ਪ੍ਰਦੁਮਨ ਕੇਸ ਵਿਚ ਫੜ੍ਹੀ ਗਈ ਹਰਿਆਣਾ ਪੁਲਿਸ ਦੀ ਹੁਸ਼ਿਆਰੀ

ਚੰਡੀਗੜ੍ਹ: ਗੁਰੂਗ੍ਰਾਮ ਦੇ ਰਿਆਨ ਇੰਟਰਨੈਸ਼ਨਲ ਸਕੂਲ ਵਿਚ ਦੂਜੀ ਜਮਾਤ ਦੇ ਵਿਦਿਆਰਥੀ ਪ੍ਰਦੁਮਨ ਦੀ ਹੱਤਿਆ ਦੀ ਜਾਂਚ ਵਿਚ ਉਕਾਈ ਅਤੇ ਨਿਰਦੋਸ਼ ਬੱਸ ਕੰਡਕਟਰ ਨੂੰ ਫਸਾਉਣ ਉਤੇ ਹਰਿਆਣਾ ਪੁਲਿਸ ਬੁਰੀ ਤਰ੍ਹਾਂ ਘਿਰ ਗਈ ਹੈ। ਸੀæਬੀæਆਈæ ਵੱਲੋਂ ਕਤਲ ਦੇ ਦੋਸ਼ ਹੇਠ ਗਿਆਰਵੀਂ ਦੇ ਵਿਦਿਆਰਥੀ ਨੂੰ ਗ੍ਰਿਫਤਾਰ ਕਰ ਕੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਜੇਕਰ ਸੀæਬੀæਆਈæ ਦੀ ਜਾਂਚ ਸਹੀ ਪਾਸੇ ਜਾ ਰਹੀ ਹੈ ਤਾਂ ਇਹ ਵੱਡਾ ਸਵਾਲ ਹੈ ਕਿ ਪੁਲਿਸ ਨੇ ਝੂਠੀ ਕਹਾਣੀ ਕਿਉਂ ਬਣਾਈ ਸੀ।

ਜਲਦਬਾਜ਼ੀ ਵਿਚ ਕੰਡਕਟਰ ਨੂੰ ਹੀ ਕਿਉਂ ਗ੍ਰਿਫਤਾਰ ਕਰ ਕੇ ਮੁਲਜ਼ਮ ਬਣਾ ਦਿੱਤਾ ਗਿਆ। ਦੱਸ ਦਈਏ ਕਿ ਰਿਆਨ ਇੰਟਰਨੈਸ਼ਸ਼ਨਲ ਸਕੂਲ ‘ਚ ਮਾਸੂਮ ਬੱਚੇ ਦੇ ਕਤਲ ਤੋਂ ਬਾਅਦ ਪੁਲਿਸ ਨੇ ਬੱਸ ਦੇ ਕੰਡਕਟਰ ਅਸ਼ੋਕ ਨੂੰ ਗ੍ਰਿਫਤਾਰ ਕੀਤਾ ਸੀ। ਐਸ਼ਆਈæਟੀæ ਤੋਂ ਇਲਾਵਾ ਡੀæਸੀæਪੀæ ਸਾਉਥ ਅਸ਼ੋਕ ਬਖਸ਼ੀ, ਡੀæਸੀæਪੀæ ਸੁਮਿਤ ਕੁਹਾੜ, ਏæਸੀæਪੀæ ਸੋਹਨਾ ਬਰਹੇਮ ਤੇ ਪੁਲਿਸ ਕਮਿਸ਼ਨਰ ਹਨੀਫ ਕੁਰੈਸ਼ੀ ਨੇ ਕੰਡਕਟਰ ਤੋਂ ਪੁੱਛਗਿਛ ਕੀਤੀ ਸੀ। ਇਸ ਤੋਂ ਬਾਅਦ ਮੁਲਜ਼ਮ ਬਣਾ ਕੇ ਉਸ ਨੂੰ ਮੀਡੀਆ ਸਾਹਮਣੇ ਪੇਸ਼ ਕਰ ਵਾਹ-ਵਾਹ ਲੁੱਟੀ। ਜਦਕਿ ਕੰਡਕਟਰ ਤੇ ਬੱਚੇ ਦੇ ਮਾਪਿਆਂ ਨੇ ਕਿਹਾ ਸੀ ਕਿ ਕਤਲ ਦੇ ਪਿੱਛੇ ਕੋਈ ਹੋਰ ਹੈ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਸੀæਬੀæਆਈæ ਨੇ ਜਿਸ ਵਿਦਿਆਰਥੀ ਨੂੰ ਗ੍ਰਿਫਤਾਰ ਕੀਤਾ ਹੈ, ਪੁਲਿਸ ਉਸ ਤੋਂ ਵੀ ਦੋ ਵਾਰ ਪੁੱਛਗਿੱਛ ਕਰ ਚੁੱਕੀ ਸੀ। ਮੈਜਿਸਟ੍ਰੇਟ ਸਾਹਮਣੇ ਉਸ ਦੇ ਬਿਆਨ ਕਰਵਾਏ ਗਏ ਸਨ।
ਕੰਡਕਟਰ ਦੇ ਕੱਪੜਿਆਂ ਉਤੇ ਲੱਗੇ ਖੂਨ ਨੂੰ ਹੀ ਸਬੂਤ ਕਿਉਂ ਮੰਨ ਲਿਆ ਗਿਆ। ਪੁਲਿਸ ‘ਤੇ ਬਹੁਤ ਸਾਰੇ ਸਵਾਲ ਖੜ੍ਹੇ ਹੁੰਦੇ ਹਨ। ਜਿਵੇਂ ਹੀ ਸੀæਬੀæਆਈæ ਨੇ ਕਤਲ ਦੇ ਦੋਸ਼ ਹੇਠ ਗਿਆਰਵੀਂ ਦੇ ਵਿਦਿਆਰਥੀ ਨੂੰ ਗ੍ਰਿਫਤਾਰ ਕਰ ਕੇ ਬਿਲਕੁੱਲ ਵੱਖਰੀ ਕਹਾਣੀ ਪੇਸ਼ ਕੀਤੀ ਤਾਂ ਸੋਸ਼ਲ ਮੀਡੀਆ ਉਤੇ ਸੂਬਾਈ ਪੁਲਿਸ ਉਪਰ ਹਮਲੇ ਵਾਲੀਆਂ ਪੋਸਟਾਂ ਦਾ ਹੜ੍ਹ ਆ ਗਿਆ। ‘ਹਮ ਆਪਕੇ ਹੈ ਕੌਨ’ ਦੀ ਮਸ਼ਹੂਰ ਅਦਾਕਾਰ ਰੇਣੂਕਾ ਸ਼ਹਾਣੇ ਨੇ ਆਪਣੀ ਫੇਸਬੁੱਕ ਪੋਸਟ ਵਿਚ ਲਿਖਿਆ ਕਿ ਸਕੂਲ ਮੈਨੇਜਮੈਂਟ ਅਤੇ ਗੁਰੂਗ੍ਰਾਮ ਪੁਲਿਸ ਨੇ ਇਕ ਨਿਰਦੋਸ਼ ਵਿਅਕਤੀ ਨੂੰ ਬਲੀ ਦਾ ਬੱਕਰਾ ਬਣਾਉਣ ਵਿਚ ਕੋਈ ਕਸਰ ਨਹੀਂ ਛੱਡੀ, ਜਿਸ ਦਾ ਕਸੂਰ ਸਿਰਫ ਉਸ ਦੀ ਗਰੀਬੀ ਸੀ।’ ਉਨ੍ਹਾਂ ਬਾਅਦ ਵਿਚ ਇਹ ਪੋਸਟ ਟਵੀਟ ਵੀ ਕੀਤੀ।
