ਕੇਹਾ ਕੇਸਰੀ ਰੰਗ!

ਵਰਿਆਮ ਸਿੰਘ ਸੰਧੂ ਪੰਜਾਬੀ ਦਾ ਜ਼ਹੀਨ ਕਹਾਣੀਕਾਰ ਹੈ। ਪੇਂਡੂ ਪਿੱਠਭੂਮੀ ‘ਤੇ ਲਿਖੀਆਂ ਉਸ ਦੀਆਂ ਕਹਾਣੀਆਂ ਵਿਚ ਲੋਕ ਦਰਦ ਡੁਲ੍ਹ ਡੁਲ੍ਹ ਪੈਦਾ ਹੈ। ਪਹਿਲਾਂ ਉਸ ਨੇ ਨਕਸਲੀ ਲਹਿਰ ਅਤੇ ਫਿਰ ਖਾੜਕੂ ਲਹਿਰ ਦਾ ਸੇਕ ਆਪਣੇ ਪਿੰਡੇ ‘ਤੇ ਹੰਢਾਇਆ। ਪਾਠਕ ਜਿਉਂ ਕਹਾਣੀ ਪੜ੍ਹਨੀ ਸ਼ੁਰੂ ਕਰਦਾ ਹੈ ਤਾਂ ਬਸ ਇਸ ਵਹਿਣ ਵਿਚ ਹੀ ਵਹਿ ਜਾਂਦਾ ਹੈ। ਇਸ ਲੇਖ ਲੜੀ ਵਿਚ ਉਸ ਨੇ ਆਪਣੀ ਜ਼ਿੰਦਗੀ ਦੇ ਕੁਝ ਪੱਤਰੇ ਫੋਲੇ ਹਨ, ਜੋ ਪਾਠਕਾਂ ਨਾਲ ਸਾਂਝੇ ਕਰ ਰਹੇ ਹਾਂ। ਪੇਸ਼ ਹੈ ਇਸ ਲੇਖ ਲੜੀ ਦੀ ਦੂਜੀ ਕਿਸ਼ਤ।

-ਸੰਪਾਦਕ

ਵਰਿਆਮ ਸੰਧੂ

ਪੰਜਾਬ ‘ਤੇ ਵੀ ਉਦੋਂ ਬੜੇ ਮਾੜੇ ਦਿਨ ਚੱਲ ਰਹੇ ਸਨ। ਜਮੀਨ ‘ਤੇ ਕਾਬਜ਼ ਧਿਰ ਮੈਨੂੰ ‘ਪਾਸੇ’ ਕਰਨ ਲਈ ਕਿਸੇ ਵੀ ਤਥਾ-ਕਥਿਤ ਖਾੜਕੂ ਧਿਰ ਦੀ ਮਦਦ ਲੈ ਸਕਦੀ ਸੀ। ਮੈਨੂੰ ਧੁਰ ਅੰਦਰੋਂ ਇਸ ਖਤਰੇ ਦਾ ਅਹਿਸਾਸ ਵੀ ਸੀ। ਉਹ ਜ਼ਾਹਿਰਾ ਤੌਰ ‘ਤੇ ਮੈਨੂੰ ਮਾਰਨ ਦੀਆਂ ਧਮਕੀਆਂ ਤੇ ਡਰਾਵੇ ਦਿੰਦੇ ਵੀ ਰਹੇ। ਪਰ ਮੈਂ ਅਡੋਲ ਰਿਹਾ। ਇਸੇ ਖਤਰੇ ਨੂੰ ਮੁਖ ਰੱਖ ਕੇ ਹੀ ਮੇਰਾ ਸਾਹਿਤਕਾਰ ਮਿੱਤਰ ਅੱਧ-ਵਿਚਾਲਿਓਂ ਜੇ ਮੇਰਾ ਸਾਥ ਛੱਡ ਗਿਆ ਸੀ ਤਾਂ ਉਹ ਅਤੇ ਉਸ ਦੇ ਮਾਪੇ ਆਪਣੀ ਥਾਂ ਬਿਲਕੁਲ ਹੱਕ-ਬ-ਜਾਨਬ ਸਨ ਕਿਉਂਕ ਮੇਰਾ ਆਪਣਾ ਭਰਾ ਵੀ, ਜਿਸ ਨੇ ਜਮੀਨ ਵਿਚੋਂ ਅੱਧ ਲੈਣਾ ਸੀ, ਮੇਰੇ ਨਾਲ ਇਸ ਮਸਲੇ ਵਿਚ ਸਰਗਰਮ ਸਹਿਯੋਗ ਤੋਂ ਇਨਕਾਰੀ ਸੀ। ਨਾ ਹੀ ਉਹ ਸਮਾਂ ਅਤੇ ਸਾਥ ਤੇ ਨਾ ਹੀ ਹੋ ਰਹੇ ਖਰਚੇ ਦਾ ਹਿੱਸਾ ਦੇ ਰਿਹਾ ਸੀ। ਕਹਿੰਦਾ ਸੀ, ਜਦੋਂ ਜਮੀਨ ਵਿਕ ਗਈ, ਮੈਂ ਉਸ ਦਾ ਖਰਚੇ ਦਾ ਬਣਦਾ ਹਿੱਸਾ ਕੱਟ ਲਵਾਂ! ਘਰ ਦੇ ਕਾਰੋਬਾਰ ਨੂੰ ਛੱਡ ਕੇ ਮੇਰੇ ਨਾਲ ਖੱਜਲ ਹੋਣਾ ਉਸ ਨੂੰ ਗਵਾਰਾ ਨਹੀਂ ਸੀ। ਉਸ ਨੂੰ ਤੇ ਉਸ ਦੇ ਨਜਦੀਕੀ ਸਲਾਹਕਾਰਾਂ ਨੂੰ ਇਹ ਆਸ ਵੀ ਨਹੀਂ ਸੀ ਕਿ ਏਨੇ ਸਾਲਾਂ ਦੇ ਪਰਾਏ ਕਬਜ਼ੇ ਤੋਂ ਬਾਅਦ ਮੈਂ ਜਮੀਨ ਦਾ ਕੁੱਝ ਕਰ ਕਰਾ ਵੀ ਸਕਾਂਗਾ! ਜਮੀਨ ਦੀ ਨਿਸ਼ਾਨਦੇਹੀ ਲਈ ਜੇ ਉਸ ਨੂੰ ਇੱਕ ਦਿਨ ਲਈ ਮਲੋਟ ਬੁਲਾਇਆ ਵੀ ਤਾਂ ਉਹ, ਇਹ ਜਾਣੇ ਬਗ਼ੈਰ ਕਿ ਮੈਂ ਕਿਸ ਹਾਲ ਵਿਚ ਹਾਂ, ਮੈਨੂੰ ਮਿਲੇ ਬਿਨਾ ਹੀ ਵਾਪਸ ਪਿੰਡ ਪਰਤ ਗਿਆ ਸੀ। ਮੈਨੂੰ ਤਾਂ ਇਹ ਵੀ ਸ਼ੱਕ ਹੈ ਕਿ ਉਹ ਗਿਆ ਵੀ ਸੀ ਜਾਂ ਨਹੀਂ!
