ਹੈਲੀਕਾਪਟਰ ਸੌਦੇ ਦੇ ਸਕੈਂਡਲ ਦਾ ਸੱਚ

-ਜਤਿੰਦਰ ਪਨੂੰ
ਅਗਲੀਆਂ ਪਾਰਲੀਮੈਂਟ ਚੋਣਾਂ ਤੋਂ ਪਹਿਲਾਂ, ਜਾਂ ਫਿਰ ਪਾਰਲੀਮੈਂਟ ਦੇ ਇੱਕ ਹੋਰ ਬੱਜਟ ਸਮਾਗਮ ਤੋਂ ਪਹਿਲਾਂ, ਭਾਰਤ ਦੀ ਰਾਜਨੀਤੀ ਇੱਕ ਨਵੇਂ ਘੋਟਾਲੇ ਦੀ ਲਪੇਟ ਵਿਚ ਆ ਗਈ ਹੈ। ਇਸ ਵਿਚ ਇੱਕ ਦੂਸਰੇ ਵਿਰੁਧ ਜਿਸ ਤਰ੍ਹਾਂ ਦੂਸ਼ਣਬਾਜ਼ੀ ਸ਼ੁਰੂ ਹੋਈ ਹੈ, ਹਮੇਸ਼ਾ ਵਾਂਗ ਮੁੱਖ ਤੌਰ ਉਤੇ ਰਾਜ ਕਰਦੀ ਧਿਰ ਕਟਹਿਰੇ ਵਿਚ ਵੱਧ ਖੜੀ ਨਜ਼ਰ ਆਈ ਹੈ, ਤੇ ਆਉਣੀ ਵੀ ਚਾਹੀਦੀ ਹੈ, ਪਰ ਇੱਕ ਵਾਰ ਫਿਰ ਮੁੱਖ ਵਿਰੋਧੀ ਧਿਰ ਵੀ ਨਾਲ ਹੀ ਸ਼ੱਕ ਦੇ ਸ਼ੀਸ਼ੇ ਹੇਠ ਆ ਗਈ ਹੈ।
ਜਿਸ ਹੈਲੀਕਾਪਟਰ ਦੀ ਖਰੀਦ ਦਾ ਰੌਲਾ ਪਿਆ ਹੈ, ਤੇ ਜਿਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਇਸ ਸੌਦੇ ਦੌਰਾਨ ਮੁਲਕ ਦੀ ਸੁਰੱਖਿਆ ਖਤਰੇ ਵਿਚ ਪਾਈ ਗਈ, ਉਸ ਸੌਦੇ ਦਾ ਇਸ ਦੇਸ਼ ਦੀ ਸੁਰੱਖਿਆ ਨਾਲ ਬਹੁਤਾ ਸਬੰਧ ਮੁੱਢਲੇ ਦਿਨੋਂ ਹੀ ਨਹੀਂ ਸੀ। ਇਹ ਸੌਦਾ ਕਰਨ ਬਾਰੇ ਅਟਲ ਬਿਹਾਰੀ ਵਾਜਪਾਈ ਸਰਕਾਰ ਦੇ ਵਕਤ ਇਹ ਸੋਚ ਕੇ ਗੱਲ ਤੋਰੀ ਗਈ ਸੀ ਕਿ ਸਾਡੇ ਦੇਸ਼ ਦੇ ਅਤਿ ਮਹੱਤਵਪੂਰਨ ਵਿਅਕਤੀਆਂ (ਵੀ ਵੀ ਆਈ ਪੀ) ਵਾਸਤੇ ਵਧੀਆ ਤੇ ਆਰਾਮਦੇਹ ਹੈਲੀਕਾਪਟਰ ਚਾਹੀਦੇ ਹਨ। ਫੌਜੀ ਲੋੜਾਂ ਦੀ ਤਾਂ ਕੋਈ ਸੋਚ ਹੀ ਨਹੀਂ ਸੀ ਸੋਚੀ ਗਈ। ਜਦੋਂ ਅਤਿ ਮਹੱਤਵਪੂਰਨ ਵਿਅਕਤੀਆਂ ਲਈ ਚਾਹੀਦੇ ਸਨ ਤਾਂ ਨਾਲ ਇਹ ਵੀ ਸੋਚ ਲਿਆ ਗਿਆ ਕਿ ਕਦੇ-ਕਦਾਈਂ ਇਨ੍ਹਾਂ ਮਹੱਤਵਪੂਰਨ ਵਿਅਕਤੀਆਂ ਨੂੰ ਕਾਰਗਿਲ ਦੇ ਨੇੜੇ ਦੀਆਂ ਚੋਟੀਆਂ ਉਤੇ ਗੇੜਾ ਮਾਰਨਾ ਪੈ ਸਕਦਾ ਹੈ, ਇਸ ਲਈ ਇਹੋ ਜਿਹੇ ਹੈਲੀਕਾਪਟਰ ਦੀ ਖਰੀਦ ਕੀਤੀ ਜਾਵੇ, ਜਿਹੜਾ ਘੱਟੋ-ਘੱਟ ਅਠਾਰਾਂ ਹਜ਼ਾਰ ਫੁੱਟ ਉਚਾ ਉਡ ਸਕਦਾ ਹੋਵੇ। ਉਸ ਸਰਕਾਰ ਦੇ ਜਿਹੜੇ ਲੋਕ ‘ਇੰਡੀਆ ਸ਼ਾਈਨਿੰਗ’ ਅਤੇ ‘ਭਾਰਤ ਉਦੈ’ ਦੇ ਨਾਹਰਿਆਂ ਨਾਲ ਖੁਦ ਹੀ ਇਸ ਤੋਂ ਉਚੇ ਉਡਦੇ ਪਏ ਸਨ, ਉਨ੍ਹਾਂ ਨੇ ਇਸ ਸੌਦੇ ਦਾ ਮੁੱਢ ਬੰਨ੍ਹਿਆ। ਮੁਕਾਬਲੇ ਵਿਚ ਜਿਹੜੀਆਂ ਧਿਰਾਂ ਸ਼ਾਮਲ ਹੋਈਆਂ, ਉਨ੍ਹਾਂ ਵਿਚ ਇਟਲੀ ਦੀ ਉਹ ਕੰਪਨੀ ਮੋਹਰੀ ਨਹੀਂ ਸੀ, ਜਿਹੜੀ ਹੁਣ ਚਰਚਾ ਵਿਚ ਹੈ ਕਿ ਉਸ ਨੇ ਕਿਸੇ ਭਾਰਤੀ ਆਗੂ ਨੂੰ ਰਿਸ਼ਵਤ ਦੇ ਕੇ ਸੌਦਾ ਸਿਰੇ ਚੜ੍ਹਾਇਆ ਹੈ। ਪਹਿਲੀ ਪਰਖ ਵਿਚ ਉਹ ਦੂਜੀਆਂ ਦੋਂਹ ਕੰਪਨੀਆਂ ਤੋਂ ਇਸ ਲਈ ਪੱਛੜ ਗਈ ਕਿ ਜਿੰਨੀ ਉਚਾਈ ਤੱਕ ਉਡਾਰੀ ਦੀ ਮੰਗ ਹੋਈ ਸੀ, ਉਸ ਦਾ ਹੈਲੀਕਾਪਟਰ ਓਨਾ ਉਚਾ ਨਹੀਂ ਸੀ ਉਡ ਸਕਦਾ। ਉਸ ਕੰਪਨੀ ਦੀ ਪਹੁੰਚ ਦਾ ਕਮਾਲ ਜਾਂ ਕਿਸੇ ਹੋਰ ਗਿਣਤੀ-ਮਿਣਤੀ ਕਾਰਨ ਫਿਰ ਨਵੇਂ ਸਿਰਿਓਂ ਉਸ ਦੀ ਉਡਾਰੀ ਦੀ ਹੱਦ ਅਠਾਰਾਂ ਹਜ਼ਾਰ ਫੁੱਟ ਤੋਂ ਘਟਾ ਕੇ ਪੰਦਰਾਂ ਹਜ਼ਾਰ ਫੁੱਟ ਕਰ ਦਿੱਤੀ ਗਈ ਤੇ ਨਵੀਂ ਮੰਗ ਦੇ ਮੁਤਾਬਕ ਉਹ ਇਤਾਲਵੀ ਕੰਪਨੀ ਵੀ ਮੁਕਾਬਲੇਬਾਜ਼ਾਂ ਵਿਚ ਸ਼ਾਮਲ ਹੋ ਗਈ ਸੀ।
ਇਹ ਸਾਰਾ ਕੰਮ ਉਦੋਂ ਹੋਇਆ ਸੀ, ਜਦੋਂ ਭਾਰਤ ਵਿਚ ਉਹ ਸਰਕਾਰ ਨਹੀਂ ਸੀ, ਜਿਸ ਦਾ ਰਿਮੋਟ ਇਟਲੀ ਤੋਂ ਆਈ ਇੱਕ ਬੀਬੀ ਦੇ ਹੱਥਾਂ ਵਿਚ ਹੋਣ ਦਾ ਦੋਸ਼ ਲਾਇਆ ਜਾਂਦਾ ਹੈ, ਸਗੋਂ ਉਨ੍ਹਾਂ ਲੋਕਾਂ ਦੀ ਸਰਕਾਰ ਸੀ, ਜਿਹੜੇ ਇਹ ਨਾਹਰਾ ਲਾ ਕੇ ਅੱਗੇ ਆਏ ਸਨ ਕਿ ਦੇਸ਼ ਦੀ ਅਗਵਾਈ ਇੱਕ ਵਿਦੇਸ਼ੀ ਮੂਲ ਦੀ ਔਰਤ ਦੇ ਹੱਥ ਨਹੀਂ ਜਾਣ ਦੇਣੀ। ਅੱਜ ਜਦੋਂ ਉਹ ਇਹ ਕਹਿੰਦੇ ਹਨ ਕਿ ਸਕੈਂਡਲ ਦੀ ਜਾਂਚ ਇਸ ਲਈ ਅੱਗੇ ਨਹੀਂ ਵਧਾਈ ਜਾਂਦੀ ਕਿ ਇਸ ਦਾ ਸਬੰਧ ਇਟਲੀ ਨਾਲ ਜੁੜਦਾ ਹੈ, ਬਹਾਨੇ ਨਾਲ ਸੋਨੀਆ ਗਾਂਧੀ ਵੱਲ ਇਸ਼ਾਰਾ ਕਰਦੇ ਹਨ, ਤਾਂ ਇਹ ਵੀ ਉਨ੍ਹਾਂ ਨੂੰ ਦੱਸਣਾ ਚਾਹੀਦਾ ਹੈ ਕਿ ਜਦ ਅਠਾਰਾਂ ਹਜ਼ਾਰ ਫੁੱਟ ਤੋਂ ਵੱਧ ਉਚਾਈ ਦਾ ਪ੍ਰਧਾਨ ਮੰਤਰੀ ਵਾਜਪਾਈ ਗੇੜਾ ਮਾਰ ਚੁੱਕੇ ਸਨ ਤਾਂ ਇਟਲੀ ਦੀ ਕੰਪਨੀ ਨੂੰ ਰਾਹ ਦੇਣ ਲਈ ਉਨ੍ਹਾਂ ਨੇ ਉਡਾਰੀ ਦੀ ਹੱਦ ਅਠਾਰਾਂ ਹਜ਼ਾਰ ਤੋਂ ਘਟਾ ਕੇ ਪੰਦਰਾਂ ਹਜ਼ਾਰ ਫੁੱਟ ਆਪ ਕਿਉਂ ਕਰ ਦਿੱਤੀ ਸੀ?
ਜਦੋਂ ਇਹੋ ਜਿਹੇ ਕਿਸੇ ਵੀ ਸੌਦੇ ਦੀ ਗੱਲ ਹੁੰਦੀ ਹੈ ਤਾਂ ਇਥੋਂ ਸ਼ੁਰੂ ਨਹੀਂ ਕਰਨਾ ਚਾਹੀਦਾ ਕਿ ਇਸ ਨਾਲ ਦੇਸ਼ ਦੀ ਸੁਰੱਖਿਆ ਖਤਰੇ ਵਿਚ ਪੈ ਗਈ ਹੈ। ਸੁਰੱਖਿਆ ਤਾਂ ਉਦੋਂ ਹੀ ਖਤਰੇ ਵਿਚ ਪੈ ਜਾਂਦੀ ਹੈ, ਜਦੋਂ ਅਸੀਂ ਕਿਸੇ ਤੀਸਰੇ ਦੇਸ਼ ਤੋਂ ਮਾਲ ਖਰੀਦਦੇ ਹਾਂ ਤੇ ਉਸ ਨੂੰ ਉਸ ਮਾਲ ਦੇ ਗੁਣਾਂ ਦੇ ਨਾਲ ਔਗੁਣਾਂ ਦਾ ਵੀ ਪਤਾ ਹੁੰਦਾ ਹੈ। ਸਾਨੂੰ ਮਾਲ ਵੇਚਣ ਵਾਲੇ ਸਾਡੇ ਨਾਲ ਵਪਾਰਕ ਸਾਂਝ ਪਾਉਂਦੇ ਹਨ, ਵਫਾਦਾਰੀ ਦੀ ਸਾਂਝ ਨਹੀਂ ਪਾ ਰਹੇ ਹੁੰਦੇ। ਉਹ ਵਪਾਰੀ ਹਨ ਤੇ ਜੇ ਕਿਸੇ ਹੋਰ ਪਾਸੇ ਤੋਂ ਉਸ ਮਾਲ ਦੇ ਔਗੁਣਾਂ ਬਾਰੇ ਪੁੱਛਿਆ ਜਾਵੇ ਤਾਂ ਮੁਨਾਸਬ ਮੁੱਲ ਵੱਟ ਕੇ ਇਹ ਜਾਣਕਾਰੀ ਉਸ ਨੂੰ ਵੀ ਵੇਚ ਸਕਦੇ ਹਨ। ਗੱਲ ਮਾਲ ਦੇ ਗੁਣਾਂ ਦੀ ਵੱਖਰੀ ਕਰਨੀ ਚਾਹੀਦੀ ਹੈ ਤੇ ਕਾਲੀ ਕਮਾਈ ਦੀ ਵੱਖਰੀ।
ਸਵੀਡਨ ਦੀ ਬੋਫੋਰਜ਼ ਕੰਪਨੀ ਦੀ ਹਾਵਿਟਜ਼ਰ ਤੋਪ ਜਦੋਂ ਖਰੀਦੀ ਗਈ ਤਾਂ ਕਿਹਾ ਗਿਆ ਕਿ ਮੁਨਾਫਾ ਕਮਾਉਣ ਦੇ ਚੱਕਰ ਵਿਚ ਰੱਦੀ ਤੋਪ ਖਰੀਦ ਲਈ ਹੈ, ਪਰ ਕਾਰਗਿਲ ਦੀ ਜੰਗ ਵਿਚ ਸਿਰਫ ਉਹੋ ਇੱਕ ਤੋਪ ਕੰਮ ਆਈ ਸੀ, ਜਿਸ ਦੇ ਗੋਲੇ ਨੂੰ ਦਾਗਣ ਵੇਲੇ ਫੌਜ ਦੇ ਜਵਾਨ ‘ਰਾਜੀਵ ਗਾਂਧੀ ਜ਼ਿੰਦਾਬਾਦ’ ਦਾ ਨਾਹਰਾ ਲਾਉਂਦੇ ਟੀ ਵੀ ਚੈਨਲਾਂ ਉਤੇ ਲੋਕਾਂ ਨੂੰ ਸੁਣਨ ਨੂੰ ਮਿਲੇ ਸਨ। ਬਾਅਦ ਵਿਚ ਬੋਫੋਰਜ਼ ਤੋਪ ਦੇ ਵਿਰੋਧੀਆਂ ਦੀ ਸਰਕਾਰ ਨੂੰ ਉਸੇ ਤੋਪ ਦੇ ਗੋਲੇ ਖਰੀਦਣ ਦਾ ਕੰਮ ਖੜੇ ਪੈਰ ਕਰਨਾ ਪਿਆ ਸੀ, ਜਿਹੜੇ ਕਈ ਸਾਲਾਂ ਤੋਂ ਇਨ੍ਹਾਂ ਵਿਵਾਦਾਂ ਦੇ ਕਾਰਨ ਖਰੀਦੇ ਨਹੀਂ ਸਨ ਜਾ ਰਹੇ। ਪਿਛਲੇ ਸਾਲ ਟਾਟਰਾ ਟਰੱਕਾਂ ਦੀ ਖਰੀਦ ਦਾ ਰੌਲਾ ਪੈ ਗਿਆ। ਅੱਜ ਵੀ ਮੰਨਿਆ ਜਾ ਰਿਹਾ ਹੈ ਕਿ ਉਸ ਟਰੱਕ ਵਰਗੇ ਟਰੱਕ ਲੱਭਣੇ ਔਖੇ ਹਨ, ਪਰ ਦਲਾਲੀ ਦੇ ਰੌਲੇ ਨੇ ਉਹ ਸੌਦਾ ਵੀ ਰੋਕ ਦਿੱਤਾ। ਦਲਾਲਾਂ ਦੇ ਗਲ਼ ਪੈਣਾ ਹੋਰ ਗੱਲ ਸੀ, ਪਰ ਟਰੱਕ ਨੂੰ ਖਰੀਦਣ ਦਾ ਫੈਸਲਾ ਗੁਣ-ਦੋਸ਼ ਦੇ ਆਧਾਰ ਉਤੇ ਹੋਣਾ ਚਾਹੀਦਾ ਸੀ। ਜਦੋਂ ਇਸ ਤਰ੍ਹਾਂ ਦੇ ਦੋਸ਼ਾਂ ਦੇ ਕਾਰਨ ਇਹ ਸੌਦੇ ਰੁਕੀ ਜਾਂਦੇ ਹਨ ਤਾਂ ਦੇਸ਼ ਦੀ ਸੁਰੱਖਿਆ ਇਸ ਨਾਲ ਵੀ ਖਤਰੇ ਵਿਚ ਪੈਂਦੀ ਹੈ।
ਰਹੀ ਗੱਲ ਹੁਣ ਵਾਲੇ ਹੈਲੀਕਾਪਟਰ ਸੌਦੇ ਦੀ, ਇਸ ਵਿਚ ਮੌਜੂਦਾ ਸਰਕਾਰ ਨੂੰ ਕਿਸੇ ਵੀ ਤਰ੍ਹਾਂ ਦੀ ਕਲੀਨ-ਚਿੱਟ ਦੇਣ ਦੀ ਗੱਲ ਜਿਹੜਾ ਵੀ ਕਰੇਗਾ, ਉਹ ਗਲਤ ਕਰ ਰਿਹਾ ਹੋਵੇਗਾ। ਜਦੋਂ ਪਿਛਲੇਰੇ ਸਾਲ ਇਸ ਸੌਦੇ ਬਾਰੇ ਰੌਲਾ ਪੈ ਗਿਆ ਸੀ ਕਿ ਇਸ ਵਿਚ ਲੈਣ-ਦੇਣ ਕੀਤਾ ਗਿਆ ਹੈ ਤਾਂ ਜਿਹੜੀ ਸਪਲਾਈ ਹੁਣ ਰੋਕੀ ਗਈ ਹੈ, ਉਹ ਉਦੋਂ ਹੀ ਰੋਕ ਦੇਣੀ ਚਾਹੀਦੀ ਸੀ। ਭਾਰਤ ਦੀ ਸਰਕਾਰ ਦਾ ਇਨ੍ਹਾਂ ਹੈਲੀਕਾਪਟਰਾਂ ਤੋਂ ਬਿਨਾਂ ਕੰਮ ਰੁਕਦਾ ਨਹੀਂ ਸੀ ਪਿਆ। ਸੌਦੇ ਦੀ ਸਾਰੀ ਜਾਂਚ ਤੋਂ ਬਾਅਦ ਬਾਕੀ ਦੇ ਹੈਲੀਕਾਪਟਰ ਮੰਗਵਾਏ ਜਾ ਸਕਦੇ ਸਨ, ਪਰ ਸਰਕਾਰ ਇਹ ਕਹਿ ਕੇ ਟਾਲਦੀ ਰਹੀ ਕਿ ਜਾਂਚ ਦਾ ਹੁਕਮ ਦੇ ਦਿੱਤਾ ਗਿਆ ਹੈ, ਜਦ ਕਿ ਜਾਂਚ ਕੋਈ ਕਰਵਾਈ ਹੀ ਨਹੀਂ ਸੀ ਗਈ। ਗੱਲ ਮਸਾਂ ਇਹ ਕੀਤੀ ਗਈ ਸੀ ਕਿ ਵਿਦੇਸ਼ ਦੇ ਕੁਝ ਆਪਣੇ ਹਾਈ ਕਮਿਸ਼ਨਾਂ ਤੇ ਦੂਤ-ਘਰਾਂ ਨੂੰ ਚਿੱਠੀਆਂ ਲਿਖ ਕੇ ਇਹ ਕਹਿ ਦਿੱਤਾ ਗਿਆ ਕਿ ਉਹ ਇਸ ਸੌਦੇ ਦੀ ਜਾਂਚ ਬਾਰੇ ਉਥੇ ਜੋ ਕੁਝ ਹੋ ਰਿਹਾ ਹੈ, ਉਸ ਦੀ ਜਾਣਕਾਰੀ ਹਾਸਲ ਕਰ ਕੇ ਭੇਜ ਦੇਣ। ਇਸ ਤੋਂ ਬਾਅਦ ਇੱਕ ਚਿੱਠੀ ਉਸ ਹੈਲੀਕਾਪਟਰ ਵੇਚਣ ਵਾਲੀ ਕੰਪਨੀ ਨੂੰ ਲਿਖ ਦਿੱਤੀ ਕਿ ਸਾਨੂੰ ਪਤਾ ਲੱਗਾ ਹੈ ਕਿ ਸੌਦੇ ਦੇ ਦੌਰਾਨ ਕੁਝ ਲੋਕਾਂ ਨਾਲ ਸ਼ੱਕੀ ਕਿਸਮ ਦਾ ਲੈਣ-ਦੇਣ ਹੋਇਆ ਹੈ, ਜੇ ਕੋਈ ਗੱਲ ਇਹੋ ਜਿਹੀ ਹੋਈ ਹੈ ਤਾਂ ਸਾਨੂੰ ਉਹ ਦੱਸ ਦਿੱਤੀ ਜਾਵੇ। ਕੰਪਨੀ ਨੇ ਇਹ ਗੱਲ ਨਾ ਦੱਸਣੀ ਸੀ ਤੇ ਨਾ ਦੱਸੀ, ਸਗੋਂ ਇਹ ਆਖ ਦਿੱਤਾ ਕਿ ਦੋਸ਼ ਫਾਲਤੂ ਜਿਹੇ ਹਨ, ਇਨ੍ਹਾਂ ਵਿਚ ਕੋਈ ਸੱਚਾਈ ਨਹੀਂ। ਇਸ ਨੂੰ ਜਾਂਚ ਕਰਨਾ ਨਹੀਂ, ਘੱਟੇ-ਕੌਡੀਆਂ ਰੋਲਣਾ ਕਿਹਾ ਜਾਂਦਾ ਹੈ।
