ਨਹੀਂ ਸੰਭਲਾਂਗੇ ਤਾਂ ਪੁਰਖੇ ਕੀ ਕਹਿਣਗੇ?

ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿਚ ਸਰੀਰਕ ਪੱਖੋਂ ਹੀਣੇ ਸ਼ਰਧਾਲੂਆਂ ਲਈ ਕੁਰਸੀਆਂ ਲੱਗਣੀਆਂ ਚਾਹੀਦੀਆਂ ਹਨ ਜਾਂ ਨਹੀਂ, ਇਸ ਮਾਮਲੇ ‘ਤੇ ਵੱਡਾ ਵਿਵਾਦ ਹੈ। ਕਈ ਗੁਰੂ ਘਰਾਂ ਦੇ ਪ੍ਰਬੰਧਕਾਂ ਨੇ ਸ਼ਰਧਾਲੂ ਦੇ ਬੈਠਣ ਦੇ ਤਰੀਕੇ ਦੀ ਥਾਂ ਉਸ ਦੀ ਸ਼ਰਧਾ ਨੂੰ ਪਹਿਲ ਦਿੰਦਿਆਂ ਦੀਵਾਨ ਹਾਲ ਵਿਚ ਕੁਰਸੀਆਂ ਲੁਆ ਦਿੱਤੀਆਂ ਹੋਈਆਂ ਹਨ, ਖਾਸ ਕਰ ਵਿਦੇਸ਼ਾਂ ਵਿਚ। ਇਸ ਲੇਖ ਵਿਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ

ਗੁਰੂ ਗ੍ਰੰਥ ਸਾਹਿਬ ਵਿਭਾਗ ਦੇ ਸਾਬਕਾ ਮੁਖੀ ਪ੍ਰੋæ ਬਲਕਾਰ ਸਿੰਘ ਨੇ ਇਸੇ ਮਾਮਲੇ ਨੂੰ ਆਧਾਰ ਬਣਾ ਕੇ ਸਵਾਲ ਉਠਾਇਆ ਹੈ ਕਿ ਸਿੱਖ ਦੀ ਸ਼ਰਧਾ ਪਹਿਲਾਂ ਹੈ ਜਾਂ ਫਿਰ ਕੁਝ ਲੋਕਾਂ ਦੀ ਮਰਿਆਦਾ ਦੇ ਨਾਂ ‘ਤੇ ਬੇਮੁਹਾਰੀ ਹਉਮੈ? -ਸੰਪਾਦਕ

ਪ੍ਰੋæ ਬਲਕਾਰ ਸਿੰਘ
ਫੋਨ: 91-93163-01328

ਵੈਸੇ ਤਾਂ ਹਵਾ ਹੀ ਮੈਲੀ ਹੋ ਗਈ ਹੈ ਅਤੇ ਸਾਹ ਵੀ ਔਖੇ ਹੁੰਦੇ ਜਾ ਰਹੇ ਹਨ, ਪਰ ਇਸ ਨਾਲ ਸੁਭਾ ਜਿਸ ਤਰ੍ਹਾਂ ਬੇਇਤਬਾਰੇ ਹੁੰਦੇ ਜਾ ਰਹੇ ਹਨ, ਇਹ ਫਿਕਰ ਵਾਲੀ ਗੱਲ ਹੈ। ਤੇਜ਼ੀ ਨਾਲ ਵਾਪਰ ਰਹੀਆਂ ਘਟਨਾਵਾਂ ਵਿਚੋਂ ਇਕ ਮੇਰੇ ਨਾਲ 12 ਨਵੰਬਰ ਵਾਲੇ ਐਤਵਾਰ ਨੂੰ ਵਾਪਰ ਚੁਕੀ ਹੈ। ਮੇਰੇ ਮਿੱਤਰ ਦੀ ਪਤਨੀ ਕਰਤਾਰ ਕੌਰ ਦੇ ਭੋਗ ‘ਤੇ ਸਿੰਘ ਸਭਾ ਗੁਰਦੁਆਰਾ ਮਾਲ ਰੋਡ, ਪਟਿਆਲਾ ਗਿਆ ਤਾਂ ਵੇਖਿਆ ਕਿ ਵੱਡੀ ਗਿਣਤੀ 70ਵਿਆਂ ਤੋਂ ਟੱਪਿਆਂ ਹੋਇਆਂ ਦੀ ਸੀ।
ਮੇਰਾ ਮਿੱਤਰ ਪ੍ਰੋæ ਸਿੱਧੂ ਆਪ ਲਕਵੇ ਦਾ ਝੰਬਿਆ ਹੋਇਆ ਹੈ ਅਤੇ ਬਾਹਰ ਹੀ ਕੁਰਸੀ ‘ਤੇ ਬੈਠਾ ਆਉਣ ਵਾਲਿਆਂ ਨੂੰ ਮਿਲ ਰਿਹਾ ਸੀ। ਉਸ ਨੂੰ ਤੁਰਨ ਵਾਸਤੇ ਇਕ ਬੰਦੇ ਦਾ ਸਹਾਰਾ ਲੈਣਾ ਪੈਂਦਾ ਹੈ। ਮੈਂ ਵੀ ਮੱਥਾ ਟੇਕ ਕੇ ਉਸ ਕੋਲ ਹੀ ਆ ਗਿਆ। ਉਸ ਦੇ ਧੀ-ਜਵਾਈ ਅਤੇ ਨੂੰਹ-ਪੁੱਤ ਕੈਨੇਡਾ ਤੋਂ ਉਚੇਚੇ ਆਏ ਹੋਏ ਸਨ ਤੇ ਸਾਰੇ ਪ੍ਰਬੰਧ ਦੀ ਦੇਖ-ਭਾਲ ਕਰ ਰਹੇ ਸਨ। ਚਾਹ ਪਾਣੀ ਅਤੇ ਕੁਰਸੀਆਂ ਦਾ ਸ਼ਾਮਿਆਨੇ ਸਮੇਤ ਚੰਗਾ ਪ੍ਰਬੰਧ ਸੀ ਅਤੇ ਜੋ ਥੱਲੇ ਨਹੀਂ ਬੈਠ ਸਕਦੇ ਸਨ, ਉਹ ਬਾਹਰ ਹੀ ਬੈਠੇ ਹੋਏ ਸਨ। ਵੈਸੇ ਵੀ ਸਿੰਘ ਸਭਾ ਗੁਰਦੁਆਰਾ ਸਮਾਗਮਾਂ ਵਾਸਤੇ ਪਟਿਆਲਵੀਆਂ ਲਈ ਖਿੱਚ ਦਾ ਕੇਂਦਰ ਹੈ।
ਭੋਗ ਪੈਣ ਦੇ ਨੇੜੇ ਪ੍ਰੋæ ਸਿੱਧੂ ਨੂੰ ਪੁੱਛਿਆ ਗਿਆ ਕਿ ਉਹ ਅਰਦਾਸ ਮੌਕੇ ਅੰਦਰ ਜਾਣਾ ਚਾਹੁੰਦੇ ਹਨ? ਉਸ ਦਾ ਉਤਰ ਸੀ ਕਿ ਗੁਰੂ ਕੋਲ ਹਾਜ਼ਰੀ ਤਾਂ ਲੁਆਉਣੀ ਹੀ ਹੈ ਕਿਉਂਕਿ ਉਸੇ ਦੇ ਆਸਰੇ ਤਾਂ ਤੁਰੇ ਫਿਰਦੇ ਹਾਂ। ਮੈਨੂੰ ਉਸ ਦਾ ਬਚਨਬੱਧ ਜਜ਼ਬਾ ਬੜਾ ਚੰਗਾ ਲੱਗਾ। ਉਸ ਤੋਂ ਪਹਿਲਾਂ ਮੇਰੇ ਵਰਗਾ ਇਕ ਮੈਨੂੰ ਕਹਿ ਚੁਕਾ ਸੀ ਕਿ ਮੈਂ ਮੱਥਾ ਟੇਕ ਕੇ ਸਿੱਧਾ ਬਾਹਰ ਆ ਗਿਆ ਕਿਉਂਕਿ ਜੇ ਬੈਠਦਾ ਤਾਂ ਉਠਿਆ ਨਹੀਂ ਜਾਣਾ ਸੀ। ਉਸ ਦੀ ਪਤਨੀ ਗੋਡਿਆਂ ਕਰਕੇ ਮੱਥਾ ਟੇਕਣ ਵੀ ਨਹੀਂ ਜਾ ਸਕੀ ਕਿਉਂਕਿ ਉਸ ਨੂੰ ਡਾਕਟਰਾਂ ਨੇ ਪੌੜੀਆਂ ਚੜ੍ਹਨ ਤੋਂ ਮਨ੍ਹਾਂ ਕੀਤਾ ਹੋਇਆ ਹੈ। ਫੈਸਲਾ ਇਹ ਹੋਇਆ ਕਿ ਕੁਝ ਕੁਰਸੀਆਂ ਦਾ ਪ੍ਰਬੰਧ ਕਰ ਲਿਆ ਜਾਵੇ। ਹਾਲਾਂਕਿ ਪਹਿਲਾਂ ਕੁਰਸੀਆਂ ਹੁੰਦੀਆਂ ਸਨ, ਪਰ ਅੱਜ ਨਹੀਂ ਸਨ।
ਬਾਹਰ ਬੈਠੇ ਬਜ਼ੁਰਗਾਂ ਵਿਚ ਇਹ ਚਰਚਾ ਚੱਲਦੀ ਰਹੀ ਸੀ ਕਿ ਗੁਰਦੁਆਰਿਆਂ ਵਿਚ ਸ਼ਰਧਾਵਾਨਾਂ ਦੀਆਂ ਸਰੀਰਕ ਮਜਬੂਰੀਆਂ ਨਾਲ ਨਿਭ ਸਕਣ ਦੀ ਉਸ ਤਰ੍ਹਾਂ ਕੋਈ ਵਿਵਸਥਾ ਨਹੀਂ ਹੈ, ਜਿਸ ਨਾਲ ਸ਼ਰਧਾਵਾਨ ਦੀ ਸ਼ਰਧਾ ਵਿਚ ਰੁਕਾਵਟ ਨਾ ਪੈਂਦੀ ਹੋਵੇ। ਇਹ ਸਵਾਲ ਵੀ ਉਠਾਇਆ ਗਿਆ ਸੀ ਕਿ ਬਾਣੀ ਨਾਲੋਂ ਰਹਿਤ ਮਰਿਆਦਾ ਨੂੰ ਵੱਧ ਮਾਨਤਾ ਦੇਣ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਰਸੀ ਹੋਈ ਸਿੱਖ ਚੇਤਨਾ ਵਾਲੇ ਇਹ ਵੀ ਕਹਿ ਰਹੇ ਸਨ ਕਿ ਧਰਮ ‘ਤੇ ਸਿਆਸਤ ਦਾ ਕਬਜਾ ਹੋ ਜਾਣ ਨਾਲ ਹੀ ਅਜਿਹੇ ਵਰਤਾਰਿਆਂ ਦਾ ਬੋਲਬਾਲਾ ਹੁੰਦਾ ਜਾ ਰਿਹਾ ਹੈ। ਇਕ ਬਜ਼ੁਰਗ ਦਾ ਵਿਚਾਰ ਸੀ ਕਿ ੴ ਨਾਲੋਂ ਖੰਡੇ ਨੂੰ ਪਹਿਲ ਦਿੱਤੀ ਜਾਣ ਲੱਗ ਪਈ ਹੈ।
ਸਵਾਲਾਂ ਦਾ ਇਹ ਵਹਿਣ ਬਿਨਾ ਜਵਾਬਾਂ ਤੋਂ ਸਿੱਖੀ ਦੀ ਵਰਤਮਾਨ ਦਸ਼ਾ ਅਤੇ ਦਿਸ਼ਾ ਦੀ ਵਿਆਖਿਆ ਲੱਗ ਰਿਹਾ ਸੀ। ਬਜ਼ੁਰਗੀ ਵਾਲੇ ਅਨੁਭਵੀ ਲਗਾਉ ਦਾ ਇਹ ਵਕਤੀ ਵਹਿਣ ਉਸ ਵੇਲੇ ਰੁਕ ਗਿਆ ਜਦੋਂ ਪ੍ਰੋæ ਸਿੱਧੂ ਨੂੰ ਸਹਾਰੇ ਨਾਲ ਅਰਦਾਸ ਵਿਚ ਸ਼ਾਮਲ ਹੋਣ ਲਈ ਲੈ ਜਾਣ ਵਾਸਤੇ ਤਿਆਰੀ ਸ਼ੁਰੂ ਹੋ ਗਈ।
ਚਾਰ ਪੰਜ ਕੁਰਸੀਆਂ ਅੰਦਰ ਉਸ ਥਾਂ ‘ਤੇ ਰੱਖ ਲਈਆਂ ਸਨ, ਜਿਸ ਨਾਲ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਵਿਚ ਫਰਕ ਨਾ ਪੈਂਦਾ ਹੋਵੇ। ਮੈਂ ਅਜੇ ਕੁਰਸੀ ‘ਤੇ ਬੈਠਾ ਹੀ ਸਾਂ ਕਿ ਇਕ ਗੁਰਸਿੱਖ ਮੁਲਾਜ਼ਮ ਕੁਰਸੀਆਂ ਬਾਹਰ ਕੱਢਣ ਦਾ ਹੁਕਮ ਜਿਸ ਤਰ੍ਹਾਂ ਸੁਣਾ ਰਿਹਾ ਸੀ, ਉਸ ਨਾਲ ਲੱਗ ਰਿਹਾ ਸੀ ਕਿ ਇਕ ਮਰਿਆਦਾ ਦੀ ਪਾਲਨਾ ਵਾਸਤੇ ਇਕ ਮਰਿਆਦਾ ਦਾ ਧਿਆਨ ਨਹੀਂ ਰੱਖਿਆ ਜਾ ਰਿਹਾ ਸੀ। ਮੇਰੇ ਅੰਦਰਲਾ ਪ੍ਰੋਫੈਸਰ ਹਰਕਤ ਵਿਚ ਆ ਗਿਆ ਕਿਉਂਕਿ ਮੈਨੂੰ ਲੱਗਾ ਕਿ ਇਸ ਨੌਜਵਾਨ ਨੂੰ ਮੇਰੇ ਜਿੰਨਾ ਮਰਿਆਦਾ ਦਾ ਪਤਾ ਨਹੀਂ ਹੈ। ਕੁਰਸੀ ਤੋਂ ਉਠਣ ਦਾ ਹੁਕਮ ਸੁਣ ਕੇ ਮੈਂ ਉਸ ਦੀ ਬਾਂਹ ਫੜ੍ਹ ਕੇ ਸਮਝਾਉਣ ਦੀ ਕੋਸ਼ਿਸ਼ ਕਰਨ ਲੱਗਾ ਤਾਂ ਉਹ ਹੋਰ ਵੀ ਉਚੀ ਸੁਰ ਵਿਚ ਕਹਿਣ ਲੱਗ ਪਿਆ ਕਿ ਪਹਿਲਾਂ ਬਾਂਹ ਛੱਡ। ਮੈਂ ਇਹ ਵੀ ਨਾ ਕਹਿ ਸਕਿਆ ਕਿ ਬਾਂਹ ਤਾਂ ਪੁੱਤਰਾ ਮੈਂ ਇਸ ਕਰ ਕੇ ਫੜ੍ਹੀ ਹੈ ਕਿਉਂਕਿ ਮੈਨੂੰ ਆਸਰੇ ਦੀ ਲੋੜ ਹੈ। ਏਨੇ ਵਿਚ ਇਹ ਹਿੰਦੂ ਪ੍ਰੋਫੈਸਰ ਆ ਗਿਆ ਅਤੇ ਉਸ ਨੂੰ ਸਮਝਾਉਣ ਲੱਗਾ ਕਿ ਪ੍ਰੋਫੈਸਰ ਸਾਹਿਬ ਦੀ ਬਈਪਾਸ ਸਰਜਰੀ ਹੋਈ ਹੈ ਅਤੇ ਇਹ ਭੁੰਜੇ ਨਹੀਂ ਬੈਠ ਸਕਦਾ।
ਗੱਲ ਨੂੰ ਵਧਣ ਤੋਂ ਰੋਕਣ ਲਈ ਮੈਂ ਕਿਹਾ ਕਿ ਮੈਨੂੰ ਆਪਣਾ ਫਿਕਰ ਨਹੀਂ ਹੈ। ਪਰ ਪ੍ਰੋæ ਸਿੱਧੂ ਦਾ ਕੀ ਬਣੇਗਾ ਕਿਉਂਕਿ ਉਹ ਤਾਂ ਬਿਨਾ ਆਸਰੇ ਖਲੋ ਵੀ ਨਹੀਂ ਸਕਦਾ। ਕੁਰਸੀਆਂ ਚੁੱਕ ਦਿੱਤੀਆਂ ਗਈਆਂ ਤੇ ਮੈਂ ਇਹ ਵੇਖਣ ਲਈ ਬੈਠ ਗਿਆ ਕਿ ਵੇਖਾਂ ਪ੍ਰੋæ ਸਿੱਧੂ ਦਾ ਕੀ ਬਣਦਾ ਹੈ? ਮੇਰੇ ਕੋਲੋਂ ਬੈਠਿਆ ਨਹੀਂ ਗਿਆ ਅਤੇ ਮੈਨੂੰ ਬਾਹਰ ਆਉਣਾ ਪੈ ਗਿਆ। ਅੱਗੇ ਮੇਰੇ ਨਾਲੋਂ ਉਮਰ ਵਿਚ ਬਹੁਤ ਛੋਟੇ ਸਥਾਪਤ ਸਰਜਨ ਡਾæ ਕਾਂਡੇ ਬੈਠੇ ਹੋਏ ਸਨ ਕਿਉਂਕਿ ਉਸ ਨੂੰ ਰੀੜ੍ਹ ਦੀ ਤਕਲੀਫ ਨਾਲ ਜੂਝਣਾ ਪੈ ਰਿਹਾ ਸੀ। ਅਰਦਾਸ ਉਪਰੰਤ ਡਾæ ਕਾਂਡੇ ਦੀ ਪਤਨੀ ਡਾæ ਸਾਹਿਬ ਲਈ ਪ੍ਰਸ਼ਾਦ ਲੈ ਕੇ ਆਈ ਅਤੇ ਉਹੀ ਅਸੀਂ ਸਾਰਿਆਂ ਨੇ ਵੰਡ ਕੇ ਛਕਿਆ। ਮੇਰੇ ਅੰਦਰ ਬਚਪਨ ਵਿਚ ਸੁਣੇ ਢਾਡੀਆਂ ਦੇ ਇਹ ਬੋਲ ਛਣਕਣ ਲੱਗੇ, “ਇਕ ਮੁੱਠੀ ਛੋਲਿਆਂ ਦੀ ਖਾ ਕੇ ਤੇਰੇ ਲੰਗਰਾਂ ‘ਚੋਂ ਮਸਤ ਹੋਏ ਹਾਥੀਆਂ ਨੂੰ ਢਾਹਵੇ ਤੇਰਾ ਖਾਲਸਾ।” ਅਸੀਂ ਕਿਥੋਂ ਕਿਥੇ ਪਹੁੰਚ ਗਏ ਹਾਂ?
ਭੋਗ ਉਪਰੰਤ ਲੰਗਰ ਤਾਂ ਭੋਗ ਵਾਲੇ ਕਾਰਡਾਂ ਵਿਚ ਹੀ ਲਿਖਿਆ ਹੁੰਦਾ ਹੈ ਅਤੇ ਸਾਹਮਣੇ ਬੋਰਡ ਵੀ ਲੱਗਾ ਹੋਇਆ ਸੀ, ‘ਲੰਗਰ ਦਾ ਰਸਤਾ।’ ਸਾਰਾ ਪ੍ਰਬੰਧ ਬੈਹਰਿਆਂ ਕੋਲ ਸੀ ਅਤੇ ਪ੍ਰਬੰਧ ਵੀ ਬਹੁਤ ਵਧੀਆ ਕੀਤਾ ਹੋਇਆ ਸੀ। ਜੋ ਕੁਰਸੀਆਂ ਲੰਗਰ ਹਾਲ ਵਿਚ ਇਕ ਪਾਸੇ ਰੱਖੀਆਂ ਹੋਈਆਂ ਸਨ, ਉਹੀ ਕੁਰਸੀਆਂ ਕਿਸੇ ਵੇਲੇ ਗੁਰਦੁਆਰੇ ਦੇ ਅੰਦਰ ਰੱਖੀਆਂ ਹੁੰਦੀਆਂ ਸਨ। ਕੌਣ ਕਿਸ ਤੋਂ ਪੁੱਛੇ ਕਿ ਜੋ ਸੰਗਤ ਨੇ ਪਕਾਇਆ ਨਹੀਂ ਅਤੇ ਸੰਗਤ ਨੇ ਵਰਤਾਇਆ ਨਹੀਂ, ਉਹ ਲੰਗਰ ਕਿਵੇਂ ਹੋਇਆ? ਆਸਥਾ ਦੇ ਖੇਤਰ ਵਿਚ ਜਿਸ ਤਰ੍ਹਾਂ ‘ਬੋਲਣ ਦੀ ਨਹੀਂ ਜਾਹ ਵੇ ਅੜਿਆ’ ਵਾਲਾ ਵਰਤਾਰਾ ਆਮ ਹੁੰਦਾ ਜਾ ਰਿਹਾ ਹੈ, ਉਸ ਨਾਲ ਧਰਮ ਦੇ ਕੋਮਲ ਪਹਿਲੂ ਗੁੰਮ ਹੁੰਦੇ ਜਾ ਰਹੇ ਹਨ ਅਤੇ ਪ੍ਰਬੰਧਕੀ ਆਤੰਕਣ ਦਾ ਬੋਲਬਾਲਾ ਹੁੰਦਾ ਜਾ ਰਿਹਾ ਹੈ। ਕਿਸੇ ਵੇਲੇ ਸਿੱਖਾਂ ਕੋਲ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਦੇ ਹੱਲ ਲਈ ਸੰਸਥਾਵਾਂ ਸਨ, ਹੁਣ ਉਹ ਵੀ ਪ੍ਰਬੰਧਕੀ-ਅਪਹਰਣ ਦਾ ਸ਼ਿਕਾਰ ਹੋ ਗਈਆਂ ਹਨ। ਇਸੇ ਦਾ ਸਿੱਟਾ ਹੈ ਕਿ ਬਾਣੀ ਦੇ ਆਧਾਰ ‘ਤੇ ਪੈਦਾ ਹੋਇਆ ਆਮ ਬੰਦੇ ਵਾਲਾ ਸਿੱਖ ਧਰਮ, ਖਾਸ ਬੰਦਿਆਂ ਦੀ ਸਿਆਸਤ ਵਾਲਾ ਸਿੱਖ ਧਰਮ ਹੁੰਦਾ ਜਾ ਰਿਹਾ ਹੈ। ਇਸ ਵਿਚੋਂ ਨਿਕਲਣ ਵਾਸਤੇ ਲੋੜੀਂਦੀ ਚੇਤਨਾ ਲਹਿਰ ਨੂੰ ਧਰਮ ਪ੍ਰਚਾਰ ਦੇ ਨਾਂ ਹੇਠ ਦਬਾਉਣ ਦੀ ਪ੍ਰਬੰਧਕੀ-ਸਿਆਸਤ ਰੁਕਦੀ ਨਜ਼ਰ ਨਹੀਂ ਆਉਂਦੀ ਕਿਉਂਕਿ ‘ਮੈਂ ਗੁਰੂ ਦਾ ਹਾਂ’ ਵਾਲੀ ਸਿੱਖ ਲਹਿਰ ‘ਗੁਰੂ ਮੇਰਾ ਹੈ’ ਦੀ ਪੰਥਕ-ਸਿਆਸਤ ਸਮਝੀ ਜਾਣ ਲੱਗ ਪਈ ਹੈ। ਇਸੇ ਦਾ ਸਿੱਟਾ ਹੈ ਕਿ ਗੁਰਦੁਆਰਿਆਂ ਵਿਚ ਵੀ ਹਲੀਮ ਨੈਤਿਕਤਾ ਦੀ ਥਾਂ ਪ੍ਰਬੰਧਕੀ ਆਤੰਕਣ ਭਾਰੂ ਹੁੰਦਾ ਜਾ ਰਿਹਾ ਹੈ।