ਪ੍ਰਦੂਸ਼ਣ ਦਾ ਲਪੇਟਾ: ਉਤਰੀ ਭਾਰਤ ਵਿਚ ਸਾਹ ਲੈਣਾ ਹੋਇਆ ਔਖਾ

ਚੰਡੀਗੜ੍ਹ: ਪ੍ਰਦੂਸ਼ਣ ਦੇ ਮਾਮਲੇ ਵਿਚ ਉਤਰੀ ਭਾਰਤ ਦੇ ਹਾਲਾਤ ਕਾਫੀ ਖਤਰਨਾਕ ਹੱਦ ਪਹੁੰਚ ਗਏ ਹਨ। ਭਾਰਤ ਦੀ ਰਾਜਧਾਨੀ ਦਿੱਲੀ ਦੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਤਾਂ ਇਥੋਂ ਤੱਕ ਆਖ ਦਿੱਤਾ ਹੈ ਕਿ ਮੌਜੂਦਾ ਸਮੇਂ ਹਵਾ ਵਿਚ ਪ੍ਰਦੂਸ਼ਣ ਇੰਨਾ ਵੱਧ ਚੁੱਕਾ ਹੈ ਕਿ ਇਕ ਦਿਨ ਵਿਚ ਘੱਟੋ-ਘੱਟ 50 ਸਿਗਰਟਾਂ ਪੀਣ ਜਿੰਨਾ ਧੂੰਆਂ ਸਰੀਰ ਅੰਦਰ ਸਾਹ ਰਾਹੀਂ ਦਾਖਲ ਹੋ ਰਿਹਾ ਹੈ। ਇਕ ਰਿਪੋਰਟ ਅਨੁਸਾਰ ਦਿੱਲੀ ਗੈਸ ਚੈਂਬਰ ਵਿਚ ਬਦਲ ਚੁੱਕੀ ਹੈ। ਇਹੀ ਹਾਲ ਪੰਜਾਬ ਤੇ ਹਰਿਆਣਾ ਦਾ ਹੈ। ਪ੍ਰਦੂਸ਼ਣ ਕਾਰਨ ਦੋਵਾਂ ਸੂਬਿਆਂ ਵਿਚ ਧੁੰਦ ਨੇ ਲੋਕਾਂ ਨੂੰ ਘਰਾਂ ਵਿਚ ਬੰਦ ਕਰ ਦਿੱਤਾ ਹੈ। ਸੜਕ ਹਾਦਸਿਆਂ ਵਿਚ 10 ਗੁਣਾ ਵਾਧਾ ਹੋਇਆ ਹੈ। ਇਸੇ ਕਾਰਨ ਪੰਜਾਬ ਸਰਕਾਰ ਨੂੰ ਚਾਰ ਦਿਨ ਲਈ ਸਕੂਲ ਬੰਦ ਕਰਨੇ ਪਏ।

ਦਿੱਲੀ ਹਾਈ ਕੋਰਟ ਨੇ ਹੰਗਾਮੀ ਹਦਾਇਤਾਂ ਜਾਰੀ ਕਰਦਿਆਂ ਸੜਕਾਂ ਉਤੇ ਪਾਣੀ ਦਾ ਛਿੜਕਾਅ ਕਰਨ ਅਤੇ ਖਤਰਨਾਕ ਧੂੜ-ਮਿੱਟੀ ਨੂੰ ਬਿਠਾਉਣ ਲਈ ਮਸਨੂਈ ਮੀਂਹ ਪੁਆਉਣ ਦੀ ਗੱਲ ਕਹੀ ਹੈ। ਹੁਣ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਵੀ ਇਸ ਅਵਸਥਾ ‘ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਦਿੱਲੀ, ਹਰਿਆਣਾ ਅਤੇ ਪੰਜਾਬ ਸਰਕਾਰ ਦੇ ਨਾਲ-ਨਾਲ ਕੇਂਦਰ ਨੂੰ ਵੀ ਨੋਟਿਸ ਜਾਰੀ ਕੀਤਾ ਹੈ ਅਤੇ ਇਹ ਰਿਪੋਰਟ ਵੀ ਮੰਗੀ ਹੈ ਕਿ ਇਸ ਵੱਡੀ ਸਮੱਸਿਆ ਲਈ ਇਨ੍ਹਾਂ ਸਰਕਾਰਾਂ ਵੱਲੋਂ ਕੀ ਉਪਾਅ ਕੀਤੇ ਗਏ ਹਨ? ਗਰੀਨ ਟ੍ਰਿਬਿਊਨਲ ਵੀ ਇਸ ਦਾ ਗੰਭੀਰ ਨੋਟਿਸ ਲੈ ਰਿਹਾ ਹੈ। ਪਿਛਲੇ ਦਿਨੀਂ ਅਮਰੀਕਾ ਦੀ ਪੁਲਾੜ ਏਜੰਸੀ ਨੇ ਸੈਟੇਲਾਈਟ ਜ਼ਰੀਏ ਤਸਵੀਰਾਂ ਲਈਆਂ ਅਤੇ ਧੁਆਂਖੀ ਧੁੰਦ ਲਈ ਪੰਜਾਬ ਅਤੇ ਹਰਿਆਣਾ ਵਿਚ ਪਰਾਲੀ ਨੂੰ ਇਸ ਦਾ ਵੱਡਾ ਕਾਰਨ ਦੱਸਿਆ ਹੈ। ਇਸ ਰਿਪੋਰਟ ਅਨੁਸਾਰ ਹਰਿਆਣਾ ਨਾਲੋਂ ਪੰਜਾਬ ਵਿਚ 5 ਗੁਣਾ ਵਧੇਰੇ ਪਰਾਲੀ ਸਾੜੀ ਜਾ ਰਹੀ ਹੈ। ਪੰਜਾਬ ਵਿਚ ਹੁਣ ਤੱਕ 38 ਲੱਖ ਮਾਮਲੇ ਸਾਹਮਣੇ ਆ ਚੁੱਕੇ ਹਨ, ਜਦੋਂ ਕਿ ਹਰਿਆਣਾ ਵਿਚ ਅਜਿਹੇ 7 ਲੱਖ ਕੇਸ ਸਾਹਮਣੇ ਆਏ ਹਨ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੁਝ ਦੇਰ ਪਹਿਲਾਂ ਇਸ ਮਸਲੇ ਬਾਰੇ ਗੰਭੀਰਤਾ ਨਾਲ ਸੋਚਣ ਲਈ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਨਾਲ ਮਿਲਣ ਦੀ ਗੱਲ ਕੀਤੀ ਸੀ ਪਰ ਇਨ੍ਹਾਂ ਦੋਵਾਂ ਰਾਜਾਂ ਦੇ ਮੁੱਖ ਮੰਤਰੀਆਂ ਨੇ ਕੋਈ ਉਤਸ਼ਾਹ ਨਹੀਂ ਦਿਖਾਇਆ।
___________________________________
ਪ੍ਰਦੂਸ਼ਣ ‘ਤੇ ਲਹਿੰਦਾ ਤੇ ਚੜ੍ਹਦਾ ਪੰਜਾਬ ਆਹਮੋ-ਸਾਹਮਣੇ
ਨਵੀਂ ਦਿੱਲੀ: ਧੁਆਂਖੀ ਧੁੰਦ ਦੇ ਮਸਲੇ ਉਤੇ ਲਹਿੰਦਾ ਤੇ ਚੜ੍ਹਦਾ ਪੰਜਾਬ ਆਹਮੋ-ਸਾਹਮਣੇ ਆ ਗਏ ਹਨ। ਪਾਕਿਸਤਾਨੀ ਪੰਜਾਬ ਦੀ ਸਰਕਾਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਧੁਆਂਖੀ ਧੁੰਦ ਉਤੇ ਕਾਬੂ ਪਾਉਣ ਲਈ ਯੋਜਨਾ ਟਵੀਟ ਕੀਤੀ ਹੈ। ਪਾਕਿਸਤਾਨੀ ਪੰਜਾਬ ਸਰਕਾਰ ਨੇ ਟਵਿੱਟਰ ‘ਤੇ ਕੈਪਟਨ ਨੂੰ ਕਿਹਾ ਹੈ ਕਿ ਪਰਾਲੀ ਸਾੜਨ ਦੀ ਸਮੱਸਿਆ ਨਾਲ ਨਜਿੱਠਣ ਲਈ ਉਨ੍ਹਾਂ ਦੇ ਕਦਮ ਨਾਕਾਫੀ ਹਨ। ਕੈਪਟਨ ਨੂੰ ਉਨ੍ਹਾਂ ਦੀ ਸਰਕਾਰ (ਲਹਿੰਦਾ ਪੰਜਾਬ) ਵਾਂਗ ਸਮੋਗ ਨਾਲ ਨਜਿੱਠਣ ਲਈ ਯਤਨ ਕਰਨੇ ਚਾਹੀਦੇ ਹਨ। ਨਾਸਾ ਨੇ ਸੱਤ ਨਵੰਬਰ ਨੂੰ ਸੈਟੇਲਾਈਟ ਤਸਵੀਰਾਂ ਜਾਰੀ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਵਿਚ ਲਾਹੌਰ ਤੇ ਦਿੱਲੀ ਵਿਚ ਪ੍ਰਦੂਸ਼ਣ ਦਾ ਅਸਰ ਸਾਫ ਦਿਖਾਈ ਦੇ ਰਿਹਾ ਹੈ।
____________________________________
ਮੋਦੀ ਸਰਕਾਰ ਨੇ ਪਰਾਲੀ ਬਾਰੇ ਪੰਜਾਬ ਦੀ ਮੰਗ ਠੁਕਰਾਈ
ਨਵੀਂ ਦਿੱਲੀ: ਕੇਂਦਰ ਨੇ ਪੰਜਾਬ ਤੇ ਹਰਿਆਣਾ ਵੱਲੋਂ ਫਸਲਾਂ ਦੀ ਰਹਿੰਦ ਖੂੰਹਦ ਸੰਭਾਲਣ ਲਈ ਸਬਸਿਡੀ ਦੀ ਮੰਗ ਨੂੰ ਠੁਕਰਾ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਚਿੱਠੀ ਲਿਖ ਕੇ ਫਸਲਾਂ ਦਾ ਫੋਕਟ ਸੰਭਾਲਣ ਲਈ ਯੋਗ ਮੁਆਵਜ਼ਾ ਦੇਣ ਲਈ ਅਰਜੋਈ ਕੀਤੀ ਸੀ।
____________________________________
ਹਵਾ ਪ੍ਰਦੂਸ਼ਣ ਉਤੇ ਕੇਜਰੀਵਾਲ ਨੂੰ ਕੈਪਟਨ ਦਾ ਜਵਾਬ
ਚੰਡੀਗੜ੍ਹ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹਵਾ ਪ੍ਰਦੂਸ਼ਣ ਸਬੰਧੀ ਆਪਣੇ ਹਮਰੁਤਬਾ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਕੈਪਟਨ ਅਮਰਿੰਦਰ ਸਿੰਘ ਤੇ ਮਨੋਹਰ ਲਾਲ ਖੱਟਰ ਨੂੰ ਮੀਟਿੰਗ ਕਰਨ ਲਈ ਚਿੱਠੀ ਲਿਖੀ ਹੈ। ਇਸ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੇਂਦ ਕੇਂਦਰ ਸਰਕਾਰ ਦੇ ਪਾਲੇ ਵਿਚ ਰੇੜ੍ਹ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਦਿੱਲੀ ਸਰਕਾਰ ਦਾ ਫਿਕਰ ਸਹੀ ਹੈ ਪਰ ਇਹ ਮਸਲਾ ਕੇਂਦਰ ਸਰਕਾਰ ਦੇ ਦਖਲ ਨਾਲ ਹੀ ਹੱਲ ਹੋ ਸਕਦਾ ਹੈ। ਕੇਜਰੀਵਾਲ ਨੇ ਚਿੱਠੀ ਵਿਚ ਕਿਹਾ ਸੀ ਕਿ ਦੋਵਾਂ ਗੁਆਂਢੀ ਰਾਜਾਂ ਦੀਆਂ ਸਰਕਾਰਾਂ ਝੋਨੇ ਦੀ ਪਰਾਲੀ ਸਾੜੇ ਜਾਣ ਬਦਲੇ ਕਿਸਾਨਾਂ ਨੂੰ ਬਦਲ ਦੇਣ ਵਿਚ ਨਾਕਾਮ ਰਹੀਆਂ ਹਨ ਜਿਸ ਕਰ ਕੇ ਰਾਜਧਾਨੀ ਦੀ ਹਵਾ ਵਿਚ ਪ੍ਰਦੂਸ਼ਣ ਵਧਿਆ ਹੈ।