ਪਰਾਲੀ ਨੇ ਲਿਆਂਦੀ ਪਰਲੋ

ਬਲਜੀਤ ਬਾਸੀ
ਅੱਜ ਕਲ੍ਹ ਪਰਾਲੀ ਚਰਚਾ ਵਿਚ ਹੈ, ਘੋਰ ਨਿੰਦਾ ਦੀ ਪਾਤਰ ਬਣੀ ਹੋਈ, ਨਿਮਾਣੀ ਪਰਾਲੀ ਜੋ ਗਰੀਬਾਂ ਦੀਆਂ ਝੁੱਗੀਆਂ-ਝੌਪੜੀਆਂ ਵਿਚ ਛੱਤ ਦਾ ਕੰਮ ਦਿੰਦੀ ਹੈ। ਮੈਨੂੰ ਯਾਦ ਹੈ, ਇਕ ਵਾਰੀ ਕਮਿਉਨਿਸਟ ਪਾਰਟੀ (ਮਾਰਕਸਵਾਦੀ) ਦੇ ਜਨਰਲ ਸਕੱਤਰ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਧਾਨ ਦੀ ਕਟਾਈ ਪਿਛੋਂ ਉਨ੍ਹਾਂ ਪਾਸੋਂ ਮਣਾਂ ਮੂੰਹੀਂ ਪਰਾਲੀ ਅੱਗ ਦੀ ਭੇਟ ਹੋ ਜਾਂਦੀ ਹੈ, ਕਿਉਂ ਨਾ ਉਹ ਇਸ ਨੂੰ ਬੰਗਾਲ ਦੇ ਆਪਣੇ ਭਰਾਵਾਂ ਪਾਸ ਭੇਜ ਦੇਣ ਜਿਨ੍ਹਾਂ ਨੂੰ ਇਸ ਦੀ ਬਹੁਤ ਲੋੜ ਹੈ। ਕਾਮਰੇਡ ਸੁਰਜੀਤ ਦੇ ਕਹਿਣ ‘ਤੇ ਪਰਾਲੀ ਨਾਲ ਭਰੀਆਂ ਟਰਾਲੀਆਂ ਤੇ ਟਰੱਕ ਵਹੀਰਾਂ ਘੱਤ ਕੇ ਬੰਗਾਲ ਜਾ ਪੁੱਜੇ। ਉਦੋਂ ਕਦੇ ਨਹੀਂ ਸੀ ਸੁਣਿਆ ਕਿ ਪਰਾਲੀ ਦੇ ਸਾੜਨ ਕਾਰਨ ਪ੍ਰਦੂਸ਼ਣ ਫੈਲ ਰਿਹਾ ਹੈ।

ਪਿਛਲੇ ਕੁਝ ਦਿਨਾਂ ਤੋਂ ਪੰਜਾਬ ਤੇ ਖਾਸ ਤੌਰ ‘ਤੇ ਦਿੱਲੀ ਵਿਚ ਪ੍ਰਦੂਸ਼ਣ ਦਾ ਮਸਲਾ ਬਦ ਤੋਂ ਬਦਤਰ ਹੁੰਦਾ ਜਾ ਰਿਹਾ ਹੈ। ਦਿੱਲੀ ਸ਼ਹਿਰ ਦੀਆਂ ਭੀੜੀਆਂ ਸੜਕਾਂ ਤੇ ਗਲੀਆਂ ਵਿਚ ਸ਼ਾਇਦ ਦੁਨੀਆਂ ਭਰ ਦੇ ਸਭ ਤੋਂ ਵੱਧ ਵਾਹਨ ਚਲਦੇ ਹਨ ਜਿਸ ਕਾਰਨ ਪਟਰੌਲ ਤੇ ਡੀਜ਼ਲ ਦਾ ਜ਼ਹਿਰੀਲਾ ਧੂੰਆਂ ਹਵਾ ਵਿਚ ਖੁੱਲ੍ਹ ਖੇਲ ਰਿਹਾ ਹੈ। ਇਸ ਮੌਸਮ ਵਿਚ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਵਲੋਂ ਝੋਨੇ ਦੀ ਪਰਾਲੀ ਸਾੜਨ ਨਾਲ ਉਠਦੇ ਧੂੰਏਂ ਨੇ ਬਲਦੀ ‘ਤੇ ਤੇਲ ਪਾਇਆ। ਭਰ ਸਰਦੀ ਦੇ ਮੌਸਮ ਕਾਰਨ ਪੈਦਾ ਹੁੰਦੀ ਧੁੰਦ ਨੇ ਆਬੋ ਹਵਾ ਨੂੰ ਹੋਰ ਵੀ ਸੰਘਣਾ ਕਰ ਦਿੱਤਾ ਹੈ ਜਿਸ ਕਾਰਨ ਘਾਤਕ ਬੀਮਾਰੀਆਂ ਤੋਂ ਇਲਾਵਾ ਸੜਕ ਹਾਦਸੇ ਵੀ ਹੋ ਰਹੇ ਹਨ। ਵਾਤਾਵਰਣ ਵਿਚ ਇਸ ਸਾਰੇ ਗੰਦੇ ਮਿਲਗੋਭੇ ਨੂੰ ਅੰਗਰੇਜ਼ੀ ਵਿਚ ਸਮੌਗ (ਸਮੋਗ=ੰਮੋਕe+ਾਂੋਗ) ਕਿਹਾ ਜਾਂਦਾ ਹੈ। ਪੰਜਾਬੀ ਦੀਆਂ ਕੁਝ ਅਖਬਾਰਾਂ ਨੇ ਇਸ ਲਈ ‘ਧੂੰਆਂਖ’ ਸ਼ਬਦ ਦੀ ਵਰਤੋਂ ਕੀਤੀ ਹੈ। ਆਮ ਭਾਸ਼ਾ ਵਿਚ ਇਸ ਨੂੰ ‘ਧੁਆਂਹਾ’ ਵੀ ਕਿਹਾ ਜਾਂਦਾ ਹੈ। ਭਾਵੇਂ ਧੂੰਆਂਖ/ਧੁਆਹਾਂ ਧੂੰਏਂ ਦੀ ਕਾਲਖ ਨੂੰ ਹੀ ਕਹਿੰਦੇ ਹਨ ਪਰ ਫਿਰ ਵੀ ਸਮੌਗ ਲਈ ਇਹ ਸ਼ਬਦ ਚੱਲ ਸਕਦੇ ਹਨ। ਕੁਝ ਵੀ ਹੋਵੇ, ਪ੍ਰਦੂਸ਼ਣ ਦੀ ਗੰਭੀਰ ਤੇ ਚਿੰਤਾਜਨਕ ਸਥਿਤੀ ਦੇ ਹੱਲ ਲਈ ਸਰਕਾਰੀ ਤੇ ਗੈਰਸਰਕਾਰੀ ਸੰਸਥਾਵਾਂ ਨੂੰ ਐਮਰਜੈਂਸੀ ਪੱਧਰ ‘ਤੇ ਹੱਥ ਪਾਉਣਾ ਚਾਹੀਦਾ ਹੈ, ਨਹੀਂ ਤਾਂ ਭਿਆਨਕ ਨਤੀਜੇ ਨਿਕਲਣਗੇ। ਪਰਾਲੀ ਨੂੰ ਬਿਲੇ ਲਾਉਣਾ ਸਾਡੇ ਵਿਚਾਰਨ ਦਾ ਵਿਸ਼ਾ ਨਹੀਂ, ਅਸੀਂ ਫਰੋਲਦੇ ਹਾਂ ਪਰਾਲੀ ਸ਼ਬਦ ਨੂੰ।