ਹੁਣ ਜਦੋਂ ਉਸ ਕੰਪਨੀ ਵੱਲੋਂ ਮਾਲ ਵੇਚਣ ਦੇ ਸਮੇਂ ਦੇ ਮੁੱਖ ਕਾਰਜਕਾਰੀ ਅਧਿਕਾਰੀ ਨੂੰ ਉਥੋਂ ਦੀ ਪੁਲਿਸ ਨੇ ਜਾ ਨੱਪਿਆ ਹੈ, ਸਵਿਟਜ਼ਰਲੈਂਡ ਵਿਚ ਲੁਕੇ ਹੋਏ ਉਸ ਦੇ ਦੋ ਇਤਾਲਵੀ ਸਾਥੀਆਂ ਦੇ ਵਾਰੰਟ ਲੈ ਲਏ ਹਨ ਤੇ ਇੰਗਲੈਂਡ ਦੇ ਇੱਕ ਨਾਗਰਿਕ ਨੂੰ ਫੜਨ ਦਾ ਐਲਾਨ ਕਰ ਦਿੱਤਾ ਹੈ ਤਾਂ ਭਾਰਤ ਸਰਕਾਰ ਵੀ ਜਾਂਚ ਸ਼ੁਰੂ ਕਰ ਬੈਠੀ ਹੈ। ਇਸ ਦੀ ਜਾਂਚ ਕਿਸੇ ਸਿੱਟੇ ਉਤੇ ਪਹੁੰਚੇਗੀ, ਇਸ ਦਾ ਕਿਸੇ ਨੂੰ ਭਰੋਸਾ ਨਹੀਂ। ਸੀ ਬੀ ਆਈ ਜਾਂਚ ਕਰ ਲਵੇ ਜਾਂ ਪਾਰਲੀਮੈਂਟਰੀ ਕਮੇਟੀ ਜਾਂਚ ਕਰੇ, ਸਿੱਟਾ ਕੋਈ ਕੱਢਣਾ ਹੁੰਦਾ ਤਾਂ ਇਨ੍ਹਾਂ ਦੋਵਾਂ ਦੀ ਜਾਂਚ ਨਾਲ ਬੋਫੋਰਜ਼ ਤੋਪ ਸੌਦੇ ਵਾਲਾ ਵੀ ਨਿਕਲ ਸਕਦਾ ਸੀ, ਪਰ ਅੱਜ ਤੱਕ ਨਹੀਂ ਨਿਕਲਿਆ। ਸਰਕਾਰਾਂ ਬਦਲ ਜਾਂਦੀਆਂ ਹਨ ਤੇ ਜਿਹੜੇ ਆਗੂ ਇਹ ਕਹਿ ਕੇ ਰਾਜ ਸੰਭਾਲਦੇ ਹਨ ਕਿ ਇੱਕ ਮਹੀਨੇ ਦੇ ਅੰਦਰ ਸਾਰਾ ਸੱਚ ਸਾਹਮਣੇ ਲਿਆ ਦਿਆਂਗੇ, ਉਹ ਗੱਦੀ ਦਾ ਨਿੱਘ ਮਾਣ ਕੇ ਸਾਰਾ ਸੱਚ ਢਕਿਆ ਹੀ ਛੱਡ ਕੇ ਤੁਰ ਜਾਂਦੇ ਹਨ, ਕਿਸੇ ਨੇ ਕਦੀ ਬਾਹਰ ਨਹੀਂ ਲਿਆਂਦਾ। ਇਸ ਦਾ ਕਾਰਨ ਹੀ ਇਹ ਸੀ ਕਿ ਭਾਰਤ ਵਿਚ ਇੱਕ ਵੀ ਘੋਟਾਲਾ ਇਹੋ ਜਿਹਾ ਨਹੀਂ ਵਾਪਰਿਆ, ਜਿਸ ਵਿਚ ਸਿਰਫ ਇੱਕ ਧਿਰ ਵਾਲੇ ਸ਼ਾਮਲ ਹੋਣ, ਹਰ ਮਾਮਲੇ ਵਾਂਗ ਇਸ ਹੈਲੀਕਾਪਟਰ ਘੋਟਾਲੇ ਵਿਚ ਵੀ ਦੋਵੇਂ ਪਾਸਿਆਂ ਵਾਲੇ ਸ਼ਾਮਲ ਲੱਭਦੇ ਹਨ।
ਹੈਲੀਕਾਪਟਰ ਖਰੀਦਣ ਦਾ ਫੈਸਲਾ ਬਿਨਾਂ ਬਹੁਤੀ ਲੋੜ ਤੋਂ ਵਾਜਪਾਈ ਸਰਕਾਰ ਦੇ ਵਕਤ ਕੀਤਾ ਗਿਆ ਸੀ ਤੇ ਇਸ ਦੀ ਉਡਾਰੀ ਦੀ ਉਚਾਈ ਘਟਾ ਕੇ ਇਟਲੀ ਦੀ ਕੰਪਨੀ ਨੂੰ ਰਾਹ ਵੀ ਉਸ ਸਰਕਾਰ ਦੇ ਵਕਤ ਦਿੱਤਾ ਹੋਣ ਕਰ ਕੇ ਇਸ਼ਾਰਾ ਉਨ੍ਹਾਂ ਵੱਲ ਵੀ ਜਾਂਦਾ ਹੈ। ਬਣ ਚੁੱਕੀ ਫਾਈਲ ਨੂੰ ਅੱਗੇ ਤੋਰ ਕੇ ਅੰਤਮ ਫੈਸਲਾ ਹੁਣ ਵਾਲੀ ਸਰਕਾਰ ਨੇ ਕੀਤਾ ਤੇ ਇਸ ਵਿਚ ਹੋਇਆ ਲੈਣ-ਦੇਣ ਇਸ ਦੇ ਵਕਤ ਵੀ ਹੋਇਆ ਹੋਵੇਗਾ। ਹਵਾਈ ਫੌਜ ਦੇ ਇਸ ਦੌਰਾਨ ਤਿੰਨ ਮੁਖੀ ਲੱਗੇ ਤੇ ਉਨ੍ਹਾਂ ਵਿਚੋਂ ਘੱਟੋ-ਘੱਟ ਦੋਂਹ ਵੱਲ ਉਂਗਲਾਂ ਉਠਣ ਤੋਂ ਪਿੱਛੋਂ ਬਹੁਤਾ ਬੋਝ ਪਿਛਲੇ ਏਅਰ ਚੀਫ ਮਾਰਸ਼ਲ ਐਸ ਪੀ ਤਿਆਗੀ ਉਤੇ ਪੈਂਦਾ ਜਾਪਦਾ ਹੈ। ਤਿਆਗੀ ਦੇ ਤਿੰਨ ਚਚੇਰੇ ਭਰਾ ਇਸ ਸੌਦੇ ਵਿਚ ਦਲਾਲ ਦਾ ਕੰਮ ਕਰਦੇ ਰਹੇ ਸਨ। ਉਹ ਪਹਿਲਾਂ ਉਨ੍ਹਾਂ ਨਾਲ ਸਬੰਧਾਂ ਤੋਂ ਮੁੱਕਰਿਆ, ਫਿਰ ਮਿਲਣੀ ਦੀ ਗੱਲ ਮੰਨਿਆ ਪਰ ਜਦੋਂ ਇਹ ਸਾਰਾ ਕੁਝ ਸਾਹਮਣੇ ਆ ਗਿਆ ਲੱਗਦਾ ਸੀ, ਉਸ ਦੇ ਬਚਾਅ ਉਤੇ ਕੋਈ ਕਾਂਗਰਸੀ ਨਹੀਂ, ਭਾਜਪਾ ਆਗੂ ਤੇ ਵਾਜਪਾਈ ਸਰਕਾਰ ਦੇ ਸਮੇਂ ਦਾ ਵਿਦੇਸ਼ ਮੰਤਰੀ ਜਸਵੰਤ ਸਿੰਘ ਆ ਗਿਆ। ਉਸ ਨੇ ਕਿਹਾ ਕਿ ਹਾਲੇ ਤਾਂ ਇਸ ਨੂੰ ਘੋਟਾਲਾ ਵੀ ਕਹਿਣ ਦਾ ਵਕਤ ਨਹੀਂ ਆਇਆ, ਕਿਉਂਕਿ ਇਸ ਦੀ ਜਾਂਚ ਨਹੀਂ ਹੋਈ ਤੇ ਹਵਾਈ ਫੌਜ ਦੇ ਮੁਖੀ ਨੂੰ ਐਵੇਂ ਬਦਨਾਮ ਨਹੀਂ ਕਰਦੇ ਜਾਣਾ ਚਾਹੀਦਾ। ਭਾਰਤੀ ਜਨਤਾ ਪਾਰਟੀ ਵਿਚ ਜਸਵੰਤ ਸਿੰਘ ਦੇ ਬਿਆਨ ਨਾਲ ਹਲਚਲ ਮਚ ਗਈ। ਬਿਨਾਂ ਦੇਰੀ ਕੀਤੇ ਤੋਂ ਪਾਰਟੀ ਨੇ ਬਿਆਨ ਜਾਰੀ ਕੀਤਾ ਕਿ ਜਸਵੰਤ ਸਿੰਘ ਦੇ ਵਿਚਾਰ ਨਿੱਜੀ ਹਨ, ਪਾਰਟੀ ਇਸ ਨਾਲ ਸਹਿਮਤ ਨਹੀਂ, ਪਰ ਜਸਵੰਤ ਸਿੰਘ ਦੇ ਬਿਆਨ ਦੇ ਪਿੱਛੇ ਲੁਕਿਆ ਨਵਾਂ ਸੱਚ ਓਨੀ ਦੇਰ ਨੂੰ ਸਿਰ ਚੁੱਕ ਚੁੱਕਾ ਸੀ।
