ਤਸਵੀਰ ਨੂੰ ਉਡੀਕਦੀ ਕੰਧ

ਡਾæ ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਪਿਛਲੇ ਇਕ ਅਰਸੇ ਤੋਂ ਪੰਜਾਬ ਟਾਈਮਜ਼ ਦੇ ਪਾਠਕ ਉਨ੍ਹਾਂ ਦੀਆਂ ਲਿਖਤਾਂ ਪੜ੍ਹਦੇ ਆ ਰਹੇ ਹਨ ਅਤੇ ਉਨ੍ਹਾਂ ਦੀ ਨਿਵੇਕਲੀ ਸ਼ੈਲੀ ਤੋਂ ਪ੍ਰਭਾਵਿਤ ਵੀ ਹੋਏ ਹਨ। ਪਿਛਲੇ ਲੇਖ ਵਿਚ ਉਨ੍ਹਾਂ ਸਾਡੇ ਅਜੋਕੇ ਸਮਾਜ ਵਿਚ ਬਜ਼ੁਰਗਾਂ ਦੇ ਅਣਗੌਲੇ ਹੋਣ ਉਤੇ ਚਿੰਤਾ ਜ਼ਾਹਰ ਕੀਤੀ ਸੀ। ਹਥਲੇ ਲੇਖ ਵਿਚ ਉਨ੍ਹਾਂ ਬਜ਼ੁਰਗਾਂ ਦੀ ਦੁਰਦਸ਼ਾ ਦੀ ਗੱਲ ਅੱਗੇ ਤੋਰਦਿਆਂ ਕਿਹਾ ਹੈ, “ਜਦ ਕੋਈ ਆਪਣੇ ਹੀ ਘਰ ਵਿਚ ਪਰਾਇਆ ਹੋ ਜਾਵੇ, ਸਤਿਕਾਰ ਦੀ ਥਾਂ ਦੁਰਕਾਰ ਉਸ ਦਾ ਨਸੀਬ ਬਣ ਜਾਵੇ, ਮੋਹ ਦੀ ਥਾਂ ਘ੍ਰਿਣਾ ਬੋਲਾਂ ਵਿਚ ਪਰੋਸੀ ਜਾਵੇ ਤਾਂ ਬਜ਼ੁਰਗੀ ਹੋਂਦ ਜ਼ਰਜ਼ਰੀ ਪਲਾਂ ਦੀ ਮੁਥਾਜ ਹੋ ਜਾਂਦੀ ਏ।”

ਉਨ੍ਹਾਂ ਨਸੀਹਤ ਕੀਤੀ ਹੈ ਕਿ ਬਜ਼ੁਰਗਾਂ ਨੂੰ ਘਰਾਂ ਵਿਚੋਂ ਜਲਾਵਤਨ ਨਾ ਕਰੋ। ਉਹ ਦਰਵੇਸ਼, ਸ਼ੁਭ ਕਾਮਨਾਵਾਂ ਦਾ ਭਰ ਵਗਦਾ ਦਰਿਆ, ਜਗਦਾ ਚਿਰਾਗ, ਰਾਹਾਂ ਦੇ ਸਿਰਨਾਵੇਂ, ਮੰਜ਼ਿਲਾਂ ਦੀ ਹਾਥ, ਚਮਨ ਦੇ ਭਾਗ, ਖੇੜਿਆਂ ਦੀ ਬਸੰਤੀ ਰੁੱਤ ਅਤੇ ਇਨ੍ਹਾਂ ਦੀ ਰੁਖਸਤਗੀ ਕਿਸੇ ਸਮਾਜ ਦੀ ਖੁਰਦੀ ਤਵਾਰੀਖ। -ਸੰਪਾਦਕ

ਡਾæ ਗੁਰਬਖਸ਼ ਸਿੰਘ ਭੰਡਾਲ

ਮੇਰਾ ਮਿੱਤਰ ਬਹੁਤ ਸੰਵੇਦਨਸ਼ੀਲ ਹੈ। ਉਹ ਸੋਚਦਾ ਹੈ ਕਿ ਅੱਜ ਕੱਲ ਘਰਾਂ ਵਿਚ ਬਜ਼ੁਰਗਾਂ ਦੀਆਂ ਤਸਵੀਰਾਂ ਨਜ਼ਰ ਹੀ ਨਹੀਂ ਆਉਂਦੀਆਂ। ਇਸ ਨਿੱਕੀ ਜਿੰਨੀ ਗੱਲ ‘ਤੇ ਉਹ ਭਾਵੁਕ ਹੋ ਜਾਂਦਾ ਏ। ਉਸ ਦੀ ਭਾਵੁਕਤਾ ਬਹੁਤ ਡੂੰਘੇ ਪ੍ਰਸ਼ਨ ਮਸਤਕ ਵਿਚ ਧਰ ਜਾਂਦੀ ਏ ਜਿਸ ਦੇ ਉੱਤਰ ਤਲਾਸ਼ਣੇ ਕਈ ਵਾਰ ਔਖੇ ਹੋ ਜਾਂਦੇ ਨੇ। ਬਹੁਤ ਕਠਨ ਹੋ ਜਾਂਦਾ ਏ ਅਜਿਹੀ ਮਾਨਸਿਕ ਅਵਸਥਾ ਵਿਚੋਂ ਗੁਜਰਨਾ ਜਦ ਕੋਈ ਗੱਲ ਤੁਹਾਡੇ ਮਨ ਵਿਚ ਹਰ ਪਲ ਦਸਤਕ ਦਿੰਦੀ ਹੋਵੇ ਅਤੇ ਤੁਸੀਂ ਇਸ ਦੇ ਰੂਬਰੂ ਹੋਣ ਤੋਂ ਕੰਨੀ ਕਤਰਾਉਂਦੇ ਹੋਵੋ।
‘ਕੇਰਾਂ ਇਕ ਕਿਰਾਏ ਦੇ ਮਕਾਨ ਤੋਂ ਦੂਸਰੇ ਮਕਾਨ ਵਿਚ ਤਬਦੀਲ ਹੋਣ ‘ਤੇ ਕੱਚ ਦਾ ਕੁਝ ਸਮਾਨ ਤਾਂ ਰਸਤੇ ਵਿਚ ਹੀ ਟੁੱਟ ਗਿਆ ਪਰ ਕੁਝ ਫੋਟੋ ਫਰੇਮ ਸਹੀ ਸਲਾਮਤ ਪਹੁੰਚ ਗਏ। ਬਜ਼ੁਰਗਾਂ ਦੀ ਫੋਟੋ ਕੰਧ ‘ਤੇ ਲਾਉਣ ਸਮੇਂ ਬੱਚੇ ਦੇ ਹੱਥੋਂ ਛੁੱਟ ਕੇ ਫਰਸ਼ ‘ਤੇ ਡਿੱਗ ਪਈ ਅਤੇ ਚਕਨਾਚੂਰ ਹੋ ਗਈ। ਵਿਚਾਰੀ ਕੰਧ ਸੱਖਣੀ ਹੀ ਰਹਿ ਗਈ। ਕੰਧ ਦਾ ਸੱਖਣਾਪਨ ਆਪਣਿਆਂ ਦੀ ਯਾਦ ਨੂੰ ਸਦਮਾ। ਆਪਣਿਆਂ ਨੂੰ ਅੰਦਰ ਵਸਾਉਣ ਵਾਲਿਆਂ ਲਈ ਇਕ ਹਉਕਾ ਕਿਉਂਕਿ ਆਪਣੇ ਹੀ ਆਪਣਿਆਂ ਨੂੰ ਯਾਦ ਕਰਦੇ ਹਨ। ਜਦ ਸਾਡੇ ਸਾਥੋਂ ਦੂਰ ਤੁਰ ਜਾਂਦੇ ਨੇ ਜਾਂ ਅਸੀਂ ਨੌਕਰੀ ਜਾਂ ਹੋਰ ਮਜਬੂਰੀਆਂ ਕਾਰਨ ਦੂਰ ਤੁਰ ਜਾਂਦੇ ਹਾਂ ਤਾਂ ਘਰ ਦੀ ਕਿਸੇ ਕੰਧ ‘ਤੇ ਉਨ੍ਹਾਂ ਦੀ ਫੋਟੋ ਜਰੂਰ ਲਾਉਂਦੇ ਹਾਂ ਤਾਂ ਕਿ ਅਸੀਂ ਉਨ੍ਹਾਂ ਨਾਲ ਜੁੜੇ ਰਹੀਏ। ਉਨ੍ਹਾਂ ਦੀ ਸਦੀਵੀ ਯਾਦ ਸਾਡੀ ਹੋਂਦ ਦਾ ਇਕ ਹਿੱਸਾ ਬਣ ਜਾਵੇ। ਸਾਡੀ ਸਮੁੱਚਤਾ ਨੂੰ ਆਪਣਿਆਂ ਦੀ ਮਹਿਕੀਲੀ ਹੋਂਦ ਮਹਿਕਾਵੇ।
ਅਸੀਂ ਆਪਣੇ ਬਟੂਏ ਵਿਚ ਜਾਨ ਤੋਂ ਪਿਆਰਿਆਂ ਦੀ ਫੋਟੋ ਜਰੂਰ ਪਾਈ ਰੱਖਦੇ ਹਾਂ ਤਾਂ ਕਿ ਉਨ੍ਹਾਂ ਸੰਗ ਸਾਡੇ ਮਨ ਦੀ ਤਾਰ ਵੱਜਦੀ ਰਹੇ। ਸੈਲ-ਫੋਨ/ਕੰਪਿਊਟਰ ਦੇ ਸਕਰੀਨ, ਕਾਰ ਵਿਚ, ਆਪਣੇ ਕੰਮ ਵਾਲੇ ਮੇਜ ਦੇ ਸ਼ੀਸ਼ੇ ਹੇਠ ਜਾਂ ਆਪਣੇ ਕਮਰੇ ਵਿਚ ਅਸੀਂ ਆਪਣੇ ਮਿੱਤਰ, ਧਾਰਮਿਕ ਰਹਿਨੁਮਾ, ਮਹਾਨ ਵਿਅਕਤੀਆਂ, ਪਰਿਵਾਰਕ ਵਡੇਰੇ ਜਾਂ ਆਪਣੇ ਬੱਚੇ ਦੀ ਤਸਵੀਰ ਲਾਉਂਦੇ ਹਾਂ ਜੋ ਆਪਣਿਆਂ ਦੀ ਸਹਿਹੋਂਦ ਮਾਣਨ ਲਈ ਮਨੁੱਖ ਵਲੋਂ ਕੀਤਾ ਗਿਆ ਨਿੱਕਾ ਜਿਹਾ ਉਪਰਾਲਾ। ਇਹ ਉਪਰਾਲੇ ਉਨ੍ਹਾਂ ਮਨੁੱਖੀ ਭਾਵਨਾਵਾਂ ਦੀ ਤਰਜਮਾਨੀ ਕਰਦੇ ਹਨ ਜੋ ਆਪਣਿਆਂ ਤੋਂ ਦੂਰ ਹੋ ਕੇ ਵੀ ਦੂਰ ਨਹੀਂ ਹੁੰਦੇ ਕਿਉਂਕਿ ਭਾਵੁਕ ਤੌਰ ‘ਤੇ ਅਸੀਂ ਹਰ ਵਕਤ ਉਨ੍ਹਾਂ ਨਾਲ ਜੁੜੇ ਰਹਿੰਦੇ ਹਾਂ।
