ਡੇਰੇਦਾਰੀ: ਤਲਿੱਸਮੀ ਪ੍ਰਾਪੇਗੰਡੇ ਦਾ ਨਤੀਜਾ

ਨੰਦ ਸਿੰਘ ਬਰਾੜ
ਫੋਨ: 916-501-3974
ਪਿਛਲੇ ਕੁਝ ਸਮੇਂ ਤੋਂ ਡੇਰਿਆਂ ਬਾਰੇ ਵਿਦਵਾਨਾਂ ਦੇ ਵਿਚਾਰ ਪੜ੍ਹਨ-ਸੁਣਨ ਨੂੰ ਮਿਲੇ। ਇਨ੍ਹਾਂ ਦੀ ਪੈਦਾਇਸ਼ ਅਤੇ ਚੜ੍ਹਤ ਦੇ ਕਈ ਕਾਰਨ ਦੱਸੇ ਜਾਂਦੇ ਹਨ, ਪਰ ਮੈਨੂੰ ਇਸ ਦਾ ਮੁਖ ਕਾਰਨ ਆਮ ਲੋਕਾਂ ਦਾ ਲਾਈਲੱਗ ਹੋਣ ਕਰ ਕੇ ਡੇਰੇਦਾਰਾਂ ਦੀਆਂ ਝੂਠੀਆਂ, ਮਨੋਕਲਪਿਤ ਅਤੇ ਦੰਤੀ ਕਰਾਮਾਤਾਂ ਦੀਆਂ ਕਹਾਣੀਆਂ ਦੇ ਤਲਿਸਮੀ ਪ੍ਰਾਪਗੰਡੇ ਦਾ ਸ਼ਿਕਾਰ ਹੋਣਾ ਹੈ।

ਕਿਸੇ ਵੀ ਛੋਟੇ-ਵੱਡੇ ਡੇਰੇ ਵਿਚ ਚਲੇ ਜਾਓ, ਦੇਖਦੇ ਹਾਂ ਕਿ ਡੇਰਾ ਮੁਖੀ ਦੇ ਪ੍ਰਵਚਨ ਤੋਂ ਪਹਿਲਾਂ ਸੰਗਤ ਛੋਟੀਆਂ-ਵੱਡੀਆਂ ਟੋਲੀਆਂ ਵਿਚ ਵਿਚਾਰ-ਚਰਚਾ ਕਰ ਰਹੀ ਹੁੰਦੀ ਹੈ। ਹਰ ਟੋਲੀ ਵਿਚ ਡੇਰੇ ਦੇ ਖਾਸ ਪੈਰੋਕਾਰ ਆਮ ਲੋਕਾਂ ਵਾਂਗ ਉਨ੍ਹਾਂ ਵਿਚ ਰਲ ਕੇ ਡੇਰਾ ਮੁਖੀ ਅਤੇ ਉਸ ਤੋਂ ਪਹਿਲਾਂ ਵਾਲੇ ਗੁਰੂਆਂ ਦੀਆਂ ਕਰਾਮਾਤੀ ਕਹਾਣੀਆਂ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਸੱਚੀਆਂ ਬਣਾ ਕੇ ਲੋਕਾਂ ਨੂੰ ਪ੍ਰਭਾਵਿਤ ਕਰ ਰਹੇ ਹੁੰਦੇ ਹਨ। ਇਹ ਕਥਾਵਾਂ ਤਕਰੀਬਨ ਇਕੋ ਜਿਹੀਆਂ ਹੁੰਦੀਆਂ ਹਨ; ਜਿਵੇਂ ਮੁੰਡੇ ਦੀ ਦਾਤ ਜਾਂ ਮੁਕੱਦਮੇ ਦੀ ਜਿੱਤ। ਇਨ੍ਹਾਂ ਤੋਂ ਬਿਨਾ ਅਨੇਕਾਂ ਲਾਇਲਾਜ ਬਿਮਾਰੀਆਂ, ਜਿਵੇਂ ਕੈਂਸਰ ਤੇ ਏਡਜ਼ ਵਰਗੇ ਰੋਗ ਵੀ ਡੇਰਾ ਮੁਖੀ ਦੇ ਕ੍ਰਿਸ਼ਮਈ ਬੋਲਾਂ ਨਾਲ ਠੀਕ ਹੁੰਦੇ ਦੱਸੇ ਜਾਂਦੇ ਹਨ। ਕਈ ਵਾਰ ਤਾਂ ਅਲੋਕਾਰੀ ਕ੍ਰਿਸ਼ਮੇ ਡੇਰਾਮੁਖੀ ਦੇ ਨਾਲ ਜੋੜੇ ਜਾਂਦੇ ਹਨ ਜਿਵੇਂ ਕਿਸੇ ਪਿੰਗਲੇ ਦਾ ਹੱਟਾ-ਕੱਟਾ ਬਣ ਜਾਣਾ, ਜਮਾਂਦਰੂ ਗੁੰਗੇ-ਬੋਲੇ ਦੀ ਆਵਾਜ਼ ਵਾਪਸ ਆਉਣੀ, ਕੁੱਬੇ ਦਾ ਕੁੱਬ ਠੀਕ ਹੋਣਾ ਜਾਂ ਜਮਾਂਦਰੂ ਅੰਨ੍ਹੇ ਦਾ ਸੁਜਾਖਾ ਹੋਣਾ ਆਦਿ। ਅਸਲ ਗੱਲ ਕਿਸੇ ਕਰਾਮਾਤ ਹੋਣ ਨਾਲੋਂ ਇਸ ਨੂੰ ਪੇਸ਼ ਕਰਨ ਦੀ ਹੁੰਦੀ ਹੈ।
ਡੇਰੇਦਾਰ ਦੇ ਨਿਜੀ ਪੈਰੋਕਾਰ, ਜਿਨ੍ਹਾਂ ਨੂੰ ਆਮ ਭਾਸ਼ਾ ਵਿਚ ਡੇਰੇਦਾਰ ਦੇ ਏਜੰਟ ਵੀ ਕਿਹਾ ਜਾਂਦਾ ਹੈ, ਇਨ੍ਹਾਂ ਕਰਾਮਾਤਾਂ ਦਾ ਜਿੰਨਾ ਤਲਿਸਮੀ ਢੰਗ ਨਾਲ ਪ੍ਰਾਪੇਗੰਡਾ ਕਰਨਗੇ, ਉਨੀ ਹੀ ਡੇਰੇ ਦੀ ਮਹਿਮਾ ਹੋਵੇਗੀ। ਕੁਝ ਕੁ ਪੈਰੋਕਾਰ ਤਾਂ ਇੰਨੇ ਮਾਹਰ ਹੁੰਦੇ ਹਨ ਕਿ ਉਹ ਕਰਾਮਾਤ ਸੁਣਾਉਣ ਲੱਗੇ ਇਹ ਪ੍ਰਭਾਵ ਦੇਣਗੇ, ਜਿਵੇਂ ਇਹ ਉਨ੍ਹਾਂ ਦੇ ਸਾਹਮਣੇ ਹੋਈ ਹੋਵੇ! ਪੈਰੋਕਾਰਾਂ ਦੀ ਇਹੀ ਮੁਹਾਰਤ ਡੇਰੇ ਦੀ ਚੜ੍ਹਤ ਦਾ ਸਬੱਬ ਬਣਦੀ ਹੈ।
ਕਰਾਮਾਤ ਹੁੰਦੀ ਕੀ ਹੈ? ਇਹ ਕੋਈ ਅਲੋਕਾਰੀ ਘਟਨਾ ਹੁੰਦੀ ਹੈ ਜੋ ਸਭ ਨੂੰ ਅਚੰਭਿਤ ਕਰ ਦਿੰਦੀ ਹੈ। ਇਸ ਨੂੰ ਦੋ ਤਰ੍ਹਾਂ ਦੀ ਮੰਨ ਸਕਦੇ ਹਾਂ। ਇਕ, ਜਾਦੂ ਦੇ ਤਮਾਸ਼ੇ ਦੁਆਰਾ ਅਤੇ ਦੂਜੀ ਗੈਬੀ ਸ਼ਕਤੀ ਦੁਆਰਾ। ਜਾਦੂ ਦੇ ਛੋਟੇ-ਮੋਟੇ ਤਮਾਸ਼ਿਆਂ ਦੌਰਾਨ ਜਾਦੂਗਰ ਮਿੱਟੀ ਦੀ ਚੁਟਕੀ ਤੋਂ ਰੁਪਏ ਦਾ ਸਿੱਕਾ ਬਣਾ ਦਿੰਦਾ ਹੈ; ਫੇਰ ਉਸ ਤੋਂ ਦੋ, ਦੋ ਤੋਂ ਚਾਰ ਅਤੇ ਇਸੇ ਤਰ੍ਹਾਂ ਅੱਗੇ। ਪੀæ ਸੀæ ਸਰਕਾਰ ਮਸ਼ਹੂਰ ਭਾਰਤੀ ਜਾਦੂਗਰ ਹੈ। ਉਹ ਅਨੇਕਾਂ ਵੱਡੇ-ਵੱਡੇ ਤਮਾਸ਼ੇ ਦਿਖਾ ਦਿੰਦਾ ਹੈ। ਜਿਵੇਂ ਹਵਾ ਵਿਚੋਂ ਵੱਖ-ਵੱਖ ਚੀਜ਼ਾਂ ਪੈਦਾ ਕਰਨਾ। ਉਹ ਹਜ਼ਾਰਾਂ ਦਰਸ਼ਕਾਂ ਸਾਹਮਣੇ ਪੂਰੀ ਦੀ ਪੂਰੀ ਰੇਲ ਗੱਡੀ ਲੋਪ ਕਰ ਕੇ ਦਿਖਾ ਦਿੰਦਾ ਹੈ। ਫਿਰ ਉਹ ਦੱਸਦਾ ਹੈ ਕਿ ਇਨ੍ਹਾਂ ਕਰਤੱਬਾਂ ਵਿਚ ਕੋਈ ਮੰਤਰ ਜਾਂ ਗੈਬੀ ਸ਼ਕਤੀ ਨਹੀਂ ਹੁੰਦੀ, ਸਗੋਂ ਹੱਥ ਦੀ ਸਫਾਈ ਹੁੰਦੀ ਹੈ ਅਤੇ ਇਹ ਟਰੇਨਿੰਗ ਤੇ ਅਭਿਆਸ ਦੁਆਰਾ ਸਿੱਖੀ ਜਾ ਸਕਦੀ ਹੈ।
ਗੈਬੀ ਸ਼ਕਤੀਆਂ ਜ਼ਰੀਏ ਹੋਣ ਵਾਲੀਆਂ ਕਰਾਮਾਤਾਂ ਦਾ ਕੋਈ ਵਜੂਦ ਨਾ ਹੁਣ ਹੈ, ਨਾ ਪਹਿਲਾਂ ਸੀ ਅਤੇ ਨਾ ਹੀ ਕਦੇ ਅੱਗੇ ਹੋਵੇਗਾ। ਇਨ੍ਹਾਂ ਦਾ ਵਜੂਦ ਸਿਰਫ ਮਨੋਕਲਪਿਤ ਅਤੇ ਮਿਥਿਹਾਸਕ ਕਥਾਵਾਂ ਵਿਚ ਹੈ ਜੋ ਉਨ੍ਹਾਂ ਲੋਕਾਂ ਵਲੋਂ ਫੈਲਾਈਆਂ ਜਾਂਦੀਆਂ ਹਨ ਜੋ ਮਨੁਖਤਾ ਨੂੰ ਅੰਧ-ਵਿਸ਼ਵਾਸਾਂ ਅਤੇ ਕਰਾਮਾਤਾਂ ਦੇ ਭਰਮ ਜਾਲ ਵਿਚ ਫਸਾ ਕੇ ਲੁਟਣਾ ਚਾਹੁੰਦੇ ਹਨ। ਮਾਨਵਤਾ ਨੂੰ ਇਨ੍ਹਾਂ ਲੁਟੇਰਿਆਂ ਦੇ ਮਕੜ-ਜਾਲ ਵਿਚੋਂ ਆਜ਼ਾਦ ਕਰਵਾਉਣ ਵਾਸਤੇ ਗੁਰੂ ਸਾਹਿਬਾਨ ਨੇ ਪ੍ਰਚਾਰ ਕੀਤਾ। ਇਹੀ ਨਹੀਂ, ਉਨ੍ਹਾਂ ਇਹ ਸਿੱਖਿਆਵਾਂ ਬਾਣੀ ਵਿਚ ਵੀ ