ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਚੋਣ ਲਈ ਸਰਗਰਮੀ ਭਖੀ

ਚੰਡੀਗੜ੍ਹ (ਗੁਰਵਿੰਦਰ ਸਿੰਘ ਵਿਰਕ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਇਸ ਵਾਰ ਬਾਦਲਾਂ ਲਈ ਵੱਡੀ ਵੰਗਾਰ ਬਣ ਰਹੀ ਹੈ। ਆਮ ਕਰ ਕੇ ਇਹੀ ਮੰਨਿਆ ਜਾਂਦਾ ਹੈ ਕਿ ਬਾਦਲ ਘਰੋਂ ਹੀ ਤੈਅ ਕਰ ਕੇ ਨਿਕਲਦੇ ਹਨ ਕਿ ਪ੍ਰਧਾਨ ਦੀ ਕੁਰਸੀ ਉਤੇ ਕਿਸ ਨੂੰ ਬਿਠਾਉਣ ਹੈ, ਪਰ ਇਸ ਵਾਰ ਅਕਾਲੀ ਦਲ ਬਾਦਲ ਦਾ ਸੱਤਾਹੀਣ ਹੋਣਾ ਅਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਸਿਆਸੀ ਲਾਮਬੰਦੀ ਕੁਝ ਹੋਰ ਸੰਕੇਤ ਦੇ ਰਹੀ ਹੈ।

ਇਸ ਤੋਂ ਇਲਾਵਾ ਸਰਬੱਤ ਖਾਲਸਾ ਵੱਲੋਂ ਥਾਪੇ ਅਕਾਲ ਤਖਤ ਦੇ ਜਥੇਦਾਰ ਜਗਤਾਰ ਸਿੰਘ ਹਵਾਰਾ ਵੱਲੋਂ ਵਰਲਡ ਸਿੱਖ ਪਾਰਲੀਮੈਂਟ (ਡਬਲਿਊæਐਸ਼ਪੀæ) ਬਣਾਉਣ ਦਾ ਐਲਾਨ ਵੀ ਵੱਡੀ ਚੁਣੌਤੀ ਖੜ੍ਹੀ ਕਰ ਸਕਦਾ ਹੈ। ਇਸ ਤਹਿਤ 25 ਨਵੰਬਰ ਤੱਕ ਵਿਦੇਸ਼ਾਂ ਦੇ ਨੁਮਾਇੰਦਿਆਂ ਦੀ ਚੋਣ ਪਿੱਛੋਂ ਭਾਰਤ ਵਿਚੋਂ ਸਮੂਹ ਪੰਥ ਹਿਤੈਸ਼ੀ ਸੰਸਥਾਵਾਂ ਦੇ 150 ਪ੍ਰਤੀਨਿਧ ਚੁਣੇ ਜਾਣੇ ਹਨ। ਬਾਦਲਾਂ ਨੂੰ ਸਭ ਤੋਂ ਵੱਡਾ ਡਰ ਕਮੇਟੀ ਮੈਂਬਰਾਂ ਦੀ ਬਗਾਵਤ ਤੋਂ ਹੈ।
ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋਏ ਮੈਂਬਰ ਭਾਵੇਂ ਵੱਖ-ਵੱਖ ਸਿਆਸੀ ਦਲਾਂ ਵਿਚ ਸਰਗਰਮ ਹਨ, ਪਰ ਸ਼੍ਰੋਮਣੀ ਕਮੇਟੀ ਦੇ 29 ਨਵੰਬਰ ਨੂੰ ਹੋਣ ਵਾਲੇ ਜਨਰਲ ਇਜਲਾਸ ਸਬੰਧੀ ਇਕ ਪਲੇਟਫਾਰਮ ‘ਤੇ ਵਿਚਰਨ ਲਈ ਇਕਮਤ ਹੋ ਗਏ ਹਨ। ਇਨ੍ਹਾਂ ਮੈਂਬਰਾਂ ਦਾ ਇਹ ਵੀ ਦਾਅਵਾ ਹੈ ਕਿ ਆਉਂਦੇ ਦਿਨਾਂ ਵਿਚ ਸੂਬਾ ਪੱਧਰ ‘ਤੇ ਮੀਟਿੰਗਾਂ ਕਰ ਕੇ ਲਾਮਬੰਦੀ ਕੀਤੀ ਜਾਵੇਗੀ। ਸ਼੍ਰੋਮਣੀ ਕਮੇਟੀ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਦੇ ਕਾਰਜਕਾਲ ਦੌਰਾਨ ਮੁਲਾਜ਼ਮਾਂ ਦੀ ਥੋਕ ਵਿਚ ਸਿਫਾਰਸ਼ੀ ਭਰਤੀ ਅਤੇ ਚਹੇਤਿਆਂ ਨੂੰ ਤਰੱਕੀਆਂ ਦਾ ਮੁੱਦਾ ਭਾਰੂ ਰਿਹਾ ਹੈ। ਯਾਦ ਰਹੇ ਕਿ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਜਨਵਰੀ 2009 ਵਿਚ ਮਤਾ ਨੰਬਰ 267 ਪਾਸ ਕਰ ਕੇ ਸਕੱਤਰ ਦੇ ਅਹੁਦੇ ਲਈ ਘੱਟੋ-ਘੱਟ ਵਿਦਿਅਕ ਯੋਗਤਾ ਐਮæਏæ ਰੱਖੀ ਗਈ ਸੀ, ਪਰ ਇਸ ਵਾਰ ਪਦਉਨਤ ਕੀਤੇ ਗਏ ਇਕ ਸਕੱਤਰ ਦੀ ਵਿੱਦਿਅਕ ਯੋਗਤਾ ਸਿਰਫ ਦਸਵੀਂ ਪਾਸ ਹੈ। ਇਸ ਉਤੇ ਕਾਫੀ ਰੌਲਾ ਪਿਆ ਹੋਇਆ ਹੈ। ਪ੍ਰੋæ ਬਡੂੰਗਰ ਦੇ ਖਾਲਿਸਤਾਨ ਪੱਖੀ ‘ਨਾਅਰੇ’ ਤੋਂ ਵੀ ਸਿਆਸੀ ਸਫ਼ਾਂ ਦਾ ਮਾਹੌਲ ਭਖਿਆ ਹੋਇਆ ਹੈ। ਪੰਥਕ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਸਿਰਫ ਪ੍ਰੋæ ਬਡੂੰਗਰ ਦੇ ਮੂੰਹ ਵਿਚੋਂ ਨਿਕਲੇ ਸ਼ਬਦ ਨਹੀਂ, ਇਹ ਤਾਂ ਵਾਇਆ ਬਾਦਲ ਦੀ ਕੋਈ ਰਣਨੀਤੀ ਹੈ; ਜੋ ਗਵਾਚੇ ਆਧਾਰ ਨੂੰ ਮੁੜ ਹਾਸਲ ਕਰਨ ਲਈ ਸਿੱਖ ਵੋਟਰਾਂ ਵੱਲ ਪਰਤਣਾ ਚਾਹੁੰਦਾ ਹੈ ਅਤੇ ਰੁੱਸੇ ਤੇ ਟੁੱਟੇ ਗਰਮਖਿਆਲ ਸਿੱਖ ਆਗੂਆਂ ਤੇ ਧਿਰਾਂ ਨੂੰ ਵੀ ਫਿਰ ਤੋਂ ਆਪਣੇ ਝੰਡੇ ਥੱਲੇ ਲਿਆਉਣਾ ਦੀ ਰਣਨੀਤੀ ਹੈ। ਪ੍ਰੋæ ਬਡੂੰਗਰ ਦੇ ਖਾਲਿਸਤਾਨੀ ਪੱਖੀ ਨਾਅਰੇ ਦਾ ਅਸਰ ਵੀ ਸ਼੍ਰੋਮਣੀ ਕਮੇਟੀ ਦੇ 29 ਨਵੰਬਰ ਨੂੰ ਹੋਣ ਵਾਲੇ ਜਨਰਲ ਇਜਲਾਸ ‘ਚ ਵੇਖਣ ਨੂੰ ਮਿਲ ਸਕਦਾ ਹੈ। ਇਹੀ ਵੀ ਚਰਚਾ ਹੈ ਕਿ ਬਾਦਲ ਪਰਿਵਾਰ ਪ੍ਰੋæ ਬਡੂੰਗਰ ਦੇ ਕੰਮਕਾਜ ਤੋਂ ਸੰਤੁਸ਼ਟ ਨਹੀਂ ਸੀ ਤੇ ਇਸ ਵਾਰ ਉਸ ਨੂੰ ਲਾਂਭੇ ਕਰਨ ਦੀ ਤਿਆਰੀ ਕਰ ਲਈ ਗਈ ਸੀ, ਪਰ ਹੁਣ ਕਿਹਾ ਜਾ ਰਿਹਾ ਹੈ ਕਿ ਪ੍ਰੋæ ਬਡੂੰਗਰ ਮੁੜ ਆਪਣੀ ਵਫਾਦਾਰੀ ਸਾਬਤ ਕਰਨ ਵਿਚ ਸਫਲ ਹੋ ਗਏ ਹਨ। ਇਸ ਲਈ ਪ੍ਰਧਾਨ ਦੀ ਚੋਣ ਲਈ ਉਨ੍ਹਾਂ ਦਾ ਨਾਂ ਪਹਿਲੇ ਨੰਬਰ ਉਤੇ ਹੈ।