ਪਰਾਲੀ ਦਾ ਕੋਸ਼ਕ ਅਰਥ ਹੈ, ਝੋਨੇ ਦਾ ਫੂਸ ਅਰਥਾਤ ਧਾਨ ਦੀ ਕਟਾਈ ਪਿਛੋਂ ਬਚੀ ਰਹਿੰਦ-ਖੂਹੰਦ ਜਾਂ ਡੰਡਲ। ਇਸ ਨੂੰ ਪਰਾਲ ਤੇ ਪੁਆਲ ਵੀ ਕਿਹਾ ਜਾਂਦਾ ਹੈ। ਇਸ ਦੇ ਟਾਕਰੇ ਕਣਕ ਲਈ ਨਾੜ ਜਾਂ ਨਾਲ ਸ਼ਬਦ ਵਰਤਿਆ ਜਾਂਦਾ ਹੈ। ਉਂਜ ਪਰਾਲੀ ਝੋਨੇ ਤੋਂ ਇਲਾਵਾ ਬਾਜਰੇ, ਕਮਾਦ ਆਦਿ ਦੀ ਖੋਰੀ ਨੂੰ ਵੀ ਆਖਦੇ ਹਨ। ਇਹ ਸ਼ਬਦ ਢੇਰ ਸਮੇਂ ਤੋਂ ਸਾਡੀਆਂ ਭਾਸ਼ਾਵਾਂ ਵਿਚ ਵਰਤਿਆ ਜਾ ਰਿਹਾ ਹੈ ਭਾਵੇਂ ਕਿ ਪੰਜਾਬ ਵਿਚ ਇਸ ਦੀ ਵਧੇਰੇ ਵਰਤੋਂ ਕੋਈ ਸੱਤਰਵਿਆਂ ਵਿਚ ਸ਼ੁਰੂ ਹੋਏ ਕਥਿਤ ਹਰੇ ਇਨਕਲਾਬ ਦੌਰਾਨ ਹੋਈ। ਇਸ ਦੌਰ ਵਿਚ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਚਰੀ, ਬਾਜਰਾ, ਮੱਕਈ ਆਦਿ ਛੱਡ ਕੇ ਵੱਡੀ ਪੱਧਰ ‘ਤੇ ਝੋਨੇ ਦੀ ਬਿਜਾਈ ਸ਼ੁਰੂ ਕਰ ਦਿੱਤੀ ਤਾਂ ਵੱਡੀ ਮਾਤਰਾ ਵਿਚ ਪਰਾਲੀ ਵੀ ਆ ਬਿਰਾਜੀ। ਗੁਰੂ ਨਾਨਕ ਦੇਵ ਨੇ ਇਹ ਸ਼ਬਦ ਇਸ ਤਰ੍ਹਾਂ ਵਰਤਿਆ ਹੈ, “ਰੋਵਣ ਵਾਲੇ ਜੇਤੜੇ ਸਭਿ ਪੰਡ ਪਰਾਲਿ॥” ਪਰਾਲੀ ਇਕ ਵਿਅਰਥ ਜਿਹੀ ਚੀਜ਼ ਹੈ, ਇਸ ਲਈ ਇਸ ਦਾ ਵਿਸਤ੍ਰਿਤ ਅਰਥ ਵਿਅਰਥ, ਨਿਕੰਮਾ ਵੀ ਹੈ, “ਛੋਡਿ ਜਾਹਿ ਸੇ ਕਰਹਿ ਪਰਾਲ॥ ਕਾਮਿ ਨ ਆਵਹਿ ਸੇ ਜੰਜਾਲ॥” (ਗੁਰੂ ਅਰਜਨ ਦੇਵ)
ਸੁੱਕੇ ਫੂਸ ਜਾਂ ਪਰਾਲੀ ਦਾ ਰੰਗ ਪੀਲਾ ਹੁੰਦਾ ਹੈ, ਇਸ ਲਈ ਇਸ ਦਾ ਇਕ ਅਰਥ ਪਰਾਲੀ ਵਰਗਾ ਪੀਲਾ ਵੀ ਹੈ। ਸੱਤਾ ਬਲਵੰਡ ਦੀ ਵਾਰ ਵਿਚ ਇਹ ਸ਼ਬਦ ਇਸ ਤਰ੍ਹਾਂ ਆਇਆ ਹੈ, “ਗੁਰਸਿਖਾ ਕੇ ਮੁਖ ਉਜਲੇ ਮਨਮੁਖ ਥੀਏ ਪਰਾਲੀ॥” ਅਰਥਾਤ ਗੁਰੂ ਦੇ ਸਿੱਖਾਂ ਦੇ ਚਿਹਰੇ ਉਜਲੇ ਹਨ ਜਦਕਿ ਮਨਮੁਖਾਂ ਦੇ ਪਰਾਲੀ ਵਾਂਗ ਪੀਲੇ ਹਨ। ਲਹਿੰਦੇ ਪੰਜਾਬ ਵਿਚ ਇਸ ਦਾ ਇਕ ਅਰਥ ਬਿਸਤਰਾ ਜਾਂ ਸੱਥਰ ਵੀ ਮਿਲਦਾ ਹੈ। ਇਸ ਦਾ ਇਕ ਰੁਪਾਂਤਰ ਪਰਾਲਾ ਵੀ ਹੈ, “ਤਤੁ ਨ ਚੀਨਹਿ ਬੰਨਹਿ ਪੰਡ ਪਰਾਲਾ॥”
ਪਰਾਲ ਦਾ ਸੰਸਕ੍ਰਿਤ ਰੂਪ ਪਲਾਲ ਹੈ ਅਤੇ ਇਸ ਦਾ ਅਰਥ ਵੀ ਪਰਾਲੀ ਵਾਲਾ ਹੀ ਹੈ। ਪੰਜਾਬੀ ਵਿਚ ਇਹ ਸ਼ਬਦ ਪਰਾਲੀ ਦੇ ਅਰਥਾਂ ਵਿਚ ਵਰਤਿਆ ਨਹੀਂ ਮਿਲਦਾ ਜਾਂ ਬਹੁਤ ਘਟ ਵਰਤਿਆ ਜਾਂਦਾ ਹੋਵੇਗਾ। ਪਰਾਲੀ ਕਿਉਂਕਿ ਦਾਣੇ ਆਦਿ ਤੋਂ ਵਿਹੂਣੀ ਹੁੰਦੀ ਹੈ ਅਰਥਾਤ ਥੋਥੀ ਹੁੰਦੀ ਹੈ, ਇਸ ਲਈ ਇਹ ਸ਼ਬਦ ਕਿਧਰੇ ਕਿਧਰੇ ਸਾਰਹੀਣ, ਥੋਥੇ ਦੇ ਅਰਥਾਂ ਵਿਚ ਵਰਤਿਆ ਮਿਲਦਾ ਹੈ। ਦੂਜੇ ਪਾਸੇ ਇਸ ਦਾ ਬਹੁਤਾ ਖਲਾਰਾ ਹੋਣ ਕਾਰਨ ਇਹ ਪਖੰਡ, ਝਮੇਲਾ ਆਦਿ ਦੇ ਅਰਥਾਂ ਵਿਚ ਵੀ ਆਉਂਦਾ ਹੈ, ਖਾਸ ਤੌਰ ‘ਤੇ ਪਖੰਡ-ਪਲਾਲ ਸ਼ਬਦ ਜੁੱਟ ਵਜੋਂ। ਸੰਤ ਸਿੰਘ ਸੇਖੋਂ ਨੇ ‘ਬਾਬਾ ਬੋਹੜ’ ਵਿਚ ਇਸ ਦੀ ਵਰਤੋਂ ਕੀਤੀ ਹੈ,
ਹੁੰਦੀ ਲੋਕਾਂ ਵਿਚ ਜੇ ਟੁਟ ਜਾਵੇ ਜਾਲ
ਭਰਮ ਅਤੇ ਅਗਿਆਨ ਦਾ ਹੈ ਜਿਸ ਦੇ ਨਾਲ
ਫਾਥਾ ਰਾਜਿਆਂ ਰਾਣਿਆਂ, ਪਾਖੰਡ ਪਲਾਲ
ਜਿਸ ‘ਤੇ ਪੰਡਿਤ-ਮੌਲਵੀ ਪਾ ਦੇਂਦੇ ਪਾਲ।
ਗੁਲਾਮ ਫਰੀਦ ਨੇ ਇਸ ਸ਼ਬਦ ਨੂੰ ਇਸ ਤਰ੍ਹਾਂ ਆਪਣੀ ਇਕ ਕਾਫੀ ਵਿਚ ਪਰੋਇਆ ਹੈ,
