ਵਾਧੂ ਦੇ ਪੰਗੇ ‘ਚ ਕੌਣ ਪੈਂਦਾ

ਵਰਿਆਮ ਸਿੰਘ ਸੰਧੂ ਪੰਜਾਬੀ ਦਾ ਜ਼ਹੀਨ ਕਹਾਣੀਕਾਰ ਹੈ। ਪੇਂਡੂ ਪਿੱਠਭੂਮੀ ‘ਤੇ ਲਿਖੀਆਂ ਉਸ ਦੀਆਂ ਕਹਾਣੀਆਂ ਵਿਚ ਲੋਕ ਦਰਦ ਡੁਲ੍ਹ ਡੁਲ੍ਹ ਪੈਦਾ ਹੈ। ਪਹਿਲਾਂ ਉਸ ਨੇ ਨਕਸਲੀ ਲਹਿਰ ਅਤੇ ਫਿਰ ਖਾੜਕੂ ਲਹਿਰ ਦਾ ਸੇਕ ਆਪਣੇ ਪਿੰਡੇ ‘ਤੇ ਹੰਢਾਇਆ। ਪਾਠਕ ਜਿਉਂ ਕਹਾਣੀ ਪੜ੍ਹਨੀ ਸ਼ੁਰੂ ਕਰਦਾ ਹੈ ਤਾਂ ਬਸ ਇਸ ਵਹਿਣ ਵਿਚ ਹੀ ਵਹਿ ਜਾਂਦਾ ਹੈ। ਇਸ ਲੇਖ ਲੜੀ ਵਿਚ ਉਸ ਨੇ ਆਪਣੀ ਜ਼ਿੰਦਗੀ ਦੇ ਕੁਝ ਪੱਤਰੇ ਫੋਲੇ ਹਨ, ਜੋ ਪਾਠਕਾਂ ਨਾਲ ਸਾਂਝੇ ਕਰ ਰਹੇ ਹਾਂ।

-ਸੰਪਾਦਕ

ਵਰਿਆਮ ਸੰਧੂ

ਇਕ ਦਿਨ ਬੀਬੀ ਮੇਰੇ ਕੋਲ ਜਲੰਧਰ ਆਈ। ਚਿਹਰਾ ਉਤਰਿਆ ਹੋਇਆ ਤੇ ਡਾਢਾ ਉਦਾਸ, ਅੱਖਾਂ ਡੁੱਲ੍ਹਣ ਡੁੱਲ੍ਹਣ ਕਰਦੀਆਂ। ਪੁੱਛਣ ‘ਤੇ ਰੋਣ ਲੱਗੀ, “ਤੇਰੇ ਮਾਮੇ ਹਰਦੀਪ ਨੂੰ ਪਰਸੋਂ ਤਕਾਲੀਂ ਪੁਲਿਸ ਚੁੱਕ ਕੇ ਲੈ ਗਈ। ਪਹਿਲਾਂ ਤਾਂ ਪਤਾ ਨਹੀਂ ਸੀ ਲੱਗਦਾ ਕਿ ਕਿੱਥੇ ਲੈ ਗਏ, ਬੜੀ ਭੱਜ ਦੌੜ ਪਿੱਛੋਂ ਅੱਜ ਸਵੇਰੇ ਪਤਾ ਲੱਗਾ ਕਿ ਅੰਬਰਸਰ ਮਾਲ-ਮੰਡੀ ਵਿਚ ਉਹਦਾ ਕੁੱਟ ਕੁੱਟ ਕੇ ਬੁਰਾ ਹਾਲ ਕੀਤਾ ਪਿਆ। ਘਰਦਿਆਂ ਜਿੱਥੇ ਜਿੱਥੇ ਜੋਰ ਪੈਂਦਾ ਸੀ, ਪਾ ਕੇ ਵੇਖ ਲਿਐ। ਛੱਡਣ-ਛੁਡਾਉਣ ਵਾਲੀ ਗੱਲ ਤਾਂ ਦੂਰ, ਅੰਦਰੋਂ ਕਿਸੇ ਆਪਣੇ ਬੰਦੇ ਨੇ ਦੱਸਿਐ ਕਿ ਪੁੱਛ-ਗਿੱਛ ਕਰਕੇ ਅਗਲਿਆਂ ਅੱਜ ਰਾਤ ਨੂੰ ਜਾਂ ਕੱਲ੍ਹ ਰਾਤ ਨੂੰ ਉਹਦਾ ਮੁਕਾਬਲਾ ਬਣਾ ਕੇ ਮਾਰ ਦੇਣੈ। ਜੇ ਕੁੱਝ ਕਰ ਸਕਦੇ ਓ ਤਾਂ ਕਰ ਲਓ। ਹੁਣ ਤਾਂ ਤੂੰ ਹੀ ਉਹਨੂੰ ਬਚਾ ਸਕਦੈਂ। ਆਹ ਮੇਰੇ ਹੱਥ ਜੋੜੇ, ਪਿਛਲੀਆਂ ਗੱਲਾਂ ਭੁੱਲ ਕੇ ਤੂੰ ਕੋਈ ਚਾਰਾ ਕਰ; ਤੂੰ ਕਰ ਸਕਦਾ ਏਂ!”
ਆਪਣੇ ਦੋਵਾਂ ਮਾਮਿਆਂ ਨਾਲ ਮੇਰੇ ਯਾਰਾਂ ਵਰਗੇ ਸਬੰਧ ਰਹੇ ਹਨ। ਵੱਡਾ ਮਾਮਾ ਗੁਰਦੀਪ ਮੇਰੇ ਤੋਂ ਪੰਜ ਕੁ ਸਾਲ ਅਤੇ ਉਸ ਤੋਂ ਛੋਟਾ ਹਰਦੀਪ ਦੋ ਕੁ ਸਾਲ ਵੱਡਾ ਹੈ। ਮੇਰੇ ਲਈ ਬਚਪਨ ਦੇ ਸਭ ਤੋਂ ਯਾਦਗਾਰੀ ਦਿਨ ਉਹ ਹਨ ਜਦੋਂ ਮੈਂ ਗਰਮੀਆਂ ਦੀਆਂ ਛੁੱਟੀਆਂ ਵਿਚ ਆਪਣੇ ਨਾਨਕੇ ਪਿੰਡ ਆਪਣੇ ਮਾਮਿਆਂ ਦੀ ਸੰਗਤ ਵਿਚ ਖੇਡਦਾ, ਖੇਤਾਂ ਵਿਚ ਜਾਂਦਾ, ਡੰਗਰ ਚਾਰਦਾ, ਛਿੰਝਾਂ ਤੇ ਮੇਲੇ ਵੇਖਦਾ। ਸ਼ਾਮ ਨੂੰ ਪਿੰਡ ਦੇ ਜਵਾਨਾਂ ਦੀ ਕਬੱਡੀ ਵੇਖਦਾ, ਰਾਤ ਨੂੰ ਕਦੀ ਪਿੰਡ ਦੇ ਗੁਰਦੁਆਰੇ ਵਿਚ ਗੱਭਰੂਆਂ ਵੱਲੋਂ ਆਪਣੀ ਖੁਸ਼ੀ ਲਈ ਲਾਏ ‘ਢੋਲਕੀਆਂ-ਛੈਣਿਆਂ ਵਾਲੇ’ ਦੀਵਾਨ ਵਿਚ ਭਾਗ ਲੈਂਦਾ, ਕਦੀ ਚੰਨ-ਚਾਨਣੀ ਵਿਚ ਉਨ੍ਹਾਂ ਨਾਲ ਲੁਕਣ-ਮੀਟੀ ਖੇਡਦਾ। ਖੇਡਦੇ ਖੇਡਦੇ ਜਵਾਨ ਮੁੰਡੇ ਪਿੰਡੋਂ ਦੂਰ ਕਿਸੇ ਰੜੇ-ਮੈਦਾਨ ਵਿਚ ਬੋਲੀਆਂ, ਭੰਗੜਾ ਤੇ ਗਿੱਧਾ ਪਾਉਂਦੇ। ਮੇਰੇ ਮਾਮੇ ਮੇਰਾ ਮਾਣ ਤੇ ਮੇਰੀ ਤਾਕਤ ਹੁੰਦੇ। ਮੇਰੇ ਨਾਨਕਿਆਂ ਦਾ ਟੱਬਰ ਸੁਭਾ ਪੱਖੋਂ ਬਹੁਤ ਹੀ ਮਜ਼ਾਕੀਆ ਸੀ। ਜਿਸ ਵੀ ਵੱਡੇ ਛੋਟੇ ਦਾ ਜ਼ੋਰ ਚੱਲਦਾ, ਦੂਜੇ ਨੂੰ ਮਖੌਲ ਕਰਨ ਵਿਚ ਦੱਬ ਲੈਂਦਾ। ਦਬਾਓ ਵਿਚ ਆਉਣ ਵਾਲਾ ਝੂਠੀ ਮੂਠੀ ਹੱਸਣ ਲਈ ਮਜਬੂਰ ਹੁੰਦਾ। ਦੋਵੇਂ ਮਾਮੇ ਆਪਸ ਵਿਚ ਵੀ ਇੱਕ ਦੂਜੇ ਨੂੰ ਦਬੱਲ ਲੈਂਦੇ। ਮੈਨੂੰ ਵੀ ਕਿਸੇ ਨਾ ਕਿਸੇ ਦਾ ਸਾਥ ਦੇਣ ਕਰਕੇ ਕਦੀ ਕਦੀ ਆਪ ਵੀ ਹਮਲੇ ਦਾ ਸ਼ਿਕਾਰ ਹੋਣਾ ਪੈਂਦਾ। ਮੇਰੇ ਸੁਭਾ ਵਿਚ ਜ਼ਿੰਦਾਦਿਲੀ ਦਾ ਬਹੁਤਾ ਅੰਸ਼ ਮੇਰੇ ਨਾਨਕਿਆਂ ਦੀ ਦੇਣ ਹੀ ਹੈ। ਬੇਲਿਹਾਜ਼ ਹੋ ਕੇ ਅਸੀਂ ਇੱਕ ਦੂਜੇ ਦੀ ‘ਠੁਕਾਈ’ ਹੁਣ ਤੱਕ ਵੀ ਕਰ ਲੈਂਦੇ ਸਾਂ। ਮੇਰੇ ਲਈ ਬਚਪਨ ਦੇ ਸਭ ਤੋਂ ਉਦਾਸ ਕਰਨ ਵਾਲੇ ਦਿਨ ਵੀ ਉਹੋ ਹੁੰਦੇ ਜਦੋਂ ਛੁੱਟੀਆਂ ਮੁੱਕਣ ‘ਤੇ ਮੇਰੇ ਮਾਪੇ ਜਾਂ ਸਾਡਾ ਕੋਈ ਲਾਗੀ ਮੈਨੂੰ ਪਿੰਡ ਲੈ ਜਾਣ ਲਈ ਆਉਂਦਾ ਤੇ ਮੈਨੂੰ ਬੜੇ ਹੀ ਭਾਰੀ ਮਨ ਨਾਲ ਨਾਨਕਿਆਂ ਦੇ ਪਿੰਡ ਨੂੰ ਅਲਵਿਦਾ ਕਹਿਣੀ ਪੈਂਦੀ।
ਥੋੜ੍ਹਾ ਕੁ ਵੱਡਾ ਹੋਇਆ ਤਾਂ ਮੇਰੇ ਲਿਖਣ-ਪੜ੍ਹਨ ਦੇ ਸ਼ੌਕ ਵੱਲ ਵੇਖ ਕੇ ਮੇਰੇ ਮਾਮਿਆਂ ਨੇ ਉਨ੍ਹਾਂ ਨਾਲੋਂ ਉਮਰੋਂ ਛੋਟਾ ਹੋਣ ਦੇ ਬਾਵਜੂਦ ਮੈਨੂੰ ‘ਸਿਆਣਾ’ ਸਮਝਣਾ ਸ਼ੁਰੂ ਕਰ ਦਿੱਤਾ। ਉਹ ਮੇਰੀ ਗੱਲ ਦੀ ਕਦਰ ਕਰਦੇ। ਬਚਪਨ ਵਿਚ ਹੀ ਮੰਗਣਾ ਹੋ ਜਾਣ ਕਰਕੇ ਹਰਦੀਪ ਨੂੰ ਆਪਣੀ ਮੰਗ ਪਸੰਦ ਨਹੀਂ ਸੀ; ਉਸ ਨੇ ਜੇ ਬੀæ ਟੀæ ਵਿਚ ਪੜ੍ਹਦੇ ਨੂੰ ਮੈਨੂੰ ਚਿੱਠੀ ਲਿਖ ਕੇ ਇਸ ਸਾਕ ਨੂੰ ਛੱਡਣ ਜਾਂ ਨਾ ਛੱਡਣ ਬਾਰੇ ਮੇਰੀ ਰਾਇ ਮੰਗੀ। ਉਂਜ ਵੀ ਅਸੀਂ ਮਾਮੇ-ਭਣੇਵਾਂ ਮਿਲ ਕੇ ਅਕਸਰ ਹੀ ‘ਅੰਦਰਲੀਆਂ ਗੱਲਾਂ’ ਵੀ ਕਰ ਲੈਂਦੇ।
