ਬਾਤਾਂ ਸੁਣਾਉਣ ਨੂੰ ਤਰਸਦੇ ਬਾਬੇ

ਡਾæ ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਪਿਛਲੇ ਇਕ ਅਰਸੇ ਤੋਂ ਪੰਜਾਬ ਟਾਈਮਜ਼ ਦੇ ਪਾਠਕ ਉਨ੍ਹਾਂ ਦੀਆਂ ਲਿਖਤਾਂ ਪੜ੍ਹਦੇ ਆ ਰਹੇ ਹਨ ਅਤੇ ਉਨ੍ਹਾਂ ਦੀ ਨਿਵੇਕਲੀ ਸ਼ੈਲੀ ਤੋਂ ਪ੍ਰਭਾਵਿਤ ਵੀ ਹੋਏ ਹਨ। ਹਥਲੇ ਲੇਖ ਵਿਚ ਉਨ੍ਹਾਂ ਬਜ਼ੁਰਗਾਂ ਦੀ ਬੱਚਿਆਂ ਸਿਰ ਛਾਂ ਦੀ ਗੱਲ ਕਰਦਿਆਂ ਬੱਚਿਆਂ ਵਲੋਂ ਬਜ਼ੁਰਗਾਂ ਨੂੰ ਅਣਗੌਲਿਆਂ ਕਰਨ ‘ਤੇ ਗਿਲਾ ਕੀਤਾ ਹੈ ਕਿ ਅੱਜ ਕਿਵੇਂ ਬੱਚੇ ਆਪਣੇ ਮਾਪਿਆਂ ਨੂੰ ਬੋਝ ਸਮਝਣ ਲੱਗੇ ਹਨ।

ਇਥੋਂ ਤੱਕ ਕਿ ਬਜ਼ੁਰਗਾਂ ਦੀ ਆਪਣੇ ਪੋਤਿਆਂ-ਦੋਹਤਿਆਂ ਨਾਲ ਖੇਡਣ ਦੀ ਹਿਰਸ ਵੀ ਪੂਰੀ ਨਹੀਂ ਹੁੰਦੀ। ਪਰਦੇਸਾਂ ਵਿਚ ਤਾਂ ਉਹ ਬੇਸਮੈਂਟਾਂ ਵਿਚ ਕੈਦ ਹੋ ਕੇ ਰਹਿ ਜਾਂਦੇ ਹਨ। ਡਾæ ਭੰਡਾਲ ਖਬਰਦਾਰ ਕਰਦੇ ਹਨ, “ਯਾਦ ਰੱਖੋ, ਬਜ਼ੁਰਗਾਂ ਨੇ ਲੈਣਾ ਨਹੀਂ ਹੁੰਦਾ, ਉਨ੍ਹਾਂ ਨੇ ਤਾਂ ਦੇਣਾ ਹੀ ਹੁੰਦਾ ਏ ਬਸ਼ਰਤੇ ਸਾਨੂੰ ਲੈਣ ਦੀ ਜਾਚ ਹੋਵੇ। ਬਹੁਤ ਸੌਖਾ ਹੁੰਦਾ ਏ ਲੈਣਾ ਅਤੇ ਬਹੁਤ ਔਖਾ ਹੁੰਦਾ ਏ ਦੇਣਾ।” -ਸੰਪਾਦਕ

ਡਾæ ਗੁਰਬਖਸ਼ ਸਿੰਘ ਭੰਡਾਲ
“ਮੈਂ ਚਾਹੁੰਦਾ ਹਾਂ ਕਿ ਮੈਂ ਆਪਣੇ ਪੋਤੇ-ਪੋਤੀਆਂ ਲਈ ਘੋੜਾ ਬਣ ਕੇ ਝੂਟੇ ਦੇਵਾਂ, ਉਨ੍ਹਾਂ ਨੂੰ ਨਿੱਕੀਆਂ ਨਿੱਕੀਆਂ ਬਾਤਾਂ ਸੁਣਾਵਾਂ, ਨਵੀਂ ਪੀੜ੍ਹੀ ਨੂੰ ਪੁਰਾਣੀ ਪੀੜ੍ਹੀ ਦੇ ਬਚਪਨੇ ਨਾਲ ਜੋੜਾਂ, ਪਰ ਮੈਂ ਬਹੁਤ ਲਾਚਾਰ ਹਾਂ। ਬੱਚੇ ਜਾਂ ਤਾਂ ਕੋਲ ਆਉਂਦੇ ਹੀ ਨਹੀਂ ਅਤੇ ਜੇ ਕਦੇ ਭੁੱਲ-ਭੁਲੇਖੇ ਆ ਵੀ ਜਾਣ ਤਾਂ ਉਨ੍ਹਾਂ ਦੇ ਮਾਪੇ ਹਾਕਾਂ ਮਾਰਨ ਲੱਗ ਜਾਂਦੇ ਨੇ, ‘ਖਾਣਾ ਖਾਓ, ਹੋਮ ਵਰਕ ਕਰੋ’ ਆਦਿ। ਸਾਡੇ ਪੋਤੇ-ਪੋਤਰੀਆਂ ਨੂੰ ਤਾਂ ਸਾਡੇ ਖੁਰਦਰੇ ਹੱਥ ਵੀ ਚੁੱਭਦੇ ਨੇ ਅਤੇ ਸਾਡੇ ਕੱਪੜਿਆਂ ਤੋਂ ਬੋਅ ਵੀ ਬਹੁਤ ਆਉਂਦੀ ਏ। ਤੁਸੀਂ ਦੱਸੋ ਅਸੀਂ ਕਿਧਰ ਜਾਈਏ ਅਤੇ ਆਪਣੇ ਬੁਢਾਪੇ ਨੂੰ ਕਿਸ ਲੇਖੇ ਲਾਈਏ।” ਇਹ ਵੇਦਨਾ ਇਕ ਬਜ਼ੁਰਗ ਨੇ ਭਰੀ ਸਭਾ ਵਿਚ ਸਾਂਝੀ ਕੀਤੀ ਜਦ ਸਿਰਸਾ ਦੇ ਡੀæ ਸੀæ ਡਾæ ਯੁੱਧਵੀਰ ਸਿੰਘ ਵਲੋਂ ਬਜ਼ੁਰਗਾਂ ਲਈ ਇਕ ਵਿਸ਼ੇਸ਼ ਸਮਾਗਮ ਕੀਤਾ ਗਿਆ। ਬਜ਼ੁਰਗ ਦੇ ਮਨ ਦੀ ਇਹ ਗੱਲ ਸਾਡੇ ਸਮਾਜਿਕ ਤਾਣੇ-ਬਾਣੇ ਵਿਚ ਪੈਦਾ ਹੋ ਰਹੇ ਵਿਗਾੜ ਦਾ ਬਿੰਬ ਏ ਅਤੇ ਸਾਡੀਆਂ ਬਦਲ ਰਹੀ ਮਾਨਸਿਕਤਾ ਦੀ ਤਰਜਮਾਨੀ ਵੀ ਕਰਦੀ ਏ।
ਜਰਾ ਸੋਚਣਾ! ਬਜ਼ੁਰਗ ਨੂੰ ਇਹ ਕਹਿਣ ਲਈ ਕਿਉਂ ਮਜਬੂਰ ਹੋਣਾ ਪਿਆ? ਕੀ ਨਵੀਂ ਪੀੜ੍ਹੀ ਬਜ਼ੁਰਗਾਂ ਦੀ ਮਾਨਸਿਕਤਾ ਨੂੰ ਸਮਝਦੀ ਹੈ ਕਿ ਉਨ੍ਹਾਂ ਦੀਆਂ ਵੀ ਬਹੁਤ ਸਾਰੀਆਂ ਭਾਵਨਾਤਮਕ ਲੋੜਾਂ ਹਨ। ਉਨ੍ਹਾਂ ਦੇ ਮਨਾਂ ਵਿਚ ਤੀਸਰੀ ਪੀੜ੍ਹੀ ਲਈ ਮੋਹ ਹੈ। ਉਹ ਆਪਣੇ ਪੋਤੇ-ਪੋਤਰੀਆਂ/ਦੋਹਤੇ-ਦੋਹਤੀਆਂ ਨਾਲ ਜੁੜਨਾ ਚਾਹੁੰਦੇ ਨੇ, ਉਨ੍ਹਾਂ ਨੂੰ ਅਮੁੱਲ ਵਿਰਾਸਤ ਦੇਣਾ ਚਾਹੁੰਦੇ ਨੇ। ਮਾਨਵੀ ਕਦਰਾਂ ਕੀਮਤਾਂ ਦਾ ਖਜਾਨਾ ਆਪਣੀ ਨਵੀਂ ਨਸਲ ਦੇ ਨਾਮ ਕਰਨ ਦੀ ਬੜੀ ਤੀਬਰ ਚਾਹਨਾ ਹੈ, ਉਨ੍ਹਾਂ ਦੀ।
ਜੇ ਅਸੀਂ ਬਜ਼ੁਰਗਾਂ ਨੂੰ ਆਪਣੀ ਸੋਚ ਵਿਚੋਂ ਮਨਫੀ ਕਰਦੇ ਰਹੇ, ਉਨ੍ਹਾਂ ਨੂੰ ਆਪਣੇ ਪਰਿਵਾਰ ਦਾ ਅਹਿਮ ਅੰਗ ਮੰਨਣ ਤੋਂ ਇਨਕਾਰੀ ਰਹੇ, ਉਨ੍ਹਾਂ ਨੂੰ ਸਮਾਜਿਕ ਪ੍ਰਤੀਨਿਧਤਾ ਵਾਸਤੇ ਮਾਣਮੱਤੀ ਥਾਂ ਨਾ ਦਿੱਤੀ ਤਾਂ ਬਹੁਤ ਕੁਝ ਸਾਡੀ ਜ਼ਿੰਦਗੀ ‘ਚੋਂ ਅਲੋਪ ਹੋ ਜਾਵੇਗਾ, ਜੋ ਸਾਡੇ ਬਜ਼ੁਰਗਾਂ ਨੇ ਸਾਨੂੰ ਦੇਣਾ ਹੁੰਦਾ ਏ।
ਬਜ਼ੁਰਗਾਂ ਦੇ ਸਾਰੀ ਉਮਰ ਦੇ ਤਜਰਬਿਆਂ ਅਤੇ ਕਰਮ-ਧਰਮ ‘ਚੋਂ ਕਮਾਈ ਹੋਈ ਸੋਚ ਤੇ ਸਿਆਣਪ ਦਾ ਜੇ ਅਸੀਂ ਲਾਹਾ ਨਾ ਲੈ ਸਕੇ ਤਾਂ ਸਾਡੀ ਬਹੁਤ ਵੱਡੀ ਬਦਕਿਸਮਤੀ ਹੋਵੇਗੀ।
ਯਾਦ ਰੱਖੋ, ਬਜ਼ੁਰਗਾਂ ਨੇ ਲੈਣਾ ਨਹੀਂ ਹੁੰਦਾ, ਉਨ੍ਹਾਂ ਨੇ ਤਾਂ ਦੇਣਾ ਹੀ ਹੁੰਦਾ ਏ ਬਸ਼ਰਤੇ ਸਾਨੂੰ ਲੈਣ ਦੀ ਜਾਚ ਹੋਵੇ। ਬਹੁਤ ਸੌਖਾ ਹੁੰਦਾ ਏ ਲੈਣਾ ਅਤੇ ਬਹੁਤ ਔਖਾ ਹੁੰਦਾ ਏ ਦੇਣਾ।
ਜੀਵਨ ਦੇਣ ਵਾਲੇ ਬਜ਼ੁਰਗਾਂ ਨੇ ਸਭ ਤੋਂ ਪਹਿਲਾ ਸੁਪਨਾ ਸਾਡੇ ਮਸਤਕ ਵਿਚ ਧਰਿਆ ਸੀ। ਸੋਚ-ਕਾਤਰ ਜੀਵਨ ਜਾਚ ਵਿਚ ਧਰੀ ਸੀ। ਬਜ਼ੁਰਗ ਹੀ ਸਾਡੇ ਸਭ ਤੋਂ ਪਹਿਲੇ ਰੋਲ ਮਾਡਲ ਅਤੇ ਰਾਹ ਦਸੇਰੇ। ਸਾਡੇ ਅਵਚੇਤਨ ਵਿਚ ਜੋ ਕੁਝ ਵੀ ਉਸ ਸਮੇਂ ਸਾਡੇ ਬਜ਼ੁਰਗਾਂ ਨੇ ਸਾਨੂੰ ਦਿੱਤਾ ਹੁੰਦਾ ਏ, ਉਹ ਹੀ ਸਮੇਂ ਦੇ ਬੀਤਣ ਨਾਲ ਸਾਡੇ ਸਮੁੱਚ ਨੂੰ ਵਿਸਥਾਰਨ ਅਤੇ ਸ਼ਖਸੀਅਤ ਨੂੰ ਨਿਖਾਰਨ ਵਿਚ ਪ੍ਰਮੁੱਖ ਭੂਮਿਕਾ ਨਿਭਾਉਂਦੇ ਹਨ।
ਸੁਪਨੇ ਵੰਡਣ ਵਾਲੇ ਬਜ਼ੁਰਗਾਂ ਦਾ ਸੁਪਨਾ ਜਦ ਟੁੱਟਦਾ ਏ ਤਾਂ ਬਹੁਤ ਕੁਝ ਟੁੱਟ ਜਾਂਦਾ ਏ, ਮਨ ਬੁਝ ਜਾਂਦਾ ਏ। ਸਭ ਤੋਂ ਮਾੜਾ ਹੁੰਦਾ ਏ ਉਨ੍ਹਾਂ ਦਾ ਨਿਰਾਸ਼ਾ ਦੇ ਆਲਮ ਵਿਚ ਡੁੱਬ ਜਾਣਾ, ਹੌਲੀ-ਹੌਲੀ ਆਪਣੇ ਆਪ ਅਤੇ ਪਰਿਵਾਰ ਤੋਂ ਦੂਰ ਹੋ ਜਾਣਾ ਅਤੇ ਆਖਰ ਨੂੰ ਜੀਵਨ ਦੀ ਬੇਲੋੜਤਾ ਕਾਰਨ ਆਪਣੇ ਆਪ ਨੂੰ ਅਣਚਾਹਿਆ ਕਿਆਸਣਾ।
ਕਿਸੇ ਸਮਾਜ ਜਾਂ ਪਰਿਵਾਰ ਦਾ ਸਭ ਤੋਂ ਵੱਡਾ ਸਰਮਾਇਆ ਉਸ ਦੇ ਬਜ਼ੁਰਗ ਹੁੰਦੇ ਨੇ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਉਂਗਲ ਲਾ ਕੇ ਤੁਰਨਾ ਸਿਖਾਇਆ ਹੁੰਦਾ ਏ, ਉਨ੍ਹਾਂ ਦੇ ਕਦਮਾਂ ਨੂੰ ਮੰਜ਼ਿਲਾਂ ਪ੍ਰਾਪਤੀ ਦਾ ਵਰ ਦਿੱਤਾ ਹੁੰਦਾ ਏ, ਨਰੋਈ ਪਛਾਣ ਦੀ ਅਸੀਸ ਦਿੱਤੀ ਹੁੰਦੀ ਅਤੇ ਆਪਣੇ ਸਾਹਾਂ ਵਰਗੀਆਂ ਦੁਆਵਾਂ ਦਿੱਤੀਆਂ ਹੁੰਦੀਆਂ ਨੇ। ਤੁਸੀਂ ਕਿਸੇ ਦੇ ਪਦਾਰਥਕ ਅਹਿਸਾਨਾਂ ਦਾ ਮੁੱਲ ਤਾਂ ਉਤਾਰ ਸਕਦੇ ਹੋ ਪਰ ਜਰਾ ਕੁ ਦੱਸਣਾ ਕਿ ਕਿਸੇ ਦੀਆਂ ਅਸੀਸਾਂ, ਅਰਦਾਸਾਂ, ਦੁਆਵਾਂ ਅਤੇ ਪ੍ਰਾਰਥਨਾਵਾਂ ਦੀ ਕਿੰਜ ਤੇ ਕਿਹੜੀ ਕੀਮਤ ਤਾਰੋਗੇ? ਕਿੰਜ ਕਿਸੇ ਦੇ ਮਨ ਦੀਆਂ ਭਾਵਨਾਵਾਂ ਦਾ ਕਰਜ ਉਤਾਰੋਗੇ ਅਤੇ ਕਿਹੜੇ ਮੁੱਲ ਮਿਲਣਗੀਆਂ ਤੁਹਾਨੂੰ ਬਜ਼ੁਰਗਾਂ ਦੀਆਂ ਪਲੋਸਣੀਆਂ, ਉਨ੍ਹਾਂ ਦੀਆਂ ਥਾਪੜੀਆਂ ਅਤੇ ਉਨ੍ਹਾਂ ਦੀਆਂ ਨਸੀਹਤ-ਰੂਪੀ ਝਿੜਕਾਂ।
ਬਜ਼ੁਰਗ ਬਿਰਖਾਂ ਵਰਗੇ ਹੁੰਦੇ ਹਨ ਜੋ ਤਿੱਖੜ ਦੁਪਹਿਰਾਂ ਵਰਗੇ ਕਸ਼ਟਾਂ ਵਿਚ ਠੰਡੀ ਛਾਂ ਬਣਦੇ ਨੇ, ਗਮ ਦੀ ਮਾਤਮੀ ਰੁੱਤ ਵਿਚ ਪੱਤਿਆਂ ਦੀ ਸੰਗੀਤਕ ਫਿਜ਼ਾ ਸਿਰਜਦੇ ਨੇ। ਬੱਚਿਆਂ ਦੇ ਦੁੱਖਾਂ ਨੂੰ ਜੀਰਦੇ, ਆਪਣੇ ਜਾਇਆਂ ਦੀ ਸਿਹਤ, ਸਫਲਤਾ ਅਤੇ ਸੰਪੂਰਨਤਾ ਲਈ ਦੁਆ ਬਣਦੇ ਨੇ। ਆਕਸੀਜਨ-ਰੂਪੀ ਬਜ਼ੁਰਗਾਂ ਤੋਂ ਬਿਨਾ ਸਾਡੇ ਜੀਵਨ ਵਿਚ ਖੜੋਤ ਅਤੇ ਨੀਰਸਤਾ ਪੈਦਾ ਹੋ ਜਾਂਦੀ ਹੈ ਜਿਸ ਨੇ ਸਾਨੂੰ ਨਿਰਾਸ਼ਾ ਅਤੇ ਉਦਾਸੀ ਦੇ ਮਾਹੌਲ ਵਿਚ ਧਕੇਲਣਾ ਹੁੰਦਾ ਏ।
ਬਜ਼ੁਰਗ ਬੱਚਿਆਂ ਲਈ ਅਸੀਸ ਵਰਗੇ ਹੁੰਦੇ ਨੇ ਜਿਸ ਨੇ ਤੁਹਾਡੀ ਕਰਮ-ਰੇਖਾ ਨੂੰ ਸਿਰਜਣਾ ਹੁੰਦਾ ਏ। ਮਾਪਿਆਂ ਨੇ ਸਿਦਕ-ਸਾਧਨਾ ਦੇ ਮੀਰੀ ਗੁਣ ਪੈਦਾ ਕਰਨੇ ਹੁੰਦੇ ਨੇ, ਜਿਸ ਨੇ ਤੁਹਾਡੀ ਜੀਵਨ ਸ਼ੈਲੀ ਨੂੰ ਨਿਰਧਾਰਤ ਕਰਨਾ ਹੁੰਦਾ ਏ।
