ਧੂੰਆਂਖੀ-ਧੁੰਦ ਦੇ ਕਹਿਰ ਨਾਲ ਕਿਵੇਂ ਨਜਿੱਠਿਆ ਜਾਵੇ

ਡਾæ ਗੁਰਿੰਦਰ ਕੌਰ
ਫੋਨ: 609-721-0950
ਪੰਜਾਬ ਸਮੇਤ ਕਰੀਬ ਸਾਰਾ ਉਤਰੀ ਭਾਰਤ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪਿਛਲੇ ਤਿੰਨ ਹਫਤਿਆਂ ਤੋਂ ਧੂੰਆਂਖੀ-ਧੁੰਦ (ਸਮੌਗ) ਦਾ ਸੰਤਾਪ ਹੰਢਾ ਰਿਹਾ ਹੈ। ਧੂੰਆਂਖੀ-ਧੁੰਦ ਕਾਰਨ ਪਾਰਦਰਸ਼ਤਾ ਵਿਚ ਕਮੀ ਆਉਣ ਨਾਲ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਵਾਹਨਾਂ ਦੇ ਆਪਸ ਵਿਚ ਟਕਰਾਉਣ ਨਾਲ ਸੜਕ ਹਾਦਸਿਆਂ ਵਿਚ ਕਈਆਂ ਦੀ ਮੌਤ ਹੋ ਗਈ ਅਤੇ ਕਾਫੀ ਲੋਕ ਜਖਮੀ ਹੋ ਗਏ।

ਸਰਦੀਆਂ ਵਿਚ ਧੁੰਦ ਦਾ ਪੈਣਾ ਭਾਵੇਂ ਇੱਕ ਕੁਦਰਤੀ ਕ੍ਰਿਆ ਹੈ ਜੋ ਸੂਰਜ ਚੜ੍ਹਨ ਤੋਂ ਬਾਅਦ ਹੌਲੀ-ਹੌਲੀ ਖਤਮ ਹੋ ਜਾਂਦੀ ਹੈ ਪਰ ਧੂੰਆਂਖੀ-ਧੁੰਦ ਕੁਦਰਤੀ ਵਰਤਾਰਾ ਨਹੀਂ ਹੈ ਇਹ ਹਵਾ ਦੇ ਪ੍ਰਦੂਸ਼ਣ ਦਾ ਇੱਕ ਬਹੁਤ ਹੀ ਵਿਗੜਿਆ ਰੂਪ ਹੈ ਜਿਸ ਨੂੰ ਮਨੁੱਖ ਨੇ ਆਪ ਆਪਣੀਆਂ ਕਰਤੂਤਾਂ ਰਾਹੀਂ ਪੈਦਾ ਕੀਤਾ ਹੈ ਅਤੇ ਇਹ ਸੂਰਜ ਦੀ ਰੋਸ਼ਨੀ ਨਾਲ ਖਤਮ ਹੋਣ ਦੀ ਥਾਂ ਰਸਾਇਣਕ ਪ੍ਰਕ੍ਰਿਆ ਕਾਰਨ ਸੰਘਣੀ ਹੋ ਜਾਂਦੀ ਹੈ।
ਧੂੰਆਂਖੀ-ਧੁੰਦ, ਧੂੰਏ ਅਤੇ ਧੁੰਦ ਦਾ ਮਿਸ਼ਰਣ ਹੈ ਜੋ ਖਾਸ ਤਰ੍ਹਾਂ ਦੀਆਂ ਭੂਗੋਲਿਕ ਅਤੇ ਮੌਸਮੀ ਸਥਿਤੀਆਂ ਦੀ ਮੌਜੂਦਗੀ ਵਿਚ ਹੀ ਪੈਦਾ ਹੁੰਦੀ ਹੈ। ਧੂੰਆਂਖੀ-ਧੁੰਦ ਸਰਦੀਆਂ ਵਿਚ ਉਨ੍ਹਾਂ ਥਾਂਵਾਂ ‘ਤੇ ਪੈਂਦੀ ਹੈ, ਜਿੱਥੇ ਹਵਾ ਵਿਚ ਧੂੜ ਅਤੇ ਧੂੰਏ ਦੇ ਅੱਧ-ਜਲੇ ਕਣਾਂ ਅਤੇ ਪ੍ਰਦੂਸ਼ਿਤ ਗੈਸਾਂ ਦੀ ਬਹੁਤਾਤ ਹੋਣ ਦੇ ਨਾਲ-ਨਾਲ ਹਵਾ ਦੀ ਗਤੀ ਬਹੁਤ ਘੱਟ (ਨਾਂਮਾਤਰ) ਅਤੇ ਇਸ ਵਿਚ ਨਮੀ ਮਾਤਰਾ ਬਹੁਤ ਜ਼ਿਆਦਾ ਹੋਵੇ। ਉਤਰੀ ਭਾਰਤ ਵਿਚ ਲਗਭਗ ਪਿਛਲੇ ਇੱਕ ਦਹਾਕੇ ਤੋਂ ਸਰਦੀਆਂ ਦੇ ਮੌਸਮ ਦੀ ਸ਼ੁਰੂਆਤ ਦੇ ਨਾਲ ਹੀ ਧੂੰਆਂਖੀ-ਧੁੰਦ ਦਾ ਕਹਿਰ ਸ਼ੁਰੂ ਹੋ ਜਾਂਦਾ ਹੈ, ਜਿਸ ਨਾਲ ਪੰਜਾਬ, ਹਰਿਆਣਾ, ਦਿੱਲੀ ਅਤੇ ਉਤਰ ਪ੍ਰਦੇਸ਼ ਦੇ ਕੁਝ ਪੱਛਮੀ ਹਿੱਸੇ ਹਵਾ ਦੇ ਇਸ ਖਤਰਨਾਕ ਪ੍ਰਦੂਸ਼ਣ ਦੀ ਲਪੇਟ ਵਿਚ ਆ ਜਾਂਦੇ ਹਨ ਪਰ ਦਿੱਲੀ ਦੇ ਪ੍ਰਦੂਸ਼ਣ ਦੀ ਲਪੇਟ ਵਿਚ ਆਉਣ ਨਾਲ ਹਰ ਸਾਲ ਇਹ ਵੀ ਰੋਲਾ ਪੈਣਾ ਸ਼ੁਰੂ ਹੋ ਜਾਂਦਾ ਹੈ ਕਿ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਪਰਾਲੀ ਨੂੰ ਅੱਗ ਲਾਉਂਦੇ ਹਨ, ਉਸ ਨਾਲ ਦਿੱਲੀ ਦੀ ਹਵਾ ਪ੍ਰਦੂਸ਼ਿਤ ਹੋ ਜਾਂਦੀ ਹੈ। ਦਿੱਲੀ ਦੇ ਮੌਸਮ ਵਿਭਾਗ ਦੇ ਅਧਿਕਾਰੀਆਂ ਅਤੇ ਸੈਂਟਰ ਫਾਰ ਸਾਇੰਸ ਐਂਡ ਇਨਵਾਇਰਨਮੈਂਟ ਨੇ ਸਾਲ 2012 ਵਿਚ ਇਸ ਦਾ ਖੰਡਨ ਕਰਦਿਆਂ ਕਿਹਾ ਸੀ ਕਿ ਦਿੱਲੀ ਵਿਚ ਧੂੰਆਂਖੀ-ਧੁੰਦ ਦਿੱਲੀ ਵਿਚ ਡੀਜ਼ਲ ਨਾਲ ਚੱਲਣ ਵਾਲੇ ਵਾਹਨਾਂ ਦੀ ਵਧਦੀ ਗਿਣਤੀ ਕਾਰਨ ਹੈ।
ਪਿਛਲੇ ਸਾਲ 2016 ਵਿਚ ਦੀਵਾਲੀ ਤੋਂ ਦੂਜੇ ਦਿਨ ਹੀ ਦਿੱਲੀ ਧੂੰਆਂਖੀ-ਧੁੰਦ ਦੀ ਲਪੇਟ ਵਿਚ ਆ ਗਈ ਸੀ ਜਿਸ ਨਾਲ ਮਹੀਨਾ ਭਰ ਦਿੱਲੀ ਦੀ ਜਨਤਾ ਅਤੇ ਸਰਕਾਰ ਜੂਝਦੀ ਰਹੀ। ਜਿਸ ਕਰਕੇ ਇਸ ਸਾਲ ਸੁਪਰੀਮ ਕੋਰਟ ਨੇ ਦਿੱਲੀ ਵਿਚ ਦੀਵਾਲੀ ਤੋਂ ਪਹਿਲਾਂ ਪਟਾਕਿਆਂ ਦੀ ਵਿਕਰੀ ‘ਤੇ ਰੋਕ ਲਾ ਦਿੱਤੀ ਸੀ।
ਸਵਾਲ ਹੈ ਕਿ ਉਤਰੀ ਭਾਰਤ ਵਿਚ ਧੂੰਆਂਖੀ-ਧੁੰਦ ਪੈਣ ਦਾ ਅਸਲ ਕਾਰਨ ਕੀ ਹੈ? ਉਤਰੀ ਭਾਰਤ ਵਿਚ ਧੂੰਆਂਖੀ-ਧੁੰਦ ਪੈਣ ਦਾ ਅਸਲ ਕਾਰਨ ਤਾਂ ਇੱਥੋਂ ਦਾ ਅਣਯੋਜਿਤ ਆਰਥਿਕ ਵਿਕਾਸ, ਭੂਗੋਲਿਕ ਸਥਿਤੀ ਅਤੇ ਲੋਕਾਂ ਵਿਚ ਦੂਰਅੰਦੇਸ਼ੀ ਦੀ ਘਾਟ ਦੇ ਨਾਲ-ਨਾਲ ਸਰਕਾਰ ਦਾ ਵਾਤਾਵਰਣ ਪ੍ਰਤੀ ਬੇਰੁਖੀ ਵਾਲਾ ਵਤੀਰਾ ਹੈ। ਆਰਥਿਕ ਵਿਕਾਸ ਦੇ ਨਾਂ ਉਤੇ ਇਨ੍ਹਾਂ ਸਾਰੇ ਰਾਜਾਂ ਵਿਚ ਵਾਹਨਾਂ ਵਿਚ ਹੋ ਰਿਹਾ ਬੇਸ਼ੁਮਾਰ ਵਾਧਾ ਹੈ। ਦਿੱਲੀ ਵਿਚ ਹਰ ਰੋਜ਼ 1400 ਵਾਹਨ ਜਦਕਿ ਪੰਜਾਬ ਤੇ ਹਰਿਆਣੇ ਵਿਚ ਹਰ ਰੋਜ਼ 100 ਦੇ ਲਗਭਗ ਵਾਹਨ ਰਜਿਸਟਰ ਹੁੰਦੇ ਹਨ। ਇਸ ਤੋਂ ਇਲਾਵਾ ਦਿੱਲੀ ਅਤੇ ਹਰਿਆਣਾ ਵਿਚ ਤਾਂ ਉਦਯੋਗਿਕ ਇਕਾਈਆਂ ਦੀ ਗਿਣਤੀ ਵੀ ਲਗਾਤਾਰ ਵਧ ਰਹੀ ਹੈ। ਦਿੱਲੀ ਸ਼ਹਿਰ ਦੇ ਆਲੇ-ਦੁਆਲੇ ਅਣਗਿਣਤ ਇੱਟਾਂ ਦੇ ਭੱਠੇ ਅਤੇ ਪਹਾੜਾਂ ਜਿੱਡੇ ਲਗਾਤਾਰ ਜਲਦੇ ਹੋਏ ਕੂੜੇ ਦੇ ਢੇਰ ਹਰ ਰੋਜ਼ ਮਣਾਂ ਮੂੰਹੀਂ ਪ੍ਰਦੂਸ਼ਿਤ ਗੈਸਾਂ ਛੱਡ ਕੇ ਸਾਰਾ ਸਾਲ ਦਿੱਲੀ ਦੀ ਹਵਾ ਨੂੰ ਪ੍ਰਦੂਸ਼ਿਤ ਕਰਦੇ ਰਹਿੰਦੇ ਹਨ।
ਇਸ ਤੱਥ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਝੋਨੇ ਅਤੇ ਕਣਕ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਨਾਲ ਵੀ ਹਵਾ ਪ੍ਰਦੂਸ਼ਿਤ ਹੁੰਦੀ ਹੈ ਪਰ ਇਹ ਵਰਤਾਰਾ ਸਾਲ ਵਿਚ ਸਿਰਫ 20-25 ਦਿਨਾਂ ਲਈ ਹੁੰਦਾ ਹੈ ਅਤੇ ਪਹਿਲਾਂ ਹੀ ਵਧੇ ਹੋਏ ਪ੍ਰਦੂਸ਼ਣ ਵਿਚ ਥੋੜ੍ਹਾ ਜਿਹਾ ਹੋਰ ਵਾਧਾ ਕਰ ਦਿੰਦਾ ਹੈ। ਕਿਸਾਨ ਆਰਥਿਕ ਤੰਗੀ ਕਰਕੇ ਮਜ਼ਬੂਰੀ ਵੱਸ ਝੋਨੇ ਅਤੇ ਕਣਕ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਂਦੇ ਹਨ। ਕਿਸਾਨ ਦੀ ਇਸ ਮਜ਼ਬੂਰੀ ਨੂੰ ਸਮਝਦਿਆਂ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸਰਕਾਰ ਨੂੰ ਹਦਾਇਤ ਦਿੱਤੀ ਸੀ ਕਿ ਕਿਸਾਨਾਂ ਨੂੰ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਕਰਕੇ ਜੁਰਮਾਨਾ ਲਾਉਣ ਤੋਂ ਪਹਿਲਾਂ ਸਰਕਾਰ ਕਿਸਾਨਾਂ ਨੂੰ ਲੋੜੀਂਦੇ ਸਾਧਨ ਉਚਿਤ ਕੀਮਤ ਉਤੇ ਮੁਹੱਈਆ ਕਰੇ। ਇਸ ਤੋਂ ਇਲਾਵਾ ਝੋਨੇ ਦੀ ਫਸਲ ਪੰਜਾਬ-ਹਰਿਆਣਾ ਦੀ ਆਪਣੀ ਫਸਲ ਹੀ ਨਹੀਂ ਹੈ, ਇਹ ਤਾਂ ਕੇਂਦਰ ਸਰਕਾਰ ਨੇ ਦੇਸ ਵਿਚੋਂ ਅਨਾਜ ਦੀ ਥੁੜ੍ਹ ਨੂੰ ਖਤਮ ਕਰਨ ਲਈ ਇਨ੍ਹਾਂ ਰਾਜਾਂ ਦੇ ਕਿਸਾਨਾਂ ਸਿਰ ਧੱਕੇ ਨਾਲ ਮੜ੍ਹ ਦਿੱਤੀ। ਝੋਨੇ ਦੀ ਫਸਲ ਵੱਧ ਮੀਂਹ ਵਾਲੇ ਰਾਜਾਂ ਦੀ ਫਸਲ ਹੈ। ਇਸ ਦੀ ਥਾਂ ਜੇ ਸਰਕਾਰ ਇੱਥੋਂ ਦੇ ਪੋਣ-ਪਾਣੀ ਦੇ ਅਨੁਕੂਲ ਫਸਲਾਂ-ਮੱਕੀ, ਕਪਾਹ ਆਦਿ ਦਾ ਉਚਿੱਤ ਮੁੱਲ ਨਿਰਧਾਰਤ ਕਰਦੀ ਤਾਂ ਇਨ੍ਹਾਂ ਰਾਜਾਂ ਦੇ ਕਿਸਾਨਾਂ ਨੂੰ ਇਸ ਪ੍ਰਦੂਸ਼ਣ ਦਾ ਭਾਗੀਦਾਰ ਹੀ ਨਾ ਬਣਨਾ ਪੈਂਦਾ ਅਤੇ ਨਾ ਹੀ ਇਸ ਪ੍ਰਦੂਸ਼ਣ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦਾ ਸ਼ਿਕਾਰ ਬਣਨਾ ਪੈਂਦਾ।
ਇਸ ਦੇ ਨਾਲ ਨਾਲ ਇਹ ਵੀ ਜਾਣ ਲੈਣਾ ਜ਼ਰੂਰੀ ਹੈ ਕਿ ਜਿੰਨਾ ਕੁ ਪ੍ਰਦੂਸ਼ਣ ਕਿਸਾਨ ਮਜ਼ਬੂਰੀ ਵੱਸ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਾ ਕੇ ਪੈਦਾ ਕਰਦਾ ਹੈ, ਉਸ ਤੋਂ ਕਿੱਤੇ ਜ਼ਿਆਦਾ ਲੋਕ ਦੀਵਾਲੀ ਵੇਲੇ ਆਪਣਾ ਸ਼ੌਕ ਪੂਰਾ ਕਰਨ ਲਈ ਇੱਕੋ ਰਾਤ ਵਿਚ ਪੈਦਾ ਕਰ ਦਿੰਦੇ ਹਨ। ਲੋਕ ਵਿਆਹਾਂ ਜਾਂ ਹੋਰ ਖੁਸ਼ੀ ਦੇ ਮੌਕਿਆਂ ਉਤੇ ਅੱਜ ਕੱਲ ਪਟਾਕੇ ਚਲਾ ਕੇ ਵੀ ਵਾਤਾਵਰਣ ਨੂੰ ਗੰਧਲਾ ਕਰ ਰਹੇ ਹਨ।
