ਜ਼ਹਿਰ

ਚਰਨਜੀਤ ਸਿੰਘ ਸਾਹੀ
317-430-6545
ਜੂਨ ਮਹੀਨੇ, ਵਿਹੜੇ ਵਿਚ ਬਣੇ ਗੁਸਲਖਾਨੇ ਦੇ ਬੂਹੇ ਅੱਗੇ ਲਾਸ਼ ਨੂੰ ਨੁਹਾਉਣ ਵਾਸਤੇ ਸਿਰ ‘ਤੇ ਚਿੱਟੀਆਂ ਚੁੰਨੀਆਂ ਲਈ ਬੁੱਢੀਆਂ ਤੇ ਜਵਾਨ ਔਰਤਾਂ ਦਾ ਝੁਰਮਟ, ਕਈ ਮੌਤ ਨੂੰ ਯਾਦ ਕਰ ਸਹਿਮੀਆਂ ਹੋਈਆਂ ਪਿੱਛੇ ਖੜ੍ਹ ਕੇ ਹੈਰਾਨੀ ਤੇ ਡਰ ਨਾਲ ਵੇਖ ਰਹੀਆਂ ਸਨ ਤੇ ਸਿਆਣੀਆਂ ਅੱਗੇ ਹੋ ਨੁਹਾਉਣ ਦਾ ਕਾਰਜ ਕਰ ਰਹੀਆਂ ਸਨ। ਵਿਚ ਵਿਚ ਆਵਾਜ਼ਾਂ ਆ ਰਹੀਆਂ ਸਨ, “ਆਪਾਂ ਲੇਟ ਆਂ, ਗਰਮੀ ਬਹੁਤ ਏ, ਦਹੀਂ ਵਾਲਾ ਭਾਂਡਾ ਲਿਆਓ।”

“ਆਹ ਲਓ ਕੱਪੜੇ।” ਇਕ ਸਿਆਣੀ ਹੱਥ ਫੜ੍ਹਿਆ ਪਲਾਸਿਟਕ ਦਾ ਬੈਗ ਅੱਗੇ ਕਰ ਰਹੀ ਸੀ। ਰੋਣ ਦੀਆਂ ਭਾਂਤ ਭਾਂਤ ਦੀਆਂ ਆਵਾਜ਼ਾਂ, ਦਰੀਆਂ ‘ਤੇ ਬੈਠੇ ਰਿਸ਼ਤੇਦਾਰ, ਗਵਾਂਢੀ, ਪਿੰਡ ਵਾਲੇ-ਮਰਦ ਤੇ ਤੀਵੀਆਂ। “ਬੜਾ ਦੁੱਖ ਭੋਗਿਆ ਬਿਮਾਰੀ ਨਾਲ ਸਰਦਾਰਨੀ ਨੇ, ਚਲੋ ਦੁੱਖਾਂ ਤੋਂ ਛੁਟਕਾਰਾ ਮਿਲ ਗਿਆ। ਜਾਣਾ ਤਾਂ ਇਕ ਦਿਨ ਸਭ ਨੇ ਹੈ, ਇਸ ਫਾਨੀ ਦੁਨੀਆਂ ਤੋਂ, ਮਰਨਾ ਸੱਚ ਤੇ ਜਿਉਣਾ ਝੂਠ।” ਹਰੇਕ ਆਪੋ ਆਪਣੀ ਸਮਝ ਮੁਤਾਬਕ ਦੁੱਖ ਜਾਹਰ ਕਰ ਰਿਹਾ ਸੀ। ਦਰੀ ਤੋਂ ਇਕ ਬਜ਼ੁਰਗ ਉਠ ਕੇ ਬੋਲਿਆ, “ਬਈ ਲੱਗਦਾ ਪੁੱਤਰ ਤੋਂ ਨ੍ਹੀਂ ਪਹੁੰਚ ਹੋਣਾ ਸਸਕਾਰ ਦੇ ਟੈਮ। ਪ੍ਰਾਹੁਣੇ ਨੇ ਫੋਨ ਕਰਿਆ, ਕਹਿੰਦਾ ਫਲਾਈਟ ਲੇਟ ਹੋ ਗਈ। ਦੋ ਤਾਂ ਵੱਜ’ਗੇ। ਬੀਬੀਓ, ਛੇਤੀ ਕਰੋ ਜ਼ਰਾ ਭਾਈ।” ਨਾਲ ਹੀ ਬਜ਼ੁਰਗ ਨੇ ਕੋਲ ਬੈਠੇ ਮਰਦਾਂ ਨੂੰ ਉਠਣ ਦਾ ਇਸ਼ਾਰਾ ਕੀਤਾ ਕਿ ਫੱਟਾ ਨੇੜੇ ਲੈ ਆਓ।
ਤਦੇ ਸਰਦਾਰਨੀ ਦੀ ਨੂੰਹ ਗੁਰਜੀਤ ਬਾਹਰੋਂ ਵਿਹੜੇ ਵਿਚ ਦਾਖਲ ਹੋਈ, ਸ਼ਾਇਦ ਕਾਲਜ ਤੋਂ ਆਈ ਸੀ। ਉਸ ਨਾਲ ਉਸ ਦੀਆਂ ਦੋਵੇਂ ਕੁੜੀਆਂ ਸਨ। ਉਹ ਤਿੰਨੇ ਜਣੀਆਂ ਵਿਹੜੇ ਵਿਚ ਬੈਠੇ ਮਰਦਾਂ-ਤੀਵੀਆਂ ਵਿਚੋਂ ਦੀ ਸ਼ੂਟ ਵੱਟ ਕੇ ਲੰਘ ਗਈਆਂ ਤੇ ਆਪਣੇ ਕਮਰੇ ਵਿਚ ਜਾ ਬੈਠੀਆਂ। ਇਹ ਸਭ ਵੇਖ ਦਰੀਆਂ ‘ਤੇ ਬੈਠੇ ਮਰਦ-ਤੀਵੀਆਂ ਵਿਚ ਘੁਸਰ-ਮੁਸਰ ਸ਼ੁਰੂ ਹੋ ਗਈ ਤੇ ਇਕ ਮਾਈ ਦੀ ਆਵਾਜ਼ ਸਾਰੇ ਬੈਠਿਆਂ ਦੇ ਕੰਨ ਚੀਰ ਗਈ, “ਵੇਖੋ ਲੋਕੋ ਕਲਜੁਗ! ਭੈੜੀਏ ਤੇਰੀ ਮਾਂ ਵਰਗੀ ਸੱਸ ਸੀ, ਤੇਰੇ ਖਸਮ ਦੀ ਮਾਂ, ਤੇਰੀਆਂ ਧੀਆਂ ਦੀ ਦਾਦੀ। ਹੁਣ ਤਾਂ ਉਹ ਮਰ ਗਈ, ਜਿਸ ਦਿਨ ਸਹੁਰਾ ਮਰਿਆ ਸੀ ਤਾਂ ਵੀ ਪੇਕੇ ਜਾ ਬੈਠੀ, ਉਹਦੇ ਭੋਗ ਪਿੱਛੋਂ ਈ ਵਾਪਿਸ ਆਈ ਸੀ।”
ਮਾਈ ਦੇ ਕੋਲ ਬੈਠੀ ਅੱਧਖੜ ਉਮਰ ਦੀ ਔਰਤ ਥੋੜ੍ਹਾ ਖਿਸਕ ਕੇ ਨੇੜੇ ਹੋਈ ਤੇ ਮਾਈ ਦਾ ਮੋਢਾ ਹਲੂਣ ਕੇ ਦੱਬਵੀਂ ਆਵਾਜ਼ ਵਿਚ ਬੋਲੀ, “ਰਹਿਣ ਦੇ, ਰਹਿਣ ਦੇ ਮਾਤਾ, ਤੈਨੂੰ ਕੀ ਪਤਾ। ਅਸੀਂ ਤਾਂ ਗਵਾਂਢ ਵੱਸਦੇ ਆਂ, ਇਸ ਨੂੰਹ ਵਿਚਾਰੀ ਨੇ ਇਕੱਲਿਆਂ ਕਿਵੇਂ ਆਹ ਦੋਵੇਂ ਜਵਾਕੜੀਆਂ ਪਾਲੀਆਂ। ਮੁੰਡਾ ਤਾਂ ਸਰਦਾਰਨੀ ਨੇ ਚੋਰੀ ਚੋਰੀ ਬਾਹਰ ਤੋਰ ਦਿੱਤਾ, ਨੂੰਹ ਤਾਂ ਹਿਸਾਬ ਨਾਲ ਛੱਡੀ ਹੋਈ ਏ, ਬਈ ਪੋਤਾ ਨਹੀਂ ਜੰਮਿਆ। ਇਹ ਤਾਂ ਨੂੰਹ ਹੀ ਬਹਾਦਰ ਨਿਕਲੀ ਜਿਨ੍ਹੇ ਘਰ ਨਹੀਂ ਛੱਡਿਆ, ਐਨੇ ਸਾਲ ਸਤ ਰੱਖਿਆ, ਕਿਸੇ ਤੋਂ ਉਗਂਲ ਨਹੀਂ ਕਰਾਈ। ਇਹ ਵੀ ਸਰਦਾਰਾਂ ਦੀ ਧੀ ਏ, ਇਹਦੇ ਮਾਪਿਆਂ ਬਥੇਰਾ ਕਿਹਾ, ‘ਕੁੜੀਏ! ਨਿਕਲ ਰੋਜ਼ ਦੇ ਕਲੇਸ਼ ਵਿਚੋਂ, ਸਾਡੇ ਕੋਲ ਆ ਜਾ, ਅਸੀਂ ਪੜ੍ਹਾਵਾਂਗੇ ਕੁੜੀਆਂ ਨੂੰ।’ ਪਰ ਭਾਈ ਪਿਉ ਦੀ ਧੀ ਕਹਿੰਦੀ, ਇਨ੍ਹਾਂ ਦੀ ਹਿੱਕ ‘ਤੇ ਮੂੰਗ ਦਲੂੰ, ਇਹਨੂੰ ਦੂਜਾ ਵਿਆਹ ਨਹੀਂ ਕਰਵਾਉਣ ਦੇਣਾ। ਨਾਲੇ ਧੀਆਂ ਪੜ੍ਹਾ-ਲਿਖਾ ਕੇ ਕੁਝ ਬਣਾ ਕੇ ਵਿਖਾਊਂ। ਇਹ ਵਿਚਾਰੀ ਠੋਕਰਾਂ ਖਾ ਖਾ ਪੱਥਰ ਹੋ ਗਈ।”
ਕੋਲ ਹੀ ਬੈਠੀ ਪਿੰਡ ਦੀ ਕਿਸੇ ਘਰ ਦੀ ਨੂੰਹ ਉਠ ਖੜ੍ਹੀ ਹੋਈ, “ਹਾਂ ਜੀ, ਪੱਥਰ ਦਿਲ ਵਾਲਿਆਂ ਵਿਚ ਰਹਿੰਦਾ ਬੰਦਾ ਪੱਥਰ ਹੀ ਤਾਂ ਹੋ ਜਾਂਦਾ।”
ਇੰਨੇ ਨੂੰ ਅਰਥੀ ਚਾਰ ਬੰਦਿਆਂ ਮੋਢਿਆਂ Ḕਤੇ ਚੁੱਕੀ ਤੇ ‘ਵਾਹਿਗੁਰੂ ਵਾਹਿਗੁਰੂ’ ਕਰਦੇ ਸਭ ਪਿੱਛੇ ਪਿੱਛੇ ਮੜ੍ਹੀਆਂ ਵੱਲ ਨੂੰ ਤੁਰ ਪਏ। ਗੁਰਜੀਤ ਤੇ ਉਹਦੀਆਂ ਧੀਆਂ ਦਰਵਾਜ਼ਾ ਬੰਦ ਕਰ ਕਮਰੇ ਵਿਚ ਬੈਠੀਆਂ ਰਹੀਆਂ। ਕੁਝ ਦਿਨਾਂ ਬਾਅਦ ਸਰਦਾਰਨੀ ਦਾ ਭੋਗ ਵੀ ਪੈ ਗਿਆ ਤੇ ਸਤਨਾਮ ਕੈਨੇਡਾ ਵਾਪਿਸ ਜਾਣ ਦੀ ਤਿਆਰੀ ਕਰਨ ਲੱਗਾ।