ਸਿਆਣੇ ਕਹਿੰਦੇ ਨੇ ‘ਨਜ਼ਰਾਂ ਤੋਂ ਦੂਰ, ਮਨੋਂ ਦੂਰ।’ ਇਸ ਸਦੀਵੀ ਸੱਚ ਦਾ ਇਵਜ਼ਾਨਾ ਅਸੀਂ ਬਹੁਤ ਬੇਰਹਿਮੀ ਨਾਲ ਭਰ ਰਹੇ ਹਾਂ। ਸਾਡੇ ਬੱਚੇ ਸਾਡੇ ਬਜ਼ੁਰਗਾਂ ਅਤੇ ਸਾਥੋਂ ਦੂਰ ਜਾ ਰਹੇ ਹਨ। ਉਨ੍ਹਾਂ ਦੀ ਆਪਣੇ ਵਿਰਸੇ ਪ੍ਰਤੀ ਵਧਦੀ ਜਾ ਰਹੀ ਬੇਮੁੱਖਤਾ। ਆਪਣੀਆਂ ਜੜ੍ਹਾਂ ਨੂੰ ਪਛਾਣਨ ਤੋਂ ਇਨਕਾਰੀ। ਆਪਣੀ ਸੰਸਕ੍ਰਿਤੀ, ਰਸਮੋ-ਰਿਵਾਜ ਤੇ ਮਾਨਵੀ ਕਦਰਾਂ-ਕੀਮਤਾਂ ਵਲੋਂ ਅਵੇਸਲੇ। ਇਕ ਕਾਰਨ ਤਾਂ ਇਹ ਵੀ ਹੈ ਕਿ ਅਸੀਂ ਬਜ਼ੁਰਗਾਂ ਨੂੰ ਵਿਸਾਰ ਦਿੱਤਾ ਏ।
ਕਿਸੇ ਬਜ਼ੁਰਗ ਦੇ ਮਰਨ ਪਿਛੋਂ ਉਸ ਦੀ ਉਦਾਸ ਜਿਹੀ ਤਸਵੀਰ ਜਦ ਕਿਸੇ ਕੰਧ ਦਾ ਹਿੱਸਾ ਹੀ ਨਹੀਂ ਬਣੇਗੀ ਤਾਂ ਕੰਧ ਇਕ ਸਿਸਕੀ ਬਣ ਜਾਂਦੀ ਏ। ਇਹ ਸਿਸਕੀ ਸਮੁੱਚੇ ਘਰ ਵਿਚ ਫੈਲ ਕੇ ਇਕ ਗੁੰਗਾ ਦਰਦ ਬਣ ਜਾਂਦੀ ਏ। ਇਸ ਦਰਦ ਦੀ ਭੇਟਾ ਚੜ੍ਹ ਜਾਂਦੀਆਂ ਨੇ ਬਜ਼ੁਰਗਾਂ ਦੀਆਂ ਜੀਵਨ ਦੇ ਸਮੁੱਚ ਵਿਚ ਗੜੁੱਚੀਆਂ ਕਹਾਣੀਆਂ ਤੇ ਜੀਵਨ ਨੂੰ ਪ੍ਰਭਾਸ਼ਿਤ ਕਰਨ ਵਾਲੀਆਂ ਜੀਵਨ ਧਾਰਨਾਵਾਂ ਅਤੇ ਰਸਾਤਲ ਵਿਚ ਗਰਕ ਜਾਂਦਾ ਏ ਅੱਖੀਂ ਡਿੱਠਾ ਇਤਿਹਾਸ।
