ਕਿੱਥੋਂ ਆਈ ਖਤਾਈ?

ਬਲਜੀਤ ਬਾਸੀ
ਹਰ ਭਾਸ਼ਾ ਵਿਚ ਕੁਝ ਇਕ ਸ਼ਬਦ ਸਥਾਨ, ਨਾਂਵਾਂ ਤੋਂ ਬਣੇ ਹੁੰਦੇ ਹਨ। ਕੋਈ ਚੀਜ਼ ਪਹਿਲਾਂ ਪਹਿਲਾਂ ਜਿਸ ਦੇਸ਼, ਸ਼ਹਿਰ, ਪਿੰਡ ਜਾਂ ਕਿਸੇ ਥਾਂ ਤੋਂ ਮਿਲੀ ਜਾਂ ਬਣੀ, ਉਸੇ ਦੇ ਨਾਂ ‘ਤੇ ਚੀਜ਼ ਦਾ ਨਾਂ ਚੱਲ ਪੈਂਦਾ ਹੈ। ਅੰਗਰੇਜ਼ੀ ਭਾਸ਼ਾ ਵਿਚ ਅਜਿਹੇ ਬਹੁਤ ਸਾਰੇ ਸ਼ਬਦ ਮਿਲ ਜਾਂਦੇ ਹਨ। ਇਸ ਦਾ ਇਕ ਕਾਰਨ ਤਾਂ ਇਹ ਹੈ ਕਿ ਅੱਧੀ ਦੁਨੀਆਂ ‘ਤੇ ਰਾਜ ਕਰਨ ਵਾਲੇ ਅੰਗਰੇਜ਼ਾਂ ਨੇ ਘਾਟ ਘਾਟ ਦਾ ਪਾਣੀ ਪੀਤਾ ਤੇ ਸ਼ਬਦਾਂ ਦੇ ਰੂਪ ਵਿਚ ਵਣ ਵਣ ਦੀ ਲੱਕੜ ਇਕੱਠੀ ਕੀਤੀ। ਜਿਥੇ ਕਿਤੇ ਵੀ ਕੋਈ ਨਵੀਂ ਚੀਜ਼ ਮਿਲੀ ਉਸੇ ਥਾਂ ਦਾ ਨਾਂ ਚੀਜ਼ ਨੂੰ ਦੇ ਦਿੱਤਾ।

ਜੋਧਪੁਰ (ਬਿਰਜਿਸ), ਕੈਸ਼ਮੀਰ, ਜਗਰਨੌਟ ਆਦਿ ਸ਼ਬਦ ਤਾਂ ਭਾਰਤ ਦੀਆਂ ਥਾਂਵਾਂ ਦੀ ਹੀ ਦੇਣ ਹਨ। ਕਈ ਅਜਿਹੇ ਸ਼ਬਦ ਪੰਜਾਬੀ ਵਿਚ ਵੀ ਆ ਗਏ ਹਨ। ਅੱਜ ਕਲ੍ਹ ਅਮਰੀਕੀ ਅੰਗਰੇਜ਼ੀ ਵਿਚ ਬੰਗਲੌਰ ਸ਼ਬਦ ਕ੍ਰਿਆ ਰੂਪ ਵਿਚ ਵਰਤਿਆ ਮਿਲਦਾ ਹੈ, ਬੰਗਲੌਰੇ ਜਾਣਾ ਦਾ ਮਤਲਬ ਹੈ, Ḕਨੌਕਰੀਆਂ ਭਾਰਤ ਚਲੀਆਂ ਜਾਣੀਆਂ।’ ਸੰਕੇਤ ਹੈ, ਬੰਗਲੌਰ ਦਾ ਵਿਸ਼ਵ ਪੱਧਰ ‘ਤੇ ਕੰਪਿਊਟਰ ਸੈਂਟਰ ਵਜੋਂ ਸਥਾਪਤ ਹੋਣ ਵੱਲ।
ਐਪਰ ਪੰਜਾਬੀ ਭਾਸ਼ਾ ਵਿਚ ਸਥਾਨ ਨਾਂਵਾਂ ਤੋਂ ਸ਼ਬਦ ਘੜਨ ਦੀ ਰੁਚੀ ਬਹੁਤ ਘਟ ਹੈ ਭਾਵੇਂ ਇਸ ਤਰ੍ਹਾਂ ਦੀਆਂ ਉਕਤੀਆਂ ਬਥੇਰੀਆਂ ਹਨ, ਅੰਬਰਸਰ ਦੀਆਂ ਵੜੀਆਂ, ਰੋਪੜ ਦੇ ਜਿੰਦੇ, ਪੰਜਾਬੀ ਜੁੱਤੀ ਆਦਿ। ਹਾਂ, ਸੋਲਨ ਵਿਚ ਬਣਾਈ ਜਾਂਦੀ ਵਿਸਕੀ ਨੂੰ ਜ਼ਰੂਰ ਸੋਲਨ ਕਿਹਾ ਜਾਂਦਾ ਹੈ। ਪਰ ਫਿਰ ਵੀ ਏਧਰੋਂ ਉਧਰੋਂ ਕੁਝ ਸ਼ਬਦ ਮਿਲ ਹੀ ਜਾਂਦੇ ਹਨ, ਭਾਵੇਂ ਇਨ੍ਹਾਂ ਵਿਚੋਂ ਬਹੁਤਿਆਂ ਦੇ ਪ੍ਰਚਲਨ ਵਿਚ ਵੀ ਬਾਹਰਲਿਆਂ ਦਾ ਹੀ ਹੱਥ ਹੈ। ਕਿਸ ਦਾ ਜੀਅ ਨਹੀਂ ਕਰਦਾ ਖਤਾਈ ਨਾਮ ਨਾਲ ਜਾਣੇ ਜਾਂਦੇ ਘਿਉ ਦੇ ਘੁੱਟਾਂ ਭਰੇ, ਖਸਤਾ ਬਿਸਕੁਟ ਖਾਣ ਨੂੰ? ਪਰ ਪਹਿਲਾਂ ਨਾਲ ਲਗਦੀ ਇਕ ਹੋਰ ਗੱਲ ਕਰ ਲਈਏ। ਕੈਨੇਡਾ ਵਿਚ ਬਣਦੇ ਪੁਰਾਣੀ ਕਿਸਮ ਦੇ ਬਿਸਕੁਟਾਂ ਨੂੰ ਦੇਸੀ ਬਿਸਕੁਟ ਦੇ ਨਾਲ ਨਾਲ ਪੰਜਾਬੀ ਬਿਸਕੁਟ ਵੀ ਕਿਹਾ ਜਾਂਦਾ ਹੈ, ਹਾਲਾਂਕਿ ਇਨ੍ਹਾਂ ਦੀ ਇਜਾਦ ਵਿਚ ਪੰਜਾਬੀਆਂ ਦਾ ਕੋਈ ਹੱਥ ਨਹੀਂ, ਪੰਜਾਬੀ ਆਪਣਾ ਸਿੱਕਾ ਜਮਾ ਰਹੇ ਹਨ। ਖੈਰ! ਪ੍ਰਾਚੀਨ ਸਮੇਂ ਵਿਚ ਤੁਰਕਿਸਤਾਨ ਦੇ ਇਕ ਸੂਬੇ ਦਾ ਨਾਂ ਖਤਾ ਸੀ। ਅਰਬੀ ਵਾਲੇ ਇਸ ਨੂੰ ਖ਼ਤਾ ਉਚਾਰਦੇ ਅਤੇ ਲਿਖਦੇ ਸਨ। ਉਂਜ ਇਹ ਮੁਢਲੇ ਤੌਰ ‘ਤੇ ਮੰਗੋਲ ਸ਼ਬਦ ‘ਖਿਤਾਨ’ ਹੈ ਜੋ ਕਈ ਭਾਸ਼ਾਈ ਵੇਲਣਿਆਂ ਵਿਚ ਨਪੀੜਿਆ ਗਿਆ। ਖਤਾਈ ਨਾਮੀਂ ਬਿਸਕੁਟ ਇਸ ਦੇ ਇਕ ਸ਼ਹਿਰ ਵਿਚ ਬਣਾਇਆ ਜਾਂਦਾ ਸੀ। ਚੀਨ ਲਈ ਅੰਗਰੇਜ਼ੀ ਵਿਚ ਪ੍ਰਚਲਿਤ ਇਕ ਸ਼ਬਦ ਛਅਟਹਅੇ ਇਹੋ ਹੈ। ਪਹਿਲਾਂ ਪਹਿਲਾਂ ਉਤਰੀ ਚੀਨ ਲਈ ਵੀ ਇਹ ਸ਼ਬਦ ਵਰਤਿਆ ਜਾਂਦਾ ਸੀ। ਮਾਰਕੋ ਪੋਲੋ ਨੇ ਇਹ ਸ਼ਬਦ ਵਰਤਿਆ ਹੈ।
ਸੋ ਸਪਸ਼ਟ ਹੈ ਕਿ ਇਹ ਮੁਗਲ ਰਾਜ ਸਮੇਂ ਭਾਰਤ ਵਿਚ ਫਾਰਸੀ ਰਾਹੀਂ ਆਇਆ ਤੇ ਖਤਾਈ ਦੇ ਨਾਂ ਨਾਲ ਪ੍ਰਚਲਿਤ ਹੋਇਆ। ਇਸ ਨੂੰ ਨਾਨ-ਖਤਾਈ ਵੀ ਕਿਹਾ ਜਾਂਦਾ ਹੈ। ਨਾਨ ਸ਼ਬਦ ਫਾਰਸੀ ਦਾ ਹੈ, ਜਿਸ ਦਾ ਅਰਥ ਰੋਟੀ ਹੁੰਦਾ ਹੈ। ਸੋ ਨਾਨ-ਖਤਾਈ ਦਾ ਮਤਲਬ ਹੋਇਆ, ਖਤਾ ਸ਼ਹਿਰ ਨਾਲ ਤਅਲੁਕ ਰੱਖਦੀ ਰੋਟੀ।
