ਦੇਸ਼ ਦੇ ਜੜ੍ਹੀਂ ਤੇਲ ਦੇਣ ਲੱਗੇ ਸਿਆਸੀ ਤਮਾਸ਼ੇ

-ਜਤਿੰਦਰ ਪਨੂੰ
ਇਸ ਵਕਤ ਭਾਰਤ ਵਿਚ ਇੱਕ ਫਿਲਮ ਨੂੰ ਲੈ ਕੇ ਬਖੇੜਾ ਖੜ੍ਹਾ ਕੀਤਾ ਜਾ ਰਿਹਾ ਹੈ। ‘ਪਦਮਾਵਤੀ’ ਨਾਂ ਦੀ ਇਸ ਫਿਲਮ ਉਤੇ ਕੁਝ ਲੋਕ ਇਹ ਕਹਿ ਕੇ ਪਾਬੰਦੀ ਦੀ ਮੰਗ ਕਰ ਰਹੇ ਹਨ ਕਿ ਇਸ ਵਿਚ ਇੱਕ ਹਿੰਦੂ ਰਾਜਪੂਤ ਰਾਣੀ ਦੀ ਦਿੱਖ ਖਰਾਬ ਕੀਤੀ ਗਈ ਹੈ। ਇਤਿਹਾਸਕਾਰੀ, ਸਾਹਿਤਕਾਰੀ ਤੇ ਕਲਾਕਾਰੀ-ਤਿੰਨ ਵੱਖ ਵੱਖ ਚੀਜ਼ਾਂ ਹਨ। ਹੁਣ ਤੱਕ ਇਸ ਤਰ੍ਹਾਂ ਦੇ ਕਈ ਮੌਕੇ ਆਏ ਹਨ, ਜਦੋਂ ਇਤਿਹਾਸ ਦੇ ਨਾਂ ਉਤੇ ਅਜਿਹਾ ਕੁਝ ਕਿਤਾਬੀ ਰੂਪ ਵਿਚ ਵੀ ਤੇ ਸਟੇਜਾਂ ਉਤੋਂ ਵੀ ਪੇਸ਼ ਕੀਤਾ ਜਾਂਦਾ ਰਿਹਾ ਹੈ, ਜੋ ਇੰਨ-ਬਿੰਨ ਇਤਿਹਾਸ ਨਹੀਂ ਹੁੰਦਾ।

ਰਾਮਾਇਣ ਦੇ ਕੁਝ ਹਵਾਲਿਆਂ ਬਾਰੇ ਮੱਤਭੇਦ ਉਠਦੇ ਰਹਿੰਦੇ ਹਨ। ਇਸ ਦੇ ਬਾਵਜੂਦ ਭਾਰਤ ਵਿਚ ਹਰ ਸਾਲ ਉਸ ਬਾਰੇ ਰਾਮ-ਲੀਲ੍ਹਾ ਹੁੰਦੀ ਹੈ। ਪੇਸ਼ ਕਰਨ ਵਾਲਿਆਂ ਦੀ ਪੇਸ਼ਕਾਰੀ ਆਪੋ ਆਪਣੇ ਢੰਗ ਦੀ ਤੇ ਵਰਤੇ ਗਏ ਡਾਇਲਾਗ ਤੱਕ ਵੀ ਵੱਖੋ-ਵੱਖ ਹੁੰਦੇ ਹਨ। ਜਿਸ ਕਿਸੇ ਨੇ ਰਾਮਾਇਣ ਜਾਂ ਮਹਾਂਭਾਰਤ ਬਾਰੇ ਫਿਲਮ ਬਣਾਈ ਹੈ, ਉਸ ਨੇ ਪਹਿਲੀ ਵਾਂਗ ਇੰਨ-ਬਿੰਨ ਕਦੇ ਪੇਸ਼ ਨਹੀਂ ਕੀਤੀ, ਕੁਝ ਨਾ ਕੁਝ ਫਰਕ ਪਾ ਲਿਆ ਜਾਂਦਾ ਹੈ ਤੇ ਇਹ ਇਸ ਵਾਸਤੇ ਜ਼ਰੂਰੀ ਹੁੰਦਾ ਹੈ ਕਿ ਜੇ ਪਹਿਲੀ ਵਾਂਗ ਹੀ ਪੇਸ਼ ਕਰਨੀ ਹੈ ਤਾਂ ਲੋਕ ਵੇਖਣ ਨਹੀਂ ਜਾਣਗੇ। ਕਲਾਕਾਰ ਕਿਹੜੇ ਪੇਸ਼ ਕਰਨੇ ਹਨ, ਇਸ ਮਾਮਲੇ ਵਿਚ ਵੀ ਪੇਸ਼ਕਰਤਿਆਂ ਦੀ ਮਰਜ਼ੀ ਹੁੰਦੀ ਹੈ।
ਰਾਜਨੀਤੀ ਵੀ ਇਹ ਰੰਗ ਵਰਤ ਲੈਂਦੀ ਹੈ। ਹਾਲੇ ਪਿਛਲੇ ਮਹੀਨੇ ਅਯੁੱਧਿਆ ਵਿਚ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਅਗਵਾਈ ਹੇਠ ਦੀਵਾਲੀ ਮੌਕੇ ਰਾਮਾਇਣ ਵਾਲੀ ਰਾਮ ਜੀ ਦੀ ਅਯੁੱਧਿਆ ਵਾਪਸੀ ਦਾ ਦ੍ਰਿਸ਼ ਪੇਸ਼ ਕੀਤਾ ਗਿਆ ਸੀ। ਰਾਮ, ਸੀਤਾ, ਲਛਮਣ ਤੇ ਰਾਮ-ਲੀਲ੍ਹਾ ਵਾਲੇ ਹੋਰ ਕਲਾਕਾਰ ਹੈਲੀਕਾਪਟਰ ਉਤੇ ਲਿਆ ਕੇ ਪੂਜਾ ਕਰਵਾਈ ਤੇ ਉਨ੍ਹਾਂ ਦਾ ਮਾਣ-ਤਾਣ ਕੀਤਾ ਗਿਆ। ਪਿੱਛੋਂ ਇਹ ਭੇਦ ਖੁੱਲ੍ਹਾ ਕਿ ਉਹ ਰਾਮ-ਲੀਲ੍ਹਾ ਵਾਲੇ ਕਲਾਕਾਰ ਹੀ ਨਹੀਂ ਸਨ, ਵੱਧ ਖਿੱਚ-ਪਾਊ ਦਿੱਖ ਵਾਲੇ ਮਾਡਲ ਮੁੰਡੇ-ਕੁੜੀਆਂ ਦਿੱਲੀ ਤੋਂ ਉਚੇਚੇ ਅਯੁੱਧਿਆ ਲਿਆਂਦੇ ਸਨ। ਰਾਜਸੀ ਮੰਚ ਉਤੇ ਕਿਸੇ ਹੋਰ ਧਿਰ ਨੇ ਇਹੋ ਕੁਝ ਕੀਤਾ ਹੁੰਦਾ ਤਾਂ ਰੌਲਾ ਪੈ ਜਾਣਾ ਸੀ। ਰੌਲਾ ਇਸ ਲਈ ਨਹੀਂ ਪਿਆ ਕਿ ਲਿਆਂਦੇ ਖੁਦ ਉਨ੍ਹਾਂ ਨੇ ਸਨ, ਜਿਹੜੇ ਰਾਈ ਦਾ ਪਹਾੜ ਬਣਾਉਣ ਦਾ ਕੰਮ ਬੜੀ ਆਸਾਨੀ ਨਾਲ ਕਰ ਸਕਦੇ ਹਨ।
ਇੱਕ ਦਿਲਚਸਪ ਮਾਮਲਾ ਸਾਨੂੰ ਯਾਦ ਆਉਂਦਾ ਹੈ। ਜਦੋਂ ਸੀਰੀਅਲ ‘ਰਾਮਾਇਣ’ ਟੀæ ਵੀæ ਉਤੇ ਪੇਸ਼ ਕੀਤਾ ਗਿਆ ਤਾਂ ਇੱਕ ਕੁੜੀ ਦੀਪਕਾ ਚਿਖਾਲੀਆ ਨੇ ਉਦੋਂ ਸੀਤਾ ਦਾ ਰੋਲ ਕੀਤਾ ਸੀ। ਫਿਰ ਟੀਪੂ ਸੁਲਤਾਨ ਦਾ ਸੀਰੀਅਲ ਪੇਸ਼ ਹੋਇਆ ਤਾਂ ਉਸੇ ਕੁੜੀ ਨੂੰ ਟੀਪੂ ਸੁਲਤਾਨ ਦੀ ਅੰਮੀ ਜਾਨ ਦਾ ਰੋਲ ਦੇ ਦਿੱਤਾ ਗਿਆ। ਅਗਲੀਆਂ ਪਾਰਲੀਮੈਂਟ ਚੋਣਾਂ ਮੌਕੇ ਭਾਜਪਾ ਨੇ ਉਸ ਨੂੰ ਟਿਕਟ ਦਿੱਤੀ ਤਾਂ ਉਹ ਜਿੱਥੇ ਵੀ ਜਾਂਦੀ, ਉਸ ਦੇ ਜਾਣ ਤੋਂ ਪਹਿਲਾਂ ਇਹ ਪ੍ਰਚਾਰ ਕੀਤਾ ਜਾਂਦਾ ਸੀ ਕਿ ਰਾਮਾਇਣ ਵਾਲੀ ਸੀਤਾ ਆ ਰਹੀ ਹੈ। ਉਹ ਵੋਟਾਂ ਮੰਗਣ ਦੀ ਥਾਂ ਲੋਕਾਂ ਨੂੰ ਆਸ਼ੀਰਵਾਦ ਦਿੰਦੀ ਜਾਂਦੀ ਸੀ। ਇਹ ਚਰਚਾ ਚੱਲਦੀ ਰਹੀ ਕਿ ਇਸ ਨੇ ਸੀਤਾ ਮਾਤਾ ਦਾ ਰੋਲ ਹੀ ਨਹੀਂ ਕੀਤਾ, ਇਹ ਟੀਪੂ ਸੁਲਤਾਨ ਦੀ ਅੰਮੀ ਦਾ ਰੋਲ ਵੀ ਕਰ ਚੁਕੀ ਹੈ, ਪਰ ਇਹ ਹਕੀਕਤ ਇਸ ਲਈ ਰੌਲੇ ਵਿਚ ਰੁਲ ਗਈ ਕਿ ਰੌਲਾ ਪਾਉਣ ਵਾਲੀਆਂ ਧਿਰਾਂ ਉਸ ਨੂੰ ਸੀਤਾ ਮਾਤਾ ਵਜੋਂ ਪੇਸ਼ ਕਰਨ ਦੇ ਕੰਮ ਲੱਗੀਆਂ ਹੋਈਆਂ ਸਨ। ਨਤੀਜੇ ਵਜੋਂ ਉਹ ਕੁੜੀ ਹਾਰੀ ਹੋਈ ਜਾਪਦੀ ਸੀਟ ਤੋਂ ਜਿੱਤ ਗਈ ਸੀ।
ਹੁਣ ਰਾਣੀ ਪਦਮਾਵਤੀ ਦੇ ਬਹਾਨੇ ਇੱਕ ਫਿਲਮ ਦਾ ਵਿਰੋਧ ਕੀਤਾ ਗਿਆ ਹੈ। ਸਾਨੂੰ ਨਿਜੀ ਤੌਰ ਉਤੇ ਇਸ ਨਾਲ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਨਾ ਅਸੀਂ ਕਦੀ ‘ਮੁਗਲ-ਏ-ਆਜ਼ਮ’ ਵੇਖੀ ਸੀ, ਨਾ ‘ਪਦਮਾਵਤੀ’ ਵੇਖਣ ਜਾਣਾ ਹੈ। ਫਿਲਮਾਂ ਦੇ ਸ਼ੌਕੀਨਾਂ ਲਈ ਇਹ ਫਿਲਮ ਇੱਕ ਵਧੀਆ ਡਾਇਰੈਕਟਰ ਸੰਜੇ ਲੀਲਾ ਭੰਸਾਲੀ ਨੇ ਬਣਾਈ ਹੈ, ਜੋ ਗੁਜਰਾਤੀ ਹਿੰਦੂਆਂ ਦੇ ਭੰਸਾਲੀ ਪਰਿਵਾਰ ਵਿਚ ਪੈਦਾ ਹੋਇਆ ਸੀ। ਉਸ ਦੀ ਮਾਂ ਲੀਲਾ ਵੀ ਹਿੰਦੂ ਸੀ। ਫਿਲਮ ਦਾ ਇੱਕ ਕਲਾਕਾਰ ਰਣਬੀਰ ਜੇ ਸਿੰਧੀ ਹਿੰਦੂ ਪਰਿਵਾਰ ਵਿਚ ਪੈਦਾ ਹੋਇਆ ਸੀ ਤਾਂ ਦੂਜੀ ਮੁੱਖ ਕਲਾਕਾਰ ਦੀਪਿਕਾ ਇਸ ਦੇਸ਼ ਦੇ ਉਘੇ ਬੈਡਮਿੰਟਨ ਸਟਾਰ ਪ੍ਰਕਾਸ਼ ਪਾਦੂਕੋਨੇ ਦੀ ਧੀ ਹੈ ਤੇ ਪੁਰਾਣੇ ਸਨਾਤਨੀ ਹਿੰਦੂ ਪਰਿਵਾਰ ਵਿਚੋਂ ਹੈ। ਜਿਹੜੇ ਹਿੰਦੂ ਆਗੂ ਇਹ ਫਿਲਮ ਰੋਕਣ ਲਈ ਝੰਡੇ ਚੁੱਕੀ ਖੜ੍ਹੇ ਹਨ, ਉਹ ਇਨ੍ਹਾਂ ਤਿੰਨਾਂ ਨਾਲੋਂ ਵੱਧ ਧਾਰਮਿਕ ਨਹੀਂ ਜਾਪਦੇ। ਇਸ ਫਿਲਮ ਸਬੰਧੀ ਕੁਝ ਮਤਭੇਦ ਹਨ ਤਾਂ ਉਨ੍ਹਾਂ ਦੀ ਚਰਚਾ ਹੋ ਸਕਦੀ ਹੈ, ਪਰ ਇਥੇ ਚਰਚਾ ਦੀ ਥਾਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ। ਸਾਡੇ ਸਮਿਆਂ ਵਿਚ ਹਰ ਕਿਸੇ ਰਾਜ ਵਿਚ, ਸਰਕਾਰ ਭਾਵੇਂ ਲੋਕਤੰਤਰੀ ਹੋਵੇ, ਭਾਵੇਂ ਕਿਸੇ ਫੌਜੀ ਜੁੰਡੀ ਦਾ ਰਾਜ ਹੋਵੇ ਤੇ ਬੇਸ਼ੱਕ ਪਿਤਾ-ਪੁਰਖੀ ਰਾਜਿਆਂ ਦਾ ਰਾਜ ਚੱਲ ਰਿਹਾ ਹੋਵੇ, ਹਰ ਥਾਂ ਇਸ ਗੱਲ ਦੀ ਗਾਰੰਟੀ ਦੇਣੀ ਪੈਂਦੀ ਹੈ ਕਿ ਕਿਸੇ ਨੂੰ ਵੀ ਕਿਸੇ ਦੂਜੇ ਦਾ ਕਤਲ ਕਰਨ ਜਾਂ ਕਤਲ ਦੀ ਧਮਕੀ ਸਮੇਤ ਕੋਈ ਧਮਕੀ ਦੇਣ ਦੀ ਖੁੱਲ੍ਹ ਨਹੀਂ ਹੋਵੇਗੀ। ਭਾਰਤੀ ਲੋਕਤੰਤਰ ਇਸ ਤਰ੍ਹਾਂ ਦਾ ਹੈ ਕਿ ਇਥੇ ਬੜੇ ਸਹਿਜ ਨਾਲ ‘ਫਲਾਣੇ ਦਾ ਸਿਰ ਵੱਢ ਦੇਣ ਵਾਲੇ ਨੂੰ ਐਨੇ ਰੁਪਏ’ ਅਤੇ ‘ਫਲਾਣੇ ਦੀ ਜ਼ਬਾਨ ਵੱਢ ਕੇ ਲਿਆਉਣ ਵਾਲੇ ਨੂੰ ਐਨੇ ਰੁਪਏ’ ਦੇ ਇਨਾਮ ਐਲਾਨ ਕਰ ਦਿੱਤੇ ਜਾਂਦੇ ਹਨ। ਕਾਨੂੰਨ ਕਦੇ ਰੋਕਦਾ ਨਹੀਂ। ਹੁਣ ਫਿਲਮ ਪਦਮਾਵਤੀ ਨੂੰ ਲੈ ਕੇ ਵੀ ਇਹੋ ਖੇਡ ਦੁਹਰਾਈ ਜਾ ਰਹੀ ਹੈ ਤੇ ਕਾਨੂੰਨ ਲਾਪਰਵਾਹ ਹੈ।
ਹੈਰਾਨੀ ਦੀ ਗੱਲ ਹੈ ਕਿ ਇਸ ਕੰਮ ਵਿਚ ਕੁਝ ਲੋਕ ਉਹ ਵੀ ਸ਼ਾਮਲ ਹਨ, ਜਿਨ੍ਹਾਂ ਬਾਰੇ ਅਸੀਂ ਕਹਿ ਸਕਦੇ ਹਾਂ ਕਿ ਉਹ ‘ਇੱਲ ਦਾ ਨਾਂ ਕੋਕੋ’ ਤੱਕ ਨਹੀਂ ਜਾਣਦੇ, ਪਰ ਕੁਝ ਉਹ ਲੋਕ ਵੀ ਇਸ ਕੰਮ ਲੱਗੇ ਹੋਏ ਹਨ, ਜਿਨ੍ਹਾਂ ਨੇ ਕਾਨੂੰਨ ਮੁਤਾਬਕ ਰਾਜ ਚਲਾਉਣ ਅਤੇ ਸੰਵਿਧਾਨ ਦੀ ਪਾਲਣਾ ਕਰਨ ਦੀ ਸਹੁੰ ਚੁੱਕੀ ਸੀ। ਦੋ ਪਾਰਲੀਮੈਂਟ ਮੈਂਬਰਾਂ ਨੂੰ ਇਸ ਖੇਡ ਦੇ ਪਹਿਲੇ ਹੱਲੇ ਵਾਲੀ ਭੀੜ ਨਾਲ ਖੜ੍ਹੇ ਵੇਖਿਆ ਗਿਆ। ਫਿਰ ਹਰਿਆਣੇ ਦੇ ਇੱਕ ਮੰਤਰੀ ਨੇ ਕਹਿ ਦਿੱਤਾ ਕਿ ਸਾਰੇ ਭਾਰਤ ਵਿਚ ਇਹ ਫਿਲਮ ਚੱਲ ਜਾਵੇ, ਸਾਡੇ ਰਾਜ ਵਿਚ ਫਿਰ ਵੀ ਨਹੀਂ ਚੱਲਣ ਦੇਵਾਂਗੇ। ਇਸ ਦੇ ਬਾਅਦ ਇੱਕ ਕੇਂਦਰੀ ਮੰਤਰੀ ਨੇ ਬਿਆਨ ਦਾਗ ਦਿੱਤਾ ਕਿ ਇਹ ਫਿਲਮ ਚੱਲਣ ਨਹੀਂ ਦਿੱਤੀ ਜਾਵੇਗੀ। ਭਾਰਤ ਵਿਚ ਕਾਨੂੰਨੀ ਢਾਂਚਾ ਹੈ, ਜਿੱਥੇ ਫਿਲਮਾਂ ਦੀ ਪੁਣ-ਛਾਣ ਦੇ ਕੰਮ ਲਈ ਫਿਲਮ ਸਰਟੀਫਿਕੇਸ਼ਨ ਬੋਰਡ ਮੌਜੂਦ ਹੈ, ਜਿਸ ਨੂੰ ਆਮ ਧਾਰਨਾ ਮੁਤਾਬਕ ਲੋਕੀਂ ਸੈਂਸਰ ਬੋਰਡ ਕਹਿ ਛੱਡਦੇ ਹਨ। ਉਸ ਬੋਰਡ ਦੇ ਕੀਤੇ-ਕਤਰੇ ਨੂੰ ਚੈਲਿੰਜ ਕਰਨ ਲਈ ਇੱਕ ਅਦਾਲਤੀ ਢਾਂਚਾ ਮੌਜੂਦ ਹੈ, ਜੋ ਸਥਾਨਕ ਅਦਾਲਤਾਂ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਜਾਂਦਾ ਹੈ। ਜੇ ਹਰ ਕਿਸੇ ਜਣੇ-ਖਣੇ ਨੇ ਸੜਕਾਂ ਉਤੇ ਆਪਣੀ ਮਰਜ਼ੀ ਲਾਗੂ ਕਰਵਾਉਣ ਲੱਗ ਜਾਣਾ ਹੈ ਤਾਂ ਅਦਾਲਤੀ ਢਾਂਚੇ ਦੀ ਕੀ ਲੋੜ ਹੈ? ਹੱਦ ਤਾਂ ਇਹ ਹੈ ਕਿ ਇਸ ਕਾਨੂੰਨੀ ਢਾਂਚੇ ਨੂੰ ਹੁਣ ਚੁਣੌਤੀ ਦਿੱਤੀ ਜਾਣ ਲੱਗ ਪਈ ਹੈ।
ਦੀਵਾਲੀ ਮੌਕੇ ਜਦੋਂ ਅਦਾਲਤ ਨੇ ਪਟਾਕਿਆਂ ਦੀ ਪਾਬੰਦੀ ਲਾਈ ਤਾਂ ਇਹ ਗੱਲ ਕਹੀ ਗਈ ਕਿ ਅੱਜ ਪਟਾਕੇ ਚਲਾਉਣ ਉਤੇ ਪਾਬੰਦੀ ਲਾਉਂਦੇ ਹਨ, ਭਲਕੇ ਸਾਨੂੰ ਦੀਵੇ ਜਗਾਉਣ ਤੋਂ ਵੀ ਰੋਕਿਆ ਜਾਵੇਗਾ, ਦੀਵੇ ਤੇ ਪਟਾਕੇ ਸਾਡੀ ਪਰੰਪਰਾ ਦਾ ਹਿੱਸਾ ਹਨ। ਜਿਨ੍ਹਾਂ ਲੋਕਾਂ ਨੇ ਅਜਿਹੀ ਗੱਲ ਕਹੀ, ਉਹ ਇਹ ਸੱਚ ਨਹੀਂ ਜਾਣਦੇ ਕਿ ਉਨ੍ਹਾਂ ਦੀ ਪਰੰਪਰਾ ਭਗਵਾਨ ਰਾਮ ਤੋਂ ਸ਼ੁਰੂ ਹੁੰਦੀ ਹੈ ਤੇ ਉਸ ਵੇਲੇ ਪਟਾਕੇ ਹੁੰਦੇ ਹੀ ਨਹੀਂ ਸਨ, ਇਹ ਮਸਾਂ ਦੋ ਕੁ ਸੌ ਸਾਲ ਪਹਿਲਾਂ ਬਣਨੇ ਤੇ ਚਲਾਏ ਜਾਣੇ ਸ਼ੁਰੂ ਹੋਏ ਸਨ। ਗੱਲ ਪਟਾਕਿਆਂ ਦੀ ਨਹੀਂ, ਅਦਾਲਤੀ ਫੈਸਲੇ ਦੇ ਬੇਹੂਦਗੀ ਭਰੇ ਵਿਰੋਧ ਦੀ ਸੀ, ਜਿਸ ਵਿਚ ਪਰੰਪਰਾ ਦੇ ਨਾਂ ਉਤੇ ਅਗਿਆਨ ਦਾ ਪਰਦਾ ਤਾਣਿਆ ਜਾ ਰਿਹਾ ਸੀ।