ਕਦੇ ਕਦੇ ਅਸੀਂ ਕੰਧਾਂ ‘ਤੇ ਗੁਰੂਆਂ, ਪੀਰਾਂ ਜਾਂ ਨਾਇਕਾਂ ਦੀਆਂ ਤਸਵੀਰਾਂ ਲਾਉਂਦੇ ਹਾਂ ਕਿਉਂਕਿ ਉਹ ਸਾਡੇ ਰੋਲ ਮਾਡਲ ਹੁੰਦੇ ਹਨ ਅਤੇ ਅਸੀਂ ਉਨ੍ਹਾਂ ਵਰਗੇ ਬਣਨ ਦੀ ਤਮੰਨਾ ਮਨ ਵਿਚ ਪਾਲਦੇ ਹਾਂ ਕਿ ਉਨ੍ਹਾਂ ਦੇ ਪੈੜ੍ਹ ਚਿੰਨ੍ਹਾਂ ‘ਤੇ ਚਲ ਕੇ ਉਨ੍ਹਾਂ ਦੀਆਂ ਪ੍ਰਾਪਤੀਆਂ ਦੇ ਹਾਣੀ ਹੋ ਸਕੀਏ।
ਵੈਸੇ ਬਜ਼ੁਰਗਾਂ ਦੇ ਮਰਨ ਪਿਛੋਂ ਕੌਣ ਦੇਖਣਾ ਚਾਹੇਗਾ ਉਨ੍ਹਾਂ ਦੀ ਤਸਵੀਰ ਨੂੰ ਕਿਉਂਕਿ ਜਿਉਂਦੇ ਜੀਅ ਤਾਂ ਬਜ਼ੁਰਗ ਪਿਛਲੀ ਕੋਠੜੀ, ਨੌਕਰਾਂ ਵਾਲਾ ਕਮਰਾ ਜਾਂ ਬੇਸਮੈਂਟ ਦੀ ਚਾਰ ਦੀਵਾਰੀ ਵਿਚ ਕੈਦ ਕਰ ਦਿੰਦੇ ਹਾਂ। ਅਸੀਂ ਨਹੀਂ ਚਾਹੁੰਦੇ ਕਿ ਸਾਡੇ ਮਸਨੂਈ ਸਮਾਜਿਕ ਰੁਤਬੇ ਦੀ ਕਲਗੀ, ਸਾਡੇ ਹੀ ਬਜ਼ੁਰਗਾਂ ਕਾਰਨ ਨੀਵੀਂ ਹੋਵੇ। ਘਰ ਵਿਚ ਉਨ੍ਹਾਂ ਦੀ ਹੋਂਦ ਹੀ ਰੜਕਣ ਲੱਗ ਪੈਂਦੀ ਏ। ਜਰਾ ਕੁ ਸੋਚੋ! ਜੇ ਬਜ਼ੁਰਗ ਨਾ ਹੁੰਦੇ ਤਾਂ ਤੁਸੀਂ ਕਿੰਜ ਇਸ ਜਹਾਨ ‘ਤੇ ਆਉਂਦੇ ਤੇ ਇਨ੍ਹਾਂ ਵੱਡੇ ਵੱਡੇ ਮਾਨ-ਸਨਮਾਨਾਂ ਦੇ ਹੱਕਦਾਰ ਬਣਦੇ।
ਇਕ ਵਾਰ ਕਿਸੇ ਸ਼ਖਸ ਦੇ ਘਰ ਮਜਬੂਰਨ ਜਾਣਾ ਪਿਆ। ਸੁੰਨਾ ਜਿਹਾ ਕਮਰਾ ਅਤੇ ਸੁੰਨੀਆਂ ਸੁੰਨੀਆਂ ਕੰਧਾਂ। ਇਸ ਬੇਰੁਖੀ ਦਾ ਸ਼ਿਕਾਰ ਕਮਰਾ ਅਤੇ ਕੰਧਾਂ, ਉਸ ਪਰਿਵਾਰ ਦਾ ਮੁਹਾਂਦਰਾ ਸੀ ਜੋ ਉਸ ਘਰ ਵਿਚੋਂ ਝਲਕਦਾ ਸੀ।