ਇਸ ਜਮੀਨ ਦੇ ਸਿਲਸਿਲੇ ਵਿਚ ਜਿਵੇਂ ਪਹਿਲੀਆਂ ਵੇਲੇ ਮਾਮਾ ਹਰਦੀਪ ਬੇਗ਼ਰਜ਼ ਹੋ ਕੇ ਮੇਰੇ ਕੰਮ ਆਇਆ ਸੀ ਅਤੇ ਕਈ ਕਈ ਦਿਨ ਮੇਰੇ ਨਾਲ ਖੱਜਲ-ਖਰਾਬ ਹੁੰਦਾ ਰਿਹਾ ਸੀ, ਉਸ ਨੇ ਮੇਰੇ ਮਨ ਵਿਚ ਉਸ ਦੀ ਬੜੀ ਡੂੰਘੀ ਕਦਰ ਬਣਾ ਦਿੱਤੀ ਸੀ। ਪਰ ਅਚਨਚੇਤ ਕੁਝ ਅਜਿਹਾ ਵਾਪਰ ਗਿਆ ਕਿ ਸਾਡੇ ਦੋਵਾਂ ਦੇ ਰਿਸ਼ਤਿਆਂ ਵਿਚ ਡੂੰਘੀ ਦਰਾੜ ਪੈ ਗਈ। ਜਮੀਨ ਦਾ ਸੌਦਾ ਹੋਣ ਵੇਲੇ ਉਸ ਦਾ ਮੇਰੇ ਨਾਲ ਬੋਲਚਾਲ ਉਕਾ ਹੀ ਬੰਦ ਸੀ। ਇਹੋ ਕਾਰਨ ਸੀ ਕਿ ਮੈਂ ਉਨ੍ਹਾਂ ਦਿਨਾਂ ਦਾ ਤਣਾਓ ਇਕੱਲੇ ਨੇ ਹੀ ਆਪਣੇ ਤਨ-ਮਨ ‘ਤੇ ਭੋਗਿਆ।
ਸਾਡੇ ਆਪਸੀ ਮੋਹ-ਭਿੱਜੇ ਰਿਸ਼ਤੇ ਨੂੰ ਪੰਜਾਬ ਦੇ ਉਨ੍ਹਾਂ ਵੇਲਿਆਂ ਦੇ ਮਾਹੌਲ ਵਿਚਲੇ ਪ੍ਰਦੂਸ਼ਣ ਨੇ ਆਪਣੀ ਲਪੇਟ ਵਿਚ ਲੈ ਲਿਆ ਸੀ। ਬਲੂ-ਸਟਾਰ ਆਪ੍ਰੇਸ਼ਨ ਤੋਂ ਲਗਭਗ ਮਹੀਨਾ ਕੁ ਬਾਅਦ ਕੁਝ ਨੌਜਵਾਨਾਂ ਨੇ ਰੰਜ ਅਤੇ ਗੁੱਸੇ ਦਾ ਪ੍ਰਗਟਾਵਾ ਕਰਨ ਲਈ ਹਵਾਈ ਜ਼ਹਾਜ਼ ਅਗਵਾ ਕਰ ਲਿਆ ਸੀ। ਹਰਦੀਪ ਉਸ ਦਿਨ ਪਿੰਡੋਂ ਅੰਮ੍ਰਿਤਸਰ ਕਿਸੇ ਕੰਮ ਆਇਆ ਹੋਇਆ ਸੀ। ਉਸ ਨੇ ਉਥੇ ਇਹ ਖਬਰ ਸੁਣੀ ਤੇ ਸ਼ਾਮ ਨੂੰ ‘ਇਸ ਖਬਰ ਵਿਚਲੀ ਖੁਸ਼ੀ’ ਮੇਰੇ ਨਾਲ ਸਾਂਝੀ ਕਰਨ ਲਈ ਆਪਣੇ ਪਿੰਡ ਜਾਣ ਦੀ ਥਾਂ ਮੇਰੇ ਕੋਲ ਆ ਗਿਆ। ਜਦੋਂ ਉਹ ਮੇਰੇ ਘਰ ਦੇ ਗਾਡੀ ਦਰਵਾਜ਼ੇ ਦੀ ਵੱਡੀ ਬਾਰੀ ਵਿਚੋਂ ਸਿਰ ਝੁਕਾ ਕੇ ਅੰਦਰ ਲੰਘਿਆ ਤਾਂ ਸਭ ਤੋਂ ਪਹਿਲਾਂ ਮੈਨੂੰ ਉਸ ਦੇ ਸਿਰ ‘ਤੇ ਪੱਗ ਦੀ ਥਾਂ ਕੇਸਰੀ ਪਟਕਾ ਬੱਝਾ ਦਿਖਾਈ ਦਿੱਤਾ। ਉਸ ਦੇ ਹੱਥਾਂ ਵਿਚ ਰਸੇ ਹੋਏ ਦੁਸਹਿਰੀ ਅੰਬਾਂ ਵਾਲਾ ਲਿਫਾਫਾ ਸੀ।
ਇਸ ਸਮੇਂ ਪੰਜਾਬ ਦੇ ਸਿੱਖਾਂ ਦੀ ਬਹੁ-ਗਿਣਤੀ ਡੂੰਘੇ ਮਾਨਸਿਕ ਸੰਤਾਪ ਵਿਚੋਂ ਲੰਘ ਰਹੀ ਸੀ। ਲੋਕ ਦਰਬਾਰ ਸਾਹਿਬ ‘ਤੇ ਹੋਏ ਹਮਲੇ, ਕਤਲੋ-ਗਾਰਤ, ਫੌਜ ਦੀਆਂ ਵਧੀਕੀਆਂ ਅਤੇ ਅਕਾਲ ਤਖਤ ਦੇ ਢਹਿ ਜਾਣ ਦੇ ਸਦਮੇ ਨਾਲ ਵੈਰਾਗੇ ਤੇ ਨਮੋਸ਼ੀ ਵਿਚ ਢੱਠੇ ਮਹਿਸੂਸ ਕਰ ਰਹੇ ਸਨ। ਉਹ ਡਾਢੇ ਮਾਯੂਸ ਤੇ ਬੇਬੱਸ ਸਨ। ਆਪਣੇ ਰੋਹ ਅਤੇ ਗੁੱਸੇ ਦਾ ਖਾਮੋਸ਼ ਪ੍ਰਗਟਾਵਾ ਕਰਨ ਲਈ ਕੇਸਰੀ ਰੰਗ ਉਨ੍ਹਾਂ ਦਾ ਆਸਰਾ ਬਣਿਆ ਸੀ। ਨੌਜਵਾਨਾਂ ਦੀ ਵੱਡੀ ਗਿਣਤੀ ਕੇਸਰੀ ਪਟਕੇ ਤੇ ਪੱਗਾਂ ਬੰਨ੍ਹਣ ਲੱਗੀ ਸੀ। ਜਹਾਜ਼ ਅਗਵਾ ਦੀ ਘਟਨਾ ਨਾਲ ਉਨ੍ਹਾਂ ਨੇ ਆਪਣੀਆਂ ਸ਼ਰਮਸਾਰ ਅੱਖਾਂ ਉਚੀਆਂ ਕਰ ਕੇ ਉਤਾਂਹ ਨੂੰ ਵੇਖਿਆ। ਮਾਮਾ ਹਰਦੀਪ ਅੱਜ ਇਨ੍ਹਾਂ ਉਚੀਆਂ ਉਠੀਆਂ ਅੱਖਾਂ ਦੇ ਹਵਾਲੇ ਨਾਲ ਪੰਜਾਬ ਦਾ ਭਵਿੱਖ ਵੇਖ ਰਿਹਾ ਸੀ। ਬਲੂ-ਸਟਾਰ ਆਪ੍ਰੇਸ਼ਨ ਤੋਂ ਪਿੱਛੋਂ ਉਹ ਮੈਨੂੰ ਪਹਿਲੀ ਵਾਰ ਮਿਲ ਰਿਹਾ ਸੀ ਅਤੇ ਮੈਂ ਉਸ ਅੰਦਰ ਆਈ ਤਬਦੀਲੀ ਨੂੰ ਭਲੀ-ਭਾਂਤ ਵੇਖ ਤੇ ਸਮਝ ਰਿਹਾ ਸਾਂ। ਮੈਨੂੰ ਉਸ ਦਾ ਗੁੱਸਾ, ਨਮੋਸ਼ੀ ਅਤੇ ਅੱਜ ਦੀ ਘਟਨਾ ਨਾਲ ਪ੍ਰਾਪਤ ਤਸੱਲੀ ਦੇ ਅਰਥ ਸਮਝ ਆਉਂਦੇ ਸਨ।