ਸ਼ਾਮ ਦਾ ਵਕਤ ਗੁਰਜੀਤ ਵਿਹੜੇ ਵਿਚ ਮੰਜੇ ‘ਤੇ ਬੈਠੀ ਸਬਜ਼ੀ ਛਿੱਲ-ਕੱਟ ਰਹੀ ਸੀ ਤੇ ਆਪਣੇ ਆਪ ਨਾਲ ਕਮਲਿਆਂ ਵਾਂਗ ਗੁੱਸੇ ਵਿਚ ਗੱਲਾਂ ਕਰਦੀ ਬੋਲੀ, “ਬੇਸ਼ਰਮ! ਹੁਣ ਸਤਾਰਾਂ ਸਾਲਾਂ ਪਿੱਛੋਂ ਕਹਿੰਦਾ ਆਪਾਂ ਇਕੱਠੇ ਰਹੀਏ, ਜਦੋਂ ਇਕੱਠੇ ਰਹਿਣ ਦਾ ਵੇਲਾ ਸੀ, ਉਦੋਂ ਮੇਰੀ ਯਾਦ ਨਹੀਂ ਸੀ ਆਈ, ਜਵਾਨੀ ਮੇਰੀ ਰੋਲ ਦਿੱਤੀ। ਮੈਂ ਜ਼ਿੰਦਗੀ ਦੀ ਸਿਖਰ ਦੁਪਹਿਰ ਤੇ ਕਾਲੀਆਂ ਰਾਤਾਂ ਇਨ੍ਹਾਂ ਧੀਆਂ ਦੇ ਗਲ ਲੱਗ ਇਕੱਲੀ ਨੇ ਕੱਟੀਆਂ ਤੇ ਹੁਣ ਜ਼ਿੰਦਗੀ ਦੀ ਸ਼ਾਮ ਵੀ ਧੀਆਂ ਸਹਾਰੇ ਕੱਟੂੰ। ਹਾਂ! ਇਹਨੇ ਮੇਰਾ ਤੇ ਕੀ ਸੋਚਣਾ ਸੀ, ਆਹ ਉਦੋਂ ਭੋਰਾ ਭੋਰਾ ਧੀਆਂ ਦਾ ਖਿਆਲ ਨਹੀਂ ਆਇਆ ਇਹਨੂੰ। ਇਕ ਦੋ ਸਾਲ ਦੀ ਸੀ, ਦੂਜੀ ਛੇ ਮਹੀਨੇ ਦੀ। ਇਹਦੇ ਮਾਪਿਆਂ ਵੀ ਆਪਣੇ ਪੁੱਤ ਦਾ ਈ ਪੱਖ ਪੂਰਿਆ, ਅਖੇ ਨੂੰਹ ਪੁੱਤ ਨਹੀਂ ਜੰਮਦੀ, ਕੁੜੀਆਂ ਜੰਮੀ ਜਾਂਦੀ ਆ। ਪੁੱਤ ਜੰਮਣਾ ਜਨਾਨੀ ਦੇ ਵੱਸ ਹੁੰਦਾ? ਇਹਦੀਆਂ ਭੈਣਾਂ ਵੀ ਕਹਿੰਦੀਆਂ, ‘ਸਾਡਾ ਇੱਕੋ ਇਕ ਵੀਰ ਤਾਂ ਫਸ ਗਿਆ ਇਹਦੇ ਨਾਲ ਵਿਆਹ ਕਰਵਾ ਕੇ।’ ਹੁਣ ਮੈਨੂੰ ਕੈਨੇਡਾ ਦਾ ਲਾਲਚ ਦਿੰਦਾ, ਅਖੇ ਮੈਂ ਤੁਹਾਨੂੰ ਕੈਨੇਡਾ ਬੁਲਾ ਲੈਣਾ, ਤਿੰਨਾਂ ਨੂੰ। ਮੈਨੂੰ ਵੀ ਕੈਨੇਡਾ ਤੋਂ ਸਾਰੀਆਂ ਖਬਰਾਂ ਮਿਲਦੀਆਂ ਸਨ, ਉਹ ਵੀ ਛੱਡ’ਗੀ ਇਹਨੂੰ, ਜੋ ਬਿਨ ਵਿਆਹ ਕੀਤੇ ਕੈਨੇਡਾ ਰੱਖੀ ਬੈਠਾ ਸੀ! ਉਹਦੇ ਵੀ ਕੁੜੀ ਜੰਮੀ, ਉਹਦੇ ਕੋਲੋਂ ਵੀ ਪੁੱਤ ਭਾਲਦੇ ਸੀ। ਇਹ ਕਿਤੇ ਤੀਵੀਂ ਦੇ ਵੱਸ ਹੁੰਦਾ? ਕੁੜੀਆਂ ਮੇਰੀਆਂ ਜਵਾਨ ਹੋ ਗਈਆਂ, ਵੱਡੀ ਤਾਂ ਕਹਿੰਦੀ, ‘ਮਾਂ! ਮੈਂ ਡੈਡੀ ਦਾ ਮੂੰਹ ਨਹੀਂ ਵੇਖਣਾ। ਮੈਂ ਪੜ੍ਹ ਕੇ ਇਹਨੂੰ ਕੁਝ ਬਣ ਕੇ ਵਿਖਾਉਣਾ।’
ਜੇ ਕੈਨੇਡਾ ਜਾਣਾ ਹੋਇਆ, ਆਪਣੇ ਬਲਬੂਤੇ ਜਾਵਾਂਗੀਆਂ। ਜੇ ਇਹ ਸਾਨੂੰ ਬਿਪਤਾ ਵਿਚ ਛੱਡ ਗਿਆ ਸੀ, ਅਸੀਂ ਮਿਹਨਤ ਕੀਤੀ, ਰੱਬ ਸਾਡੇ ਨਾਲ ਸੀ। ਮੈਂ ਤਾਂ ਕਹਿਨੀ ਆਂ ਸ਼ੁਕਰ ਏ ਪਹਿਲਾਂ ਵਾਹਿਗੁਰੂ ਦਾ ਤੇ ਫੇਰ ਮਾਪਿਆਂ ਦਾ, ਜਿਨ੍ਹਾਂ ਪੜ੍ਹਾਇਆ, ਤੇ ਕਾਲਜ ਵਿਚ ਮੈਨੂੰ ਲੈਕਚਰਾਰ ਦੀ ਨੌਕਰੀ ਮਿਲ ਗਈ। ਇਹਨੇ ਦੁੱਖ ਬਿਨਾ ਮੈਨੂੰ ਦਿੱਤਾ ਈ ਕੀ ਐ? ਆਪ ਕੈਨੇਡਾ ਪਹੁੰਚ ਗਿਆ, ਨਿੱਤ ਨਵੀਆਂ ਰੰਨਾਂ, ਤੇ ਇਹਦੇ ਮਾਪਿਆਂ ਮੈਨੂੰ ਘਰੋਂ ਕੱਢਣ ਦੀ ਤਿਆਰੀ ਕਰ ਲਈ ਸੀ। ਜੇ ਮੈਂ ਪੁਲਿਸ ਜਾਂ ਕੋਰਟ ਦਾ ਦਰਵਾਜ਼ਾ ਨਾ ਖੜਕਾਉਂਦੀ, ਮੈਂ ਤਾਂ ਰੁਲ ਜਾਣਾ ਸੀ। ਮੈਂ ਨਿੱਕੀਆਂ ਨਿੱਕੀਆਂ ਬੱਚੀਆਂ ਨੂੰ ਲੈ ਕੇ ਆਪਣੇ ਮਾਪਿਆਂ ਦੇ ਬੂਹੇ ਤਾਂ ਨਹੀਂ ਸੀ ਬੈਠਣਾ!”
