ਸ਼ੇਰ-ਏ-ਪੰਜਾਬ ਰਣਜੀਤ ਸਿੰਘ ਨੂੰ ਭੁੱਲ ਗਈਆਂ ਸਰਕਾਰਾਂ

ਸੰਗਰੂਰ: ਪੰਜਾਬ ਸਰਕਾਰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਦਿਹਾੜਾ ਮਨਾਉਣ ਭੁੱਲ ਗਈ। ਹਾਲਾਂਕਿ ਪਿੰਡ ਵਾਸੀਆਂ ਵੱਲੋਂ ਆਪਣੇ ਪੱਧਰ ਉਤੇ ਹੀ ਜਨਮ ਦਿਨ ਮਨਾਇਆ ਗਿਆ। ਯਾਦ ਰਹੇ ਕਿ ਵੱਖ-ਵੱਖ ਸਰਕਾਰਾਂ ਦੇ ਮੁੱਖ ਮੰਤਰੀਆਂ ਨੇ ਸ਼ੇਰ-ਏ-ਪੰਜਾਬ ਦੇ ਜਨਮ ਦਿਹਾੜੇ ਮੌਕੇ ਪੁੱਜ ਕੇ ਕਈ ਵਾਅਦੇ ਕੀਤੇ ਜਿਨ੍ਹਾਂ ਨੂੰ ਪੂਰਾ ਕਰਨ ਲਈ ਕਿਸੇ ਨੇ ਕਦੇ ਵੀ ਅਮਲ ਕਰਨ ਦੀ ਲੋੜ ਨਹੀਂ ਸਮਝੀ। ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਦਾ ਰਾਜ ਕਾਬੁਲ-ਕੰਧਾਰ ਤੇ ਜੰਮੂ-ਕਸ਼ਮੀਰ ਤੱਕ ਫੈਲਿਆ ਹੋਇਆ ਸੀ, ਅੱਜ ਉਨ੍ਹਾਂ ਦੀ ਜਨਮ ਭੂਮੀ ਨੂੰ ਸਾਂਭਣ ਵਾਲਾ ਕੋਈ ਨਹੀਂ।

ਬਡਰੁੱਖਾਂ ਕਿਲ੍ਹੇ ਵਿਚ ਸਥਿਤ ਉਹ ਬੁਰਜ ਜਿਥੇ ਜੀਂਦ ਰਿਆਸਤ ਦੇ ਰਾਜਾ ਗਜਪਤ ਸਿੰਘ ਦੀ ਲੜਕੀ ਰਾਜ ਕੌਰ ਦੀ ਕੁੱਖੋਂ 13 ਨਵੰਬਰ 1776 ਨੂੰ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੋਣਾ ਦੱਸਿਆ ਜਾਂਦਾ ਹੈ, ਖੰਡਰਾਂ ਵਿਚ ਤਬਦੀਲ ਹੋ ਰਿਹਾ ਹੈ। ਚਮਕ-ਦਮਕ ਗੁਆ ਚੁੱਕੇ ਕਿਲ੍ਹੇ ਦੀਆਂ ਕੰਧਾਂ ਸਾਫ ਕਹਿ ਰਹੀਆਂ ਸਨ ਕਿ ਪੰਜਾਬੀਆਂ ਤੇ ਖਾਸ ਕਰ ਕੇ ਸਿੱਖ ਕੌਮ ਨੇ ਆਪਣੇ ਜਰਨੈਲ ਨਾਲ ਇਨਸਾਫ ਨਹੀਂ ਕੀਤਾ। ਸੈਂਕੜੇ ਸਾਲਾਂ ਦਾ ਗੌਰਵਮਈ ਇਤਿਹਾਸ ਸਮੋਈ ਖੜ੍ਹੀਆਂ ਇਹ ਕੰਧਾਂ ਕਹਿ ਰਹੀਆਂ ਹਨ ਕਿ ਸਾਡੇ ਕੋਲ ਹੁਣ ਵੀਰਾਨਗੀ ਤੋਂ ਸਿਵਾਏ ਹੋਰ ਕੁਝ ਵੀ ਨਹੀਂ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਇਤਿਹਾਸਕ ਧਰੋਹਰ ਨੂੰ ਅਜਾਇਬ ਘਰ ‘ਚ ਤਬਦੀਲ ਕਰ ਕੇ ਆਮ ਲੋਕਾਂ ਲਈ ਖੋਲ੍ਹ ਕੇ ਹੀ ਸ਼ੇਰੇ ਪੰਜਾਬ ਦੀ ਜਨਮ ਭੂਮੀ ਦੀ ਸਹੀ ਮਾਅਨਿਆਂ ‘ਚ ਸੰਭਾਲ ਹੋ ਸਕਦੀ ਹੈ ਅਤੇ ਜ਼ਰੂਰਤ ਇਹ ਵੀ ਹੈ ਕਿ ਪਿੰਡ ਨੂੰ ਇਤਿਹਾਸਕ ਨਗਰ ਦਾ ਦਰਜਾ ਦਿੱਤਾ ਜਾਵੇ। 1968 ਵਿਚ ਪੰਜਾਬ ਦੇ ਮੁੱਖ ਮੰਤਰੀ ਲਛਮਣ ਸਿੰਘ ਗਿੱਲ ਨੇ ਪਿੰਡ ‘ਚ ਮਹਾਰਾਜਾ ਦੀ ਯਾਦ ਵਿਚ ਅਜਾਇਬ ਘਰ ਬਣਾਉਣ ਦਾ ਐਲਾਨ ਕੀਤਾ ਸੀ ਪਰ ਅੱਧੀ ਸਦੀ ਬੀਤ ਜਾਣ ਦੇ ਬਾਵਜੂਦ ਇਹ ਐਲਾਨ ਤੋਂ ਸਿਵਾਏ ਹੋਰ ਕੁਝ ਨਹੀਂ।
1997 ਵਿਚ ਇਥੇ ਮਨਾਏ ਗਏ ਰਾਜ ਪੱਧਰੀ ਸਮਾਗਮ ਦੌਰਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਇਥੇ ਸੁੰਦਰ ਪਾਰਕ ਬਣਾ ਕੇ ਉਸ ‘ਚ ਘੋੜੇ ਉਤੇ ਸਵਾਰ ਸ਼ੇਰ-ਏ-ਪੰਜਾਬ ਦਾ ਕਾਂਸੀ ਦਾ ਬੁੱਤ ਲਾਇਆ ਜਾਵੇਗਾ। ਪਾਰਕ ਤਾਂ ਬਣ ਗਿਆ ਪਰ ਦੋ ਦਹਾਕਿਆਂ ‘ਚ ਬੁੱਤ ਨਹੀਂ ਲੱਗ ਸਕਿਆ। ਉਸ ਤੋਂ ਬਾਅਦ ਕਦੇ ਮੈਡੀਕਲ ਕਾਲਜ, ਕਦੇ ਆਦਰਸ਼ ਸਕੂਲ ਤੇ ਕਦੇ ਲੜਕੀਆਂ ਦੇ ਸਕੂਲ ਕਾਲਜ ਖੋਲ੍ਹਣ ਦੇ ਵਾਅਦੇ ਹੁੰਦੇ ਰਹੇ ਪਰ ਸਾਰੇ ਸਮੇਂ ਦੀ ਧੂੜ ਵਿਚ ਗੁਆਚਦੇ ਰਹੇ।