ਅਗਲੇ ਦਿਨਾਂ ਵਿਚ ਮੈਨੂੰ ਪਤਾ ਲੱਗਾ ਕਿ ਮਾਮੇ ਦੇ ਕੇਸਰੀ ਪਟਕੇ ਦਾ ਰੰਗ ਉਸ ਦੇ ਦਿਲ ਅੰਦਰ ਵੀ ਘੁਲਣਾ ਸ਼ੁਰੂ ਹੋ ਗਿਆ ਸੀ। ਉਸ ਨੇ ਤੇ ਉਸ ਦੀ ਸਿੰਘਣੀ ਨੇ ਅੰਮ੍ਰਿਤ ਛਕ ਲਿਆ ਸੀ। ਉਸ ਦੇ ਪ੍ਰਭਾਵ ਅਧੀਨ ਹੀ ਕੋਹਾਲੀ ਤੇ ਚੈਨਪੁਰ ਵਾਲੀਆਂ ਮੇਰੀਆਂ ਮਾਸੀਆਂ ਦੇ ਮੁੰਡਿਆਂ ਨੇ ਵੀ ਅੰਮ੍ਰਿਤ ਛਕ ਲਿਆ ਸੀ। ਮਾਮਾ ਸਟੇਨਗੰਨਾਂ ਲੈ ਕੇ ਸਰਕਾਰ ਵਿਰੁੱਧ ਲੜਨ ਵਾਲੇ ਨੌਜਵਾਨਾਂ ਦਾ ਸਹਾਇਕ ਤੇ ਸਲਾਹਕਾਰ ਬਣ ਗਿਆ ਸੀ। ਉਹ ਉਸ ਕੋਲ ਰਾਤ-ਬਰਾਤੇ ਆਉਂਦੇ, ਆਪਣਾ ਘਰ ਸਮਝ ਕੇ ਲੰਗਰ-ਪਾਣੀ ਛਕਦੇ। ਉਹ ਉਨ੍ਹਾਂ ਦਾ ‘ਬਾਪੂ’ ਬਣ ਗਿਆ ਸੀ ਅਤੇ ਇਲਾਕੇ ਵਿਚ ਹਰਦੀਪ ਸਿੰਘ ‘ਖਾਲਸਾ’ ਵਜੋਂ ਪ੍ਰਸਿੱਧ ਹੋ ਗਿਆ ਸੀ।
ਮੈਂ ਉਨ੍ਹੀਂ ਦਿਨੀਂ ਕਦੀ ਉਸ ਕੋਲ ਗਿਆ ਨਹੀਂ ਸਾਂ। ਉਸ ਦੀ ਬਹਿਕ ‘ਤੇ ਜਾਣਾ ਮੈਨੂੰ ਖਤਰੇ ਵਾਲੀ ਗੱਲ ਲੱਗਦੀ। ਉਸ ਬਾਰੇ ਇਹ ਸਾਰੀ ਸੂਚਨਾ ਮੈਨੂੰ ਬੀਬੀ ਅਤੇ ਛੋਟੇ ਭਰਾ ਸੁਰਿੰਦਰ ਕੋਲੋਂ ਮਿਲਦੀ ਰਹਿੰਦੀ। ਉਹ ਆਪ ਵੀ ਦੋ ਕੁ ਵਾਰ ਮੇਰੇ ਕੋਲ ਉਨ੍ਹੀਂ ਦਿਨੀਂ ਪਿੰਡ ਆਇਆ ਜਦੋਂ ਸਾਡੇ ਸਨੇਹੀ ਰਿਸ਼ਤੇਦਾਰ ਅਜਾਇਬ ਸਿੰਘ ਪੱਟੀ ਵਾਲੇ ਕੋਲੋਂ ਖਾੜਕੂਆਂ ਨੇ ਵੱਡੀ ਰਕਮ ਮੰਗ ਲਈ ਸੀ ਤੇ ਮੰਗ ਪੂਰੀ ਨਾ ਕਰ ਸਕਣ ‘ਤੇ ਉਨ੍ਹਾਂ ਨੇ ਉਸ ਦੇ ਘਰ ‘ਤੇ ਦੋ ਵਾਰ ਬੜੀ ਮਾਰੂ ਫਾਇਰਿੰਗ ਕੀਤੀ ਸੀ। ਅਜਾਇਬ ਸਿੰਘ ਨੂੰ ਮੁਸ਼ਕਿਲ ਵਿਚ ਜਾਣ ਕੇ ਬੀਬੀ ਨੇ ਹੀ ਹਰਦੀਪ ਸਿੰਘ ‘ਖਾਲਸਾ’ ਨੂੰ ਕਿਹਾ ਸੀ ਕਿ ਉਹ ਆਪਣੇ ਜਾਣਕਾਰ ਗੁਰਬਚਨ ਸਿੰਘ ਮਾਨੋਚਾਹਲ ਨੂੰ ਮਿਲ ਕੇ ਅਜਾਇਬ ਸਿੰਘ ਦਾ ‘ਛੁਟਕਾਰਾ’ ਕਰਾਵੇ, ਕਿਉਂਕਿ ਮਾਨੋਚਾਹਲ ਦੀ ‘ਫੋਰਸ’ ਦੇ ਮੁੰਡੇ ਹੀ ਉਸ ਦੇ ਪਰਿਵਾਰ ਦੀ ਜਾਨ ਦੇ ਦੁਸ਼ਮਣ ਬਣੇ ਬੈਠੇ ਸਨ। ‘ਖਾਲਸਾ’ ਅਜਾਇਬ ਸਿੰਘ ਦੇ ਪਰਿਵਾਰ ਦੀ ‘ਬੰਦ-ਖਲਾਸੀ’ ਵਿਚ ਸਹਾਇਕ ਬਣਿਆ ਸੀ।
ਉਹ ਆਪਣੇ ਰਾਹ ‘ਤੇ ਏਨਾ ਅੱਗੇ ਜਾ ਚੁੱਕਾ ਸੀ ਕਿ ਮੈਂ ਪੁਰਾਣੇ ਮੋਹ ਅਤੇ ਮਾਣ ਦਾ ਵਾਸਤਾ ਦੇ ਕੇ ਉਸ ਨੂੰ ਪਿੱਛੇ ਮੁੜਨ ਲਈ ਨਹੀਂ ਸਾਂ ਆਖ ਸਕਦਾ। ਪਰ ਫਿਰ ਵੀ ਉਹ ਜਦੋਂ ਮੇਰੇ ਕੋਲ ਆਉਂਦਾ ਤਾਂ ਮੈਂ ਖਾੜਕੂਆਂ ਦੇ ਸਿੱਖੀ-ਸੋਚ ਦੇ ਵਿਪਰੀਤ ਭੈੜੇ ਕਿਰਦਾਰ ਬਾਰੇ ਉਸ ਨੂੰ ਪ੍ਰਸ਼ਨ ਜ਼ਰੂਰ ਕਰਦਾ। ਉਸ ਅਨੁਸਾਰ ਉਹ ਆਪ ਉਨ੍ਹਾਂ ਦੇ ਅਜਿਹੇ ਵਿਹਾਰ ਦਾ ਨਿੰਦਕ ਸੀ; ਉਹ ਖਾੜਕੂਆਂ ਦੀਆਂ ਨਜਾਇਜ਼ ਲੁੱਟਾਂ-ਖੋਹਾਂ ਅਤੇ ਬੇਗੁਨਾਹਾਂ ਦੀ ਕਤਲੋ-ਗਾਰਤ ਦਾ ਵਿਰੋਧੀ ਸੀ; ਖਾੜਕੂਆਂ ਦੇ ਧੱਕੇ, ਨਜਾਇਜ਼ ਮੰਗਾਂ ਅਤੇ ਪਾਈਆਂ ਮੁਸ਼ਕਿਲਾਂ ਦੇ ਸਤਾਏ ਲੋਕ ਉਸ ਕੋਲ ਆਪਣੇ ਫੈਸਲੇ ਕਰਵਾਉਣ ਲਈ ਆਉਂਦੇ ਰਹਿੰਦੇ ਸਨ ਤੇ ਉਹ ਜਿੱਥੋਂ ਤੱਕ ਸੰਭਵ ਹੁੰਦਾ ਉਨ੍ਹਾਂ ਦੇ ਕੰਮ ਆਉਂਦਾ; ਖਾੜਕੂਆਂ ਦੇ ਗਲਤ ਵਿਹਾਰ ਪ੍ਰਤੀ ਆਪਣੇ ਗਿਲੇ ਸ਼ਿਕਵੇ ਉਨ੍ਹਾਂ ਦੇ ਵੱਡੇ ਆਗੂਆਂ ਤੱਕ ਪਹੁੰਚਾਉਂਦਾ ਰਹਿੰਦਾ ਅਤੇ ਅਕਸਰ ਆਪਣੇ ਕੋਲ ਆਉਂਦੇ ਰਹਿਣ ਵਾਲਿਆਂ ਨੂੰ ਸਮਝਾਉਂਦਾ ਵੀ ਰਹਿੰਦਾ। ਪਰ, ਉਹ ਆਖਦਾ, ਉਹ ਉਨ੍ਹਾਂ ਦੀ ‘ਕੌਮ ਲਈ ਕਸ਼ਟ ਸਹਿੰਦਿਆਂ ਕੁਰਬਾਨ ਹੋ ਜਾਣ ਦੀ ਭਾਵਨਾ’ ਦਾ ਮੁਦੱਈ ਸੀ ਅਤੇ ਮਦਦਗਾਰ ਵੀ। ਉਹ ‘ਸਿੱਖ-ਪੰਥ ‘ਤੇ ਬਣੀ ਭੀੜ’ ਸਮੇਂ ਉਨ੍ਹਾਂ ਦੇ ਹਰ ਤਰ੍ਹਾਂ ਅੰਗ-ਸੰਗ ਸੀ; ਪਿੱਛੇ ਮੁੜਨ ਦਾ ਤਾਂ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ। ਇਲਾਕੇ ਦੇ ਲੋਕ ਉਸ ਤੋਂ ਭੈਅ ਵੀ ਮੰਨਦੇ ਸਨ ਪਰ ਉਸ ਦੇ ਬਜ਼ੁਰਗੀ ਵਾਲੇ ਲੋਕ-ਹਿਤੈਸ਼ੀ ਅਕਸ ਦਾ ਆਦਰ ਵੀ ਕਰਦੇ ਸਨ। ਉਹ ਉਨ੍ਹਾਂ ਦੇ ਕੰਮਾਂ ਲਈ ਠਾਣੇ ਠਪਾਣੇ ਵੀ ਜਾਂਦਾ ਰਹਿੰਦਾ ਸੀ। ਪੁਲਿਸ ਵਾਲੇ ਲੁਕਵੇਂ ਭੈਅ ਕਾਰਨ ਉਸ ਦੀ ਸੁਣਦੇ ਵੀ ਸਨ।