ਹਰ ਫਿਲਮ ਹਕੀਕਤਾਂ ਉਤੇ ਆਧਾਰਤ ਨਹੀਂ ਹੋ ਸਕਦੀ। ਭਾਰਤ ਵਿਚ ਡਾਕੂਆਂ ਨੂੰ ਵਡਿਆਉਣ ਵਾਲੀਆਂ ਫਿਲਮਾਂ ਵੀ ਬਣੀਆਂ ਅਤੇ ਚੱਲਦੀਆਂ ਰਹੀਆਂ ਹਨ। ਉਨ੍ਹਾਂ ਦਾ ਕੋਈ ਵਿਰੋਧ ਨਹੀਂ ਹੋਇਆ। ਆਮ ਲੋਕ ਵਿਰੋਧ ਨਹੀਂ ਕਰਦੇ, ਉਨ੍ਹਾਂ ਨੂੰ ਅੱਗੇ ਲਾ ਕੇ ਕੁਝ ਹੋਰ ਤਾਕਤਾਂ ਕਰਾਉਂਦੀਆਂ ਹਨ। ਕਈ ਵਾਰੀ ਅਜਿਹੇ ਵਿਰੋਧ ਪਿੱਛੋਂ ਜਦੋਂ ਸੌਦਾ ਸਿਰੇ ਚੜ੍ਹ ਜਾਵੇ, ਫਿਰ ਵਿਰੋਧ ਸ਼ਾਂਤ ਹੁੰਦਾ ਵੀ ਵੇਖਿਆ ਜਾਂਦਾ ਹੈ। ਹੁਣ ਵੀ ਹੋ ਸਕਦਾ ਹੈ। ਨਿਵੇਕਲੀ ਵੰਨ-ਸੁਵੰਨਤਾ ਦਾ ਮਾਣ ਕਰਨ ਵਾਲੇ ਇਸ ਦੇਸ਼ ਵਿਚ ਕਿਸੇ ਵੀ ਥਾਂ ਚੰਗੇ ਕੰਮ ਲਈ ਦਸ ਬੰਦੇ ਜੋੜਨੇ ਮੁਸ਼ਕਿਲ ਹੋ ਸਕਦੇ ਹਨ, ਭਾਂਬੜ ਮਚਾਉਣ ਦੀ ਨੀਅਤ ਨਾਲ ਕੋਈ ਧਿਰ ਚੱਲ ਪਵੇ ਤਾਂ ਦਸ ਬੰਦੇ ਕੀ, ਦਸ ਹਜ਼ਾਰ ਬੰਦੇ ਵੀ ਚੁਟਕੀਆਂ ਵਿਚ ਜੁੜ ਸਕਦੇ ਹਨ। ਹੁਣ ਵੀ ਫਿਲਮ ਪਦਮਾਵਤੀ ਦੇ ਸਵਾਲ ਉਤੇ ਇਹੋ ਵਾਪਰਦਾ ਪਿਆ ਹੈ ਤੇ ਬਹੁਤੇ ਲੋਕ ਇਸ ਲਈ ਚੁੱਪ ਹੋਏ ਵੇਖ ਰਹੇ ਹਨ ਕਿ ਚਾਰ ਦਿਨਾਂ ਦਾ ਤਮਾਸ਼ਾ ਹੈ। ਇਹ ਚਾਰ-ਚਾਰ ਦਿਨਾਂ ਦਾ ਤਮਾਸ਼ਾ ਇਸ ਦੇਸ਼ ਦੇ ਜੜ੍ਹੀਂ ਤੇਲ ਦੇਈ ਜਾਂਦਾ ਹੈ। ਲੋਕ ਇਹ ਸਮਝਣ ਤੋਂ ਅਸਮਰਥ ਹਨ ਕਿ ਇਹ ਤਮਾਸ਼ੇ ਕਦੋਂ ਕੁ ਤੱਕ ਚੱਲਦੇ ਰਹਿਣਗੇ ਤੇ ਜੇ ਇਸੇ ਤਰ੍ਹਾਂ ਚੱਲਦੇ ਰਹੇ ਤਾਂ ਫਿਰ ਗੰਗਾ-ਜਮਨੀ ਸੱਭਿਅਤਾ ਉਤੇ ਮਾਣ ਕਰਨ ਵਾਲੇ ਦੇਸ਼ ਦਾ ਭਵਿੱਖ ਕਿਸ ਤਰ੍ਹਾਂ ਦਾ ਹੋਵੇਗਾ!