ਸਭ ਜਾਣਦੇ ਹਨ ਕਿ ਬੰਗਾਲ ਦਾ ਜਾਦੂ ਸਿਰ ਚੜ੍ਹ ਕੇ ਬੋਲਦਾ ਹੈ, ਪਰ ਸ਼ਾਇਦ ਬਹੁਤਿਆਂ ਨੂੰ ਪਤਾ ਨਾ ਹੋਵੇ ਕਿ ਕੋਠੀ ਦੇ ਅਰਥਾਂ ਵਾਲੇ ਬੰਗਲਾ ਸ਼ਬਦ ਵਿਚ ਬੰਗਾਲ ਬੋਲਦਾ ਹੈ। ਅਸਲ ਵਿਚ ਬੰਗਾਲ ਦੇ ਦਿਹਾਤ ਵਿਚ ਬਣਾਏ ਜਾਂਦੇ ਇਕ ਛੱਤੇ, ਛੋਟੇ ਛੋਟੇ ਬਰਾਂਡਿਆਂ ਵਾਲੇ ਘਰ ਇਸ ਸ਼ਬਦ ਦੀ ਦੇਣ ਹਨ। ਸਤਾਰਵੀਂ ਸਦੀ ਦੇ ਅੰਗਰੇਜ਼ੀ ਸਾਹਿਤ ਵਿਚ ਬੰਗਾਲ ਵਿਚ ਈਸਟ ਇੰਡੀਆ ਕੰਪਨੀ ਦੇ ਘਰਾਂ ਨੂੰ ਬਿਆਨਣ ਲਈ ਬੰਗਲਾ ਸ਼ਬਦ ਦੀ ਵਰਤੋਂ ਹੋਈ। ਬੰਗਾਲ ਦੇ ਇਹ ਨਿਮਾਣੇ ਘਰ ਬਾਅਦ ਵਿਚ ਬਰਤਾਨਵੀ ਰਾਜ ਦੇ ਅਫਸਰਾਂ ਦੇ ਵੱਡੇ ਵੱਡੇ ਸ਼ਾਹੀ ਘਰਾਂ ਲਈ ਵਰਤੇ ਜਾਣ ਲੱਗੇ। ਅੱਜ ਭਾਂਤ ਭਾਂਤ ਦੇ ਬੰਗਲੇ ਚੱਲ ਪਏ ਹਨ ਜਿਵੇਂ ਕੈਲੀਫੋਰਨੀਅਨ ਬੰਗਲਾ। ਆਮ ਤੌਰ ‘ਤੇ ਸਭ ਬੰਗਲੇ ਇਕ ਛੱਤੇ ਹੁੰਦੇ ਹਨ। ਪਾਠਕ ਤੁਲਨਾ ਕਰਨ, ਨਿਮਾਣੀ ਠੱਠੀ ਤੋਂ ਹੀ ਠਾਠ ਸ਼ਬਦ ਬਣਿਆ ਹੈ ਜਿਸ ਬਾਰੇ ਪਹਿਲਾਂ ਲਿਖ ਚੁਕੇ ਹਾਂ। ਸਪੇਰਿਆਂ ਨੂੰ ਵੀ ਸਾਡੀ ਭਾਸ਼ਾ ਵਿਚ ਬੰਗਾਲਾ ਜਾਂ ਬੰਗਾਲੀ ਕਿਹਾ ਜਾਂਦਾ ਹੈ,
ਭਾਬੀ ਤੇਰੀ ਗੁੱਤ ਵਰਗਾ,
ਸੱਪ ਲੈ ਕੇ ਬੰਗਾਲੀ ਇਕ ਆਇਆ।
ਵੇਖੀਂ ਮੇਰੇ ਰੰਗ ਵਰਗਾ,
ਚੋਲਾ ਓਸ ਰੰਗ ਕੇ ਗਲ ਪਾਇਆ।
ਮੁਢਲੇ ਤੌਰ ‘ਤੇ ਇਹ ਬੰਗਾਲ ਦੀ ਇਕ ਸੱਪ ਕੱਢਣ ਵਾਲੀ ਜਾਤੀ ਦਾ ਨਾਂ ਹੈ ਜੋ ਭਾਰਤ ਭਰ ਵਿਚ ਫੈਲ ਗਈ। ਰੋਪੜ ਵਿਚ ਇਕ ਬਸਤੀ ਦਾ ਨਾਂ ਬੰਗਾਲਾ ਬਸਤੀ ਹੈ ਜਿਥੇ ਇਸ ਬਰਾਦਰੀ ਦੇ ਲੋਕ ਰਹਿੰਦੇ ਹਨ। ਭੈਰਉ ਦੀਆਂ ਪੰਜ ਰਾਗਣੀਆਂ ਵਿਚੋਂ ਇਕ ਰਾਗਣੀ ਦਾ ਨਾਂ ਵੀ ਬੰਗਾਲੀ ਹੈ।