“ਕੀ ਗੱਲ ਧੀਏ ਗੁਰਜੀਤ? ‘ਕੱਲੀ ਬੋਲੀ ਜਾਨੀ ਏ?” ਸਤਨਾਮ ਦੀ ਚਾਚੀ ਕਿਸ਼ਨ ਕੌਰ, ਜੋ ਗੁਰਜੀਤ ਦੀ ਦਿਲੋਂ ਹਮਦਰਦ ਸੀ, ਵਿਹੜੇ ਵੜਦੀ ਬੋਲੀ ਤੇ ਫਿਰ ਚੁਫੇਰੇ ਨਜ਼ਰ ਮਾਰਦਿਆਂ ਮੰਜੇ ‘ਤੇ ਬੈਠਦੀ ਪੁੱਛਣ ਲੱਗੀ, “ਕੁੜੀਏ ਪਤਾ ਲੱਗਾ ਸਤਨਾਮ ਕੈਨੇਡਾ ਤੋਂ ਆ ਗਿਆ, ਮਾਂ ਦੇ ਭੋਗ ਪਿੱਛੋਂ? ਭੋਗ ਵਾਲੇ ਦਿਨ ਤਾਂ ਦਿਸਿਆ ਨਹੀਂ।”
“ਚਾਚੀ ਜੀ! ਪਿਛਲੇ ਸਤਾਰਾਂ ਸਾਲਾਂ ਤੋਂ ਚੰਗੀ ਭਲੀ ਨੂੰ ਕਮਲਿਆਂ ਤਾਂ ਇਸ ਟੱਬਰ ਨੇ ਕਰ ਦਿੱਤਾ। ਕਹਿੰਦੇ ਆ ਨਾ, ਜੀਹਦੀ ਕੋਠੀ ਦਾਣੇ, ਉਹਦੇ ਕਮਲੇ ਵੀ ਸਿਆਣੇ। ਇਹ ਤਾਂ ਭੋਗ ਤੋਂ ਅਗਲੇ ਦਿਨ ਪਹੁੰਚੇ, ਉਹ ਵੀ ਸਿੱਧਾ ਵੱਡੀ ਭੈਣ ਕੋਲ। ਉਹ ਤਾਂ ਧੀਆਂ ਨੇ ਮਰੀ ਮਾਂ ਨੂੰ ਹਸਪਤਾਲ ਵਿਚੋਂ ਸਿੱਧਾ ਇਥੇ ਕੋਠੀ ਵਿਚ ਚੁੱਕ ਲਿਆਂਦਾ ਸੀ, ਬਈ ਸ਼ਰੀਕਾ ਕੀ ਕਹੂ, ਮਾਂ ਜਵਾਈਆਂ ਦੇ ਬੂਹੇ ‘ਤੇ ਮਰ ਗਈ। ਇਹ ਆਏ ਸੀ ਸਵੇਰੇ ਪੋਚੇ ਪਾਉਣ, ਚਲੇ ਗਏ ਆਪਣੀ ਭੈਣ ਵੱਲ। ਕਹਿੰਦੇ, ਆਹ ਸਾਰੀ ਕੋਠੀ ਖੋਲ੍ਹ ਦਿੱਤੀ ਆ, ਆਪਾਂ ਸਾਰੇ ਇਥੇ ਰਹੀਏ। ਹੁਣ ਕੈਨੇਡਾ ਲੈ ਕੇ ਜਾਣ ਦੀਆਂ ਫੁੱਲੀਆਂ ਪਾਉਂਦੇ ਆ। ਚਾਚੀ ਜੀ, ਤੁਸੀਂ ਹੀ ਦੱਸੋ ਮੈਂ ਕੀ ਕਰਾਂ? ਤੁਹਾਡੇ ਸਾਹਮਣੇ ਪਿਛਲੇ ਸਤਾਰਾਂ ਸਾਲ ਐਡੀ ਵੱਡੀ ਕੋਠੀ ਵਿਚੋਂ ਇਨ੍ਹਾਂ ਦੇ ਮਾਂ-ਪਿਉ ਕੋਲੋਂ ਲੜ ਕੇ ਇਕ ਕਮਰਾ ਤੇ ਰਸੋਈ ਲਏ। ਅਸੀਂ ਤਿੰਨਾਂ ਮਾਂਵਾਂ-ਧੀਆਂ ਨੇ ਹਾੜ-ਸਿਆਲ ਇਹਦੇ ਵਿਚ ਕੱਟੇ। ਤੁਹਾਨੂੰ ਪਤਾ ਈ ਆ, ਇਨ੍ਹਾਂ ਦੇ ਮਾਂ-ਬਾਪ ਆਪਣੀਆਂ ਦੋਹਤੀਆਂ ਤੇ ਦੋਹਤਿਆਂ ਨੂੰ ਕੋਲ ਰੱਖ ਕੇ ਬਥੇਰੇ ਚਾਅ-ਮਲ੍ਹਾਰ ਕਰਦੇ ਤੇ ਮੇਰੀਆਂ ਧੀਆਂ ਨੂੰ ਆਪਣੀ ਦੇਹਲੀ ਨਹੀਂ ਸੀ ਟੱਪਣ ਦਿੰਦੇ। ਸਾਰੀ ਕੋਠੀ ਸਾਂਭੀ ਬੈਠੇ ਸੀ, ਤੁਸੀਂ ਦੱਸੋ? ਹੁਣ ਮਰ ਗਏ, ਛਾਤੀ ‘ਤੇ ਰੱਖ ਕੇ ਲੈ ਗਏ? ਇਹ ਧੀਆਂ ਮੈਂ ਪਿੱਛੋਂ ਲੈ ਕੇ ਆਈ ਸਾਂ? ਮੈਨੂੰ ਇਹ ਸਾਲਾਂ ਬੱਧੀ ਸਜ਼ਾ ਕਿਉਂ ਦਿੱਤੀ? ਪਿਉ ਇਨ੍ਹਾਂ ਦਾ ਬਾਹਰ ਭਜਾ ਦਿੱਤਾ ਜਾਂ ਭੱਜ ਗਿਆ ਸੀ ਪਰ ਇਨ੍ਹਾਂ ਦੀਆਂ ਵੀ ਤਾਂ ਪੋਤੀਆਂ ਲੱਗਦੀਆਂ ਸਨ, ਕਿਸੇ ਨੇ ਵਾਤ ਨਹੀਂ ਪੁੱਛੀ। ਇਹ ਤਾਂ ਕੈਨੇਡਾ ਰੰਗ-ਰਲੀਆਂ ਮਨਾਉਂਦੇ ਰਹੇ, ਤੁਹਾਨੂੰ ਪਤਾ ਈ ਐ, ਮੈਂ ਗੁਜ਼ਾਰਾ ਆਪਣੀ ਤਨਖਾਹ ਨਾਲ ਕੀਤਾ। ਘਰ ਦਾ ਖਰਚ, ਕੁੜੀਆਂ ਦੀ ਪੜ੍ਹਾਈ, ਟਿਊਸ਼ਨਾਂ ਦੇ ਪੈਸੇ-ਥੋੜ੍ਹਾ ਖਰਚਾ ਹੁੰਦਾ ਕਿਤੇ? ਨਾ ਇਨ੍ਹਾਂ ਬਾਹਰੋਂ ਧੇਲਾ ਭੇਜਿਆ, ਨਾ ਇਨ੍ਹਾਂ ਦੇ ਮਾਂ-ਬਾਪ ਨੇ ਦਵਾਨੀ ਦਿੱਤੀ। ਥੋੜ੍ਹਾ ਪੈਸਾ ਸੀ ਇਨ੍ਹਾਂ ਕੋਲ? ਚਾਚੀ ਜੀ! ਚਲੋ ਛੱਡੋ, ਆਹ ਮੂੰਹ ਮਿੱਠਾ ਕਰੋ।” ਗੁਰਜੀਤ ਨੇ ਲੱਡੂਆਂ ਵਾਲਾ ਡੱਬਾ ਚਾਚੀ ਵੱਲ ਵਧਾਉਂਦਿਆਂ ਕਿਹਾ।
“ਨੂੰਹ ਰਾਣੀਏ, ਇਹ ਕਾਹਦਾ?” ਤੁਹਾਡੀ ਪੋਤੀ ਨੂੰ ਮੈਡੀਕਲ ਕਾਲਜ ਵਿਚ ਦਾਖਲਾ ਮਿਲ ਗਿਐ। ਤਾਹੀਂ ਤਾਂ ਅੱਗੇ ਪਿਛੇ ਫਿਰਦੇ ਨੇ ਹੁਣ। ਕੁੜੀਆਂ ਕਹਿੰਦੀਆਂ, ਅਸੀਂ ਬਾਹਰ ਜਾਣਾ ਹੋਇਆ ਤਾਂ ਆਪਣੀ ਪੜ੍ਹਾਈ ਦੇ ਸਿਰ ‘ਤੇ ਜਾਣਾ, ਪਿਉ ਦਾ ਅਹਿਸਾਨ ਨਹੀਂ ਲੈਣਾ। ਚਾਚੀ ਜੀ, ਹੋਰ ਸੁਣ ਲਉ! ਹੁਣ ਆਪੀਂ ਦੱਸ ਕੇ ਗਏ, ਇਨ੍ਹਾਂ ਨੂੰ ਮੇਰੇ ਸੱਸ ਸਹੁਰੇ ਨੇ ਬੇਦਖਲ ਕੀਤਾ ਹੋਇਆ ਸੀ ਤਾਂਕਿ ਮੈਂ ਜਾਇਦਾਦ ਵਿਚੋਂ ਹਿੱਸਾ ਨਾ ਮੰਗਾਂ। ਸਹੁਰਾ ਮੇਰਾ ਆਪਣੀਆਂ ਤਿੰਨੇ ਧੀਆਂ ਦੇ ਨਾਂ ਵਸੀਅਤ ਕਰ ਗਿਆ। ਕੁੜੀਆਂ ਤੇ ਪ੍ਰਾਹੁਣੇ ਹੱਥ-ਪੱਲਾ ਨਹੀਂ ਫੜ੍ਹਾਉਂਦੇ, ਹੁਣ ਆਪ ਇਹ ਰੋਂਦੇ ਫਿਰਦੇ। ਸਾਰੇ ਭੈਣ-ਭਰਾ ਛੱਡ ਗਏ। ਕੀ ਦੱਸਾਂ ਚਾਚੀ ਜੀ! ਅੱਜ ਸਤਾਰਾਂ ਸਾਲਾਂ ਪਿੱਛੋਂ ਮੇਰੇ ਨਾਲ ਬੋਲੇ। ਤੁਹਾਨੂੰ ਪਤਾ ਈ ਏ, ਚੋਰੀ ਆਉਂਦੇ ਸੀ ਭੈਣ ਦੇ ਘਰ, ਮਾਂ-ਬਾਪ ਨੂੰ, ਮੇਰੇ ਤੇ ਕੁੜੀਆਂ ਤੋਂ ਚੋਰੀ ਮਿਲ ਕੇ ਵਾਪਿਸ ਕੈਨੇਡਾ ਮੁੜ ਜਾਂਦੇ ਸਨ।”
“ਹਾਂ ਧੀਏ, ਤੂੰ ਕੇਸ ਜੋ ਕੀਤਾ ਸੀ, ਡਰਦਾ ਹੋਣਾ।” ਚਾਚੀ ਨੇ ਵੀ ਸੱਚੀ ਗੱਲ ਆਖ ਦਿਤੀ।
“ਕੇਸ ਨਾ ਕਰਦੀ ਤਾਂ ਮੈਨੂੰ ਘਰੋਂ ਕੱਢ ਦੇਣਾ ਸੀ।”
“ਧੀਏ, ਸਬਰ ਕਰ! ਤੈਨੂੰ ਪਤਾ ਈ ਏ, ਮੇਰੇ ਹਾਲਾਤ ਵੀ ਤੇਰੇ ਸਾਹਮਣੇ ਹਨ, ਤੇਰੇ ਚਾਚਾ ਜੀ ਦੇ ਐਕਸੀਡੈਂਟ ਵਿਚ ਗੁਜਰ ਜਾਣ ਪਿੱਛੋਂ ਕਿਵੇਂ ਇਕੱਲੀ ਨੇ ਧੀਆਂ ਤੇ ਪੁੱਤ ਪਾਲਿਆ, ਪੜ੍ਹਾਏ-ਲਿਖਾਏ ਤੇ ਵਿਆਹੇ। ਜੇ ਮੈਂ ਵੀ ਟੀਚਰ ਨਾ ਲੱਗੀ ਹੁੰਦੀ, ਔਖਾ ਸੀ। ਐਜੂਕੇਸ਼ਨ ਔਰਤ ਦਾ ਸਭ ਤੋਂ ਵੱਡਾ ਗਹਿਣਾ ਹੈ, ਜੋ ਕੋਈ ਨਹੀਂ ਖੋਹ ਸਕਦਾ ਤੇ ਔਖੇ ਵੇਲੇ ਤੁਹਾਡੇ ਕੰਮ ਆਉਂਦੀ ਹੈ। ਜੇ ਜ਼ਿੰਦਗੀ ਵਿਚ ਮੁਸੀਬਤ ਆਉਂਦੀ ਹੈ ਤਾਂ ਪਰਮਾਤਮਾ ਕੋਈ ਨਾ ਕੋਈ ਵਸੀਲਾ ਬਣਾ ਦਿੰਦਾ ਹੈ। ਬੱਸ ਹਿੰਮਤ ਤੇ ਹੌਂਸਲਾ ਰੱਖਣਾ ਹੀ ਸਿਆਣਪ ਹੈ।”

ਚਾਚੀ ਕਿਸ਼ਨ ਕੌਰ ਨੇਕ ਔਰਤ ਸੀ ਤੇ ਬਹੁਤਾ ਸਮਾਂ ਪਿੰਡ ਦੇ ਸਰਕਾਰੀ ਸਕੂਲ ਵਿਚ ਟੀਚਰ ਰਹੀ। ਉਸ ਨੇ ਹੀ ਗੁਰਜੀਤ ਨੂੰ ਘਰ ਨਾ ਛੱਡਣ ਦੀ ਸਲਾਹ ਦਿੱਤੀ ਸੀ ਤੇ ਕਿਹਾ ਸੀ, ਕੁੜੀਆਂ ਨੂੰ ਵੱਧ ਤੋਂ ਵੱਧ ਪੜ੍ਹਾਈਂ। ਉਸ ਨੇ ਇਕ ਦਿਨ ਗੁਰਜੀਤ ਨੂੰ ਸਹੁਰੇ ਘਰ ਦੀ ਢਹਿੰਦੀ ਕਲਾ ਵੱਲ ਜਾਣ ਦੇ, ਆਪਣੀ ਸੋਚ ਮੁਤਾਬਿਕ ਕਾਰਨ ਵੀ ਦੱਸੇ, “ਤੈਨੂੰ ਵੀ ਧੀਏ ਪਤਾ ਈ ਏ ਕਿ ਸਾਡਾ ਸਹੁਰਾ ਤਹਿਸੀਲਦਾਰ ਸੀ ਤੇ ਇਨ੍ਹਾਂ ਦੀ ਜੱਦੀ ਜਮੀਨ ਜਾਇਦਾਦ ਥੋੜ੍ਹੀ ਹੀ ਸੀ। ਪਤਾ ਨਹੀਂ ਕਿਸ ਕਿਸ ਮਜਬੂਰ ਤੇ ਗਰੀਬ ਦੇ ਹੱਕ ਮਾਰੇ ਤੇ ਲਹੂ ਪੀਤਾ। ਠੱਗੀਆਂ ਮਾਰ ਮਾਰ ਆਹ ਪੰਜਾਹ ਕਿਲੇ ਪੈਲੀ ਬਣਾ ਲਈ। ਮੈਨੂੰ ਪਤਾ, ਜਦ ਮੈਂ ਵਿਆਹੀ ਆਈ ਸੀ, ਸਹੁਰੇ ਮੇਰੇ ਨੂੰ ਦੋ ਸਾਲ ਹੋ ਗਏ ਸੀ ਮੰਜੇ ‘ਤੇ ਗੋਡੇ ਗਿੱਟੇ ਰਗੜਦਿਆਂ, ਮੌਤ ਨਹੀਂ ਸੀ ਆਉਂਦੀ। ਇਸੇ ਹੀ ਜਾਇਦਾਦ ਦੇ ਨਸ਼ੇ ਨੇ ਤੇਰੇ ਚਾਚੇ ਤੇ ਮੇਰੇ ਜੇਠ ਯਾਨਿ ਤੇਰੇ ਸਹੁਰੇ ਨੂੰ ਹੱਡ ਭੰਨ ਕੇ ਕੰਮ ਈ ਨਹੀਂ ਕਰਨ ਦਿੱਤਾ। ਅੱਗੋਂ ਉਨ੍ਹਾਂ ਦੇ ਪੁੱਤਰਾਂ-ਤੇਰੇ ਘਰਵਾਲੇ ਤੇ ਮੇਰੇ ਪੁੱਤ ਨੇ ਡੱਕਾ ਨਹੀਂ ਤੋੜਿਆ। ਹੁਣ ਸਤਨਾਮ ਭਾਵੇਂ ਕੈਨੇਡਾ ਜਾ ਕੇ ਕੰਮ ਕਰਦਾ ਹੋਵੇ, ਪਤਾ ਨਹੀਂ? ਮੇਰੇ ਨੇ ਤਾਂ ਵੇਚਣ ਨੂੰ ਵਾਢਾ ਲਾ’ਤਾ। ਅੱਧੀ ਵੇਚ ਕੇ ਖਾ ਵੀ ਲਈ ਤੇ ਤੁਹਾਡੇ ਵਾਲੀ ਵੈਸੇ ਜਵਾਈਆਂ ਸਾਂਭ ਲਈ। ਸਤਨਾਮ ਤਾਂ ਕੈਨੇਡਾ ਜਾ ਬੈਠਾ, ਮੈਨੂੰ ਤਾਂ ਧੀਏ ਰੱਬ ਨੇ ਪੋਤੀ ਵੀ ਨਹੀਂ ਦਿੱਤੀ। ਪਤਾ ਨਹੀਂ ਇਸ ਘਰ ਨੂੰ ਕਿਸ ਗਰੀਬ ਤੇ ਲਾਚਾਰ ਦੀਆਂ ਬਦਅਸੀਸਾਂ ਲੱਗੀਆਂ ਕਿ ਘਰ ਦਾ ਬੂਟਾ ਨਹੀਂ ਲੱਗਿਆ। ਜਿਵੇਂ ਹਰਾਮ ਦੀ ਜਾਇਦਾਦ ਆਈ, ਉਵੇਂ ਚਲੀ ਜਾਣੀ।”