ਬਜ਼ੁਰਗਾਂ ਦੀ ਰਹਿਮਤ ਮਾਣਨ ਵਾਲੀ ਔਲਾਦ ਦੇ ਮੁੱਖੜੇ ‘ਤੇ ਨੂਰ, ਇਸ ਗੱਲ ਦੀ ਗਵਾਹੀ ਹੁੰਦਾ ਏ ਕਿ ਉਨ੍ਹਾਂ ਦੇ ਮਨਾਂ ਵਿਚ ਆਪਣੇ ਮਾਪਿਆਂ ਲਈ ਸਤਿਕਾਰ ਅਤੇ ਅਦਬ ਦੀ ਭਾਵਨਾ ਚਿਰੰਜੀਵ ਏ, ਜਿਸ ਨੇ ਉਨ੍ਹਾਂ ਦੇ ਵਿਅਕਤਿਤਵ ‘ਤੇ ਚਾਨਣ ਦਾ ਛਿੜਕਾ ਕੀਤਾ ਹੁੰਦਾ ਏ।
ਜਰਾ ਸੋਚਣਾ! ਜੇ ਬਜ਼ੁਰਗ ਨਾ ਹੁੰਦੇ ਤਾਂ ਕੀ ਸਾਡੀ ਹੋਂਦ ਸੰਭਵ ਸੀ? ਜੋ ਅਸੀਂ ਅੱਜ ਹਾਂ ਅਤੇ ਜਿਸ ‘ਤੇ ਅਸੀਂ ਨਾਜ਼ ਕਰਦੇ ਨਹੀਂ ਥੱਕਦੇ, ਕੀ ਅਸੀਂ ਇਹ ਸਭ ਕੁਝ ਪ੍ਰਾਪਤ ਕਰ ਸਕਦੇ ਸਾਂ ਜੇ ਸਾਡੇ ਮਾਪਿਆਂ ਨੇ ਸਾਨੂੰ ਜਨਮ ਹੀ ਨਾ ਦਿੱਤਾ ਹੁੰਦਾ। ਬਜ਼ੁਰਗਾਂ ਤੋਂ ਬਿਨਾ ਆਪਣੀ ਹੋਂਦ ਨੂੰ ਕਿਆਸਣ ਵਾਲੇ ਲੋਕ ਮਨੁੱਖਤਾ ਦੇ ਸਭ ਤੋਂ ਵੱਡੇ ਗੁਨਾਹਗਾਰ ਹੁੰਦੇ ਨੇ, ਜਿਨ੍ਹਾਂ ਨੂੰ ਅਖੀਰ ਬਹੁਤ ਵੱਡੀ ਕੀਮਤ ਚੁਕਾਉਣੀ ਪੈਂਦੀ ਹੈ।
ਯਾਦ ਰੱਖਣਾ, ਜੋ ਵੀ ਅਸੀਂ ਆਪਣੇ ਬਜ਼ੁਰਗਾਂ ਨਾਲ ਵਰਤਾਓ ਕਰਦੇ ਹਾਂ, ਸਾਡੇ ਬੱਚੇ ਇਹ ਸਭ ਦੇਖ ਰਹੇ ਹਨ। ਸਾਨੂੰ ਮਾਨਸਿਕ ਤੌਰ ‘ਤੇ ਤਿਆਰ ਰਹਿਣਾ ਚਾਹੀਦਾ ਹੈ ਕਿ ਇਸ ਤੋਂ ਮਾੜਾ ਵਰਤਾਓ, ਸਾਡੇ ਬੱਚੇ ਸਾਡੇ ਨਾਲ ਜਰੂਰ ਕਰਨਗੇ। ਆਪਣੇ ਮਾਪਿਆਂ ਨੂੰ ਬੇਸਮੈਂਟਾਂ, ਘਰ ਦੇ ਪਿਛਵਾੜੇ ਜਾਂ ਕਿਸੇ ਹਨੇਰੀ ਨੁੱਕਰੇ ਧਿਰਕਾਰਨ ਵਾਲੇ ਲੋਕਾਂ ਦਾ ਮੰਜਾ ਉਨ੍ਹਾਂ ਦੇ ਬੱਚਿਆਂ ਨੇ ਘਰੋਂ ਬਾਹਰ ਹੀ ਧਰ ਦੇਣਾ ਹੁੰਦਾ ਏ।