ਬੱਸ ਇਨ੍ਹਾਂ ਹੀ ਦਿਨਾਂ ਵਿਚ ਕੁਝ ਅਜਿਹਾ ਵਾਪਰਿਆ ਕਿ ਸਾਡਾ ਬਹੁਤ ਹੀ ਮਧੁਰ ਤੇ ਸੁਖਾਵਾਂ ਰਿਸ਼ਤਾ ਅਸਹਿਜ ਹੋ ਗਿਆ ਤੇ ਅਸੀਂ ਇੱਕ ਦੂਜੇ ਤੋਂ ਦੂਰ ਹੋ ਗਏ।
ਵੱਡੇ ਮਾਮੇ ਗੁਰਦੀਪ ਦੀ ਧੀ ਦਾ ਵਿਆਹ ਸੀ। ਵਿਆਹ ਤੋਂ ਪਹਿਲੀ ਰਾਤ ਮੈਂ ਦੇਰ ਰਾਤ ਗਏ ਆਪਣੀ ਪਤਨੀ ਤੇ ਬੱਚਿਆਂ ਸਮੇਤ ਉਨ੍ਹਾਂ ਦੀ ਬਹਿਕ ‘ਤੇ ਪੁੱਜਾ। ਦੋਵਾਂ ਭਰਾਵਾਂ ਦੇ ਘਰ ਨਾਲ ਨਾਲ ਸਨ; ਕੇਵਲ ਵਿਚਕਾਰਲੇ ਵਿਹੜੇ ਵਿਚ ਦੋ ਕੁ ਫੁੱਟ ਉਚੀ ਬੰਨੀ ਦੇ ਨਾਲ ਦੋਵੀਂ ਪਾਸੀਂ ਡੰਗਰਾਂ ਦੇ ਬੰਨ੍ਹਣ ਲਈ ਲੰਮੀਆਂ ਖੁਰਲੀਆਂ ਬਣੀਆਂ ਹੋਈਆਂ ਸਨ। ਇਨ੍ਹਾਂ ਖੁਰਲੀਆਂ ਉਤੋਂ ਟੱਪ ਕੇ ਅਸਾਨੀ ਨਾਲ ਇੱਕ-ਦੂਜੇ ਦੇ ਘਰ ਆ-ਜਾ ਸਕੀਦਾ ਸੀ। ਰਾਤ ਨੂੰ ਰੋਟੀ-ਪਾਣੀ ਤੋਂ ਵਿਹਲੇ ਹੋਣ ਪਿੱਛੋਂ ਜਨਾਨੀਆਂ ਨੂੰ ਮਾਮੇ ਗੁਰਦੀਪ ਸਿੰਘ ਦੇ ਘਰ ਠਹਿਰਾਇਆ ਗਿਆ ਅਤੇ ਮਰਦਾਂ ਨੂੰ ਹਰਦੀਪ ਸਿੰਘ ਖਾਲਸਾ ਦੇ ਘਰ। ਉਸ ਨੇ ਅਜੇ ਨਵਾਂ ਨਵਾਂ ਕੋਠੀ-ਨੁਮਾ ਘਰ ਪਾਇਆ ਸੀ ਅਤੇ ਸਾਰੇ ਮਰਦ ਪ੍ਰਾਹੁਣੇ ਵੱਖ ਵੱਖ ਖੁੱਲ੍ਹੇ ਕਮਰਿਆਂ ਵਿਚ ਆਪਣੇ ਬਿਸਤਰੇ ਮੱਲ ਕੇ ਬੈਠ ਗਏ। ਅਜਿਹੇ ਮੌਕੇ, ਜਦੋਂ ਸਾਰੇ ਰਿਸ਼ਤੇਦਾਰ ਦੇਰ ਬਾਅਦ ਇਕੱਠੇ ਹੋਏ ਹੁੰਦੇ ਹਨ ਤਾਂ ਸੁੱਖ-ਸਾਂਦ ਪੁੱਛਣ ਤੋਂ ਇਲਾਵਾ ਏਧਰ-ਓਧਰ ਦੇ ਟੋਟਕਿਆਂ ਦੇ ਨਾਲ ਜ਼ਮਾਨੇ ਭਰ ਦੀਆਂ ਗੱਲਾਂ ਵੀ ਹੋਣੀਆਂ ਹੁੰਦੀਆਂ ਹਨ। ਗੱਲਾਂ ਕਰਦਿਆਂ ਅਤੇ ਹਾਸਾ-ਠੱਠਾ ਕਰਦਿਆਂ ਰਾਤ ਦਾ ਇੱਕ-ਡੇਢ ਵੱਜ ਗਿਆ ਜਦੋਂ ‘ਖਾਲਸਾ’ ਨੇ ਐਲਾਨ ਕੀਤਾ ਕਿ ਸਾਰੇ ਸੌਂ ਜਾਣ ਕਿਉਂਕਿ ਵੇਲੇ ਸਿਰ ਉਠ ਕੇ ਤੇ ਨਹਾ ਧੋ ਕੇ ਸਵੇਰੇ ਜੰਝ ਦੇ ਸਵਾਗਤ ਲਈ ਤਿਆਰ ਵੀ ਹੋਣਾ ਹੈ। ਮੇਰੇ ਨੇੜਲੇ ਮੰਜੇ ਵਾਲੇ ਰਿਸ਼ਤੇਦਾਰ ਨੇ ਹੌਲੀ ਜਿਹੀ ਵੱਖੀਆਂ ‘ਚ ਹੱਸਦਿਆਂ ਕਿਹਾ, “ਭਾਈਆ ਸੌਂ ਹੀ ਜਾਈਏ, ਜਥੇਦਾਰ ਦਾ ਕੀ ਪਤਾ, ਜੇ ਹੁਕਮ ਨਾ ਮੰਨਿਆਂ ਤਾਂ ਸਦਾ ਲਈ ਸੁਆ ਦੇਣ ਦਾ ਹੁਕਮ ਹੀ ਨਾ ਸੁਣਾ ਦੇਵੇ!”
ਇੱਕ ਤਾਂ ਥਾਂ ਓਪਰਾ ਸੀ ਤੇ ਦੂਜਾ ਅਜਿਹੇ ਇਕੱਠ ਵਿਚ ਮੈਨੂੰ ਨੀਂਦ ਵੀ ਛੇਤੀ ਨਹੀਂ ਆਉਂਦੀ। ਮਸਾਂ ਅੱਖ ਲੱਗੀ। ਅਜੇ ਸੁੱਤਿਆਂ ਦੋ-ਢਾਈ ਘੰਟੇ ਹੀ ਹੋਏ ਹੋਣਗੇ ਕਿ ਕਿਸੇ ਨੇ ਉਚੀ ਆਵਾਜ਼ ਵਿਚ ਪਾਠ ਕਰਨਾ ਸ਼ੁਰੂ ਕਰ ਦਿੱਤਾ। ਮੇਰੀ ਅੱਖ ਖੁੱਲ੍ਹ ਗਈ। ਪਾਠ ਕਰਨ ਵਾਲਾ ਹਰਦੀਪ ਸਿੰਘ ‘ਖਾਲਸਾ’ ਸੀ। ਸਾਰੇ ਕਮਰਿਆਂ ਦੇ ਦਰਵਾਜ਼ੇ ਇੱਕ ਦੂਜੇ ਵਿਚ ਖੁੱਲ੍ਹਦੇ ਸਨ। ਉਸ ਦੀ ਬੁਲੰਦ ਆਵਾਜ਼ ਸਾਰੇ ਕਮਰਿਆਂ ਵਿਚ ਗੂੰਜ ਰਹੀ ਸੀ। ਸੁੱਤੇ ਹੋਏ ਸਾਰੇ ਪ੍ਰਾਹੁਣੇ ਜਾਗ ਪਏ ਤੇ ਉਸਲਵੱਟੇ ਲੈਣ ਲੱਗੇ।
ਦਿਨ-ਚੜ੍ਹੇ ਬਾਹਰ ਧੁੱਪ ਵਿਚ ਬੈਠ ਕੇ ਸਾਰੇ ਸਵੇਰ ਦਾ ਚਾਹ-ਪਾਣੀ ਛਕ ਰਹੇ ਸਨ। ਗੱਲਾਂ ਬਾਤਾਂ ਚੱਲ ਰਹੀਆਂ ਸਨ। ਕਿਸੇ ਨੇ ਕਿਹਾ ਕਿ ਉਸ ਨੂੰ ਤਾਂ ਖਾਲਸਾ ਜੀ ਦੇ ਪਾਠ ਕਰਨ ਤੋਂ ਪਿੱਛੋਂ ਮੁੜ ਕੇ ਨੀਂਦ ਹੀ ਨਹੀਂ ਆਈ। ਖਾਲਸਾ ਕੋਲ ਹੀ ਬੈਠਾ ਸੀ। ਮੈਂ ਆਖਿਆ, “ਮਾਮਾ! ਨੀਂਦ ਤਾਂ ਮੇਰੀ ਵੀ ਖਰਾਬ ਹੋ ਗਈ। ਤੂੰ ਪਾਠ ਮੂੰਹ ਵਿਚ ਕਰਨਾ ਸੀ, ਚੁੱਪ-ਚੁਪੀਤੇ। ਹੋਰਨਾਂ ਨੂੰ ਕਿਉਂ ਜਗਾਇਆ?”