ਧੂੰਆਂਖੀ-ਧੁੰਦ ਦੀ ਸਮੱਸਿਆ ਭਾਰਤ ਲਈ ਭਾਵੇਂ ਨਵੀਂ ਹੈ ਪਰ ਵਿਕਸਿਤ ਦੇਸ਼ਾਂ ਨੇ ਇਹ ਸਮੱਸਿਆ 19ਵੀਂ ਸਦੀ ਤੋਂ ਲੈ ਕੇ 20ਵੀਂ ਸਦੀ ਦੇ ਮੱਧ ਤੱਕ ਹੰਢਾਈ। ਦਸੰਬਰ 1930 ਵਿਚ ਬੈਲਜ਼ੀਅਮ ਦੀ ਮਿਊਜ਼ ਘਾਟੀ ਵਿਚ ਧੂੰਆਂਖੀ-ਧੁੰਦ ਕਾਰਨ 600 ਵਿਅਕਤੀ ਬਿਮਾਰ ਹੋ ਗਏ ਸਨ ਅਤੇ 60 ਵਿਅਕਤੀ ਮੌਤ ਦੇ ਮੂੰਹ ਵਿਚ ਚਲੇ ਗਏ ਸਨ। ਦਸੰਬਰ 1952 ਵਿਚ ਲੰਡਨ ਦੇ 4000 ਵਿਅਕਤੀਆਂ ਦੀ ਸਿਰਫ ਪੰਜ ਦਿਨਾਂ ਵਿਚ ਹੀ ਮੌਤ ਹੋ ਗਈ ਸੀ ਅਤੇ ਅਗਲੇ ਕੁਝ ਮਹੀਨਿਆਂ ਵਿਚ ਇਸ ਦੇ ਪ੍ਰਭਾਵ ਥੱਲੇ ਆਏ ਹੋਰ 8000 ਵਿਅਕਤੀ ਮਰ ਗਏ ਸਨ। ਲੰਡਨ ਦੇ ਧੂੰਆਂਖੀ-ਧੁੰਦ ਦੇ ਇਸ ਭਿਆਨਕ ਹਾਦਸੇ ਨੂੰ ਲੰਡਨ-ਡੈਡਲੀ ਸਮੌਗ-ਇੰਸੀਡੈਂਟ ਨਾਲ ਜਾਣਿਆ ਜਾਂਦਾ ਹੈ। ਇਸ ਹਾਦਸੇ ਤੋਂ ਪਹਿਲਾਂ ਵੀ ਲੰਡਨ ਵਿਚ ਸਾਲ 1873 ਅਤੇ 1892 ਵਿਚ ਧੂੰਆਂਖੀ-ਧੁੰਦ ਕਾਰਨ ਹਜ਼ਾਰ ਤੋਂ ਵੱਧ ਲੋਕ ਮਰ ਗਏ ਸਨ ਪਰ ਉਦੋਂ ਲੋਕ ਇਸ ਨੂੰ ਵਿਕਾਸ ਨਾਲ ਜੋੜ ਕੇ ਨਹੀਂ ਸਨ ਦੇਖਦੇ। ਜੇ ਉਸ ਸਮੇਂ ਉਥੋਂ ਦੀ ਸਰਕਾਰ ਨੇ ਧਿਆਨ ਦਿੱਤਾ ਹੁੰਦਾ ਤਾਂ ਸਾਲ 1952 ਵਰਗਾ ਭਿਆਨਕ ਹਾਦਸਾ ਨਾ ਵਾਪਰਦਾ।
ਇੰਗਲੈਂਡ ਤੋਂ ਇਲਾਵਾ ਅਮਰੀਕਾ ਨੇ ਵੀ ਧੂੰਆਂਖੀ-ਧੁੰਦ ਦਾ ਸੰਤਾਪ ਹੰਢਾਇਆ ਹੈ। ਸਾਲ 1940 ਵਿਚ ਪੈਨਸਿਲਵੇਨੀਆ ਵਿਚ ਇਸ ਪ੍ਰਦੂਸ਼ਣ ਕਾਰਨ 20 ਵਿਅਕਤੀ ਮਰੇ ਸਨ ਅਤੇ ਨਿਊ ਯਾਰਕ ਵਿਚ ਸਾਲ 1963 ‘ਚ 200, 1969 ਵਿਚ 169 ਅਤੇ 1993 ਵਿਚ 20 ਵਿਅਕਤੀ ਮਰ ਗਏ ਸਨ। ਇਨ੍ਹਾਂ ਘਟਨਾਵਾਂ ਤੋਂ ਪਤਾ ਲੱਗਦਾ ਹੈ ਕਿ ਕਿਸੇ ਸਮੇਂ ਵਿਕਸਿਤ ਦੇਸ਼ ਵੀ ਧੂੰਆਂਖੀ-ਧੁੰਦ ਦੀ ਸਮੱਸਿਆ ਨਾਲ ਜੂਝਦੇ ਰਹੇ ਹਨ ਪਰ ਹੁਣ ਉਨ੍ਹਾਂ ਨੇ ਇਸ ਸਮੱਸਿਆ ਉਤੇ ਕਾਬੂ ਪਾ ਲਿਆ ਹੈ।
