ਗੁਰਦੁਆਰਾ ਕਮੇਟੀਆਂ ਦੇ ਸੇਵਕ ਕਿ ਮਾਲਕ?

ਹਰਪਾਲ ਸਿੰਘ ਪੰਨੂ
ਫੋਨ: 91-94642-51454
ਪਿਛਲੇ ਦਿਨੀਂ ਇਕ ਪਿਛੋਂ ਇਕ ਕੁਝ ਅਜਿਹੀਆਂ ਘਟਨਾਵਾਂ ਵਾਪਰੀਆਂ ਕਿ ਦੁਨੀਆਂ ਭਰ ਵਿਚ ਵਸਦੇ ਸਿੱਖ ਸ਼ਰਮਿੰਦਾ ਹੋਏ। ਪਹਿਲੀ ਵਿਚ ਇਕ ਬਾਲੜੀ ਗੁਰਪੁਰਬ ਦੇ ਦਿਨ ਆਪਣੀ ਬਿਮਾਰ ਮਾਂ ਵਾਸਤੇ ਲੰਗਰ ਵਿਚੋਂ ਦਾਲ ਲਿਜਾਂਦੀ ‘ਫੜ੍ਹੀ’ ਗਈ-ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਹੱਤਕ ਕੀਤੀ ਅਤੇ ਦਾਲ ਖੋਹੀ। ਦੂਜੀ ਵਿਚ ਫਤਿਹਗੜ੍ਹ ਸਾਹਿਬ ਮੁਖ ਗੁਰਦੁਆਰੇ ਦੇ ਗੇਟ ‘ਤੇ ਇਕ ਹੋਰ ਬਾਲੜੀ ਹੱਥਾਂ ਵਿਚ ਫੜ੍ਹਿਆ ਸਾਮਾਨ ਵੇਚਦੀ ‘ਫੜ੍ਹੀ’ ਗਈ-ਚਪੇੜ ਮਾਰੀ ਗਈ ਅਤੇ ਸੌ ਰੁਪਿਆ ਫੀਸ ਵਸੂਲ ਕੀਤੀ ਗਈ। ਤੀਜੀ ਘਟਨਾ ਵਿਚ ਡਾæ ਹਰਜਿੰਦਰ ਸਿੰਘ ਦਿਲਗੀਰ ਨੂੰ ਪੰਥ ਵਿਚੋਂ ਛੇਕਣ ਵਾਸਤੇ ਤਖਤਾਂ ਦੇ ਜਥੇਦਾਰਾਂ ਨੇ ਮੀਟਿੰਗ ਬੁਲਾਈ ਪਰ ਡਾæ ਦਿਲਗੀਰ ਨੇ ਕਿਉਂਕਿ ਹਾਈਕੋਰਟ ਵਿਚ ਕੇਸ ਕਰ ਦਿੱਤਾ, ਮਸਲਾ ਜ਼ੇਰੇ ਅਦਾਲਤ ਹੋਣ ਕਾਰਨ ਫੈਸਲਾ ਮੁਲਤਵੀ ਕਰ ਦਿੱਤਾ ਗਿਆ।

ਦੋਹਾਂ ਬਾਲੜੀਆਂ ਨਾਲ ਜੋ ਵਾਪਰਿਆ, ਉਸ ਕਰਕੇ ਮੈਨੂੰ ਵੀ ਸ਼ਰਮਿੰਦਗੀ ਹੋਈ ਕਿਉਂਕਿ ਮੈਂ ਉਸੇ ਪੰਥ ਦਾ ਹਿੱਸਾ ਹਾਂ ਜਿਸ ਵਿਚ ਇਹ ਕਰਤੂਤਾਂ ਹੋਈਆਂ। ਪਹਿਲੇ ਕੇਸ ਵਿਚ ਥਾਣੇ ਮੁਕੱਦਮਾ ਦਰਜ ਹੋਇਆ। ਦੂਜੇ ਕੇਸ ਵਿਚ ਸ਼੍ਰੋਮਣੀ ਕਮੇਟੀ ਨੇ ਬਿਆਨ ਦਿੱਤਾ ਕਿ ਇਹ ਕੰਮ ਠੇਕੇਦਾਰ ਨੇ ਕੀਤਾ ਹੈ। ਖਰੀਦ-ਵੇਚ ਦਾ ਠੇਕਾ ਦੇ ਕੇ ਕਮੇਟੀ ਫਰਜ਼ ਤੋਂ ਮੁਕਤ ਹੋ ਚੁਕੀ ਹੈ। ਠੇਕੇਦਾਰ ਨੇ ਸੌ ਰੁਪਿਆ ਵਾਪਸ ਕਰ ਦਿੱਤਾ ਤੇ ਖਿਮਾ ਮੰਗ ਲਈ। ਕੋਈ ਬੰਦਾ ਜਾਂ ਸੰਸਥਾ ਆਪਣਾ ਕੰਮ ਕਿਸੇ ਹੋਰ ਨੂੰ ਸੌਂਪ ਸਕਦੇ ਹਨ ਪਰ ਆਪਣੀ ਜਿੰਮੇਵਾਰੀ ਨਹੀਂ ਸੌਂਪ ਸਕਦੇ। ਠੇਕੇਦਾਰ ਦੀ ਕਰਤੂਤ ਸ਼੍ਰੋਮਣੀ ਕਮੇਟੀ ਜਿੰਮੇ ਹੈ, ਖਿਮਾ ਕਮੇਟੀ ਨੂੰ ਮੰਗਣੀ ਚਾਹੀਦੀ ਹੈ।
ਪੱਛਮੀ ਦੇਸ਼ਾਂ ਵਿਚ ਗੁਰਪੁਰਬ ਮਨਾਉਣ ਸਮੇਂ ਲੰਗਰ ਛਕਣ ਉਪਰੰਤ ਐਲਾਨ ਕੀਤਾ ਜਾਂਦਾ ਹੈ ਕਿ ਵਧਿਆ ਲੰਗਰ ਸੰਗਤ ਲੈ ਜਾਵੇ। ਲੋੜ ਅਨੁਸਾਰ ਕੁਝ ਲੋਕ ਲੈ ਜਾਂਦੇ ਹਨ, ਕੁਝ ਭਲੇ ਲੋਕ ਵਧੀਕ ਲੰਗਰ ਲੈ ਜਾਂਦੇ ਹਨ ਕਿਉਂਕਿ ਗੁਰਦੁਆਰੇ ਨੂੰ ਆਉਂਦੀਆਂ ਸੜਕਾਂ ਦੇ ਚੌਰਾਹਿਆਂ ਉਪਰ ਹੱਥ ਵਿਚ ‘ਗੌਡ ਬਲੈਸ ਯੂ’ (ਰੱਬ ਤੁਹਾਡਾ ਭਲਾ ਕਰੇ) ਤਖਤੀਆਂ ਚੁੱਕੀ ਖਲੋਤੇ ਗਰੀਬ ਲੋਕਾਂ ਨੂੰ ਖਾਣਾ ਖੁਆਉਣਾ ਹੈ। ਜਿਹੜੇ ਸਿੱਖ ਅਜਿਹਾ ਕਰਦੇ ਹਨ, ਉਨ੍ਹਾਂ ਨੂੰ ਸਤਿਕਾਰ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ।
ਡਾæ ਹਰਜਿੰਦਰ ਸਿੰਘ ਦਿਲਗੀਰ ਦੀਆਂ ਲਿਖਤਾਂ ਹਲਕੇ ਪੱਧਰ ਦੀਆਂ ਹੁੰਦੀਆਂ ਹਨ, ਸ਼ੰਕਾਵਾਦ ਵਰਤਾਇਆ ਹੁੰਦਾ ਹੈ, ਤਾਂ ਵੀ ਉਸ ਨੂੰ ਪੰਥ ਵਿਚੋਂ ਛੇਕਣ ਦਾ ਜਾਂ ਰਚਨਾਵਾਂ ਉਤੇ ਪਾਬੰਦੀ ਲਾਉਣ ਦਾ ਹੱਕ ਤਖਤ ਜਥੇਦਾਰਾਂ ਨੂੰ ਕਿਵੇਂ ਮਿਲ ਗਿਆ? ਉਸ ਦੀਆਂ ਲਿਖਤਾਂ ਦੇ ਇਤਰਾਜ਼ਯੋਗ ਮੁੱਦਿਆਂ ਦਾ ਜਵਾਬ ਦਿੱਤਾ ਜਾ ਸਕਦਾ ਹੈ। ਜੇ ਤਖਤ, ਦੁਨੀਆਂਦਾਰੀ ਦੇ ਜੋੜ-ਤੋੜ ਤੋਂ ਸੁਤੰਤਰ ਹਨ, ਰੂਹਾਨੀ ਹੋਣ ਦਾ ਦਾਅਵਾ ਕਰਦੇ ਹਨ, ਜਥੇਦਾਰ ਹਾਈਕੋਰਟ ਦੇ ਸੰਮਨਾਂ ਤੋਂ ਕਿਉਂ ਘਬਰਾ ਗਏ?
