ਮੁਤਵਾਜ਼ੀ ਜਥੇਦਾਰਾਂ ਵਿਚਕਾਰ ਖੜਕੀ

ਚੰਡੀਗੜ੍ਹ: ਸਰਬੱਤ ਖਾਲਸਾ ਵੱਲੋਂ ਥਾਪੇ ਗਏ ਜਥੇਦਾਰਾਂ ਵਿਚਾਲੇ ਖੜਕ ਗਈ ਹੈ। ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨਾਲੋਂ ਤੋੜ-ਵਿਛੋੜਾ ਕਰਦਿਆਂ ਆਉਣ ਵਾਲੇ ਸਮੇਂ ਵਿਚ ਸਿੱਖ ਮਸਲਿਆਂ ਸਬੰਧੀ ਮੁਤਵਾਜ਼ੀ ਜਥੇਦਾਰਾਂ ਦੀਆਂ ਹੋਣ ਵਾਲੀਆਂ ਮੀਟਿੰਗਾਂ ਵਿਚ ਹਿੱਸਾ ਨਾਂ ਲੈਣ ਦਾ ਫੈਸਲਾ ਕੀਤਾ ਹੈ।

ਭਾਈ ਅਜਨਾਲਾ ਨੇ ਆਖਿਆ ਹੈ ਕਿ ਸਿੱਖ ਸੰਗਤਾਂ ਚਾਹੁਣ ਤਾਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦਾ ਜਥੇਦਾਰ ਕਿਸੇ ਹੋਰ ਸ਼ਖਸੀਅਤ ਨੂੰ ਨਿਯੁਕਤ ਕਰ ਸਕਦੀਆਂ ਹਨ। ਜਥੇਦਾਰ ਅਜਨਾਲਾ ਵੱਲੋਂ ਜਥੇਦਾਰ ਮੰਡ ਤੇ ਭਾਈ ਦਾਦੂਵਾਲ ਤੋਂ ਕਿਨਾਰਾ ਕਰ ਲੈਣ ਦੀਆਂ ਖਬਰਾਂ ਸਾਹਮਣੇ ਆਉਣ ਤੋਂ ਬਾਅਦ ਪੰਥਕ ਹਲਕਿਆਂ ‘ਚ ਹਲਚਲ ਮਚ ਗਈ ਹੈ।
ਜ਼ਿਕਰਯੋਗ ਹੈ ਕਿ ਬੀਤੇ ਕੁਝ ਦਿਨਾਂ ਤੋਂ ਗੁਰਮਤਿ ਵਿਦਿਆਲਾ ਦਮਦਮੀ ਟਕਸਾਲ ਅਜਨਾਲਾ ਸਿੱਖ ਰਾਜਨੀਤੀ ਦਾ ਸਰਗਰਮ ਕੇਂਦਰ ਬਣਿਆ ਹੋਇਆ ਸੀ। ਭਾਈ ਅਜਨਾਲਾ ਨੂੰ ਮਨਾਉਣ ਲਈ ਗੁਰਮਤਿ ਵਿਦਿਆਲਾ ਵਿਚ ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ, ਗੁਰਦੀਪ ਸਿੰਘ ਬਠਿੰਡਾ, ਸਤਨਾਮ ਸਿੰਘ ਮਨਾਵਾ, ਪਰਮਜੀਤ ਸਿੰਘ ਤੇ ਵੱਸਣ ਸਿੰਘ ਜ਼ਫਰਵਾਲ ਸਮੇਤ ਹੋਰ ਸਿੱਖ ਆਗੂ ਪਹੁੰਚਦੇ ਰਹੇ, ਜਿਨ੍ਹਾਂ ਦੀਆਂ ਭਾਈ ਅਮਰੀਕ ਸਿੰਘ ਨਾਲ ਗੁਪਤ ਮੀਟਿੰਗਾਂ ਵੀ ਹੋਈਆਂ। ਭਾਈ ਅਜਨਾਲਾ ਪਹਿਲਾਂ ਵੀ ਕਈ ਵਾਰ ਕਹਿ ਚੁੱਕੇ ਹਨ ਕਿ ਬੇਅਦਬੀ ਦੀਆਂ ਘਟਨਾਵਾਂ ਦੇ ਰੋਸ ਵਜੋਂ ਚੱਬੇ ਦੀ ਧਰਤੀ ‘ਤੇ ਲੱਖਾਂ ਦੀ ਗਿਣਤੀ ਵਿਚ ਇਕੱਤਰ ਸੰਗਤ ਨੂੰ ਉਸ ਵੇਲੇ ਥਾਪੇ ਗਏ ਜਥੇਦਾਰਾਂ ਪਾਸੋਂ ਕਈ ਆਸਾਂ ਸਨ, ਜੋ ਦੋ ਸਾਲ ਦਾ ਸਮਾਂ ਲੰਘਣ ਦੇ ਬਾਵਜੂਦ ਪੂਰੀਆਂ ਨਹੀਂ ਹੋ ਸਕੀਆਂ। ਭਾਈ ਅਜਨਾਲਾ ਨੇ ਸਭ ਨੂੰ ਸਪਸ਼ਟ ਕਰ ਦਿੱਤਾ ਸੀ ਕਿ ਸਰਬੱਤ ਖਾਲਸਾ ਵਾਲੇ ਜਥੇਦਾਰ ਕੌਮ ਨੂੰ ਕੋਈ ਨਵੀਂ ਸੇਧ ਵੀ ਨਹੀਂ ਦੇ ਸਕੇ। ਪਤਾ ਲੱਗਿਆ ਹੈ ਕਿ ਪਿਛਲੇ ਸਮੇਂ ਦੌਰਾਨ ਕਈ ਪੰਥਕ ਮਸਲਿਆਂ ਵਿਚ ਭਾਈ ਅਜਨਾਲਾ ਦਾ ਬਾਕੀ ਜਥੇਦਾਰਾਂ ਨਾਲ ਵਿਰੋਧ ਚੱਲ ਰਿਹਾ ਸੀ।