‘ਆਪ’ ਦੀ ਸਿਆਸਤ ਦਾ ਦਲਿਤ ਪੱਖ ਹਾਸ਼ੀਏ ‘ਤੇ

ਪਿਛਲੇ ਸਮੇਂ ਦੌਰਾਨ ਸਭ ਤੋਂ ਵੱਧ ਚਰਚਾ ਆਮ ਆਦਮੀ ਪਾਰਟੀ ਦੀ ਹੀ ਹੋਈ ਹੈ, ਇਸ ਦੇ ਕਾਰਨ ਭਾਵੇਂ ਹਾਂ-ਪੱਖੀ ਸਨ ਤੇ ਭਾਵੇਂ ਨਾਂਹ-ਪੱਖੀ। ਬਹੁਤ ਸਾਰੇ ਲੋਕਾਂ ਨੇ ਇਸ ਪਾਰਟੀ ਵਿਚੋਂ ਤਬਦੀਲੀ ਦੀ ਚਿਣਗ ਫੁੱਟਦੀ ਦੇਖੀ ਸੀ, ਪਰ ਹੁਣ ਇਸ ਪਾਰਟੀ ਅਤੇ ਇਸ ਦੇ ਲੀਡਰਾਂ ਦੀ ਸਿਆਸਤ ਬਾਰੇ ਸਵਾਲਾਂ ਦੀ ਝੜੀ ਲੱਗ ਗਈ ਹੋਈ ਹੈ। ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਦਾ ਇਹ ਲੇਖ ਇਨ੍ਹਾਂ ਅਹਿਮ ਸਵਾਲਾਂ ਨਾਲ ਹੀ ਨਜਿਠਦਾ ਨਜ਼ਰੀਂ ਪੈਂਦਾ ਹੈ। ਇਸ ਵਿਚ ਉਨ੍ਹਾਂ ਦਲਿਤਾਂ ਦੇ ਹਾਸ਼ੀਏ ਉਤੇ ਧੱਕੇ ਜਾਣ ਬਾਰੇ ਪੁਣ-ਛਾਣ ਕੀਤੀ ਹੈ।

-ਸੰਪਾਦਕ

ਕਰਮਜੀਤ ਸਿੰਘ ਚੰਡੀਗੜ੍ਹ
ਫੋਨ: +91-99150-91063

ਗੁਰਦਾਸਪੁਰ ਹਲਕੇ ਦੀ ਸੰਸਦੀ ਚੋਣ ਵਿਚ ਆਮ ਆਦਮੀ ਪਾਰਟੀ (ਆਪ) ਦੀ ਨਿਰਾਸ਼ਾਜਨਕ ਹਾਰ ਨੂੰ ਜੇ ਪਾਰਟੀ ਦੇ ਭਵਿਖ ਉਤੇ ਪੈਣ ਵਾਲੇ ਮਾੜੇ ਅਸਰਾਂ ਵਿਚ ਨਾ ਸ਼ਾਮਲ ਕੀਤਾ ਜਾਏ ਤਾਂ ਵੀ ਇਸ ਗੱਲ ਦੇ ਠੋਸ ਆਧਾਰ ਮੌਜੂਦ ਹਨ ਕਿ ਪਾਰਟੀ ਦਾ ਸੁਨਹਿਰੀ ਯੁੱਗ ਖਤਮ ਹੋ ਚੁੱਕਾ ਹੈ। ਹੁਣ ਉਹ ਰਾਜਨੀਤਕ ਰੌਣਕਾਂ ਪਰਤ ਕੇ ਨਹੀਂ ਆਉਣ ਲੱਗੀਆਂ ਜਦੋਂ ‘ਕੇਜਰੀਵਾਲ-ਆਪ-ਝਾੜੂ’ ਤਿੰਨਾਂ ਨੇ ਰਲ ਕੇ ਪੰਜਾਬ ਦੇ ਹਰ ਘਰ ਵਿਚ ਆਪਣੀ ਥਾਂ ਬਣਾ ਲਈ ਸੀ; ਜਦੋਂ ਵਿਸ਼ੇਸ਼ ਕਰ ਕੇ ਨੌਜਵਾਨ ਪੀੜ੍ਹੀ ਤੇ ਪੁਰਾਤਨ ਪੀੜ੍ਹੀ ਵਿਚ ਡੂੰਘੀ ਲਕੀਰ ਖਿੱਚੀ ਗਈ ਸੀ। ਇਕ ਪਲ ਲਈ ਰੁਕੋ ਤੇ ਯਾਦ ਕਰੋ ਕਿ ਭਗਵੰਤ ਮਾਨ ਅਤੇ ਗੁਰਪ੍ਰੀਤ ਘੁੱਗੀ (ਵੜੈਚ) ਜਦੋਂ ਜਲਸਿਆਂ ਵਿਚ ਭਾਸ਼ਨ ਦਿੰਦੇ ਸਨ ਤਾਂ ਇਉਂ ਲੱਗਦਾ ਸੀ, ਜਿਵੇਂ ਉਨ੍ਹਾਂ ਦਾ ਆਤਮ-ਵਿਸ਼ਵਾਸ ਤੇ ਤੇਜ ਪ੍ਰਤਾਪ ਹੰਕਾਰ ਦੀਆਂ ਸਭ ਹੱਦਾਂ ਪਾਰ ਕਰ ਚੁੱਕਾ ਹੋਵੇ। ਇਸ ਖੂਬਸੂਰਤ ਭਰਮ ਨੂੰ ਉਨ੍ਹਾਂ ਨੇ ਜਵਾਨ ਕਰ ਲਿਆ ਸੀ ਕਿ ਉਹ ਜਿੱਤ ਦੇ ਘੋੜੇ ‘ਤੇ ਸਵਾਰ ਹਨ, ਪਰ ਇਤਿਹਾਸ ਦੀ ਬੇਰਹਿਮ ਤੋਰ ਅਤੇ ਉਸ ਦੇ ਚੱਲਣ ਦਾ ਅੰਦਾਜ਼ ਵੱਖਰਾ ਵੀ ਹੁੰਦਾ ਹੈ ਅਤੇ ਉਸ ਨੇ ਉਨ੍ਹਾਂ ਨੂੰ ਐਸਾ ਮੂਧੜੇ ਮੂੰਹ ਸੁੱਟਿਆ ਕਿ ਹਾਰ ਤੋਂ ਪਿੱਛੋਂ, ਜੇ ਇਕ ਕਈ ਦਿਨ ਅੰਦਰੋਂ ਹੀ ਬਾਹਰ ਨਾ ਨਿਕਲਿਆ ਤਾਂ ਦੂਜੇ ਨੇ ਛੇਤੀ ਹੀ ਪਾਰਟੀ ਨੂੰ ਤਲਾਕ ਦੇ ਦਿੱਤਾ।
ਪਾਰਟੀ ਦੀ ਲੀਡਰਸ਼ਿਪ ਹੁਣ ਆਪਣੇ ਕਾਡਰ ਅਤੇ ਪੰਜਾਬ ਦੇ ਲੋਕਾਂ ਨੂੰ ਕਿੰਨੀਆਂ ਵੀ ਤਸੱਲੀਆਂ ਕਿਉਂ ਨਾ ਦੇਵੇ, ਉਹ ਜਿੱਤ ਦੀ ਖੇਡ ਵਿਚ ਹਾਸ਼ੀਏ ‘ਤੇ ਚਲੇ ਗਏ ਹਨ, ਜਾਂ ਪੰਜਾਬੀ ਬੋਲਚਾਲ ਮੁਤਾਬਕ ਉਹ ਨੁੱਕਰੇ ਲਾ ਦਿੱਤੇ ਗਏ ਹਨ। ਇਸ ਦੇ ਅਸਲ ਕਾਰਨ ਲੱਭਣ ਲਈ ਸਾਨੂੰ ਸਾਹਮਣੇ ਦਿਸਣ ਵਾਲੇ ਰੋਜ਼ਮਰਾ ਦੇ ਰੌਲੇ-ਰੱਪੇ ਤੋਂ ਹੇਠਲੀਆਂ ਤਹਿਆਂ ਵਿਚ ਉਤਰਨਾ ਪੈਣਾ ਹੈ ਅਤੇ ਇਸ ਸਵਾਲ ਦਾ ਜਵਾਬ ਵੀ ਲੱਭਣਾ ਪੈਣਾ ਹੈ ਕਿ ਪੰਜਾਬ ਦੇ ਲੋਕਾਂ ਨੇ ਹੀ ਅਰਵਿੰਦ ਕੇਜਰੀਵਾਲ ਨੂੰ ਝਟਪਟ ਹੱਥਾਂ ਉਤੇ ਕਿਉਂ ਚੁੱਕ ਲਿਆ ਅਤੇ ਆਪਣੇ ਦਿਲਾਂ ਵਿਚ ਵਸਾ ਲਿਆ ਸੀ? ਇਹ ਸਵਾਲ ਵੀ ਕੇਜਰੀਵਾਲ ਦੇ ਵਿਹੜੇ ਵਿਚ ਸੁੱਟਣਾ ਪੈਣਾ ਹੈ ਕਿ ਉਸ ਨੇ ਪੰਜਾਬ ਦੇ ਮਨੋਵਿਗਿਆਨ, ਉਸ ਦੇ ਗੁੰਝਲਦਾਰ ਇਤਿਹਾਸ ਅਤੇ ਉਸ ਦੇ ਦਾਸਤਾਨ-ਏ-ਦਰਦ ਨੂੰ ਉਸ ਜਜ਼ਬੇ ਤੇ ਤਰਕ ਨਾਲ ਕਿਉਂ ਨਾ ਸਮਝਿਆ, ਜਿਵੇਂ ਉਹ ਚਾਹੁੰਦੇ ਸਨ?
ਕੇਜਰੀਵਾਲ ਵਰਤਾਰਾ ਭਾਰਤ ਦੇ ਬਹੁ-ਪਰਤੀ ਰਾਜਨੀਤਕ ਤਾਣੇ-ਬਾਣੇ ਵਿਚ ਇਨਕਲਾਬੀ ਤਬਦੀਲੀ ਦੀ ਉਮੀਦ ਲੈ ਕੇ ਆਇਆ ਸੀ। ਅਰਵਿੰਦ ਕੇਜਰੀਵਾਲ ਦਾ ਰਾਜਸੀ ਪੁਨਰਜਨਮ ਭਾਵੇਂ ਲੋਕਪਾਲ ਦੇ ਮੁੱਦੇ ਉਤੇ ਅੰਨਾ ਹਜ਼ਾਰੇ ਦੀ ਲਹਿਰ ਵਿਚੋਂ ਹੀ ਹੋਇਆ, ਪਰ ਇਹ ਉਹੀ ਸੀ, ਜਿਸ ਨੇ ਇਸ ਅੰਦੋਲਨ ਵਿਚ ਆਪਣੀ ਵਿਲੱਖਣ, ਨਿਆਰੀ, ਵੱਖਰੀ, ਇਥੋਂ ਤੱਕ ਕਿ ਪਿਆਰੀ ਤੇ ਸਤਿਕਾਰ ਵਾਲੀ ਪਛਾਣ ਬਣਾ ਲਈ ਸੀ। ਹੋਰਨਾਂ ਵਿਚੋਂ ਬਹੁਤੇ ਗੂੜ੍ਹੇ ਤੇ ਗੁੱਝੇ ਲਾਲਚਾਂ ਦੇ ਪੈਰੋਕਾਰ ਵੀ ਸਨ ਅਤੇ ਉਨ੍ਹਾਂ ਨੇ ਆਪਣੇ ਸਵਾਰਥ ਦੇ ਸਬੂਤ ਵੀ ਦਿੱਤੇ, ਜਦੋਂ ਉਨ੍ਹਾਂ ਨੇ ਛੇਤੀ ਹੀ ਹੋਰ ਰਾਜਸੀ ਪਾਰਟੀਆਂ ਵਿਚ ਸ਼ਰਨ ਲੈ ਲਈ। ਇਹ ਉਹ ਸਮਾਂ ਸੀ ਜਦੋਂ ਵੱਖ-ਵੱਖ ਟੀæਵੀæ ਚੈਨਲਾਂ ਉਤੇ ਹੋਣ ਵਾਲੀਆਂ ਬਹਿਸਾਂ ਵਿਚ ਕੇਜਰੀਵਾਲ ਦੀਆਂ ਵਜ਼ਨਦਾਰ ਦਲੀਲਾਂ, ਰਾਜਨੀਤਕ ਗਿਆਨ ਦਾ ਖਜ਼ਾਨਾ ਅਤੇ ਵੱਖ-ਵੱਖ ਮਸਲਿਆਂ ਉਤੇ ਉਨ੍ਹਾਂ ਦੀ ਪਰਪੱਕ ਸਮਝ ਨੇ ਆਮ ਲੋਕਾਂ ਨੂੰ ਤਾਂ ਪ੍ਰਭਾਵਿਤ ਕੀਤਾ ਹੀ, ਪਰ ਬੌਧਿਕ ਹਲਕਿਆਂ ਵਿਚ ਵੀ ਉਨ੍ਹਾਂ ਨੇ ਥਾਂ ਬਣਾ ਲਈ। ‘ਟਾਈਮ’ ਮੈਗਜ਼ੀਨ ਨੇ ਉਸ ਨੂੰ ਵਿਸ਼ੇਸ਼ ਜਗ੍ਹਾ ਦਿੱਤੀ, ਜਦਕਿ ਯੂਰਪ ਦੇ ਪ੍ਰਸਿਧ ਅਖ਼ਬਾਰਾਂ ਨੇ ਉਸ ਨੂੰ ‘ਨਵੇਂ ਯੁੱਗ ਦਾ ਮਹਿਮਾਨ’ ਸਮਝਿਆ। ਇਹ ਮਹਿਸੂਸ ਕੀਤਾ ਜਾਣ ਲੱਗਾ ਕਿ ਦਲਿਤਾਂ, ਘੱਟ ਗਿਣਤੀਆਂ ਅਤੇ ਕਮਜ਼ੋਰ ਵਰਗਾਂ ਦੀਆਂ ਸਮੱਸਿਆਵਾਂ ਅਤੇ ਭਾਵਨਾਵਾਂ ਨੂੰ ਆਮ ਆਦਮੀ ਪਾਰਟੀ ਕੇਂਦਰ ਵਿਚ ਰੱਖ ਕੇ ਹੀ ਅੱਗੇ ਵਧੇਗੀ, ਪਰ ਇਹ ਸਭ ਕੁਝ ਵਾਵਰੋਲੇ ਨਾਲ ਹੀ ਉਡ ਗਿਆ। ਅਸੀਂ ਇਥੇ ਆਪਣੇ ਆਪ ਨੂੰ ਅਜੇ ਦਲਿਤਾਂ ਅਤੇ ਕਮਜ਼ੋਰ ਵਰਗਾਂ ਤੱਕ ਹੀ ਸੀਮਤ ਰੱਖਾਂਗੇ, ਜੋ ਆਮ ਆਦਮੀ ਪਾਰਟੀ ਵਿਚ ਹਾਸ਼ੀਏ ਵੱਲ ਧੱਕ ਦਿੱਤੇ ਗਏ ਹਨ।
ਇਹ ਠੀਕ ਹੈ ਕਿ ਕਿਸਾਨਾਂ ਦੀਆਂ ਖੁਦਕੁਸ਼ੀਆਂ ਅਤੇ ਉਨ੍ਹਾਂ ਦੀ ਡਿਗ ਰਹੀ ਆਰਥਿਕ ਹਾਲਤ ਪੰਜਾਬ ਦੀ ਅਹਿਮ ਸਮੱਸਿਆ ਹੈ, ਪਰ ਉਨ੍ਹਾਂ ਨਾਲ ਜੁੜੇ ਹੋਏ ਖੇਤ ਮਜ਼ਦੂਰਾਂ, ਸੀਰੀਆਂ ਅਤੇ ਉਨ੍ਹਾਂ ਦੇ ਰੁਲਦੇ ਪਰਿਵਾਰਾਂ ਦੀ ਹਾਲਤ ਬਦ ਤੋਂ ਬਦਤਰ ਹੈ। ਕੀ ਇਹ ਸਮੱਸਿਆ ਇਕ ਹਿਸਾਬ ਨਾਲ ਕਿਸਾਨਾਂ ਦੀ ਸਮੱਸਿਆ ਨਾਲੋਂ ਘੱਟ ਹੈ? ਉਨ੍ਹਾਂ ਦੀ ਸਥਿਤੀ ਬਾਰੇ ਵ੍ਹਾਈਟ ਪੇਪਰ ਜਾਰੀ ਹੋਣਾ ਚਾਹੀਦਾ ਹੈ, ਜਦਕਿ ਵਿਧਾਨ ਸਭਾ ਦੇ ਪਿਛਲੇ ਸੈਸ਼ਨ ਦੌਰਾਨ ‘ਆਪ’ ਨੇ ਇਸ ਅਤਿਅੰਤ ਮਹੱਤਵਪੂਰਨ ਮਸਲੇ ਨੂੰ ਏਜੰਡੇ ਵਿਚ ਥਾਂ ਤਾਂ ਕੀ ਦੇਣੀ ਸੀ, ਕਿਸੇ ਨੇ ਰਸਮੀ ਤੌਰ ‘ਤੇ ਛੂਹਿਆ ਤੱਕ ਵੀ ਨਹੀਂ। ਅਰਵਿੰਦ ਕੇਜਰੀਵਾਲ ਦੀ ‘ਆਪ’ ਵਿਚ ਕਥਿਤ ਉਚੀਆਂ ਜਾਤੀਆਂ ਥੋਕ ਦੇ ਭਾਅ ਸ਼ਾਮਲ ਕੀਤੀਆਂ ਗਈਆਂ ਹਨ ਅਤੇ ਅੰਕੜੇ ਇਸ ਰੁਝਾਨ ਦੀ ਗਵਾਹੀ ਭਰਦੇ ਹਨ।
ਤੱਥ ਤੇ ਹਕੀਕਤਾਂ ਇਹ ਦੱਸਦੀਆਂ ਹਨ ਕਿ ਪੰਜਾਬ ਵਿਚ ਸੀਟਾਂ ਵੰਡਣ ਵੇਲੇ, ਜਥੇਬੰਦੀ ਦੇ ਅੰਦਰ ਵੀ ਅਤੇ ਮਲਾਈਦਾਰ ਅਹੁਦਿਆਂ ਦੀ ਚੋਣ ਵਿਚ ਖਾਂਦੇ-ਪੀਂਦੇ ਤੇ ਵੱਡੇ ਘਰਾਂ ਨੂੰ ਹੀ ਥਾਂ ਦਿੱਤੀ ਗਈ ਹੈ। ਦਿਲਚਸਪ ਸਰਵੇਖਣ ਇਹ ਕਹਿੰਦਾ ਹੈ ਕਿ ਵਿਧਾਨ ਸਭਾ ਲਈ 62 ਸੀਟਾਂ ਜੱਟ ਬਰਾਦਰੀ ਨੂੰ ਮਿਲੀਆਂ, ਪਰ ਜਿੱਤੇ ਕੇਵਲ ਅੱਠ ਹੀ। 9 ਦਲਿਤ ਭਰਾ ਜਿੱਤੇ ਅਤੇ ਦੋ ਪਛੜੀਆਂ ਜਾਤੀਆਂ ਦੇ ਉਮੀਦਵਾਰ ਜਿੱਤੇ। ਜਿਹੜੇ 8 ਜੱਟ ਉਮੀਦਵਾਰ ਜਿੱਤੇ, ਇਕ-ਅੱਧੇ ਨੂੰ ਛੱਡ ਕੇ ਬਾਕੀ ਸਾਰੇ ਜ਼ਮੀਨਾਂ ਤੇ ਜਾਇਦਾਦਾਂ ਦੇ ਮਾਲਕ ਹਨ। ਕਾਰਾਂ-ਕੋਠੀਆਂ ਵਿਚ ਰਹਿੰਦੇ ਤੇ ਸਫਰ ਕਰਦੇ ਹਨ। ਕਰੋੜਾਂ ਵਿਚ ਖੇਡਦੇ ਅਤੇ ਹਰ ਇਕ ਦੇ ਨੇੜੇ ਤੇ ਦੂਰ ਦੇ ਰਿਸ਼ਤੇਦਾਰ ਵਿਦੇਸ਼ਾਂ ਵਿਚ ਰਹਿੰਦੇ ਹਨ, ਜੋ ਇਨ੍ਹਾਂ ਨੂੰ ਪਾਰਟੀ ਲਈ ਅਕਸਰ ਫੰਡ ਭੇਜਦੇ ਹਨ। ਦੂਜੇ ਪਾਸੇ ਦਲਿਤ ਵਿਧਾਇਕਾਂ ਨੂੰ ਫੰਡਾਂ ਦੀ ਘਾਟ ਰਹਿੰਦੀ ਹੈ। ਬਾਹਰਲੇ ਮੁਲਕਾਂ ਵਿਚ ਉਨ੍ਹਾਂ ਦੇ ਬਹੁਤ ਘੱਟ ਰਿਸ਼ਤੇਦਾਰ ਹਨ। ਜਿਨ੍ਹਾਂ ਦੇ ਰਿਸ਼ਤੇਦਾਰ ਬਾਹਰਲੇ ਮੁਲਕਾਂ ਵਿਚ ਹਨ, ਉਹ ਵਿਚਾਰੇ ਅਜੇ ਆਰਥਿਕ ਤੌਰ ‘ਤੇ ਖੁਦ ਹੀ ਪੈਰਾਂ ਉਤੇ ਨਹੀਂ ਖੜੋਤੇ, ਫੰਡ ਤਾਂ ਉਨ੍ਹਾਂ ਨੇ ਕੀ ਭੇਜਣੇ ਸਨ।
ਇਕ ਮੋਟੇ ਅੰਦਾਜ਼ੇ ਅਨੁਸਾਰ ਕਈ ਦਲਿਤ ਵਿਧਾਇਕ ਫੰਡਾਂ ਦੀ ਘਾਟ ਕਾਰਨ ਅਜੇ ਵੀ ਕਰਜ਼ਾਈ ਹਨ। ਉਨ੍ਹਾਂ ਕੋਲ ਜ਼ਮੀਨ ਨਹੀਂ ਤੇ ਉਨ੍ਹਾਂ ਦੇ ਘਰ ਵੀ ਸਾਧਾਰਨ ਹੀ ਹਨ। ਬਹੁਤਿਆਂ ਨੇ ਵਿਧਾਇਕ ਬਣਨ ਪਿੱਛੋਂ ਹੀ ਕਾਰਾਂ ਦੇ ਦਰਸ਼ਨ ਕੀਤੇ ਹਨ। ਨੌਂ ਦਲਿਤ ਵਿਧਾਇਕਾਂ ਵਿਚੋਂ ਕੇਵਲ ਇੱਕ ਨੂੰ ਹੀ ਵਿਰੋਧੀ ਧਿਰ ਦੀ ਉਪ ਨੇਤਾ ਲਈ ਚੁਣਿਆ ਗਿਆ ਹੈ। ਸੂਤਰਾਂ ਮੁਤਾਬਕ ਚੀਫ਼ ਵ੍ਹਿਪ ਦੀ ਖਾਲੀ ਪੋਸਟ ਵੀ ਉਚੀਆਂ ਜਾਤੀਆਂ ਵਿਚੋਂ ਕਿਸੇ ਇੱਕ ਨੂੰ ਮਿਲਣ ਦੀ ਸੰਭਾਵਨਾ ਹੈ, ਜਦਕਿ ਇੱਕ ਦਲਿਤ ਵਿਧਾਇਕ ਕੋਲ ਬਾਕਾਇਦਾ ਐਲ਼ਐਲ਼ਬੀæ ਦੀ ਡਿਗਰੀ ਹੈ ਤੇ ਇੱਕ ਹੋਰ ਦਲਿਤ ਵਿਧਾਇਕ ਬੀਬੀ ਕਾਨੂੰਨ ਦੇ ਵਿਸ਼ੇ ਵਿਚ ਪੀਐਚæ ਡੀæ ਕਰ ਰਹੀ ਹੈ।
ਜਥੇਬੰਦੀ ਦੇ ਅੰਦਰ ਵੀ ਉਚੀਆਂ ਜਾਤੀਆਂ ਦਾ ਹੀ ਬੋਲਬਾਲਾ ਹੈ। ਉਪਰਲੀਆਂ ਦੋ ਅਸਾਮੀਆਂ ਉਤੇ ਵੀ ਤੇ ਉਚ ਜਾਤੀਆਂ ਦਾ ਹੀ ਕਬਜ਼ਾ ਹੈ, ਬਾਕੀ ਜਨਰਲ ਸਕੱਤਰਾਂ ਦਾ ਵੱਡਾ ਗੱਫਾ ਵੀ ਉਨ੍ਹਾਂ ਨੂੰ ਹੀ ਮਿਲਿਆ ਹੈ। ਜ਼ਿਲ੍ਹਿਆਂ ਵਿਚ ਵੀ ਉਨ੍ਹਾਂ ਦੀ ਹੀ ਸਰਦਾਰੀ ਹੈ। ਅਜਿਹਾ ਕਿਉਂ ਹੈ? ਇਸ ਵਿਤਕਰੇ ਦੇ ਕੀ ਕਾਰਨ ਹਨ? ਪਾਰਟੀ ਦੀ ਲੀਡਰਸ਼ਿਪ ਵਿਚ ਦਲਿਤ ਨੂੰ ਵਿਸ਼ੇਸ਼ ਅਤੇ ਪ੍ਰਮੁੱਖ ਥਾਂ ਕਿਉਂ ਨਹੀਂ ਮਿਲ ਰਹੀ? ਅਫਸੋਸ ਇਸ ਗੱਲ ਦਾ ਹੈ ਕਿ ਨਾ ਹੀ ਪਾਰਟੀ ਇਸ ਲਈ ਗੰਭੀਰ ਹੈ ਅਤੇ ਨਾ ਹੀ ਦਲਿਤ ਖ਼ੁਦ ਆਪਣਾ ਹੱਕ ਮੰਗ ਰਹੇ ਹਨ।
‘ਆਪ’ ਵਿਚ ਦਲਿਤ ਰਾਜਨੀਤੀ ਦੀ ਗ਼ੈਰਹਾਜ਼ਰੀ ਉਤੇ ਚਰਚਾ ਕਰਦਿਆਂ ਸਾਨੂੰ ਰਤਾ ਅਕਾਲੀ ਰਾਜਨੀਤੀ ਅਤੇ ਕਾਂਗਰਸੀ ਰਾਜਨੀਤੀ ਵਿਚ ਦਲਿਤ ਦੀ ਥਾਂ, ਮਹੱਤਤਾ, ਰੁਤਬੇ ਦਾ ਵੀ ਵਿਸ਼ਲੇਸ਼ਣ ਕਰਨ ਦੀ ਲੋੜ ਹੈ। ਹੁਣ ਇਸ ਅਫਸੋਸਨਾਕ ਰੁਝਾਨ ਉਤੇ ਦੋ ਰਾਵਾਂ ਨਹੀਂ ਕਿ ਅਕਾਲੀ ਰਾਜਨੀਤੀ ਦੇ ਕਲਚਰ ਵਿਚ ਵੀ ਜੱਟ-ਰਾਜਨੀਤੀ ਜ਼ੋਰਾਵਰ ਹੈ, ਜਦਕਿ ਕਾਂਗਰਸੀ ਕਲਚਰ ਵਿਚ ਇਹ ਰਾਜਨੀਤੀ ਏਨੀ ਸੰਘਣੀ ਤੇ ਮਹਾਂਬਲੀ ਨਹੀਂ, ਪਰ ਜ਼ੋਰਾਵਰ ਤੇ ਪ੍ਰਭਾਵਸ਼ਾਲੀ ਅਕਾਲੀ ਰਾਜਨੀਤੀ ਜਿੰਨੀ ਹੀ ਹੈ। ਇਸ ਲਈ ਪੰਜਾਬ ਦੀ ਜੱਟ-ਰਾਜਨੀਤੀ ਦੇ ਅਸਲ ਖਾਸੇ ਨੂੰ ਨੇੜਿਓਂ ਵੇਖਣ ਵਾਲੇ ਪਾਰਖੂ ਮਾਹਿਰਾਂ ਦਾ ਇਹ ਵਿਚਾਰ ਸੁੱਟਣ ਵਾਲਾ ਨਹੀਂ ਕਿ ਇਸ ਵਾਰ ਅਸੈਂਬਲੀ ਚੋਣਾਂ ਵਿਚ ਜਦੋਂ ਸਿੱਖਾਂ ਦੀ ਜੱਟ ਰਾਜਨੀਤੀ ਨੇ ਦੇਖਿਆ ਕਿ ਅਕਾਲੀ ਹਾਰ ਰਹੇ ਹਨ ਤਾਂ ਉਨ੍ਹਾਂ ਨੇ ਆਪਣੀ ਰਾਜਨੀਤਕ ਸਿਆਣਪ ਤੇ ਗਿਆਨ ਦਾ ਖ਼ਜ਼ਾਨਾ ਕਾਂਗਰਸੀਆਂ ਦੀ ਝੋਲੀ ਵਿਚ ਪਾ ਦਿੱਤਾ, ਕਿਉਂਕਿ ਅਜੋਕੇ ਹਾਲਾਤ ਵਿਚ ਉਨ੍ਹਾਂ ਨੂੰ ਲੱਗਦਾ ਸੀ ਕਿ ਕਾਂਗਰਸੀ ਕਲਚਰ ਦੀ ਰਾਜਨੀਤੀ ਵੀ ਲੈ ਦੇ ਕੇ ਉਨ੍ਹਾਂ ਦੀ ਆਪਣੀ ਹੀ ਹੈ, ਪਰ ਉਹ ਕਿਸੇ ਵੀ ਹਾਲਤ ਵਿਚ ਤੀਜੀ ਧਿਰ, ਭਾਵ ‘ਆਪ’ ਨੂੰ ਪੰਜਾਬ ਅੰਦਰ ਜੇਤੂਆਂ ਦੇ ਰੂਪ ਵਿਚ ਵੇਖਣ ਲਈ ਰਾਜ਼ੀ ਨਹੀਂ ਸਨ। ਉਂਜ, ਉਨ੍ਹਾਂ ਨੂੰ ਕੀ ਪਤਾ ਸੀ ਕਿ ‘ਆਪ’ ਅੰਦਰ ਵੀ ਥੋੜ੍ਹੇ ਬਹੁਤੇ ਫਰਕ ਨਾਲ ਜੱਟ ਰਾਜਨੀਤੀ ਦਾ ਹੀ ਬੋਲਬਾਲਾ ਰਹੇਗਾ। ਅਕਾਲੀ-ਰਾਜਨੀਤੀ ਗਰੀਬ ਗੁਰਬਿਆਂ ਅਤੇ ਕਿਰਤੀਆਂ ਤੇ ਮਜ਼ਲੂਮਾਂ ਦੀ ਰਾਖੀ ਕਰਨ ਦੀ ਥਾਂ ਐਸ਼ੋ-ਇਸ਼ਰਤ ਕਰਨ ਵਾਲਿਆਂ ਅਤੇ ਟੱਬਰ-ਪਾਲ ਰਾਜਨੀਤੀ ਕਰਨ ਵਾਲਿਆਂ ਦੇ ਕਬਜ਼ੇ ਹੇਠ ਚਲੀ ਗਈ ਹੈ ਅਤੇ ਇਹ ਪੰਜਾਬ ਦੇ ਇਤਿਹਾਸ ਨਾਲ ਵੱਡਾ ਵਿਸ਼ਵਾਸਘਾਤ ਹੋਇਆ ਹੈ, ਪਰ ਆਮ ਆਦਮੀ ਪਾਰਟੀ ਉਤੇ ਅਜੇ ਵੱਡੇ ਇਲਜ਼ਾਮ ਲਾਉਣਾ ਸਥਿਤੀ ਦੀ ਗ਼ੈਰ-ਹਕੀਕੀ ਪੜਚੋਲ ਹੋਏਗੀ। ਉਹ ਦਲਿਤਾਂ ਵੱਲ ਮੂੰਹ ਕਰੇਗੀ, ਇਸ ਦੀ ਉਮੀਦ ਬਹੁਤ ਘੱਟ ਹੈ।