ਇਕ ਪੁਰਾਣੀ ਘਟਨਾ ਯਾਦ ਆ ਗਈ। ਸੰਗਰੂਰ ਦੇ ਮਹਾਰਾਜਾ ਰਣਬੀਰ ਸਿੰਘ ਸੰਤ ਅਤਰ ਸਿੰਘ ਪਾਸ ਬੇਨਤੀ ਕਰਨ ਗਏ ਕਿ ਮਹਿਲ ਵਿਚ ਅਖੰਡ ਪਾਠ ਅਤੇ ਕੀਰਤਨ ਹੋਵੇ। ਜਥੇ ਨੇ ਪਾਠ ਕੀਤਾ, ਭੋਗ ਉਪਰੰਤ ਸੰਤ ਕੀਰਤਨ ਕਰਨ ਲਗੇ। ਅਚਾਨਕ ਵਿਚਕਾਰੋਂ ਕੀਰਤਨ ਸੰਤੋਖ ਕੇ ਮੱਥਾ ਟੇਕਿਆ ਤੇ ਆਪਣੇ ਕਮਰੇ ਵਿਚ ਚਲੇ ਗਏ। ਸਭ ਨੇ ਅਣਸੁਖਾਵਾਂ ਮਾਹੌਲ ਮਹਿਸੂਸ ਕੀਤਾ। ਮਹਾਰਾਜਾ ਸੰਤ ਜੀ ਦੇ ਕਮਰੇ ਵਿਚ ਗਏ ਤੇ ਪੁੱਛਿਆ, “ਕੋਈ ਅਵੱਗਿਆ ਹੋਈ ਬਾਬਾ ਜੀ?”
ਸੰਤ ਜੀ ਨੇ ਕਿਹਾ, “ਹਾਂ। ਕੀਰਤਨ ਕਰਦਿਆਂ ਅਕਸਰ ਨਜ਼ਰ ਇੱਧਰ-ਉਧਰ ਜਾਇਆ ਨਹੀਂ ਕਰਦੀ ਪਰ ਮੁੱਖ ਦਰਵਾਜ਼ੇ ਵੱਲ ਦੇਖਿਆ, ਕੋਈ ਸ਼ਰਧਾਲੂ ਕੀਰਤਨ ਸੁਣਨ ਦਾ ਇਛੁਕ ਦਰਬਾਨ ਨੇ ਰੋਕਿਆ ਤੇ ਵਾਪਸ ਭੇਜ ਦਿੱਤਾ। ਇਹ ਸਹੀ ਨਹੀਂ ਹੋਇਆ। ਮਹਾਰਾਜ ਗਰੀਬ ਦੀ ਝੌਂਪੜੀ ਵਿਚ ਚਰਨ ਪਾਉਣ ਜਾਂ ਮਹਿਲਾਂ ਵਿਚ, ਉਦੋਂ ਮਹਾਰਾਜ ਮਾਲਕ ਹੁੰਦੇ ਹਨ, ਵਸਨੀਕ ਸੇਵਾਦਾਰ। ਅੱਜ ਮਹਾਰਾਜ ਦੇ ਪ੍ਰਕਾਸ਼ ਦੌਰਾਨ ਵੀ ਮਾਲਕ ਮਹਾਰਾਜਾ ਰਣਬੀਰ ਸਿੰਘ ਰਿਹਾ ਤੇ ਸ਼ਰਧਾਲੂ ਵਾਪਸ ਮੋੜ ਦਿੱਤਾ। ਬੇਅਦਬੀ ਹੋਈ।”
ਮਹਾਰਾਜੇ ਨੇ ਕਿਹਾ, “ਮਨੁੱਖ ਭੁੱਲਣਹਾਰ ਹੁੰਦਾ ਹੈ ਬਾਬਾ ਜੀ, ਇਸ ਦਾ ਉਪਾਅ ਦੱਸੋ।”
ਸੰਤ ਜੀ ਨੇ ਕਿਹਾ, “ਕੌਣ ਸੀ ਸ਼ਰਧਾਲੂ, ਪਤਾ ਕਰੋ, ਉਸ ਨੂੰ ਸੱਦਾ ਦਿਉ, ਸੰਗਤ ਵਿਚ ਖਿਮਾ ਮੰਗੋ। ਉਹ ਖਿਮਾ ਕਰ ਦਏ ਤਾਂ ਕੀਰਤਨ ਹੋਵੇਗਾ, ਅਰਦਾਸ ਹੋਵੇਗੀ।”
ਮੁੜ ਗਿਆ ਸਿੱਖ ਲੱਭ ਕੇ ਲਿਆਂਦਾ ਗਿਆ, ਮਹਾਰਾਜੇ ਨੇ ਖਿਮਾ ਮੰਗੀ, ਦੀਵਾਨ ਦੀ ਸਮਾਪਤੀ ਅਰਦਾਸ ਅਤੇ ਸ਼ੁਕਰਾਨੇ ਨਾਲ ਹੋਈ।
ਸਾਖੀ ਇਸ ਕਰਕੇ ਸੁਣਾਉਣੀ ਵਾਜਬ ਲੱਗੀ ਕਿਉਂਕਿ ਗੁਰਦੁਆਰਾ ਕਮੇਟੀਆਂ ਦੇ ਪ੍ਰਧਾਨ-ਸਕੱਤਰ ਗੁਰੂ ਗੰ੍ਰਥ ਸਾਹਿਬ ਦੇ ਸੇਵਕ ਹੋਣ ਦੀ ਥਾਂ ਹੁਣ ਮਾਲਕ ਹੋ ਗਏ ਹਨ।