ਜਾਤਿ ਕਾ ਗਰਬੁ ਨਾ ਕਰੀਅਹੁ ਕੋਈ

ਗੁਰਬਾਜ ਸਿੰਘ ਤਰਨ ਤਾਰਨ
ਫੋਨ: 91-98723-34944

ਤੀਜੀ ਪਾਤਸ਼ਾਹੀ ਗੁਰੂ ਅਮਰਦਾਸ ਜੀ ਰਾਗ ਭੈਰਵ ਵਿਚ ਫੁਰਮਾਉਂਦੇ ਹਨ:
ਜਾਤਿ ਕਾ ਗਰਬੁ ਨਾ ਕਰੀਅਹੁ ਕੋਈ॥
ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਹੋਈ॥

ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ॥
ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ॥ ਰਹਾਉ॥
ਚਾਰੇ ਵਰਨ ਆਖੈ ਸਭੁ ਕੋਈ॥
ਬ੍ਰਹਮੁ ਬਿੰਦ ਤੇ ਸਭ ਓਪਤਿ ਹੋਈ॥
ਮਾਟੀ ਏਕ ਸਗਲ ਸੰਸਾਰਾ॥
ਬਹੁ ਬਿਧਿ ਭਾਂਡੇ ਘੜੈ ਕੁਮ੍ਹਾਰਾ।॥
ਪੰਚ ਤਤੁ ਮਿਲਿ ਦੇਹੀ ਕਾ ਆਕਾਰਾ॥
ਘਟਿ ਵਧਿ ਕੋ ਕਰੈ ਬੀਚਾਰਾ॥
ਕਹਤੁ ਨਾਨਕ ਇਹੁ ਜੀਉ ਕਰਮ ਬੰਧੁ ਹੋਈ।॥
ਬਿਨੁ ਸਤਿਗੁਰ ਭੇਟੇ ਮੁਕਤਿ ਨ ਹੋਈ॥
(ਗੁਰੂ ਗ੍ਰੰਥ ਸਾਹਿਬ, ਪੰਨਾ 1127)
ਅਰਥਾਤ, ਹੇ ਮਨੁੱਖ! ਤੈਨੂੰ ਆਪਣੀ ਜਾਤ ਦਾ, ਸਮਾਜੀ ਰੁਤਬੇ ਦਾ ਹੰਕਾਰ ਜਾਂ ਘੁਮੰਡ ਨਹੀਂ ਕਰਨਾ ਚਾਹੀਦਾ। ਉਸ ਮਾਲਕ ਪਰਮਾਤਮਾ ਦੀ ਨਜ਼ਰ ਵਿਚ ਸਭ ਇੱਕ ਸਮਾਨ ਹਨ। ਜੋ ਇਨਸਾਨ ਉਸ ਨਿਰੰਕਾਰ ਪਰਮਾਤਮਾ ਦੀ ਸੋਝੀ ਤੇ ਭਾਣੇ ਵਿਚ ਜੀਵਨ ਬਤੀਤ ਕਰਦਾ ਹੈ, ਨਿਰਮਾਣਤਾ ਦਾ ਪੱਲਾ ਫੜ੍ਹ ਕੇ ਜੀਵਨ ਬਤੀਤ ਕਰਦਾ ਹੈ, ਪਰਮਾਤਮਾ ਦੇ ਸ਼ਬਦ ਸੋਝ ਮੁਤਾਬਕ ਚੱਲ ਕੇ ਉਸ ਨੂੰ ਜਾਣ ਲੈਂਦਾ ਹੈ, ਉਹੀ ਪਰਮਾਤਮਾ ਦੀ ਮਿਹਰ ਦੀ ਨਦਰਿ ਪ੍ਰਾਪਤ ਕਰਦਾ ਹੈ।