ਸੂਬਾਈ ਕਾਂਗਰਸ ਪ੍ਰਧਾਨ ਅਸ਼ੋਕ ਤੰਵਰ ਨੇ ਗੁਰੂਗ੍ਰਾਮ ਪੁਲਿਸ ਉਤੇ ਇਸ ਕਤਲ ਕੇਸ ਵਿਚ ਗੁਮਰਾਹਕੁਨ ਜਾਂਚ ਦਾ ਦੋਸ਼ ਲਾਇਆ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਟੈਗ ਕੀਤੀ ਟਵੀਟ ਵਿਚ ਤੰਵਰ ਨੇ ਕਿਹਾ ਕਿ ”ਜਦੋਂ ਗੁਰੂਗ੍ਰਾਮ ਪੁਲਿਸ ਜਾਂਚ ਕਰ ਰਹੀ ਸੀ, ਕੀ ਉਦੋਂ ਇਹ ਸੀæਸੀæਟੀæਵੀæ ਫੁਟੇਜ ਉਪਲਬਧ ਨਹੀਂ ਸੀ?” ਖੁਦ ਨੂੰ ਜਰਮਨ ਨਾਗਰਿਕ ਅਤੇ 35 ਸਾਲ ਤੋਂ ਭਾਰਤ ਵਿਚ ਰਹਿੰਦੀ ਦੱਸਣ ਵਾਲੀ ਮਾਰੀਆ ਵਿਰਥ ਨੇ ਟਵੀਟ ਕੀਤਾ ਕਿ ਕੰਡਕਟਰ ਦੀ ਗ੍ਰਿਫਤਾਰੀ ਦੇ ਸ਼ੁਰੂ ਤੋਂ ਇਹ ਕਹਾਣੀ ਜਚ ਨਹੀਂ ਰਹੀ ਸੀ। ਵੱਡਾ ਮਾਮਲਾ ਇਹ ਹੈ ਕਿ ਕਿੰਨੇ ਹੋਰ ਗਰੀਬ ਜੇਲ੍ਹਾਂ ਵਿਚ ਸੜ ਰਹੇ ਹਨ ਕਿਉਂਕਿ ਅਸਲ ਦੋਸ਼ੀਆਂ ਨੂੰ ਬਚਾਇਆ ਜਾ ਰਿਹਾ ਹੈ? ਕਿਸੇ ਹੋਰ ਨੂੰ ਦੋਸ਼ੀ ਠਹਿਰਾਉਣਾ ਜੁਰਮ ਹੈ, ਜਿਸ ਲਈ ਸਜ਼ਾ ਦੇਣ ਦੀ ਲੋੜ ਹੈ।
ਦੱਸ ਦਈਏ ਕਿ ਗੁਰੂਗ੍ਰਾਮ ਦੇ ਰਿਆਨ ਇੰਟਰਨੈਸ਼ਨਲ ਸਕੂਲ ‘ਚ ਸੱਤ ਸਾਲਾ ਵਿਦਿਆਰਥੀ ਦੇ ਕਤਲ ਸਬੰਧੀ ਸੀæਬੀæਆਈæ ਨੇ 11ਵੀਂ ਜਮਾਤ ਦੇ ਵਿਦਿਆਰਥੀ ਨੂੰ ਕਾਬੂ ਕੀਤਾ ਹੈ, ਜੋ ਮਾਪੇ-ਅਧਿਆਪਕ ਮੀਟਿੰਗ ਅਤੇ ਪ੍ਰੀਖਿਆ ਨੂੰ ਮੁਲਤਵੀ ਕਰਾਉਣਾ ਚਾਹੁੰਦਾ ਸੀ। ਅੱਠ ਸਤੰਬਰ ਦੀ ਸਵੇਰ ਨੂੰ ਦੂਜੀ ਜਮਾਤ ਦੇ ਵਿਦਿਆਰਥੀ ਪ੍ਰਦੁਮਨ ਦੀ ਲਾਸ਼ ਮਿਲੀ ਸੀ। ਉਸ ਦੀ ਗਰਦਨ ਉਤੇ ਤੇਜ਼ਧਾਰ ਹਥਿਆਰ ਦੇ ਫੱਟ ਸਨ।