ਦਿਲ ਲੁਬ ਹੈ ਕੋਨ ਮਕਾਂ ਦਾ,
ਦਿਲ ਗਾਇਤ ਅਸਲ ਜਹਾਂ ਦਾ।
ਦਿਲ ਮਰਕਜ਼ ਜ਼ਮੀਂ ਜ਼ਮਾਂ ਦਾ,
ਬਿਆ ਕੂੜ ਪਲਾਲ ਹਜਾਬੇ।
ਪੱਕ ਕੇ ਡਿਗੇ ਅੰਬਾਂ ਨੂੰ ਟਪਕਾ ਤੇ ਪਰਾਲੀ ਦੀਆਂ ਤਹਿਆਂ ਵਿਚ ਰੱਖ ਕੇ ਪਕਾਏ ਅੰਬਾਂ ਨੂੰ ਪੈਲੀ ਕਿਹਾ ਜਾਂਦਾ ਹੈ। ਨਿਰੁਕਤਸ਼ਾਸਤਰੀ ਟਰਨਰ ਅਨੁਸਾਰ ਇਥੇ ‘ਪੈਲੀ’ ਸ਼ਬਦ ‘ਪੱਕਣ’ ਦਾ ਵਿਕਸਿਤ ਰੂਪ ਹੈ ਪਰ ਵਧੇਰੇ ਤਾਰਕਿਕ ਪਰਾਲ ਹੀ ਲਗਦਾ ਹੈ। ਅਸਲ ਵਿਚ ਤਾਂ ਪਾਲ ਸ਼ਬਦ ਦਾ ਮੁਢਲਾ ਅਰਥ ਵੀ ਅੰਬ ਪਕਾਉਣ ਲਈ ਰੱਖੀਆਂ ਪਰਾਲੀ ਦੀਆਂ ਤਹਿਆਂ ਹੀ ਹੈ। ਕਹਾਵਤ ਹੈ, ‘ਅੰਬ ਪਾਲ ਦਾ, ਖਰਬੂਜਾ ਡਾਲ ਦਾ।’
ਸੰਸਕ੍ਰਿਤ ਵਿਚ ਇਕ ਸ਼ਬਦ ਆਉਂਦਾ ਹੈ, ‘ਪਲਾਲਦੋਹਦ’ ਜਿਸ ਦਾ ਸ਼ਾਬਦਿਕ ਅਰਥ ਤਾਂ ‘ਪਰਾਲੀ ਦੀ ਤਾਂਘ’ (ਦੋਹਦ=ਤਾਂਘ) ਹੈ ਪਰ ਇਹ ‘ਅੰਬ ਦੇ ਦਰਖਤ’ ਦਾ ਅਰਥਾਵਾਂ ਹੈ, ਇਸ ਵਿਚਾਰ ਤੋਂ ਕਿ ਪਕਾਏ ਜਾਣ ਲਈ ਅੰਬ ਪਰਾਲੀ ਨੂੰ ਤਾਂਘਦਾ ਹੈ। ਲਾਦੂ ਜਾਨਵਰ ਜਿਵੇਂ ਗਧਾ, ਘੋੜਾ, ਊਠ ਆਦਿ ‘ਤੇ ਪਾਈ ਜਾਣ ਵਾਲੀ ਕਾਠੀ ਜਾਂ ਤਾਹਰੂ ਨੂੰ ਪਲਾਣ ਜਾਂ ਪਲਾਣਾ ਕਿਹਾ ਜਾਂਦਾ ਹੈ। ਮੁਢਲੇ ਤੌਰ ‘ਤੇ ਇਹ ਘਾਹ-ਫੂਸ ਨਾਲ ਭਰੀ ਹੁੰਦੀ ਸੀ। ਸੰਸਕ੍ਰਿਤ ਵਿਚ ਪਲਾਲ ਦਾ ਰੂਪ ਪਲਾਲੀ ਵੀ ਮਿਲਦਾ ਹੈ। ਪ੍ਰਾਕ੍ਰਿਤ ਵਿਚ ਇਸ ਦੇ ਦੋਵੇਂ ਰੂਪ-ਪਲਾਲ ਅਤੇ ਪਰਾਲ ਹਨ। ਪਰਾਲੀ ਸ਼ਬਦ ਇਸ ਦਾ ਵਿਉਤਪਤ ਰੂਪ ਹੈ। ਥੋੜ੍ਹੇ-ਬਹੁਤੇ ਫਰਕ ਨਾਲ ਭਾਰਤ ਦੀਆਂ ਕਈ ਹਿੰਦ-ਆਰੀਆਈ ਭਾਸ਼ਾਵਾਂ ਵਿਚ ਇਹ ਸ਼ਬਦ ਮੌਜੂਦ ਹੈ।