ਜਦ ਕੋਈ ਆਪਣੇ ਹੀ ਘਰ ਵਿਚ ਪਰਾਇਆ ਹੋ ਜਾਵੇ, ਸਤਿਕਾਰ ਦੀ ਥਾਂ ਦੁਰਕਾਰ ਉਸ ਦਾ ਨਸੀਬ ਬਣ ਜਾਵੇ, ਮੋਹ ਦੀ ਥਾਂ ਘ੍ਰਿਣਾ ਬੋਲਾਂ ਵਿਚ ਪਰੋਸੀ ਜਾਵੇ ਤਾਂ ਬਜ਼ੁਰਗੀ ਹੋਂਦ ਜ਼ਰਜ਼ਰੀ ਪਲਾਂ ਦੀ ਮੁਥਾਜ ਹੋ ਜਾਂਦੀ ਏ।
ਇਹ ਯਾਦ ਰੱਖਣ ਵਾਲੀ ਗੱਲ ਹੈ ਕਿ ਜਦ ਵੀ ਘਰ ਦੀ ਕਿਸੇ ਨੁੱਕਰੇ ਬਜ਼ੁਰਗ ਦੀ ਤਸਵੀਰ ਲਟਕਦੀ ਹੋਵੇਗੀ ਤਾਂ ਬੱਚੇ ਕਦੇ ਕਦਾਈਂ ਇਸ ਬਾਰੇ ਜਰੂਰ ਜਾਣਨਾ ਚਾਹੁਣਗੇ। ਉਨ੍ਹਾਂ ਦੀ ਇੱਛਾ ਹੋਵੇਗੀ ਉਨ੍ਹਾਂ ਨਾਲ ਭਾਵੁਕ ਤੌਰ ‘ਤੇ ਜੁੜਨ ਦੀ। ਉਨ੍ਹਾਂ ਵਿਚ ਆਪਣੇ ਪੁਰਖਿਆਂ ਨੂੰ ਜਾਣਨ ਦੀ ਤੀਬਰਤਾ ਪੈਦਾ ਹੋ ਗਈ ਤਾਂ ਸਮਝੋ ਉਹ ਆਪਣੇ ਵਿਰਸੇ ਨਾਲ, ਆਪਣੀਆਂ ਜੜ੍ਹਾਂ ਨਾਲ ਆਪਣੇ ਆਪ ਹੀ ਜੁੜ ਜਾਣਗੇ। ਤੁਹਾਨੂੰ ਕੋਈ ਉਚੇਚ ਕਰਨ ਦੀ ਵੀ ਲੋੜ ਨਹੀਂ ਪਵੇਗੀ।
ਰਿਸ਼ਤੇ ਗੁੰਮ ਰਹੇ ਨੇ। ਸਾਂਝਾਂ ਗਵਾਚ ਰਹੀਆਂ ਨੇ। ਰਿਸ਼ਤੇਦਾਰੀਆਂ ਦਾ ਤਾਣਾ-ਬਾਣਾ ਬਿਖਰ ਰਿਹਾ ਏ। ਪਰਿਵਾਰਕ ਇਕਾਈ ਵੀ ਸਬੂਤੀ ਨਹੀਂ ਰਹੀ। ਕਿਸੇ ਬੱਚੇ ਨੂੰ ਦਾਦਾ-ਦਾਦੀ ਜਾਂ ਨਾਨਾ-ਨਾਨੀ ਦਾ ਨਾਂ ਪੁੱਛਿਓ, ਤੁਹਨੂੰ ਹੈਰਾਨੀ ਹੋਵੇਗੀ ਕਿ ਕਿੰਨਿਆਂ ਨੂੰ ਆਪਣੇ ਪਿਛੋਕੜ ਦਾ ਗਿਆਨ ਹੈ।
70 ਕੁ ਸਾਲ ਦਾ ਬਜ਼ੁਰਗ ਜੋੜਾ ਪੁੱਤਰ ਨੇ ਇੰਡੀਆਂ ਤੋਂ ਬੁਲਾਇਆ। ਬੱਚੇ ਜਰਾ ਕੁ ਵੱਡੇ ਹੋਏ ਤਾਂ ਮਾਪੇ ਘਰੋਂ ਬਾਹਰ। ਬੇਸਮੈਂਟ ਵਿਚ ਕਿਰਾਏ ‘ਤੇ ਰਹਿੰਦੇ ਨੇ ਅਤੇ ਖਰਚੇ ਪੂਰੇ ਕਰਨ ਲਈ ਗੋਡੇ ਗੋਡੇ ਬਰਫ ਮਿੱਧ ਕੇ ਕੰਮ ‘ਤੇ ਜਾਂਦੇ ਨੇ। ਬੁੱਢੇ ਹੱਡਾਂ ਵਿਚ ਰਚੀ ਠੰਢ ਨੇ ਜ਼ਿੰਦਗੀ ਦੀ ਸੁੱਚਮਤਾ ਨੂੰ ਹੀ ਸੁੰਨ ਕਰ ਦਿੱਤਾ ਏ। ਭਲਾ ਕੌਣ ਲਾਵੇਗਾ ਮਰਨ ਉਪਰੰਤ ਅਜਿਹੇ ਅਭਾਗਿਆਂ ਦੀ ਤਸਵੀਰ, ਆਪਣੇ ਘਰ ਦੀ ਕੰਧ ‘ਤੇ? ਕਿੰਜ ਜਾਣ ਸਕਣਗੇ ਬੱਚੇ ਕਿ ਉਨ੍ਹਾਂ ਦਾ ਵੀ ਕੋਈ ਵਡੇਰਾ ਹੁੰਦਾ ਸੀ? ਕਿਉਂ ਜੁੜਨਗੇ ਉਹ ਆਪਣੀ ਪੁਰਾਣੀ ਪੀੜ੍ਹੀ ਨਾਲ।
ਯਾਦ ਰੱਖਓ! ਜੋ ਅਸੀਂ ਆਪਣੇ ਬਜ਼ੁਰਗਾਂ ਨਾਲ ਕਰ ਰਹੇ ਹਾਂ, ਉਸੇ ਤਰ੍ਹਾਂ ਦਾ ਵਰਤਾਓ ਹੀ ਸਾਡੇ ਬੱਚਿਆਂ ਨੇ ਸਾਡੇ ਨਾਲ ਕਰਨਾ ਹੈ ਕਿਉਂਕਿ ਸਾਡੇ ਬੱਚੇ ਘਰ ਵਿਚ ਬਹੁਤ ਕੁਝ ਅਚੇਤ-ਸੁਚੇਤ ਰੂਪ ਵਿਚ ਸਿਖਦੇ ਨੇ ਜੋ ਉਨ੍ਹਾਂ ਦੀ ਸ਼ਖਸੀਅਤ ਦਾ ਨਿਰਮਾਣ ਕਰਦਾ ਏ, ਉਸ ਦੇ ਮਾਨਵੀ ਗੁਣਾ ਦਾ ਆਧਾਰ ਬਣਦਾ ਏ ਅਤੇ ਫਿਰ ਵਕਤ ਦੇ ਇਕ ਮੋੜ ‘ਤੇ ਆ, ਉਹ ਕੁਝ ਸਾਨੂੰ ਵਾਪਸ ਮਿਲਦਾ ਏ।
‘ਕੇਰਾਂ ਇਕ ਨੌਜਵਾਨ ਆਪਣੇ ਬਜ਼ੁਰਗ ਬਾਪ ਨੂੰ ਦਰਿਆ ਵਿਚ ਰੋੜ੍ਹਨ ਤੁਰ ਪਿਆ। ਜਦ ਲੱਕ ਲੱਕ ਪਾਣੀ ਵਿਚ ਰੋੜਨ ਲੱਗਾ ਤਾਂ ਬਾਪ ਕਹਿਣ ਲੱਗਾ, “ਇਥੇ ਤਾਂ ਮੈਂ ਆਪਣੇ ਬਾਪ ਨੂੰ ਰੋੜ੍ਹਿਆ ਸੀ। ਮੈਨੂੰ ਅਗਾਂਹ ਹੋਰ ਡੂੰਘੇ ਪਾਣੀ ਵਿਚ ਰੋੜ੍ਹ।” ਤੇ ਨੌਜਵਾਨ ਇਸ ਦੇ ਬਹੁਤ ਡੂੰਘੇ ਅਰਥ ਆਪਣੇ ਮਸਤਕ ਵਿਚ ਧਰ ਆਪਣੇ ਬਾਪ ਨੂੰ ਵਾਪਸ ਲੈ ਕੰਢੇ ‘ਤੇ ਪਰਤ ਆਇਆ।