ਜਦੋਂ ਮੈਂ ਚੜ੍ਹਦੀ ਜਵਾਨੀ ਵੇਲੇ ਨਵੇਂ ਸਿਆਸੀ ਵਿਚਾਰਾਂ ਦੇ ਸੇਕ ਨਾਲ ਫੁਲਿਆ ਫਿਰਦਾ ਸਾਂ ਤਾਂ ਮੇਰੇ ਮਾਮੇ ਵੀ ਮੇਰੇ ਕਹਿਣ ‘ਤੇ ਆਪਣੇ ਇਲਾਕੇ ਵਿਚ ਮੇਰੇ ਵਿਚਾਰਾਂ ਵਾਲੇ ਮੇਰੇ ਸਾਥੀਆਂ ਦੀ ਧਿਰ ਬਣੇ। ਉਨ੍ਹਾਂ ਨੇ ਆਪਣੇ ਲਾਲ ਰੰਗ ਦੇ ‘ਇੰਟਰਨੈਸ਼ਨਲ’ ਟਰੈਕਟਰ ਦੇ ਮੱਥੇ ‘ਤੇ ‘ਜੈ-ਜਨਤਾ’ ਲਿਖਵਾਇਆ ਹੋਇਆ ਸੀ। ਕੁਝ ਹੀ ਚਿਰ ਪਿੱਛੋਂ ਮੇਰੇ ਵੱਲੋਂ ਅਪਨਾਏ ਸਿਆਸੀ ਪੈਂਤੜੇ ਤੋਂ ਜਦੋਂ ਮੈਂ ਆਪਣੇ ਪੈਰ ਪਿੱਛੇ ਖਿਸਕਾ ਲਏ ਤਦ ਵੀ ਮਾਮਾ ਗੁਰਦੀਪ ਕਈ ਸਾਲ ਮੈਨੂੰ ਕਹਿੰਦਾ ਰਿਹਾ, “ਤੂੰ ਭਾਵੇਂ ਆਪਣੇ ਵਿਚਾਰਾਂ ਨੂੰ ਬਦਲ ਲਿਆ ਪਰ ਜਿਨ੍ਹਾਂ ਬੰਦਿਆਂ ਨਾਲ ਤੂੰ ਸਾਨੂੰ ਮਿਲਾ ਕੇ ਗਿਆ ਸੈਂ, ਅਸੀਂ ਹੁਣ ਤੱਕ ਵੀ ਉਨ੍ਹਾਂ ਨੂੰ ਕਦੀ ਪਿੱਠ ਨਹੀਂ ਦਿੱਤੀ।”
ਮੇਰੇ ਸਾਰੇ ਰਿਸ਼ਤੇਦਾਰਾਂ ਵਿਚੋਂ ਮੇਰੇ ਮਾਮੇ ਹੀ ਸਨ ਜਿਨ੍ਹਾਂ ਕੋਲ ਜਾਣਾ, ਮਿਲ ਬੈਠਣਾ, ਗੱਲਾਂ ਕਰਨਾ ਮੈਨੂੰ ਸਕੂਨ ਦਿੰਦਾ ਸੀ। ਆਪਣੇ ਵਿਚੋਂ ਕਿਸੇ ਨਾ ਕਿਸੇ ਦੀ ਕੋਈ ਝੂਠੀ-ਸੱਚੀ ਕਮਜ਼ੋਰੀ ਜਾਂ ਗਲਤੀ ਲੱਭ ਕੇ ਅਸੀਂ ਇੱਕ ਦੂਜੇ ਦਾ ਮੌਜੂ ਬਣਾਉਂਦੇ। ‘ਟਾਹ! ਟਾਹ’ ਕਪਾਹੀ ਹਾਸਾ ਹੱਸਦੇ। ਹਰਦੀਪ ਬਹੁਤੀ ਵਾਰ ਵੱਡੇ ਮਾਮੇ ਗੁਰਦੀਪ ਦੇ ਹਮਲੇ ਦਾ ਸ਼ਿਕਾਰ ਹੋ ਜਾਂਦਾ। ਜੇ ਕਦੀ ਹਰਦੀਪ ਦਾ ਜ਼ੋਰ ਪੈਂਦਾ ਤਾਂ ਗੁਰਦੀਪ ਹਰਦੀਪ ਦੇ ਕੁੱਝ ਚਿਰ ਫੌਜ ਵਿਚ ਰਿਹਾ ਹੋਣ ਕਰਕੇ ‘ਫੌਜੀਆਂ ਦੀ ਅਕਲ’ ਦੇ ਨੁਕਤੇ ‘ਤੇ ਟਿੱਪਣੀ ਕਰਕੇ ਉਸ ਨੂੰ ਢਾਹ ਲੈਂਦਾ। ਹਰਦੀਪ ਸਾਡੇ ਨਾਲ ਮਿਲ ਕੇ ਹੱਸਦਾ ਰਹਿੰਦਾ ਤੇ ਆਪਣੀ ਵਾਰੀ ਦੀ ਉਡੀਕ ਵਿਚ ਰਹਿੰਦਾ। ਸਭ ਵਿਚ ਬਰਦਾਸ਼ਤ ਦਾ ਮਾਦਾ ਕਮਾਲ ਦਾ ਸੀ। ਕੋਈ ਵੀ ਗੁੱਸਾ ਨਾ ਕਰਦਾ ਕਿਉਂਕਿ ਸਾਰੇ ਜਾਣਦੇ ਸਨ ਕਿ ਇਹ ਸਿਰਫ ਮਜ਼ਾਕ ਹੈ। ਇਸ ਵਿਚ ਕਿਸੇ ਦੂਜੇ ਨੂੰ ਘਟੀਆ ਤੇ ਨੀਵਾਂ ਵਿਖਾਉਣ ਵਾਲੀ ਕਮੀਨਗੀ ਲੇਸ ਮਾਤਰ ਵੀ ਨਹੀਂ ਹੈ। ਇਹ ਹਾਸਾ-ਮਜ਼ਾਕ ਤਾਂ ਸ਼ੁਧ ਹਿਰਦਿਆਂ ਦਾ ਖੇੜਾ ਹੈ।
ਸਾਡੇ ਦਾਦੇ ਚੰਦਾ ਸਿੰਘ ਦੇ ਛੜੇ ਭਰਾ ਬਾਬੇ ਬਿਸ਼ਨ ਸਿੰਘ ਦੀ ਪਾਕਿਸਤਾਨ ਵਿਚ ਰਹਿ ਗਈ ਜਮੀਨ ਦੇ ਇਵਜ਼ ਵਿਚ ਜਿਹੜੀ ਜਮੀਨ ਮੁਕਤਸਰ-ਮਲੋਟ ਸੜਕ ਉਤਲੇ ਪਿੰਡ ਸਾਉਂਕੇ ਵਿਚ ਮਿਲੀ ਸੀ, ਉਸ ਦੀ ਸੰਭਾਲ ਪਹਿਲਾਂ ਦੋਵੇਂ ਬਾਬੇ ਕਰਦੇ ਰਹੇ ਸਨ ਤੇ ਉਨ੍ਹਾਂ ਦੀ ਮੌਤ ਪਿੱਛੋਂ ਮੇਰਾ ਪਿਤਾ ਹਰ ਸਾਲ ਜਾ ਕੇ ਉਸ ਜਮੀਨ ਦਾ ਹਿੱਸਾ-ਠੇਕਾ ਲੈ ਆਉਂਦਾ ਸੀ। ਪਿਤਾ ਦੀ ਮੌਤ ਤੋਂ ਬਾਅਦ ਮੈਂ ਆਪਣੇ ਮਾਮਿਆਂ ਤੇ ਘਰਦਿਆਂ ਦੀ ਸਲਾਹ ਨਾਲ ਉਸ ਜਮੀਨ ਨੂੰ ਵੇਚ ਦੇਣ ਦਾ ਨਿਰਣਾ ਲਿਆ। ਘਰਦਿਆਂ ਨੇ ਮੈਨੂੰ ਮੁਖਤਿਆਰਨਾਮਾ ਦੇ ਦਿੱਤਾ।
ਇਹ ਇਕੱਲੇ ਬੰਦੇ ਦੇ ਕਰਨ ਵਾਲਾ ਕੰਮ ਨਹੀਂ ਸੀ। ਮੈਂ ਮਾਮਿਆਂ ਕੋਲ ਗਿਆ। ਉਨ੍ਹਾਂ ਦਾ ਵਾਹੀ ਦਾ ਸਾਂਝਾ ਕੰਮ ਸੀ। ਵੱਡੇ ਮਾਮੇ ਗੁਰਦੀਪ ਨੇ ਘਰ ਦੀ ਜਿੰਮੇਵਾਰੀ ਓਟਦਿਆਂ ਹਰਦੀਪ ਨੂੰ ਮੇਰੇ ਨਾਲ ਭੇਜ ਦਿੱਤਾ। ਜਿਨ੍ਹਾਂ ਕੋਲ ਜਮੀਨ ਸੀ, ਉਹ ਪੰਜ ਭਰਾ ਸਨ। ਸਾਰੇ ਹੀ ਮਾਰ ਖੋਰੇ। ਤਿੰਨਾਂ ਦੀ ਰਿਹਾਇਸ਼ ਤਾਂ ਪਿੰਡ ਵਿਚ ਸੀ ਜਦ ਕਿ ਵੱਡੇ ਦੋਵੇਂ ਪਿੰਡੋਂ ਬਾਹਰ ਦੋ-ਢਾਈ ਮੀਲ ਦੀ ਦੂਰੀ ‘ਤੇ ਢਾਣੀ ਵਿਚ ਰਹਿੰਦੇ ਸਨ। ਸਾਡੀ ਜਮੀਨ ਇਨ੍ਹਾਂ ਦੋ ਵੱਡੇ ਭਰਾਵਾਂ ਦੇ ਕਬਜ਼ੇ ਹੇਠ ਸੀ। ਅਸੀਂ ਦੋਵੇਂ ਜਣੇ ਲੱਭਦੇ ਲਭਾਉਂਦੇ ਉਨ੍ਹਾਂ ਦੀ ਢਾਣੀ ‘ਤੇ ਜਾ ਪਹੁੰਚੇ। ਉਨ੍ਹਾਂ ਵਿਚੋਂ ਪਿਆਰਾ ਤਾਂ ਅਜੇ ਹੁਣੇ ਜਿਹੇ ਹੀ ਪਾਕਿਸਤਾਨ ਵਿਚੋਂ ਕੈਦ ਕੱਟ ਕੇ ਆਇਆ ਸੀ। ਉਹ ਦਾਹੜੀ ਕਤਰ ਕੇ ਤੇ ਅੱਖਾਂ ‘ਚ ਸੁਰਮਾ ਪਾ ਕੇ ਰੱਖਦਾ। ਸਾਨੂੰ ਸਾਡੀ ਜਮੀਨ ਦਾ ਗੇੜਾ ਕਢਾਉਂਦਿਆਂ ਤੇ ਕਿੱਲਿਆਂ ਦੀ ਜਾਣ-ਪਛਾਣ ਕਰਾਉਂਦਿਆਂ ਉਸ ਨੇ ਦੱਸਿਆ, “ਆਹ ਛੇ ਕੁ ਕਿੱਲੇ ਜਮੀਨ ਤਾਂ ਸਾਡੇ ਕੋਲ ਹੈ। ਦੋ ਕੁ ਕਿੱਲੇ ਪਿੱਛੇ ਪਿੰਡ ਕੋਲ ਕਿਸੇ ਹੋਰ ਨੂੰ ਦਿੱਤੀ ਹੋਈ ਹੈ ਭਾਊ ਦੀਦਾਰ ਸੁੰਹ ਨੇ। ਉਨ੍ਹਾਂ ਤੋਂ ਪੈਲੀ ਛੁਡਾ ਕੇ ਸਾਨੂੰ ਹੀ ਦੇ ਜਾਓ। ਨਹੀਂ ਤਾਂ ਉਨ੍ਹਾਂ ਨੇ ਕਬਜ਼ਾ ਕਰ ਲੈਣਾ। ਅਸੀਂ ਤਾਂ ਵੇਖ ਲੌ ਤੁਹਾਡੇ ਬਾਪ ਨੂੰ ਠੇਕਾ ਮੰਗਣ ‘ਤੇ ਕਦੀ ਅਗਲਾ ਦਿਨ ਨਹੀਂ ਸੀ ਪੈਣ ਦਿੱਤਾ ਤੇ ਉਨ੍ਹਾਂ ਦਾ ਪੁੱਛ ਕੇ ਵੇਖ ਲਿਓ; ਅਜੇ ਵੀ ਬਕਾਇਆ ਖੜ੍ਹਾ ਹੋਣੈ!”