ਪਰਾਲ/ਪਲਾਲ ਸ਼ਬਦ ਦਾ ਮੂਲ ਹੈ, ਸੰਸਕ੍ਰਿਤ ‘ਪਲ’ ਜਿਸ ਦਾ ਅਰਥ ਵੀ ਫੂਸ ਹੀ ਹੈ। ਪੰਜਾਬੀ ਵਿਚ ਇਸ ਸ਼ਬਦ ਦਾ ਅਰਥ ਫੂਸ ਨਹੀਂ ਹੈ ਪਰ ਹਿੰਦੀ ਵਿਚ ਹੈ। ਭਾਸ਼ਾ ਵਿਗਿਆਨੀਆਂ ਅਨੁਸਾਰ ਇਹ ਸ਼ਬਦ ਭਾਰੋਪੀ ਹੈ ਜਿਸ ਦਾ ਮੂਲ ‘ਫeਲ’ ਹੈ ਅਤੇ ਇਸ ਦਾ ਅਰਥ ਵੀ ਫੂਸ, ਪਰਾਲੀ ਹੈ। ਇਸ ਤੋਂ ਬਣੇ ਲਾਤੀਨੀ ਸ਼ਬਦ ਫਅਲeਅ ਦਾ ਅਰਥ ਫੂਸ, ਪਰਾਲੀ ਹੈ। ਇਹ ਸ਼ਬਦ ਫਰਾਂਸੀਸੀ ਰਾਹੀਂ ਅੰਗਰੇਜ਼ੀ ਵਿਚ ਪੁੱਜਾ ਤਾਂ ਇਸ ਦਾ ਹੁਲੀਆ ਸੀ, ਫਅਲਲeਟ। ਅੰਗਰੇਜ਼ੀ ਪੈਲਟ ਦਾ ਮਤਲਬ ਹੁੰਦਾ ਹੈ, ਅਜਿਹੀ ਗੱਦੀ ਜੋ ਘਾਹ-ਫੂਸ ਨਾਲ ਭਰੀ ਹੋਵੇ। ਅਮਰੀਕਾ ਵਿਚ ਫਰਸ਼ ਨਾਲ ਜਾ ਲੱਗਦੇ ਬਹੁਤ ਨੀਵੇਂ ਮੰਜੇ ਨੂੰ ਪੈਲਟ ਕਿਹਾ ਜਾਂਦਾ ਹੈ। ਇਹ ਖਾਸ ਤੌਰ ‘ਤੇ ਬੱਚਿਆਂ ਲਈ ਬਣਾਇਆ ਜਾਂਦਾ ਹੈ।
ਪਿਛੇ ਅਸੀਂ ਜ਼ਿਕਰ ਕਰ ਆਏ ਹਾਂ ਕਿ ਲਹਿੰਦੇ ਪੰਜਾਬ ਵਿਚ ਪਰਾਲੀ ਦਾ ਇਕ ਅਰਥ ਸੱਥਰ ਵੀ ਹੈ। ਸਮਾਨ ਇਧਰ-ਉਧਰ ਲੈ ਜਾਣ ਲਈ ਲੱਕੜੀ ਆਦਿ ਦੇ ਘੜਵੰਜੀ ਵਰਗੇ ਚੌਖਟੇ ਨੂੰ ਵੀ ਪੈਲਟ ਕਿਹਾ ਜਾਂਦਾ ਹੈ, ਮਾਨੋ ਇਹ ਸਮਾਨ ਦਾ ਮੰਜਾ ਬਿਸਤਰਾ ਹੀ ਹੈ। ਅੰਗਰੇਜ਼ੀ ਫਅਲਿਅਸਸe ਦਾ ਵੀ ਇਹੋ ਅਰਥ ਹੈ ਅਤੇ ਇਹ ਵੀ ਲਾਤੀਨੀ ਫਅਲeਅ ਦਾ ਵਿਕਸਿਤ ਰੂਪ ਹੀ ਹੈ।