“ਕੋਈ ਨ੍ਹੀਂ ਚਾਚੀ ਜੀ, ਆਹ ਪੋਤੀਆਂ ਤੁਹਾਡੀਆਂ ਨੇ। ਤੁਸੀਂ ਨੂੰਹ ਪੁੱਤ ਨਾਲ ਤਾਂ ਪਿਆਰ ਨਾਲ ਰਹਿੰਦੇ ਓਂ, ਨਾਲੇ ਤੁਸੀਂ ਤੇ ਮੈਂ ਨੌਕਰੀ ਕਰਕੇ ਦੱਸਾਂ ਨਹੂੰਆਂ ਦੀ ਕਿਰਤ ਕਮਾਈ ਖਾਂਦੇ ਆਂ।”

ਅਗਲੇ ਦਿਨ ਐਤਵਾਰ ਨੂੰ ਸਵੇਰੇ ਚਾਚੀ ਨੂੰ ਨਾਲ ਲੈ ਕੇ ਸਤਨਾਮ ਗੁਰਜੀਤ ਕੋਲ ਘਰ ਆਇਆ। ਗੁਰਜੀਤ ਚਾਹ ਦਾ ਕੱਪ ਫੜ੍ਹੀ ਵਿਹੜੇ ਵਿਚ ਕੁਰਸੀ ‘ਤੇ ਬੈਠੀ ਸੀ। ਬੇਟੀਆਂ ਛੁੱਟੀ ਹੋਣ ਕਰਕੇ ਅਜੇ ਸੁੱਤੀਆਂ ਪਈਆਂ ਸਨ।
“ਗੁਰਜੀਤ, ਸਤਨਾਮ ਤਾਂ ਰਾਤ ਹੀ ਸਾਡੇ ਘਰ ਆ ਗਿਆ ਸੀ।” ਕਿਸ਼ਨ ਕੌਰ ਨੇ ਸਤਨਾਮ ਦੀ ਬਾਂਹ ਫੜ੍ਹ ਅੱਗੇ ਨੂੰ ਕੀਤਾ ਤੇ ਕਿਹਾ, “ਕਹਿ ਮੁੰਡਿਆ ਹੁਣ ਜੋ ਕਹਿਣਾ ਚਾਹੁੰਦਾ ਏ।” ਗੁਰਜੀਤ ਨੇ ਕੁਰਸੀ ਛੱਡ ਚਾਚੀ ਨੂੰ ਬੈਠਣ ਨੂੰ ਕਿਹਾ ਤੇ ਦੋ ਹੋਰ ਕੁਰਸੀਆਂ ਖਿੱਚ ਲਿਆਈ ਤੇ ਬੋਲੀ, “ਚਾਚੀ ਜੀ, ਇਹ ਕੀ ਕਹਿਣਗੇ? ਮੈਂ ਵੀ ਇਨਸਾਨ ਆਂ, ਪੱਥਰ ਤਾਂ ਨਹੀਂ। ਇਹ ਮੋੜ ਦੇਣਗੇ ਮੇਰਾ ਬੀਤਿਆ ਸਮਾਂ ਤੇ ਧੀਆਂ ਦਾ ਬਚਪਨ ਜੋ ਪਿਉ ਦੇ ਪਿਆਰ ਤੇ ਸਹਾਰੇ ਬਿਨਾ ਕੱਟਿਆ?” ਨਾਲ ਹੀ ਚਿਰਾਂ ਤੋਂ ਅੱਖਾਂ ਵਿਚ ਪੱਥਰ ਹੋਏ ਹੰਝੂ ਬਰਸਾਤ ਬਣ ਕਿਰਨ ਲੱਗੇ ਤੇ ਰੋਂਦਿਆਂ ਉਹਦੀ ਆਪ ਮੁਹਾਰੇ ਚੀਕ ਨਿਕਲ ਗਈ। ਚੀਕ ਸੁਣ ਦੋਵੇਂ ਕੁੜੀਆਂ ਅੱਖਾਂ ਮਲਦੀਆਂ ਕਮਰੇ ‘ਚੋਂ ਬਾਹਰ ਆ ਗਈਆਂ ਤੇ ਹੈਰਾਨ ਹੋ ਮਾਂ ਦੇ ਸਰਹਾਣੇ ਕੁਰਸੀ ਕੋਲ ਖੜ੍ਹ ਗਈਆਂ।
ਸਤਨਾਮ ਮੂੰਹ ਹੇਠਾਂ ਨੂੰ ਕਰ ਕੁਰਸੀ ‘ਤੇ ਬੈਠਾ ਸੀ। ਗੁਰਜੀਤ ਨੂੰ ਇਸ ਹਾਲਤ ਵਿਚ ਵੇਖ ਉਹਦੇ ਸੀਨੇ ਵਿਚ ਜਿਵੇਂ ਖੰਜਰ ਖੁੱਭ ਗਿਆ ਹੋਵੇ, ਉਹ ਕੁਰਸੀ ਤੋਂ ਉਠਿਆ, “ਗੁਰਜੀਤ ਬੱਸ! ਮੈਂ ਤੇਰਾ ਬੀਤਿਆ ਸਮਾਂ ਨਹੀਂ ਵਾਪਿਸ ਕਰ ਸਕਦਾ ਪਰ ਮੈਂ ਤੈਨੂੰ ਤੇ ਆਪਣੀਆਂ ਧੀਆਂ ਨੂੰ ਰਹਿੰਦੀ ਜ਼ਿੰਦਗੀ ਪੂਰਾ ਪਿਆਰ-ਸਤਿਕਾਰ ਦੇAੂਂ ਤੇ ਏਨਾ ਸੁੱਖੀ ਰੱਖਣ ਦੀ ਕੋਸ਼ਿਸ਼ ਕਰੂੰ ਕਿ ਤੁਹਾਨੂੰ ਪਿਛਲਾ ਬੀਤਿਆ ਸਮਾਂ ਭੁੱਲ ਜਾਵੇ। ਮੈਂ ਤੁਹਾਡੇ ਤਿੰਨਾਂ ਕੋਲੋਂ ਆਪਣੇ ਗੁਨਾਹਾਂ ਦੀ ਮੁਆਫੀ ਮੰਗਦਾਂ। ਇਹ ਸਭ ਮੈਂ ਆਪਣੀ ਮਾਂ ਸਮਾਨ ਚਾਚੀ ਅਤੇ ਆਪਣੀਆਂ ਧੀਆਂ ਦੀ ਹਾਜ਼ਰੀ ਵਿਚ ਕਹਿਨਾਂ।” ਐਨਾ ਆਖ ਸਤਨਾਮ ਦੀਆਂ ਅੱਖਾਂ ਵੀ ਤਰ ਹੋ ਗਈਆਂ ਤੇ ਉਹਦੇ ਕੰਬਦੇ ਹੱਥ ਗੁਰਜੀਤ ਅੱਗੇ ਜੁੜ ਗਏ।
“ਔਰਤ ਤਾਂ ਮੋਮ ਸਮਾਨ ਹੈ, ਪਿਆਰ ਸਤਿਕਾਰ ਨਾਲ ਝੱਟ ਪਿਘਲ ਜਾਂਦੀ ਹੈ। ਮਰਦ ਹੀ ਪੱਥਰ ਹੈ, ਉਤੋਂ ਸਾਡਾ ਸਮਾਜ ਹੈ ਹੀ ਮਰਦ ਪ੍ਰਧਾਨ! ਔਰਤ ਜਾਤ ਹੀ ਹੈ ਜਿਸ ਕਰਕੇ ਅਜੇ ਵੀ ਸਾਡੇ ਪਰਿਵਾਰਕ ਰਿਸ਼ਤੇ ਬਚੇ ਹਨ। ਐਨੇ ਦੁੱਖ-ਤਕਲੀਫਾਂ ਝੱਲ ਕੇ ਵੀ ਘਰ ਨੂੰ ਟੁੱਟਣ ਤੋਂ ਬਚਾਉਣ ਦੀ ਕੋਸ਼ਿਸ਼ ਕਰਦੀ ਹੈ।” ਕਹਿੰਦਿਆਂ ਚਾਚੀ ਦੀਆਂ ਦੀਆਂ ਅੱਖਾਂ ਵਿਚੋਂ ਵੀ ਪਰਲ ਪਰਲ ਹੰਝੂ ਵਹਿ ਤੁਰੇ।
“ਪਲੀਜ਼ ਚਾਚੀ ਜੀ! ਇਸ ਤਰ੍ਹਾਂ ਨਾ ਕਰੋ।” ਤਿੰਨੇ ਮਾਂਵਾਂ-ਧੀਆਂ ਚਾਚੀ ਦੇ ਹੰਝੂ ਪੁੰਝਣ ਲੱਗੀਆਂ।
“ਚਾਚੀ ਜੀ ਹੁਣ ਤੱਕ ਤੁਹਾਡੇ ਦਿੱਤੇ ਹੌਂਸਲੇ ਤੇ ਪਿਆਰ ਸਦਕਾ ਮੈਂ ਟੁੱਟੀ ਨਹੀਂ ਤੇ ਹੁਣ ਵੀ ਤੁਹਾਡੀ ਰਾਏ ਤੇ ਅਸ਼ੀਰਵਾਦ ਚਾਹੀਦਾ ਹੈ।” ਇੰਨਾ ਕਹਿੰਦੀ ਗੁਰਜੀਤ ਆਪਣੀ ਕੁਰਸੀ ਖਿੱਚ ਚਾਚੀ ਨਾਲ ਜੋੜ ਕੇ ਬੈਠ ਗਈ।
“ਜੇ ਤੁਸੀਂ ਮੈਨੂੰ ਮਾਂ ਕਹਿੰਦੇ ਹੋ, ਆਹ ਮੇਰੇ ਦੋਵੇਂ ਹੱਥ ਤੁਹਾਡੇ ਮੂਹਰੇ ਜੋੜੇ, ਇਨ੍ਹਾਂ ਕੁੜੀਆਂ ਕਰਕੇ ਭੁੱਲ ਜਾਓ ਬੀਤਿਆ ਸਮਾਂ, ਥੁੱਕ ਦਿਉ ਗੁੱਸੇ-ਗਿਲੇ। ਅੱਜ ਤੋਂ ਕਰੋ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਤੇ ਰਲ ਕੇ ਮਾਣੋ ਖੁਸ਼ੀਆਂ ਜੋ ਬੀਤੇ ਵਿਚ ਨਹੀਂ ਮਾਣ ਸਕੇ।” ਚਾਚੀ ਨੇ ਕੁਰਸੀ ਤੋਂ ਉਠ ਕੇ ਗੁਰਜੀਤ ਦਾ ਹੱਥ ਸਤਨਾਮ ਦੇ ਹੱਥ ਫੜ੍ਹਾ ਦਿੱਤਾ ਤੇ ਸਤਨਾਮ ਨੇ ਗੁਰਜੀਤ ਨੂੰ ਘੁੱਟ ਕੇ ਸੀਨੇ ਲਾ ਲਿਆ।
ਗੁਰਜੀਤ ਦਾ ਗੁੱਸੇ ਦਾ ਜ਼ਹਿਰ ਇਉਂ ਸ਼ਾਂਤ ਹੋ ਗਿਆ ਜਿਵੇਂ ਕਿਸੇ ਸਪੇਰੇ ਨੇ ਗੁਰਜੀਤ ਦੇ ਮਣਕਾ ਲਾ ਸਾਰਾ ਜ਼ਹਿਰ ਚੂਸ ਲਿਆ ਹੋਵੇ। ਇਹ ਵੇਖ ਕੋਲ ਖੜ੍ਹੀਆਂ ਧੀਆਂ ਦੇ ਵੀ ਖੁਸ਼ੀ ਦੇ ਅੱਥਰੂ ਧਰਤੀ ‘ਤੇ ਡਿੱਗਣ ਲੱਗੇ।