ਅਸੀਂ ਜਮੀਨ ਵੇਚ ਦੇਣ ਦੇ ਫੈਸਲੇ ਬਾਰੇ ਉਨ੍ਹਾਂ ਨੂੰ ਦੱਸਿਆ।
ਉਨ੍ਹਾਂ ਦੋਵਾਂ ਭਰਾਵਾਂ ਨੇ ਵੀ ਸਸਤੇ ਭਾਅ ਜਮੀਨ ਮਿਲ ਜਾਣ ਦੇ ਲਾਲਚ ਵਿਚ ਸਾਡੇ ਨਾਲ ਸੌਦਾ ਕਰਕੇ ਦਸ ਕੁ ਹਜ਼ਾਰ ਰੁਪਈਆ ਬਿਆਨਾ ਦੇ ਦਿੱਤਾ ਤੇ ਕੁਝ ਮਹੀਨਿਆਂ ਬਾਅਦ ਰਜਿਸਟਰੀ ਕਰਵਾਉਣ ਦੀ ਤਰੀਕ ਪੱਕੀ ਕਰ ਲਈ। ਪਰ ਪਿੱਛੋਂ ਸ਼ਾਇਦ ਉਨ੍ਹਾਂ ਸਲਾਹ ਬਣਾ ਲਈ ਕਿ ਉਹ ਏਨੇ ਸਾਲਾਂ ਤੋਂ ਜਮੀਨ ਵਾਹ ਰਹੇ ਹਨ, ਗਿਰਦੌਰੀ ਉਨ੍ਹਾਂ ਦੇ ਨਾਂ ਹੈ; ਅਸੀਂ ਉਨ੍ਹਾਂ ਤੋਂ ਜਮੀਨ ਛੁਡਾ ਨਹੀਂ ਸਕਾਂਗੇ। ਉਨ੍ਹਾਂ ਰਜਿਸਟਰੀ ਵਾਲੇ ਦਿਨ ਪੈਸਿਆਂ ਦਾ ‘ਪੂਰਾ ਪ੍ਰਬੰਧ’ ਨਾ ਹੋ ਸਕਣ ਦਾ ਬਹਾਨਾ ਲਾਇਆ ਤੇ ਉਸ ਵੇਲੇ ਐਵੇਂ ਨਾ-ਮਾਤਰ ਜਿਹੀ ਰਕਮ ਦੇਣ ਅਤੇ ਬਾਕੀ ਰਕਮ ਕੁਝ ਮਹੀਨਿਆਂ ਬਾਅਦ ਦੇ ਦੇਣ ਦਾ ਲਾਰਾ ਲਾ ਕੇ ਸਾਨੂੰ ਓਸੇ ਦਿਨ ਰਜਿਸਟਰੀ ਕਰਵਾ ਦੇਣ ਲਈ ਕਿਹਾ।
ਅੱਧ-ਪਚੱਧੇ ਪੈਸੇ ਲੈ ਕੇ ਰਜਿਸਟਰੀ ਕਿਵੇਂ ਕਰਵਾਈ ਜਾ ਸਕਦੀ ਸੀ! ਰਜਿਸਟਰੀ ਹੋਣ ਬਾਅਦ ਉਨ੍ਹਾਂ ਨੇ ਸਾਨੂੰ ਕੀ ਡਾਹ-ਦਵਾਲ ਹੋਣਾ ਸੀ! ਜਮੀਨ ਦਾ ਬਿਆਨਾ ਕਰਨ ਵੇਲੇ ਵੀ ਅਤੇ ‘ਰਜਿਸਟਰੀ’ ਵਾਲੇ ਦਿਨ ਮਾਮਾ ਹਰਦੀਪ ਮੇਰੇ ਨਾਲ ਸੀ। ਅਸੀਂ ਉਨ੍ਹਾਂ ਨੂੰ ਜਵਾਬ ਦਿੱਤਾ ਕਿ ਜਦੋਂ ਉਹ ਪੈਸੇ ਤਿਆਰ ਕਰ ਲੈਣਗੇ ਤਾਂ ਅਸੀਂ ਉਦੋਂ ਹੀ ਰਜਿਸਟਰੀ ਕਰਵਾ ਦਿਆਂਗੇ। ਨਿਰਾਸ਼ ਹੋ ਕੇ ਅਸੀਂ ਘਰਾਂ ਨੂੰ ਪਰਤ ਆਏ। ਪਰ ਉਹ ਤਾਂ ਮੁੜ ਕੇ ਜਿਵੇਂ ਗੁੰਗੇ ਹੋ ਗਏ। ਕੋਈ ਪਤਾ ਨਾ ਸੁਰ। ਅੱਠ ਏਕੜ ਜਮੀਨ ਦਾ ਅਸੀਂ ਤਾਂ ਐਵੇਂ ਨਾ-ਮਾਤਰ ਦਸ ਹਜ਼ਾਰ ਰੁਪਈਆ ਬਿਆਨਾ ਲਿਆ ਸੀ। ਉਹ ਤਾਂ ਜਮੀਨ ਦੱਬ ਲੈਣ ਦਾ ਫੈਸਲਾ ਕਰੀ ਬੈਠੇ ਸਨ।
ਅਸੀਂ ਦੋ-ਚੌਂਹ ਮਹੀਨਿਆਂ ਬਾਅਦ ਮਾਮਾ-ਭਣੇਵਾਂ ਉਨ੍ਹਾਂ ਦੇ ਪਿੰਡ ਦਾ ਫੇਰਾ ਮਾਰਦੇ। ਮੈਂ ਸਕੂਲੋਂ ਛੁਟੀਆਂ ਲੈਂਦਾ। ਮਾਮਾ ਆਪਣੇ ਪਰਿਵਾਰ ਅਤੇ ਵਾਹੀ ਦਾ ਕੰਮ ਛੱਡ ਕੇ ਮੇਰੇ ਨਾਲ ਤੁਰ ਪੈਂਦਾ। ਅਸੀਂ ਦਸ ਦਸ ਦਿਨ ਲਾ ਕੇ ਖੱਜਲ-ਖਰਾਬ ਹੋ ਕੇ ਮੁੜਦੇ। ਕਦੀ ਉਨ੍ਹਾਂ ਕੋਲ, ਕਦੀ ਮੁਕਤਸਰ ਗੁਰਦੁਆਰੇ ਵਿਚ ਤੇ ਕਦੀ ਮਲੋਟ ਕਿਸੇ ਹੋਟਲ ਵਿਚ ਰਾਤਾਂ ਕੱਟਦੇ। ਦਿਨੇ ਉਨ੍ਹਾਂ ਦੋਵਾਂ ਭਰਾਵਾਂ ਨੂੰ ਲੱਭਣ ਤੇ ਮਿਲਣ ਉਨ੍ਹਾਂ ਦੀ ਢਾਣੀ ਵੱਲ ਤੁਰ ਪੈਂਦੇ। ਉਨ੍ਹਾਂ ਦੋਵਾਂ ਭਰਾਵਾਂ ਨੇ ਬੜੀ ਨਾਟਕੀ ਸਥਿਤੀ ਬਣਾ ਲਈ ਹੋਈ ਸੀ। ਉਨ੍ਹਾਂ ਨੇ ਇੱਕ ਦੂਜੇ ਨਾਲ ਲੜੇ ਹੋਣ ਅਤੇ ਬੋਲ-ਚਾਲ ਬੰਦ ਕੀਤੇ ਹੋਣ ਦਾ ਸਵਾਂਗ ਰਚਾ ਲਿਆ।
ਇੱਕ ਵਾਰ ਗਏ ਤਾਂ ਜਾਂਦਿਆਂ ਨੂੰ ਘਰ ਵਿਚ ਪਿਆਰਾ ਮਿਲਿਆ। ਚਾਹ-ਪਾਣੀ ਪਿਆ ਕੇ ਉਸ ਆਖਿਆ, “ਮੈਂ ਤਾਂ ਭੱਜਿਆ ਨਹੀਂ। ਮੇਰੇ ਪੈਸੇ ਤਾਂ ਤਿਆਰ ਨੇ। ਮੇਰੇ ਵੱਲੋਂ ਭਾਵੇਂ ਸਵੇਰੇ ਰਜਿਸਟਰੀ ਕਰਾ ਲੌ। ਤੁਸੀਂ ਤਾਰੇ ਨੂੰ ਮਨਾ ਲੌ। ਮੇਰੇ ਨਾਲ ਤਾਂ ਸਿੱਧੇ ਮੂੰਹ ਬੋਲਦਾ ਈ ਨਹੀਂ। ਮੈਂ ਤਾਂ ਸੀਰੀ ਰਾਹੀਂ ਉਹਨੂੰ ਕਈ ਵਾਰ ਅਖਵਾਇਐ ਕਿ ਉਨ੍ਹਾਂ ਵਿਚਾਰਿਆਂ ਨੂੰ ਕਿਉਂ ਗੇੜੇ ਮਰਵਾਉਂਦੈਂ। ਉਹ ਉਥੋਂ ਰੱਬ ਦੀ ਧੁੰਨੀ ‘ਚੋਂ ਤੁਰ ਕੇ ਆਉਂਦੇ ਨੇ ਵਿਚਾਰੇ। ਪਰ ਉਹ ਕੋਈ ਨਿਆਂ ਈ ਨਹੀਂ ਦਿੰਦਾ। ਹੈ ਤਾਂ ਹਾਸੇ ਵਾਲੀ ਗੱਲ; ਮੂਰਖ ਕਿਸੇ ਥਾਂ ਦਾ, ਸੀਰੀ ਨੂੰ ਆਖਦਾ ਸੀ; ਜੇ ਜਮੀਨ ਦੇ ਪੈਸੇ ਈ ਦੇਣੇ ਨੇ ਤਾਂ ਆਹ ਦੁਨਾਲੀ ਕਾਹਦੇ ਲਈ ਰੱਖੀ ਹੋਈ ਹੈ, ਮੈਂ ਆਖਦਾਂ ਕਮਲਿਆ ਬੰਦੇ ਦੀ ਕੋਈ ਜ਼ਬਾਨ ਵੀ ਹੁੰਦੀ ਐ। ਨਹੀਂ ਇਤਬਾਰ ਤਾਂ ਆਹ ਤੁਰਿਆ ਆਉਂਦਾ ਜੇ ਘੋੜੀ ‘ਤੇ। ਮੇਰੇ ਸਾਹਮਣੇ ਪੁੱਛ ਵੇਖੋ।”
ਏਨੀ ਆਖ ਕੇ ਉਸ ਆਪਣੇ ਸਿਰਹਾਣੇ ਹੇਠੋਂ ਦਾਤਰ ਕੱਢਿਆ ਤੇ ਸਾਡੇ ਲਈ ‘ਸਵੇਰ ਵਾਸਤੇ ਦਾਤਣਾਂ ਛਾਂਗਣ’ ਤੁਰ ਪਿਆ। ਸਾਨੂੰ ਰੁੱਖਾਂ ਹੇਠ ਮੰਜੇ ‘ਤੇ ਬੈਠਿਆਂ ਵੇਖ ਤਾਰਾ ਘੋੜੀ ਤੋਂ ਉਤਰਿਆ। ਮੋਢੇ ਤੋਂ ਲਾਹ ਕੇ ਦੁਨਾਲੀ ਹੱਥ ਵਿਚ ਫੜ੍ਹੀ। ਫਤਿਹ ਬੁਲਾਈ, ਹਾਲ-ਚਾਲ ਪੁੱਛਿਆ। ਪਿਆਰੇ ਨੂੰ ਆਉਂਦਾ ਵੇਖ ਘੋੜੀ ਦੀ ਲਗਾਮ ਫੜ੍ਹੀ ਪਰ੍ਹੇ ਆਪਣੇ ਘਰ ਵੱਲ ਇਹ ਕਹਿੰਦਾ ਤੁਰ ਪਿਆ, “ਕੋਈ ਨਹੀਂ ਮਿਲਦੇ ਆਂ। ਤੁਸੀਂ ਕਰੋ ਗੱਲ-ਬਾਤ।”
ਉਹ ਰਾਤ ਅਸੀਂ ਪਿਆਰੇ ਕੋਲ ਕੱਟੀ। ਕੋਠੇ ਦੀ ਇੱਕ ਨੁੱਕਰੇ ਪਏ ਨਰਮੇ ਦੀ ਢੇਰੀ ਉਤੇ ਚੂਹੇ ਛਾਲਾਂ ਮਾਰਦੇ ਤਾਂ ਉਨ੍ਹਾਂ ਦਾ ਖੜਾਕ ਸੁਣ ਕੇ ਅਸੀਂ ਤ੍ਰਭਕ ਕੇ ਉਠਦੇ। ਮਸਾਂ ਮਸਾਂ ਦਿਨ ਚੜ੍ਹਿਆ। ਅਗਲੇ ਦਿਨ ਤਾਰੇ ਨੂੰ ਮਿਲੇ ਤੇ ਪਿਆਰੇ ਦੀਆਂ ਕੱਲ੍ਹ ਕੀਤੀਆਂ ਗੱਲਾਂ ਦੇ ਹਵਾਲੇ ਨਾਲ ਗੱਲ ਤੋਰੀ। ਉਸ ਆਖਿਆ, “ਐਵੇਂ ਕੁੱਤਾ ਭੌਂਕਦਾ ਐ। ਬੰਦੂਖ ਦਾ ਲਸੰਸ ਤਾਂ ਆਹ ਉਜਾੜ-ਬੀਆਬਾਨ ਵਿਚ ਬੈਠੇ ਹੋਣ ਕਰਕੇ ਲਿਐ। ਤੁਸੀਂ ਆਪ ਨਹੀਂ ਵੇਖਿਆ; ਕੱਲ੍ਹ ਤੁਹਾਨੂੰ ਦਾਤਰ ਵਿਖਾਉਂਦਾ ਫਿਰਦਾ ਸੀ। ਦਾਤਣਾਂ ਛਾਂਗਣ ਦਾ ਤਾਂ ਬਹਾਨਾ ਈ ਐ। ਮੈਨੂੰ ਦੂਜੇ-ਚੌਥੇ ਦਿਨ ਸੁਣਾਉਂਦਾ ਰਹਿੰਦੈ; ‘ਮੈਂ ਤਾਂ ਅਗਲਿਆਂ ਦੀਆਂ ਐਦਾਂ ਈ ਪਦੀੜਾਂ ਪਵਾ ਦੇਣੀਆਂ। ਤੂੰ ਪੈਸੇ ਦੇਣੇ ਨੇ ਤਾਂ ਦੇਂਦਾ ਫਿਰ।’ ਵੇਖੋ ਜੀ ਆਹ ਨਰਮਾ ਚੁਗਿਆ ਪਿਐ ਸਾਰਾ। ਜਿਸ ਦਿਨ ਵਿਕ ਗਿਆ, ਓਸੇ ਦਿਨ ਰਜਿਸਟਰੀ ਕਰਵਾ ਦਿਓ। ਉਸ ਨਾਲ ਗੱਲ ਕਰ ਕੇ ਮਹੀਨੇ ਖੰਡ ਦੀ ਤਰੀਕ ਮਿਥ ਕੇ ਆ ਜਾਓ ਬੇਸ਼ੱਕ!”
ਤਾਰੇ ਨੇ ਛਾਹ ਵੇਲਾ ਤਿਆਰ ਕਰਵਾ ਲਿਆ। ਛਾਹ-ਵੇਲੇ ਤੋਂ ਵਿਹਲੇ ਹੋ ਅਸੀਂ ਪਿਆਰੇ ਵੱਲ ਗਏ, ਉਹ ਤਾਂ ਮੁਕਤਸਰ ਨੂੰ ਤੁਰ ਗਿਆ ਸੀ। ਸਾਰੀ ਦਿਹਾੜੀ ਤਾਰੇ ਕੋਲ ਬੈਠੇ ਪਿਆਰੇ ਨੂੰ ਉਡੀਕਦੇ ਰਹੇ। ਉਸ ਕੋਲ ਰਾਤ ਕੱਟੀ। ਪਿਆਰਾ ਦੇਰ ਰਾਤ ਘਰ ਪਰਤਿਆ। ਦਿਨੇ ਪਿਆਰੇ ਵੱਲ ਗਏ। ਉਹ ਕਹਿੰਦਾ, “ਉਹ ਮਹੀਨੇ ਨੂੰ ਕਹਿੰਦਾ, ਮੇਰੀ ਵੱਲੋਂ ਦਸਾਂ ਦਿਨਾਂ ਨੂੰ ਆ ਜਾਓ।” ਅਸੀਂ ਖੁਸ਼ ਹੋ ਕੇ ਤਾਰੇ ਦੇ ਘਰ ਵੱਲ ਮੁੜੇ ਤਾਂ ਉਹਦੀ ਘਰਵਾਲੀ ਕਹਿੰਦੀ, “ਜੀ ਉਹ ਤਾਂ ਤਾਮ ਕੋਟ ਨੂੰ ਟੁਰ ਗਏ ਨੇ।”
“ਕਦੋਂ ਕੁ ਆਉਣਗੇ?”
“ਜੀ ਦੱਸ ਕੇ ਕੋਈ ਨਹੀਂ ਗਏ।”
ਗੱਲ ਕੀ; ਉਨ੍ਹਾਂ ਸਾਨੂੰ ਨਿਆਂ ਤਾਂ ਕੀ ਦੇਣਾ ਸੀ; ਹਫਤਾ ਹਫਤਾ ਭਰ ਉਹ ਦੋਵੇਂ ਭਰਾ ਸਾਡੇ ਸਾਹਮਣੇ ਕਿਸੇ ਅੰਤਿਮ ਫੈਸਲੇ ਲਈ ਇਕੱਠੇ ਹੀ ਨਾ ਹੁੰਦੇ। ਆਖਰ ਹਫਤੇ ਦਸ ਦਿਨ ਬਾਅਦ ਅਸੀਂ ਝੂਠਾ-ਮੂਠਾ ਵਾਅਦਾ ਲੈ ਕੇ ਨਿਰਾਸ ਹੋਏ ਆਪੋ ਆਪਣੇ ਘਰਾਂ ਨੂੰ ਪਰਤਦੇ। ਫਿਰ ਮਹੀਨੇ ਦੋ ਮਹੀਨੇ ਪਿਛੋਂ ਓਧਰ ਨੂੰ ਤੁਰ ਪੈਂਦੇ।
ਵੱਡਾ ਮਾਮਾ ਛੋਟੇ ਨੂੰ ਮਖੌਲ ਕਰਦਾ, “ਸਾਡੇ ਫੌਜੀ ਸਾਹਿਬ ਵੀ ਆਪਣੇ ਆਪ ਬੜੇ ਪੰਚਾਇਤੀ ਬਣੇ ਫਿਰਦੇ ਨੇ। ਐਥੇ ਤਾਂ ਬੜੇ ਭੱਜ ਭੱਜ ਕੇ, ਵਿਚ ਪੈ ਪੈ ਕੇ ਨਿਆਂ ਕਰਵਾਉਂਦੇ ਨੇ। ਓਥੇ ਪਤਾ ਨਹੀਂ ਕੀ ਹੋ ਜਾਂਦਾ ਨੇ! ਮੈਂ ਆਇਆਂ ਨੂੰ ਪੁੱਛਦਾਂ, ਕਿਵੇਂ ਹੋ ਗਈ ਰਜਿਸਟਰੀ? ਤਾਂ ਕੱਚਾ ਜਿਹਾ ਹੱਸ ਕੇ ਉਨ੍ਹਾਂ ਦੀਆਂ ਬੰਦੂਕਾਂ ਤੇ ਦਾਤਰਾਂ ਦੀਆਂ ਗੱਲਾਂ ਕਰਨ ਲੱਗ ਜਾਂਦੇ ਨੇ। ਭਣੇਵੇਂ ਦੀ ਜਮੀਨ ਦੀ ਰਾਖੀ ਤਾਂ ਕੀਤੀ ਨਹੀਂ ਜਾਂਦੀ, ਹੱਦਾਂ ਦੀ ਰਾਖੀ ਕੀ ਕਰਦੇ ਰਹੇ ਹੋਣਗੇ! ਤਦੇ ਤਾਂ ਫੌਜ ਵਿਚ ਰਹਿ ਨਹੀਂ ਸਕੇ। ਡਰਦਿਆਂ ਆਪੇ ਸੱਜੀ ਉਂਗਲ ਵੱਢ ਕੇ ਡਿਸਚਾਰਜ ਲੈ ਕੇ ਆ ਗਏ ਸਨ।”
“ਤੂੰ ਜਾ ਕੇ ਲੈ ਲਾ ਸਵਾਦ?” ਛੋਟਾ ਮਾਮਾ ਹੱਸਦਿਆਂ ਆਖਦਾ।
“ਚੱਲ ਮਾਮਾ ਐਤਕੀਂ ਤੂੰ ਚੱਲ ਵੇਖ। ਤੇਰੀ ਸਰਪੰਚੀ ਤੇ ਨੰਬਰਦਾਰੀ ਕਰਨ ਦੀ ਯੋਗਤਾ ਵੀ ਪਰਖ ਕੇ ਵੇਖ ਲੈਂਦੇ ਆਂ।”
“ਨਹੀਂ ਭਾਈ, ਤੇਰਾ ਛੋਟਾ ਮਾਮਾ ਆਖਦੈ ਕਿ ਇਹ ‘ਭਣੇਵੇਂ ਦੀਆਂ ਖਵਾਈਆਂ ਰੋਟੀਆਂ ਦਾ ਕਰਜ਼ਾ ਲਾਹੁਣਾ’ ਚਾਹੁੰਦਾ ਹੈ। ਮੈਂ ਇਹਦੀ ਇੱਛਾ ਵਿਚ ਰੁਕਾਵਟ ਨਹੀਂ ਬਣਨਾ ਚਾਹੁੰਦਾ।”
“ਰੋਟੀਆਂ ਦਾ ਕਰਜ਼ਾ ਤਾਂ ਮੈਂ ਹੁਣ ਵੀ ਮਾਮੇ ਸਿਰ ਚਾੜ੍ਹੀ ਜਾਂਦਾਂ।” ਮੇਰੇ ਆਖਣ ‘ਤੇ ਅਸੀਂ ਤਿੰਨੇ ਖਿੜ-ਖਿੜਾ ਕੇ ਹੱਸਣ ਲੱਗੇ।
ਮੇਰੀ ਇੱਕ ਮਾਸੀ ਮੇਰੇ ਨਾਨਕਿਆਂ ਦੇ ਪਿੰਡ ‘ਚਵਿੰਡੇ’ ਤੋਂ ਦੋ ਕੁ ਕੋਹਾਂ ਦੀ ਵਿੱਥ ‘ਤੇ ‘ਕੋਹਾਲੀ’ ਵਿਆਹੀ ਹੋਈ ਸੀ ਅਤੇ ਦੂਜੀ ਉਸ ਦੇ ਨੇੜੇ ਹੀ ‘ਚੈਨਪੁਰ’ ਪਿੰਡ ਵਿਚ। ਜਦੋਂ ਬਚਪਨ ਵਿਚ ਮੈਂ ਨਾਨਕਿਆਂ ਦੇ ਛੁੱਟੀਆਂ ਕੱਟਣ ਜਾਂਦਾ ਤਾਂ ਵਿਚੋਂ-ਵਾਰੋਂ ਇਕ-ਇਕ ਦੋ-ਦੋ ਦਿਨਾਂ ਲਈ ਮਾਸੀਆਂ ਦੇ ਪਿੰਡ ਵੀ ਗੇੜਾ ਮਾਰਦਾ। ਛੋਟਾ ਮਾਮਾ ਹਰਦੀਪ ਅਕਸਰ ਮੇਰੇ ਨਾਲ ਜਾਂਦਾ। ਮਾਮੇ ਦਾ ਜਿਸਮ ਮੁੱਢ ਤੋਂ ਹੀ ਹੁੰਦੜਹੇਲ ਹੈ। ਮੇਰੇ ਤੋਂ ਕੱਦ ਵਿਚ ਵੀ ਚਾਰ-ਪੰਜ ਇੰਚ ਵੱਡਾ ਹੈ। ਸਵਾ-ਸਾਢੇ ਛੇ ਫੁੱਟ ਦੇ ਵਿਚਕਾਰ। ਮਾਸੀਆਂ ਕੋਲ ਜਦੋਂ ਅਸੀਂ ਰੋਟੀ ਖਾਣ ਬੈਠਣਾ ਤਾਂ ਮੈਂ ਤਾਂ ਆਪਣੇ ਵਜੂਦ ਮੁਤਾਬਕ ਛੇਤੀ ਰੱਜ ਜਾਣਾ ਪਰ ਮਾਮੇ ਦੇ ਵਡੇਰੇ ‘ਇੰਜਣ’ ਲਈ ਤਾਂ ਵਧੇਰੇ ਬਾਲਣ ਚਾਹੀਦਾ ਸੀ। ਜੇ ਉਹ ਮੇਰੇ ਨਾਲ ਹੀ ਰੋਟੀ ਖਾਣੋਂ ਨਾਂਹ ਕਰ ਦਿੰਦਾ ਤਾਂ ਭੁੱਖਾ ਰਹਿ ਜਾਣਾ ਸੀ ਤੇ ਜੇ ਮੇਰੇ ਤੋਂ ਬਾਅਦ ਰੋਟੀ ਖਾਂਦਾ ਰਹਿੰਦਾ ਤਾਂ ‘ਪੇਟੂ’ ਆਖੇ ਜਾਣ ਦਾ ਡਰ ਸੀ। ਇਸ ਲਈ ਸਾਡਾ ਆਪਸੀ ਸਮਝੌਤਾ ਸੀ ਕਿ ਇੱਕ ਤਾਂ ਮੈਂ ਆਪਣੀ ਰੋਟੀ ਵਿਚੋਂ ਅੱਧੀ ਰੋਟੀ ਨਾਲ ਦੇ ਨਾਲ ਮਾਮੇ ਦੀ ਥਾਲੀ ਵਿਚ ਰੱਖਦਾ ਜਾਵਾਂ ਤੇ ਦੂਜਾ ਆਪ ਰੱਜ ਜਾਣ ਦੇ ਬਾਵਜੂਦ ਵੀ ਆਪਣੀ ਥਾਲੀ ਵਿਚ ਰੋਟੀਆਂ ਰਖਵਾਈ ਜਾਵਾਂ ਤੇ ਘਰਦਿਆਂ ਦੀ ਅੱਖ ਬਚਾ ਕੇ ਉਸ ਦੀ ਥਾਲੀ ਵਿਚ ਓਨਾ ਚਿਰ ਰੱਖੀ ਜਾਵਾਂ ਜਿੰਨਾ ਚਿਰ ਉਸ ਦਾ ‘ਕੋਟਾ’ ਪੂਰਾ ਨਹੀਂ ਹੋ ਜਾਂਦਾ।
ਮਾਮੇ ਦੇ ਵਿਆਹ ਪਿਛੋਂ ਉਸ ਦੀਆਂ ਆਪਣੇ ਸਹੁਰੇ ਘਰ ਪਹਿਲੀਆਂ ਫੇਰੀਆਂ ਸਮੇਂ ਵੀ ਮੈਂ ਹੀ ਉਸ ਦੇ ਨਾਲ ਸਾਂ ਅਤੇ ਅਸੀਂ ਓਥੇ ਵੀ ਆਪਣੀ ‘ਕਲਾਕਾਰੀ’ ਵਰਤ ਕੇ ਮਾਮੇ ਦੇ ਢਿੱਡ ਨੂੰ ਆਸਰਾ ਦਿੰਦੇ ਸਾਂ। ਬਾਹਰ ਤਾਂ ਭਾਵੇਂ ਆਪਸੀ ਸਹਿਯੋਗ ਦੀ ਇਸ ਤਰਕੀਬ ਦਾ ਕਿਸੇ ਨੂੰ ਪਤਾ ਨਹੀਂ ਸਾਂ ਲੱਗਣ ਦਿੰਦੇ ਪਰ ਮੇਰੇ ਦੱਸਣ ‘ਤੇ ਇਹ ਗੱਲ ਮੇਰੇ ਨਾਨਕਿਆਂ ਦੇ ਘਰ ਤਾਂ ਸਾਰਿਆਂ ਨੂੰ ਪਤਾ ਹੀ ਸੀ। ਜਿਹੜੇ ਮਖੌਲ ਤੋਂ ਮਾਮਾ ਵਾਂਢੇ ਗਿਆਂ ਬਚਿਆ ਰਹਿਣਾ ਚਾਹੁੰਦਾ ਉਸ ਦੀ ਕਸਰ ਅਸੀਂ ਏਥੇ ਪੂਰੀ ਕਰ ਲੈਂਦੇ ਸਾਂ। ਹੁਣ ਵੀ ਪਿਆਰੇ-ਤਾਰੇ ਹੁਰਾਂ ਕੋਲ ਅਸੀਂ ਆਪਣੀ ਖਾਣ-ਪੀਣ ਦੀ ਸਾਲਾਂ ਪੁਰਾਣੀ ਜੁਗਤ ਦਾ ਇਸਤੇਮਾਲ ਕਰਦੇ ਰਹਿੰਦੇ ਸਾਂ। ਮਾਮਾ ਗੁਰਦੀਪ ਇਸੇ ‘ਰੋਟੀਆਂ ਦੇ ਕਰਜ਼ੇ’ ਦੀ ਗੱਲ ਕਰ ਰਿਹਾ ਸੀ। ਉਂਜ ਵੀ ਉਹ ਮਖੌਲ ਨਾਲ ਆਖਦਾ ਕਿ ਅੰਤਮ ਰੂਪ ਵਿਚ ਹੁਣ ਜਮੀਨ ਦੇ ਵਿਕ ਜਾਣ ਤੇ ‘ਮਿਲਣ ਵਾਲੀ ਇਸ ਸਫਲਤਾ ਦਾ ਸਿਹਰਾ’ ਉਹ ਆਪਣੇ ਛੋਟੇ ਵੀਰ ਹਰਦੀਪ ਕੋਲੋਂ ‘ਖੋਹਣਾ ਨਹੀਂ ਸੀ ਚਾਹੁੰਦਾ!’
ਨਾਨਕਿਆਂ ਦੇ ਘਰ ਵਿਚ ਤਾਂ ਸਾਰੀ ਗੱਲਬਾਤ ਹੁੰਦੀ ਰਹਿੰਦੀ ਸੀ। ਜਦੋਂ ਮੈਂ ਅਗਲੇ ਗੇੜੇ ਆਪਣੇ ਨਾਲ ਮਾਮੇ ਨੂੰ ਲੈ ਜਾਣ ਲਈ ਜਾਂਦਾ ਤਾਂ ਮਾਮੀ ਪ੍ਰੇਸ਼ਾਨ ਹੋ ਜਾਂਦੀ। ਅੱਜ ਕੱਲ੍ਹ ਤਾਂ ਦੋਵਾਂ ਮਾਮਿਆਂ ਦੀ ਵਾਹੀ ਵੀ ਅੱਡੋ-ਅੱਡ ਹੋ ਗਈ ਸੀ। ਮਾਮੀ ਬੁੜਬੁੜ ਕਰਦੀ, “ਚਲੇ ਜਾਣ ਮੇਰੇ ਵੱਲੋਂ। ਮੈਂ ਕੌਣ ਹੁੰਦੀ ਆਂ ਰੋਕਣ ਵਾਲੀ। ਪਿੱਛੋਂ ਕੰਮ ਦਾ ਕਿੰਨਾ ਹਰਜਾ ਹੁੰਦੈ! ਪਰ ਇਨ੍ਹਾਂ ਕਿਹੜਾ ਮੇਰੇ ਆਖੇ ਲੱਗਣੈ। ਨਿੱਕਾ-ਨਿੱਕਾ ਸਾਡਾ ਜੀਆ-ਜੰਤ ਐ। ਜੇ ਨੇ-ਜਾਣੀਏਂ ਕੱਲ੍ਹ ਨੂੰ ਕੋਈ ਅਭੀ ਨਭੀ ਹੋ ਗਈ! ਸਾਨੂੰ ਇਸ ਜਮੀਨ ਨੇ ਕੀ ਦੇਣੈ?”
ਮਾਮੀ ਦੀ ਗੱਲ ਤਾਂ ਠੀਕ ਸੀ। ਜਮੀਨ ਮਿਲਣੀ ਸੀ ਤਾਂ ਸਾਨੂੰ। ਮਾਮੇ ਨੂੰ ਤਾਂ ਖੱਜਲ-ਖਰਾਬੀ ਹੀ ਮਿਲ ਰਹੀ ਸੀ। ਉਹਦਾ ਦੂਜਾ ਡਰ ਵੀ ਸੱਚਾ ਸੀ। ਕੁਝ ਵੀ ਹੋ ਸਕਦਾ ਸੀ! ਜਮੀਨ ਲਈ ਲੋਕ ਕੀ ਕੀ ਕਾਰੇ ਨਹੀਂ ਕਰਦੇ! ਨਾਲੇ ਜਮੀਨ ਲਈ ਮੈਂ ਤਾਂ ਆਪਣੀ ਜਾਨ ਦੀ ਬਾਜ਼ੀ ਲਾਵਾਂ ਤਾਂ ਲਾਵਾਂ, ਮਾਮੇ ਨੂੰ ਖਤਰਾ ਸਹੇੜਨ ਦੀ ਕੀ ਲੋੜ ਸੀ! ਮਾਮੀ ਦੇ ਸਦਾ ਪ੍ਰਗਟਾਏ ਜਾਣ ਵਾਲੇ ਡਰ ਤੋਂ ਸਾਫ ਲੱਗਦਾ ਸੀ ਕਿ ਮੇਰੇ ਨਾਲ ਜਾਣਾ ਮਾਮੇ ਵੱਲੋਂ ਆਪਣੀ ਜਾਨ ਖਤਰੇ ਵਿਚ ਪਾਉਣਾ ਸੀ। ਪਰ ਮਾਮੇ ਵੱਲੋਂ ਆਪਣੇ ਘਰ ਦੇ ਕੰਮ-ਕਾਰ ਦਾ ਨੁਕਸਾਨ ਕਰਵਾ ਕੇ ਵੀ ਮੇਰਾ ਸਾਥ ਦੇਣਾ ਤੇ ਆਪਣੀ ਜਾਨ ਦੀ ਵੀ ਪ੍ਰਵਾਹ ਨਾ ਕਰਨਾ ਮੇਰੇ ਲਈ ਕੀਤੀ ਜਾਣ ਵਾਲੀ ਕਿੱਡੀ ਵੱਡੀ ਕੁਰਬਾਨੀ ਸੀ। ਉਸ ਨੂੰ ਮੇਰੇ ਕੰਮ ਆਉਣ ਦੀ ਖੁਸ਼ੀ ਆਪਣੀ ਮੌਤ ਦੇ ਡਰ ਤੋਂ ਕਿਤੇ ਵੱਡੀ ਲੱਗਦੀ ਸੀ। ਇਹ ਵੱਖਰੀ ਗੱਲ ਹੈ ਕਿ ਅਗਲੇ ਸਾਲਾਂ ਵਿਚ ਸਾਡੇ ਘਰ ਵਿਚ ਹੀ ਬਾਪੂ ਹਕੀਕਤ ਸਿੰਘ ਦੀ ਜਮੀਨ ਦਾ ਝਗੜਾ ਸ਼ੁਰੂ ਹੋ ਜਾਣ ਨਾਲ ਮੈਂ ਸਾਉਂਕਿਆਂ ਵਾਲੀ ਜਮੀਨ ਦਾ ਖਹਿੜਾ ਹੀ ਛੱਡ ਦਿੱਤਾ।
ਪਿਤਾ ਦੀ ਮੌਤ ਪਿੱਛੋਂ ਮੈਂ ਉਹ ਜਮੀਨ ਸਾਡੇ ਪੰਜਾਂ ਭੈਣ-ਭਰਾਵਾਂ ਅਤੇ ਬੀਬੀ ਦੇ ਨਾਂ ਇੰਤਕਾਲ ਕਰਵਾਈ ਸੀ। ਮੈਨੂੰ ਮੇਰੇ ਭੈਣ-ਭਰਾ ਨੇ ਹੀ ਅਜਿਹੇ ਰੰਗ ਵਿਖਾ ਦਿੱਤੇ ਸਨ ਕਿ ਉਸ ਜਮੀਨ ਲਈ ਖੇਚਲ ਕਰਨੀ ਮੈਨੂੰ ਫਜ਼ੂਲ ਅਤੇ ਅਹਿਮਕਾਨਾ ਗੱਲ ਜਾਪਣ ਲੱਗੀ। ਮੈਨੂੰ ਤਾਂ ਉਸ ਵਿਚੋਂ ਕੇਵਲ ਛੇਵਾਂ ਹਿੱਸਾ ਹੀ ਮਿਲਣਾ ਸੀ। ਮਸਾਂ ਸਵਾ ਕੁ ਕਿੱਲਾ! ਏਨੀ ਕੁ ਜਮੀਨ ਵਾਸਤੇ ਮੈਂ ਕਿਉਂ ਮੌਤ ਨੂੰ ਮਾਸੀ ਕਹਿੰਦਾ ਫਿਰਾਂ! ਆਪੇ ਜੇ ਕਿਸੇ ਨੂੰ ਲੋੜ ਹੈ ਤਾਂ ਜਮੀਨ ਛੁਡਾਉਂਦਾ ਫਿਰੇ!
ਉਂਜ ਵੀ ਅਗਲੇ ਸਾਲਾਂ ਵਿਚ ਹਾਲਾਤ ਹੀ ਕੁਝ ਇਸ ਤਰ੍ਹਾਂ ਦੇ ਬਣ ਗਏ ਸਨ ਕਿ ਪੰਜਾਬ ਵਿਚ ਦਹਿਸ਼ਤ ਦਾ ਭਿਆਨਕ ਦੌਰ ਸ਼ੁਰੂ ਹੋ ਗਿਆ। ਹੁਣ ਤਾਂ ਬੰਦੇ ਮਰੇ-ਮਾਰੇ ਦੀ ਕੋਈ ਪੁੱਛ-ਪ੍ਰਤੀਤ ਹੀ ਨਹੀਂ ਸੀ ਰਹਿ ਗਈ। ਅਜਿਹੇ ਕਾਲੇ ਸਮਿਆਂ ਵਿਚ ‘ਬੰਦੂਕ ਜਾਂ ਦਾਤਰ’ ਨੂੰ ਆਪਣਾ ਕੰਮ ਕਰਨਾ ਅਸਲੋਂ ਹੀ ਸੌਖਾ ਹੋ ਗਿਆ ਸੀ। ਮੈਂ ਵੀ ਹੁਣ ਇਸ ਜਮੀਨ ਵੱਲੋਂ ਘੇਸਲ ਹੀ ਮਾਰ ਲਈ।
ਜਮੀਨ ਦਾ ਮੁਢਲਾ ਬਿਆਨਾ ਕਰਨ ਤੋਂ ਕੋਈ ਦੋ ਦਹਾਕੇ ਬਾਅਦ, ਜਦੋਂ ਮੈਂ ਇਸ ਜਮੀਨ ਦੀ ਅਸਲੋਂ ਹੀ ਆਸ ਲਾਹ ਚੁੱਕਾ ਸਾਂ, ਮੇਰੇ ਮਿੱਤਰ ਰਘਬੀਰ ਸਿੰਘ ਸਿਰਜਣਾ ਨੇ ਸਾਡੇ ਅਫਸਰ-ਸਾਹਿਤਕਾਰ ਦੋਸਤ ਨ੍ਰਿਪਇੰਦਰ ਰਤਨ ਨੂੰ ਦੱਸਿਆ ਕਿ ਫਿਰੋਜ਼ਪੁਰ ਡਿਵੀਜ਼ਨ ਵਿਚ ਪੈਂਦੀ ਮੇਰੀ ਜਮੀਨ ਕਿਸੇ ਨੇ ਬੜੇ ਸਾਲਾਂ ਤੋਂ ਦੱਬੀ ਹੋਈ ਹੈ। ਰਤਨ ਓਥੇ ਉਨ੍ਹੀਂ ਦਿਨੀਂ ਡਿਵੀਜ਼ਨਲ ਕਮਿਸ਼ਨਰ ਲੱਗਾ ਹੋਇਆ ਸੀ। ਭਾਵੇਂ ਸਾਰੀ ਡਿਵੀਜ਼ਨ ਹੀ ਇੱਕ ਤਰ੍ਹਾਂ ਉਸ ਦੇ ਅਧੀਨ ਸੀ ਪਰ ਮਾਲ ਦਾ ਮਹਿਕਮਾ ਤਾਂ ਸਿੱਧਾ ਉਸ ਦੇ ਅਧਿਕਾਰ-ਖੇਤਰ ਵਿਚ ਸੀ। ਰਤਨ ਨੂੰ ਇਹ ਜਾਣ ਕੇ ਅਫਸੋਸ ਹੋਇਆ ਕਿ ਮੈਂ ਹੁਣ ਤੱਕ ਉਸ ਨਾਲ ਇਹ ਗੱਲ ਕਿਉਂ ਨਹੀਂ ਕੀਤੀ। ਉਸ ਨੇ ਰਘਬੀਰ ਸਿੰਘ ਤੇ ਮੈਨੂੰ ਆਪਣੇ ਕੋਲ ਫਿਰੋਜ਼ਪੁਰ ਆਉਣ ਦਾ ਦਿਨ ਨਿਸਚਿਤ ਕਰ ਦਿੱਤਾ। ਰਘਬੀਰ ਨੇ ਚੰਡੀਗੜ੍ਹੋਂ ਆਉਣਾ ਸੀ ਤੇ ਮੈਂ ਜਲੰਧਰੋਂ। ਜਲੰਧਰ ਰਹਿੰਦਾ ਮੇਰਾ ਇੱਕ ਸਾਹਿਤਕਾਰ ਦੋਸਤ ਮੇਰੇ ਨਾਲ ਜਾਣ ਲਈ ਤਿਆਰ ਹੋ ਗਿਆ। ਉਸ ਦਾ ਪਿੰਡ ਸਾਉਂਕਿਆਂ ਦਾ ਗਵਾਂਢੀ ਪਿੰਡ ਸੀ। ਉਹ ਉਸ ਦਾ ਇਲਾਕਾ ਸੀ। ਇਸ ਲਈ ਉਸ ਦੇ ਮਨ ਵਿਚ ਸੀ ਕਿ ਜੇ ਕਿਸੇ ਤਰ੍ਹਾਂ ਉਹ ਵੀ ਮੇਰੀ ਕੋਈ ਮਦਦ ਕਰ ਸਕਿਆ ਤਾਂ ਉਸ ਨੂੰ ਖੁਸ਼ੀ ਹੋਵੇਗੀ।
ਸਾਡੇ ਜਾਂਦਿਆਂ ਨੂੰ ਨæ ਸ਼ ਰਤਨ ਨੇ ਸਬ-ਤਹਿਸੀਲ ਮਲੋਟ ਦੇ ਇੰਚਾਰਜ ਨਾਇਬ ਤਹਿਸੀਲਦਾਰ ਜੀæ ਡੀæ ਗਾਬਾ ਨੂੰ ਬੁਲਾਇਆ ਹੋਇਆ ਸੀ। ਸਾਨੂੰ ਚਾਹ-ਪਾਣੀ ਪਿਆ ਕੇ ਉਸ ਨੇ ਤਹਿਸੀਲਦਾਰ ਨੂੰ ਸੱਦ ਕੇ ਸਾਡੇ ਸਾਹਮਣੇ ਆਖਿਆ, “ਇਹ ਮੇਰੇ ਦੋਸਤ ਨੇ। ਇਨ੍ਹਾਂ ਦੀ ਜਮੀਨ ਦੇ ਵੇਰਵੇ ਇਹ ਤੈਨੂੰ ਦੱਸ ਦੇਣਗੇ। ਜਿਵੇਂ ਇਹ ਕਹਿਣ, ਇਨ੍ਹਾਂ ਦੀ ਮਰਜ਼ੀ ਅਨੁਸਾਰ ਜਮੀਨ ਦਾ ਸੌਦਾ ਕਰਵਾ ਕੇ ਪੈਸੇ ਇਨ੍ਹਾਂ ਨੂੰ ਦਿਵਾ। ਉਂਜ ਭਾਵੇਂ ਇਹ ਮੈਨੂੰ ਸੌ ਵਾਰ ਮਿਲਣ ਆਉਣ ਪਰ ਇਸ ਕੰਮ ਲਈ ਇਨ੍ਹਾਂ ਨੂੰ ਦੂਜੀ ਵਾਰ ਮੈਨੂੰ ਆ ਕੇ ਨਾ ਮਿਲਣਾ ਪਵੇ।”