ਕੱਪ, ਪਲੇਟਾਂ ਜਿਹੇ ਬਰਤਨ ਜਿਸ ਸਮੱਗਰੀ ਨਾਲ ਬਣਾਏ ਜਾਂਦੇ ਹਨ, ਉਸ ਨੂੰ ਅਸੀਂ ਚੀਨੀ ਆਖਦੇ ਹਾਂ। ਇਹ ਸਮੱਗਰੀ ਅਸਲ ਵਿਚ ਚੀਨ ਦੇਸ਼ ਦੀ ਇਕ ਖਾਸ ਮਿੱਟੀ ਹੈ। ਮੁਸਲਿਮ ਰਾਜ ਦੌਰਾਨ ਚੀਨੀ ਦੇ ਬਰਤਨ ਚੀਨ ਤੋਂ ਮੰਗਵਾਏ ਜਾਣ ਲੱਗੇ ਸਨ। ਜਦ ਯੂਰਪ ਦਾ ਵਪਾਰ ਚੀਨ ਨਾਲ ਹੋਣ ਲੱਗਾ ਤਾਂ ਯੂਰਪੀ ਭਾਸ਼ਾਵਾਂ ਵਿਚ ਵੀ ਛਹਨਿਅੱਅਰe ਦੇ ਰੂਪ ਵਿਚ ਇਹ ਸ਼ਬਦ ਵਰਤਿਆ ਜਾਣ ਲੱਗਾ। ਭਾਰਤ ਦੀਆਂ ਸਾਰੀਆਂ ਭਾਸ਼ਾਵਾਂ ਵਿਚ ਚੀਨੀ ਮਿੱਟੀ ਨੂੰ ਚੀਨੀ ਹੀ ਕਿਹਾ ਜਾਂਦਾ ਹੈ। ਇਹ ਮਿੱਟੀ ਬੇਹੱਦ ਚਿੱਟੀ ਹੁੰਦੀ ਹੈ ਤੇ ਨਵੀਂ ਖੰਡ ਵੀ ਬੇਹੱਦ ਚਿੱਟੀ ਸੀ। ਇਸ ਲਈ ਖੰਡ ਦੇ ਚਿੱਟੇਪਣ ਨੂੰ ਚੀਨੀ ਦੇ ਚਿੱਟੇਪਣ ਦੇ ਸਮਾਨ ਦੇਖਦਿਆਂ ਨਵੀਂ ਖੰਡ ਲਈ ਚੀਨੀ ਸ਼ਬਦ ਵਰਤਿਆ ਜਾਣ ਲੱਗਾ। ਸੰਭਵ ਹੈ, ਪਹਿਲਾਂ ਪਹਿਲਾਂ ਖੰਡ ਲਈ Ḕਚੀਨੀ ਸ਼ੱਕਰḔ ਸ਼ਬਦ ਚੱਲਿਆ ਹੋਵੇ ਤੇ ਬਾਅਦ ਵਿਚ ਮੁੱਖ-ਸੁੱਖ ਕਾਰਨ ਸ਼ੱਕਰ ਸ਼ਬਦ ਇਸ ਜੁੱਟ ਤੋਂ ਲੱਥ ਗਿਆ। ਇਹ ਦੁੱਧ ਚਿੱਟੀ ਦਾਣੇਦਾਰ ਖੰਡ ਮੁਢਲੇ ਤੌਰ ‘ਤੇ ਮਿਸਰ ਵਿਚ ਬਣਾਈ ਗਈ। ਦਿਲਚਸਪ ਗੱਲ ਹੈ ਕਿ ਭਾਰਤੀ ਧਾਰਮਿਕ ਤੇ ਸਮਾਜਿਕ ਰੀਤੀ ਰਸਮਾਂ ਵਿਚ ਵਰਤੀ ਜਾਂਦੀ ਡਲੀਦਾਰ ਮਿਸ਼ਰੀ/ਮਿਸਰੀ ਮੁਢਲੇ ਤੌਰ ‘ਤੇ ਮਿਸਰ ਦੀ ਦੇਣ ਹੈ। ਕੁਝ ਲੋਕਾਂ ਦਾ ਵਿਚਾਰ ਹੈ ਕਿ ਇਹ ਸ਼ਬਦ ਮਿਸ਼ਟ (ਮਿੱਠਾ) ਤੋਂ ਬਣਿਆ ਹੈ। ਦਰਅਸਲ ਇਸ ਸ਼ਬਦ ਦਾ ਸਬੰਧ ਮਿਸਰ ਦੇਸ਼ ਨਾਲ ਹੈ ਕਿਉਂਕਿ ਮਿਸ਼ਰੀ ਪਹਿਲਾਂ ਪਹਿਲਾਂ ਮਿਸਰ ਤੋਂ ਬਣ ਕੇ ਆਈ। ਮਿਸਰ ਵਿਚ ਬਣਦੀ ਇਕ ਤਲਵਾਰ ਨੂੰ ਵੀ ਮਿਸ਼ਰੀ ਕਿਹਾ ਜਾਂਦਾ ਹੈ। ਸੋ ‘ਮਿਸ਼ਰੀ ਖਿਲਾਉਣਾ’ ਮੁਹਾਵਰੇ ਦਾ ਮਤਲਬ ਮੰਗਣੀ ਕਰਨਾ ਵੀ ਹੈ ਤੇ ਤਲਵਾਰ ਦਾ ਵਾਰ ਕਰਨਾ ਵੀ। ਮਸਾਲੇ ਵਜੋਂ ਵਰਤੇ ਜਾਂਦੇ ਅਤੇ ਦਾਲ ਚੀਨੀ ਵਜੋਂ ਜਾਣੇ ਜਾਂਦੇ ਸ਼ਬਦ ਦਾ ਮੁਢਲਾ ਰੂਪ ਦਾਰਚੀਨੀ ਹੈ। ਦਰਅਸਲ ਇਹ ਇਕ ਦਰਖਤ ਦਾ ਸੱਕ ਹੁੰਦਾ ਹੈ। ਇਹ ਸ਼ਬਦ ਬਣਿਆ ਹੈ, ਦਾਰਚੀਨੀ ਦੇ ਪਹਿਲੇ ਘਟਕ ‘ਦਾਰ’ ਤੋਂ ਜਿਸ ਦਾ ਫਾਰਸੀ ਵਿਚ ਅਰਥ ਹੈ, ਦਰਖਤ। ਸੋ ਸ਼ਾਬਦਿਕ ਅਰਥ ਬਣਿਆ, ਚੀਨ ਦਾ ਦਰਖਤ। ਦਰਖਤ ਸ਼ਬਦ ਵਿਚਲਾ ‘ਦਰ’ ਅੰਸ਼ ਇਹੋ ਹੈ। ਇਹ ਭਾਰੋਪੀ ਸ਼ਬਦ ਹੈ। ਸੰਸਕ੍ਰਿਤ ਵਿਚ ਇਸ ਦਾ ਸਜਾਤੀ ਹੈ, ਦਾਰੁ। ਦੇਵਦਾਰ ਵਿਚ ਇਹੋ ਦਾਰੁ ਹੈ। ਦਰਖਤ ਵਿਚ ਰਹਿਣ ਵਾਲੀ ਪਰੀ ਦਰੇਅਦ ਵਿਚ ਵੀ ਇਹੋ ਵੜ੍ਹਿਆ ਹੋਇਆ ਹੈ। ਅੰਗਰੇਜ਼ੀ ਠਰee ਇਸੇ ਨਾਲ ਜਾ ਜੁੜਦਾ ਹੈ।
ਨੀਲੇ ਰੰਗ ਦੇ ਜੀਨ ਦੇ ਲੰਮੇ ਲੰਮੇ ਕੱਪੜੇ ਨੂੰ ਅੰਗਰੇਜ਼ ਡੰਗਰੀਜ਼ ਕਹਿੰਦੇ ਹਨ। ਇਹ ਪੰਜਾਬੀ ਵਿਚ ਡੰਗਰੀ ਵਜੋਂ ਪ੍ਰਚਲਿਤ ਹੈ। ਅੱਜ ਕਲ੍ਹ ਇਸ ਦਾ ਬਹੁਤ ਫੈਸ਼ਨ ਹੈ। ਧੂਮ-3 ਦੇ ਗਾਣੇ ‘ਕਮਲੀ’ ਦੇ ਪਹਿਲੇ ਸੀਨ ਵਿਚ ਕੈਟਰੀਨਾ ਡੰਗਰੀ ਡਰੈਸ ਵਿਚ ਨਜ਼ਰ ਆਉਂਦੀ ਹੈ। ਪੰਜਾਬੀ ਵਿਚ ਪਹਿਲਾਂ ਪਹਿਲਾਂ ਇਹ ਸ਼ਬਦ ਡਾਂਗਰੀ ਜਾਂ ਡਾਂਗਰੀਆਂ ਵਜੋਂ ਪ੍ਰਚਲਿਤ ਹੋਇਆ। ਇਹ ਉਹ ਇਕੱਠੀ ਸੀਤੀ ਹੋਈ ਪੈਂਟ-ਕਮੀਜ਼ ਹੁੰਦੀ ਸੀ ਜੋ ਕਾਰਖਾਨਿਆਂ ਤੇ ਹੋਰ ਕੰਮ ਦੀਆਂ ਥਾਂਵਾਂ ਵਿਚ ਕੰਮ ਕਰਨ ਵਾਲੇ ਪਹਿਨਦੇ ਸਨ। ਮੁਢਲੇ ਤੌਰ ‘ਤੇ ਇਹ ਇਕ ਦੋ ਧਾਗਿਆਂ ਦੇ ਤਾਣੇ ਬਾਣੇ ਨਾਲ ਬੁਣਿਆ ਖੁਰਦਰੇ ਜਿਹੇ ਸੂਤੀ ਕੱਪੜੇ ਦਾ ਨਾਂ ਸੀ ਜਿਸ ਨੂੰ ਨੀਲ ਦੇ ਕੇ ਨੀਲਾ ਰੰਗਿਆ ਜਾਂਦਾ ਸੀ। ਪਹਿਲਾਂ ਪਹਿਲ ਮੁੰਬਈ ਨੇੜੇ ਇਕ ਪਿੰਡ ਡਾਂਗਿਡੀ ਵਿਚ ਇਹ ਕੱਪੜਾ ਬਣਾਇਆ ਜਾਂਦਾ ਸੀ। ਇਸ ਨੂੰ ਮਰਾਠੀ ਵਿਚ ‘ਡਾਂਗਿਡੀ ਕਾਪੜ’ ਵੀ ਕਿਹਾ ਜਾਂਦਾ ਸੀ ਜੋ ਬੰਬਈ ਦੇ ਡਾਂਗਰੀ ਕਿਲੇ ਦੇ ਆਸ-ਪਾਸ ਦੇ ਇਲਾਕਿਆਂ ਵਿਚ ਵੇਚਿਆ ਜਾਂਦਾ ਸੀ। ਡਾਂਗ ਜਾਂ ਡਾਂਗਰੀ ਸ਼ਬਦ ਦਾ ਅਰਥ ਪਹਾੜੀ ਹੁੰਦਾ ਹੈ। ਸਾਧੂ ਸਿੰਘ ਧਾਮੀ ਦੇ ਨਾਵਲ ਮਲੂਕਾ ਵਿਚ ਇਸ ਦਾ ਜ਼ਿਕਰ ਹੈ, “ਛੇਤੀ ਹੀ ਉਹ ਕਾਲੀਆਂ ਪੱਗਾਂ ਅਤੇ ਦਾਹੜੀਆਂ ਅਤੇ ਨੀਲੀਆਂ ਡਾਂਗਰੀਆਂ ਪਾਈ Ḕਲੰਬਰ ਯਾਰਡ’ ਵਿਚ ਦੀ ਮਿੱਲ ਦੇ ਅੰਦਰ ਜਾਂ ਬਾਹਰ ਆਪਣੇ ਕੰਮਾਂ ਵਾਲੀ ਥਾਂ ਨੂੰ ਕਾਹਲੀ ਕਾਹਲੀ ਤੁਰੇ ਜਾਂਦੇ ਲੋਕਾਂ ਨਾਲ ਜਾ ਮਿਲੇ।”
ਪਿਛੇ ਨੀਲ ਸ਼ਬਦ ਦਾ ਜ਼ਿਕਰ ਹੋਇਆ ਹੈ ਤਾਂ ਬਹੁਤਿਆਂ ਨੂੰ ਪਤਾ ਹੋਵੇਗਾ ਕਿ ਇਸ ਨੂੰ ਅੰਗਰੇਜ਼ੀ ਵਿਚ ਇੰਡੀਗੋ ਕਹਿੰਦੇ ਹਨ। ਪੁਰਾਣੇ ਸਮੇਂ ਤੋਂ ਹੀ ਇਹ ਹਿੰਦੁਸਤਾਨ ਵਿਚ ਇਕ ਬੂਟੀ ਤੋਂ ਬਣਾਇਆ ਜਾਂਦਾ ਸੀ। ਅੰਗਰੇਜ਼ੀ ਵਿਚ ਹਿੰਦ ਨੂੰ ਇੰਡੀਆ ਕਿਹਾ ਜਾਂਦਾ ਹੈ। ਇਹ ਸ਼ਬਦ ਭਾਰਤ ਦੇ ਕੁਝ ਭਾਗਾਂ ਵਿਚ ਰਾਜ ਕਰਦੇ ਪੁਰਤਗਾਲੀਆਂ ਨੇ ਐਂਡਗੋ ਵਜੋਂ ਚਲਾਇਆ ਸੀ। ਸਪੈਨਿਸ਼ ਵਿਚ ਇਹ ਸ਼ਬਦ ਇੰਡੀਕੋ ਤੇ ਫਿਰ ਅੰਗਰੇਜ਼ੀ ਵਿਚ ਇੰਡੀਗੋ ਵਜੋਂ ਪ੍ਰਵਾਨ ਚੜ੍ਹਿਆ। ਅੰਤਿਮ ਤੌਰ ‘ਤੇ ਇਹ ਸ਼ਬਦ ਗਰੀਕ ਭਾਸ਼ਾਈ ਇੰਡੀਕੌਨ ਹੈ ਜਿਸ ਦਾ ਅਰਥ ਹੈ, ਹਿੰਦ ਦਾ ਪਦਾਰਥ। ਇਮਲੀ ਨੂੰ ਅੰਗਰੇਜ਼ੀ ਵਿਚ ਟੈਮਾਰਿੰਡ ਕਹਿੰਦੇ ਹਨ। ਇਸ ਦਾ ਸ਼ਾਬਦਿਕ ਅਰਥ ਹੈ, ਹਿੰਦ ਦੀ ਖਜੂਰ। ਅਰਬੀ ਵਿਚ ਖਜੂਰ ਨੂੰ ਤਮਰ ਕਹਿੰਦੇ ਹਨ। ਸੋ, ਅਰਬੀ ਵਿਚ ਮੁਢਲਾ ਸ਼ਬਦ ਸੀ, ਤਮਰ-ਏ-ਹਿੰਦ। ਪਰ ਪੰਜਾਬੀਆਂ ਵਿਚ ਹਿੰਦ ਤੋਂ ਬਣਿਆ ਬਹੁ-ਪ੍ਰਚਲਿਤ ਸ਼ਬਦ ਹੈ, ਹਦਵਾਣਾ। ਬਹੁਤੇ ਲੋਕ ਇਸ ਨੂੰ ਮਤੀਰਾ ਜਾਂ ਤਰਬੂਜ਼ ਵਜੋਂ ਵੀ ਜਾਣਦੇ ਹਨ। ਇਹ ਸ਼ਬਦ ਅਸਲ ਵਿਚ ਫਾਰਸੀ ਵਲੋਂ ਆਇਆ ਹੈ। ਇਸ ਭਾਸ਼ਾ ਵਿਚ ਇਸ ਨੂੰ ਹਿੰਦੁਵਾਨਾ ਜਾਂ ਹਿੰਦਾਨਾ ਕਿਹਾ ਜਾਂਦਾ ਹੈ। ਇਹ ਬਣਿਆ ਹੈ, ਹਿੰਦੂ+ਆਨ ਤੋਂ। ਇਸ ਦਾ ਸ਼ਾਬਦਿਕ ਅਰਥ ਜਾਂ ਤਾਂ ਹਿੰਦ ਦਾ ਅੰਨ ਹੈ ਜਾਂ ਸ਼ਾਇਦ ਹਿੰਦ ਦਾ ਦਾਣਾ। ਫਾਰਸੀ ਵਿਚ ਦਾਣਾ ਦਾ ਅਰਥ ਫਲ ਵੀ ਹੁੰਦਾ ਹੈ। ਕੁਝ ਥਾਂਵਾਂ ‘ਤੇ ਹਦਵਾਣੇ ਨੂੰ ਹਨੂਮਾਨਾ ਵੀ ਕਿਹਾ ਜਾਂਦਾ ਹੈ ਜੋ ਹਦਵਾਣਾ ਦਾ ਵਿਗੜਿਆ ਰੂਪ ਪ੍ਰਤੀਤ ਹੁੰਦਾ ਹੈ। ਫਾਰਸੀ ਵਿਚ ਹਿੰਦੁਵਾਣਾ ਦਾ ਇਕ ਅਰਥ ਜਾਨਵਰਾਂ ਦਾ ਸਖਤ ਫੋਸ ਵੀ ਹੈ। ਇਸ ਲਈ ਫਾਰਸੀ ਵਿਚ ‘ਹਿੰਦਵਾਨਾ ਅਜ਼ ਤਰਸ ਅਫਗੰਦਨ’ ਮੁਹਾਵਰੇ ਦਾ ਅਰਥ ਹੈ, ਡਰ ਦੇ ਮਾਰੇ ਟੱਟੀ ਨਿਕਲ ਜਾਣਾ। ਇਕ ਵਿਚਾਰ ਹੈ ਕਿ ਹਿੰਦਸਾ ਸ਼ਬਦ ਵੀ ਹਿੰਦ ਤੋਂ ਬਣਿਆ ਅਰਥਾਤ ਜੋ ਅੰਕ ਹਿੰਦੁਸਤਾਨ ਵਿਚ ਪ੍ਰਚਲਿਤ ਹੋਏ। ਪਰ ਇਸ ਵਿਚਾਰ ਬਾਰੇ ਹੋਰ ਖੋਜ ਦੀ ਲੋੜ ਹੈ। ਭਾਰਤੀ ਫੌਲਾਦ ਤੋਂ ਬਣੀ ਇਕ ਤਿੱਖੀ ਧਾਰ ਵਾਲੀ ਤਲਵਾਰ ਦਾ ਨਾਂ ਹਿੰਦਵਾਨੀ ਹੈ।