“ਅੰਮ੍ਰਿਤ ਵੇਲੇ ਰੱਬ ਦਾ ਨਾਂ ਲੈਣਾ ਤੇ ਸੁਣਨਾ ਪੁੰਨ ਦਾ ਕੰਮ ਹੁੰਦਾ ਹੈ। ਤੇਰੇ ਵਰਗਿਆਂ ਨੂੰ ਕੀ ਪਤਾ! ਤੂੰ ਤਾਂ ਨਾਸਤਿਕ ਬੰਦਾ ਏਂ। ਤੇਰਾ ਹੱਕ ਹੀ ਨਹੀਂ ਬਣਦਾ ਕਿ ਉਚੀ ਪਾਠ ਕਰਨ ਜਾਂ ਨਾ ਕਰਨ ਬਾਰੇ ਕੁਝ ਬੋਲੇਂ।”
ਉਸ ਦੇ ਬੋਲਾਂ ਵਿਚਲਾ ਰੁੱਖਾਪਨ ਅਤੇ ਲੁਕਵੀਂ ਜਿਹੀ ਧਮਕੀ ਦਾ ਅਨੁਮਾਨ ਲਾ ਕੇ ਮੈਂ ਤਾਂ ਬੌਂਦਲ ਹੀ ਗਿਆ। ਉਹ ਤਾਂ ਮੇਰਾ ਯਾਰ ਮਾਮਾ ਸੀ। ਮੇਰੇ ਦੁਖ-ਸੁਖ ਦਾ ਨੇੜਲਾ ਭਿਆਲ। ਹਰ ਮੁਸ਼ਕਿਲ ਵੇਲੇ ਮੇਰੀ ਬਾਂਹ ਬਣ ਕੇ ਖਲੋਣ ਵਾਲਾ। ਅਸੀਂ ਇੱਕ ਦੂਜੇ ਨੂੰ ਵੱਡੇ ਤੋਂ ਵੱਡਾ ਮਖੌਲ ਕਰਦੇ ਤੇ ਸਹਿੰਦੇ ਰਹੇ ਸਾਂ। ਮੇਰੇ ਤਾਂ ਚਿੱਤ-ਖਿਆਲ ਵੀ ਨਹੀਂ ਸੀ ਕਿ ਮਾਮਾ ਮੇਰੇ ਪ੍ਰਤੀ ਅਜਿਹਾ ਹਮਲਾਵਰ ਰੁਖ ਅਖਤਿਆਰ ਕਰੇਗਾ।
“ਚਲੋ ਮੈਨੂੰ ਬਹੁਤਾ ਪਤਾ ਨਾ ਵੀ ਹੋਵੇ ਪਰ ਹਜ਼ਾਰਾਂ-ਲੱਖਾਂ ਲੋਕ ਤਾਂ ਰੋਜ਼ ਹੀ ਮੇਰੇ ਵਾਂਗ ਹੀ ਬੋਲਦੇ ਤੇ ਮੰਦਰਾਂ-ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਤਰਲੇ ਮਾਰਦੇ ਰਹਿੰਦੇ ਨੇ ਕਿ ਘੱਟੋ ਘੱਟ ਇਮਤਿਹਾਨਾਂ ਦੇ ਦਿਨਾਂ ਵਿਚ ਤਾਂ ਉਹ ਆਪਣੇ ਲਾਊਡ-ਸਪੀਕਰ ਬੰਦ ਜਾਂ ਧੀਮੇ ਰੱਖਣ ਕਿਉਂਕਿ ਉਨ੍ਹਾਂ ਦੇ ਬੱਚਿਆਂ ਦੀ ਜ਼ਿੰਦਗੀ ਤੇ ਭਵਿੱਖ ਦਾ ਸਵਾਲ ਹੈ; ਇਸ ਸ਼ੋਰ ਵਿਚ ਉਨ੍ਹਾਂ ਲਈ ਪੜ੍ਹਨਾ ਤੇ ਇਮਤਿਹਾਨ ਦੀ ਤਿਆਰੀ ਕਰਨੀ ਬਹੁਤ ਔਖੀ ਹੁੰਦੀ ਹੈ। ਸਾਰੀ ਦਿਹਾੜੀ ਕੰਮ ਕਰ ਕੇ ਥੱਕੇ ਆਏ ਲੋਕਾਂ ਨੂੰ ਆਈ ਡੂੰਘੀ ਨੀਂਦ ਵਿਚ ਜਿਵੇਂ ਇਹ ਸ਼ੋਰ ਖਲਲ ਪਾਉਂਦਾ ਹੈ ਅਤੇ ਇਸ ਨਾਲ ਬਜ਼ੁਰਗਾਂ ਤੇ ਬੀਮਾਰਾਂ ਨੂੰ ਜਿਹੜੀ ਅਸੁਵਿਧਾ ਹੁੰਦੀ ਹੈ, ਉਸ ਦਾ ਵੀ ਕਦੀ ਕਿਸੇ ਨੂੰ ਖਿਆਲ ਆਇਆ ਹੈ!”
ਲਾਗੋਂ ਕਿਸੇ ਹੋਰ ਨੇ ਹੌਲੀ ਜਿਹੀ ਮੇਰੀ ਹਾਮੀ ਭਰੀ, “ਸਾਡੇ ਗੁਰਦਵਾਰੇ ਵਾਲਾ ਬਾਬਾ ਤਾਂ ਸਵੇਰੇ ਚਾਰ ਵਜੇ ਉਠ ਕੇ ਪਾਠ ਦੀ ਕੈਸਿਟ ਲਾ ਦਿੰਦਾ ਹੈ ਤੇ ਬਾਕੀ ਸਾਰੇ ਪਿੰਡ ਨੂੰ ਜਗਾ ਕੇ ਆਪ ਰਜਾਈ ਵਿਚ ਵੜ ਕੇ ਕੰਨ ਵਲ੍ਹੇਟ ਕੇ ਸੌਂ ਜਾਂਦਾ ਹੈ।”
ਇਸ ਗੱਲ ‘ਤੇ ਮਾੜਾ ਜਿਹਾ ਹਾਸਾ ਛਣਕਿਆ ਤਾਂ ਮਾਮਾ ਹਰਦੀਪ ਤਣ ਕੇ ਬੈਠ ਗਿਆ ਅਤੇ ਇੱਕ ਹੋਰ ਤਿੱਖਾ ਤੀਰ ਮੇਰੇ ਵੱਲ ਛੱਡਿਆ।
“ਇਹ ਬਾਣੀ ਧੁਰੋਂ ਆਈ ਹੈ। ਇਸ ਕਲਜੁਗ ਵਿਚ ਇਹੋ ਹੀ ਸਾਡਾ ਸਭ ਤੋਂ ਵੱਡਾ ਆਸਰਾ ਹੈ ਤੇ ਸਾਡੀ ਗੁਰਬਾਣੀ ਬਾਰੇ ਤੇਰਾ ਇਹੋ ਜਿਹੇ ਲਫਜ਼ਾਂ ਵਿਚ ਗੱਲ ਕਰਨਾ ਸੋਭਦਾ ਨਹੀਂ। ਤੈਨੂੰ ਪਤਾ ਹੋਣਾ ਚਾਹੀਦੈ ਕਿ ਤੂੰ ਕੀ ਬੋਲ ਰਿਹੈਂ ਤੇ ਕੀਹਦੇ ਅੱਗੇ ਬੋਲ ਰਿਹੈਂ?”
“ਪਿਆਰੇ ਖਾਲਸਾ ਜੀ ਗੁਰਬਾਣੀ ਜਿੰਨੀ ਤੁਹਾਡੇ ਜਿਹੇ ‘ਧਰਮੀਆਂ’ ਦੀ ਹੈ ਓਨੀ ਹੀ ਮੇਰੇ ਵਰਗੇ ‘ਪਾਪੀਆਂ’ ਦੀ ਵੀ ਹੈ। ਇਸੇ ਗੁਰਬਾਣੀ ਨੇ ਮੈਨੂੰ ਵੀ ਸਮਝ ਦਿੱਤੀ ਹੈ ਕਿ ਭਾਵੇਂ ਉਮਰ ਭਰ ਗੱਡਿਆਂ ਦੇ ਗੱਡੇ ਪੁਸਤਕਾਂ ਦਾ ਪਾਠ ਕਰੀ ਜਾਓ ਪਰ ਇਸ ਪਾਠ ਨੂੰ ਪੜ੍ਹਣ-ਪੜ੍ਹਾਉਣ ਦਾ ਓਨਾ ਚਿਰ ਕੋਈ ਲਾਭ ਨਹੀਂ ਜਿੰਨਾਂ ਚਿਰ ਅਸੀਂ ਖੁਦ ਹਉਮੈ ਤੋਂ ਮੁਕਤ ਨਹੀਂ ਹੁੰਦੇ। ਅਗਲੇ ਦੀ ਇੱਛਾ ਅਤੇ ਲੋੜ ਤੋਂ ਬਿਨਾ ਉਚੀ ਉਚੀ ਬੋਲ ਕੇ ਉਸ ਨੂੰ ਪਾਠ ਸੁਨਾਉਣਾ ਆਪਣੀ ਆਤਮਾ ਦੀ ਸ਼ੁਧੀ ਨਾਲੋਂ ਵੱਧ ਆਪਣੀ ਭਗਤੀ ਦੀ ਹਉਮੈ ਦਾ ਵਿਖਾਲਾ ਕਰਨਾ ਹੀ ਹੈ।”
