ਸਵਾਲਾਂ ਦੇ ਘੇਰੇ ਵਿਚ ਆਏ ਕਤਲਾਂ ਦੇ ਮਾਮਲੇ ਸੁਲਝਾਉਣ ਦੇ ਦਾਅਵੇ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੁਲਿਸ ਮੁਖੀ ਨੇ ਆਰæਐਸ਼ਐਸ਼ ਨੇਤਾ ਤੇ ਇਸਾਈ ਪਾਦਰੀਆਂ ਦੇ ਮਿਥ ਕੇ ਕੀਤੇ ਕਤਲਾਂ ਨੂੰ ਸੁਲਝਾ ਲੈਣ ਤੇ ਦੋਸ਼ੀ ਫੜ ਲੈਣ ਦਾ ਦਾਅਵਾ ਤਾਂ ਕਰ ਦਿੱਤਾ ਹੈ, ਪਰ ਸਾਰੇ ਮਾਮਲਿਆਂ ਦੀਆਂ ਕੜੀਆਂ ਅਜੇ ਪੂਰੀ ਤਰ੍ਹਾਂ ਜੁੜੀਆਂ ਨਜ਼ਰ ਨਹੀਂ ਆ ਰਹੀਆਂ।

ਮੁੱਖ ਮੰਤਰੀ ਤੇ ਪੁਲਿਸ ਮੁਖੀ ਨੇ ਦਾਅਵਾ ਕੀਤਾ ਸੀ ਕਿ ਇੰਗਲੈਂਡ ਤੋਂ ਆ ਰਹੇ ਜਿੰਮੀ ਸਿੰਘ ਦੇ ਦੋ ਦਿਨ ਪਹਿਲਾਂ ਦਿੱਲੀ ਹਵਾਈ ਅੱਡੇ ਤੋਂ ਫੜੇ ਜਾਣ ਬਾਅਦ ਮਿਲੀ ਜਾਣਕਾਰੀ ਦੇ ਆਧਾਰ ਉਤੇ ਜਗਤਾਰ ਸਿੰਘ ਜੌਹਲ ਨੂੰ ਫੜਿਆ ਗਿਆ, ਪਰ ਪਿੰਡ ਜੰਡਿਆਲਾ ਦੇ ਸਰਪੰਚ ਤੇ ਮੋਹਤਬਰ ਬੰਦਿਆਂ ਨੇ ਦੱਸਿਆ ਕਿ ਗੁਰਪੁਰਬ ਵਾਲੇ ਦਿਨ ਚਾਰ ਨਵੰਬਰ ਨੂੰ ਦੁਪਹਿਰ ਤੋਂ ਪਹਿਲਾਂ ਜਗਤਾਰ ਤੇ ਉਸ ਦੀ ਪਤਨੀ ਕਿਰਾਏ ਦੀ ਇਨੋਵਾ ਕਾਰ ‘ਚ ਸਵਾਰ ਹੋ ਕੇ ਗਏ ਸਨ ਤੇ ਜਲੰਧਰ ‘ਚ ਕਿਸੇ ਥਾਂ ਤੋਂ ਪੁਲਿਸ ਨੇ ਜਗਤਾਰ ਸਿੰਘ ਨੂੰ ਚੁੱਕਿਆ ਹੈ। ਇਸ ਗੱਲ ਦੀ ਪੁਸ਼ਟੀ ਕਮਿਸ਼ਨਰ ਜਲੰਧਰ ਪੀæਕੇæ ਸਿਨਹਾ ਨੇ ਵੀ ਕੀਤੀ ਕਿ ਜਗਤਾਰ ਨੂੰ ਗ੍ਰਿਫਤਾਰ ਕੀਤੇ ਜਾਣ ਸਮੇਂ ਉਸ ਦੀ ਪਤਨੀ ਵੀ ਉਸ ਦੇ ਨਾਲ ਸੀ, ਪਰ ਪੁਲਿਸ ਨੇ ਉਸ ਨੂੰ ਨਹੀਂ ਸੀ ਫੜਿਆ।
ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਜਗਤਾਰ ਦੀ ਪਤਨੀ ਵੀ ਮੁੜ ਜੰਡਿਆਲਾ ਨਹੀਂ ਆਈ। ਪਿੰਡ ਵਾਸੀਆਂ ਨੇ ਦੱਸਿਆ ਕਿ ਜਗਤਾਰ ਸਿੰਘ ਦਾ ਪਿਤਾ ਜਸਬੀਰ ਸਿੰਘ ਲੰਬਾ ਸਮਾਂ ਪਹਿਲਾਂ ਇੰਗਲੈਂਡ ਚਲਾ ਗਿਆ ਸੀ। ਉਹ ਆਪ ਹਰ ਸਾਲ ਪਿੰਡ ਆਉਂਦਾ ਹੈ ਤੇ ਧਾਰਮਿਕ ਕੰਮਾਂ ਵਿਚ ਸਰਗਰਮੀ ਵੀ ਕਰਦਾ ਹੈ। ਹੁਣ ਉਨ੍ਹਾਂ ਦਾ ਸਾਰਾ ਪਰਿਵਾਰ ਜਸਬੀਰ ਸਿੰਘ, ਉਸ ਦੀਆਂ ਭੈਣਾਂ, ਪੁੱਤਰ ਤੇ ਕਈ ਹੋਰ ਰਿਸ਼ਤੇਦਾਰ ਜਗਤਾਰ ਸਿੰਘ ਦੇ ਵਿਆਹ ਲਈ ਪਿੰਡ ਆਏ ਹੋਏ ਸਨ।
ਵਿਆਹ ਤੋਂ ਪਹਿਲਾਂ ਉਨ੍ਹਾਂ ਦੇ ਘਰ ਬੜੀ ਰੌਣਕ ਰਹੀ। ਹਫਤੇ ਕੁ ਬਾਅਦ ਜਸਬੀਰ ਸਿੰਘ ਤੇ ਉਨ੍ਹਾਂ ਦਾ ਬਾਕੀ ਪਰਿਵਾਰ ਤਾਂ ਵਾਪਸ ਇੰਗਲੈਂਡ ਚਲਿਆ ਗਿਆ, ਪਰ ਨਵ-ਵਿਆਹੀ ਜੋੜੀ ਇਥੇ ਹੀ ਰਹਿ ਰਹੇ ਸਨ। ਗੁਆਂਢ ਰਹਿੰਦੇ ਲੋਕਾਂ ਨੇ ਦੱਸਿਆ ਕਿ ਉਹ ਜੇਕਰ ਦਿਨ ਨੂੰ ਕਿਧਰੇ ਜਾਂਦੇ ਵੀ ਸਨ ਤਾਂ ਸ਼ਾਮ ਨੂੰ ਘਰ ਆ ਜਾਂਦੇ ਸਨ। ਜਸਬੀਰ ਸਿੰਘ ਦੇ ਪਰਿਵਾਰ ਦੇ ਹੋਰ ਮੈਂਬਰ ਤਾਂ ਗੁਰਸਿੱਖ ਹਨ। ਪੁਲਿਸ ਦਾ ਦਾਅਵਾ ਹੈ ਕਿ ਉਕਤ ਕਤਲਾਂ ‘ਚ ਮੁੱਖ ਸਾਜਿਸ਼ਕਾਰ ਜਗਤਾਰ ਸਿੰਘ ਸੀ, ਪਰ ਜਿਸ ਤਰ੍ਹਾਂ ਉਹ ਕਰੀਬ ਇਕ ਮਹੀਨਾ ਆ ਕੇ ਵਿਚਰਿਆ ਤੇ ਵਿਆਹ ਕਰਵਾਇਆ, ਉਸ ਨੂੰ ਦੇਖ ਕੇ ਲੋਕ ਯਕੀਨ ਨਹੀਂ ਕਰ ਰਹੇ ਕਿ ਇੰਨੇ ਵੱਡੇ ਜੁਰਮਾਂ ਦਾ ਸਰਗਨਾ ਆਰਾਮ ਨਾਲ ਲੰਮਾ ਸਮਾਂ ਇਥੇ ਰਹਿ ਸਕਦਾ ਹੈ।
ਪਿੰਡ ਵਾਲੇ ਕਹਿ ਰਹੇ ਸਨ ਕਿ ਜਗਤਾਰ ਇੰਗਲੈਂਡ ਤੋਂ ਇਥੇ ਘੱਟ ਹੀ ਆਇਆ ਸੀ। ਹੁਣ ਵੀ ਉਹ ਕਈ ਸਾਲ ਬਾਅਦ ਆਪਣੇ ਪਰਿਵਾਰ ਨਾਲ ਵਿਆਹ ਕਰਵਾਉਣ ਲਈ ਆਇਆ ਸੀ। ਪੁਲਿਸ ਨੇ ਜੇਕਰ ਜਗਤਾਰ ਸਿੰਘ ਨੂੰ ਚਾਰ ਨਵੰਬਰ ਦੀ ਦੁਪਹਿਰ ਨੂੰ ਗ੍ਰਿਫਤਾਰ ਕਰ ਲਿਆ ਸੀ ਤਾਂ ਫਿਰ ਜਿੰਮੀ ਸਿੰਘ ਦੇ ਗ੍ਰਿਫਤਾਰ ਹੋਣ ਬਾਅਦ ਭਾਂਡਾ ਭੱਜਣ ਦੇ ਦਾਅਵੇ ਉਪਰ ਵੀ ਸਵਾਲ ਉਠ ਰਹੇ ਹਨ। ਉਂਜ ਵੀ ਪੁਲਿਸ ਨੇ ਅਜੇ ਤੱਕ ਉਕਤ ਵਾਰਦਾਤਾਂ ਕਰਨ ‘ਚ ਸ਼ਾਮਲ ਵਿਅਕਤੀਆਂ, ਵਰਤੇ ਹਥਿਆਰਾਂ ਦੀ ਬਰਾਮਦਗੀ ਤੇ ਵਾਹਨਾਂ ਨੂੰ ਬਰਾਮਦ ਕਰਨ ਬਾਰੇ ਵੀ ਕੋਈ ਵਿਸਥਾਰ ਨਹੀਂ ਦਿੱਤਾ ਹੈ।
_______________________________________
ਗੈਂਗਸਟਰ ਨੇ ਹਿੰਦੂ ਨੇਤਾ ਦੀ ਮੌਤ ਦਾ ਖੋਲ੍ਹਿਆ ਰਾਜ਼
ਅੰਮ੍ਰਿਤਸਰ: ਅੰਮ੍ਰਿਤਸਰ ਵਿਚ 30 ਅਕਤੂਬਰ ਨੂੰ ਬੇਰਹਿਮੀ ਨਾਲ ਮਾਰੇ ਗਏ ਹਿੰਦੂ ਨੇਤਾ ਦੇ ਕਤਲ ਕੇਸ ਤੋਂ ਪਰਦਾ ਉਸ ਵੇਲੇ ਹਟ ਗਿਆ ਜਦੋਂ ਗੈਂਗਸਟਰ ਸਾਰਜ ਸਿੰਘ ਮਿੰਟੂ ਨੇ ਆਪਣੇ ਫੇਸਬੁੱਕ ਪੇਜ ‘ਤੇ ਪੋਸਟ ਪਾ ਕੇ ਇਸ ਕਤਲ ਦੀ ਜ਼ਿੰਮੇਵਾਰੀ ਲੈਂਦਿਆਂ ਇਸ ਦਾ ਕਾਰਨ ਵੀ ਦੱਸਿਆ ਹੈ। ਸਾਰਜ ਨੇ ਲਿਖਿਆ ਹੈ ਕਿ 30 ਅਕਤੂਬਰ ਨੂੰ ਅੰਮ੍ਰਿਤਸਰ ਵਿਚ ਜੋ ਕਤਲ ਹੋਇਆ, ਉਹ ਉਸ ਨੇ ਕੀਤਾ ਸੀ ਤਾਂ ਜੋ ਵਿਪਨ ਸ਼ਰਮਾ ਨੂੰ ਉਸ ਦੀ ਗਲਤੀ ਦੀ ਸਜ਼ਾ ਮਿਲ ਸਕੇ। ਵਿਪਨ ਸ਼ਰਮਾ ਨੇ ਇਕ ਪੁਲਿਸ ਵਾਲੇ ਦੀ ਹੱਤਿਆ ਕਾਰਵਾਈ, ਹਥਿਆਰ ਮੁਹੱਈਆ ਕਰਵਾਏ, ਇਸ ਲਈ ਉਸ ਨੂੰ ਮਾਰਿਆ ਗਿਆ। ਉਸ ਨੇ ਲਿਖਿਆ ਕਿ ਉਹ ਪੁਲਿਸ ਵਾਲਾ ਮੇਰੇ ਦੋਸਤ ਦਾ ਪਿਤਾ ਸੀ, ਜੇਕਰ ਯਕੀਨ ਨਹੀਂ ਤਾਂ ਪੁਲਿਸ ਜਾਂਚ ਕਾਰਵਾਈ ਜਾਵੇ। ਸੱਚ ਆਪਣੇ ਆਪ ਸਾਹਮਣੇ ਆ ਜਾਵੇਗਾ। ਇਹ ਸਾਡੀ ਆਪਸੀ ਰੰਜਿਸ਼ ਸੀ।