ਗੁਰੂ ਜੀ ਸਿੱਖਿਆ ਦਿੰਦੇ ਹਨ, ਹੇ ਮੂਰਖ ਇਨਸਾਨ ਤੂੰ ਆਪਣੀ ਉਚ ਜਾਤੀ, ਪੈਸੇ, ਰੁਤਬੇ ਜਾਂ ਸਮਾਜੀ ਉਚ ਆਚਾਰ ਵਿਹਾਰ ਦਾ ਘੁਮੰਡ, ਮਾਣ ਹੰਕਾਰ ਵਿਅਰਥ ਹੀ ਕਰਦਾ ਹੈਂ। ਪਰਮਾਤਮਾ ਦੇ ਘਰ ਤੇਰੇ ਵਰਗੇ ਘੁਮੰਡੀ ਤੇ ਜਾਤ-ਪਾਤ ਵਿਚ ਵਿਸ਼ਵਾਸ਼ ਰੱਖਣ ਵਾਲੇ ਲਈ ਕੋਈ ਥਾਂ ਨਹੀਂ ਹੈ। ਇਸ ਮਾਣ ਹੰਕਾਰ ਤੇ ਜਾਤ-ਪਾਤ ਦੀ ਊਚ-ਨੀਚ ਮੰਨਣ ਵਾਲੇ ਦੀ ਜ਼ਿੰਦਗੀ ਤੇ ਰਾਹਾਂ ਵਿਚ ਅਨੇਕ ਪ੍ਰਕਾਰ ਦੇ ਵਿਕਾਰ, ਪਾਪ, ਦੁੱਖ ਤੇ ਮੁਸ਼ਕਿਲਾਂ ਪੈਦਾ ਹੁੰਦੀਆਂ ਹਨ, ਉਹ ਅਨੇਕ ਪ੍ਰਕਾਰ ਦੇ ਭੈੜੇ ਕਰਮਾਂ ਵਾਲੀ ਸ਼ਖਸੀਅਤ ਦਾ ਮਾਲਕ ਬਣ ਜਾਂਦਾ ਹੈ। ਸਮਾਜ ਵਿਚ ਵਿਚਰਦੇ ਚਾਰ ਵਰਣਾਂ ਦੇ ਲੋਕ ਪਰਮਾਤਮਾ ਦੀ ਮਿਹਰ ਤੇ ਨਦਰਿ ਨਾਲ ਇੱਕ ਹੀ ਜੋਤਿ ਤੋਂ ਉਤਪਤ ਹੋਏ ਹਨ, ਪਰ ਆਪਣੀ ਮੂਰਖਤਾ ਨਾਲ ਹੀ ਮਨਮੁੱਖ ਮਨੁੱਖਾਂ ਨੇ ਜਾਤ-ਪਾਤ ਦਾ ਪਸਾਰਾ ਪੈਦਾ ਕੀਤਾ ਹੈ।
ਗੁਰੂ ਸਾਹਿਬ ਮਿਸਾਲ ਦੇ ਕੇ ਸਮਝਾਉਂਦੇ ਹਨ ਕਿ ਜਿਵੇਂ ਠਠਿਆਰ ਭਾਂਡੇ ਬਣਾਉਣ ਸਮੇਂ ਅਨੇਕ ਪ੍ਰਕਾਰ ਦੇ ਰੰਗਾਂ ਤੇ ਅਕਾਰਾਂ ਦੇ ਭਾਂਡੇ ਬਣਾਉਂਦਾ ਹੈ, ਜਿਨ੍ਹਾਂ ਵਿਚ ਕੋਈ ਵੱਡ ਅਕਾਰੀ ਹੈ, ਕੋਈ ਛੋਟਾ ਹੈ। ਇਵੇਂ ਹੀ ਸਰਬ ਸਮਰਥ ਪਰਮਾਤਮਾ ਨੇ ਸਭ ਨੂੰ ਪੈਦਾ ਕੀਤਾ ਹੈ, ਆਪੋ-ਆਪਣੇ ਕਰਮਾਂ ਅਨੁਸਾਰ ਹਰ ਕੋਈ ਵੱਖੋ-ਵੱਖਰੇ ਰੰਗਾਂ, ਰੂਪਾਂ ਤੇ ਸੋਝੀ ਦਾ ਮਾਲਕ ਹੈ। ਇਸ ਵਿਚ ਕੋਈ ਸਵਾਲ ਨਹੀਂ ਕਿ ਕੌਣ ਵੱਡਾ ਹੈ ਤੇ ਕੌਣ ਛੋਟਾ। ਇਹ ਸਰੀਰ ਪੰਜ ਤੱਤਾਂ ਦਾ ਬਣਿਆ ਹੈ ਤੇ ਸਭ ਇੱਕ ਹੀ ਪਰਮਾਤਮਾ ਦੀ ਬਖਸ਼ਿਸ਼ ਨਦਰਿ ਜੋਤ ਦਾ ਛੋਟਾ ਰੂਪ ਹਨ। ਨਾਮ ਸਿਮਰਨ ਤੇ ਸ਼ਬਦ ਗੁਰੂ ਦੀ ਮਿਹਰ ਨਾਲ ਹੀ ਕੋਈ ਪਰਮਾਤਮਾ ਦੇ ਕਰੀਬ ਹੋ ਜਾਂਦਾ ਹੈ ਤੇ ਕੋਈ ਭੁੱਲਿਆ ਦੂਰ ਭਟਕਦਾ ਹੈ।
ਗੁਰੂ ਜੀ ਫੁਰਮਾਉਂਦੇ ਹਨ, ਹੇ ਨਾਨਕ ਮਨੁੱਖੀ ਆਤਮਾ ਤਾਂ ਕਰਮਾਂ ਦੀ ਬੱਧੀ ਹੋਈ ਹੈ ਤੇ ਸੱਚੇ ਸਤਿਗੁਰੁ ਦੀ ਮਿਹਰ ਤੇ ਕਿਰਪਾ ਦ੍ਰਿਸ਼ਟੀ ਨਾਲ ਹੀ ਇਨ੍ਹਾਂ ਬੰਧਨਾਂ ਤੋਂ ਮੁਕਤ ਹੋ ਸਕਦੀ ਹੈ।
ਇਸ ਸ਼ਬਦ ਰਾਹੀਂ ਗੁਰੂ ਸਾਹਿਬ ਨੇ ਇਹੀ ਸੰਦੇਸ਼ ਦਿੱਤਾ ਹੈ ਕਿ ਮਨੁੱਖ ਨੂੰ ਕਦੇ ਵੀ ਆਪਣੀ ਜਾਤ, ਸਮਾਜੀ ਰੁਤਬੇ ਤੇ ਪੈਸੇ ਦਾ ਹੰਕਾਰ ਨਹੀਂ ਕਰਨਾ ਚਾਹੀਦਾ। ਇਹ ਜੀਵਨ ਤਾਂ ਪਾਣੀ ਦਾ ਬੁਲਬੁਲਾ ਹੈ ਜੋ ਪਤਾ ਨਹੀਂ ਕਦੋਂ ਪੈਦਾ ਹੋਣਾ ਹੈ ਤੇ ਕਦੋਂ ਬਿਨਸਣਾ ਹੈ। ਮਨੁੱਖ ਧੀਆਂ-ਪੁੱਤਰਾਂ ਲਈ ਮਹਿਲ-ਮਾੜੀਆਂ ਤੇ ਧੰਨ ਦੌਲਤਾਂ ਇੱਕਠੀਆਂ ਕਰਦਾ ਫਿਰਦਾ ਹੈ, ਉਸ ਮੂਰਖ ਨੂੰ ਸਮਝ ਨਹੀਂ ਪੈਂਦੀ ਕਿ ਇਨ੍ਹਾਂ ਚੀਜ਼ਾਂ ਨਾਲ ਜੀਵਨ ਤਾਂ ਜੀਵਿਆ ਜਾ ਸਕਦਾ ਹੈ ਪਰ ਪਰਮਾਤਮਾ ਦੀ ਕਿਰਪਾ ਦੀ ਨਦਰਿ ਨਹੀਂ ਪੈਂਦੀ ਤੇ ਅੱਗਾ ਨਹੀਂ ਸੰਵਾਰਿਆ ਜਾ ਸਕਦਾ। ਨਿਮਰਤਾ ਨਾਲ ਬਤੀਤ ਕੀਤਾ ਜੀਵਨ ਤੇ ਸ਼ੁਭ ਕਰਮ ਹੀ ਪ੍ਰਭੂ ਦੇ ਘਰ ਢੋਈ ਦੁਆਉਂਦੇ ਹਨ, ਨਾ ਕਿ ਜਾਤ ਜਾਂ ਪੈਸੇ ਦਾ ਹੰਕਾਰ। ਆਦਮੀ ਤਾਂ ਜਾਤ ਨੂੰ ਬਹੁਤ ਵਡਿਆਉਂਦਾ ਹੈ ਪਰ ਇਹ ਕਦੇ ਨਹੀਂ ਸੋਚਦਾ ਕਿ ਉਸ ਨੇ ਅੱਜ ਦੇ ਦਿਨ ਕਿਸ ਨੂੰ ਖੁਸ਼ ਕੀਤਾ ਹੈ, ਕਿਸ ਦੀ ਮਦਦ ਕੀਤੀ ਹੈ? ਆਪਣੇ ਧੀਆਂ-ਪੁੱਤਰਾਂ ਜਾਂ ਪਤਨੀ ਦੀ ਅਸਲੀ ਖੁਸ਼ੀ ਜਾਣਨ ਦੀ ਕੋਸ਼ਿਸ਼ ਕੀਤੀ ਹੈ? ਅਜਿਹੀ ਦੋਹਰੀ ਜ਼ਿੰਦਗੀ ਜਾਂ ਸ਼ਖਸੀਅਤ ਵਾਲੇ ਬਾਹਰੋਂ ਤਾਂ ਧਾਰਮਿਕ ਬਣਦੇ ਨੇ, ਨਾਮ ਸਿਮਰਦੇ ਨੇ ਪਰ ਅੰਦਰੋਂ ਕੋਝੇ ਹਨ ਤੇ ਉਚੀ ਜਾਤ-ਪਾਤ ਤੇ ਪੈਸੇ ਦਾ ਹੰਕਾਰ ਨਹੀਂ ਛੱਡਦੇ।
ਬੰਦਾ ਸ਼ਰਾਬ ਪੀਂਦਾ ਹੈ, ਧੋਖਾ ਕਰਦਾ ਹੈ, ਘਰਦਿਆਂ ਨਾਲ ਲੜਦਾ ਹੈ ਪਰ ਸਵੇਰੇ ਫੇਰ ਗੁਰਦੁਆਰੇ ਜਾਂਦਾ ਹੈ ਤੇ ਸੋਚਦਾ ਹੈ ਕਿ ਉਸ ਨੂੰ ਕੋਈ ਨਹੀਂ ਦੇਖਦਾ ਪਰ ਧੋਖਾ ਤਾਂ ਉਹ ਆਪਣੇ ਆਪ ਨਾਲ ਕਰਦਾ ਹੈ। ਪਰਮਾਤਮਾ ਤਾਂ ਸਭ ਦੇਖਦਾ ਹੈ। ਪਰਮਾਤਮਾ ਨੇ ਆਪਣੇ ਕਈ ਰੂਪਾਂ, ਉਦਾਹਰਣਾਂ ਤੇ ਅਵਤਾਰਾਂ ਰਾਹੀਂ ਸਾਨੂੰ ਅਨੇਕ ਸੰਦੇਸ਼ ਤੇ ਸਿੱਖਿਆਵਾਂ ਦਿੱਤੀਆਂ ਹਨ ਤਾਂ ਜੋ ਜੀਵਨ ਨੂੰ ਸੰਵਾਰਿਆ ਜਾ ਸਕੇ। ਦੁਨੀਆਂ ਦਾ ਹਰ ਗ੍ਰੰਥ, ਹਰ ਧਰਮ ਬੰਦਿਸ਼ਾਂ ਜਾਂ ਜਾਤ-ਪਾਤ ਦੇ ਘੁਮੰਡ ਤੋਂ ਦੂਰ ਰਹਿਣ ਦੀ ਸਿੱਖਿਆ ਦਿੰਦਾ ਹੈ।
ਬਾਈਬਲ ਦੀ ਕਥਾ ਮੁਤਾਬਕ ਇੱਕ ਅਮੀਰ ਬਾਦਸ਼ਾਹ ਆਪਣੇ ਮਹਿਲ ਵਿਚ ਅਨੇਕ ਰਾਣੀਆਂ ਨਾਲ ਰਹਿੰਦਾ ਸੀ ਤੇ ਅਨੇਕ ਪ੍ਰਕਾਰ ਦੇ ਖਾਣਿਆਂ ਦਾ ਸੇਵਨ ਕਰਦਾ ਸੀ, ਪਰ ਰੱਬ ਨੂੰ ਭੁੱਲੀ ਬੈਠਾ ਸੀ। ਉਸ ਦੇ ਮਹਿਲ ਸਾਹਮਣੇ ਇਕ ਗਰੀਬ ਤੇ ਛੋਟੀ ਜਾਤ ਦਾ ਲਾਜਰ ਨਾਂ ਦਾ ਪਿੰਗਲਾ ਰਹਿੰਦਾ ਸੀ ਜਿਸ ਦੀ ਕਦੇ ਉਸ ਬਾਦਸ਼ਾਹ ਨੇ ਮਦਦ ਨਹੀਂ ਸੀ ਕੀਤੀ। ਜਦੋਂ ਉਸ ਦੇ ਨੌਕਰ ਬਚਿਆ-ਖੁਚਿਆ ਖਾਣਾ ਕੂੜੇ ਦੇ ਢੇਰ ‘ਤੇ ਸੁੱਟਦੇ ਤਾਂ ਲਾਜਰ ਕੂੜੇ ਤੋਂ ਚੁੱਕ ਕੇ ਖਾਣਾ ਖਾ ਕੇ ਵੀ ਰੱਬ ਦਾ ਲੱਖ ਸ਼ੁਕਰ ਮਨਾਉਂਦਾ। ਇੱਕ ਦਿਨ ਲਾਜਰ ਮਰ ਗਿਆ ਤੇ ਬਾਦਸਾਹ ਵੀ ਮਰ ਗਿਆ, ਪਰ ਪਰਮਾਤਮਾ ਦੇ ਘਰ ਬਾਦਸ਼ਾਹ ਨੂੰ ਨਰਕ ਦੀ ਅੱਗ ਵਿਚ ਸੁੱਟਿਆ ਗਿਆ ਤੇ ਲਾਜਰ ਨੂੰ ਪਰਮਾਤਮਾ ਨੇ ਆਪਣੇ ਨਾਲ ਤਖਤ ‘ਤੇ ਬਿਠਾ ਲਿਆ। ਸੋ ਜਾਤ ਜਾਂ ਵਰਗ ਨੂੰ ਨਹੀਂ, ਪਰਮਾਤਮਾ ਨੂੰ ਯਾਦ ਕਰਨਾ ਚਾਹੀਦਾ ਹੈ।
ਇਕ ਹੋਰ ਮਿਸਾਲ ਲੈ ਲਵੋ। ਕ੍ਰਿਸ਼ਨ-ਸੁਦਾਮੇ ਦੀ ਦੋਸਤੀ ਨੂੰ ਕੌਣ ਨਹੀਂ ਜਾਣਦਾ। ਕ੍ਰਿਸ਼ਨ ਭਗਵਾਨ ਰੂਪ ਸੀ ਤੇ ਸੁਦਾਮਾ ਛੋਟੀ ਜਾਤ ਦਾ ਬਹੁਤ ਗਰੀਬ ਸੀ ਪਰ ਕ੍ਰਿਸ਼ਨ ਜੀ ਆਪਣੇ ਬਚਪਨ ਦੀ ਦੋਸਤੀ ਨੂੰ ਮਾਨਤਾ ਦਿੰਦਿਆਂ ਉਸ ਨੂੰ ਬਰਾਬਰ ਆਪਣੇ ਤਖਤ ‘ਤੇ ਬਿਠਾਉਂਦੇ। ਉਸ ਦੇ ਆਪਣੇ ਮਹਿਲ ਵਿਚ ਆਉਣ ‘ਤੇ ਨੰਗੇ ਪੈਰੀਂ ਹੀ ਦੌੜ ਪਏ ਸਨ, ਉਸ ਨੂੰ ਮਿਲਣ ਲਈ।
ਗੁਰੂ ਨਾਨਕ ਸਾਹਿਬ ਜੀ ਨੇ ਵੀ ਭਾਈ ਮਰਦਾਨੇ ਤੇ ਭਾਈ ਬਾਲੇ ਨੂੰ ਜੀਵਨ ਦਾ, ਆਪਣੇ ਸਫਰ ਦਾ ਸਾਥੀ ਚੁਣਿਆ ਸੀ ਜੋ ਅਖੌਤੀ ਨੀਵੀਂ ਜਾਤ ਦੇ ਸਨ, ਪਰ ਗੁਰੂ ਜੀ ਨੇ ਸੁਭ ਸ਼ਖਸੀਅਤ ਤੇ ਕਰਮਾਂ ਨੂੰ ਪਹਿਲ ਦਿੱਤੀ। ਕਹਿੰਦੇ ਨੇ, ਇੱਕ ਵਾਰ ਮਰਦਾਨਾ ਉਦਾਸ ਹੋਇਆ ਤੇ ਗੁਰੂ ਨਾਨਕ ਦੇਵ ਜੀ ਨੂੰ ਕਹਿਣ ਲੱਗਾ, ਗੁਰੂ ਜੀ ਲੋਕ ਤੁਹਾਨੂੰ ਕੁਰਾਹੀਆ ਤੇ ਮੈਨੂੰ ਕੁਰਾਹੀਏ ਦਾ ਡੂਮ ਕਹਿੰਦੇ ਨੇ। ਗੁਰੂ ਜੀ ਨੇ ਉਤਰ ਦਿੱਤਾ, ਤੂੰ ਉਦਾਸ ਕਿਉਂ ਹੁੰਨਾਂ ਏਂ, ਅਸੀਂ ਤਾਂ ਦੋਵੇਂ ਡੂਮ ਹਾਂ, ਤੂੰ ਸਾਡਾ ਡੂਮ ਹੈ ਤੇ ਅਸੀਂ ਉਸ ਪਰਮਾਤਮਾ ਦੇ ਡੂਮ ਹਾਂ। ਤੈਨੂੰ ਉਦਾਸ ਹੋਣ ਦੀ ਕੋਈ ਲੋੜ ਨਹੀਂ ਹੈ। ਗੁਰੂ ਜੀ ਨੇ ਅਮੀਰ ਮਲਿਕ ਭਾਗੋ ਦਾ ਸ਼ਾਹੀ ਭੋਜ ਠੁਕਰਾ ਕੇ ਕਿਰਤੀ ਭਾਈ ਲਾਲੋ ਦੀ ਕਿਰਤ ਕਮਾਈ ਵਿਚੋਂ ਪ੍ਰਸ਼ਾਦਾ ਛਕਿਆ। ਅਜਿਹੀਆਂ ਅਣਗਿਣਤ ਉਦਾਹਰਣਾਂ ਮਿਲ ਜਾਣਗੀਆਂ ਜਿਨ੍ਹਾਂ ਰਾਹੀਂ ਸਾਡੀ ਪਵਿੱਤਰ ਗੁਰਬਾਣੀ ਤੇ ਗੁਰੂ ਸਾਹਿਬਾਨਾਂ ਨੇ ਜਾਤ-ਪਾਤ ਨੂੰ ਵਿਸਾਰ ਕੇ ਸਭ ਨੂੰ ਇੱਕ ਸਮਾਨ ਦਰਜਾ ਦਿੱਤਾ।
ਅਜੋਕਾ ਮਨੁੱਖ ਬਹੁਤ ਮੂਰਖ ਦੰਭੀ ਹੈ, ਇਹ ਦੋਗਲੀ ਸ਼ਖਸੀਅਤ ਦਾ ਮਾਲਕ ਬਣ ਚੁਕਾ ਹੈ। ਇੱਕ ਹੀ ਵੇਲੇ ਇਹ ਕਈ ਪ੍ਰਕਾਰ ਦੇ ਰੋਲ ਨਿਭਾਉਂਦਾ ਹੈ-ਚੰਗੇ ਵੀ, ਮਾੜੇ ਵੀ। ਪਰਮਾਤਮਾ ਦੀ ਨਜ਼ਰ ਤੋਂ ਇਹ ਨਾ ਤਾਂ ਬਚ ਸਕਿਆ ਹੈ ਤੇ ਨਾ ਹੀ ਬਚ ਸਕੇਗਾ। ਗੁਰਬਾਣੀ ਵਿਚ ਥਾਂ ਥਾਂ ਹਵਾਲਾ ਆਇਆ ਹੈ ਪਰ ਇਹ ਕਦੇ ਨਹੀਂ ਸਮਝਦਾ। ਨੀਵੀਂ ਜਾਤ ਜਾਂ ਉਚੀ ਜਾਤ ਦਾ ਹੰਕਾਰ ਕਰਨਾ ਵਿਅਰਥ ਹੈ ਕਿਉਂਕਿ ਹਰ ਇੱਕ ਛੋਟੇ ਜਾਂ ਵੱਡੇ ਇਨਸਾਨ ਦੇ ਅੰਦਰ ਇੱਕ ਹੀ ਪਰਮਾਤਮਾ ਦਾ ਬਸੇਰਾ ਹੈ। ਜੋਤ ਦਾ ਅੰਸ਼ ਤੇ ਖੂਨ ਦਾ ਰੰਗ ਵੀ ਇੱਕ ਹੈ। ਇਹ ਸਭ ਸਾਡੀ ਘਟੀਆ ਸੋਚ ਹੈ ਜਿਸ ਨੇ ਦੂਜ ਪੈਦਾ ਕੀਤੀ ਹੈ। ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਸਾਡਾ ਸਮਾਜ ਅਜੇ ਵੀ ਰੰਗ-ਰੂਪ ਤੇ ਜਾਤ-ਪਾਤ ਵਿਚ ਫਸਿਆ ਹੋਇਆ ਹੈ ਤੇ ਪੱਛਮੀ ਸਭਿਅਤਾ ਜਿਥੇ ਅਜਿਹੀ ਵਰਤਾਰੇ ਨਹੀਂ ਹਨ, ਉਹ ਕਾਮਯਾਬੀਆਂ ਤੇ ਤਰੱਕੀਆਂ ਨੂੰ ਛੋਹ ਰਿਹਾ ਹੈ। ਸਾਡੇ ਰਿਸ਼ਤੇ-ਨਾਤਿਆਂ ਜਾਂ ਵਿਆਹਾਂ ਵਿਚ ਵੀ ਸਮਾਜੀ ਰੁਤਬੇ ਜਾਂ ਜਾਤ-ਪਾਤ ਦੀ ਊਚ-ਨੀਚ ਨਾਲ ਕਈ ਲੜਕੇ-ਲੜਕੀਆਂ ਦੇ ਜੀਵਨ ਤਬਾਹ ਹੋ ਜਾਂਦੇ ਹਨ। ਪਰ ਜਾਤ-ਪਾਤ ਦਾ ਜ਼ਹਿਰ ਫੇਰ ਵੀ ਨਹੀਂ ਠੱਲਦਾ। ਸਾਡੇ ਸਮਾਜ ਦੀ ਤ੍ਰਾਸਦੀ ਹੈ ਕਿ ਅਸੀਂ ਕਿਸੇ ਵੀ ਖੇਤਰ ਵਿਚ ਮਹਾਨਤਾ ਖੱਟਣ ਵਾਲੇ ਇਨਸਾਨ ਨੂੰ ਪਛਾਣਨ ਤੇ ਜਾਣਨ ਤੋਂ ਪਹਿਲਾਂ ਜਾਤ ਦਾ ਪੈਮਾਨਾ ਅੱਗੇ ਰੱਖਦੇ ਹਾਂ ਕਿ ਫਲਾਣਾ ਬੰਦਾ ਹੈ ਕਿਸ ਜਾਤ ਦਾ? ਕਿੰਨੀ ਮੂਰਖਤਾ ਹੈ ਉਸ ਨੂੰ ਪਰਮਾਤਮਾ ਦਾ ਜੀਵ ਮੰਨਣ ਦੀ ਥਾਂ, ਜਾਤ ਦੀ ਪੈਦਾਇਸ਼ ਮੰਨਦੇ ਹਾਂ, ਅਸੀਂ। ਜਾਤ-ਪਾਤ ਦੇ ਨਾਗ ਦਾ ਜ਼ਹਿਰ ਸਾਡੇ ਪਿਆਰਾਂ, ਵਿਆਹਾਂ, ਰਿਸ਼ਤੇਦਾਰੀਆਂ, ਪਰਿਵਾਰਾਂ, ਸਮਾਜ ਤੇ ਦੇਸ਼ ਨੂੰ ਖਤਮ ਕਰ ਰਿਹਾ ਹੈ, ਅਸਹਿਣਸ਼ੀਲਤਾ ਵਧ ਰਹੀ ਹੈ ਤੇ ਅਸੀਂ ਹੈਵਾਨ ਬਣਦੇ ਜਾ ਰਹੇ ਹਾਂ।
ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕਰਕੇ ਸਿੱਖ ਪੰਥ ਨੂੰ ਨਵਾਂ ਰੂਪ ਬਖਸ਼ਿਆ। ਗੁਰੂ ਜੀ ਨੇ ਸਿੰਘ ਤੇ ਕੌਰ ਦੇ ਸਤਿਕਾਰਤ ਰੁਤਬੇ ਦੇ ਸ਼ਬਦ ਦਿੱਤੇ, ਜਾਤ-ਪਾਤ ਦੇ ਭੇਦ ਭਾਵ ਨੂੰ ਖਤਮ ਕਰਨ ਲਈ ਬਾਬਾ ਜੀਵਨ ਸਿੰਘ ਨੂੰ ‘ਰੰਗਰੇਟਾ ਗੁਰੂ ਕਾ ਬੇਟਾ’ ਕਿਹਾ। ਪਰ ਅਜੇ ਵੀ ਅਸੀਂ ਗੁਰੂ ਸਾਹਿਬਾਨ ਦੀ ਦਿੱਤੀ ਸਿੱਖਿਆ ਤੋਂ ਦੂਰ ਹਾਂ, ਗੋਤਾਂ-ਜਾਤਾਂ ਦੇ ਸਿਰਲੇਖਾਂ ਨੂੰ ਆਪਣੇ ਨਾਂਵਾਂ ਸੰਗ ਜੋੜ ਕੇ ਵਡਿਆਉਂਦੇ ਹਾਂ। ਕਿਵੇਂ ਸਮਝਿਆ ਜਾਵੇ ਕਿ ਅਸੀਂ ਸਭ ਇਨਸਾਨ ਪਹਿਲਾਂ ਹਾਂ ਤੇ ਬਾਕੀ ਸਭ ਕੁਝ ਬਾਅਦ ਵਿਚ। ਅਸੀਂ ਧਰਮ ਦੀ ਪਾਲਣਾ ਵਿਚ ਸਭ ਤੋਂ ਮੂਰਖ ਇਨਸਾਨ ਹਾਂ ਕਿਉਂਕਿ ਅਕਸਰ ਪਿੰਡਾਂ ਵਿਚ ਦੇਖਿਆ ਜਾ ਸਕਦਾ ਹੈ ਕਿ ਜਾਤਾਂ ਦੇ ਆਧਾਰ ‘ਤੇ ਵੱਖੋ ਵੱਖਰੇ ਗੁਰਦੁਆਰੇ ਸਥਾਪਿਤ ਹਨ, ਉਚੀਆਂ ਜਾਤਾਂ ਦੇ ਵਖਰੇ ਤੇ ਨੀਵੀਆਂ ਜਾਤਾਂ ਦੇ ਵੱਖਰੇ, ਇੱਥੋਂ ਤੱਕ ਕਿ ਸਿਵੇ ਵੀ ਜਾਤਾਂ ਦੇ ਆਧਾਰ ‘ਤੇ ਵੰਡ ਰੱਖੇ ਹਨ, ਕੌਣ ਸਮਝਾਵੇ ਕਿ ਜਿਉਂਦੇ ਜੀ ਜਾਤ-ਪਾਤ ਦੇ ਜ਼ਹਿਰ ਨਾਲ ਭਰੇ ਵੰਡੇ ਰਹਿੰਦੇ ਹਾਂ, ਮਰਨ ਤੋਂ ਬਾਅਦ ਤਾਂ ਇੱਕ ਹੀ ਮਿੱਟੀ ਨਾਲ ਮਿੱਟੀ ਹੋ ਜਾਈਏ। ਸਾਨੂੰ ਕਦੋਂ ਸਮਝ ਆਏਗੀ ਕਿ ਗੁਰਬਾਣੀ ਇੱਕ ਈਸ਼ਵਰ ਤੇ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦਿੰਦੀ ਹੈ। ਗੁਰੂ ਨਾਨਕ ਸਾਹਿਬ ਨੇ ਸੰਦੇਸ਼ ਦਿੱਤਾ ਸੀ ਕਿ ਨਾ ਕੋਈ ਹਿੰਦੂ, ਨਾ ਮੁਸਲਮਾਨ, ਅਥਵਾ ਸਭ ਭਾਈ ਭਾਈ ਤੇ ਇੱਕ ਬਰਾਬਰ ਹਨ।
ਅੱਜ ਸਾਡੇ ਦੇਸ਼ ਨੂੰ, ਸਮਾਜ ਨੂੰ ਸਭ ਤੋ ਵੱਧ ਖਤਰਾ ਜਾਤ-ਪਾਤ, ਊਚ-ਨੀਚ ਤੇ ਅਸਹਿਣਸ਼ੀਲਤਾ ਤੋਂ ਹੈ। ਲੋੜ ਹੈ, ਜਾਤ-ਪਾਤ ਤੋਂ ਰਹਿਤ ਤੇ ਸਹਿਣਸ਼ੀਲਤਾ ਦਾ ਜੀਵਨ ਗੁਜ਼ਾਰੀਏ ਤੇ ਹਰ ਇੱਕ ਵਿਚ ਰੱਬੀ ਜੋਤ ਤੇ ਨਦਰਿ ਨੂੰ ਤੱਕੀਏ। ਜੇ ਤੁਹਾਡਾ ਅੰਦਰ ਸੁæਧ ਤੇ ਸਾਫ ਸੁਥਰਾ ਹੈ ਅਥਵਾ ਜਾਤ-ਪਾਤ ਦੀ ਊਚ-ਨੀਚ ਤੋਂ ਦੂਰ ਹੈ ਤਾਂ ਸਮਝੋ ਤੁਸੀਂ ਪਰਮਾਤਮਾ ਦੀ ਨਦਰਿ ਦੇ ਬਿਲਕੁਲ ਕਰੀਬ ਹੋ। ਰੱਬ ਸਭ ‘ਤੇ ਨਦਰਿ ਮਿਹਰ ਰੱਖੇ।