ਮਾਮਾ ਲੰਮੀ ਬਹਿਸ ਵਿਚ ਪੈਣ ਦੀ ਥਾਂ ਇੱਕ ਨੁਕਤੇ ‘ਤੇ ਹੀ ਅੜ ਗਿਆ, “ਨਹੀਂ, ਗੁਰਬਾਣੀ ਤੁਹਾਡੀ ਨਹੀਂ। ਤੁਸੀਂ ਸਾਡੇ ਗੁਰੂਆਂ ਤੇ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਕੁਝ ਨਹੀਂ ਲੱਗਦੇ ਅਤੇ ਨਾ ਹੀ ਇਨ੍ਹਾਂ ਬਾਰੇ ਬੋਲਣ ਦਾ ਤੁਹਾਨੂੰ ਹੱਕ ਹੈ। ਤੁਸੀਂ ਤਾਂ ਨਾ ਧਰਮ ਨੂੰ ਮੰਨੋ ਤੇ ਨਾ ਰੱਬ ਨੂੰ। ਅਸੀਂ ਆਪਣੇ ਧਰਮ ਵਿਚ ਕਿਸੇ ਨੂੰ ਦਖਲ-ਅੰਦਾਜ਼ੀ ਕਰਨ ਦਾ ਅਤੇ ਫਜ਼ੂਲ ਬੋਲਣ ਦਾ ਹੱਕ ਨਹੀਂ ਦੇ ਸਕਦੇ।
ਉਹਦੇ ਤੇਜ਼-ਤਿੱਖੇ ਬੋਲ ਸੁਣ ਕੇ ਕੋਹਾਲੀ ਵਾਲੀ ਮਾਸੀ ਦੇ ਦੋਵੇਂ ਜਵਾਨ ਮੁੰਡੇ ਮਾਮੇ ਦੇ ਸਹਾਇਕ ਤੇ ‘ਅੰਗ-ਰੱਖਿਅਕ’ ਬਣ ਕੇ ਉਹਦੇ ਮੋਢਿਆਂ ਪਿੱਛੇ ਖਲੋ ਗਏ।
“ਠੀਕ ਆ, ਆਹੋ ਕਿ!” ਉਹ ਵੀ ਗੁੱਸੇ ਵਿਚ ਨਾਸਾਂ ਫਰਕ ਰਹੇ ਸਨ। ਦਸਵੀਂ ਵਿਚੋਂ ਵਾਰ ਵਾਰ ਫੇਲ੍ਹ ਹੋਣ ਪਿੱਛੋਂ ਤਿੰਨ-ਚਾਰ ਸਾਲ ਪਹਿਲਾਂ ਅੰਤਮ ਆਸਰੇ ਵਜੋਂ ਮੇਰੇ ਸਕੂਲ ਨੂੰ ਸੈਂਟਰ ਬਣਾਇਆ ਸੀ ਤੇ ਮੇਰੇ ਰਾਹੀਂ ਮਰਵਾਈ ਨਕਲ ਨਾਲ ਮਸਾਂ ਦਸਵੀਂ ਜਮਾਤ ਦਾ ਭਵ-ਸਾਗਰ ਟੱਪੇ ਸਨ। ਅੱਜ ਉਹ ਵੀ ਪੰਥ ਦੀ ਬੇੜੀ ਨੂੰ ਮੋਢਾ ਦੇਣ ਵਾਲੇ ਵੱਡੇ ਮਲਾਹ ਬਣੇ ਖਲੋਤੇ ਸਨ ਅਤੇ ਅਗਲੀ ‘ਕਾਰਵਾਈ’ ਲਈ ਆਪਣੇ ਜਥੇਦਾਰ ਦਾ ਹੁਕਮ ਉਡੀਕ ਰਹੇ ਸਨ।
ਸਾਡੀ ਗੱਲ-ਬਾਤ ਵਿਚਲੀ ਤਲਖੀ ਨੂੰ ਭਾਂਪ ਕੇ ਨਾਲ ਬੈਠੇ ਰਿਸ਼ਤੇਦਾਰਾਂ ਵਿਚੋਂ ਇੱਕ ਦੋ ਨੇ ਧੀਮੀ ਆਵਾਜ਼ ਵਿਚ ਸਾਨੂੰ ‘ਛੱਡੋ ਪਰ੍ਹੇ’ ਆਖ ਕੇ ਚੁੱਪ ਹੋ ਜਾਣ ਲਈ ਵੀ ਕਿਹਾ। ਪਰ ਖਾਲਸਾ ਜੀ ਵੱਲੋਂ ਲਏ ਪੈਂਤੜੇ ਕਰਕੇ ਮੇਰੇ ਲਈ ਚੁੱਪ ਰਹਿਣਾ ਔਖਾ ਹੋ ਗਿਆ।
“ਜਿਵੇਂ ਗੁਰਬਾਣੀ ਮੇਰੀ ਵੀ ਹੈ ਉਸੇ ਤਰ੍ਹਾਂ ਗੁਰੂ ਵੀ ਮੇਰੇ ਓਨੇ ਹੀ ਆਪਣੇ ਹਨ ਤੇ ਗੁਰੂ ਗ੍ਰੰਥ ਸਾਹਿਬ ਵੀ ਮੇਰਾ ਹੈ। ਤੁਹਾਡੇ ਆਖਣ ‘ਤੇ ਇਹ ਤੁਹਾਡੇ ਇਕੱਲਿਆਂ ਦੇ ਨਹੀਂ ਹੋ ਜਾਣ ਲੱਗੇ। ਮੈਂ ਸਿੱਖ ਗੁਰੂਆਂ ਵੱਲੋਂ ਦੱਬੇ-ਕੁਚਲੇ ਲੋਕਾਂ ਲਈ ਲੜੇ ਸੰਘਰਸ਼ ਦਾ ਦਿਲੋਂ ਡੂੰਘਾ ਆਦਰ ਵੀ ਕਰਦਾ ਹਾਂ ਅਤੇ ਉਸ ਤੋਂ ਆਪਣੀ ਜ਼ਿੰਦਗੀ ਵਿਚ ਅਗਵਾਈ ਵੀ ਲੈਂਦਾ ਹਾਂ। ਮੈਨੂੰ ਆਪਣੀ ਇਸ ਸ਼ਾਨਾਂ-ਮੱਤੀ ਵਿਰਾਸਤ ‘ਤੇ ਮਾਣ ਵੀ ਹੈ।
“ਅੱਗੇ ਤੂੰ ਬੜਾ ਸੰਘਰਸ਼ ਕੀਤੈ ਕਿ! ਕੀ ਕਰ ਲਿਆ ਸੀ ਤੁਸਾਂ ਆਪਣੇ ਸੰਘਰਸ਼ ਨਾਲ? ਵੱਡੇ ਇਨਕਲਾਬੀ ਬਣੇ ਫਿਰਦੇ ਸੋ। ਕਿੱਥੇ ਹੈ ਤੁਹਾਡਾ ਇਨਕਲਾਬ? ਸਿਵਾਇ ਧਰਮ ਨੂੰ ਗਾਲ੍ਹਾਂ ਕੱਢਣ ਤੋਂ ਤੁਸੀਂ ਕੀਤਾ ਹੀ ਕੀ ਹੈ?”
ਹਰਦੀਪ ਮਿਹਣਿਆਂ ‘ਤੇ ਉਤਰ ਆਇਆ ਸੀ।
“ਮੈਂ ਤਾਂ ਜਿਹੋ ਜਿਹਾ ਤੇ ਜਿੰਨਾ ਕੁ ਸੰਘਰਸ਼ ਕਰ ਸਕਦਾ ਸਾਂ, ਕੀਤਾ ਹੀ ਹੈ। ਨਹੀਂ ਹੋ ਸਕਿਆ ਤਾਂ ਮੇਰੀ ਜਾਂ ਸਾਡੀ ਸੀਮਾ ਹੋ ਸਕਦੀ ਹੈ। ਮੈਂ ਤਾਂ ਦੋ-ਚਾਰ ਵਾਰ ਜੇਲ੍ਹ-ਯਾਤਰਾ ਦਾ ਸਵਾਦ ਵੀ ਚੱਖਿਆ ਹੈ। ਜਿੰਨਾ ਕੁ ਕੀਤਾ ਸੀ ਓਨੀ ਕੁ ਕੀਮਤ ਵੀ ਤਾਰੀ ਹੈ। ਪਰ ਤੁਸੀਂ ਕਿਹੜੇ ਜਮਰੌਦ ਦੇ ਕਿਲ੍ਹੇ ਫਤਿਹ ਕਰ ਲਏ ਨੇ! ਘਰ ਬਹਿ ਕੇ ਜਥੇਦਾਰੀਆਂ ਕਰਨੀਆਂ ਤੇ ਦਹਿਸ਼ਤ ਫੈਲਾਉਣੀ ਸੌਖੀ ਹੈ। ਕੁਝ ਚਿਰ ਮੈਦਾਨ ਵਿਚ ਉਤਰ ਕੇ ਵੀ ਵਿਖਾਓ ਖਾਲਸਾ ਜੀ!”
ਗੁੱਸੇ ਵਿਚ ਮੈਂ ਵੀ ਆਪਣੀ ‘ਏਕੀ ਮੇਕੀ ਢੇਕੀ’ ਕਰੀ ਜਾ ਰਿਹਾ ਸਾਂ ਕਿ ਖਾਲਸਾ ਜੀ ਦੀ ਪਤਨੀ, ਮੇਰੀ ਛੋਟੀ ਮਾਮੀ, ਦੂਜੇ ਘਰੋਂ ਮੇਰੀ ਪਤਨੀ ਨੂੰ ਬਾਹੋਂ ਧੂੰਹਦੀ ਆਣ ਪਹੁੰਚੀ। ਉਹ ਸਾਡੀਆਂ ਗੱਲਾਂ ਸੁਣ ਕੇ ਹੀ ਮੇਰੀ ਪਤਨੀ ਵੱਲ ਭੱਜੀ ਗਈ ਸੀ ਕਿ ਮੈਨੂੰ ਆਪਣੇ ਮਾਮੇ ਨਾਲ ‘ਝਗੜਾ’ ਕਰਨ ਤੋਂ ਰੋਕੇ।
ਸਾਡਾ ਵਾਰਤਾਲਾਪ ਸੁਣ ਕੇ ਮਾਮੀ ਤਮਕ ਕੇ ਬੋਲੀ, “ਅਸੀਂ ਤਾਂ ਅੱਗੇ ਰੋਜ਼ ਉਹਦੇ ਅੱਗੇ ਹੱਥ ਜੋੜਦੇ ਆਂ; ਜੇ ਤੇਰੇ ਆਖੇ ਉਹ ਸਟੇਨ ਚੁੱਕ ਕੇ ਤੁਰ ਪਿਆ ਤਾਂ ਮੇਰੇ ਨਿਆਣਿਆਂ ਨੂੰ ਤੂੰ ਰੋਟੀ ਦਵੇਂਗਾ?”
“ਮਾਮੀ, ਜਦੋਂ ਮੈਂ ਤੁਰਿਆ ਸਾਂ ਤਾਂ ਮੇਰੇ ਨਿਆਣਿਆਂ ਨੂੰ ਰੋਟੀ ਦੇਣ ਤੁਸੀਂ ਨਹੀਂ ਸਾਓ ਗਏ। ਸਭ ਕੁਝ ਆਪਣੀ ਜੀਅ ਜਵਾਨੀ ‘ਤੇ ਹੀ ਕਰਨਾ ਪੈਂਦਾ ਹੈ।”
“ਸਭ ਕੁਝ ਆਪਣੀ ਜੀਅ ਜਵਾਨੀ ‘ਤੇ ਹੀ ਕਰਦੇ ਆਂ ਤੇ ਕਰਾਂਗੇ ਵੀ। ਤੈਨੂੰ ਤੁਰ ਕੇ ਵੀ ਵਿਖਾ ਦਿਆਂਗੇ। ਤੇ ਕਿਲ੍ਹੇ ਵੀ ਵੇਖੀਂ; ਕਿਵੇਂ ਫਤਿਹ ਹੁੰਦੇ ਨੇ! ਤੇ ਤੈਨੂੰ ਵੀ ਵੇਖ ਲਵਾਂਗੇ।” ਮਾਮੇ ਨੇ ਅੰਤਿਮ ਐਲਾਨ ਕਰ ਦਿੱਤਾ।
ਮੇਰੀ ਪਤਨੀ ਮੈਨੂੰ ਬਾਹੋਂ ਫੜ ਕੇ ਉਠਾਉਣ ਲੱਗੀ। ‘ਖਾਲਸਾ’ ਬਣੇ ਹਰਦੀਪ ਸਿੰਘ ਦਾ ਵਾਰਤਾਲਾਪ ਸੁਣ ਕੇ ਓਥੇ ਹੋਰ ਬੈਠਣ ਦੀ ਤੁਕ ਵੀ ਕੋਈ ਨਹੀਂ ਸੀ ਰਹਿ ਗਈ। ਮੈਂ ਪਤਨੀ ਨੂੰ ਕਿਹਾ ਕਿ ਉਹ ਦੂਜੇ ਘਰੋਂ ਆਪਣੇ ਸਮਾਨ ਸਮੇਤ ਬੱਚਿਆਂ ਨੂੰ ਵੀ ਲੈ ਆਵੇ।
ਸਾਰੀ ‘ਸੰਗਤ’ ਮੰਜਿਆਂ ‘ਤੇ ਧੁੱਪੇ ਸੱਜੀ ਬੈਠੀ ਸੀ ਜਦੋਂ ਅਸੀਂ ਉਨ੍ਹਾਂ ਦੇ ਕੋਲੋਂ ਉਠੇ। ਆਪਣਾ ਬੈਗ ਚੁਕਿਆ, ਬੱਚਿਆਂ ਨੂੰ ਉਂਗਲੀ ਲਾਇਆ ਤੇ ਘਰੋਂ ਜਾਣ ਲਈ ਬਾਹਰ ਵੱਲ ਤੁਰਨਾ ਸ਼ੁਰੂ ਕੀਤਾ। ਮੈਨੂੰ ਹੁਣ ਯਾਦ ਨਹੀਂ ਕਿ ਮੇਰੇ ਮਨ ਵਿਚ ਇਹ ਖਿਆਲ ਆਇਆ ਵੀ ਸੀ ਕਿ ਨਹੀਂ ਕਿ ਹੁਣੇ ਮਾਮਾ ਹਰਦੀਪ ਉਠੇਗਾ ਤੇ ਮੇਰੇ ਕੋਲ ਆ ਕੇ ਮੇਰਾ ਬੈਗ ਫੜ ਕੇ ਮੋਹ ਨਾਲ ‘ਬੰਦਾ ਬਣ ਕੇ’ ਘਰ ਨੂੰ ਪਿੱਛੇ ਮੁੜ ਆਉਣ ਲਈ ਕਹੇਗਾ। ਪਰ ਨਾ ਉਸ ਨੇ ਅਤੇ ਨਾ ਹੀ ਕਿਸੇ ਹੋਰ ਰਿਸ਼ਤੇਦਾਰ ਨੇ ਸਾਨੂੰ ਰੁਕ ਜਾਣ ਲਈ ਆਖਿਆ।
ਮੇਰੀ ਬੱਚੀ ਨੇ ਪੁੱਛਿਆ, “ਡੈਡੀ ਜੰਝ ਤਾਂ ਅਜੇ ਆਈ ਵੀ ਨਹੀਂ ਤੇ ਆਪਾਂ ਚਲੇ ਵੀ ਚੱਲੇ ਹਾਂ।”
ਮੈਂ ਬੱਚੀ ਨੂੰ ਚੁੱਪ-ਚਾਪ ਆਪਣੇ ਨਾਲ ਤੁਰੇ ਆਉਣ ਲਈ ਕਿਹਾ।
ਮਾਮੇ ਦੇ ਸਾੜਵੇਂ ਬੋਲਾਂ ਨਾਲ ‘ਸਾਂ ਸਾਂ” ਕਰ ਰਹੇ ਮੇਰੇ ਕੰਨ ਅਜੇ ਵੀ ਪਿੱਛੋਂ ਕਿਸੇ ਦੇ ਪੈਰਾਂ ਦੀ ਬਿੜਕ ਸੁਣਨਾ ਲੋਚਦੇ ਸਨ।
ਅਗਲੇ ਦਿਨ ਵਿਆਹ ਤੋਂ ਪਰਤ ਕੇ ਆਏ ਮੇਰੇ ਭਰਾ ਸੁਰਿੰਦਰ ਕੋਲੋਂ ਜਦੋਂ ਮੈਂ ਆਪਣੇ ਤੁਰ ਆਉਣ ਪਿੱਛੋਂ ਕੱਲ੍ਹ ਦੀ ਘਟਨਾ ਬਾਰੇ ਹੋਏ ਪ੍ਰਤੀਕਰਮ ਬਾਰੇ ਪੁੱਛਿਆ ਤਾਂ ਉਸ ਨੇ ਕੋਲ ਖਲੋਤੀ ਬੀਬੀ ਵੱਲ ਵੇਖਿਆ ਤੇ ਛਿੱਥਾ ਜਿਹਾ ਹੱਸਦਿਆਂ ‘ਖੁਸ਼ਖਬਰੀ’ ਦਿੱਤੀ, “ਖਾਲਸਾ ਤੇ ਕੋਹਾਲੀ ਵਾਲੀ ਮਾਸੀ ਦੇ ਮੁੰਡੇ ਤਾਂ ਪੂਰੇ ਗੁੱਸੇ ਵਿਚ ਸਨ। ਖਾਲਸਾ ਆਖਦਾ ਸੀ ਕਿ ਜੇ ਅੱਜ ਵਿਆਹ ਵਾਲਾ ਦਿਨ ਨਾ ਹੁੰਦਾ ਤਾਂ ਉਹ ਜਿਉਂਦਾ ਬਚ ਕੇ ਨਹੀਂ ਸੀ ਜਾਂਦਾ।”
ਤਾਂ ਸਾਡੇ ਤੁਰਸ਼ ਵਾਰਤਾਲਾਪ ਦਾ ਇਹ ਅੰਤ ਹੋਣ ਵਾਲਾ ਸੀ! ਨਹੀਂ ਇਹ ਨਹੀਂ ਹੋ ਸਕਦਾ! ਜ਼ਰੂਰ ਝੂਠ ਹੈ। ਮੇਰਾ ਪਿਆਰਾ ਯਾਰ ਮਾਮਾ ਮੈਨੂੰ ਕਤਲ ਕਰਨ ਤੱਕ ਵੀ ਸੋਚ ਸਕਦਾ ਹੈ! ਨਹੀਂ ਹਰਗ਼ਿਜ਼ ਨਹੀਂ! ਮੈਂ ਨੇੜੇ ਖਲੋਤੀ ਬੀਬੀ ਵੱਲ ਵੇਖਿਆ। ਉਹ ਵੀ ਕੱਲ੍ਹ ਸਾਡਾ ਰੌਲਾ ਸੁਣ ਕੇ ਇਕੱਠੀ ਹੋ ਗਈ ਬੰਦੇ-ਬੁਢੀਆਂ ਦੀ ਭੀੜ ਵਿਚ ਸ਼ਾਮਲ ਸੀ।
“ਕਿਉਂ ਬੀਬੀ?” ਮੇਰੀਆਂ ਸਵਾਲੀਆ ਨਜ਼ਰਾਂ ਉਸ ਦੇ ਚਿਹਰੇ ‘ਤੇ ਗੱਡੀਆਂ ਹੋਈਆਂ ਸਨ। ਪਰ ਬੀਬੀ ਕੁਝ ਨਾ ਬੋਲੀ। ਉਸ ਨੇ ਘੁੱਟ ਕੇ ਬੁੱਲ੍ਹ ਮੀਚੇ ਹੋਏ ਸਨ ਤੇ ਮੇਰੇ ਵੱਲ ਵੇਖਣ ਦੀ ਥਾਂ ਸਿੱਧਾ ਖਿਲਾਅ ਵੱਲ ਵੇਖੀ ਜਾਂਦੀ ਸੀ।
ਮੈਨੂੰ ਮੇਰੇ ਸਵਾਲ ਦਾ ਜਵਾਬ ਮਿਲ ਗਿਆ ਸੀ।
ਪਤਾ ਤਾਂ ਮੈਨੂੰ ਇਹ ਵੀ ਲੱਗ ਗਿਆ ਸੀ ਕਿ ਵਿਆਹ ਉਤੇ ‘ਸਿੰਘ’ ਵੀ ਆਏ ਹੋਏ ਸਨ ਅਤੇ ਉਹ ਮਾਮੇ ਦੀ ਮੈਨੂੰ ਦਿੱਤੀ ਧਮਕੀ ਵਿਚਲੇ ‘ਅਧੂਰੇ ਕਾਰਜ’ ਨੂੰ ਪੂਰਾ ਕਰਨ ਦੀ ‘ਆਗਿਆ’ ਵੀ ਮੰਗ ਰਹੇ ਸਨ!
