਰੁਪਏ ਸਾਂਝੇ ਖਜ਼ਾਨੇ ਵਿਚ ਜਮ੍ਹਾਂ ਕਰਵਾ ਸਕਦੇ ਹਨ ਤਾਂ ਰੋਜ਼ਾਨਾ 10 ਕਰੋੜ ਰੁਪਿਆ ਇਕੱਠਾ ਹੁੰਦਾ ਹੈ। ਇਕ ਮਹੀਨੇ ਦਾ 300 ਕਰੋੜ ਤੇ ਇਕ ਸਾਲ ਦਾ 3600 ਕਰੋੜ। ਐਨੀ ਵੱਡੀ ਸਮੱਸਿਆ ਨੂੰ ਨਜਿੱਠਣ ਦਾ 3 ਸਾਲ ਦਾ ਟੀਚਾ ਰੱਖ ਲਿਆ ਜਾਵੇ ਤਾਂ 9300 ਕਰੋੜ ਤੋਂ ਵੱਧ ਹੀ ਇਕੱਠਾ ਹੋ ਜਾਣਾ ਹੈ।
ਜਿਵੇਂ ਗੁਰੂ ਕਾ ਲੰਗਰ ਚਲਾਉਣ ਵਿਚ ਸ਼ਰਧਾ ਰੱਖੀ ਜਾਂਦੀ ਹੈ, ਇਵੇਂ ਹੀ ਕੌਮਾਂਤਰੀ ਪੱਧਰ ‘ਤੇ ਤਾਲਮੇਲ ਰੱਖ ਕੇ ਖੇਤੀਬਾੜੀ ਨੂੰ ‘ਗੁਰੂ ਕੀ ਖੇਤੀ’ ਦੀ ਸ਼ਰਧਾ ਨਾਲ ਤੇ ਕੁਦਰਤ ਦੀ ਕਦਰ ਕਰਦਿਆਂ ਨਿਭਾਉਣ ਲੱਗ ਜਾਈਏ ਤਾਂ ਸਮੱਸਿਆਵਾਂ ਸਿਮਟ ਕੇ ਰਹਿ ਜਾਣਗੀਆਂ। ਭਾਈ ਭਾਈ ਬਣ ਤੁਰਨਾ ਪੈਣਾ ਹੈ। ‘ਮੰਗਿਆਂ ਨਹੀਂ ਮਿਲਣੀ ਤੇ ਆਪਣੀ ਬਣਾ ਲੈ ਮਿੱਤਰਾ’ ਲਿਖਿਆ ਤਾਅਨਾ ਟਰਾਲੀਆਂ ਤੋਂ ਮਿਟਾਉਣਾ ਹੋਵੇਗਾ। ਹੁਣ 9300 ਕਰੋੜ ਦਾ ਖਰਚ ਨਹੀਂ ਹੋਵੇਗਾ। 3600 ਕਰੋੜ ਵਿਚ ਵੀ ਸੁਚੱਜੇ ਢੰਗ ਨਾਲ ਮਸਲਾ ਹੱਲ ਹੋ ਜਾਣਾ ਹੈ।
ਖੜ੍ਹੇ ਕਿੱਥੇ ਹਾਂ, ਇਕ ਝਾਤ ਮਾਰੀਏ। ਪੰਜਾਬ ਵਿਚ ਹਰੇਕ ਸਾਲ 20,000 ਟ੍ਰੈਕਟਰ ਵੇਚੇ ਜਾ ਰਹੇ ਹਨ ਜੋ ਕਿ 90-105 ਹਾਰਸ ਪਾਵਰ ਦੇ ਹਨ। 4æ30 ਲੱਖ ਟ੍ਰੈਕਟਰ ਹਨ। ਪੰਜਾਬ ਵਿਚ 1000 ਹੈਕਟੇਅਰ ਲਈ 95 ਟ੍ਰੈਕਟਰ ਹਨ। ਜਦੋਂ ਕਿ ਭਾਰਤ ਵਿਚ 15 ਅਤੇ ਚੀਨ ਵਿਚ ਕੇਵਲ 7 ਹਨ। ਪੰਜਾਬ ਵਿਚ 62% ਕਿਸਾਨਾਂ ਕੋਲ 10 ਏਕੜ ਤੋਂ ਘੱਟ ਜ਼ਮੀਨ ਹੈ। ਪੰਜਾਬ ਵਿਚ ਔਸਤਨ ਜ਼ਮੀਨ ਦਾ ਆਕਾਰ 2 ਹੈਕਟੇਅਰ ਤੋਂ ਵੀ ਘੱਟ ਹੈ। ਹਰੇਕ ਦੂਸਰੇ ਪਰਿਵਾਰ ਕੋਲ ਆਪਣਾ ਟ੍ਰੈਕਟਰ ਹੈ। ਇਹ ਸਥਿਤੀ ਆਰਥਿਕ ਤੌਰ ‘ਤੇ ਤਰਕਪੂਰਨ ਨਹੀਂ ਹੈ। ਸਰਕਾਰ ਨੂੰ ਮਜ਼ਬੂਰ ਕੀਤਾ ਜਾਵੇ ਕਿ ਉਹ ਕਿਸਾਨ ਆਮਦਨ ਕਮਿਸ਼ਨ ਬਣਾਵੇ। ਅਮਰੀਕਾ ਤੇ ਯੂਰਪ ਵਾਂਗ ਕਿਸਾਨਾਂ ਨੂੰ ਸਿੱਧੀ ਆਮਦਨ ਦੀ ਲੋੜ ਹੈ। ਕਿਸਾਨ ਤੇ ਧਾਰਮਿਕ ਜਗਤ ਅਮੁਲ ਡੇਅਰੀ ਪ੍ਰੋਗਰਾਮ ਦੀ ਤਰਜ਼ ‘ਤੇ ਸਹਿਕਾਰੀ ਢਾਂਚਾ ਸਥਾਪਤ ਕਰੇ।
ਕਿਸਾਨ ਤੇ ਸਰਕਾਰਾਂ ਆਹਮੋ ਸਾਹਮਣੇ ਖੜ੍ਹ ਰਹੇ ਹਨ ਜੋ ਅਰਥਹੀਣ ਵੀ ਹੈ ਤੇ ਮੰਦਭਾਗਾ ਵੀ। ਮਸਲਾ ਅਰਥ-ਵਿਵਸਥਾ ਕਰਕੇ ਉਲਝਿਆ ਹੋਇਆ ਹੈ। ਅਰਥ-ਸ਼ਾਸ਼ਤਰੀਆਂ ਅਤੇ ਵਿਗਿਆਨੀਆਂ ਵਲੋਂ ਸੁਧਰੀਆਂ ਤੇ ਮਹਿੰਗੀਆਂ ਤਕਨੀਕਾਂ ਦੀਆਂ ਤਜ਼ਵੀਜਾਂ ਖੇਤੀ ਅੰਦਰ ਭਾਰੀ ਉਲਝਣਾਂ ਹਨ। ਸੰਨ 1995 ਵਿਚ ਵਿਸ਼ਵ ਬੈਂਕ ਦੇ ਇਕ ਸਾਬਕਾ ਉਚ ਅਧਿਕਾਰੀ ਵਲੋਂ ਚੇਨਈ ਵਿਚ ਸਮਾਜਿਕ ਕਾਰਕੁੰਨਾਂ ਨਾਲ ਬੈਠਿਆਂ ਕੀਤੀਆਂ ਗੱਲਾਂਬਾਤਾਂ ‘ਚੋਂ ਹੋਇਆ ਖੁਲਾਸਾ ਲੂੰ ਕੰਡੇ ਖੜ੍ਹੇ ਕਰਨ ਵਾਲਾ ਹੈ। ਉਹ ਸੀ, ਵਿਸ਼ਵ ਬੈਂਕ ਵਲੋਂ ਭਾਰਤ ਨੂੰ ਹਦਾਇਤ ਕਿ ਵੱਧ ਤੋਂ ਵੱਧ ਲੋਕਾਂ ਨੂੰ ਖੇਤੀ ‘ਚੋਂ ਬਾਹਰ ਕੱਢ ਦਿੱਤਾ ਜਾਵੇ ਤਾਂ ਜੋ ਉਦਯੋਗ ਸਥਾਪਤ ਕੀਤੇ ਜਾ ਸਕਣ। ਕੇਂਦਰ ਸਰਕਾਰ ਵਲੋਂ ਸਵਾਮੀਨਾਥਨ ਦੀਆਂ ਸਿਫਾਰਸ਼ਾਂ ਨੂੰ ਲਾਗੂ ਨਾ ਕਰਨਾ ਐਸੀਆਂ ਹਦਾਇਤਾਂ ਦਾ ਸਬੂਤ ਹੀ ਹੈ।
