ਮੇਰਾ ਮੌਤ ਦੇ ਪੰਜੇ ‘ਚੋਂ ਬਚਣਾ

ਕਲਵੰਤ ਸਿੰਘ ਸਹੋਤਾ
ਫੋਨ: 604-589-5919
ਅਸੀਂ ਪੰਜਾਬੀ ਪੰਜਾਬ ਵਿਚ ਦੁੱਧ ਘਿਉ ਤੇ ਹੋਰ ਭਾਰੀਆਂ ਖੁਰਾਕਾਂ ਖਾਂਦੇ ਵੱਡੇ ਹੋਏ; ਹਰ ਤ੍ਹਰਾਂ ਦਾ ਭਾਰਾ ਖਾਣਾ ਖਾਣ ਦੇ ਪੁਸ਼ਤਾਂ ਤੋਂ ਆਦੀ ਹਾਂ ਪਰ ਸਖਤ ਕੰਮ ਵੀ ਕਰਿਆ ਕਰਦੇ ਸਾਂ ਜਿਸ ਕਰਕੇ ਭਾਰੀ ਚਰਬੀ ਵਾਲੀ ਖੁਰਾਕ ਦਾ ਸਰੀਰ ‘ਚ ਸੌਖਿਆਂ ਹੀ ਜਜ਼ਬ ਹੋ ਜਾਣਾ ਸੰਭਵ ਸੀ। ਸਮਾਂ ਬਦਲਿਆ, ਖੁਰਾਕਾਂ ਤਾਂ ਉਹੀ ਰਹੀਆਂ ਪਰ ਸਰੀਰ ਦੀ ਮੁਸ਼ੱਕਤ ਘਟ ਗਈ। ਸੁੱਖ ਸਹੂਲਤਾਂ ਦੇ ਵਾਧੇ ਨੇ ਭਾਰੀ ਖੁਰਾਕ ਨੂੰ ਸਾਡਾ ਦੁਸ਼ਮਣ ਬਣਾ ਦਿੱਤਾ। ਪੈਦਲ ਤੁਰਨ ਦੀ ਥਾਂ ਮੋਟਰਾਂ ਗੱਡੀਆਂ ਚੜ੍ਹਨ ਲੱਗੇ, ਸਖਤ ਮਿਹਨਤ ਦੀ ਥਾਂ ਮਸ਼ੀਨਾਂ ਨੇ ਲੈ ਲਈ ਤੇ ਇੰਜ ਸਰੀਰਾਂ ‘ਚ ਚਰਬੀ ਜਮ੍ਹਾਂ ਹੋਣ ਲੱਗੀ, ਜੋ ਕਈ ਰੋਗਾਂ ਨੂੰ ਵੀ ਨਾਲ ਲੈ ਆਈ। ਨਤੀਜਨ ਸ਼ੂਗਰ, ਸਟਰੋਕ ਤੇ ਦਿਲ ਦੇ ਰੋਗ ਵਧ ਗਏ। ਸੁਭਾਵਿਕ ਹੀ ਮੈਨੂੰ ਵੀ ਫਿਕਰ ਹੋਇਆ ਕਿ ਇਨ੍ਹਾਂ ਤੋਂ ਬਚਣ ਦਾ ਉਪਰਾਲਾ ਕਰਨਾ ਚਾਹੀਦਾ ਹੈ। ਇਹ ਸਹੀ ਹੈ ਕਿ ਸਿਹਤਮੰਦ ਖਾਣਾ ਖਾਓ, ਕਸਰਤ ਕਰੋ ਤੇ ਫਿਕਰ ਤੋਂ ਮੁਕਤ ਰਹੋ ਤਾਂ ਇਨ੍ਹਾਂ ਅਲਾਮਤਾਂ ਤੋਂ ਬਚਿਆ ਜਾ ਸਕਦਾ ਹੈ।

ਪਿਛਲੇ ਕਰੀਬ ਦੋ ਦਹਾਕਿਆਂ ਤੋਂ ਮੈਂ ਕਸਰਤ ਤੇ ਸਿਹਤਮੰਦ ਖਾਣੇ ਵਲ ਉਚੇਚਾ ਧਿਆਨ ਦਿੰਦਾ ਆ ਰਿਹਾ ਹਾਂ ਕਿ ਕਿਤੇ ਮੇਰੀ ਵੀ ਓਪਨ ਹਰਟ ਸਰਜਰੀ ਨਾ ਹੋਵੇ। ਨੇਮ ਬੱਧ ਡਾਕਟਰ ਕੋਲ ਜਾਣਾ ਤੇ ਖੂਨ ਟੈਸਟ ਹੁੰਦੇ ਰਹੇ ਜਿਸ ਨਾਲ ਪਤਾ ਲੱਗਦਾ ਰਿਹਾ ਕਿ ਮੇਰਾ ਬਲੱਡ ਪ੍ਰੈਸ਼ਰ, ਕੌਲੈਸਟਰੋਲ, ਸ਼ੂਗਰ ਤੇ ਹੋਰ ਸਭ ਕੁਝ ਸਹੀ ਰਿਹਾ। ਮੇਰਾ ਫੈਮਲੀ ਫਿਜ਼ੀਸ਼ਨ ਵੀ ਇਸ ਗੱਲੋਂ ਖੁਸ਼ ਤੇ ਸੰਤੁਸ਼ਟ ਸੀ ਕਿ ਮੈਂ ਦੁਆਈਆਂ ਰਹਿਤ ਸਿਹਤਮੰਦ ਜੀਵਨ ਸੈæਲੀ ਅਪਨਾ ਕੇ ਤੰਦਰੁਸਤੀ ਦੀ ਸਹੀ ਲੀਹ ‘ਤੇ ਹਾਂ।
ਦੋ ਦਹਾਕਿਆਂ ਤੋਂ ਵੱਧ ਮੈਨੂੰ ਦੌੜਦਿਆਂ ਤੇ ਹਾਈਕ ਕਰਦਿਆਂ ਹੋ ਗਿਆ, ਪੰਜ ਕਿਲੋਮੀਟਰ ਤੋਂ ਲੈ ਕੇ ਹਾਫ ਮੈਰਾਥਾਨ ਦੌੜਾਂ ‘ਚ ਹਿਸਾ ਲੈਣਾ ਮੇਰਾ ਨੇਮ ਬਣਿਆ ਰਿਹਾ। ਇਹ ਨੇਮ ਮੈਨੂੰ ਇਨ੍ਹਾਂ ਦੌੜਾਂ ‘ਚ ਹਿੱਸਾ ਲੈਣ ਲਈ ਉਤਸ਼ਾਹਿਤ ਭੀ ਕਰਦਾ ਤੇ ਨਾਲ ਨਾਲ ਮੇਰੇ ਸਰੀਰ ਤੇ ਮਨ ਨੂੰ ਲਗਾਤਾਰ ਊਰਜਾ ਦਾ ਸੋਮਾ ਵੀ ਬਣਦਾ ਰਿਹਾ। ਹਰ ਅਗਲੀ ਦੌੜ ‘ਚ ਮੈਂ ਆਪਣਾ ਸਮਾਂ ਹੋਰ ਬਿਹਤਰ ਬਣਾਉਣ ਲਈ ਹੋਰ ਸਿੱæਦਤ ਨਾਲ ਤਿਆਰੀ ਕਰਦਾ। ਅਗਲੀ ਦੌੜ ਜਦ ਮੈਂ ਘੱਟ ਸਮੇਂ ‘ਚ ਪੂਰੀ ਕਰ ਲੈਂਦਾ ਤਾਂ ਮੈਨੂੰ ਅੰਤਾਂ ਦੀ ਖੁਸ਼ੀ ਹੁੰਦੀ ਤੇ ਲਗਦਾ ਜਿਵੇਂ ਮੈਂ ਦੌੜ ‘ਚ ਸੋਨ ਤਮਗਾ ਜਿੱਤ ਲਿਆ ਹੋਵੇ। ਮੈਂ ਆਪਣੇ ਆਪ ਨੂੰ ਉਲੰਪੀਅਨ ਬਣਿਆ ਮਹਿਸੂਸ ਕਰਦਾ। ਦਰਅਸਲ ਇਨ੍ਹਾਂ ਦੌੜਾਂ ‘ਚ ਹਿਸਾ ਲੈਣ ਵਾਲਾ ਹਰ ਇਕ ਹੀ ਉਲੰਪੀਅਨ ਹੈ, ਕਿਉਂਕਿ ਤੁਹਾਡਾ ਆਪਣੇ ਆਪ ਨਾਲ ਹੀ ਮੁਕਾਬਲਾ ਹੁੰਦਾ ਹੈ।
ਇਸੇ ਦੌੜ ਦੇ ਉਤਸ਼ਾਹ ਦੀ ਲੋਰ ਚੜ੍ਹਿਆਂ ਮੈਨੂੰ ਹਾਈਕ ਕਰਨ ਦਾ ਭੁੱਸ ਪੈ ਗਿਆ। ਮੈਟਰੋ ਵੈਨਕੂਵਰ ਦੀ ਪ੍ਰਸਿੱਧ ਹਾਈਕ ਟਰੇਲ ਵੀ ਹਾਈਕ ਕਰਦਿਆਂ ਮੈਨੂੰ ਦੋ ਦਹਾਕੇ ਹੋ ਚੱਲੇ ਹਨ। ਇਹ ਹੈ ਗਰਾਊਜ਼ ਗਰਾਈਂਡ, ਜਿਸ ਦੀ ਵਾਟ ਹੈ ਕੋਈ ਤਿੰਨ ਕਿਲੋਮੀਟਰ ਤੇ ਸਿੱਧੀ ਉਚਾਈ ਹੈ, ਨੌਂ ਸੌ ਮੀਟਰ। ਦੌੜਨ ਦੇ ਨਾਲ ਨਾਲ ਮੈਨੂੰ ਗਰਾਈਂਡ ਹਾਈਕ ਕਰਨ ਦਾ ਵੀ ਝੱਸ ਬਣਿਆ ਰਿਹਾ। ਇਥੇ ਵੀ ਹਰ ਵਾਰੀ ਮੈਂ ਦੇਖਦਾ ਕਿ ਕਿਤਨਾ ਸਮਾਂ ਲੱਗਾ ਤੇ ਇੰਜ ਹਰ ਵਾਰ ਪਹਿਲਾਂ ਨਾਲੋਂ ਬਿਹਤਰ ਸਮੇਂ ‘ਚ ਹਾਈਕ ਪੂਰੀ ਕਰਨ ਦੀ ਹੋੜ ‘ਚ ਰਹਿੰਦਾ। ਦੌੜਾਂ ਦਾ ਤੇ ਗਰਾਊਜ਼ ਗਰਾਈਂਡ ਦਾ ਸਮਾਂ ਮੇਰਾ ਪੈਮਾਨਾ ਸਨ, ਜੋ ਸਾਲਾਂ ਬੱਧੀ ਮੈਂ ਹੋਰ ਵਧੀਆ ਬਣਾਉਣ ਦਾ ਯਤਨ ਕਰਦਾ ਰਿਹਾ ਜਾਂ ਬਰਕਰਾਰ ਰੱਖ ਸਕਿਆ।
ਇਸੇ ਰੁਟੀਨ ਵਿਚ ਦੋ ਦਹਾਕੇ ਬੀਤ ਜਾਣ ਬਾਅਦ ਮੈਨੂੰ ਮਹਿਸੂਸ ਹੋਣ ਲੱਗਾ ਜਿਵੇਂ ਬਰੇਕਾਂ ਲੱਗ ਗਈਆਂ ਹੋਣ; ਮੇਰੇ ਪੂਰਾ ਜ਼ੋਰ ਲਾਉਣ ਦੇ ਬਾਵਜੂਦ ਮੇਰਾ ਸਮਾਂ ਵਧੀਆ ਤਾਂ ਕੀ ਹੋਣਾ ਸਗੋਂ ਪਹਿਲਾਂ ਜਿੰਨਾ ਵੀ ਬਰਕਰਾਰ ਨਾ ਰੱਖ ਹੋਵੇ। ਜਾਪਿਆ ਕਿਤੇ ਨਾ ਕਿਤੇ ਕੁਝ ਗਲਤ ਜਰੂਰ ਹੈ। ਨੇਮ ਅਨੁਸਾਰ ਜਦੋਂ ਮੈਂ ਖੂਨ ਟੈਸਟ ਬਾਅਦ ਡਾਕਟਰ ਕੋਲ ਗਿਆ ਤਾਂ ਉਸ ਕੋਲ ਦੌੜਾਂ ਤੇ ਹਾਈਕ ਕਰਨ ਦੇ ਸਮੇਂ ਦੇ ਹੌਲੀ ਹੋ ਜਾਣ ਦੀ ਗੱਲ ਕੀਤੀ ਤਾਂ ਉਸ ਕਿਹਾ ਕਿ ਇਹ ਉਮਰ ਦਾ ਤਕਾਜ਼ਾ ਹੈ। ਇਹ ਵੀ ਦੱਸਿਆ ਕਿ ਮੇਰਾ ਕੌਲੈਸਟਰੋਲ, ਸ਼ੂਗਰ, ਟਰਾਈ ਗਲਿਸਰਾਈਡਜ਼ ਤੋਂ ਇਲਾਵਾ ਬਲੱਡ ਪ੍ਰੈਸ਼ਰ ਤੇ ਬਾਕੀ ਸਭ ਗਿਣਤੀਆਂ-ਮਿਣਤੀਆਂ ਵੀ ਠੀਕ ਹਨ ਤਾਂ ਮੈਨੂੰ ਲੱਗਿਆ ਕਿ ਮੇਰਾ ਐਵੇਂ ਭਰਮ ਹੀ ਹੈ।