ਨਵਾਂ ਸੱਚ ਇਹ ਸਿਰ ਚੁੱਕ ਖੜੋਤਾ ਕਿ ਇਸ ਹੈਲੀਕਾਪਟਰ ਸੌਦੇ ਦੀ ਪੈੜ ਅਟਲ ਬਿਹਾਰੀ ਵਾਜਪਾਈ ਦੇ ਘਰ ਤੱਕ ਪਹੁੰਚ ਰਹੀ ਸੀ। ਹਵਾਈ ਫੌਜ ਦੇ ਸਾਬਕਾ ਮੁਖੀ ਐਸ ਪੀ ਤਿਆਗੀ ਦੇ ਜਿਹੜੇ ਤਿੰਨ ਚਚੇਰੇ ਭਰਾਵਾਂ ਦਾ ਨਾਂ ਦਲਾਲਾਂ ਵਜੋਂ ਸਾਹਮਣੇ ਆਇਆ ਸੀ, ਉਨ੍ਹਾਂ ਵਿਚੋਂ ਇੱਕ ਜਣਾ ਰਾਜੀਵ ਤਿਆਗੀ ਤਾਂ ਵਾਜਪਾਈ ਸਰਕਾਰ ਦੇ ਸਮੇਂ ਵਾਜਪਾਈ ਜੀ ਦੇ ਆਪਣੇ ਚੋਣ ਹਲਕੇ ਦਾ ਇੰਚਾਰਜ ਹੁੰਦਾ ਸੀ ਤੇ ਉਸ ਦਾ ਲਾਲਜੀ ਟੰਡਨ ਤੇ ਰੰਜਨ ਭੱਟਾਚਾਰੀਆ ਨਾਲ ਨੇੜ ਸੀ। ਇਹ ਦੋਵੇਂ ਜਣੇ ਕੌਣ ਸਨ, ਇਹ ਵੀ ਜਾਣ ਲੈਣਾ ਚਾਹੀਦਾ ਹੈ। ਲਾਲਜੀ ਟੰਡਨ ਉਤਰ ਪ੍ਰਦੇਸ਼ ਵਿਚ ਭਾਜਪਾ ਵਿਚ ਵਾਜਪਾਈ ਧੜੇ ਦਾ ਉਹ ਪ੍ਰਤੀਨਿਧ ਸੀ, ਜਿਸ ਦੇ ਰਾਹੀਂ ਭਾਜਪਾ ਨਾਲ ਛੇ-ਛੇ ਮਹੀਨੇ ਰਾਜ ਕਰਨ ਦਾ ਸੌਦਾ ਮਾਰ ਕੇ ਬਸਪਾ ਦੀ ਮੁਖੀ ਮਾਇਆਵਤੀ ਨੇ ਉਥੋਂ ਦੀ ਗੱਦੀ ਸੰਭਾਲੀ ਅਤੇ ਇਸ ਨੂੰ ਰੱਖੜੀ ਬੰਨ੍ਹ ਕੇ ਭਰਾ ਬਣਾਇਆ ਸੀ, ਪਰ ਸਰਕਾਰ ਟੁੱਟ ਜਾਣ ਪਿੱਛੋਂ ਇਸ ਨੂੰ ‘ਲਾਲਜੀ ਟੰਡਨ’ ਦੀ ਬਜਾਏ ‘ਲਾਲਚੀ ਟੰਡਨ’ ਆਖ ਕੇ ਭੰਡਿਆ ਸੀ। ਦੂਸਰੇ ਬੰਦੇ ਬਾਰੇ ਹੋਰ ਵੀ ਖਾਸ ਗੱਲ ਇਹ ਹੈ ਕਿ ਵਾਜਪਾਈ ਜੀ ਕੁਆਰੇ ਹਨ ਤੇ ਉਨ੍ਹਾਂ ਨੇ ਇੱਕ ਭਾਣਜੀ ਨੂੰ ਆਪਣੀ ਮੁਤਬੰਨੀ ਧੀ ਬਣਾਇਆ ਹੋਇਆ ਹੈ, ਜਿਸ ਦੇ ਪਤੀ ਦਾ ਨਾਂ ਰੰਜਨ ਭੱਟਾਚਾਰੀਆ ਹੈ। ਚਰਚਾ ਛਿੜਨ ਤੋਂ ਬਾਅਦ ਭੱਟਚਾਰੀਆ ਮੰਨ ਗਿਆ ਹੈ ਕਿ ਵਾਜਪਾਈ ਦੇ ਚੋਣ ਹਲਕੇ ਦੇ ਇੰਚਾਰਜ ਵਜੋਂ ਰਾਜੀਵ ਤਿਆਗੀ ਉਸ ਨਾਲ ਮਿਲਦਾ ਰਿਹਾ ਹੈ। ਜਸਵੰਤ ਸਿੰਘ ਵੀ ਵਾਜਪਾਈ ਧੜੇ ਦਾ ਹੋਣ ਕਰ ਕੇ ਉਸ ਨੂੰ ਐਸ ਪੀ ਤਿਆਗੀ ਦਾ ਬਚਾਅ ਇਸ ਲਈ ਕਰਨਾ ਪਿਆ ਹੈ ਕਿ ਇਸ ਤੋਂ ਬਾਅਦ ਗੱਲ ਰਾਜੀਵ ਤਿਆਗੀ ਤੱਕ ਆਊਗੀ ਤੇ ਜੇ ਉਹਦੇ ਤੱਕ ਆਈ ਤਾਂ ਰੰਜਨ ਭੱਟਾਚਾਰੀਆ ਤੱਕ ਵੀ ਆ ਸਕਦੀ ਹੈ।
