ਅੱਲਾ ਮੀਆਂ ਤੋਂ ਦਾਣੇ ਵੀ ਮੰਗੀਏ ਤੇ ਸਾਹ ਵੀ

ਗੁਲਜ਼ਾਰ ਸਿੰਘ ਸੰਧੂ
ਇਸ ਹਫਤੇ ਮੈਂ ਦਿੱਲੀ ਗਿਆ ਤਾਂ ਦੋਪਹੀਆ ਵਾਹਨਾਂ ਦੇ ਚਾਲਕ, ਸਕੂਲਾਂ-ਕਾਲਜਾਂ ਦੇ ਵਿਦਿਆਰਥੀ ਅਤੇ ਸੈਰ ਕਰਨ ਵਾਲੇ ਬਜ਼ੁਰਗਾਂ ਨੇ ਮਾਸਕ ਪਹਿਨੇ ਹੋਏ ਸਨ। ਕਾਰ ਦੇ ਸ਼ੀਸ਼ੇ ਖੋਲ੍ਹਿਆਂ ਅਜੀਬ ਤਰ੍ਹਾਂ ਦੀ ਦੁਰਗੰਧ ਆ ਰਹੀ ਸੀ। ਪ੍ਰਦੂਸ਼ਣ ਨੇ ਸਾਰੀ ਵਸੋਂ ਨੂੰ ਲਪੇਟ ਵਿਚ ਲੈ ਰਖਿਆ ਸੀ। ਮਾਹਿਰਾਂ ਦਾ ਕਹਿਣਾ ਹੈ ਕਿ ਮੀਂਹ ਨਾ ਪੈਣ ਕਾਰਨ ਜ਼ਹਿਰੀਲੀ ਧੁੰਦ ਸਤਾਹ ਤੋਂ ਉਤੇ ਨਹੀਂ ਉਠ ਰਹੀ। ਇਸ ਵਿਚ ਅੱਠ ਤਰ੍ਹਾਂ ਦੇ ਜ਼ਹਿਰੀਲੇ ਕਣ ਹਾਜ਼ਰ ਹਨ। ਅਮੋਨੀਆ ਗੈਸ ਅੱਖਾਂ ਵਿਚ ਜਲਣ ਪੈਦਾ ਕਰਕੇ ਅੱਥਰੂ ਵੀ ਕੱਢਦੀ ਹੈ। ਛੂਤ ਰੋਗ ਵਧ ਰਹੇ ਹਨ। ਫੇਫੜਿਆਂ ‘ਤੇ ਮਾੜਾ ਅਸਰ ਲਾਜ਼ਮੀ ਹੈ।

ਖੇਤਾਂ ਵਿਚ ਲਾਈ ਜਾ ਰਹੀ ਅੱਗ, ਕਾਰਖਾਨਿਆਂ ਦਾ ਧੂੰਆਂ, ਵਾਹਨਾਂ ਦੇ ਧੂੰਏ ਵਿਚਲੀ ਨਾਈਟ੍ਰੋਜਨ ਆਕਸਾਈਡ ਦਮੇ ਤੇ ਟੀæਬੀæ ਦੇ ਰੋਗੀਆਂ ਲਈ ਬੇਹੱਦ ਹਾਨੀਕਾਰਕ ਹਨ। ਵੱਧ ਤੋਂ ਵੱਧ ਪਾਣੀ ਪੀਣ ਅਤੇ ਧੁੱਪ ਨਿਕਲਿਆਂ ਸੈਰ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਲੰਮੇ ਸਮੇਂ ਦੇ ਰੋਗੀਆਂ ਨੂੰ ਹਦਾਇਤ ਹੈ ਕਿ ਦਵਾਈ ਖਾਣੀ ਨਾ ਭੁੱਲਣ। ਪੰਜਾਬ ਵਿਚ ਬਾਰਿਸ਼ ਦੇ ਬਾਵਜੂਦ ਹਵਾ ਵਿਚ ਧੂੰਆਂਖੀ ਧੁੰਦ (ਸਮੌਗ) ਕਾਇਮ ਹੈ। ਤਿਉਹਾਰਾਂ ਦੇ ਪਟਾਕੇ ਤੇ ਪਰਾਲੀ ਸਾੜਨ ਦਾ ਧੂੰਆਂ ਇਸ ਵਿਚ ਵਾਧਾ ਕਰਦਾ ਹੈ। ਮੇਰੇ ਬਚਪਨ ਵਿਚ ਅਸੀਂ ‘ਰੱਬਾ ਰੱਬਾ ਮੀਂਹ ਵਸਾ, ਸਾਡੀ ਕੋਠੀ ਦਾਣੇ ਪਾ’ ਗਾਉਂਦੇ ਹੁੰਦੇ ਸਾਂ। ਮਾਪਿਆਂ ਦਾ ਫਰਜ਼ ਬਣਦਾ ਹੈ ‘ਸਾਡੀ ਕੋਠੀ ਦਾਣੇ ਪਾ’ ਦੀ ਥਾਂ ‘ਸਾਡੇ ਸਾਹਾਂ ਨੂੰ ਚੋਗਾ ਪਾ’ ਜੋੜ ਦੇਣ। ਕੋਠੀ ਦੇ ਦਾਣਿਆਂ ਨਾਲੋਂ ਸਾਹਾਂ ਦੀ ਲੋੜ ਅਹਿਮ ਹੈ।
ਨਿਵੇਕਲੀ ਲਿਖਣ ਸ਼ੈਲੀ ਦਾ ਬਾਦਸ਼ਾਹ ਗੁਰਬਚਨ: ਇਨ੍ਹੀਂ ਦਿਨੀਂ ਚੰਡੀਗੜ੍ਹ ਸਾਹਿਤ ਅਕਾਡਮੀ ਨੇ ‘ਸਾਹਿਤ ਦੇ ਸਿਕੰਦਰ’ (1995) ਤੇ ‘ਮਹਾਂਯਾਤਰਾ’ (2015) ਵਰਗੀਆਂ ਅੱਧੀ ਦਰਜਨ ਹੋਰ ਪੁਸਤਕਾਂ ਦੇ ਲੇਖਕ ਗੁਰਬਚਨ ਨਾਲ ਰੂ-ਬ-ਰੂ ਪ੍ਰੋਗਰਾਮ ਰਚਾਇਆ ਜਿਸ ਵਿਚ ਉਸ ਨੇ ਆਪਣੇ ਜੀਵਨ ਦੇ ਅਨੇਕ ਭੇਤਾਂ ਤੋਂ ਬਿਨਾ ਆਪਣੀਆਂ ਰਚਨਾਵਾਂ ਦੇ ਕੁਝ ਅੰਸ਼ ਵੀ ਸੁਣਾਏ। ਪੇਸ਼ ਹਨ ਦੋ-ਤਿੰਨ ਪੈਰੇ ਜੋ ਪਿਛਲੀ ਸਦੀ ਦੇ ਮਹਾਂਰਥੀਆਂ-ਗੁਰਬਖਸ਼ ਸਿੰਘ ਪ੍ਰੀਤਲੜੀ, ਭਾਈ ਜੋਧ ਸਿੰਘ, ਗੁਰਮੁਖ ਸਿੰਘ ਮੁਸਾਫਰ, ਸੰਤ ਸਿੰਘ ਸੇਖੋਂ, ਬਰਕਤ ਰਾਮ ਯੁਮਨ, ਬਲਵੰਤ ਗਾਰਗੀ, ਸ਼ਿਵ ਕੁਮਾਰ ਤੇ ਤਾਰਾ ਸਿੰਘ ਦੇ ਚਿਹਨ ਚਕਰ ਹੀ ਨਹੀਂ ਉਭਾਰਦੇ, ਲੇਖਕ ਦੀ ਸ਼ਬਦ ਚੋਣ ਵਾਕ ਬਣਤਰ ਤੇ ਲਿਖਣ ਸ਼ੈਲੀ ਤੋਂ ਵੀ ਜਾਣੂੰ ਕਰਵਾਉਂਦੇ ਹਨ:
“ਸਾਲ 1960 ਤੇ ਅੰਬਾਲਾ ਸ਼ਹਿਰ ਵਿਚ ਹੋ ਰਹੀ ਪੰਜਾਬੀ ਕਾਨਫਰੰਸ ਦਾ ਆਖਰੀ ਦਿਨ। ਕਵੀ ਦਰਬਾਰਾਂ ਦੇ ਪਹਿਲਵਾਨ ਮੰਚ ‘ਤੇ ਸਜੇ ਹਨ। ਸਰੋਤਿਆਂ ਦੀ ਸਲਤਨਤ ਵਿਚ ਪੰਜਾਬੀ ਦੇ ਨਿੱਕੇ ਵੱਡੇ ਸਾਰੇ ਲੇਖਕ ਮੌਜੂਦ ਹਨ-ਭਾਈ ਜੋਧ ਸਿੰਘ, ਗੁਰਬਖਸ਼ ਸਿੰਘ ‘ਪ੍ਰੀਤ ਲੜੀ’ ਤੇ ਸੰਤ ਸਿੰਘ ਸੇਖੋਂ ਸਮੇਤ। ਮਈ ਦੇ ਦਿਨਾਂ ਦੀ ਗੱਲ ਹੈ ਇਹ। ਪੰਡਿਤ ਨਹਿਰੂ ਇਕ ਦਿਨ ਪਹਿਲਾਂ ਕਿਸੇ ਉਦਘਾਟਨ ਲਈ ਪੰਜਾਬ ਆਏ ਤਾਂ ਗੁਰਮੁਖ ਸਿੰਘ ਮੁਸਾਫਰ ਉਨ੍ਹਾਂ ਨਾਲ ਜਹਾਜ਼ ਵਿਚ ਬੈਠ ਗਏ। ਪੰਡਿਤ ਜੀ ਦਾ ਦੌਰਾ ਭੁਗਤਾ ਕੇ ਮੁਸਾਫਰ ਸਾਹਿਬ ਕਵੀ ਦਰਬਾਰ ਦੀ ਪ੍ਰਧਾਨਗੀ ਕਰਨ ਅੰਬਾਲੇ ਪੁਜ ਗਏ।
ਡਾæ ਪਿਆਰ ਸਿੰਘ ਨੇ ਮੈਨੂੰ ਹੌਲੀ ਜਿਹੀ ਕਿਹਾ ਕਿ ਮੈਂ ਮੰਚ ਸਕੱਤਰ ਨੂੰ ਦੱਸਾਂ ਕਿ ਸ਼ਿਵ ਬਟਾਲਵੀ ਇਕ ਕੋਨੇ ‘ਚ ਬੈਠਾ ਹੈ, ਉਹ ਉਸ ਨੂੰ ਪਹਿਲਾਂ ਬੁਲਾ ਲਵੇ, ਕਿਉਂਕਿ ਕਵੀ ਦਰਬਾਰ ਦਾ ਮਾਹੌਲ ਬੱਝ ਨਹੀਂ ਰਿਹਾ। ਇਸ ਨਾਂ ਵਾਲੇ ਕਵੀ ਨੂੰ ਮੈਂ ਪਿਛਲੇ ਸਾਲ (1959 ਵਿਚ) ਅੰਮ੍ਰਿਤਸਰ ਦੇ ਕੰਪਨੀ ਬਾਗ ਵਿਚ ਹੋਏ ਕਵੀ ਦਰਬਾਰ ਵਿਚ ਸੁਣ ਚੁਕਾ ਸਾਂ। ਉਹ ਸ਼ਿਵ ਦਾ ਪਹਿਲਾ ਕਵੀ ਦਰਬਾਰ ਸੀ। ਉਦੋਂ ਇੰਜ ਜ਼ਾਹਰ ਹੁੰਦਾ ਸੀ ਜਿਵੇਂ ਉਹ ਬਰਕਤ ਰਾਮ ‘ਯੁਮਨ’ ਦਾ ਸ਼ਾਗਿਰਦ ਹੋਵੇ। ਮੈਂ ਜਦੋਂ ਮੰਚ ਸਕੱਤਰ ਨੂੰ ਸ਼ਿਵ ਬਾਰੇ ਹੌਲੀ ਜਿਹੀ ਕਿਹਾ ਤਾਂ ਉਸ ਨੇ ਮੰਚ ਉਤੇ ਸਾਰੇ ਪਾਸੇ ਨਜ਼ਰ ਦੁੜਾਈ ਤੇ ਕਿਹਾ, ‘ਕਿਹੜਾ ਸ਼ਿਵ?’