ਚਿੱਟੇ ਰੰਗ ਦੇ ਇਕ ਸੂਤੀ ਕੱਪੜੇ ਨੂੰ ਕੈਲੀਕੋ ਕਿਹਾ ਜਾਂਦਾ ਹੈ। ਮਾਲਾਬਾਰ ਦੇ ਇਕ ਬੰਦਰਗਾਹ ਵਾਲੇ ਸ਼ਹਿਰ ਦਾ ਨਾਂ ਕਾਲੀਕੱਟ ਹੈ ਜੋ ਈਸਟ ਇੰਡੀਆ ਕੰਪਨੀ ਨੇ ਪ੍ਰਚਲਿਤ ਕੀਤਾ। ਸਾਦਾ ਜਿਹਾ ਕੋਰਾ ਕੱਪੜਾ ਕੈਲੀਕੋ ਇਥੇ ਹੀ ਬਣਾਇਆ ਜਾਂਦਾ ਸੀ। ਇਸ ਸ਼ਹਿਰ ਦਾ ਅਸਲੀ ਨਾਂ ਕਾਜ਼ੀਕੋਡ ਹੈ ਜੋ ਅੱਜ ਕਲ੍ਹ ਪ੍ਰਚਲਿਤ ਕੀਤਾ ਗਿਆ ਹੈ। ਅੰਗਰੇਜ਼ੀ ਜਲਡਮਰੂਮਧ ਵਿਚ ਜਰਸੀ ਨਾਂ ਦਾ ਇਕ ਵੱਡਾ ਟਾਪੂ ਹੈ। ਮਧਯੁਗ ਵਿਚ ਇਸ ਦਾ ਕੋਟੀਆਂ ਆਦਿ ਉਣਨ ਦਾ ਧੰਦਾ ਅਤੇ ਵਪਾਰ ਜ਼ੋਰਾਂ ‘ਤੇ ਸੀ। ਬੰਦ ਗਲੇ ਦੀ ਕੋਟੀ ਲਈ ਜਰਸੀ ਸ਼ਬਦ ਇਸੇ ਟਾਪੂ ਦੀ ਦੇਣ ਹੈ। ਮਾਲਟਾ ਟਾਪੂ ਵਿਚ ਨਿੰਬੂ ਪ੍ਰਜਾਤੀ ਦੇ ਬਹੁਤ ਸਾਰੇ ਦਰਖਤ ਪਾਏ ਜਾਂਦੇ ਹਨ। ਕਿਹਾ ਜਾਂਦਾ ਹੈ ਕਿ ਅਰਬਾਂ ਨੇ ਨੌਂਵੀਂ ਸਦੀ ਵਿਚ ਇਹ ਫਲ ਮਾਲਟਾ ਵਿਚ ਲਿਆਂਦੇ। ਅੱਜ ਮਾਲਟਾ ਇਕ ਕਿਸਮ ਦੇ ਸੰਤਰੇ ਵਜੋਂ ਵੀ ਪ੍ਰਚਲਿਤ ਹੈ। ਮੌਸਮੀ ਜਾਂ ਮੁਸੰਮੀ ਵਜੋਂ ਜਾਣਿਆ ਜਾਂਦਾ ਫਲ ਮੋਜ਼ੰਬੀਕ ਦੇਸ਼ ਦੀ ਪੈਦਾਵਾਰ ਹੈ। ਔਰਗੈਂਜ਼ਾਂ ਉਜ਼ਬੇਕਿਸਤਾਨ ਦੀ ਪੈਦਾਵਾਰ ਹੈ। ਉਜੱਡ ਜਿਹੇ ਬੰਦੇ ਨੂੰ ਉਜ਼ਬਕ ਕਿਹਾ ਜਾਂਦਾ ਹੈ। ਇਸ ਦਾ ਸਬੰਧ ਉਜ਼ਬੇਕਿਸਤਾਨ ਨਾਲ ਹੈ। ਵਾਰਿਸ ਦੀ ਹੀਰ ਵਿਚ ਮਾਂ ਹੀਰ ਨੂੰ ਬੁਰਾ ਭਲਾ ਕਹਿੰਦੀ ਹੈ,
ਉਧਲਾਕ ਟੂੰਬੇ ਅਤੇ ਕੜਮੀਏ ਨੀ,
ਛਲਛਿੱਦਰੀਏ ਤੇ ਛਾਈਂ ਜਹਿਰੀਏ ਨੀ।
ਗੋਲਾ ਦਿੰਗੀਏ ਉਜ਼ਬਕੇ ਮਾਲਜ਼ਾਦੇ,
ਗੁੱਸੇ ਮਾਰੀਏ ਜ਼ਹਿਰ ਦੀਏ ਜ਼ਹਿਰੀਏ ਨੀ।