ਦੂਜੇ ਪਾਸੇ ਅਮਰੀਕਾ ਨੇ ਯਕੀਨੀ ਬਣਾਇਆ ਹੋਇਆ ਹੈ ਕਿ ਕਿਸਾਨ ਨਿਜੀ ਵਰਤੋਂ ਲਈ ਜਮੀਨਾਂ ਨਾ ਵੇਚਣ। ਪਰਾਲੀ ਜਾਂ ਨਾੜ ਮਾਮਲਾ ਉਜਾੜੇ ਦੀ ਚਾਲ ਦਾ ਹਿੱਸਾ ਹੈ। ਅੱਜ ਸਾਂਭ-ਸੰਭਾਲ ਜਾਂ ਸਮੇਟਣ ਲਈ ਪੈਸੇ ‘ਤੇ ਕੇਂਦ੍ਰਿਤ ਹੈ ਜਦਕਿ ਲੋੜ ਜ਼ਿੰਦ-ਜਾਨ ਬਚਾਉਣ ਦੀ ਹੈ। ਹੁਣ ਇਥੇ ਗੁਰੂ ਸਾਹਿਬਾਨ ਵਲੋਂ ਅੰਨ-ਜਲ ਸੰਕਟ ਦੌਰਾਨ ਪਾਏ ਅਹਿਮ ਯੋਗਦਾਨ ਦਾ ਧਿਆਨ ਧਰਿਆਂ ਸੰਕਟ ਟਲ ਸਕਦਾ ਹੈ। ਧਾਰਮਿਕ ਵਰਗ ਕੌਮ ਨੂੰ ਸੰਵਾਰਨ ਲਈ ਵਿਉਂਤਬੰਦੀ ਨਾਲ ਖਰਚ ਕਰਨ ਲੱਗ ਜਾਵੇ ਤਾਂ ਜਨ-ਸਧਾਰਨ ਨੂੰ ਆਤਮਿਕ ਲਾਭ ਵੀ ਮਿਲੇਗਾ ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਕਿਸਾਨਾਂ, ਮਜ਼ਦੂਰਾਂ, ਵਿਦਿਆਰਥੀਆਂ ਤੇ ਰੋਗੀਆਂ ਨੂੰ ਸਹਾਰਾ ਵੀ।
ਦੁਨੀਆਂ ਭਰ ਦੇ ਪੈਦਾਵਾਰੀ ਸ੍ਰੋਤਾਂ ਉਤੇ ਸਾਮਰਾਜੀ ਕਾਰਪੋਰੇਟੀ ਪੂੰਜੀ ਕਬਜ਼ਿਆਂ ਦੀ ਹੋੜ ਲੱਗੀ ਹੋਈ ਹੈ। ਸਰਕਾਰਾਂ ਕਾਰਪੋਰੇਟ ਘਰਾਣਿਆਂ ਦੇ ਇਸ਼ਾਰੇ ‘ਤੇ ਚੱਲ ਰਹੀਆਂ ਹਨ। ਲੋਕਰਾਜ ਮਖੌਟਾ ਹੀ ਹੈ। ਗੁਰੂ ਨਾਨਕ ਸਾਹਿਬ ਨੇ ਐਸੇ ਹਾਲਾਤ ਨੂੰ ਤੁਰੰਤ ਗੰਭੀਰਤਾ ਨਾਲ ਲਿਆ ਸੀ। ਬਾਬਰ ਨੂੰ ਜਾਬਰ ਕਹਿਣ ਦੀ ਜੁਰਅਤ ਕੀਤੀ ਸੀ। ਵਿਕਾਊ ਵਿਗਿਆਨ ਨੇ ਵੰਸ਼-ਰਹਿਤ ਬੀਜ ਤਿਆਰ ਕਰਕੇ ਪਰੋਸ ਦਿੱਤਾ ਹੈ।
ਵਾਤਾਵਰਨ ਤੇਜ਼ੀ ਨਾਲ ਵਿਗੜ ਰਿਹਾ ਹੈ। ਨਾਸਾ ਦੇ ਉਪਗ੍ਰਹਿ ਸਰਵੇਖਣ ਅਨੁਸਾਰ ਧਰਤੀ ਹੇਠਲੇ ਪਾਣੀ ਭੰਡਾਰ 2020 ਤੱਕ ਸੁੱਕ ਜਾਣਗੇ। ਜ਼ਹਿਰੀਲੀ ਭੋਜਨ ਪ੍ਰਣਾਲੀ, ਪ੍ਰਦੂਸ਼ਿਤ ਹਵਾ-ਪਾਣੀ ਅਤੇ ਤਣਾਅ ਕਾਰਣ ਵੱਡੀ ਪੱਧਰ ‘ਤੇ ਲੋਕ ਮਾਨਸਿਕ ਰੋਗਾਂ ਦਾ ਸ਼ਿਕਾਰ ਹੋ ਚੁਕੇ ਹਨ। ਮਨੁੱਖ ਤੇ ਪਸੂ-ਪੰਛੀ ਬੱਚੇ ਪੈਦਾ ਕਰਨ ਤੋਂ ਅਸਮਰੱਥ ਹੋ ਰਹੇ ਹਨ। 99 ਫੀਸਦੀ ਆਬਾਦੀ ਵੱਖ ਵੱਖ ਤਰ੍ਹਾਂ ਦੀ ਮੰਦਹਾਲੀ ਤੇ ਬਦਹਾਲੀ ਝੱਲ ਰਹੀ ਹੈ। ਬੇਰੁਜ਼ਗਾਰੀ ਵੱਡੇ ਪੱਧਰ ‘ਤੇ ਪਸਰ ਗਈ ਹੈ। ਮੁਨਾਫਿਆਂ ਤੇ ਖੁਦਗਰਜੀਆਂ ਦੇ ਇਸ ਦੌਰ ਵਿਚ ਹਰ ਵਸਤ ਮਹਿੰਗੀ ਹੋ ਰਹੀ ਹੈ ਪਰ ਮਨੁੱਖੀ ਜਾਨਾਂ ਦੀ ਕੋਈ ਕੀਮਤ ਨਹੀਂ।
ਇਨ੍ਹਾਂ ਹਾਲਾਤ ਨੂੰ ਪਲਟ ਕੇ ਸਰਬੱਤ ਦੇ ਭਲੇ ਵਾਲੀ ਵਿਵਸਥਾ ਸਥਾਪਤ ਕਰਨ ਲਈ ਲੋਕਾਂ ਨੂੰ ਚੌਕਸ ਕਰਨਾ ਜ਼ਰੂਰੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਤਖਤ ਸਾਹਿਬਾਨ ਦੇ ਪ੍ਰਬੰਧਕੀ ਬੋਰਡ, ਡੇਰੇ, ਮਹਾਂਨਗਰਾਂ ਤੇ ਵਿਦੇਸ਼ਾਂ ਦੇ ਵੱਡੇ ਵੱਡੇ ਗੁਰਦੁਆਰੇ ਤਾਂ ਸਮੁੱਚੀ ਕਾਇਨਾਤ ਦੀ ਕਾਇਆ ਕਲਪ ਕਰਨ ਦੇ ਸਮਰੱਥ ਹਨ। ਇਨ੍ਹਾਂ ਵਲੋਂ ਵਿੱਦਿਆ, ਡਾਕਟਰੀ ਇਲਾਜ, ਲੰਗਰ ਅਤੇ ਪ੍ਰਚਾਰ-ਪ੍ਰਸਾਰ ਦੇ ਬਹੁਤ ਸਾਰੇ ਸੇਵਾ-ਕਾਰਜ ਯੋਜਨਾਬੱਧ ਢੰਗ ਨਾਲ ਨਿਭਾਏ ਵੀ ਜਾਂਦੇ ਹਨ, ਜੋ ਨਾ-ਕਾਫੀ ਹਨ।
ਸਿੱਖ ਕੌਮ ਦੇ ਕੁਝ ਉਨ੍ਹਾਂ ਅੰਗਾਂ ਦੀ ਕਾਰਗੁਜ਼ਾਰੀ ਨੂੰ ਵੀ ਵਿਚਾਰਿਆ ਜਾਣਾ ਚਾਹੀਦਾ ਹੈ ਜੋ ਕੌਮ ਦੀ ਆਰਥਿਕਤਾ ਨੂੰ ਪ੍ਰਭਾਵਿਤ ਤਾਂ ਕਰਦੇ ਹਨ ਪਰ ਆਤਮਿਕ ਤੇ ਆਰਥਿਕ ਪੱਖੋਂ ਕੌਮ ਨੂੰ ਸਵਾਰਨ ਤੋਂ ਅਵੇਸਲੇ ਹਨ। ਪਿੰਡਾਂ ਤੇ ਸ਼ਹਿਰਾਂ ਦੇ ਗੁਰਦੁਆਰੇ, ਜਿਨ੍ਹਾਂ ਕੋਲ ਲੱਖਾਂ ਰੁਪਏ ਫੰਡ ਪਏ ਹਨ ਪਰ ਇਨ੍ਹਾਂ ਫੰਡਾਂ ਰਾਹੀਂ ਸਮੱਸਿਆਵਾਂ ਦੇ ਹੱਲ ਲਈ ਪ੍ਰਾਜੈਕਟ ਯੋਜਨਾ ਕੋਈ ਨਹੀਂ ਹੈ। ਇਕ ਇਕ ਪੈਸਾ ਸੰਭਾਲ ਕੇ ਰੱਖਣਾ ਤੇ ਇਕ ਇਕ ਪੈਸੇ ਦਾ ਹਿਸਾਬ ਰੱਖਣਾ ਹੀ ਸੇਵਾ ਤੇ ਧਰਮ ਨਿਸ਼ਚਤ ਕੀਤਾ ਹੋਇਆ ਹੈ। ਕਿਸਾਨਾਂ, ਮਜ਼ਦੂਰਾਂ ਤੇ ਵਪਾਰੀਆਂ ਦੀ ਮੰਦਹਾਲੀ ਦੇ ਮਾਹੌਲ ਨਾਲ ਮਖੌਲ ਕਰਕੇ ਡੰਗ ਟਪਾ ਲਿਆ ਜਾਂਦਾ ਹੈ। ਖੁਦਕੁਸ਼ੀਆਂ ਹੋਣ’ਤੇ ਦਰੀਆਂ ਉਪਰ ਬੈਠ ਅਫਸੋਸ ਕਰ ਲਿਆ ਜਾਂਦਾ ਹੈ। ਫੰਡ ਕੇਵਲ ਤੇ ਕੇਵਲ ਇਮਾਰਤਾਂ ਦੀ ਉਸਾਰੀ ਜਾਂ ਫਿਰ ਕੁਝ ਸਮਾਗਮਾਂ ‘ਤੇ ਖਰਚ ਹੁੰਦੇ ਹਨ। ‘ਗਰੀਬ ਦਾ ਮੂੰਹ ਗੁਰੂ ਕੀ ਗੋਲਕ’ ਵਾਲਾ ਸੰਕਲਪ ਸੁਣਨ-ਮੰਨਣ ਦਾ ਹਿੱਸਾ ਹੀ ਨਹੀਂ ਹੈ।
ਭਾਰਤੀ ਕੁਲ ਰਾਸ਼ਟਰੀ ਆਮਦਨ ਦਾ 3 ਫੀਸਦੀ ਹਿੱਸਾ ਤਿਉਹਾਰਾਂ ਦੀ ਭੇਟ ਚੜ੍ਹਦਾ ਹੈ। ਨਤੀਜਾ, ਨਾ ਕੋਈ ਉਤਪਾਦ ਅਤੇ ਨਾ ਹੀ ਕੋਈ ਆਰਥਿਕ ਤੇ ਆਤਮਿਕ ਵਿਕਾਸ। ਤਿਉਹਾਰ ਪਰਉਪਕਾਰ ਤੋਂ ਹਟ ਕੇ ਸਮੁੱਚਾ ਵਾਤਾਵਰਣ ਪਲੀਤ ਕਰ ਰਹੇ ਹਨ। ਗੁਰੂ ਨਾਨਕ ਸਾਹਿਬ ਦਾ ਵੱਖ-ਵੱਖ ਦੇਸ਼ਾਂ ਦਾ ਰਟਨ ਸਿੱਧ ਕਰਦਾ ਹੈ ਕਿ ਗੁਰੂ ਸਾਹਿਬ ਦਾ ਵਿਸ਼ਵ ਪੱਧਰ ਦੀਆਂ ਸਮੱਸਿਆਵਾਂ ਨਾਲ ਸਰੋਕਾਰ ਸੀ। ਕੀ ਅੱਜ ਸਿੱਖ ਧਰਮ ਦੇ ਪ੍ਰਬੰਧਕਾਂ ਤੇ ਪ੍ਰਚਾਰਕਾਂ ਦਾ ਲੋਕਲ ਤੇ ਗਲੋਬਲ ਮਸਲਿਆਂ ਨਾਲ ਸਰੋਕਾਰ ਹੈ? ਆਤਮਿਕ ਮੰਡਲਾਂ ਦੇ ਰਾਹੀਆਂ ਨੂੰ ਵਿਸ਼ਵ ਦੀ ਖੁਸ਼ਹਾਲੀ ਲਈ ਆਤਮਿਕ ਵਿਕਾਸ ਅਤੇ ਆਰਥਿਕ ਸੁਰੱਖਿਆ ਨਾਲ ਸਰੋਕਾਰ ਰੱਖਦਾ ਮਾਡਲ ਸਿਰਜਣਾ ਹੋਵੇਗਾ। ਆਤਮਿਕ ਤੇ ਆਰਥਿਕ ਫੋਰਮ ਦਾ ਗਠਨ ਕਰਨਾ ਸਮੇਂ ਦੀ ਮੰਗ ਹੈ। ਜੋ ਸਰਬੱਤ ਦੇ ਅਮਲੀ ਭਲੇ ਲਈ ਇਕ ਇਕ ਦਰਵਾਜੇ ਨਾਲ ਜੁੜੀ ਹੋਵੇ ਤੇ ਲੋਕਾਂ ਦੇ ਵਿਕਾਸ ਦੀਆਂ ਸੰਭਾਵਨਾਵਾਂ ਤੇ ਹੱਦਾਂ ਪ੍ਰਤੀ ਸਲਾਹਕਾਰ ਹੋਵੇ।
ਜੇ ਅੱਜ ਅੰਦਾਜ਼ਨ ਸਵਾ ਲੱਖ ਵਿਦਿਆਰਥੀ 20-20 ਲੱਖ ਰੁਪਏ ਦਾ ਪ੍ਰਬੰਧ ਕਰ ਕੇ ਵਿਦੇਸ਼ ਦੀ ਉਡਾਰੀ ਮਾਰ ਗਿਆ ਹੈ ਤਾਂ ਇਸ ਦੇ ਦੂਰ-ਰਸ ਨਤੀਜੇ ਕੀ ਹੋਣੇ ਹਨ, ਸੋਚਣਾ ਹੋਵੇਗਾ। ਵਾਤਾਵਰਣ ਤੇ ਊਰਜਾ ਦੇ ਖੇਤਰ ਵਿਚ ਵੀ ਤੁਰੰਤ ਕਦਮ ਉਠਾਉਣੇ ਹੋਣਗੇ। ਉਦਾਹਰਣ ਲਈ ਜਿਵੇਂ ਕਿ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਢਾਈ ਕਰੋੜ ਦੀ ਲਾਗਤ ਨਾਲ 504 ਮੈਗਾਵਾਟ ਸਮਰੱਥਾ ਵਾਲਾ ਸੂਰਜੀ ਊਰਜਾ ਵਾਲਾ ਪਲਾਂਟ ਲਾਇਆ ਗਿਆ ਹੈ, ਜੋ ਇਕ ਘੰਟੇ ਵਿਚ 25 ਯੂਨਿਟ ਬਿਜਲੀ ਤਿਆਰ ਕਰਕੇ ਇਕ ਲੱਖ ਤੋਂ ਵੱਧ ਸ਼ਰਧਾਲੂਆਂ ਲਈ ਪੌਸ਼ਟਿਕ ਲੰਗਰ ਤਿਆਰ ਕਰਦਾ ਹੈ। ਪ੍ਰਤੀ ਦਿਨ 200 ਗੈਸ ਸਿਲੰਡਰ ਅਤੇ ਬਾਲਣ ਬਚਾਉਣ ਵਾਲੀ ਅਪਨਾਈ ਤਕਨੀਕ ਰਾਹ-ਦਸੇਰਾ ਹੈ। ਮਾਚਿਸ ਤੀਲੀ ਨਾਲ ਅਸਿੱਧੇ ਰੂਪ ਵਿਚ ਨੋਟ ਤੇ ਵਾਤਾਵਰਣ ਨੂੰ ਸਾੜਨ ਦੇ ਰੁਝਾਨਾਂ ਵਿਰੁਧ ਚੇਤਨਾ ਮੁਹਿੰਮਾਂ ਤੋਰੀਏ। ਬਾਬੇ ਨਾਨਕ ਦੇ ਉਚੇ-ਦਰ ਦੇ ਨਵੇਂ-ਨਰੋਏ ਸੰਕਲਪਾਂ ਨਾਲ ਸਿਹਤਮੰਦ ਸੰਸਾਰ ਦੀ ਸਿਰਜਣਾ ਹਿਤ ਲਾਮਬੰਦ ਹੋਈਏ ਤੇ ਤੁਰੀਏ।