ਬਜ਼ੁਰਗਾਂ ਨੂੰ ਘਰਾਂ ਵਿਚੋਂ ਜਲਾਵਤਨ ਨਾ ਕਰੋ। ਉਹ ਦਰਵੇਸ਼, ਸ਼ੁਭ ਕਾਮਨਾਵਾਂ ਦਾ ਭਰ ਵਗਦਾ ਦਰਿਆ, ਜਗਦਾ ਚਿਰਾਗ, ਰਾਹਾਂ ਦੇ ਸਿਰਨਾਵੇਂ, ਮੰਜ਼ਿਲਾਂ ਦੀ ਹਾਥ, ਚਮਨ ਦੇ ਭਾਗ, ਖੇੜਿਆਂ ਦੀ ਬਸੰਤੀ ਰੁੱਤ ਅਤੇ ਇਨ੍ਹਾਂ ਦੀ ਰੁਖਸਤਗੀ ਕਿਸੇ ਸਮਾਜ ਦੀ ਖੁਰਦੀ ਤਵਾਰੀਖ।
ਬਜ਼ੁਰਗਾਂ ਦਾ ਮਾਣ ਸਨਮਾਨ, ਸਾਡਾ ਆਪਣਾ ਮਾਣ ਸਨਮਾਨ। ਸਾਡੀ ਆਪਣੀ ਤਾਸੀਰ ਦਾ ਸੁਨਹਿਰੀ ਵਰਕਾ ਅਤੇ ਇਸ ਉਪਰ ਹੋਈ ਅਰਥ ਭਰਪੂਰ ਸ਼ਬਦਾਂ ਦੀ ਕਸੀਦਾਕਾਰੀ।
ਜਿਉਂਦੀ ਜਾਂ ਤਸਵੀਰੀ ਬਜ਼ੁਰਗੀ ਹੋਂਦ ਕਿਸੇ ਘਰ ਦਾ ਧੰਨਭਾਗ। ਘਰ ਨੂੰ ਜੁੱਗ ਜੁੱਗ ਜਿਉਣ ਦਾ ਵਰ। ਵਿਹੜੇ ਵਿਚ ਨਿਆਮਤਾਂ ਦਾ ਢੇਰ। ਸਰਬ ਖੁਸ਼ੀਆਂ ਦਾ ਵਰਦਾਨ। ਮਨ ਦੇ ਚਾਵਾਂ ਦੀ ਸੰਪੂਰਨਤਾ ਲਈ ਅਸੀਸ। ਚੌਂਕੇ ‘ਚ ਵਸਦੀਆਂ ਖੁਸ਼ੀਆਂ ਤੇ ਖੇੜਿਆਂ ਲਈ ਦੁਆ ਅਤੇ ਚਿਰੰਜੀਵੀ ਆਭਾ ਦਾ ਘਰ ਦੇ ਚੌਗਿਰਦੇ ਵਿਚ ਫੈਲਾਅ। ਪਰਿਵਾਰ ਦੇ ਸਿਰ ‘ਤੇ ਸ਼ੁਭ ਸ਼ਗਨਾਂ ਦੀ ਫੁਲਕਾਰੀ, ਆਪਸੀ ਸਾਂਝ ਦੀ ਭਰਪੂਰਤਾ ਕਾਰਨ ਸਮਾਜ ਵਿਚ ਸਰਦਾਰੀ ਅਤੇ ਉਸ ਸਰਦਾਰੀ ਸਦਕਾ ਪਰਿਵਾਰ ਦੇ ਹਰ ਸ਼ਖਸ ਦੇ ਮੁੱਖ ‘ਤੇ ਪਰਵਰਦਗਾਰੀ।