ਰਘਬੀਰ ਸਿੰਘ ਤਾਂ ਉਥੋਂ ਚੰਡੀਗੜ੍ਹ ਨੂੰ ਚਲਾ ਗਿਆ ਅਤੇ ਨਾਇਬ ਤਹਿਸੀਲਦਾਰ ਨੇ ਸਾਨੂੰ ਆਪਣੀ ਕਾਰ ਵਿਚ ਬਿਠਾਇਆ ਤੇ ਅਸੀਂ ਮਲੋਟ ਨੂੰ ਚੱਲ ਪਏ। ਰਾਹ ਵਿਚ ਉਸ ਨੇ ਮੇਰੇ ਕੋਲੋਂ ਜਮੀਨ ਨਾਲ ਸਬੰਧਿਤ ਸਾਰਾ ਵਿਸਥਾਰ ਜਾਣ ਲਿਆ। ਮੁਕਤਸਰ ਪਹੁੰਚੇ ਤਾਂ ਉਸ ਨੇ ਖਾਣਾ ਖਾਣ ਲਈ ਗੱਡੀ ਇੱਕ ਹੋਟਲ ‘ਤੇ ਰੁਕਵਾ ਲਈ। ਉਸ ਨੇ ਰੋਟੀ ਤੋਂ ਪਹਿਲਾਂ ਬੀਅਰ ਦਾ ਆਰਡਰ ਦੇ ਦਿੱਤਾ। ਮੈਂ ਸਾਰੀ ਜ਼ਿੰਦਗੀ ਵਿਚ ਦੋ-ਚਾਰ ਵਾਰ ਹੀ ਬੀਅਰ ਦਾ ਸਵਾਦ ਚੱਖਿਆ ਸੀ ਤੇ ਕਈ ਸਾਲਾਂ ਤੋਂ ਬੀਅਰ ਨਹੀਂ ਸੀ ਪੀਤੀ। ਮੈਂ ਸੋਚਿਆ ਕਿ ਜੇ ਮੈਂ ਬੀਅਰ ਤੋਂ ਨਾਂਹ ਕੀਤੀ ਤਾਂ ਉਹ ਸੋਚੇਗਾ ਕਿ ਪੈਸੇ ਖਰਚਣ ਦੇ ਡਰੋਂ ਕਿਰਸ ਕਰ ਰਿਹਾ ਹਾਂ। ਮੈਂ ਹੋਣ ਵਾਲੇ ਖਰਚੇ ਦਾ ਪਹਿਲਾਂ ਹੀ ਬੰਦੋਬਸਤ ਕਰ ਕੇ ਤੁਰਿਆ ਸਾਂ। ਕੌੜਾ ਘੁੱਟ ਕਰਕੇ ਮੈਨੂੰ ਬੀਅਰ ਦੇ ਘੁੱਟ ਭਰਨੇ ਪਏ। ਜਦੋਂ ਅਸੀਂ ਖਾਣਾ ਖਾ ਹਟੇ ਤਾਂ ਮੈਂ ਬਿੱਲ ਦੇਣ ਲੱਗਾ। ਮੈਂ ਹੀ ਦੇਣਾ ਸੀ। ਪਰ ਨਾਇਬ ਨੇ ਰੋਕ ਦਿੱਤਾ, “ਤੁਸੀਂ ਮੇਰੇ ਮਹਿਮਾਨ ਹੋ। ਮੇਰੇ ਹੁੰਦਿਆਂ ਤੁਸੀਂ ਇੱਕ ਪੈਸਾ ਵੀ ਖਰਚ ਨਹੀਂ ਕਰ ਸਕਦੇ।”
ਉਹ ਸਾਨੂੰ ਆਪਣੇ ਨਾਲ ਮਲੋਟ ਆਪਣੇ ਘਰ ਲੈ ਕੇ ਗਿਆ ਤੇ ਅਗਲੇ ਦਿਨ ਆਪਣੇ ਕੋਲ ਠਹਿਰਨ ਲਈ ਕਿਹਾ। ਮੈਂ ਦੱਸਿਆ ਕਿ ਮੇਰੇ ਨਾਲ ਆਏ ਹੋਏ ਦੋਸਤ ਦਾ ਪਿੰਡ ਨੇੜੇ ਹੀ ਹੈ ਅਤੇ ਅਸੀਂ ਰਾਤ ਓਥੇ ਹੀ ਕੱਟਾਂਗੇ। ਅਗਲੇ ਦਿਨ ਉਸ ਨੇ ਹਲਕੇ ਦੇ ਪਟਵਾਰੀ ਤੇ ਕਾਨੂੰਗੋ ਨੂੰ ਜਮੀਨ ਨਾਲ ਸਬੰਧਿਤ ਸਾਰਾ ਰਿਕਾਰਡ ਲੈ ਕੇ ਆਪਣੇ ਘਰ ਆਉਣ ਲਈ ਕਿਹਾ। ਇਸ ਨੂੰ ‘ਵੱਡੇ ਸਾਹਿਬ ਦਾ ਕੰਮ’ ਕਹਿ ਕੇ ਹਰ ਹਾਲਤ ਵਿਚ ਨੇਪਰੇ ਚੜ੍ਹਾਉਣ ਲਈ ਆਖਿਆ। ਦੂਜੀ ਧਿਰ ਦੀ ਮਦਦ ਕਰਨ ਅਤੇ ਉਨ੍ਹਾਂ ‘ਤੇ ਪ੍ਰਭਾਵ ਪਾ ਸਕਣ ਵਾਲੇ ਬੰਦਿਆਂ ਬਾਰੇ ਜਾਣਕਾਰੀ ਲਈ। ਫੈਸਲਾ ਹੋਇਆ ਕਿ ਪਹਿਲਾਂ ਜਮੀਨ ਦੀ ਨਿਸ਼ਾਨਦੇਹੀ ਲਈ ਜਾਵੇ। ਇਸ ਨਾਲ ਹਿਲ-ਜੁਲ ਸ਼ੁਰੂ ਹੋਵੇਗੀ ਤਾਂ ਅਗਲਿਆਂ ਨੇ ਆਪੇ ਭੱਜੇ ਆਉਣਾ ਹੈ। ਸਬੰਧਿਤ ਧਿਰ ਦਾ ਪ੍ਰਤੀਕਰਮ ਜਾਣਨ ਅਤੇ ਅਗਲੀ ਕਾਰਵਾਈ ਲਈ ਕੁਝ ਦਿਨ ਚਾਹੀਦੇ ਸਨ।
ਨਾਇਬ ਨੇ ਸਾਨੂੰ ਹਾਲ ਦੀ ਘੜੀ ਵਾਪਸ ਜਾਣ ਅਤੇ ਦਸ ਕੁ ਦਿਨਾਂ ਤੱਕ ਪਰਤ ਕੇ ਆਉਣ ਲਈ ਕਿਹਾ। ਓਨੇ ਚਿਰ ਤੱਕ ਉਹ ‘ਤੇਲ ਤੇ ਤੇਲ ਦੀ ਧਾਰ’ ਵੀ ਵੇਖ ਲਵੇਗਾ। ਅਸਲ ਵਿਚ ਰਤਨ ਦੇ ਬੋਲਾਂ ਵਿਚਲੀ ਕਰੜਾਈ ਅਤੇ ਸਦਾਕਤ ਵੇਖ ਕੇ ਨਾਇਬ ਤਹਿਸੀਲਦਾਰ ਸਾਡੇ ਰਿਸ਼ਤੇ ਦੀ ਪਕਿਆਈ ਨੂੰ ਸਮਝ ਗਿਆ ਸੀ ਅਤੇ ਉਸ ਨੇ ਇਸ ਕੇਸ ਨੂੰ ਆਪਣਾ ਨਿਜੀ ਵੱਕਾਰ ਬਣਾ ਕੇ ਨਜਿੱਠਣ ਦਾ ਫੈਸਲਾ ਕਰ ਲਿਆ। ਉਹ ਜਮੀਨ ਦਾ ਸੌਦਾ ਕਰਵਾ ਕੇ ਆਪਣੇ ‘ਸਾਹਿਬ’ ਦੀ ਪ੍ਰਸ਼ੰਸਾ ਹਾਸਲ ਕਰਨਾ ਚਾਹੁੰਦਾ ਸੀ।
ਦਸ ਕੁ ਦਿਨਾਂ ਬਾਅਦ ਮੈਂ ਫਿਰ ਮਲੋਟ ਪਹੁੰਚ ਗਿਆ। ਮੇਰਾ ਸਾਹਿਤਕਾਰ ਦੋਸਤ ਕਿਸੇ ਕੰਮ ਚੰਡੀਗੜ੍ਹ ਗਿਆ ਹੋਇਆ ਸੀ ਅਤੇ ਉਸ ਨੇ ਉਥੋਂ ਹੀ ਇੱਕ ਦਿਨ ਪਹਿਲਾਂ ਆਪਣੇ ਪਿੰਡ ਪਹੁੰਚ ਜਾਣ ਅਤੇ ਅਗਲੇ ਦਿਨ ਨਿਸਚਿਤ ਥਾਂ ‘ਤੇ ਮੈਨੂੰ ਮਿਲਣ ਦਾ ਵਾਅਦਾ ਕੀਤਾ। ਮੈਂ ਮਲੋਟ ਪਹੁੰਚ ਕੇ ਨਿਸਚਿਤ ਜਗ੍ਹਾ ‘ਤੇ ਖਲੋ ਕੇ ਉਸ ਨੂੰ ਸਾਰਾ ਦਿਨ ਉਡੀਕਦਾ ਰਿਹਾ, ਪਰ ਉਹ ਨਾ ਆਇਆ। ਪਿੱਛੋਂ ਪਤਾ ਲੱਗਾ ਕਿ ਉਹ ਰਾਤੀਂ ਹੀ ਆਪਣੇ ਪਿੰਡ ਪਹੁੰਚ ਤਾਂ ਗਿਆ ਸੀ ਪਰ ਆਪਣੀ ਮਜਬੂਰੀ ਕਰ ਕੇ ਚਾਹੁੰਦਾ ਹੋਇਆ ਵੀ ਮੈਨੂੰ ਮਿਲਣ ਨਹੀਂ ਸੀ ਆ ਸਕਿਆ। ਅਸਲ ਗੱਲ ਇਹ ਸੀ ਕਿ ਉਸ ਨੂੰ ਪਿਛਲੀ ਵਾਰ ਮੇਰੇ ਨਾਲ ਆਏ ਹੋਣ ਦਾ ਤਾਰੇ ਤੇ ਪਿਆਰੇ ਹੁਰਾਂ ਨੂੰ ਪਤਾ ਲੱਗ ਗਿਆ ਸੀ। ਉਨ੍ਹਾਂ ਨੇ ਉਹਦੇ ਘਰਦਿਆਂ ਨੂੰ ਜਾ ਦਬਕਾਇਆ ਸੀ ਅਤੇ ਮੇਰੀ ਮਦਦ ਕਰਨ ਦਾ ‘ਮਹਿੰਗਾ ਮੁੱਲ’ ਚੁਕਾਉਣ ਦਾ ਡਰਾਵਾ ਵੀ ਦਿੱਤਾ ਸੀ। ਉਸ ਦਾ ਤੇ ਉਸ ਦੇ ਘਰਦਿਆਂ ਦਾ ਡਰ ਸੱਚਾ ਸੀ। ਕੌਣ ਬਿਗਾਨੀ ਮੌਤੇ ਮਰਦਾ ਹੈ! ਉਸ ਦੋਸਤ ‘ਤੇ ਮੈਨੂੰ ਕੋਈ ਗਿਲਾ ਨਹੀਂ ਸੀ। ਉਹਦੀ ਅਤੇ ਉਹਦੇ ਘਰ ਵਾਲਿਆਂ ਦੀ ਚਿੰਤਾ ਤੇ ਮਜਬੂਰੀ ਮੈਂ ਭਲੀ-ਭਾਂਤ ਸਮਝਦਾ ਸਾਂ।
