ਐਸ਼ ਅਸ਼ੋਕ ਭੌਰਾ
ਐਵੇਂ ਵਹਿਮ ਹੀ ਹੈ, ਸਦੀਵੀ ਕੁਝ ਵੀ ਨਹੀਂ ਰਹਿਣਾ ਹੁੰਦਾ। ਬੰਦਾ ਉਹੀ ਹੁੰਦਾ ਹੈ, ਪਰ ਸਰੀਰ ਬਚਪਨ ‘ਚ ਹੋਰ, ਜਵਾਨੀ ‘ਚ ਹੋਰ ਤੇ ਬੁਢਾਪੇ ‘ਚ ਆਪਣੇ ਆਪ ਹੀ ਹੋਰ ਹੋ ਜਾਂਦਾ ਹੈ। ਗਾਇਕੀ ਨਾਲ ਮੈਨੂੰ ਰੱਜ ਕੇ ਮੋਹ ਤੇ ਸਤਿਕਾਰ ਮਿਲਿਆ। ਇਸੇ ਕਰਕੇ ਪੰਜਾਬੀ ਗਾਇਕੀ ਦੀ ਗੱਲ ਮੁੱਕਦੀ ਕਰਨ ਨੂੰ ਜੀਅ ਨਹੀਂ ਕਰਦਾ। ਇਹ ਚੱਲਦੀ ਰਹੇਗੀ। ਪਹਿਲਾਂ ਸੁਰਾਂ ਆਉਂਦੀਆਂ ਸਨ, ਹੁਣ ਗਾਇਕ ਆ ਰਹੇ ਹਨ, ਤੇ ਗਾਇਕਾਂ ਦੇ ਵੀ ਕਾਫਲੇ ਆ ਰਹੇ ਹਨ। ਇਸ ਲਈ ਕਿਸੇ ਇੱਕ ਬੰਦੇ ਤੋਂ ਇੱਕ ਗੱਠ ‘ਚ ਬੰਨ੍ਹ ਕੇ ਪੇਸ਼ ਕਰਨਾ ਔਖਾ ਬਹੁਤ ਹੋ ਜਾਵੇਗਾ।
ਵਕਤ ਦੀ ਗੱਲ ਹੈ, ਕਦੇ ਗਾਇਕ ਮੈਨੂੰ ਘੁੰਮ ਕੇ ਵੀ ਮਿਲਣ ਆਉਂਦੇ ਸਨ। ਜੋ ਮੇਰੇ ਪਿੰਡ ਕੋਲ ਦੀ ਗੁਜਰਦੇ ਸਨ, ਉਹ ਘਰ ਫੇਰਾ ਪਾ ਕੇ ਜਰੂਰ ਜਾਂਦੇ, ਕਈ ਵਲ-ਵਿੰਗ ਪਾ ਕੇ ਵੀ। ਪਿਛਲੇ ਸਾਲ ਜਦੋਂ ਲੁਧਿਆਣੇ ਜ਼ਿਲੇ ਦੇ ਪਿੰਡ ਚੀਮਨਾ ‘ਚ ਮੇਰਾ ਸਨਮਾਨ ਹੋਇਆ, ਉਦੋਂ ਮੈਨੂੰ ਅਹਿਸਾਸ ਹੋਇਆ ਕਿ ਦਿਨ ਉਹ ਹੁਣ ਗੁਜ਼ਰ ਗਿਆ। ਉਦਾਹਰਣਾਂ ਪੇਸ਼ ਕਰ ਦਿਆਂ:
ਪੰਮੀ ਬਾਈ ਨੂੰ ਮੈਂ ਸਭ ਤੋਂ ਪਹਿਲਾਂ ਫੋਨ ਕੀਤਾ, ਉਹਦਾ ਜਵਾਬ ਸੀ, “ਅਸ਼ੋਕ ਵੀਰ ਆ ਨਹੀਂ ਸਕਾਂਗਾ, ਕਿਉਂਕਿ ਮੇਰੇ ਪਿੰਡ ਵਿਚ ਹੀ ਬਹੁਤ ਵੱਡਾ ਫੰਕਸ਼ਨ ਹੋ ਰਿਹੈ, ਗੁਸਤਾਖੀ ਮਾਫ ਕਰੀਂ।”
ਸਤਵਿੰਦਰ ਬੁੱਗੇ ਨੂੰ ਕਿਹਾ ਤਾਂ ਆਖਣ ਲੱਗਾ, “ਕੋਸ਼ਿਸ਼ ਕਰਾਂਗਾ।”
ਦੀਪਕ ਬਾਲੀ ਨੂੰ ਕਿਹਾ, ਉਹ ਕਹਿੰਦਾ, “ਮਨਮੋਹਨ ਵਾਰਿਸ ਹੁਰਾਂ ਦੀ ਸ਼ੂਟਿੰਗ ਚੱਲ ਰਹੀ ਹੈ।”
ਜਿਸ ਮਮਤਾ ਜੋਸ਼ੀ ਦਾ ਮਾਹਲਪੁਰ ‘ਚ ਪੱਲਿਉਂ ਪੈਸੇ ਖਰਚ ਕੇ ਸ਼ੁਰੂਆਤੀ ਦਿਨਾਂ ‘ਚ ਵੱਡਾ ਪ੍ਰੋਗਰਾਮ ਕਰਵਾਇਆ, ਉਹ ਵੀ ਨਾ ਪਹੁੰਚੀ।
ਨਛੱਤਰ ਗਿੱਲ ਦੀ ਮਾਤਾ ਦੇ ਭੋਗ ‘ਤੇ ਲਹਿੰਬਰ ਹੁਸੈਨਪੁਰੀ ਨੂੰ ਕਿਹਾ, ਮੰਗੀ ਮਾਹਲ ਨੂੰ ਕਿਹਾ, ਦੇਬੀ ਮਕਸੂਸਪੁਰੀ ਨੂੰ ਕਿਹਾ-ਸਭ ਨੇ ਲਾਰਿਆਂ ਦੇ ਲੱਡੂ ਮੇਰੇ ਹੱਥੀਂ ਫੜ੍ਹਾ ਦਿੱਤੇ ਸਨ। ਖੈਰ! ਮੈਨੂੰ ਅਹਿਸਾਸ ਹੋ ਗਿਆ ਸੀ ਕਿ ਗਾਇਕਾਂ ਨੂੰ ਹੁਣ ਮੇਰੇ ਤੋਂ ਨਾ ਤਾਂ ਵੱਡੇ ਲੇਖ ਲਿਖਵਾਉਣ ਦੀ ਆਸ ਰਹੀ ਹੈ, ਨਾ ਹੁਣ ਟੀæ ਵੀæ ਤੇ ਮੇਲਿਆਂ ਨਾਲ ਮੇਰਾ ਸਬੰਧ ਰਿਹਾ ਹੈ। ਇਸ ਕਰਕੇ ਇਹ ਗੱਲ ਤਸਦੀਕ ਹੋ ਗਈ ਸੀ ਕਿ ਮਿੱਤਰਚਾਰਾ ਇਕੱਲਾ ਸਬੰਧਾਂ ਦਾ ਨਹੀਂ, ਕਿਤੇ ਨਾ ਕਿਤੇ ਮਤਲਬ ਤੇ ਸੁਆਰਥ ਨਾਲ ਵੀ ਜੁੜਿਆ ਹੁੰਦਾ ਹੈ।
ਖੈਰ! ਸਰਦੂਲ ਨੇ ਆ ਜਾਣਾ ਸੀ, ਉਹ ਬਿਮਾਰ ਸੀ। ਕਮਲਜੀਤ ਨੀਲੋਂ ਨੂੰ ਗੱਡੀ ਨਹੀਂ ਭੇਜ ਸਕਿਆ, ਪਰ ਇਸ ਗੱਲ ਦਾ ਮਾਣ ਹੈ ਕਿ ਯੁੱਗ ਗਾਇਕ ਮੁਹੰਮਦ ਸਦੀਕ, ਸੁਰਿੰਦਰ ਛਿੰਦਾ, ਰਣਜੀਤ ਕੌਰ ਤੇ ਪਾਲੀ ਦੇਤਵਾਲੀਆ ਉਚੇਚੇ ਤੌਰ ‘ਤੇ ਪਹੁੰਚੇ। ਹਾਣ ਮੰਗਲਾਂ ‘ਚੋਂ ਬੂਟਾ ਮੁਹੰਮਦ ਪਹੁੰਚਿਆ, ਲੋਪੋਕੇ ਭਰਾ ਵੀ। ਜਿਹੜਾ ਸਭ ਤੋਂ ਵੱਡਾ ਦੁੱਖ ਰਿਹਾ, ਜਿਸ ਦਾ ਗਿਲਾ ਇਸ ਸਮਾਗਮ ਦਾ ਮੁੱਖ ਪ੍ਰਬੰਧਕ ਜੁਗਰਾਜ ਧਾਲੀਵਾਲ ਵੀ ਕਰਦਾ ਰਿਹਾ ਕਿ ਮੇਰਾ ਚਮਕੀਲੇ ਦੇ ਵੇਲਿਆਂ ਦਾ ਮਿੱਤਰ ਆਤਮਾ ਬੁੱਢੇਵਾਲ ਆਪਣੀ ਸਹਿ-ਗਾਇਕਾ ਅਮਨ ਰੋਜ਼ੀ ਨਾਲ ਪਹੁੰਚਿਆ ਹੀ ਨਹੀਂ।
ਖੈਰ! ਗਿਲੇ-ਸ਼ਿਕਵਿਆਂ ‘ਚੋਂ ਨਿਕਲ ਕੇ ਮੈਂ ਆਪਣੇ ਨਾਲ ਗਾਇਕੀ ਨਾਲ ਜੁੜੇ ਤੀਹ ਵਰ੍ਹਿਆਂ ਦੀ ਗੱਲ ਮੁਕਾਉਣ ਲੱਗਾ ਹਾਂ, ਕਈਆਂ ਦੀ ਗੱਲ ਕਰਨੋਂ ਰਹਿ ਗਈ ਹੋਵੇਗੀ, ਉਨ੍ਹਾਂ ਨੂੰ ਗਿਲਾ-ਸ਼ਿਕਵਾ ਵੀ ਰਹੇਗਾ, ਜਿਨ੍ਹਾਂ ਦੀ ਕੀਤੀ ਹੈ, ਉਨ੍ਹਾਂ ਨੂੰ ਵੀ ਸ਼ਾਇਦ ਕਿਤੇ ਕਿਤੇ ਚੰਗੀ ਨਾ ਲੱਗੇ, ਪਰ ਮੈਂ ਦਿਲ ਦੀਆਂ ਗੱਲਾਂ ਕਰਨ ਦੀ ਫਿਲਾਸਫੀ ਨੂੰ ਹੀ ਮੁੱਖ ਰੱਖਿਆ ਹੈ ਤੇ ਅਸਲ ‘ਚ ਇਹ ਗਾਇਕੀ ਖੇਤਰ ਦੀ ਮੇਰੀ ਸਵੈ-ਜੀਵਨੀ ਵਰਗੀ ਕਹਾਣੀ ਹੈ।
ਗਾਇਕੀ ‘ਚ ਗੁਜ਼ਰਦਿਆਂ ਜਿਨ੍ਹਾਂ ਨਾਲ ਗੂੜ੍ਹਾ ਸਬੰਧ ਰਿਹਾ ਹੈ, ਉਨ੍ਹਾਂ ‘ਚੋਂ ਪਾਲੀ ਦੇਤਵਾਲੀਆ ਵੀ ਇੱਕ ਹੈ। ਪਹਿਲਾਂ-ਪਹਿਲਾਂ ਉਹਨੇ ਤੱਤੇ ਗੀਤ ਵੀ ਲਿਖੇ ਪਰ ਲੋਕਾਂ ਨੂੰ ਭੁੱਲ ਗਏ, ਕਿਉਂਕਿ ‘ਖੁਰਾਂ ਨਾਲ ਬੱਕੀ ਮਿਰਜ਼ਾ ਜਗਾਉਂਦੀ, ਧੀਆਂ ਪਰਦੇਸਣਾਂ ਦੀ ਆ ਕੇ ਸੁਣੇਂਗਾ ਕਦੋਂ ਅਰਜੋਈ, ਇੱਕ ਵੀਰ ਦੇਈਂ ਵੇ ਰੱਬਾ’ ਕੁਲਦੀਪ ਮਾਣਕ ਦੇ ਗਾਏ ਤੇ ਪਾਲੀ ਦੇਤਵਾਲੀਏ ਦੇ ਲਿਖੇ ਅਮਰ ਗੀਤ ਹਨ। ਪਾਲੀ ਨਿੱਘਾ ਬੰਦਾ ਹੈ, ਮੇਰੀ ਉਸ ਨਾਲ ਤੀਹ ਸਾਲ ਨਿਭੀ ਹੈ। ਮੈਂ ਬੁੱਢਾ ਹੋ ਰਿਹਾ ਹਾਂ, ਪਰ ਪਾਲੀ ਨੇ ਆਪਣੀ ਉਮਰ ਗੋਡਿਆਂ ਥੱਲੇ ਦੇ ਕੇ ਰੱਖੀ ਹੈ। ਚਾਹੇ ਸ਼ੌਂਕੀ ਮੇਲਾ ਹੋਵੇ, ਚਾਹੇ ਮੇਰੇ ਘਰ ਦਾ ਕੋਈ ਸਮਾਗਮ-ਪਾਲੀ ਹਰ ਥਾਂ ਹਾਜ਼ਰ ਹੋਇਆ।
ਗਾਇਕੀ ‘ਚ ਜਸਵੰਤ ਸੰਦੀਲੇ ਤੇ ਪਾਲੀ ਦੇਤਵਾਲੀਏ ਦੀ ਗੱਲ ਸਰਪੰਚ ਜਾਂ ਪੰਚਾਇਤ ਮੈਂਬਰਾਂ ਵਾਂਗ ਵੀ ਹੁੰਦੀ ਰਹੇਗੀ, ਕਿਉਂਕਿ ਕਈ ਗਾਇਕਾਂ ਦੀਆਂ ਸਮੱਸਿਆਵਾਂ ਨੂੰ ਬਾਖੂਬੀ ਸੁਲਝਾਇਆ ਵੀ ਹੈ। ਇਹ ਗੱਲ ਇਨ੍ਹਾਂ ਦੀ ਪੰਚਾਇਤ ‘ਚ ਮੰਨੀ ਜਾਂਦੀ ਰਹੀ ਹੈ ਕਿ ਅਸ਼ੋਕ ਭੌਰੇ ਨੇ ਪੰਜਾਬੀ ਗਾਇਕੀ ਲਈ ਬਹੁਤ ਕੰਮ ਕੀਤਾ ਹੈ। ਉਹਦੀ ਪੈੜ ਇਤਿਹਾਸਕ ਹੈ। ਜਗਮੋਹਨ ਕੌਰ ਮੇਰੇ ਨਾਲ ਅਕਸਰ ਸੰਦੀਲੇ ਦਾ ਜ਼ਿਕਰ ਕਰਦੀ ਸੀ, ‘ਸ਼ਾਹਾਂ ਦਾ ਕਰਜ ਬੁਰਾ’ ਜਗਮੋਹਨ ਦਾ ਗਾਇਆ ਸੰਦੀਲੇ ਦਾ ਹੀ ਗੀਤ ਹੈ। ਫਿਰ ਉਹ ਪਰਮਿੰਦਰ ਸੰਧੂ ਨਾਲ ਗਾਉਣ ਲੱਗ ਪਿਆ। ਉਹ ਜੋੜੀ ਦੇ ਰੂਪ ‘ਚ ਮੇਰੇ ਘਰ ਆਉਂਦੇ ਜਾਂਦੇ ਰਹੇ, ਮਿਲਦੇ ਰਹੇ, ਪਰ ਜਦੋਂ ਪਰਮਿੰਦਰ ਇਕੱਲਿਆਂ ਗਾਉਣ ਲੱਗੀ ਤੇ ਮੇਰੀ ਨੇੜਤਾ ਉਸ ਨਾਲ ਜ਼ਿਆਦਾ ਰਹੀ, ਇਹ ਗੱਲ ਕਿਤੇ ਕਿਤੇ ਸੰਦੀਲੇ ਨੂੰ ਸ਼ਾਇਦ ਚੁਭਦੀ ਵੀ ਰਹੀ। ਪੁਲਿਸ ਅਫਸਰ ਗੁੱਡੂ ਵਰਗੇ ਕਈ ਸਾਡੇ ਦੋਵਾਂ ਦੇ ਸਾਂਝੇ ਮਿੱਤਰ ਵੀ ਰਹੇ।
ਪੰਮੀ ਬਾਈ ਲੋਕ ਨਾਚਾਂ ਦੀ ਪੇਸ਼ਕਾਰੀ ਕਰਕੇ, ਇਨਸਾਨੀਅਤ ਕਰਕੇ ਤੇ ਜਿਸ ਸਾਲ ਮੈਂ ਸ਼ੌਂਕੀ ਮੇਲਾ ਛੱਡਿਆ, ਉਹ ਸਭ ਤੋਂ ਪਹਿਲਾਂ ਆਇਆ ਸੀ, ਮੇਰੇ ਬੜਾ ਨੇੜੇ ਰਿਹਾ। ਉਹਦੇ ਗੀਤ ‘ਰੰਗਲੀ ਦੁਨੀਆਂ ਤੋਂ ਜੀਅ ਨ੍ਹੀਂ ਜਾਣ ਨੂੰ ਕਰਦਾ’ ਮੈਂ ਆਪਣੇ ਪ੍ਰੋਗਰਾਮ ‘ਚ ਦੂਰਦਰਸ਼ਨ ਜਲੰਧਰ ਤੋਂ ਬੜੀ ਵਾਰ ਪੇਸ਼ ਕੀਤਾ। ਹਾਲਾਂਕਿ ਜਦੋਂ ਸੈਂਸਰ ਬੋਰਡ ਦਾ ਗਾਇਕਾਂ ਨੇ ਵਿਰੋਧ ਕੀਤਾ ਤਾਂ ਉਹ ਜੱਸੀ ਗੁਰਦਾਸਪੁਰੀਏ ਤੇ ਗੁਰਦਾਸ ਮਾਨ ਨਾਲ ਮਟਕਾ ਚੌਂਕ ‘ਚ ਗਾਇਕਾਂ ਨੂੰ ਲੈ ਕੇ ਧਰਨੇ ‘ਚ ਵੀ ਸ਼ਾਮਲ ਹੋਇਆ ਤਾਂ ਉਦੋਂ, ਜਦੋਂ ਸ਼ਾਇਦ ਸਦੀਕ ਸਮਝਦਾ ਸੀ ਕਿ ਮੈਂ ਤਤਕਾਲੀ ਸੱਭਿਆਚਾਰ ਮੰਤਰੀ ਸਵਰਨਾ ਰਾਮ ਨਾਲ ਰਲ ਕੇ ਸੈਂਸਰ ਬੋਰਡ ਬਣਾ ਰਿਹਾ ਹਾਂ। ਜਿਹੜੇ ਮੈਨੂੰ ਘੁੱਟ ਕੇ ਮਿਲਦੇ ਨੇ, ਉਨ੍ਹਾਂ ‘ਚ ਪੰਮੀ ਬਾਈ ਵੀ ਇੱਕ ਹੈ।
ਕੰਵਲਜੀਤ ਨੀਰੂ ਦੀ ਚੜ੍ਹਾਈ ਦੇ ਦਿਨ ਮੈਂ ਆਪਣੀਆਂ ਅੱਖਾਂ ਨਾਲ ਵੇਖੇ ਨੇ। ‘ਰੂੜਾ ਮੰਡੀ ਜਾਵੇ’ ਤੇ ਜਾਂ ‘ਜਦੋਂ ਮੇਰਾ ਲੱਕ ਹਿੱਲਦਾ ਸਾਰਾ ਹਿੱਲਦਾ ਸ਼ਹਿਰ ਲੁਧਿਆਣਾ’ ਨਾਲ ਕਦੇ ਨੀਰੂ-ਨੀਰੂ ਹੋਈ ਪਈ ਸੀ। ਉਦੋਂ ਪਿੰਡਾਂ ਦੀਆਂ ਸੱਥਾਂ ‘ਚ ਗੱਲ ਚੱਲਦੀ ਹੁੰਦੀ ਸੀ ਕਿ ਜਾਂ ਤਾਂ ਹੁਣ ਨੂਰੀ ਗਾਉਂਦੀ ਹੈ ਜਾਂ ਨੀਰੂ। ਦੋਵੇਂ ਰੱਜ ਕੇ ਸੁਨੱਖੀਆਂ ਵੀ ਸਨ।
ਨਵੇਂ ਸ਼ਹਿਰ ਦੀ ਪੂਨਮ ਬਾਲਾ ਨੂੰ ਮੈਂ ਸਭ ਤੋਂ ਪਹਿਲਾਂ ਚਰਨਜੀਤ ਆਹੂਜਾ ਦੇ ਮਿਊਜ਼ਿਕ ‘ਚ ਗਵਾਇਆ ਸੀ। ਆਪਣੇ ਨਾਲ ਦੇ ਪਿੰਡ ਮੱਲਪੁਰ ਦੇ ਮੱਖਣ ਮੱਲਪੁਰੀ ਨੂੰ ਵੀ, ਪਰ ਪੂਨਮ ਬਾਲਾ ਰੰਗ ਪੱਖੋਂ ਮਾਰ ਖਾ ਗਈ, ਉਹਦੇ ਵਰਗੀ ਸੁਰੀਲੀ ਗਾਇਕਾ ਹਾਲੇ ਵੀ ਪੰਜਾਬੀ ਗਾਇਕੀ ‘ਚ ਸ਼ਾਇਦ ਹੀ ਕੋਈ ਹੋਵੇਗੀ। ਖਾਸ ਗੱਲ ਇਹ ਹੈ ਕਿ ਮੇਰੇ ਗੀਤਾਂ ਨੂੰ ਪਹਿਲੀ ਵਾਰ ਪੂਨਮ ਤੇ ਮੱਲਪੁਰੀ ਨੇ ਹੀ ਗਾਇਆ ਸੀ ਤੇ ਇਨ੍ਹਾਂ ‘ਚੋਂ ਇੱਕ ਦੋ ਗੀਤ ਮੇਰੇ ਸਿਰ ‘ਚ ਸੁਆਹ ਪਾਉਣ ਵਾਲੇ ਵੀ ਸਨ।
ਅਮਰੀਕਾ ਵਸਦਾ ਸੁਖਦੇਵ ਸਾਹਿਲ ਫਗਵਾੜੇ ਹਰਮਨਪ੍ਰੀਤ ਦੀ ਮਿਊਜ਼ਿਕ ਮੈਮਰੀਜ਼ ਕੰਪਨੀ ਦੇ ਦਫਤਰ ਮਿਲਦਾ ਰਿਹਾ। ‘ਨਾਲ ਸਿੰਘਾਂ ਦੇ ਕਾਫਰੋਂ ਤੁਸੀਂ ਮੱਥਾ ਲਾਇਆ’ ਸਮੇਤ ਉਹਨੇ ਇੱਕ ਦੋ ਗੀਤ ਵੀ ਮੇਰੇ ਗਾਏ। ਪਰ ਉਹ ਮਿਲਦਾ ਹੀ ਰਿਹਾ, ਚੰਗਾ ਹੁੰਦਾ ਜੇ ਉਹ ਗਾਇਕ ਬਣ ਕੇ ਮਿਲਦਾ ਰਹਿੰਦਾ।
