ਬਜ਼ੁਰਗ, ਇਕੱਲ ਅਤੇ ਰੁਝੇਵਾਂ

ਦਵਿੰਦਰ ਕੌਰ
ਅੱਜ ਮੈਂ ਆਪ ਵੀ ਜ਼ਿੰਦਗੀ ਦੀ ਸ਼ਾਮ ਹੰਢਾ ਰਹੀ ਹਾਂ ਅਤੇ ਆਪਣੇ ਬਣਾਏ ਆਲ੍ਹਣੇ ਨੂੰ ਸੰਭਾਲਣ ਤੋਂ ਅਸਮਰਥ ਹਾਂ। ਬਜ਼ੁਰਗਾਂ ਦੀ ਤ੍ਰਾਸਦੀ ਬਾਰੇ ਡਾæ ਗੁਰਬਖਸ਼ ਸਿੰਘ ਭੰਡਾਲ ਦਾ ਲੇਖ ਪੜ੍ਹ ਕੇ ਗੱਲ ਸਾਂਝੀ ਕਰਨ ਦਾ ਮਨ ਬਣਿਆ। ਜੰਗਲੀ ਜੀਵਨ ਤੋਂ ਇੱਥੇ ਤੱਕ ਪਹੁੰਚਣ ਲਈ ਮਨੁੱਖ ਨੂੰ ਕਿੰਨੇ ਹੀ ਪੜਾਵਾਂ ਵਿਚੋਂ ਲੰਘਣਾ ਪਿਆ। ਹਰ ਪੀੜ੍ਹੀ ਦਾ ਆਉਂਦੀ ਪੀੜ੍ਹੀ ਨਾਲੋਂ ਵਖਰੇਵਾਂ ਵੀ ਹੁੰਦਾ ਗਿਆ ਜੋ ਕਿ ਸੁਭਾਵਿਕ ਸੀ। ਸਾਂਝੇ ਪਰਿਵਾਰ ਦੇ ਆਪਣੇ ਗੁਣ ਤੇ ਦੋਸ਼ ਸਨ ਅਤੇ ਇਕਹਿਰੇ ਪਰਿਵਾਰ ਦੇ ਆਪਣੇ। ਜਦੋਂ ਸਮਾਜਿਕ ਅਤੇ ਪਰਿਵਾਰਕ ਤਾਣਾ-ਬਾਣਾ ਹੀ ਬਦਲ ਚੁਕਾ ਹੈ, ਪੁਰਾਣੀ ਸੋਚ ਨਾਲ ਚੱਲਣਾ ਅਸੰਭਵ ਹੈ।
ਮੇਰੀ ਪੀੜ੍ਹੀ ਦੀਆਂ ਮਾਂਵਾਂ ਅਕਸਰ ਘਰ ਹੀ ਰਹਿੰਦੀਆਂ ਅਤੇ ਘਰਾਂ ਦੇ ਕੰਮਾਂ ਤੱਕ ਸੀਮਤ ਹੁੰਦੀਆਂ ਸਨ।

ਸਾਡੀ ਪੀੜ੍ਹੀ ਦੀਆਂ ਬਹੁਤੀਆਂ ਔਰਤਾਂ ਕੰਮਕਾਜੀ ਸਨ, ਬਹੁਤੀਆਂ ਅਧਿਆਪਨ ਕਿੱਤੇ ਵਿਚ। ਔਰਤਾਂ ਨੇ ਆਦਮੀ ਦੀ ਆਮਦਨ ਵਿਚ ਬਰਾਬਰ ਦਾ ਹਿੱਸਾ ਪਾਇਆ ਤੇ ਬੱਚੇ ਵੀ ਪੈਦਾ ਕੀਤੇ, ਪਰ ਘਰ ਦਾ ਸਾਰਾ ਕੰਮ ਜਿਉਂ ਦਾ ਤਿਉਂ ਉਨ੍ਹਾਂ ਦੇ ਗਲ ਪਿਆ ਹੋਇਆ ਹੈ। ਕੰਮ ਤੋਂ ਵਾਪਸ ਆ ਕੇ ਆਦਮੀਆਂ ਨੇ ਘਰ ਦੇ ਕੰਮ ਵਿਚ ਹੱਥ ਵਟਾਉਣ ਦੀ ਕਦੇ ਕੋਸ਼ਿਸ਼ ਹੀ ਨਹੀਂ ਕੀਤੀ, ਸਗੋਂ ਪੈਸਾ ਖੁੱਲ੍ਹਾ ਹੋਣ ਕਾਰਨ ਸ਼ਰਾਬ ਪੀਣ ਅਤੇ ਬਾਹਰ ਰਹਿਣ ਦਾ ਰੁਝਾਨ ਵੱਧ ਗਿਆ। ਅਮਰੀਕਾ, ਕੈਨੇਡਾ ਬੱਚਿਆਂ ਨੂੰ ਭੇਜਣ ਦਾ ਰੁਝਾਨ। ਖਾਣਾ-ਪੀਣਾ ਅਤੇ ਪਹਿਨਣਾ ਬਦਲ ਗਿਆ। ਅੱਧ-ਪਚੱਧੇ ਅੰਗਰੇਜ਼ ਬਣ ਗਏ ਪਰ ਪਰਿਵਾਰਕ ਸੋਚ ਵਿਚ ਭੋਰਾ ਵੀ ਫਰਕ ਨਹੀਂ ਪਿਆ। ਸਾਨੂੰ ਵੀ ਸਾਡੇ ਸਮੇਂ ਵਿਚ ਖੇਡ ਪਿਆਰੀ ਹੁੰਦੀ ਸੀ, ਅਕਸਰ ਹੀ ਕਹਿਣਾ ਨਾ ਮੰਨਣ ਕਰਕੇ ਝਿੜਕਾਂ, ਛਿੱਤਰ ਪੈਂਦੇ ਹੀ ਰਹਿੰਦੇ ਸਨ। ਬਜ਼ੁਰਗ ਹਾਕਾਂ ਮਾਰਦੇ ਰਹਿੰਦੇ, ਕੋਈ ਸੁਣਦਾ, ਕੋਈ ਨਾ। ਹਾਂ, ਇੱਕ ਫਰਕ ਜ਼ਰੂਰ ਸੀ, ਚਾਹ-ਰੋਟੀ ਅਕਸਰ ਪਕਾ ਕੇ ਪਹਿਲਾਂ ਬਜ਼ੁਰਗ ਨੂੰ ਫੜ੍ਹਾ ਦਿੰਦੇ ਸੀ।
ਜੇ ਇਮਾਨਦਾਰੀ ਨਾਲ ਨਜ਼ਰ ਮਾਰੀਏ ਤਾਂ ਦੱਸੋ ਸ਼ਿਫਟਾਂ ਵਿਚ ਕੰਮ ਕਰਨ ਵਾਲੇ ਬੱਚੇ, ਹਰ ਮਿੰਟ ਬਰਾਬਰ ਕੰਪਿਊਟਰ ‘ਤੇ ਕੰਮ ਕਰਨਾ, ਬਹੁਤਾ ਨਾ ਬੋਲਣਾ, ਬਹੁਤਿਆਂ ਦਾ ਅੱਠ ਘੰਟੇ ਲਗਾਤਾਰ ਖੜ੍ਹ ਕੇ ਕੰਮ ਕਰਨਾ, ਉਹ ਵੀ ਵੱਖ-ਵੱਖ ਕਲਚਰ ਦੇ ਸਹਿਕਰਮੀਆਂ ਨਾਲ-ਕਿਹੋ ਜਿਹੇ ਹਾਲਾਤ ‘ਚੋਂ ਗੁਜ਼ਰਦੇ ਨੇ, ਉਹ ਪੰਜਾਬ ਵਾਲਾ ਮਾਹੌਲ ਬਜ਼ੁਰਗਾਂ ਲਈ ਕਿੱਥੋਂ ਸਿਰਜਣ! ਜੰਮਦੇ ਬੱਚੇ ਮਾਂ ਦੀ ਗੋਦੀ ਦੇ ਨਿੱਘ ਤੋਂ, ਮਾਂ ਦੇ ਦੁੱਧ ਤੋਂ ਵਾਂਝੇ ਹੋ ਚੁਕੇ ਹਨ। ਕੀ ਉਨ੍ਹਾਂ ਦਾ ਦਰਦ ਸੋਚਿਆ ਕਦੇ ਕਿਸੇ ਨੇ? ਕਿਉਂਕਿ ਉਹ ਬੋਲ ਕੇ ਆਪਣੇ ਮਨ ਦੀ ਹਾਲਤ ਨਹੀਂ ਦਸ ਸਕਦੇ। ਉਨ੍ਹਾਂ ਨੂੰ ਜੰਮਦਿਆਂ ਨੂੰ ਹੀ ਕਰੈਚਾਂ ਵਿਚ ਛੱਡਣਾ ਪੈ ਜਾਂਦਾ ਹੈ।
ਮੇਰਾ ਵੀ ਬੜਾ ਜੀਅ ਕਰਦਾ ਸੀ ਜ਼ਿੰਦਗੀ ਦੇ ਚੌਥੇ ਪਹਿਰ ਆਪਦੇ ਤਜਰਬੇ ਆਉਣ ਵਾਲੀ ਪੀੜ੍ਹੀ ਨੂੰ ਦੱਸਾਂ ਅਤੇ ਆਪਣੀਆਂ ਸਿਆਣਪਾਂ ਵੀ ਵਰਤਾਂ। ਪਰ ਮੈਂ ਸਿਰਫ ਇਹ ਦੱਸਣ ਲਈ ਇਸ ਗੱਲ ਦਾ ਜ਼ਿਕਰ ਕਰ ਰਹੀ ਹਾਂ ਕਿ ਅਸੀਂ ਕਿੱਥੇ ਖੜ੍ਹੇ ਹਾਂ?
ਮੇਰੀ ਗਿਆਰਾਂ ਕੁ ਸਾਲ ਦੀ ਦੋਹਤੀ ਨੂੰ ਆਦਤ ਹੈ ਕਿ ਜਦੋਂ ਵੀ ਮੈਂ ਜਾਂ ਮੇਰੀ ਬੇਟੀ ਕੁਝ ਬਣਾਉਣ ਲੱਗਦੇ ਹਾਂ, ਉਹ ਹੱਥ-ਪਲੱਥਾ ਜਿਹਾ ਮਾਰਦੀ ਰਹਿੰਦੀ ਹੈ ਅਤੇ ਉਸ ਨੂੰ ਕੁਕਿੰਗ ਚੰਗੀ ਲਗਦੀ ਹੈ। ਮੈਨੂੰ ਨਹੀਂ ਸੀ ਪਤਾ, ਉਹ ਭਠੂਰੇ ਬਣਾਉਣ ਲਈ ਸਮਾਨ ਇਕੱਠਾ ਕਰਨ ਲੱਗ ਪਈ। ਮੈਂ ਅੰਦਰੋਂ ਅੰਦਰੀ ਬੜੀ ਖੁਸ਼, ਬਈ ਮੈਂ ਉਹਨੂੰ ਆਟਾ ਗੁੰਨ੍ਹਣ ਦੀਆਂ ਅਤੇ ਬਾਕੀ ਹਦਾਇਤਾਂ ਦੇ ਕੇ ਆਪਦੀ ਸਿਆਣਪ ਵਰਤੂੰਗੀ। ਉਸ ਨੇ ਮੇਰੇ ਵੱਲ ਅੱਖ ਭਰ ਕੇ ਦੇਖਣਾ ਜ਼ਰੂਰੀ ਨਾ ਸਮਝਿਆ, ਆਈ ਪੈਡ ਤੇ ਯੂ-ਟਿਊਬ ‘ਤੇ ਹਦਾਇਤਾਂ ਪੜ੍ਹ ਕੇ ਮਿੰਟਾਂ ਵਿਚ ਸਭ ਕੁਝ ਕਰ ਲਿਆ। ਕਹਿੰਦੀ, ਨਾਨੀ ਆਹ ਸਮਾਨ ਚੁੱਕ ਦਿਓ। ਮੈਂ ਠਿੱਠ ਜਿਹੀ ਹੋ ਕੇ ਸ਼ੈਲਫ ਸਾਫ ਕੀਤੀ ਤੇ ਕਮਰੇ ਵਿਚ ਆ ਕੇ ਆਪਣੇ ਆਪ ‘ਤੇ ਖੁੱਲ੍ਹ ਕੇ ਹੱਸੀ।
ਮੈਂ ਉਸ ਦਿਨ ਤੋਂ ਇੱਕ ਗੱਲ ਪੱਲੇ ਬੰਨ ਲਈ ਕਿ ਇਹ ਬੱਚੇ ਸਾਡੇ ਨਾਲੋਂ ਕਿਤੇ ਅੱਗੇ ਵਧੇ ਹੋਏ ਨੇ, ਸਾਡੇ ਤਜਰਬੇ ਇਨ੍ਹਾਂ ਨੂੰ ਅੱਗੇ ਨਹੀਂ ਲਿਜਾ ਸਕਦੇ। ਬਲਕਿ ਅਸੀਂ ਹੀ ਪੂਰੀ ਤਰ੍ਹਾਂ ਸਮੇਂ ਦੇ ਹਾਣ ਦੇ ਨਹੀਂ। ਜੇ ਅਸੀਂ ਵਿਆਹੇ ਧੀ ਜਾਂ ਪੁੱਤ ਰਾਹੀਂ ਬਾਹਰਲੇ ਦੇਸ਼ ਪਹੁੰਚੇ ਹਾਂ ਤਾਂ ਲਾਜ਼ਮੀ ਸਾਨੂੰ ਬੱਚੇ ਵੀ ਸੰਭਾਲਦੇ ਪੈਣਗੇ ਤੇ ਕਮਾਈ ਵੀ ਕਰਨੀ ਪਵੇਗੀ।
ਅਸੀਂ 2006 ਵਿਚ ਛੇ-ਸੱਤ ਪਰਿਵਾਰ ਅਮਰੀਕਾ ਪਹੁੰਚੇ ਸਾਂ। ਚਾਰ ਪਰਿਵਾਰਾਂ ਨੇ ਆਪਣੇ ਘਰ-ਦਰ ਵੀ ਇੱਧਰ ਆ ਕੇ ਬਣਾ ਲਏ, ਬੱਚੇ ਵੀ ਪਲ ਗਏ। ਮਾਂ-ਬਾਪ ਤੇ ਬੱਚੇ ਨੇੜੇ, ਅਲੱਗ ਰਹਿ ਕੇ ਇੱਕ ਦੂਜੇ ਦੀ ਸਹਾਇਤਾ ਵੀ ਪੂਰੀ ਕਰਦੇ ਹਨ ਅਤੇ ਆਪੋ-ਆਪਣੀ ਆਜ਼ਾਦੀ ਵੀ ਮਾਣ ਰਹੇ ਹਨ ਜਦਕਿ ਦੋ ਪਰਿਵਾਰਾਂ ਨੂੰ ਸਭ ਨੇ ਕਿਹਾ ਕਿ ਘਰ ‘ਚ ਕਲੇਸ਼ ਨਾ ਵਧਾਓ ਸਗੋਂ ਅਲੱਗ ਅਤੇ ਨੇੜੇ ਰਹਿਣ ਵਿਚ ਭਲਾਈ ਹੈ। ਬਾਕੀ ਤਾਂ ਸਭ ਰੀਸਾਂ ਅੰਗਰੇਜ਼ਾਂ ਦੀਆਂ ਕਰੀ ਜਾਂਦੇ ਨੇ, ਪਰ ਇਸ ਗੱਲ ਲਈ ਰਾਜ਼ੀ ਨਹੀਂ ਹੋਏ ਅਤੇ ਮਾਂ-ਬਾਪ ਤਲਾਕ ਕਰਾ ਕੇ ਹੀ ਹਟੇ।
