ਮੁੱਕ ਗਿਆ ਕਵੀਸ਼ਰੀ ਦਾ ਇੱਕ ਯੁੱਗ-ਜੋਗਾ ਸਿੰਘ ਜੋਗੀ

ਐਸ਼ ਅਸ਼ੋਕ ਭੌਰਾ
ਕਲਾ ਨਾਲ ਕਿਸੇ ਦੇ ਜੀਵਨ ਨੂੰ ਸਮਝਣਾ ਸੌਖਾ ਬੜਾ ਹੋ ਜਾਂਦਾ ਹੈ, ਪਰ ਜਿਸ ਦਾ ਪੱਲਾ ਕਲਾ ਨਾਲ ਭਰਿਆ ਹੋਵੇ, ਉਸ ਦੀ ਗੱਲ ਕਰਨੀ ਔਖੀ ਬੜੀ ਹੋ ਜਾਂਦੀ ਹੈ। ਕਵੀਸ਼ਰ ਜੋਗਾ ਸਿੰਘ ਜੋਗੀ ਨਾ ਸਿਰਫ ਹਰ ਸਿੱਖ ਦੇ ਮਨ ‘ਚ ਵਸਿਆ ਹੋਇਆ ਹੈ, ਸਗੋਂ ਇਹ ਨਾਂ ਹਰ ਉਸ ਲਈ ਆਪਣਾ ਆਪਣਾ ਹੈ, ਜੋ ਸੰਗੀਤ, ਕਲਾ, ਸ਼ਾਇਰੀ ਅਤੇ ਕਵੀਸ਼ਰੀ ਨੂੰ ਪਿਆਰ ਕਰਦਾ ਹੈ। 70 ਸਾਲ ਤੋਂ ਵੱਧ ਦਾ ਸਮਾਂ ਕਵੀਸ਼ਰੀ ਦੀ ਕਲਾ ‘ਚ ਗੁਜਾਰ ਕੇ, ਸਿੱਖ ਇਤਿਹਾਸ ਨੂੰ ਗਾ ਕੇ ਜੋ ਇਤਿਹਾਸ ਖੁਦ ਜੋਗਾ ਸਿੰਘ ਜੋਗੀ ਬਣਾ ਗਿਆ ਹੈ,

ਉਹ ਸ਼ਾਇਦ ਹੁਣ ਹੋਰ ਕਿਸੇ ਲਈ ਬਣਾਉਣਾ ਮੁਸ਼ਕਿਲ ਹੀ ਹੋਵੇਗਾ। ਪੰਜਾਬ ਦਾ ਕੋਈ ਕੋਨਾ ਨਹੀਂ ਜਿੱਥੇ ਉਸ ਦੇ ਕਵੀਸ਼ਰੀ ਜਥੇ ਨੇ ਹਾਜ਼ਰੀ ਨਹੀਂ ਭਰੀ। ਇਤਿਹਾਸਕ ਇਕੱਠਾਂ, ਜੋੜ ਮੇਲਿਆਂ, ਕਾਨਫਰੰਸਾਂ ਅਤੇ ਗੁਰੂਘਰਾਂ ਵਿਚ ਸਿੱਖ ਇਤਿਹਾਸ ਨੂੰ ਕਵੀਸ਼ਰੀ ਦੀ ਰੰਗਤ ਚਾੜ੍ਹ ਕੇ ਆਪਣਾ ਸਾਰਾ ਜੀਵਨ ਕਵੀਸ਼ਰੀ ਦੇ ਲੇਖੇ ਲਾਈ ਰੱਖਿਆ ਹੈ। ਇਹ ਉਹੀ ਜੋਗਾ ਸਿੰਘ ਜੋਗੀ ਹੈ, ਜਿਸ ਨੂੰ ਬੀਬੀਆਂ ਵੀ ਸਤਿਕਾਰ ਨਾਲ ਭੇਟਾ ਦਿੰਦਿਆਂ ਦੁਆ ਕਰਦੀਆਂ ਸਨ ਕਿ ਕਵੀਸ਼ਰੀ ਦਾ ਇਹ ਦੀਵਾ ਕਦੇ ਨਾ ਬੁਝੇ। ਪਰ ਹੋਣੀ ਪਿੱਛਾ ਕਿੱਥੇ ਛੱਡਦੀ ਹੈ ਤੇ ਲੰਘੇ ਵੀਰਵਾਰ, 9 ਨਵੰਬਰ ਨੂੰ ਕਰੀਬ 85 ਵਰ੍ਹਿਆਂ ਦੀ ਉਮਰ ਵਿਚ, ਤਿੰਨ ਕੁ ਹਫਤੇ ਡਾਕਟਰਾਂ ਦੀ ਮਦਦ ਨਾਲ ਜ਼ਿੰਦਗੀ ਅਤੇ ਮੌਤ ਦੀ ਘੋਲ ਕਰਦਿਆਂ ਕਵੀਸ਼ਰੀ ਦਾ ਇਹ ਜਰਨੈਲ ਹਾਰ ਹੀ ਗਿਆ।
ਜੋਗਾ ਸਿੰਘ ਜੋਗੀ ਦਾ ਜਨਮ ਗੁਰਦਾਸਪੁਰ ਜ਼ਿਲ੍ਹੇ ਦੇ ਬਾਬਾ ਬਕਾਲਾ ਨੇੜੇ ਪੈਂਦੇ ਪਿੰਡ ਤੁਗਲਵਾਲ ਵਿਖੇ ਮਾਤਾ ਦਲੀਪ ਕੌਰ ਅਤੇ ਪਿਤਾ ਜਾਵੰਦ ਸਿੰਘ ਦੇ ਘਰ 11 ਨਵੰਬਰ 1932 ਨੂੰ ਹੋਇਆ। ਪਿਤਾ ਦਾ ਸਾਇਆ ਬਚਪਨ ਵਿਚ ਹੀ ਉਠ ਜਾਣ ਕਾਰਨ ਜ਼ਿੰਦਗੀ ਨਾਲ ਸੰਘਰਸ਼ ਸ਼ੁਰੂ ਤੋਂ ਹੀ ਕਰਨਾ ਪੈ ਗਿਆ। ਸਕੂਲ ‘ਚ ਪੜ੍ਹਦਿਆਂ ਬੋਲਣ ਦੀ ਕਲਾ ਨੇ ਉਸ ਨੂੰ ਇੱਕ ਨਵਾਂ ਜੀਵਨ ਦਿੱਤਾ। ਸ਼ਾਇਦ ਇਹ ਅਜੀਬ ਲੱਗੇਗਾ, ਪਰ ਸ਼ੁਰੂਆਤੀ ਦਿਨਾਂ ‘ਚ ਉਹ ਕੁਝ ਸਿਆਸੀ ਪਾਰਟੀਆਂ ਲਈ ਵੀ ਗਾਉਂਦਾ ਰਿਹਾ। ਇਸੇ ਕਰਕੇ ਉਹਦੀਆਂ ਕੁਝ ਲਿਖਤਾਂ ‘ਚੋਂ ਹਵਾਲਾ ਵੀ ਮਿਲਦਾ ਹੈ। ‘ਹਕੂਮਤੇ ਲੁਟੇਰਿਆਂ ਦੀਏ, ਤੇਰੇ ਦਿਨ ਜ਼ਿੰਦਗੀ ਦੇ ਥੋੜੇ’ ਪਰ ਇਸ ਪਾਸੇ ਤੋਂ ਉਸ ਨੇ ਛੇਤੀ ਹੀ ਕਿਨਾਰਾਕਸ਼ੀ ਕਰ ਲਈ। ਹਾਲਾਂਕਿ ਉਹ ਲੋਕ ਕਲਾ ਦੇ ਖੇਤਰ ‘ਚ ਵਿਚਰਦਿਆਂ ਕਿਸੇ ਅਜਿਹੇ ਸ਼ਖਸ ਨੂੰ ਉਸਤਾਦ ਧਾਰਨਾ ਚਾਹੁੰਦਾ ਸੀ, ਜੋ ਉਸ ਨੂੰ ਜ਼ਿੰਦਗੀ ਜਿਉਣ ਲਈ ਪੈਸੇ ਕਮਾਉਣ ਦਾ ਸਾਧਨ ਵੀ ਦੇ ਸਕੇ। ਅਜਿਹੀ ਉਸਤਾਦੀ ਸ਼ਾਗਿਰਦੀ ਲਈ ਉਸ ਨੇ ਇੱਕ ਵਾਰ ਆਪਣਾ ਸਾਈਕਲ ਵੀ ਵੇਚ ਦਿੱਤਾ ਸੀ, ਪਰ ਕਮਾਲ ਇਹ ਹੋਈ ਕਿ ਗੁਰੂ ਦੇ ਲੜ ਲੱਗ ਗਿਆ। ਉਹਦਾ ਬਚਪਨ ਦਾ ਨਾਂ ਤਾਂ ਘਰਦਿਆਂ ਦੂਲਾ ਸਿੰਘ ਰੱਖਿਆ ਸੀ ਪਰ 15 ਅਗਸਤ 1947 ਨੂੰ ਜਿਸ ਦਿਨ ਦੇਸ਼ ਆਜ਼ਾਦੀ ਦਾ ਜਸ਼ਨ ਮਨਾ ਰਿਹਾ ਸੀ, ਉਸ ਦਿਨ ਇਸ ਦੂਲਾ ਸਿੰਘ ਨੇ ਗੁਰੂ ਦੇ ਲੜ ਲੱਗਣ ਦਾ ਫੈਸਲਾ ਲਿਆ ਤੇ ਉਹ ਦੂਲਾ ਸਿੰਘ ਤੋਂ ਜੋਗਾ ਸਿੰਘ ਬਣ ਗਿਆ। ਉਸ ਦੇ ਨਾਂ ਨਾਲ ਜੋਗੀ ਤਖੱਲਸ ਜੋੜਨ ਦਾ ਵੀ ਇੱਕ ਇਤਫਾਕ ਹੀ ਹੈ। ਉਹ ਇੱਕ ਵਾਰ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਝੌਰ ਵਿਚ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦੇ ਗੁਰਪੁਰਬ ‘ਤੇ ਗਏ, ਉਥੇ ਪੰਥ ਦੇ ਮਹਾਨ ਵਿਦਵਾਨ, ਕਥਾਵਾਚਕ ਵੀ ਹਾਜ਼ਰ ਸਨ। ਇੱਥੇ ਉਚ ਕੋਟੀ ਦੇ ਬੁਲਾਰੇ ਗੁਰਦਿਆਲ ਸਿੰਘ ਰਾਣੀਵਾਲਾ ਨੇ ਕਿਹਾ ਕਿ ਜੋਗਾ ਸਿੰਘ ਵੱਲ ਵੇਖੋ ਪਹਿਲੀ ਤੱਕਣੀ ਕਮਾਲ ਦੀ ਹੈ, ਇਸ ਮੁੰਡੇ ਨੂੰ ਗੱਲ ਬੜੀ ਫੁਰਦੀ ਹੈ, ਇਹਦਾ ਅੰਦਾਜ਼-ਏ-ਬਿਆਨ ਕਮਾਲ ਹੈ, ਗੱਲ ਦਾ ਸਲੀਕਾ ਬੜਾ ਹੈ ਤੇ ਇਹ ਜ਼ਿੰਦਗੀ ਵਿਚ ਕਿਸੇ ਮੁਕਾਮ ‘ਤੇ ਪੁੱਜੇਗਾ। ਇਹ ਜੋਗਾ ਸਿੰਘ ਵੀ ਹੈ ਤੇ ਜੋਗੀ ਵੀ। ਫਿਰ ਇਹੀ ਤਖੱਲਸ ‘ਜੋਗੀ’ ਸਾਰੀ ਉਮਰ ਉਹਦੇ ਨਾਂ ਨਾਲ ਜੁੜ ਗਿਆ। ਸ਼ਾਇਰੀ ਦੇ ਗੁਣ, ਛੰਦ ਕਲਾ ਦੀਆਂ ਬਾਰੀਕੀਆਂ ਜਦੋਂ ਉਹਨੇ ਢਾਡੀ ਸੋਹਣ ਸਿੰਘ ਸੀਤਲ ਤੋਂ ਸਿੱਖੀਆਂ ਤਾਂ ਇੱਕ ਤਰ੍ਹਾਂ ਨਾਲ ਜੋਗਾ ਸਿੰਘ ਜੋਗੀ ਸਿੱਖ ਕੌਮ ਦਾ ਉਹ ਹੀਰਾ ਬਣ ਗਿਆ, ਜਿਸ ਨੂੰ ਅੱਜ ਤੱਕ ਲੋਕੀਂ ਹੱਥੀਂ ਛਾਂਵਾਂ ਕਰਦੇ ਰਹੇ ਨੇ। ਗੁਰਬਤ ਤੋਂ ਜ਼ਿੰਦਗੀ ਸ਼ੁਰੂ ਕਰਕੇ ਉਤਰਾਅ-ਚੜ੍ਹਾਅ ਦੇਖਣ ਵਾਲਾ ਜੋਗੀ ਕਈ ਥਾਂ ਉਖੜਦਾ ਵੀ ਰਿਹਾ, ਪਰ ਉਸ ਨੇ ਆਪਣੀ ਕਲਾ ਨੂੰ ਕਿਤੇ ਵੀ ਪ੍ਰਭਾਵਿਤ ਨਹੀਂ ਹੋਣ ਦਿੱਤਾ। ਜੋਗੀ ਦੀ ਸ਼ਾਇਰੀ ‘ਚ ਸਭ ਤੋਂ ਖਾਸ ਗੱਲ ਇਹ ਰਹੀ ਹੈ ਕਿ 94 ਕਲੀਆਂ ਛੰਦ ਅਤੇ 72 ਕਲਾ ਛੰਦ ਨੂੰ ਸਭ ਤੋਂ ਵੱਧ ਵਡਿਆਈ ਲੈ ਕੇ ਦੇਣ ਵਾਲਾ ਵੀ ਇਹੀ ਮਹਾਨ ਕਵੀਸ਼ਰ ਹੈ।
ਜੋਗੀ ਦੇ ਲਿਖੇ ਪ੍ਰਸੰਗਾਂ ‘ਸਿੱਖ ਯੋਧਿਆਂ ਦੀਆਂ ਵਾਰਾਂ’ ਤੇ ਸਿੱਖ ਇਤਿਹਾਸ ਦੇ ਅਹਿਮ ਤੱਥਾਂ ਨੂੰ ਜੋ ਰੰਗਤ ਜੋਗਾ ਸਿੰਘ ਜੋਗੀ ਦੇ ਕਵੀਸ਼ਰੀ ਜਥੇ ਨੇ ਦਿੱਤੀ ਹੈ, ਉਸ ਨੂੰ ਐਲਬਮਾਂ, ਤਵਿਆਂ ਦੇ ਰੂਪ ਵਿਚ ਸਭ ਤੋਂ ਵੱਧ ਸੰਭਾਲਿਆ ਗਿਆ ਹੈ ਤੇ ਐਚæ ਐਮæ ਵੀæ ਤੋਂ ਲੈ ਕੇ ਟੀ-ਸੀਰੀਜ਼ ਤੱਕ ਦਰਜਨਾਂ ਕੰਪਨੀਆਂ ਨੇ ਉਸ ਦੀ ਆਵਾਜ਼ ਨੂੰ ਸੰਭਾਲ ਕੇ ਇੱਕ ਇਤਿਹਾਸ ਬਣਾ ਦਿੱਤਾ ਹੈ। ਲੋਕ ਕਿੱਸਿਆਂ ਨੂੰ ਗਾਉਣ ਵਾਲਾ ਜੋਗੀ ਕਿਤੇ ਕਿਤੇ ਹਾਸਰਸ, ਲੋਕਰੰਗ ਤੇ ਸਮਾਜਿਕ ਵਰਤਾਰੇ ‘ਤੇ ਵੀ ਟਕੋਰਾਂ ਕਰਦਾ ਰਿਹਾ ਹੈ। ਪਰ ਜਿਨ੍ਹਾਂ ਵੰਨਗੀਆਂ ‘ਤੇ ਸਿੱਖ ਜਗਤ ਮਾਣ ਕਰਦਾ ਹੈ, ਉਨ੍ਹਾਂ ਵਿਚ ਹਰੀ ਸਿੰਘ ਨਲੂਆ, ਮਹਾਰਾਣੀ ਜਿੰਦਾ, ਸਾਕਾ ਚਮਕੌਰ ਗੜ੍ਹੀ, ਬਾਬਾ ਬੰਦਾ ਸਿੰਘ ਬਹਾਦਰ, ਬਾਬਾ ਦੀਪ ਸਿੰਘ, ਕਲਗੀਧਰ ਦੀ ਅੰਤਿਮ ਯਾਤਰਾ, ਜੰਗ ਚਮਕੌਰ ਦੀ, ਸਾਕਾ ਸਰਹੰਦ, ਭਾਈ ਬਚਿੱਤਰ ਸਿੰਘ, ਬਿਧੀ ਚੰਦ ਦੇ ਘੋੜੇ, ਮੱਸਾ ਰੰਘੜ, ਰਣਜੀਤ ਨਗਾਰਾ ਅਤੇ ਭਾਈ ਬਚਿੱਤਰ ਸਿੰਘ ਦੀ ਗੁਰੂ ਸਾਹਿਬ ਨਾਲ ਗੱਲਬਾਤ ਨੂੰ ਕਵੀਸ਼ਰੀ ਤੇ ਛੰਦਬੰਦੀ ਵਿਚ ਬੰਨ੍ਹ ਕੇ ਇੱਕ ਤਰ੍ਹਾਂ ਨਾਲ ਅਮਰ ਰਚਨਾਵਾਂ ਬਣਾ ਗਿਆ ਹੈ।
‘ਚਿੱਠੀ ਲਿਖੀ ਮਹਾਰਾਣੀ ਨੇ ਸ਼ਾਮ ਸਿੰਘ ਨੂੰ
ਬੰਦੇ ਆਪਣੇ ਹੋ ਗਏ ਗੱਦਾਰ ਸਿੰਘਾ।’
ਮਹਾਰਾਣੀ ਜਿੰਦਾ ਦਾ ਇਹ ਖਤ ਜਿਸ ਅੰਦਾਜ਼ ਵਿਚ ਕਵੀਸ਼ਰ ਜੋਗਾ ਸਿੰਘ ਜੋਗੀ ਦਾ ਜਥਾ ਪੇਸ਼ ਕਰਦਾ ਰਿਹਾ ਹੈ, ਉਹ ਉਹਦੀ ਕਲਾ ਅਤੇ ਸੰਗੀਤ ਸ਼ੈਲੀ ਦਾ ਸਭ ਤੋਂ ਉਤਮ ਨਮੂਨਾ ਮੰਨਿਆ ਜਾ ਸਕਦਾ ਹੈ।
ਜੋਗਾ ਸਿੰਘ ਜੋਗੀ ਨੇ ਦਰਜਨਾਂ ਪੁਸਤਕਾਂ ਸਿੱਖ ਜਗਤ ਦੀ ਝੋਲੀ ਪਾਈਆਂ ਹਨ। ਉਹਦੀ ਆਖਰੀ ਪੁਸਤਕ ਸੀ, ‘ਚੋਣਵੇਂ ਛੰਦਾਂ ਦੀ ਸੌਗਾਤ’ (ਜੋਗੀ ਦੇ ਅਣਮੋਲ ਮੋਤੀ), ਪਰ ਉਹ ਆਖਦਾ ਹੁੰਦਾ ਸੀ ਮੇਰੇ ਕੋਲ ਛਪਣ ਲਈ ਹਾਲੇ ਮਸਾਲਾ ਬੜਾ ਪਿਆ ਹੈ।
ਜੋਗੀ ਦੇ ਕਵੀਸ਼ਰੀ ਜਥੇ ਨੂੰ ਚਾਰ ਚੰਨ ਲਾਉਣ ਵਾਲੇ ਸਰੂਪ ਸਿੰਘ ਸੂਰਵਿੰਡ, ਜਗੀਰ ਸਿੰਘ ਮੱਸ, ਗੁਰਮੁਖ ਸਿੰਘ ਐਮæ ਏæ, ਸਰਦਾਰਾ ਸਿੰਘ ਸ਼ੌਂਕੀ, ਸਤਨਾਮ ਰਾਮ ਸਿੰਘ ਲੱਥਾ ਮੁੰਡਾ, ਚਰਨ ਸਿੰਘ ਕੋਮਲ ਤੇ ਮੋਹਣ ਸਿੰਘ ਘਣੀਕੇ ਰਹੇ ਹਨ। ਉਸ ਦੇ ਸੈਂਕੜੇ ਸ਼ਾਗਿਰਦ ਅਤੇ ਦਰਜਨਾਂ ਅਜਿਹੇ ਲੋਕ ਹਨ, ਜੋ ਕਵੀਸ਼ਰੀ ਤੇ ਸੰਗੀਤ ਕਲਾ ਸਿੱਖਣ ਵਿਚ ਉਸ ਤੋਂ ਅਗਵਾਈ ਲੈਂਦੇ ਰਹੇ ਹਨ। ਅਜੀਤ ਸਿੰਘ ਦਰਦੀ, ਗੁਰਦਿਆਲ ਸਿੰਘ ਢਿੱਲਵਾਂ, ਸੁੱਖ ਸਿੰਘ ਡੇਰਾ ਪੁਰਾਣਾ, ਜਗਦੀਸ਼ ਸਿੰਘ ਰੰਧਾਵਾ, ਬਲਦੇਵ ਸਿੰਘ ਬੈਂਕਾ, ਲਖਵੀਰ ਸਿੰਘ ਮੱਸ ਤੇ ਅਮਰਜੀਤ ਸਿੰਘ ਸੋਢੀ ਉਸ ਦੇ ਲੇਖਣੀ ਵਿਚ ਸ਼ਾਗਿਰਦ ਹਨ। ਜੋਗਾ ਸਿੰਘ ਜੋਗੀ ਨਾ ਸਿਰਫ ਇੱਕ ਕਵੀਸ਼ਰ ਸੀ, ਨਾ ਸਿਰਫ ਸਿੱਖ ਕੌਮ ਦਾ ਪ੍ਰਚਾਰਕ ਸੀ, ਨਾ ਸਿਰਫ ਇੱਕ ਵਧੀਆ ਤੇ ਸੁਰੀਲਾ ਬੁਲਾਰਾ ਸੀ, ਸਗੋਂ ਉਹ ਇੱਕ ਚੇਤੰਨ ਮਨੁੱਖ ਸੀ, ਫਿਲਾਸਫਰ ਸੀ। ਉਹ ਸਰਮਾਏਦਾਰੀ ਤੇ ਅਜਾਰੇਦਾਰੀ ਖਿਲਾਫ ਆਵਾਜ਼ ਬੁਲੰਦ ਕਰਦਾ ਰਿਹਾ। ਉਹਦੀ ਕਵਿਤਾ ਖਲਕਤ ਦੀ ਬਾਤ ਪਾਉਂਦੀ ਸੀ, ਉਹਨੂੰ ਸੁਣ ਲੋਕ ਆਖਦੇ ਸਨ, ‘ਸੁਆਦ ਆ ਗਿਆ।’ ਤੇ ਜਿਨ੍ਹਾਂ ਨੇ ਉਹਦੀ ਪੁਸਤਕ ‘ਜੋਗੀ ਦੇ ਤਰਾਨੇ’ ਪੜ੍ਹੀ ਹੈ, ਉਹ ਜਾਣਦੇ ਹਨ ਕਿ ਸ਼ਾਇਰੀ ‘ਚ ਜੋਗਾ ਸਿੰਘ ਜੋਗੀ ਵਰਗਾ ਸ਼ਾਇਦ ਹੀ ਹੋਰ ਕੋਈ ਪੈਦਾ ਹੋ ਸਕੇ ਜਾਂ ਜੋਗੀ ਵਰਗਾ ਬਣ ਸਕੇ। ਜੋਗਾ ਸਿੰਘ ਜੋਗੀ ਨੇ ਇਕੱਲਾ ਸਿੱਖ ਇਤਿਹਾਸ ਹੀ ਨਹੀਂ ਲਿਖਿਆ ਤੇ ਗਾਇਆ, ਸਗੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ, ਚੰਦਰ ਸ਼ੇਖਰ ਅਜ਼ਾਦ, ਬੀæ ਕੇæ ਦੱਤ ਤੇ ਊਧਮ ਸਿੰਘ ਵਰਗੇ ਕੌਮੀ ਸ਼ਹੀਦਾਂ ਦੇ ਜੀਵਨ ਇਤਿਹਾਸ ਦੀ ਗੱਲ ਕਰਨ ਵਾਲਾ ਵੀ ਜੋਗੀ ਹੀ ਸੀ। ਨਾਮਧਾਰੀ ਲਹਿਰ, ਗਦਰ ਲਹਿਰ, ਬੱਬਰ ਅਕਾਲੀ ਲਹਿਰ ਨੂੰ ਜੋਸ਼ੀਲੇ ਰੰਗ ‘ਚ ਆਪਣੇ ਛੰਦਾਂ ਰਾਹੀਂ ਪਰੋ ਕੇ ਬਹੁਤ ਕੁਝ ਵੱਖਰਾ ਕਰ ਗਿਆ ਹੈ। ਸੱਚੀਂ ਜੋਗਾ ਸਿੰਘ ਜੋਗੀ ਭਗਤ ਬਾਣੀ ਤੋਂ ਲੈ ਕੇ ਭੱਟਾਂ ਤੱਕ, ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸਮ ਪਾਤਸ਼ਾਹ ਤੱਕ ਗੁਰ ਇਤਿਹਾਸ, ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਸ਼ੇਰੇ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਤੱਕ ਸਿੱਖ ਇਤਿਹਾਸ ਨੂੰ ਕਵੀਸ਼ਰੀ ਵਿਚ ਸੰਭਾਲ ਕੇ ਰੱਖ ਜਾਣਾ ਵੀ ਜੋਗਾ ਸਿੰਘ ਜੋਗੀ ਦੇ ਮਾਣ ਭਰੇ ਜੀਵਨ ਦਾ ਹੀ ਅਹਿਮ ਹਿੱਸਾ ਹੈ।
ਜੋਗਾ ਸਿੰਘ ਜੋਗੀ ਦੋਹਤਿਆਂ-ਪੋਤਿਆਂ ਵਾਲਾ ਬਹੁਤ ਵੱਡਾ ਪਰਿਵਾਰ ਛੱਡ ਕੇ ਤੁਰ ਗਿਆ ਹੈ, ਪਰ ਉਸ ਦੀ ਕਲਾ ਨੂੰ ਪ੍ਰੇਮ ਕਰਨ ਵਾਲੇ ਲੋਕ ਅਤੇ ਉਸ ਦੇ ਤੁਰ ਜਾਣ ‘ਤੇ ਅੱਥਰੂ ਸੁੱਟਣ ਵਾਲੇ ਉਹਦੇ ਪ੍ਰਸ਼ੰਸਕ ਸੱਚੀਂ ਉਸ ਦੇ ਪਰਿਵਾਰਕ ਮੈਂਬਰ ਹਨ। ਉਸ ਨੂੰ ਵੱਡੇ ਮਾਣ ਸਨਮਾਨ ਮਿਲੇ ਹਨ, ਉਹਨੇ ਦੁਨੀਆਂ ਦਾ ਕਾਫੀ ਹਿੱਸਾ ਗਾਹ ਲਿਆ ਹੈ, ਪਰ ਜੋ ਜੋਗੀ ਦਿਲਾਂ ਦੇ ਅੰਦਰ ਵਸਦਾ ਹੈ, ਉਹ ਧੜਕਣ ਵਾਂਗ ਰਹੇਗਾ ਤੇ ਉਸ ਨੂੰ ਭੁੱਲ ਜਾਣਾ ਕਦੇ ਸੰਭਵ ਹੋ ਹੀ ਨਹੀਂ ਸਕਦਾ। ਕਾਸ਼! ਜੋਗਾ ਸਿੰਘ ਜੋਗੀ ਵਰਗੇ ਕਵੀਸ਼ਰ ਪੈਦਾ ਹੁੰਦੇ ਰਹਿਣ।