ਸ਼ਾਇਦ ਪੰਜਾਬੀ ਗਾਇਕੀ ਦੇ ਇਤਿਹਾਸ ਵਿਚ ਇਹ ਵੀ ਇੱਕ ਵੱਖਰੀ ਗੱਲ ਹੋਵੇਗੀ ਕਿ ਕੁਲਦੀਪ ਮਾਣਕ ਦੇ ਦਫਤਰ ਕੰਮ ਕਰਨ ਵਾਲੇ ਸੇਵਾ ਸਿੰਘ ਨੌਰਥ ਤੇ ਮੇਵਾ ਸਿੰਘ ਨੌਰਥ ਤਾਂ ਮੈਨੂੰ ਰੱਜ ਕੇ ਜਾਣਦੇ ਸਨ, ਪਰ ਚਮਕੀਲੇ ਦਾ ਬੁਕਿੰਗ ਕਲਰਕ ਕੁੱਕੀ ਵੀ, ਛਿੰਦੇ ਦਾ ਪਿਰਥੀ ਵੀ ਤੇ ਦੀਦਾਰ ਸੰਧੂ ਦੀ ਬੁਕਿੰਗ ਕਰਨ ਵਾਲਾ ਬਿੱਲਾ ਵੀ। ਮੈਨੂੰ ਤਾਂ ਗਾਇਕ ਹੀ ਨਹੀਂ, ਸਗੋਂ ਉਨ੍ਹਾਂ ਦੇ ਭੈਣ-ਭਰਾ, ਮਾਂ-ਬਾਪ, ਚਾਚੇ-ਤਾਏ ਤੇ ਸਾਕ ਸਬੰਧੀ ਵੀ ਜਾਣਦੇ ਸਨ। ਮੈਨੂੰ ਪੋਟਿਆਂ ‘ਤੇ ਯਾਦ ਹੈ ਕਿ ਕਿਹੜਾ ਕਦੋਂ, ਕਿੱਥੇ, ਕੀਹਦੇ ਘਰ ਤੇ ਕਿਹੜੇ ਪਿੰਡ ਜੰਮਿਆ ਅਤੇ ਕਿੰਨੇ ਭੈਣ ਭਰਾ ਸਨ। ਇਤਫਾਕ ਹੀ ਸੀ ਕਿ ਸਟੇਜ ਸਕੱਤਰ ਵੀ ਸਾਰੇ ਜਾਣਦੇ ਸਨ, ਢੋਲਕੀਆਂ ਵਾਜੇ ਵਾਲੇ ਵੀ। ਜਿਹਦਾ ਗੀਤਾਂ ‘ਚ ਵਾਰ-ਵਾਰ ਜ਼ਿਕਰ ਆਉਂਦਾ ਜੈਤੋਂ ਵਾਲਾ ਤਾਰੀ ਵੀ, ਖੰਨੇ ਵਾਲਾ ਬਿੱਟੂ ਵੀ, ਧੂਰੀ ਵਾਲਾ ਕਮਲ ਵੀ, ਬੰਗਿਆਂ ਦਾ ਦਾਰਾ ਵੀ, ਮਾਹਲ ਗਹਿਲਾਂ ਦਾ ਜਾਨੀ ਵੀ, ਤੇ ਇਹ ਸਾਰੇ ਸਾਊਂਡ ਮਾਸਟਰ ਸਨ। ਸਭ ਰਿਕਾਰਡਿੰਗ ਕੰਪਨੀਆਂ ਦੇ ਮਾਲਕਾਂ ਨਾਲ ਮੇਰੀ ਨੇੜਤਾ ਰਹੀ। ਐਚæ ਐਮæ ਬੀæ ਦੇ ਰਿਕਾਰਡਿੰਗ ਇੰਜੀਨੀਅਰ ਦਾਦਾ ਸਮੇਤ ਸਭ ਕੰਪਨੀਆਂ ਦੇ ਇੰਜੀਨੀਅਰ ਵੀ ਮੈਨੂੰ ਜਾਣਦੇ ਸਨ। ਪੈਰੀਟਨ ਕੰਪਨੀ ਵਾਲੇ ਟੌਹੜੇ ਹੁਰੀਂ ਵੀ ਮੇਰੇ ਨੇੜੇ ਰਹੇ। ਫਾਈਨਟੋਨ ਕੰਪਨੀ ਖੋਲ੍ਹਣੀ ਸੀ ਤਾਂ ਇਸ ਦਾ ਮਾਲਕ ਰਜਿੰਦਰ ਸਿੰਘ ਪਰਮਿੰਦਰ ਸੰਧੂ ਨੂੰ ਨਾਲ ਲੈ ਕੇ ਸਲਾਹ-ਮਸ਼ਵਰਾ ਕਰਨ ਆਇਆ ਸੀ। ਜਿਨ੍ਹਾਂ ਗਾਇਕਾਂ ਨੂੰ ਮੈਂ ਜਹਾਜ਼ ਚੜ੍ਹਾਇਆ, ਉਨ੍ਹਾਂ ਵਿਚ ਅਮਰ ਅਰਸ਼ੀ ਵੀ ਹੈ, ਪਾਲੀ ਦੇਤਵਾਲੀਆ ਵੀ ਹੈ, ਰਣਜੀਤ ਮਣੀ ਵੀ, ਯੁੱਧਵੀਰ ਮਾਣਕ, ਹੰਸ ਰਾਜ ਹੰਸ, ਗਮਦੂਰ ਅਮਨ, ਸਰਦੂਲ ਸਿਕੰਦਰ ਤੇ ਅਮਰ ਨੂਰੀ ਵੀ।
ਗਾਇਕਾ ਭੁਪਿੰਦਰ ਕੌਰ ਮੁਹਾਲੀ ਦੀ ਬੜੀ ਚੜ੍ਹਾਈ ਰਹੀ, ‘ਕਹਿ ਕੇ ਬੇਵਫਾ ਸਹਿਬਾਂ ਨੂੰ ਬੁਲਾਉਣ ਵਾਲਿਓ’ ਵੇਲੇ ਭੁਪਿੰਦਰ-ਭੁਪਿੰਦਰ ਹੋਈ ਪਈ ਸੀ। ਉਹਦਾ ਪੇਡ ਪ੍ਰੋਗਰਾਮ ਜਲੰਧਰ ਦੂਰਦਰਸ਼ਨ ਲਈ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਨੰਗਲ ਖਿਡਾਰੀਆਂ ‘ਚ ਰਿਕਾਰਡ ਕੀਤਾ ਗਿਆ ਤੇ ਜਿਹੜੇ ਇਹ ਸੋਚਦੇ ਰਹੇ ਹੋਣਗੇ ਕਿ ਸ਼ਾਇਦ ਅਸ਼ੋਕ ਭੌਰੇ ਨੇ ਗਾਇਕਾਂ ‘ਚ ਰਹਿ ਕੇ ਕਮਾਈ ਬੜੀ ਕੀਤੀ ਹੈ, ਉਨ੍ਹਾਂ ਨੂੰ ਇਹ ਦੱਸ ਦਿਆਂ ਕਿ ਭੁਪਿੰਦਰ ਕੌਰ ਦੇ ਇਸ ਪ੍ਰੋਗਰਾਮ ਲਈ ਮੈਂ ਪੱਲਿਉਂ ਵੀਹ ਹਜ਼ਾਰ ਰੁਪਇਆ ਦਿੱਤਾ ਸੀ ਤੇ ਹਾਲੇ ਤੱਕ ਦਿੱਤਾ ਹੀ ਹੋਇਆ ਹੈ।
ਇੱਕ ਹੋਰ ਅਨੋਖੀ ਗੱਲ ਇਹ ਵੀ ਰਹੀ ਹੈ, ਜਿਸ ਦਾ ਸ਼ਾਇਦ ਮੈਨੂੰ ਸਾਰੀ ਜ਼ਿੰਦਗੀ ਝੋਰਾ ਵੀ ਰਹੇਗਾ ਕਿ ਲੁਧਿਆਣੇ ਦੇ ਦਫਤਰਾਂ ‘ਚ ਜਦੋਂ ਗਾਇਕਾਂ ਦੀ ਰੌਣਕ ਹੁੰਦੀ ਸੀ ਤਾਂ ਕਈ ਮੈਨੂੰ ਮੂਹਰੇ ਹੋ ਹੋ ਕੇ ਚਾਹ ਪਿਲਾਉਂਦੇ ਰਹੇ, ਪਰ ਉਨ੍ਹਾਂ ਦੀ ਗੱਲ ਕਰ ਹੀ ਨਾ ਸਕਿਆ। ਇਨ੍ਹਾਂ ‘ਚ ‘ਭੰਨ ਕੇ ਟਰੱਕ ਬਹਿ ਗਿਆ’ ਗਾਉਣ ਵਾਲਾ ਧੰਨਾ ਰੰਗੀਲਾ ਵੀ ਸੀ, ਜਸਵੰਤ ਬਿੱਲਾ ਵੀ, ਚੰਨ ਸ਼ਾਹਕੋਟੀ ਵੀ, ਤੇ ਹੋਰ ਕਈਆਂ ਦੇ ਨਾਂ ਮੈਨੂੰ ਯਾਦ ਹੀ ਨਹੀਂ ਰਹੇ।
ਬਲਕਾਰ ਸਿੱਧੂ ਨਾਲ ਮੇਰੀ ਕੁਝ ਸਮਾਂ ਹੀ ਨੇੜਤਾ ਰਹੀ, ਜਦੋਂ ਉਹਦਾ ਗੀਤ ਆਇਆ ਸੀ, ‘ਭਿੱਜ ਗਈਆਂ ਨਣਾਨੇ ਪੂਣੀਆਂ।’ ਸਤਵਿੰਦਰ ਬਿੱਟੀ ਨੇ 1994 ਵਿਚ ਸ਼ੌਂਕੀ ਮੇਲੇ ‘ਤੇ ਆਉਣਾ ਸੀ ਪਰ ਉਸ ਨੇ ਸਾਫ ਜ਼ਾਹਰ ਕਰ ਦਿੱਤਾ ਸੀ ਕਿ ਤੁਸੀਂ ਮੇਰੀ ਪੋਸਟਰ ‘ਤੇ ਫੋਟੋ ਨਹੀਂ ਲਾਈ। ਪਰ ਉਸ ਨੂੰ ਉਂਜ ਮੈਂ ਅਮਰੀਕਾ ‘ਚ ‘ਛਣਕਾਟਾ ਵੰਗਾਂ ਦਾ’ ਪ੍ਰੋਗਰਾਮ ਕਰਨ ਲਈ ਜਰੂਰ ਬੁਲਾਇਆ। ਮੇਰੇ ਪਿੰਡਾਂ ਦਾ ਗਵੱਈਆ ਗੁਰਕ੍ਰਿਪਾਲ ਸੂਰਾਪੁਰੀ ਮੇਰੇ ਚੇਤਿਆਂ ‘ਚ ਵਸਦਾ ਹੈ, ਜਿਸ ਸਾਲ ਮੈਂ ਸ਼ੌਂਕੀ ਮੇਲਾ ਛੱਡਿਆ, ਉਹ ਗਾਉਣ ਵੀ ਆਇਆ ਤੇ 5100 ਦੇ ਕੇ ਵੀ ਗਿਆ।
ਇਹ ਵੀ ਇੱਕ ਰਿਕਾਰਡ ਰਹੇਗਾ ਕਿ ਯੁੱਧਵੀਰ ਮਾਣਕ ਦਾ ਪਹਿਲਾ ਪ੍ਰੋਫੈਸ਼ਨਲ ਪ੍ਰੋਗਰਾਮ ਮੈਂ ਬਲਾਚੌਰ ‘ਚ ਕਰਵਾਇਆ ਸੀ ਤੇ ਹੰਸ ਰਾਜ ਨਾਲ ਸਾਜੀ ਤੋਂ ਗਾਇਕ ਬਣੇ ਸਾਬਰ ਕੋਟੀ ਦਾ ਵੀ ਹੁਸ਼ਿਆਰਪੁਰ ‘ਚ। ਮੇਰੇ ਪਿਆਰੇ ਮਿੱਤਰਾਂ ‘ਚੋਂ ਬੂਟਾ ਮੁਹੰਮਦ ਮੇਰੇ ਹਾਲੇ ਵੀ ਬਹੁਤ ਨੇੜੇ ਹੈ। ਕਮਲ ਹੀਰ ਦੀ ਗੱਲ ਕਰਨੋਂ ਰਹਿ ਗਈ ਹੈ, ਕੰਠ ਕਲੇਰ ਦੀ ਵੀ, ਜੈਜ਼ੀ ਬੀæ ਸ਼ੌਂਕੀ ਮੇਲੇ ‘ਚ ਬਰੇਕ ਲੈਣ ਤੋਂ ਬਾਅਦ ਮੇਰੇ ਸੰਪਰਕ ‘ਚ ਹੀ ਨਹੀਂ ਰਿਹਾ। ਦੁਰਗਾ ਰੰਗੀਲਾ, ਨਛੱਤਰ ਗਿੱਲ, ਕੁਲਵਿੰਦਰ ਢਿੱਲੋਂ, ਭੁਪਿੰਦਰ ਗਿੱਲ-ਮਿਸ ਨੀਲਮ, ਮਨਜੀਤ ਰਾਹੀ, ਹਾਕਮ ਬਖਤੜੀਵਾਲਾ-ਦਲਜੀਤ ਕੌਰ, ਦਲਵਿੰਦਰ ਦਿਆਲਪੁਰੀ ਤੇ ਸੁਨੀਤਾ ਭੱਟੀ ਦੀ ਗੱਲ ਮੈਂ ਗਾਹੇ ਬਗਾਹੇ ਕਰਦਾ ਰਿਹਾ ਹਾਂ। ਨਛੱਤਰ ਗਿੱਲ ਨੂੰ ਪਿਆਰ ਇਸ ਕਰਕੇ ਕਰਦਾ ਹਾਂ ਕਿ ਉਹ ਸ਼ੌਂਕੀ ਨਾਲ ਰਹਿਣ ਵਾਲੇ ਢਾਡੀ ਦਾ ਪੁੱਤਰ ਵੀ ਹੈ।
ਕੋਕੇ ਵਾਲੀ ਸਰਬਜੀਤ ਨਾਲ ਮੇਰੀ ਨੇੜਤਾ ਰਹੀ, ਉਹਨੂੰ ਮੈਂ ਬਾਹਰ ਬੈਲਜ਼ੀਅਮ ਲਿਜਾਣਾ ਸੀ, ਪਰ ਹਾਲਾਤ ਬਾਹਰ ਜਾਣ ਵਾਲੇ ਨਾ ਬਣੇ। ਇਤਫਾਕ ਇਹ ਸੀ ਕਿ ਇਸ ਗਰੁਪ ‘ਚ ‘ਕੁੜੀ ਗੁਜਰਾਤ ਦੀ’ ਵਾਲੇ ਜੱਸੀ ਗੁਰਦਾਸਪੁਰੀਏ ਨੇ ਵੀ ਜਾਣਾ ਸੀ।
ਸਤਿੰਦਰ ਸਰਤਾਜ ਨੇ ਫਿਲਮ ‘ਬਲੈਕ ਪਿੰ੍ਰਸ’ ਨਾਲ ਗਾਇਕੀ ਦੇ ਮੌਜ ਮੇਲੇ ਵਾਂਗ ਫਿਲਮਾਂ ਦਾ ਸਫਰ ਵੀ ਤੈਅ ਕਰ ਲਿਆ ਹੈ। ਪਰ ਜਦੋਂ ਇਕਬਾਲ ਮਾਹਲ ਨੇ ਪਹਿਲੀ ਵਾਰ ਉਹਦੇ ਅਮਰੀਕਾ ਤੇ ਕੈਨੇਡਾ ‘ਚ ਸ਼ੋਅ ਕਰਵਾਏ ਤਾਂ ਉਹਦੇ ਕੁਝ ਗੀਤਾਂ ਦੀ ਦਾਅਵੇਦਾਰੀ ਨੂੰ ਲੈ ਕੇ ਆਲੋਚਨਾ ਉਠੀ, ਪੱਗ ਤੇ ਸਰਪੇਚ ਲਗਾਉਣ ਤੇ ਪੱਗ ਦੇ ਹੇਠੋਂ ਵਾਲ ਕੱਢਣ ਨੂੰ ਲੈ ਕੇ ਅਮਰੀਕੀ ਅਖਬਾਰਾਂ ‘ਚ ਬੜੀ ਤਿੱਖੀ ਚੁੰਝ ਚਰਚਾ ਚੱਲੀ ਤੇ ਇਹ ਆਲੋਚਨਾ ਜਦੋਂ ਰੁਕਣ ਦਾ ਨਾਂ ਨਾ ਲਵੇ ਤਾਂ ਸਰਤਾਜ ਤੇ ਇਕਬਾਲ ਦਾ ਮੈਨੂੰ ਇੱਕੋ ਹੀ ਸਵਾਲ ਸੀ ਕਿ ਅਸ਼ੋਕ ਤੂੰ ਸਰਤਾਜ ਬਾਰੇ ਲਿਖ, ਫਿਰ ਸ਼ਾਇਦ ਵਿਰੋਧਤਾ ਦੀ ਚਲਦੀ ਨੇਰ੍ਹੀ ਤੇਜ ਰੁਕ ਜਾਵੇਗੀ ਤੇ ‘ਲੰਬੀ ਔੜ ਪਿੱਛੋਂ ਪਿਆ ਭਰਵਾਂ ਮੀਂਹ’ ਜਦੋਂ ਮੈਂ ਲਿਖਿਆ ਤਾਂ ਸੱਚੀ ਮੁੱਚੀ ਹੀ ਮੇਰੇ ਮਾਣ ਸਤਿਕਾਰ ‘ਚ ਕਹਿ ਲਓ ਜਾਂ ਮੇਰੇ ਸ਼ਬਦਾਂ ਦੀ ਉਸਤਤ ‘ਚ, ਵਿਰੋਧ ਮੱਠਾ ਪੈ ਗਿਆ ਸੀ।