ਇਸ ਤੋਂ ਦੋ ਦਿਨ ਬਾਅਦ ਮਾਮਾ ਮੇਰੇ ਘਰ ਦੇ ਵੱਡੇ ਦਰਵਾਜ਼ੇ ਦੀ ਬਾਰੀ ਵਿਚੋਂ ਲੰਘਦਾ ਨਜ਼ਰ ਆਇਆ। ਅਸੀਂ ਦੋਵੇਂ ਜੀਅ ਬਾਹਰ ਵਿਹੜੇ ਵਿਚ ਧੁੱਪੇ ਬੈਠੇ ਹੋਏ ਸਾਂ। ਉਹ ਤੇਜ਼ ਕਦਮੀ ਦਗੜ ਦਗੜ ਤੁਰਦਾ ਸਾਡੇ ਕੋਲ ਪੁੱਜਾ। ਅਸੀਂ ਉਠ ਕੇ ਖਲੋ ਗਏ। ਇੱਕ ਪਲ ਲਈ ਇਹ ਖਿਆਲ ਵੀ ਮਨ ਵਿਚ ਆਇਆ ਕਿ ਖਬਰੇ ਮਾਮਾ ‘ਤੈਨੂੰ ਵੀ ਵੇਖ ਲਵਾਂਗੇ’ ਵਾਲੀ ਧਮਕੀ ਸੱਚ ਕਰਨ ਆਇਆ ਹੋਵੇ। ਮੈਂ ਉਸ ਨੂੰ ਸਾਹਮਣੇ ਕਮਰੇ ਵਿਚ ਲਿਜਾ ਕੇ ਬੈਠਣ ਲਈ ਕਿਹਾ ਅਤੇ ਰਜਵੰਤ ਨੂੰ ਕਿਹਾ ਕਿ ਉਹ ਮਾਮੇ ਨੂੰ ਪਾਣੀ ਪਿਆਉਣ ਤੋਂ ਬਾਅਦ ਚਾਹ ਧਰੇ।
ਮਾਮੇ ਨੇ ਬੜੀ ਰੁੱਖੀ ਜ਼ਬਾਨ ਵਿਚ ਕਿਹਾ, “ਮੈਂ ਕੋਈ ਚਾਹ-ਪਾਣੀ ਨਹੀਂ ਪੀਣਾ ਤੇ ਨਾ ਹੀ ਬਹਿਣਾ ਹੈ। ਬੱਸ ਮੇਰੇ ਪੈਸੇ ਕੱਢੋ।”
ਚਾਰ ਕੁ ਮਹੀਨੇ ਪਹਿਲਾਂ ਮੇਰੀ ਭੈਣ ਗੁਰਮੀਤੋ ਬਾਪੂ ਦੀ ਵਸੀਅਤ ਵਾਲੀ ਆਪਣੇ ਹਿੱਸੇ ਆਉਂਦੀ ਜਮੀਨ ਵੇਚਣ ਲੱਗੀ ਤਾਂ ਨੇੜੇ ਲੱਗਦੀ ਹੋਣ ਕਾਰਨ ਮੈਂ ਆਪ ਹੀ ਜਮੀਨ ਖਰੀਦ ਲੈਣ ਦਾ ਨਿਸਚਾ ਕਰ ਲਿਆ। ਇਸ ਸਮੇਂ ਮੈਨੂੰ ਆਸਿਓਂ ਪਾਸਿਓਂ ਪੈਸੇ ਫੜ੍ਹਨੇ ਪਏ ਸਨ। ਉਦੋਂ ਮੈਂ ਬੀਬੀ ਰਾਹੀਂ ਮਾਮੇ ਤੋਂ ਦੋ ਹਜ਼ਾਰ ਰੁਪੱਈਆ ਮੰਗਵਾਇਆ ਸੀ। ਵਿਆਹ ਵਾਲੇ ਦਿਨ ਹੋਏ ਸਾਡੇ ਆਪਸੀ ਝਗੜੇ ਤੋਂ ਤੀਜੇ ਦਿਨ ਬਾਅਦ ਹੀ ਮਾਮੇ ਵੱਲੋਂ ਇਸ ਤਰ੍ਹਾਂ ਪੈਸੇ ਆਣ ਮੰਗਣੇ ਇੱਕ ਪਲ ਤਾਂ ਮੈਨੂੰ ਬੜੀ ਹੋਛੀ ਗੱਲ ਲੱਗੀ। ਇਹ ਤਾਂ ਉਹਨੂੰ ਵੀ ਪਤਾ ਸੀ ਕਿ ਮੈਂ ਉਸ ਦੇ ਪੈਸੇ ਮਾਰਨ ਨਹੀਂ ਲੱਗਾ। ਉਂਜ ਵੀ ਇਹ ਕਿਹੜੀ ਏਡੀ ਵੱਡੀ ਰਕਮ ਸੀ! ਪਰ ਦੂਜੇ ਪਲ ਸੋਚਿਆ; ਉਸ ਦਾ ਪੈਸੇ ਮੰਗਣ ਆ ਜਾਣਾ ਮੈਨੂੰ ਕਤਲ ਦੀ ਧਮਕੀ ਦੇਣ ਨਾਲੋਂ ਤਾਂ ਹਜ਼ਾਰ ਗੁਣਾ ਛੋਟੀ ਗੱਲ ਸੀ! ਇਸ ਤਰ੍ਹਾਂ ਪੈਸੇ ਲੈਣ ਆ ਕੇ ਉਹ ਮੈਨੂੰ ਇਹ ਦੱਸਣਾ ਚਾਹੁੰਦਾ ਸੀ ਕਿ ਮੇਰਾ ਹੁਣ ਤੇਰੇ ਨਾਲ ਕੋਈ ਰਿਸ਼ਤਾ ਨਹੀਂ ਰਹਿ ਗਿਆ। ਸਗੋਂ ਇਸ ਤੋਂ ਵੀ ਵੱਧ ਇਹ ਇਸ ਗੱਲ ਦਾ ਸੂਚਕ ਸੀ ਕਿ ਉਹ ਮੇਰੇ ਨਾਲੋਂ ਪਿਛਲੇ ਸੰਬੰਧ ਤੋੜ ਕੇ ‘ਨਵੀਂ ਲੜਾਈ’ ਲੜੇ ਜਾਣ ਲਈ ਤਿਆਰ ਸੀ।
ਮੇਰੀ ਪਤਨੀ ਦੀ ਮਾਤਾ ਬੀਬੀ ਸਵਰਨ ਕੌਰ ਉਨ੍ਹੀਂ ਦਿਨੀਂ ਸਾਡੇ ਕੋਲ ਰਹਿ ਰਹੀ ਸੀ। ਉਸ ਕੋਲ ਪੰਦਰਾਂ ਸੌ ਰੁਪਏ ਪਏ ਸਨ। ਬਾਕੀ ਪੰਜ ਸੌ ਮੈਂ ਸਾਡੇ ਗਵਾਂਢੀ ਤਾਏ ਲਾਭ ਚੰਦ ਕੋਲੋਂ ਦੁਕਾਨ ‘ਤੇ ਜਾ ਕੇ ਫੜ ਲਿਆਇਆ। ਜਦੋਂ ਉਸ ਨੇ ਔਖੇ ਸੌਖੇ ਹੋ ਕੇ ਚਾਹ ਦੀ ਆਖਰੀ ਕੌੜੀ ਘੁੱਟ ਅੰਦਰ ਲੰਘਾਈ, ਮੈਂ ਪੈਸੇ ਮਾਮੇ ਦੀ ਤਲੀ ‘ਤੇ ਰੱਖ ਦਿੱਤੇ। ਉਹ ਜਿਸ ਤੇਜੀ ਨਾਲ ਆਇਆ ਸੀ ਓਸੇ ਤੇਜੀ ਨਾਲ ਬਾਹਰ ਤੁਰ ਗਿਆ।
ਅਗਲੇ ਸਾਲਾਂ ਵਿਚ ਸਾਡਾ ਇਕ-ਦੂਜੇ ਵੱਲ ਆਉਣਾ-ਜਾਣਾ, ਮਿਲਣਾ-ਗਿਲਣਾ ਤੇ ਬੋਲਣਾ-ਚਾਲਣਾ ਅਸਲੋਂ ਹੀ ਬੰਦ ਹੋ ਗਿਆ। ਮੈਂ ਪਿੰਡ ਛੱਡ ਕੇ ਜਲੰਧਰ ਲਾਇਲਪੁਰ ਖਾਲਸਾ ਕਾਲਜ ਵਿਚ ਲੈਕਚਰਾਰ ਆ ਲੱਗਾ। ਉਂਜ ਮੈਨੂੰ ਮਾਮੇ ਦੀਆਂ ਖਬਰਾਂ ਮਿਲਦੀਆਂ ਰਹਿੰਦੀਆਂ। ਉਹ ਪਹਿਲਾਂ ਨਾਲੋਂ ਵੀ ਵੱਧ ਸਰਗਰਮੀ ਨਾਲ ਆਪਣੇ ‘ਪੰਥਕ-ਕਾਰਜਾਂ’ ਵਿਚ ਰੁੱਝਿਆ ਹੋਇਆ ਸੀ। ਜਿਹੜੀਆਂ ਚੋਣਾਂ ਹੁੰਦੀਆਂ ਹੁੰਦੀਆਂ ਰਹਿ ਗਈਆਂ, ਉਹ ਉਨ੍ਹਾਂ ਵਿਚ ਸਰਗਰਮ ਉਮੀਦਵਾਰ ਵਜੋਂ ਖੜਾ ਸੀ ਤੇ ਕਿਹਾ ਜਾਂਦਾ ਸੀ ਕਿ ਉਸ ਦੇ ਚੁਣੇ ਜਾਣ ਦੀ ਸੰਭਾਵਨਾ ਵੀ ਸੀ।