ਉਸ ਤੋਂ ਅਗਲੇ ਗੇੜੇ ਮੈਂ ਆਪਣੇ ਭਰਾ ਨੂੰ ਕਿਹਾ ਕਿ ਉਹ ਦੋ ਚਾਰ ਜਣੇ (ਫੈਸਲੇ ਅਨੁਸਾਰ ਆਪਣੇ ਭਣਵੱਈਏ) ਨਾਲ ਲੈ ਕੇ, ਜਿਸ ਦਿਨ ਜਮੀਨ ਦੀ ਨਿਸ਼ਾਨ-ਦੇਹੀ ਲੈਣੀ ਹੈ, ਮਲੋਟ ਪਹੁੰਚ ਜਾਣ। ਮਹਿਕਮਾ ਮਾਲ ਦੇ ਕਰਮਚਾਰੀਆਂ ਨਾਲ ਮੇਰੇ ਇਕੱਲੇ ਦੀ ਥਾਂ ਚਾਰ ਬੰਦਿਆਂ ਦਾ ਹੋਣਾ ਵਧੇਰੇ ਅਰਥ ਰੱਖਦਾ ਸੀ। ਇਸ ਤਰ੍ਹਾਂ ਅਗਲਿਆਂ ਨੂੰ ਪਰਿਵਾਰ ਦੀ ਇੱਕਮੁਠਤਾ ਵੀ ਨਜ਼ਰ ਆਏਗੀ। ਉਂਜ ਵੀ ਜਮੀਨ ਸਾਡੇ ਸਾਰੇ ਭੈਣ-ਭਰਾਵਾਂ ਦੇ ਨਾਂ ਸੀ। ਮੈਂ ਸੋਚਿਆ ਸੀ ਕਿ ਜੇ ਭਰਾ ਨੇ ਹਿੱਸਾ ਲੈਣਾ ਹੈ ਤਾਂ ਘੱਟੋ ਘੱਟ ਇੱਕ ਵਾਰ ਤਾਂ ਆਪਣੇ ਹਿੱਸੇ ਦਾ ਕਸ਼ਟ ਤੇ ਖਰਚਾ ਝੱਲ ਕੇ ਵੇਖੇ! ਅੱਗੇ ਹੀ ਜਮੀਨ ਦੇ ਲਾਲਚ ਨੇ ਘਰ ਵਿਚ ਏਨੇ ਪੁਆੜੇ ਪਾਏ ਸਨ ਕਿ ਮੇਰੇ ਅੰਦਰ ਜਮੀਨ ਲਈ ਭਾਵੇਂ ਕੋਈ ਮੋਹ ਨਹੀਂ ਸੀ ਰਹਿ ਗਿਆ ਪਰ ਫਿਰ ਵੀ ‘ਜੱਟ ਦਾ ਪੁੱਤ’ ਹੋਣ ਕਰਕੇ ਇੱਕ ਰੜਕ ਮਨ ਵਿਚ ਜ਼ਰੂਰ ਸੀ ਕਿ ਹੁਣ ਤੱਕ ਮੈਂ ਬਿਗਾਨੇ-ਪੁੱਤਾਂ ਦੇ ਕਬਜ਼ੇ ਹੇਠੋਂ ਆਪਣੇ ਵਡੇਰਿਆਂ ਦੀ ਜਮੀਨ ਛੁਡਾ ਨਹੀਂ ਸਾਂ ਸਕਿਆ! ਢੁਕਵਾਂ ਮੌਕਾ ਮਿਲਣ ‘ਤੇ ਹੁਣ ਮੈਂ ਆਪਣੇ ਅੰਦਰ ਖੁਭਿਆ ਇਹ ਕੰਡਾ ਕੱਢ ਦੇਣਾ ਚਾਹੁੰਦਾ ਸਾਂ।
ਨਿਸ਼ਾਨਦੇਹੀ ਲੈਣ ਜਾਣ ਵਾਲੇ ਦਿਨ ਮੈਂ ਪਹਿਲਾਂ ਸਵੇਰੇ ਵੇਲੇ ਸਿਰ ਨਾਇਬ ਕੋਲ ਪਹੁੰਚਣਾ ਸੀ। ਉਥੋਂ ਸਾਰੀ ਜਾਣਕਾਰੀ ਲੈ ਕੇ ਮੈਂ ਆਪਣੇ ਭਰਾ ਅਤੇ ਭਣਵੱਈਆਂ ਨੂੰ ਬੱਸ ਅੱਡੇ ‘ਤੇ ਮਿਲ ਕੇ ਨਾਲ ਲੈਣਾ ਸੀ। ਉਨ੍ਹਾਂ ਨੂੰ ਮੈਂ ਪਿਛਲੀ ਰਾਤ ਹੀ ਮੁਕਤਸਰ ਜਾਂ ਮਲੋਟ ਪਹੁੰਚ ਜਾਣ ਲਈ ਕਿਹਾ ਸੀ। ਅਗਲੇ ਦਿਨ ਸਵੇਰੇ ਦਸ ਕੁ ਵਜੇ ਮਿਲਣ ਦਾ ਸਾਡਾ ਪ੍ਰੋਗਰਾਮ ਨਿਸਚਿਤ ਸੀ। ਪਹਿਲਾਂ ਮੈਂ ਨਾਇਬ ਕੋਲ ਗਿਆ। ਕੁਝ ਦੇਰ ਬਾਅਦ ਪਟਵਾਰੀ ਤੇ ਕਾਨੂੰਗੋ ਵੀ ਆ ਗਏ। ਪਹਿਲਾਂ ਬਣੀ ਸਲਾਹ ਅਨੁਸਾਰ ਉਨ੍ਹਾਂ ਦੋਵਾਂ ਨੇ ਇੱਕ ਦਿਨ ਪਹਿਲਾਂ ਜਮੀਨ ‘ਤੇ ਜਾ ਕੇ ਸਵੇਰੇ ਹੋਣ ਵਾਲੀ ਨਿਸ਼ਾਨਦੇਹੀ ਬਾਰੇ ਅਗਲਿਆਂ ਨੂੰ ਦੱਸਣਾ ਸੀ ਤੇ ਭਾਈਚਾਰਕ ਸਲਾਹ ਦੇਣੀ ਸੀ ਕਿ ਉਹ ਨਿਸ਼ਾਨਦੇਹੀ ਦੇ ਕੰਮ ਵਿਚ ਰੁਕਾਵਟ ਨਾ ਪਾਉਣ ਕਿਉਂਕਿ ਇਹ ਜਮੀਨ ਕਮਿਸ਼ਨਰ ਸਾਹਿਬ ਦੇ ਦੋਸਤ ਦੀ ਹੈ ਅਤੇ ਉਨ੍ਹਾਂ ਦਾ ਹੀ ਜਾਣਕਾਰ ਇੱਕ ਫੌਜੀ ਅਫਸਰ ਜਮੀਨ ਖਰੀਦ ਰਿਹਾ ਹੈ। ਪਰ ਉਨ੍ਹਾਂ ਨੇ ਅੱਗੋਂ ਕਿਹਾ ਸੀ ਕਿ ਉਥੇ ਭਾਵੇਂ ਕਤਲ ਕਿਉਂ ਨਾ ਹੋ ਜਾਣ ਉਹ ਨਿਸ਼ਾਨਦੇਹੀ ਨਹੀਂ ਹੋਣ ਦੇਣਗੇ। ਨਾਇਬ ਨੇ ਅਗਲੀ ਕਾਰਵਾਈ ਦਾ ਡਰਾਵਾ ਦੇਣ ਲਈ ਕਾਨੂੰਗੋ ਨੂੰ ਰਿਪੋਰਟ ਲਿਖ ਦੇਣ ਲਈ ਕਿਹਾ।
ਇਹ ਕੁਝ ਕਰਦਿਆਂ ਸਾਨੂੰ ਦੋ ਕੁ ਘੰਟੇ ਲੱਗ ਗਏ। ਇਧਰੋਂ ਵਿਹਲਾ ਹੋ ਕੇ ਮੈਂ ਬੱਸ ਅੱਡੇ ਨੂੰ ਗਿਆ ਤੇ ਆਪਣੇ ਭਰਾ ਤੇ ਰਿਸ਼ਤੇਦਾਰਾਂ ਨੂੰ ਉਡੀਕਣ ਲੱਗਾ। ਬੜਾ ਲੰਮਾਂ ਸਮਾਂ ਢੂੰਡਣ ਭਾਲਣ ਤੋਂ ਬਾਅਦ ਵੀ ਉਹ ਮੈਨੂੰ ਕਿਧਰੇ ਨਾ ਦਿਸੇ। ਪਿੱਛੋਂ ਮੇਰੇ ਭਰਾ ਨੇ ਦੱਸਿਆ ਕਿ ਉਹ ਗਏ ਤਾਂ ਸਨ ਪਰ ਮੈਨੂੰ ਉਥੇ ਨਾ ਵੇਖ ਕੇ ‘ਥੱਕ-ਹਾਰ’ ਕੇ ਮੁੜ ਆਏ ਸਨ! ਮੈਨੂੰ ਬੜਾ ਅਜੀਬ ਲੱਗਾ; ਸੌ-ਡੇਢ ਸੌ ਮੀਲ ਤੋਂ ਤੁਰ ਕੇ ਤੁਸੀ ਇੱਕ ਰਾਤ ਪਹਿਲਾਂ ਪਹੁੰਚਦੇ ਹੋ ਪਰ ਇੱਕ-ਦੋ ਘੰਟੇ ਦੀ ਉਡੀਕ ਤੋਂ ਹੀ ਥੱਕ-ਅੱਕ ਕੇ ਵਾਪਸੀ ਦੌੜ ਪੈਂਦੇ ਹੋ ਕਿਉਂਕਿ ਤੁਹਾਨੂੰ ਡਰ ਹੈ ਕਿ ਜੇ ਛੇਤੀ ਵਾਪਸੀ ਦੀ ਬੱਸ ਨਾ ਫੜ੍ਹੀ ਤਾਂ ‘ਅਤਿਵਾਦ ਦੇ ਦਿਨਾਂ’ ਵਿਚ ਤੁਹਾਨੂੰ ਰਾਤ ਤੱਕ ਪਿੰਡ ਪਹੁੰਚਣਾ ਮੁਸ਼ਕਿਲ ਹੋ ਜਾਵੇਗਾ!
ਅਸਲ ਗੱਲ ਤਾਂ ਇਸ ਸਾਰੇ ਖਲਜਗਣ ਤੋਂ ਪਾਸੇ ਰਹਿਣ ਦੀ ਸੀ। ਜਮੀਨਾਂ ਤੋਂ ਹੋਣ ਵਾਲੇ ਝਗੜਿਆਂ ਅਤੇ ਮੁਸ਼ਕਿਲਾਂ ਤੋਂ ਉਹ ਭਲੀ-ਭਾਂਤ ਜਾਣੂ ਸਨ। ਹੋਰ ਕੁਝ ਨਹੀਂ ਤਾਂ ਇੱਕ-ਸੌ ਸੱਤ ਇਕਵੰਜਾ ਲਾ ਕੇ ਪੁਲਿਸ ਵੱਲੋਂ ਕਿਸੇ ਵੇਲੇ ਵੀ ਦੋਵਾਂ ਧਿਰਾਂ ਨੂੰ ਫੜ ਕੇ ਅੰਦਰ ਕਰ ਦੇਣ ਦਾ ਖਦਸ਼ਾ ਤਾਂ ਝੂਠਾ ਹੈ ਹੀ ਨਹੀਂ ਸੀ। ਸੋਚਦੇ ਹੋਣਗੇ ਆਪਾਂ ਇਸ ਵਾਧੂ ਦੇ ਪੰਗੇ ‘ਚੋਂ ਕੀ ਲੈਣਾ! ਉਨ੍ਹਾਂ ਤਾਂ ਇਹ ਵੀ ਨਾ ਸੋਚਿਆ ਕਿ ਪਿੱਛੋਂ ਮੇਰੇ ਇਕੱਲੇ ਨਾਲ ਕੀ ਹੋਇਆ ਹੋਵੇਗਾ! ਮੇਰੇ ਨਿਗਦਿਆਂ ਵੱਲੋਂ ਆਪਣੇ ਸੁਖ ਅਤੇ ਆਪਣੀ ਜਾਨ ਦਾ ਅਜਿਹਾ ਖਿਆਲ ਰੱਖਣ ਦੀ ਭਾਵਨਾ ਨੇ, ਮੇਰੇ ਸਾਹਿਤਕਾਰ ਦੋਸਤ ਬਾਰੇ ਮੇਰੇ ਮਨ ਵਿਚ ਜੋ ਥੋੜ੍ਹਾ ਬਹੁਤ ਗਿਲੇ-ਗੁਜ਼ਾਰੀ ਦਾ ਅਹਿਸਾਸ ਸੀ, ਉਸ ਨੂੰ ਵੀ ਧੋ ਦਿੱਤਾ। ਪਰ ਇਸ ਵੇਲੇ ਮੈਨੂੰ ਮਾਮੇ ਹਰਦੀਪ ਦਾ ਚੇਤਾ ਬੜੀ ਸ਼ਿੱਦਤ ਨਾਲ ਆਇਆ ਤੇ ਹੁਣ ਪਤਾ ਲੱਗਾ ਕਿ ਮਾਮਾ ਆਪਣੇ ਘਰ ਅਤੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਤੇ ਘਰਵਾਲੀ ਦੇ ਰੋਕਦਿਆਂ ਵੀ ਹਰ ਗੇੜੇ ਮੇਰੇ ਨਾਲ ਜਾ ਕੇ ਕਿੰਨੀ ਵੱਡੀ ਦਲੇਰੀ ਤੇ ਕੁਰਬਾਨੀ ਕਰਦਾ ਰਿਹਾ ਸੀ। ਪਰ ਮਾਮਾ ਹਰਦੀਪ ਤਾਂ ਮੇਰੇ ਨਾਲ ਇਨ੍ਹੀਂ ਦਿਨੀਂ ਡਾਢਾ ਗੁੱਸੇ ਤੇ ਨਰਾਜ਼ ਸੀ। ਸਾਡਾ ਤਾਂ ਆਪਸੀ ਬੋਲ-ਚਾਲ ਵੀ ਬੰਦ ਸੀ।
(ਚਲਦਾ)