ਜੀਵਨ ਦੀ ਹਰ ਸੁਗਾਤ ਅਤੇ ਸਹੂਲਤ, ਆਪਣੇ ਮਾਪਿਆਂ ਤੋਂ ਪ੍ਰਾਪਤ ਕਰਨ ਵਾਲੇ ਬੱਚਿਆਂ ਲਈ ਮਾਪੇ ਵਾਧੂ ਕਿਉਂ ਹੋ ਜਾਂਦੇ ਨੇ ਜਦ ਉਹ ਬਜ਼ੁਰਗ ਹੋ ਜਾਂਦੇ ਨੇ? ਇਹ ਗੱਲ ਸਮਝ ਤੋਂ ਬਾਹਰ ਏ। ਸੋਚਣ ਵਾਲੀ ਗੱਲ ਤਾਂ ਇਹ ਵੀ ਹੈ ਕਿ ਸਭ ਨੇ ਬੁਢਾਪੇ ਦੇ ਰਾਹ ਪੈ ਕੇ ਆਪਣੀ ਅੰਤਮ ਯਾਤਰਾ ਖਤਮ ਕਰਨੀ ਹੁੰਦੀ ਏ।
ਜੀਵਨ ਦੇ ਆਖਰੀ ਪੜਾਅ ਵਿਚ ਬਜ਼ੁਰਗਾਂ ਨੂੰ ਜਿੰਨੀ ਬੱਚਿਆਂ ਦੀ ਲੋੜ ਹੁੰਦੀ ਏ, ਉਸ ਤੋਂ ਵੀ ਜ਼ਿਆਦਾ ਬੱਚਿਆਂ ਨੂੰ ਮਾਪਿਆਂ ਦੀ ਲੋੜ ਹੁੰਦੀ ਏ। ਪਰ ਅਸੀਂ ਆਪਣੇ ਨਿਜ ਵਿਚ ਇੰਨਾ ਜ਼ਿਆਦਾ ਸੁੰਗੜ ਗਏ ਹਾਂ ਕਿ ਮਾਪਿਆਂ ਨੂੰ ਆਪਣੀ ਜ਼ਿੰਦਗੀ ਤੋਂ ਮਨਫੀ ਕਰਨ ਵਿਚ ਹੀ ਭਲਾਈ ਸਮਝਣ ਲੱਗ ਪੈਂਦੇ ਹਾਂ। ਇਹ ਸਭ ਤੋਂ ਵੱਡਾ ਅਮਾਨਵੀ ਕਰਮ ਏ ਜਿਸ ਨੇ ਸਾਡੀ ਸੋਚ ਨੂੰ ਪਲੀਤ ਕਰ ਦਿੱਤਾ ਏ।
ਵਾਸਤਾ ਈ! ਅਸੀਂ ਆਪਣੇ ਬਜ਼ੁਰਗਾਂ ਦੇ ਇੰਨੇ ਜ਼ਿਆਦਾ ਨੇੜੇ ਰਹੀਏ ਕਿ ਉਹ ਸਾਡੇ ਜੀਵਨ ਵਿਚ ਉਸਾਰੂ ਭੂਮਿਕਾ ਨਿਭਾਉਂਦੇ ਰਹਿਣ। ਪਤਾ ਉਸ ਵਕਤ ਲੱਗਦਾ ਏ ਜਦ ਉਨ੍ਹਾਂ ਦੀ ਅਣਹੋਂਦ ਇਕ ਖਲਾਅ ਪੈਦਾ ਕਰਦੀ ਏ ਅਤੇ ਬੀਤੇ ਵੇਲੇ ਦਾ ਪਛਤਾਵਾ ਇਕ ਹੰਝੂ ਬਣ ਕੇ ਸਾਡੇ ਦੀਦਿਆਂ ਵਿਚ ਜੰਮ ਜਾਂਦਾ ਏ ਜੋ ਸਾਡੇ ਸਾਹਾਂ ਨੂੰ ਵੀ ਖੋਰਨ ਲੱਗ ਪੈਂਦਾ ਏ।