ਘਰ ਵਿਚ ਕੀਤੇ ਕੰਮ ਦਾ ਕੋਈ ਅਹਿਸਾਨ ਨਹੀਂ ਹੋਣਾ ਚਾਹੀਦਾ। ਜੇ ਪੰਜ ਸਾਲ ਬੱਚੇ ਸੰਭਾਲ ਵਿਚ ਮਦਦ ਕਰ ਵੀ ਦਿੱਤੀ, ਬਿਲਕੁਲ ਮਾਸੂਮ ਫੁੱਲਾਂ ਵਰਗੇ! ਜਦੋਂ ਤਕਲੀਫ ਆਉਂਦੀ ਹੈ ਤਾਂ ਬੱਚੇ ਹੀ ਸੰਭਾਲਦੇ ਨੇ। ਕਿਉਂ ਆਸ ਕਰੀਏ ਕਿ ਉਹ ਸਭ ਕੁਝ ਸਾਡੇ ਮੁਤਾਬਕ ਹੀ ਕਰਨ! ਉਨ੍ਹਾਂ ਦੀ ਜਿੰਮੇਵਾਰੀ ਵੱਧ ਜਾਂਦੀ ਹੈ, ਸਹਿਯੋਗ ਨਾਲ ਚੱਲਣ ਵਾਲੇ ਪਰਿਵਾਰਾਂ ਵਿਚ ਅੱਜ ਵੀ ਸਭ ਕੁਝ ਠੀਕ ਚੱਲ ਰਿਹਾ ਹੈ। ਹਰ ਪਰਿਵਾਰ ਦੀ ਆਰਥਿਕ ਹਾਲਤ, ਬਜ਼ੁਰਗਾਂ ਦੇ ਸੁਭਾਅ, ਬੱਚਿਆਂ ਦੇ ਸੁਭਾਅ ਅਤੇ ਹਾਲਾਤ ਮੁਤਾਬਕ ਹੀ ਬਜ਼ੁਰਗਾਂ ਦੀ ਸੇਵਾ ਹੋਣੀ ਹੈ। ਮਾਣ-ਇੱਜਤ ਕਰਵਾਉਣ ਲਈ ਜ਼ਰੂਰੀ ਹੈ ਕਿ ਆਪਣੀ ਬਜ਼ੁਰਗੀ ਨੂੰ ਅਹੁਦਾ ਨਾ ਬਣਾਈਏ। ਆਪਣਾ ਰੁਝੇਵਾਂ, ਆਪਣੇ ਹਾਣ ਵਾਲਾ ਰਸਤਾ ਚੁਣੀਏ। ਜੇ ਸਿੱਖਣਾ ਹੈ ਤਾਂ ਅੰਗਰੇਜ਼ਾਂ ਤੋਂ ਸਿੱਖੋ ਕਿਵੇਂ ਬੁਢਾਪੇ ਵਿਚ ਵੀ ਪਤੀ-ਪਤਨੀ ਹੱਥ ਫੜ੍ਹ ਕੇ ਸੈਰ ਕਰਦੇ ਹਨ। ਕਿਵੇਂ ਉਹ ਸੋਲਾਂ ਸਾਲ ਦੇ ਬੱਚੇ ਨੂੰ ਆਪਣੇ ਫੈਸਲੇ ਆਪ ਲੈਣ ਲਈ ਆਜ਼ਾਦ ਕਰ ਦਿੰਦੇ ਹਨ।
ਜੇ ਪਤੀ-ਪਤਨੀ ਦੇ ਸਬੰਧਾਂ ਦੀ ਨੀਂਹ ਪੱਕੀ ਹੋਵੇਗੀ ਤਾਂ ਜ਼ਰੂਰ ਹੀ ਮਾਂ-ਬਾਪ ਅਤੇ ਬੱਚਿਆਂ ਦੇ ਰਿਸ਼ਤੇ ਵਿਚ ਵੀ ਮਜ਼ਬੂਤੀ ਆਵੇਗੀ। ਜਿੱਥੋਂ ਤੱਕ ਸੰਭਵ ਹੋਵੇ ਸਰੀਰਕ ਅਤੇ ਆਰਥਿਕ ਸਹਿਯੋਗ ਬਜ਼ੁਰਗਾਂ ਨੂੰ ਵੀ ਦੇਣਾ ਹੀ ਚਾਹੀਦਾ ਹੈ। ਮੈਨੂੰ ਨਹੀਂ ਲਗਦਾ, ਲੋੜ ਵੇਲੇ ਬੱਚੇ ਸਾਡੇ ਕੰਮ ਨਹੀਂ ਆਉਣਗੇ।