ਝੱਲੀ ਡਾਕਟਰ ਦੀਆਂ ਸੁਰਾਂ ਦੇ ਅੰਗ-ਸੰਗ

ਕੀਰਤ ਕਾਸ਼ਣੀ
ਪਾਕਿਸਤਾਨੀ ਗਾਇਕਾ ਮਾਸੂਮਾ ਅਨਵਰ ਦੀ ਆਵਾਜ਼ ਸਭ ਤੋਂ ਵੱਧ ਧਿਆਨ ਖਿੱਚਦੀ ਹੈ। ਗੱਲ 2006 ਦੀ ਹੈ ਜਦੋਂ ਉਸ ਨੇ ਕੋਕ ਸਟੂਡੀਓ ਲਈ ਜਾਵੇਦ ਬਸ਼ੀਰ ਨਾਲ ਰਲ ਕੇ ‘ਝੱਲਿਆ’ ਗੀਤ ਗਾਇਆ ਸੀ। ਇਸ ਗੀਤ ਤੋਂ ਬਾਅਦ ਉਸ ਦੀ ਖਾਸ ਆਵਾਜ਼ ਕਰ ਕੇ ਜਿੰਨੀ ਉਸ ਦੀ ਸ਼ਲਾਘਾ ਹੋਈ ਸੀ, ਉਸ ਤੋਂ ਵੀ ਕਿਤੇ ਵੱਧ ਆਲੋਚਨਾ ਹੋਈ ਸੀ, ਪਰ ਉਸ ਨੇ ਕਿਸੇ ਦੀ ਪਰਵਾਹ ਨਾ ਕੀਤੀ, ਸਗੋਂ ਆਪਣੀ ਆਵਾਜ਼ ਨੂੰ ਸੰਗੀਤ ਦੀ ਦੁਨੀਆਂ ਵਿਚ ਵਿਲੱਖਣ, ਨਿਆਰੀ ਅਤੇ ਨਿਵੇਕਲੀ ਬਣਾ ਕੇ ਸਫ਼ਲਤਾ ਦੀਆਂ ਚੋਟੀਆਂ ਛੂਹ ਲਈਆਂ।

ਮਾਸੂਮਾ ਅਨਵਰ ਪੇਸ਼ੇ ਵਜੋਂ ਬੱਚਿਆਂ ਦੀ ਡਾਕਟਰ ਹੈ। ਲਿਖਣਾ ਅਤੇ ਗਾਉਣਾ ਉਸ ਦਾ ਸ਼ੌਕ ਸੀ। ਉਸ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਸੰਗੀਤ ਦੀ ਦੁਨੀਆਂ ਵਿਚ ਇੰਨਾ ਉਚਾ ਮੁਕਾਮ ਹਾਸਲ ਕਰੇਗੀ। ਪਹਿਲਾਂ ਪਹਿਲ ਉਹ ਗਿਣਵੀਆਂ-ਚੁਣਵੀਆਂ ਪਰਿਵਾਰਕ ਮਹਿਫ਼ਲਾਂ ਵਿਚ ਸੁਰਾਂ ਦੀ ਛਹਿਬਰ ਲਾਉਂਦੀ ਹੁੰਦੀ ਸੀ, ਪਰ ‘ਝੱਲਿਆ’ ਗੀਤ ਤੋਂ ਬਾਅਦ ਉਹ ਤਾਂ ਮਾਨੋ ਸੰਗੀਤ ਲਈ ਝੱਲੀ ਹੀ ਹੋ ਗਈ। ਉਂਜ, ਉਸ ਨੇ ਆਪਣੀ ਡਾਕਟਰੀ ਦੀ ਸੇਵਾ ਵੀ ਜਾਰੀ ਰੱਖੀ ਹੋਈ ਹੈ। ਹਰ ਕੋਈ ਹੈਰਾਨ ਹੈ ਕਿ ਉਹ ਇਹ ਦੋਵੇਂ ਕਾਰਜ ਇਕੋ ਵੇਲੇ, ਪੂਰੀ ਸਫ਼ਲਤਾ ਨਾਲ ਕਿਵੇਂ ਨੇਪਰੇ ਚਾੜ੍ਹ ਰਹੀ ਹੈ। ਉਸ ਦੀ ਸਫ਼ਲਤਾ ਦੀਆਂ ਧੁੰਮਾਂ ਤਾਂ ਹੁਣ ਪਾਕਿਸਤਾਨ ਦੀ ਸਰਹੱਦ ਪਾਰ ਕਰ ਕੇ ਹੋਰ ਮੁਲਕਾਂ ਵਿਚ ਵੀ ਜਾ ਪੁੱਜੀਆਂ ਹਨ।
ਹਿੰਦੀ ਫਿਲਮ ‘ਕੌਕਟੇਲ’ ਦਾ ਗੀਤ ‘ਲੁਟਣਾ’ ਗਾ ਕੇ ਉਸ ਨੇ ਹਿੰਦੀ ਫਿਲਮ ਜਗਤ ਦਾ ਦਿਲ ਹੀ ਲੁੱਟ ਲਿਆ। ਇਹ ਗੀਤ ਉਹ ਭਾਵੇਂ ਪਹਿਲਾਂ ਵੀ ਗਾ ਚੁੱਕੀ ਸੀ, ਪਰ ਇਹ ਗੀਤ ਫਿਲਮ ਵਿਚ ਆਉਣ ਨਾਲ ਉਸ ਦੀ ਮਕਬੂਲੀਅਤ ਸਿਖਰਾਂ ‘ਤੇ ਪੁੱਜ ਗਈ। ਉਸ ਨੇ 2016 ਵਿਚ ਆਈ ਪਾਕਿਸਤਾਨੀ ਫਿਲਮ ‘ਮਾਲਿਕ’ ਲਈ ਵੀ ਗੀਤ ਗਾਏ। ਇਸ ਤੋਂ ਇਲਾਵਾ ਉਸ ਦੀਆਂ ਚਾਰ ਐਲਬਮਾਂ- ‘ਢੋਲਾ’, ‘ਨਿਗਾਹ-ਏ-ਕਰਮ’, ‘ਅਪਨਾ ਮੁਕਾਮ ਪੈਦਾ ਕਰ’ ਅਤੇ ‘ਕਮਲੀ’ ਨੇ ਵੀ ਖੂਬ ਰੌਣਕਾਂ ਲਾਈਆਂ। ਮਾਸੂਮਾ ਅਨਵਰ ਨੇ ਪੁਰਾਣੇ ਪਾਕਿਸਤਾਨੀ ਗਾਇਕਾਂ ਦੇ ਮਕਬੂਲ ਗੀਤ ਵੀ ਗਾਏ ਹਨ। ਰੇਸ਼ਮਾ ਦੇ ਗੀਤਾਂ ਲਈ ਉਸ ਦੀ ਖੂਬ ਪ੍ਰਸ਼ੰਸਾ ਹੋਈ ਹੈ। ਉਸ ਦੀ ਆਵਾਜ਼ ਰੇਸ਼ਮਾ ਨਾਲ ਬਹੁਤ ਮਿਲਦੀ ਹੈ। ਉਹ ਜਿਥੇ ਕਿਤੇ ਵੀ ਜਾਂਦੀ ਹੈ, ਸਾਰੇ ਉਸ ਨੂੰ ਇਕ ਹੀ ਸਵਾਲ ਪੁੱਛਦੇ ਹਨ: “ਉਹ ਰੇਸ਼ਮਾ ਦੀ ਧੀ ਹੈ?” ਇੰਨਾ ਸੁਣ ਕੇ ਉਹ ਬਾਗੋ-ਬਾਗ ਹੋ ਜਾਂਦੀ ਹੈ ਅਤੇ ਦੱਸਦੀ ਹੈ ਕਿ ਲੋਕਾਂ ਤੋਂ ਮਿਲ ਰਹੇ ਪਿਆਰ ਨੇ ਉਸ ਨੂੰ ਝੱਲੀ ਹੀ ਤਾਂ ਕਰ ਦਿੱਤਾ ਹੋਇਆ ਹੈ। ਮਾਸੂਮਾ ਅਨਵਰ ਬਹੁਤ ਚੋਣਵੇਂ ਗੀਤ ਗਾਉਂਦੀ ਹੈ, ਖਾਸ ਕਰ ਕੇ ਸੂਫ਼ੀ ਕਲਾਮ ਉਸ ਨੂੰ ਵਧੇਰੇ ਪਸੰਦ ਹੈ। ਉਸ ਦਾ ਕਹਿਣਾ ਹੈ ਕਿ ਉਹ ਵਧੇਰੇ ਗਾਉਣ ਵਾਲੀ ਦੌੜ ਵਿਚ ਕਦੇ ਵੀ ਸ਼ਾਮਲ ਨਹੀਂ ਹੋਵੇਗੀ। ਇੰਨਾ ਗਾ ਕੇ ਹੀ ਉਸ ਨੂੰ ਲੋਕਾਂ ਨੇ ਇੰਨਾ ਜ਼ਿਆਦਾ ਪਿਆਰ ਦਿੱਤਾ ਹੈ। ਮਾਸੂਮਾ ਅਨਵਰ ਨੇ ਵਿਧੀਵਤ ਢੰਗ ਨਾਲ ਕਿਸੇ ਨੂੰ ਗੁਰੂ ਨਹੀਂ ਧਾਰਿਆ; ਦਰਅਸਲ ਉਸ ਦੀ ਅਸਲ ਗੁਰੂ ਉਸ ਦੀ ਆਪਣੀ ਮਾਂ ਹੈ, ਜੋ ਉਸ ਦੀ ਨਿੱਕੀ ਨਿੱਕੀ ਫ਼ਰਮਾਇਸ਼ ਅਤੇ ਲੋੜ ਦਾ ਧਿਆਨ ਰੱਖਦੀ ਹੈ। ਉਹ ਸੋਚਦੀ ਹੈ ਕਿ ਜੇ ਮਾਂ ਉਸ ਨੂੰ ਹੱਲਾਸ਼ੇਰੀ ਨਾ ਦਿੰਦੀ ਤਾਂ ਉਸ ਨੇ ਆਪਣੇ ਡਾਕਟਰ ਪਰਿਵਾਰ ਅਤੇ ਹੋਰ ਡਾਕਟਰਾਂ ਵਾਂਗ ਹਸਪਤਾਲਾਂ ਦੇ ਹੀ ਗੇੜੇ ਕੱਢਣੇ ਸਨ। ਹੁਣ ਉਸ ਦਾ ਮਕਾਮ ਅੰਬਰ ਜਿੱਡਾ ਵਸੀਹ ਹੋ ਗਿਆ ਹੈ। ਸੰਗੀਤ ਦੇ ਸਿਰ ‘ਤੇ ਉਹ ਪਤਾ ਨਹੀਂ ਦੁਨੀਆਂ ਦੇ ਕਿਸ ਕਿਸ ਕੋਨੇ ਦੇ ਦਰਸ਼ਨ ਕਰ ਆਈ ਹੈ। ਉਹ ਖੁਸ਼ ਹੈ ਕਿ ਉਸ ਦਾ ‘ਝੱਲਿਆ’ ਨਾਲ ਸ਼ੁਰੂ ਹੋਇਆ ਸਫ਼ਰ ਉਸ ਨੂੰ ਝੱਲੀ ਕਰ ਕੇ ਛੱਡ ਗਿਆ ਹੈ। ਸੂਫ਼ੀਆਂ ਵਾਂਗ ਹੁਣ ਉਹ ਸੰਗੀਤ ਨਾਲ ਝੱਲੀ ਹੋਈ ਰਹਿਣਾ ਚਾਹੁੰਦੀ ਹੈ। ਇਸੇ ਨੂੰ ਉਹ ਆਪਣੀ ਜ਼ਿੰਦਗੀ ਦਾ ਮੁਕਾਮ ਆਖਦੀ ਹੈ।