ਦੂਸਰਾ ਪਾਸਾ ਇਹ ਹੈ ਕਿ ਭਾਰਤ ਦਾ ਵਿਦੇਸ਼ ਸਕੱਤਰ ਰਹਿ ਚੁੱਕੇ ਐਸ ਕੇ ਸਿੰਘ ਦੇ ਪੁੱਤਰ ਕਨਿਸ਼ਕ ਸਿੰਘ ਦਾ ਨਾਂ ਵੀ ਇਸ ਲੈਣ-ਦੇਣ ਵਿਚ ਆ ਗਿਆ ਹੈ। ਕਨਿਸ਼ਕ ਸਿੰਘ ਨੂੰ ਰਾਹੁਲ ਗਾਂਧੀ ਦੀ ਟੀਮ ਵਿਚ ਗਿਣਿਆ ਜਾਂਦਾ ਹੈ। ਭਾਜਪਾ ਆਗੂ ਕਿਰੀਟ ਸੋਮਈਆ ਨੇ ਚਿੱਠੀ ਲਿਖ ਕੇ ਉਸ ਦੇ ਖਿਲਾਫ ਜਾਂਚ ਦੀ ਮੰਗ ਕਰਦਿਆਂ ਦੱਸ ਦਿੱਤਾ ਹੈ ਕਿ ਚੰਡੀਗੜ੍ਹ ਵਿਚ ਜਿਹੜੀ ਕੰਪਨੀ ਬਣਾ ਕੇ ਲੈਣ-ਦੇਣ ਹੋਇਆ, ਰਾਹੁਲ ਗਾਂਧੀ ਦਾ ਨੇੜੂ ਕਨਿਸ਼ਕ ਸਿੰਘ ਉਸ ਨਾਲ ਜੁੜਿਆ ਰਿਹਾ ਹੈ। ਕਨਿਸ਼ਕ ਸਿੰਘ ਇਸ ਤੋਂ ਇਨਕਾਰ ਨਹੀਂ ਕਰ ਸਕਦਾ। ਇਸ ਚਿੱਠੀ ਨੇ ਰਾਹੁਲ ਗਾਂਧੀ ਦੀ ਮੁਸ਼ਕਲ ਜਿੰਨੀ ਵੀ ਵਧਾ ਦਿੱਤੀ ਹੋਵੇ, ਉਸ ਤੋਂ ਵੱਧ ਸੌਖ ਆਮ ਲੋਕਾਂ ਲਈ ਇਹ ਸਮਝਣ ਦੇ ਪੱਖ ਤੋਂ ਪੈਦਾ ਕਰ ਦਿੱਤੀ ਹੈ ਕਿ ਇਹ ਕੇਸ ਦੂਸਰਾ ‘ਬੋਫੋਰਜ਼ ਕੇਸ’ ਹੈ। ਬੋਫੋਰਜ਼ ਕੇਸ ਵਿਚ ਇੱਕ ਓਤਾਵੀਓ ਕੁਆਤਰੋਚੀ ਦਾ ਨਾਂ ਆਇਆ ਸੀ, ਜਿਹੜਾ ਰਾਜੀਵ ਗਾਂਧੀ ਅਤੇ ਸੋਨੀਆ ਗਾਂਧੀ ਦਾ ਪਰਿਵਾਰਕ ਮਿੱਤਰ ਸੀ, ਪਰ ਉਸੇ ਸੌਦੇ ਵਿਚ ਉਸ ਦੇ ਸਾਥੀ ਤਿੰਨ ਹਿੰਦੂਜਾ ਭਰਾ ਬਣੇ ਸਨ, ਜਿਹੜੇ ਅਟਲ ਬਿਹਾਰੀ ਵਾਜਪਾਈ ਦੇ ਮਿੱਤਰ ਸਨ। ਵਾਜਪਾਈ ਸਰਕਾਰ ਦੇ ਵਕਤ ਜਦੋਂ ਕੁਆਤਰੋਚੀ ਦੇ ਪਿੱਛੇ ਸੀ ਬੀ ਆਈ ਲੱਗੀ ਹੋਈ ਸੀ, ਉਦੋਂ ਹਿੰਦੂਜਾ ਭਰਾਵਾਂ ਦੇ ਖਿਲਾਫ ਕੇਸ ਦਿੱਲੀ ਵਿਚ ਖਾਰਜ ਹੋਣ ਦਿੱਤਾ ਗਿਆ ਸੀ। ਇਹ ਮਿਲੀਭੁਗਤ ਤੋਂ ਬਿਨਾਂ ਨਹੀਂ ਸੀ ਹੋ ਸਕਦਾ।
ਜਿਵੇਂ ਉਦੋਂ ਤੋਪ ਸੌਦੇ ਦੀ ਮਲਾਈ ਚੱਟਣ ਵਿਚ ਦੋਵਾਂ ਮੁੱਖ ਰਾਜਸੀ ਧਿਰਾਂ ਦੇ ਕੁਝ ਲੋਕ ਸ਼ਾਮਲ ਨਿਕਲਦੇ ਸਨ, ਉਵੇਂ ਹੀ ਹੁਣ ਵੀ ਦੇਸ਼ ਦੀ ਰਾਜ ਕਰਦੀ ਅਤੇ ਰਾਜ ਕਰਨ ਲਈ ਤਾਂਘ ਰਹੀ ਦੋਵਾਂ ਧਿਰਾਂ ਵਿਚ ਉਹ ਲੋਕ ਬੈਠੇ ਦਿਖਾਈ ਦਿੰਦੇ ਹਨ, ਜਿਨ੍ਹਾਂ ਨੇ ਹੈਲੀਕਾਪਟਰ ਸੌਦੇ ਵਿਚ ਇੱਕ ਵਿਦੇਸ਼ੀ ਕੰਪਨੀ ਦੇ ਕਾਰਿੰਦੇ ਦੀ ਭੂਮਿਕਾ ਨਿਭਾਈ ਤੇ ਮਾਲ ਕਮਾਇਆ ਹੋਇਆ ਹੈ।

Be the first to comment

Leave a Reply

Your email address will not be published.