ਧੂੰਆਂਖੀ-ਧੁੰਦ ਜੀਵ-ਜੰਤੂਆਂ ਅਤੇ ਮਨੁੱਖਾਂ ਲਈ ਬਹੁਤ ਹਾਨੀਕਾਰਕ ਹੈ। ਧੂੰਆਂਖੀ-ਧੁੰਦ ਵਿਚਲੀ ਕਾਰਬਨ-ਮੋਨੋਆਕਸਾਈਡ ਸਾਡੇ ਖੂਨ ਵਿਚਲੀ ਆਕਸੀਜਨ ਘਟਾ ਦਿੰਦੀ ਹੈ ਜਿਸ ਕਰਕੇ ਸਾਹ ਘੁਟਣ ਨਾਲ ਵਿਅਕਤੀ ਮਰ ਜਾਂਦਾ ਹੈ। ਇਸ ਨਾਲ ਲੋਕ ਸਾਹ, ਚਮੜੀ ਅਤੇ ਅੱਖਾਂ ਨਾਲ ਸਬੰਧਤ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਦਿੱਲੀ ਵਿਚ ਪਿਛਲੇ ਦਿਨਾਂ ਵਿਚ ਧੂੰਆਂਖੀ-ਧੁੰਦ ਕਾਰਨ ਸਾਹ ਨਾਲ ਜੁੜੀਆਂ ਬਿਮਾਰੀਆਂ ਦੇ ਮਰੀਜ਼ਾਂ ਵਿਚ 20 ਤੋਂ 30 ਫੀਸਦੀ ਵਾਧਾ ਹੋਇਆ ਦੱਸਿਆ ਜਾ ਰਿਹਾ ਹੈ ਜਿਨ੍ਹਾਂ ਵਿਚ ਬਜ਼ੁਰਗਾਂ ਅਤੇ ਬੱਚਿਆਂ ਦੀ ਗਿਣਤੀ ਜ਼ਿਆਦਾ ਹੈ। ਪ੍ਰਦੂਸ਼ਣ ਦਾ ਸਭ ਤੋਂ ਵੱਧ ਅਸਰ ਬੱਚਿਆਂ ਉਤੇ ਹੁੰਦਾ ਹੈ। ਡਾਕਟਰਾਂ ਅਨੁਸਾਰ ਬੱਚਿਆਂ ਦੇ ਫੇਫੜੇ ਬਹੁਤ ਨਾਜ਼ੁਕ ਹੁੰਦੇ ਹਨ, ਉਹ ਧੂੰਏ ਅਤੇ ਖਤਰਨਾਕ ਰਸਾਇਣਕ ਕਣਾਂ ਦੀ ਮਾਰ ਨਹੀਂ ਝੱਲ ਸਕਦੇ। ਇਸੇ ਲਈ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਦਿੱਲੀ ਦੇ ਡਿਪਟੀ ਚੀਫ ਮਿਨਿਸਟਰ ਨੂੰ ਲਿਖਤੀ ਤੌਰ ਉਤੇ ਪੁੱਛਿਆ ਕਿ ਜਦੋਂ ਕਿੱਸੇ ਥਾਂ ਦਾ ਏਅਰ ਕੁਆਲਿਟੀ ਇੰਡੈਕਸ 200 ਤੋਂ ਉਤੇ ਹੁੰਦਾ ਹੈ ਤਾਂ ਬੱਚਿਆਂ ਦੀ ਸਿਹਤ ਲਈ ਬਹੁਤ ਨੁਕਸਾਨਦੇਹ ਹੁੰਦਾ ਹੈ।
ਧੂੰਆਂਖੀ-ਧੁੰਦ ਪਸੂ-ਪੰਛੀਆਂ ਨੂੰ ਵੀ ਨੁਕਸਾਨ ਪਹੁੰਚਾਉਂਦੀ ਹੈ। ਪ੍ਰਦੂਸ਼ਿਤ ਹਵਾ ਵਿਚ ਅਣਚਾਹੇ ਰਸਾਇਣਾਂ ਨਾਲ ਪਸੂ-ਪੰਛੀ ਵੀ ਸਾਹ ਘੁੱਟਣ ਨਾਲ ਮਰ ਜਾਂਦੇ ਹਨ। ਬਨਸਪਤੀ ਉਤੇ ਵੀ ਧੂੰਆਂਖੀ-ਧੁੰਦ ਦਾ ਬੁਰਾ ਅਸਰ ਪੈਂਦਾ ਹੈ ਕਿਉਂਕਿ ਇਸ ਵਿਚਲੀਆਂ ਗੈਸਾਂ, ਧੂੰਏ ਅਤੇ ਧੂੜ ਦੇ ਕਣ ਦਰਖਤਾਂ ਅਤੇ ਬੂਟਿਆਂ ਦੇ ਪੱਤਿਆਂ ਉਤੇ ਟਿਕ ਜਾਂਦੇ ਹਨ, ਜਿਸ ਨਾਲ ਉਨ੍ਹਾਂ ਦਾ ਰੰਗ ਕਾਲਾ ਜਾਂ ਭੂਰਾ ਹੋ ਜਾਂਦਾ ਹੈ ਅਤੇ ਉਹ ਸੁੱਕ ਵੀ ਜਾਂਦੇ ਹਨ। ਧੂੰਆਂਖੀ-ਧੁੰਦ ਨਾਲ ਫਸਲਾਂ ਦਾ ਵੀ ਬਹੁਤ ਨੁਕਸਾਨ ਹੁੰਦਾ ਹੈ, ਇੱਕ ਤਾਂ ਸਲਫਰਡਾਇਆਕਸਾਈਡ ਵਰਗੀਆਂ ਗੈਸਾਂ ਉਨ੍ਹਾਂ ਨੂੰ ਪੀਲਾ ਜਾਂ ਕਾਲਾ ਕਰ ਦਿੰਦੀਆਂ ਹਨ, ਦੂਜਾ ਸੂਰਜ ਦੀ ਰੋਸ਼ਨੀ ਨਾ ਮਿਲਣ ਕਾਰਨ ਪ੍ਰਕਾਸ਼ ਸੰਸ਼ਲੇਸ਼ਣ ਨਹੀਂ ਹੁੰਦਾ।
ਧੂੰਆਂਖੀ-ਧੁੰਦ ਸਾਡੇ ਸਮਾਜਿਕ ਅਤੇ ਆਰਥਿਕ ਜੀਵਨ ਉਤੇ ਵੀ ਮਾੜਾ ਅਸਰ ਪਾਉਂਦੀ ਹੈ। ਧੂੰਆਂਖੀ-ਧੁੰਦ ਕਾਰਨ ਸੜਕ ਹਾਦਸਿਆਂ ਦੀ ਗਿਣਤੀ ਬਹੁਤ ਜ਼ਿਆਦਾ ਵਧ ਜਾਂਦੀ ਹੈ ਜਿਸ ਨਾਲ ਪਰਿਵਾਰ ਦੇ ਕਿਸੇ ਵੀ ਮੈਂਬਰ ਦੇ ਮਰਨ ਨਾਲ ਕਦੇ ਵੀ ਨਾ ਪੂਰਾ ਹੋਣ ਵਾਲਾ ਆਰਥਿਕ ਅਤੇ ਸਮਾਜਿਕ ਘਾਟਾ ਪੈ ਜਾਂਦਾ ਹੈ। ਵਿਕਸਿਤ ਦੇਸ਼ਾਂ ਨੇ ਹਵਾ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਸਖਤ ਕਾਨੂੰਨ ਬਣਾ ਕੇ ਉਨ੍ਹਾਂ ਨੂੰ ਸੰਜੀਦਗੀ ਅਤੇ ਸਖਤੀ ਨਾਲ ਲਾਗੂ ਕਰਕੇ ਧੂੰਆਂਖੀ-ਧੁੰਦ ਵਰਗੇ ਖਤਰਨਾਕ ਪ੍ਰਦੂਸ਼ਣ ਉਤੇ ਕਾਬੂ ਪਾ ਲਿਆ ਹੈ। ਸੋ ਅੱਜ ਕੱਲ ਇਨ੍ਹਾਂ ਦੇਸ਼ਾਂ ਲਈ ਧੂੰਆਂਖੀ-ਧੁੰਦ ਇੱਕ ਬੀਤੇ ਸਮੇਂ ਦੀ ਕਹਾਣੀ ਬਣ ਕੇ ਰਹਿ ਗਈ ਹੈ ਜਦਕਿ ਸਾਡੇ ਦੇਸ਼ ਵਿਚ ਇਹ ਤੇਜ਼ੀ ਨਾਲ ਵਧ ਰਹੀ ਹੈ।
ਸਾਡੀ ਸਰਕਾਰ ਨੇ ਪ੍ਰਦੂਸ਼ਣ ਨਾਲ ਨਜਿੱਠਣ ਲਈ ਕਾਨੂੰਨ ਤਾਂ ਬਹੁਤ ਬਣਾਏ ਹੋਏ ਹਨ ਪਰ ਉਨ੍ਹਾਂ ਨੂੰ ਲਾਗੂ ਕਰਨ ਲਈ ਸੰਜੀਦਾ ਨਹੀਂ ਹੈ ਜਿਵੇਂ ਇਸ ਸਾਲ ਦਿੱਲੀ ਵਿਚ ਸੁਪਰੀਮ ਕੋਰਟ ਨੇ ਪਟਾਕਿਆਂ ਅਤੇ ਆਤਿਸ਼ਬਾਜ਼ੀ ਦੀ ਵਿਕਰੀ ਉਤੇ ਭਾਵੇਂ ਰੋਕ ਲਾ ਦਿੱਤੀ ਸੀ ਪਰ ਫਿਰ ਵੀ ਦਿੱਲੀ ਵਿਚ ਸਾਰੀ ਰਾਤ ਪਟਾਕੇ ਚਲਦੇ ਰਹੇ ਅਤੇ ਦੀਵਾਲੀ ਤੋਂ ਦੂਜੇ ਦਿਨ ਫਿਰ ਸ਼ਹਿਰ ਪ੍ਰਦੂਸ਼ਿਤ ਹਵਾ ਨਾਲ ਭਰ ਗਿਆ। ਸਰਕਾਰ ਨੂੰ ਚਾਹੀਦਾ ਹੈ ਕਿ ਕਾਨੂੰਨ ਸਖਤੀ ਨਾਲ ਲਾਗੂ ਕਰੇ। ਸਰਕਾਰ ਨੂੰ ਇਹ ਵੀ ਚਾਹੀਦਾ ਹੈ ਕਿ ਜਨਤਕ ਆਵਾਜਾਈ ਦੇ ਸਾਧਨਾਂ ਨੂੰ ਚੁਸਤ-ਦਰੁਸਤ ਬਣਾ ਕੇ ਅਤੇ ਇਨ੍ਹਾਂ ਵਾਹਨਾਂ ਦੀ ਗਿਣਤੀ ਵਿਚ ਜਨਤਾ ਦੀ ਲੋੜ ਅਨੁਸਾਰ ਵਾਧਾ ਕਰੇ ਤਾਂ ਕਿ ਲੋਕ ਨਿਜੀ ਵਾਹਨ ਅੰਨ੍ਹੇਵਾਹ ਨਾ ਖਰੀਦਣ। ਸਰਕਾਰ ਨੂੰ ਲੋਕਾਂ ਨੂੰ ਪ੍ਰਦੂਸ਼ਣ ਰਹਿਤ ਬਾਲਣ ਵੀ ਮੁਹੱਈਆ ਕਰਵਾਉਣਾ ਚਾਹੀਦਾ ਹੈ।
ਲੋਕਾਂ ਨੂੰ ਵੀ ਆਪਣੇ ਵਾਹਨਾਂ ਦੀ ਸਹੀ ਤਰੀਕੇ ਨਾਲ ਸਾਂਭ-ਸੰਭਾਲ ਕਰਨੀ ਚਾਹੀਦੀ ਹੈ ਤਾਂ ਕਿ ਉਹ ਖਰਾਬ ਹੋਣ ਦੀ ਸੂਰਤ ਵਿਚ ਪ੍ਰਦੂਸ਼ਿਤ ਗੈਸਾਂ ਛੱਡ ਕੇ ਵਾਤਾਵਰਣ ਨੂੰ ਗੰਧਲਾ ਨਾ ਕਰਨ। ਸਰਕਾਰ ਨੂੰ ਇਹ ਵੀ ਚਾਹੀਦਾ ਹੈ ਕਿ ਕਿਸਾਨਾਂ ਨੂੰ ਸਸਤੀਆਂ ਦਰਾਂ ਉਤੇ ਅਜਿਹੀ ਮਸ਼ੀਨਰੀ ਮੁਹੱਈਆ ਕਰਵਾਏ ਜਿਸ ਨਾਲ ਉਹ ਫਸਲਾਂ ਦੀ ਰਹਿੰਦ-ਖੂੰਹਦ ਤੋਂ ਖਾਦ, ਪਸੂਆਂ ਲਈ ਚਾਰਾ ਆਦਿ ਬਣਾ ਸਕਣ, ਨਾ ਕਿ ਉਸ ਨੂੰ ਸਾੜ ਕੇ ਵਾਤਾਵਰਣ ਨੂੰ ਗੰਧਲਾ ਕਰਕੇ ਬਿਮਾਰੀਆਂ ਵਿਚ ਵਾਧਾ ਕਰ ਕੇ ਆਪਣੀ ਅਤੇ ਬੱਚਿਆਂ ਦੀ ਸਿਹਤ ਖਰਾਬ ਕਰਨ। ਸਰਕਾਰ ਨੂੰ ਤਿਉਹਾਰਾਂ, ਵਿਆਹਾਂ ਉਤੇ ਹਰ ਤਰ੍ਹਾਂ ਦੇ ਪਟਾਕਿਆਂ ਦੀ ਵਰਤੋਂ ਪੂਰਨ ਤੌਰ ਉਤੇ ਰੋਕ ਲਾਉਣੀ ਚਾਹੀਦੀ ਹੈ। ਲੋਕਾਂ ਨੂੰ ਚਾਹੀਦਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਪ੍ਰਦੂਸ਼ਣ ਪੈਦਾ ਕਰਨ ਤੋਂ ਪਰਹੇਜ਼ ਕਰਨ ਤਾਂ ਕਿ ਸਾਰੇ ਲੋਕ ਸ਼ੁਧ ਵਾਤਾਵਰਣ ਵਿਚ ਸਾਹ ਲੈ ਕੇ ਸਿਹਤਮੰਦ ਜ਼ਿੰਦਗੀ ਮਾਣ ਸਕਣ।