ਸੋ, ਮੁੱਕਦੀ ਗੱਲ ਕਰਨ ਲੱਗਾ ਹਾਂ ਕਿ ਜਦੋਂ ਡਾæ ਮਮਤਾ ਜੋਸ਼ੀ ਦਾ ਮੈਂ ਗੀਤ ਸੁਣਿਆ ‘ਦਿੱਲੀ ਵਿਲਕਦੀ ਤੇ ਤੜਫਦਾ ਲਾਹੌਰ ਵੇਖਿਆ’ ਤਾਂ ਮੈਂ ਉਹਦੇ ਘਰਵਾਲੇ ਚੇਤਨ ਨਾਲ ਸੰਪਰਕ ਕੀਤਾ, ਫਿਰ ਮੈਂ ਚੰਡੀਗੜ੍ਹ ਸਰਕਾਰੀ ਕਾਲਜ ਮਮਤਾ ਜੋਸ਼ੀ ਨੂੰ ਮਿਲਣ ਵੀ ਗਿਆ। ਉਹਨੇ ਮੇਰਾ ਇੱਕ ਗੀਤ ਵੀ ਗਾਇਆ ‘ਦੁਨੀਆਂ ਤੋਂ ਬੰਦੇ ਬਲਵਾਨ ਤੁਰ ਜਾਂਦੇ ਨੇ’ ਤੇ ਫਿਰ ਮਾਹਲਪੁਰ ‘ਚ ਉਹਦੀ ਇੱਕ ਵੱਡੀ ਸੰਗੀਤਕ ਮਹਿਫਿਲ ਵੀ। ਪਰ ਮਮਤਾ ਜੋਸ਼ੀ ਇਸ ਵੇਲੇ ਬਹੁਤ ਵੱਡੀ ਗਾਇਕਾ ਹੈ ਤੇ ਪੀੜ੍ਹੀ ਪਾੜਾ ਕਰਕੇ ਸਾਡੀ ਜਨ-ਸੰਪਰਕ ਮੁਹਿੰਮ ਬਹੁਤੀ ਅੱਗੇ ਨਾ ਵਧ ਸਕੀ।
ਅੰਮ੍ਰਿਤਸਰ ਦੇ ਲੋਪੋਕੇ ਭਰਾ ਲਖਵੀਰ ਤੇ ਰਜਿੰਦਰ ਇਨ੍ਹਾਂ ਦਿਨਾਂ ‘ਚ ਉਹ ਸੰਭਾਵਨਾ ਬਣੇ ਹਨ ਜੋ ਪੈੜ ਵਡਾਲੀ ਭਰਾਵਾਂ ਵਾਲੀ ਬਣਾ ਸਕਣ, ਪਰ ਕਿਉਂਕਿ ਯੁੱਗ ਵਪਾਰਕ ਹੈ, ਥਿੜਕ ਕੋਈ ਵੀ ਸਕਦਾ ਹੈ ਤੇ ਨਵੀਂ ਪੀੜ੍ਹੀ ਦੇ ਇਨ੍ਹਾਂ ਗਾਇਕਾਂ ਨੂੰ ਮੈਂ ਬਰੇਕ ਦਿਵਾਉਣ ‘ਚ ਨਿੱਕਾ ਮੋਟਾ ਯੋਗਦਾਨ ਜਰੂਰ ਪਾਇਆ ਹੈ। ਇਹ ਵੀ ਪਹਿਲੀ ਵਾਰ ਹੈ ਕਿ ਜੇ ਕੋਈ ਗਾਇਕ ਬਹੁਤੀਆਂ ਮੇਰੀਆਂ ਰਚਨਾਵਾਂ ਨੂੰ ਗਾ ਰਿਹੈ।
ਇਹੀ ਗੱਲ ਕਹਿ ਕੇ ਗੱਲ ਮੁਕਾ ਦੇਵਾਂਗਾ ਕਿ ਮੈਂ ਲਿਖਣ ਦਾ ਸਫਰ ਦਾ ਲਗਾਤਾਰ ਤੈਅ ਕਰ ਰਿਹਾ ਹਾਂ, ਪਰ ਮੈਂ ਆਪਣੇ ਸਟੇਸ਼ਨ ਬਦਲ ਲਏ ਹਨ। ਹਾਲੇ ਗਾਇਕੀ ‘ਚ ਕਾਫਲਾ ਭੱਜਿਆ ਆ ਰਿਹਾ ਹੈ, ਸਫਲਤਾ ਦਾ ਬੂਹਾ ਲੰਘਣ ਲਈ ਧੱਕਮ ਧੱਕਾ ਹੋ ਰਹੇ ਨੇ, ਇੱਕ ਦੂਜੇ ਨੂੰ ਠਿੱਬੀ ਮਾਰ ਕੇ ਅੱਗੇ ਨਿਕਲਣ ਦੀ ਤਾਕ ਹੈ, ਸੋਸ਼ਲ ਮੀਡੀਏ ਨੇ ਮਾਣ-ਮਰਿਆਦਾਵਾਂ ਬੌਣੀਆਂ ਕਰ ਦਿੱਤੀਆਂ ਹਨ, ਇਸ ਲਈ ਅਗਲੀਆਂ ਨਸਲਾਂ ਲਈ ਸ਼ਾਇਦ ਇਹ ਕਹਿਣਾ ਔਖਾ ਹੋ ਜਾਵੇਗਾ ਕਿ ਹੁਣ ਗੱਲ ਕਿਸ ਦੀ ਤੇ ਕਿੱਥੋਂ ਕੀਤੀ ਜਾਵੇ। ਹੁਣ ਸ਼ਾਇਦ ਸੁਰਿੰਦਰ ਕੌਰ ਹੋਰ ਨਹੀਂ ਆਏਗੀ, ਨਰਿੰਦਰ ਬੀਬਾ ਵੀ ਨਹੀਂ, ਕੁਲਦੀਪ ਮਾਣਕ ਵੀ ਨਹੀਂ ਤੇ ਯਮਲਾ ਜੱਟ ਵੀ ਨਹੀਂ। ਗੁਰਦਾਸ ਮਾਨ ਜਿੰਨਾ ਲੰਮਾ ਪੈਂਡਾ ਕਿਸੇ ਤੋਂ ਤੈਅ ਹੀ ਨਹੀਂ ਹੋਣਾ ਤੇ ਚਮਕੀਲੇ ਵਰਗੀਆਂ ਜੋੜੀਆਂ ਸ਼ਾਇਦ ਹੁਣ ਉਠ ਹੀ ਨਾ ਸਕਣ। ਤੇ ਇੱਥੇ ਹੀ ਭੁੱਲ ਚੁੱਕ ਮਾਫ।