ਇੰਜ ਇੱਕ ਸਾਲ ਹੋਰ ਲੰਘ ਗਿਆ। ਦੌੜ ਦਾ ਤੇ ਹਾਈਕ ਦਾ ਸਮਾਂ ਪਿਛਲੇ ਸਾਲ ਨਾਲੋਂ ਵੀ ਵੱਧ ਲੱਗਣ ਲੱਗਾ। ਦਸ ਕਿਲੋਮੀਟਰ ਪਿਛਲੇ ਸਾਲ ‘ਚ ਕਿਤਨੇ ਚਿਰ ‘ਚ ਦੌੜ ਲੈਂਦਾ ਸੀ ਅਤੇ ਗਰਾਊਜ਼ ਗਰਾਈਂਡ ਕਿਤਨੇ ਸਮੇਂ ‘ਚ ਕਰ ਲੈਂਦਾ ਸੀ, ਇਨ੍ਹਾਂ ਦੋਹਾਂ ਦਾ ਹੀ ਸਮਾਂ ਹੋਰ ਵੀ ਵਧ ਗਿਆ। ਨਿਯਮਤ ਸਮੇਂ ਤੇ ਜਦੋਂ ਮੈਂ ਅਗਲੇ ਸਾਲ ਮੁੜ ਬਲੱਡ ਵਰਕ ਤੋਂ ਬਾਅਦ ਡਾਕਟਰ ਕੋਲ ਗਿਆ ਤਾਂ ਫਿਰ ਸਭ ਕੁਝ ਠੀਕ ਠਾਕ ਨਿਕਲਿਆ। ਮੈਂ ਪਿਛਲੇ ਸਾਲ ਵਾਂਗ ਹੀ ਮੁੜ ਜ਼ਿਕਰ ਕੀਤਾ ਕਿ ਮੇਰਾ ਦੌੜ ਦਾ ਤੇ ਹਾਈਕ ਦਾ ਸਮਾਂ ਤਾਂ ਪਿਛਲੇ ਸਾਲ ਨਾਲੋਂ ਵੀ ਹੌਲੀ ਹੋ ਗਿਆ ਹੈ ਤਾਂ ਅੱਗੋਂ ਮੁੜ ਉਹੀ ਜੁਆਬ ਮਿਲਿਆ ਕਿ ਇਹ ਉਮਰ ਕਰਕੇ ਹੈ। ਅੱਗੋਂ ਮੈਂ ਗੰਭੀਰਤਾ ਨਾਲ ਕਿਹਾ ਕਿ ਸਮੇਂ ਦਾ ਏਨਾ ਫਰਕ ਤਾਂ ਪਿਛਲੇ ਪੰਦਰਾਂ-ਅਠਾਰਾਂ ਸਾਲਾਂ ‘ਚ ਵੀ ਨਹੀਂ ਪਿਆ ਜਿੰਨਾ ਹੁਣ ਹਰ ਸਾਲ ਪੈਣ ਲੱਗਾ ਹੈ। ਡਾਕਟਰ ਦਾ ਜਵਾਬ ਸੀ, ਤੁਹਾਡੀ ਟਾਲਰੈਂਸ ਘਟ ਰਹੀ ਹੈ ਤੇ ਸਮਾਂ ਵੱਧ ਲੱਗਣ ਲੱਗਾ ਹੈ, ਕੋਈ ਦਿਲ ਦਾ ਰੋਗ ਨਹੀਂ ਹੋ ਸਕਦਾ, ਫਿਰ ਵੀ ਦਿਲ ਦੇ ਮਾਹਰ ਡਾਕਟਰ ਕੋਲ ਟੈਸਟ ਕਰਾ ਕੇ ਸ਼ੱਕ ਕਢਾ ਲੈਂਦੇ ਹਾਂ। ਮੇਰਾ ਵੀ ਯਕੀਨ ਸੀ ਕਿ ਮੈਂ ਇਤਨੇ ਸਾਲਾਂ ਤੋਂ ਦੌੜਦਾ ਤੇ ਗਰਾਊਜ਼ ਗਰਾਈਂਡ ਕਰਦਾ ਆ ਰਿਹਾ ਹਾਂ: ਇਹ ਦਿਲ, ਫੇਫੜਿਆਂ ਤੇ ਹੱਡੀਆਂ ਲਈ ਬਹੁਤ ਹੀ ਵਧੀਆ ਕਸਰਤ ਹੈ। ਦਿਲ ਦਾ ਕੋਈ ਰੋਗ ਕਿਵੇਂ ਹੋ ਸਕਦਾ ਹੈ?