ਦਰਅਸਲ ਬਜ਼ੁਰਗਾਂ ਦੀ ਘਾਟ ਤਾਂ ਉਸ ਸਮੇਂ ਰੜਕਦੀ ਏ ਜਦ ਕੋਈ ਨਹੀਂ ਕਹਿੰਦਾ ਕਿ ਪੁੱਤ ਤੂੰ ਹੁਣ ਕਦੋਂ ਆਵੇਂਗਾ। ਵਤਨ ਨੂੰ ਜਾਣ ਲੱਗਿਆਂ ਤੁਹਾਨੂੰ ਕੋਈ ਨਹੀਂ ਉਡੀਕਦਾ। ਫਿਰ ਮਨ ਵਿਚ ਆਉਂਦਾ ਏ ਕਿ ਜਿਵੇਂ ਧੀਆਂ ਦੇ ਮਾਪਿਆਂ ਨਾਲ ਪੇਕੇ ਹੁੰਦੇ ਨੇ, ਉਵੇਂ ਹੀ ਪਰਵਾਸੀਆਂ ਲਈ ਆਪਣਾ ਦੇਸ਼ ਸਿਰਫ ਆਪਣੇ ਮਾਪਿਆਂ ਨਾਲ ਹੀ ਹੁੰਦਾ ਏ। ਉਨ੍ਹਾਂ ਦੇ ਤੁਰ ਜਾਣ ਨਾਲ ਤਾਂ ਸ਼ਰੀਕ ਵੰਡੀਆਂ ਪਾਉਣ ਲਈ ਮੌਕੇ ਦੀ ਭਾਲ ਵਿਚ ਰਹਿੰਦੇ ਨੇ ਅਤੇ ਉਹ ਆਪਣੀ ਜਾਨ ਬਚਾਉਂਦੇ ਆਪਣੇ ਵਤਨ ਪਰਤਣ ਤੋਂ ਵੀ ਤ੍ਰਹਿੰਦੇ ਰਹਿੰਦੇ ਨੇ।
ਬਜ਼ੁਰਗਾਂ ਦੀ ਨਿੱਘੀ ਗੋਦ, ਠੰਡੜੀ ਛਾਂ, ਖਲੂਸ ਅਪਣੱਤ, ਸਦ-ਰਹਿਣੀਆਂ ਸਿਆਣਪਾਂ, ਜੀਵਨ ਦਾ ਅਮੁੱਲ ਸੱਚ ਅਤੇ ਕਦਰਾਂ-ਕੀਮਤਾਂ ਭਰਪੂਰ ਵਿਰਾਸਤ-ਕਿਧਰੋਂ ਨਹੀਂ ਥਿਆਉਣੀ। ਇਸ ਖਜਾਨੇ ਨਾਲ ਜਿੰਨੀਆਂ ਝੋਲੀਆਂ ਭਰੀਆਂ ਜਾ ਸਕਦੀਆਂ ਨੇ, ਭਰ ਲੈਣੀਆਂ ਚਾਹੀਦੀਆਂ ਨੇ। ਇਹ ਹੀ ਵੱਡੀ ਦਾਤ ਏ, ਜਿਸ ਨੇ ਸਾਰੀ ਉਮਰ ਸਾਡੇ ਨਾਲ ਨਿਭਣਾ ਏ ਅਤੇ ਸਾਡੇ ਜੀਵਨ ਨੂੰ ਸਾਰਥਿਕਤਾ ਬਖਸ਼ਣੀ ਏ।