‘ਸ਼ਿਵ ਬਟਾਲਵੀ।’ ਮੈਂ ਦਸਿਆ। ਉਸ ਕਿਹਾ, ‘ਕਿਹੜਾ ਬਟਾਲਵੀ?’
ਜਦੋਂ ਸ਼ਿਵ ਬਟਾਲਵੀ ਦਾ ਨਾਂ ਬੋਲਿਆ ਗਿਆ ਤਾਂ ਸਰੋਤਿਆਂ ਵਿਚ ਹਲਕੀ ਜਿਹੀ ਕਾਨਾਫੂਸੀ ਸਫਰ ਕਰ ਗਈ। ਕਈ ਸਾਲਾਂ ਤੋਂ ਕਵੀ ਦਰਬਾਰਾਂ ਵਿਚ ਉਹੋ ਨਾਂ, ਉਹੋ ਕਵਿਤਾ, ਉਹੋ ਅਦਾ ਚਲਦੀ ਆ ਰਹੀ ਸੀ। ਮੰਚ ਉਤੇ ਬੈਠਾ ਕੋਈ ਕਵੀ ਦੂਜੇ ਕਵੀ ਦੇ ਕੰਨ ਵਿਚ ਹੌਲੇ ਜਿਹੇ ਨਜ਼ਮ ਸੁਣਾਉਣ ਵਾਲੇ ਨੂੰ ਠਿੱਠ ਕਰ ਦਿੰਦਾ ਅਤੇ ਨਾਲੇ ਅਚਾਨਕ ਹੱਥ ਉਤੇ ਕਰਕੇ ਦਾਦ ਵੀ ਉਸ ਵੱਲ ਵਗਾਹ ਮਾਰਦਾ। ਜਿਸ ਕਵਿਤਾ ਵਿਚ ਲਤੀਫੇ ਵੱਧ ਹੁੰਦੇ, ਉਹ ਹਿੱਟ ਜਾਂਦੀ। ਕੋਈ ਪੰਜਵੇਂ ਸ਼ੇਅਰ ‘ਤੇ ਹਿੱਕ ਹਿਲਾ ਕੇ ਕਹਿੰਦਾ, ‘ਮੁਸਾਫਰ ਸਾਹਿਬ, ਜ਼ਰਾ ਧਿਆਨ ਦੇਣਾ।’ ਮੁਸਾਫਰ ਸਾਹਿਬ ਦੀ ਚਿੱਟੀ ਨਾਇਲੋਨ ਵਰਗੀ ਦਾਹੜੀ ਇਕ ਦਮ ਉਤਾਂਹ ਉਠ ਕੇ ਕਵੀ ਵਲ ਪਾਸਾ ਪਰਤਦੀ। ਅਜਿਹੇ ਮਾਹੌਲ ਵਿਚ ਇਕ ਬਾਈ ਸਾਲਾਂ ਦਾ ਲੰਮਾ ਸੁਨੱਖਾ ਯੁਵਕ ਬਤਖ ਰੰਗੇ ਕੁੜਤੇ-ਪਜਾਮੇ ਵਿਚ ਚਿਹਰੇ ‘ਤੇ ਚੁਪ ਪਸਾਰੀ ਮਾਈਕ ਅੱਗੇ ਜਾ ਖੜ੍ਹਾ ਹੋਇਆ ਤਾਂ ਕਵੀਆਂ ਨੇ ਮਾਸਟਰਾਂ ਵਾਲੇ ਅੰਦਾਜ਼ ਵਿਚ ਨਜ਼ਰ ਉਸ ਵਲ ਵੱਟ, ਜਾਇਜ਼ਾ ਲਿਆ।
ਸ਼ਿਵ ਕੁਮਾਰ ਨੇ ਅੱਖਾਂ ਮੁੰਦ ਲਈਆਂ। ਜ਼ੁਲਫ ਦਾ ਕੁੰਡਲ ਡਿਊੜਾ ਹੋ ਗਿਆ। ਚਿਹਰਾ ਹਲਕਾ ਜਿਹਾ ਹਰਕਤ ‘ਚ ਆਇਆ। ਰੱਤ ‘ਚੋਂ ਹੂਕ ਨਿਕਲੀ, ‘ਮਾæææਏæææਏæææਨੀæææਮਾਏ।’ ਕੁੜੀਆਂ ਦੇ ਦਿਲਾਂ ਦੀ ਟਿਕਟਕੀ ਰੁਕ ਗਈ। ਚਿਹਰੇ ਸੁੰਨ ਹੋ ਗਏ। ‘ਬਿਰਹੋਂ ਦੀæææਰੜæææਕ ਪæææਵੇ’ ਤਕ ਮੁਦਰਾ ਵਿਚ ਆਇਆ ਸੱਜਾ ਹੱਥ ਸੱਪ ਦੇ ਫੰਨ ਵਾਂਗ ਘੁੰਮ ਗਿਆ। ਹੂਕ ਸ਼ਾਮਿਆਨਿਆਂ ਨੂੰ ਚੀਰ ਕੇ ਹਵਾ ਨੂੰ ਵਿੰਨ੍ਹ ਗਈ। ਚਿੜੀਆਂ ਦੇ ਦਿਲ ਹਿਲ ਗਏ। ਕਬਰਾਂ ਦੇ ਸੀਨੇ ਕੰਬ ਉਠੇ।
ਸ਼ਿਵ ਕੁਮਾਰ ਕਾਵਿ ਮੰਚਾਂ ਦਾ ਰਾਜਕੁਮਾਰ ਬਣ ਗਿਆ।”
ਹੁਣ ਇੱਕ ਪੈਰਾ ਬਲਵੰਤ ਗਾਰਗੀ ਬਾਰੇ। ਉਸ ਦੀ ਪੈਂਠ, ਪੇਸ਼ਕਾਰੀ ਤੇ ਖੁਲ੍ਹਦਿਲੀ ਬਾਰੇ, ਜਿਸ ਨੂੰ ਗੁਰਬਚਨ ਪਾਰਦਰਸ਼ੀ, ਫਿਲਮੀ, ਕਮਰਸ਼ਲ, ਰੰਗ-ਬਰੰਗੀ ਤੇ ਸਫਲ ਕਹਿੰਦਾ ਹੈ। ਗਾਰਗੀ ਦਾ ਕਥਨ ਦਿੰਦਾ ਹੈ, “ਇਹ ਜੋ ਕਹਿੰਦੇ ਫਿਰਦੇ ਨੇ ਸਮਾਜ਼ææਮਨੁੱਖ਼ææਸਥਿਤੀ। ਕੀ ਹੈ ਮਨੁੱਖੀ ਸਥਿਤੀ? ਜੋ ਮੈਂ ਜਿਉਂਦਾ ਹਾਂ, ਜਿੱਦਾਂ ਜਿਉਂਦਾ ਹਾਂ, ਕੀ ਇਹ ਮਨੁੱਖੀ ਸਥਿਤੀ ਨਹੀਂ? ਜੇ ਮੇਰੇ ਘਰ ਕੋਈ ਕੰਜਰੀ ਆਉਂਦੀ ਹੈ, ਮੇਰੇ ‘ਚ ਕਾਮ ਦੀ ਭੁੱਖ ਹੈ, ਇਹ ਹੈ ਮਨੁੱਖੀ ਸਥਿਤੀ। ਮੇਰੇ ਘਰ ‘ਚ ਇਕ ਦਿਨ ਤਾਰਾ ਸਿੰਘ ਤੇ ਗੁਲਜ਼ਾਰ ਆ ਗਏ। ਜੇਬ ‘ਚ ਸ਼ਰਾਬ ਦਾ ਅਧੀਆ, ਹੱਥਾਂ ‘ਚ ਤਲੀ ਮੱਛੀ ਦਾ ਪੁੜਾ, 1964 ਦੀ ਗੱਲ ਹੈ। ਬੈਠੇ ਖਾ ਪੀ ਰਹੇ ਸਨ ਕਿ ਕੋਨੇ ‘ਚ ਚੋਰ ਦਿਖਾਈ ਦਿੱਤਾ, ਹਨੇਰੇ ‘ਚ ਲੁਕਿਆ ਹੋਇਆ। ਫੜ੍ਹ ਕੇ ਬਿਠਾ ਲਿਆ। ਪਤਾ ਲੱਗਾ, ਉਹ ਮੁਸਲਮਾਨ ਸੀ। ਉਹਨੂੰ ਸੁਆਲ ਪੁੱਛਦੇ ਤਾਰਾ ਸਿੰਘ ਤੇ ਗੁਲਜ਼ਾਰ ਖਿੜਖਿੜਾ ਕੇ ਹੱਸਦੇ। ਕਹਿੰਦੇ, ‘ਓਏ, ਮੁਸਲਮਾਨ ਹੋ ਕੇ ਚੋਰੀ ਕਰਦੈਂ, ਦੁਰਫਿੱਟੇ ਮੂੰਹ ਤੇਰੇ।’
ਤਾਰਾ ਸਿੰਘ ਨੇ ਗਲਾਸ ‘ਚ ਵਿਸਕੀ ਪਾ ਕੇ ਚੋਰ ਨੂੰ ਫੜ੍ਹਾਈ ਤੇ ਕਹਿਣ ਲੱਗਾ, ‘ਅਸੀਂ ਚੋਰ ਫੜ੍ਹਨ ਵਾਲੇ ਜ਼ਰੂਰ ਆਂ, ਪਰ ਕਮੀਨੇ ਨਹੀਂ। ਲੈ ਇਕ ਛਿੱਟ ਤੂੰ ਵੀ ਛੱਕ, ਫਿਰ ਪੁਲਿਸ ਦੇ ਹਵਾਲੇ ਕਰਦੇ ਆਂ। ਘੜੀ ਅਨੰਦ ਲੈ, ਫਿਰ ਤਾਂ ਤੈਨੂੰ ਪੁਲਿਸ ਨੇ ਛਿੱਤਰ ਹੀ ਮਾਰਨੇ ਆਂ।’ ਚੋਰ ਹੱਸ ਪਿਆ। ਇਹ ਹੈ ਮਨੁੱਖੀ ਸਥਿਤੀ।” ਏਨਾ ਕਹਿ ਕੇ ਗਾਰਗੀ ਚੁਪ ਹੋ ਜਾਂਦਾ ਹੈ। ਬਿਲਕੁਲ ਚੁੱਪ।
ਅੰਤਿਕਾ: ਸੁਖਵਿੰਦਰ ਅੰਮ੍ਰਿਤ
ਮੈਂ ਇਓਂ ਤੜਪਾਂ, ਮੈਂ ਇਓਂ ਸਿਸਕਾਂ,
ਇਓਂ ਦੇਵਾਂ ਸੱਦਾ ਉਸ ਨੂੰ,
ਮੇਰਾ ਦਰਿਆ, ਮੇਰੀ ਖਾਤਰ,
ਸਮੁੰਦਰ ‘ਚੋਂ ਵੀ ਮੁੜ ਆਵੇ।