ਖੈਰ, ਮਹੀਨੇ ਬਾਅਦ ਦਿਲ ਦੇ ਮਾਹਰ ਡਾਕਟਰ ਨੂੰ ਮਿਲਣ ਦੀ ਵਾਰੀ ਮਿਲੀ। ਸੰਭਵ ਹੈ ਕਿ ਮੇਰੇ ਫੈਮਲੀ ਡਾਕਟਰ ਵਲੋਂ ਭੇਜੀ ਜਾਣਕਾਰੀ ਦੇਖ ਕੇ ਉਸ ਇਹ ਅੰਦਾਜ਼ਾ ਲਾ ਲਿਆ ਹੋਵੇ ਕਿ ਮੈਨੂੰ ਦਿਲ ਦਾ ਤਾਂ ਕੋਈ ਰੋਗ ਹੋਣ ਦੀ ਸੰਭਾਵਨਾ ਹੀ ਨਹੀਂ, ਸ਼ਾਇਦ ਇਸੇ ਕਰਕੇ ਮੈਨੂੰ ਜਾਂਦਿਆਂ ਹੀ ਉਸ ਰੁੱਖੇ ਲਹਿਜੇ ‘ਚ ਕਹਿ ਦਿੱਤਾ ਕਿ ਮੈਂ ਐਵੇਂ ਹੀ ਆਪਣਾ ਤੇ ਉਸ ਦਾ ਸਮਾਂ ਬਰਬਾਦ ਕਰਦਾ ਫਿਰਦਾ ਹਾਂ, ਮੈਨੂੰ ਦਿਲ ਦਾ ਰੋਗ ਨਹੀਂ ਹੋ ਸਕਦਾ। ਮੇਰੇ ਕਈ ਸੁਆਲ ਪੁੱਛਣ ‘ਤੇ ਉਸ ਮੈਨੂੰ ਸਟਰੈਸ ਟੈਸਟ ਲਈ ਲਾਈਨ ‘ਚ ਲਾ ਦਿੱਤਾ। ਟੈਸਟ ਤੋਂ ਬਾਅਦ ਜਦੋਂ ਮੈਂ ਮੁੜ ਉਸ ਨੂੰ ਮਿਲਿਆ ਤਾਂ ਉਸ ਦੋ ਤਿੰਨ ਕਿਸਮ ਦੀਆਂ ਦੁਆਈਆਂ ਦੀ ਪਰਚੀ ਲਿਖ ਕੇ ਦੇ ਦਿੱਤੀ ਅਤੇ ਇਕ ਹੋਰ ਅਡਵਾਂਸ ਟੈਸਟ ਲਈ ਬੁੱਕ ਕਰ ਦਿੱਤਾ। ਨਾਲ ਹੀ ਮੈਨੂੰ ਦੁਆਈਆਂ ਨਿਯਮ ਨਾਲ ਖਾਂਦੇ ਰਹਿਣ ਦੀ ਤਾੜਨਾ ਕਰ ਦਿੱਤੀ।
ਅਡਵਾਂਸ ਟੈਸਟ ਮਗਰੋਂ ਜਦੋਂ ਮੁੜ ਮੈਂ ਦਿਲ ਦੇ ਮਾਹਰ ਡਾਕਟਰ ਨੂੰ ਮਿਲਿਆ ਤਾਂ ਉਸ ਕਿਹਾ ਕਿ ਹੁਣ ਮੈਨੂੰ ਉਸ ਪਾਸ ਆਉਣ ਦੀ ਲੋੜ ਨਹੀਂ। ਮੈਨੂੰ ਸੁੱਖ ਦਾ ਸਾਹ ਆਇਆ। ਲੱਗਾ ਕਿ ਮੇਰੀਆਂ ਟੈਸਟ ਰਿਪੋਰਟਾਂ ਠੀਕ ਹੋਣਗੀਆਂ। ਮੈਂ ਸ਼ੰਕਾ ਦੂਰ ਕਰਨ ਲਈ ਪੁੱਛਿਆ ਕਿ ਕੀ ਸਭ ਠੀਕ ਹੈ? ਉਸ ਆਪਣੇ ਅੜਬ ਤੇ ਰੁੱਖੇ ਸੁਭਾਅ ਮੁਤਾਬਕ ਜਵਾਬ ਦਿੱਤਾ ਕਿ ਉਹ ਮੇਰੀ ਫਾਈਲ ਸੇਂਟ ਪਾਲ ਹਸਪਤਾਲ, ਵੈਨਕੂਵਰ ਭੇਜ ਰਿਹਾ ਹੈ। ਰਹਿੰਦੀ ਕਸਰ ਇਹ ਕਹਿ ਕੇ ਪੂਰੀ ਕਰ ਦਿੱਤੀ ਕਿ ਮੇਰੇ ਦਿਲ ਦੀਆਂ ਕੁਝ ਨਾੜਾਂ ਬੰਦ ਹਨ ਤੇ ਸੇਂਟ ਪਾਲ ਹਸਪਤਾਲ ‘ਚ ਐਂਜੀਓਗਰਾਮ ਹੋਏਗੀ ਜਿਸ ‘ਚ ਪਤਾ ਲੱਗੇਗਾ ਕਿ ਕੀ ਸਟੈਂਟ ਪੈਣਾ ਹੈ ਜਾਂ ਓਪਨ ਹਰਟ ਸਰਜਰੀ ਕਰਨੀ ਪਵੇਗੀ। ਇਹ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਤੇ ਮੈਂ ਘਮੇਟਾ ਖਾ ਕੇ ਡਿਗਣ ਵਾਲਾ ਹੋ ਗਿਆ। ਇਹ ਕਿਵੇਂ ਹੋ ਸਕਦਾ ਹੈ? ਮੇਰੇ ਦਿਲ ਦੀਆਂ ਨਾੜਾਂ ਕਿਵੇਂ ਬੰਦ ਹੋ ਸਕਦੀਆਂ ਹਨ? ਮੈਂ ਤਾਂ ਆਪਣੇ ਆਖਰੀ ਟੈਸਟ ਤੋਂ ਦੋ ਦਿਨ ਪਹਿਲਾਂ ਵੀ ਗਰਾਊਜ਼ ਗਰਾਈਂਡ ਕੀਤੀ ਸੀ ਭਾਵੇਂ ਸਮਾਂ ਵੱਧ ਲੱਗਿਆ ਸੀ ਪਰ ਨਾ ਮੈਨੂੰ ਸਾਹ ਚੜ੍ਹਿਆ ਤੇ ਨਾ ਹੀ ਮੇਰੇ ਕੋਈ ਛਾਤੀ ‘ਚ ਦਰਦ ਆਦਿ ਹੋਇਆ। ਮੇਰੇ ਮਨ ‘ਚ ਖਿਆਲਾਂ ਦੀ ਬੁਛਾੜ ਹੋ ਰਹੀ ਸੀ ਕਿ ਦੋ ਦਹਾਕਿਆਂ ਤੋਂ ਮੈਂ ਸਰੀਰ ਨੂੰ ਪਿੰਜ ਪਿੰਜ ਕੇ ਦੌੜਾਂ ਲਾਈਆਂ ਤੇ ਹਾਈਕ ਕੀਤੀ ਕਿ ਕਿਤੇ ਮੇਰੀ ਓਪਨ ਹਰਟ ਸਰਜਰੀ ਨਾ ਹੋਵੇ। ਇਹੋ ਸੋਚਦਿਆਂ ਮੈਨੂੰ ਘਰ ਮੁੜਨਾ ਦੁੱਭਰ ਹੋ ਗਿਆ।
ਸੇਂਟ ਪਾਲ ਹਸਪਤਾਲ, ਵੈਨਕੂਵਰ ਮੇਰੀ ਫਾਈਲ ਜਾਣ ਦੇ ਦਸ ਦਿਨਾਂ ਬਾਅਦ ਮੇਰੀ ਐਂਜੀਓਗਰਾਮ ਕਰਨ ਦੀ ਵਾਰੀ ਆਈ। ਦੋ ਦੋ ਦੇ ਗਰੁਪ ‘ਚ ਸਾਡੀ ਚਾਰ ਮਰੀਜ਼ਾਂ ਦੀ ਐਂਜੀਓਗਰਾਮ ਹੋਈ। ਅਚੰਭੇ ਦੀ ਗੱਲ ਕਿ ਮੇਰੇ ਨਾਲ ਦੇ ਮਰੀਜ਼, ਜਿਨ੍ਹਾਂ ਦੀ ਛਾਤੀ ‘ਚ ਦਰਦ ਵੀ ਹੁੰਦਾ ਸੀ ਤੇ ਤੁਰਦਿਆਂ ਸਾਹ ਵੀ ਚੜ੍ਹਦਾ ਸੀ। ਸਰੀਰ ਵੀ ਮੇਰੇ ਨਾਲੋਂ ਦੁੱਗਣੇ ਭਾਰੇ ਸਨ, ਸਭ ਦੀਆਂ ਨਾੜਾਂ ਸਾਫ ਨਿਕਲੀਆਂ ਤੇ ਕਿਸੇ ਨੂੰ ਵੀ ਸਟੈਂਟ ਪਾਉਣ ਦੀ ਲੋੜ ਨਹੀਂ ਪਈ। ਮੇਰਾ ਰਿਜ਼ਲਟ ਆਇਆ ਤਾਂ ਹੈਰਾਨੀ ਸਭ ਹੱਦ ਬੰਨੇ ਟੱਪ ਗਈ, ਜਦੋਂ ਮੈਨੂੰ ਦੱਸਿਆ ਗਿਆ ਕਿ ਮੇਰੇ ਦਿਲ ਦੀਆਂ ਪੰਜ ਨਾੜਾਂ ਬੰਦ ਹਨ, ਕੋਈ ਸਟੈਂਟ ਨਹੀਂ ਪੈ ਸਕਦਾ ਤਾਂ ਓਪਨ ਹਰਟ ਸਰਜਰੀ ਕਰਨੀ ਹੀ ਪੈਣੀ ਹੈ। ਮੇਰੇ ਨਾ ਕਦੇ ਛਾਤੀ ‘ਚ ਦਰਦ ਹੋਇਆ ਸੀ ਤੇ ਨਾ ਹੀ ਕਦੇ ਸਾਹ ਚੜ੍ਹਿਆ ਸੀ।
ਪੂਰੇ ਸੱਤ ਹਫਤਿਆਂ ਬਾਅਦ ਮੇਰੀ ਕੁਆਡਰੂਪਲ ਓਪਨ ਹਰਟ ਸਰਜਰੀ ਹੋਈ; ਜਿਸ ‘ਚ ਚਾਰ ਨਾੜਾਂ ਲੱਤ ‘ਚੋਂ ਕੱਢ ਕੇ ਦਿਲ ‘ਚ ਪਾਈਆਂ ਗਈਆਂ। ਇਸ ਤੋਂ ਪਹਿਲਾਂ ਸੱਤ ਹਫਤਿਆਂ ਦੌਰਾਨ ਤਿੰਨ ਵਾਰੀ ਸਰਜਰੀ ਮੁਲਤਵੀ ਹੋਈ। ਤੀਸਰੀ ਵਾਰੀ ਸਾਰਾ ਦਿਨ ਭੁੱਖਣ-ਭਾਣੇ ਸਰਜਰੀ ਦੀ ਉਡੀਕ ਕਰਦਾ ਰਿਹਾ ਤੇ ਸ਼ਾਮੀਂ ਘਰ ਭੇਜ ਦਿੱਤਾ ਕਿਉਂਕਿ ਪਹਿਲੀ ਸਰਜਰੀ ਹੀ ਨਹੀਂ ਸੀ ਮੁੱਕੀ। ਇਹ ਬਿਰਤਾਂਤ ਸ਼ਾਹਦੀ ਭਰਦਾ ਹੈ ਕਿ ਕਈ ਵਾਰੀ ਆਪਣੇ ਚਿੱਤੋਂ ਸਭ ਸੰਭਵ ਇਹਤਿਆਤ ਕਰਨ ਦੇ ਬਾਵਜੂਦ ਉਹੀ ਕੁਝ ਹੋ ਜਾਂਦਾ ਹੈ ਜਿਸ ਤੋਂ ਤੁਸੀਂ ਬਚਣ ਲਈ ਯਤਨਸ਼ੀਲ ਹੁੰਦੇ ਹੋ। ਇਸ ਦਾ ਮਤਲਬ ਇਹ ਨਹੀਂ ਕੱਢ ਲੈਣਾ ਚਾਹੀਦਾ ਕਿ ਸਿਹਤਮੰਦ ਜੀਵਨ ਜਿਉਣ ਲਈ ਕਸਰਤ, ਖੁਰਾਕ ਤੇ ਫਿਕਰ ਰਹਿਤ ਜੀਵਨ ਜਿਉਣ ਦੀ ਕੋਸ਼ਿਸ਼ ਸਹਾਈ ਨਹੀਂ ਹੁੰਦੀ। ਡਾਕਟਰਾਂ ਮੁਤਾਬਿਕ ਮੇਰੀ ਦੋ ਦਹਾਕਿਆਂ ਦੀ ਕਸਰਤ, ਖੁਰਾਕ ਆਦਿ ਕਰਕੇ ਹੀ ਸਰਜਰੀ ਉਪਰੰਤ ਰਿਕਵਰੀ ਜਲਦੀ ਹੋਈ ਹੈ। ਇੱਕ ਨਾੜੀ ਤਾਂ ਪੂਰੀ ਬੰਦ ਹੋਣ ਦੇ ਬਾਵਜੂਦ ਦਿਲ ਦੇ ਪੱਠੇ ਨੂੰ ਕੋਈ ਨੁਕਸਾਨ ਨਹੀਂ ਪੁੱਜਾ, ਕਿਸੇ ਨਾ ਕਿਸੇ ਪਾਸਿਉਂ ਉਸ ਨੂੰ ਜ਼ਿੰਦਾ ਰੱਖਣ ਲਈ ਖੂਨ ਪਹੁੰਚਦਾ ਰਿਹਾ।
ਆਪਰੇਸ਼ਨ ਪਿਛੋਂ ਮੈਂ ਢਾਈ ਮਹੀਨਿਆਂ ਬਾਅਦ ਸਨੋ ਸ਼ੂ ਵੀ ਕਰਨ ਲੱਗ ਪਿਆ ਜੋ ਮੈਂ ਸਰਦੀਆਂ ਨੂੰ ਪਿਛਲੇ ਪੰਜ ਸਾਲ ਤੋਂ ਕਰਦਾ ਆ ਰਿਹਾ ਸਾਂ। ਚਾਰ ਮਹੀਨਿਆਂ ਬਾਅਦ ਵੈਨਕੂਵਰ ਸਨ ਰਨ ਦੀ ਦਸ ਕਿਲੋਮੀਟਰ ਦੌੜ ਵੀ ਪੂਰੀ ਲਈ। ਇਹ ਮੇਰਾ ਇੱਕੀਵਾਂ ਸਨ ਰਨ ਸੀ। ਜੂਨ ‘ਚ ਸਰਜਰੀ ਤੋਂ ਛੇ ਮਹੀਨਿਆਂ ਬਾਅਦ ਮੈਂ ਯੂæ ਬੀæ ਸੀæ ਲੌਂਗੈਸਟ ਡੇ ਰਨ ਦੀ ਪੰਜ ਕਿਲੋਮੀਟਰ ਦੌੜ, ਜਿਸ ‘ਚ ਹਿੱਸਾ ਲੈਂਦਿਆਂ ਵੀਹ ਸਾਲ ਹੋ ਗਏ, ਵੀ ਨਿਯਮਤ ਸਮੇਂ ‘ਚ ਹੀ ਬਿਨਾ ਕਿਸੇ ਅੜਿਕੇ ਦੇ ਪੂਰੀ ਕਰ ਲਈ। ਹੁਣ ਸਰਜਰੀ ਨੂੰ ਪੌਂਣੇ ਦੋ ਸਾਲ ਹੋ ਚੱਲੇ ਹਨ, ਮੇਰੀ ਕਸਰਤ ਤੇ ਜੀਵਨ ਸ਼ੈਲੀ ਪਹਿਲਾਂ ਵਾਲੀ ਹੋ ਗਈ ਹੈ, ਜੋ ਮੈਨੂੰ ਰਿਸ਼ਟ ਪੁਸ਼ਟ, ਖੁਸ਼, ਸੰਤੁਸ਼ਟ ਤੇ ਖੇੜੇ ਭਰਪੂਰ ਸਮਾਂ ਬਿਤਾਉਣ ਤੇ ਹੋਰ ਰੁਝੇਵਿਆਂ ਲਈ ਵੀ ਪ੍ਰੇਰਿਤ ਕਰਦੀ ਹੈ।
ਜ਼ਿੰਦਗੀ ਦਾ ਰਹਿੰਦਾ ਸਮਾਂ ਮੇਰੇ ਲਈ ਹੋਰ ਵੀ ਅਹਿਮ ਬਣ ਗਿਆ ਹੈ। ਮੈਂ ਇਸ ਨੂੰ ਦੂਸਰਾ ਜਨਮ ਸਮਝਦਿਆਂ ਇਸ ਨਵੀਂ ਜ਼ਿੰਦਗੀ ਨੂੰ ਹੋਰ ਵੀ ਵਧੀਆ ਤਰੀਕੇ ਨਾਲ ਬਿਤਾਉਣਾ ਮੇਰਾ ਟੀਚਾ ਬਣ ਗਿਆ ਹੈ।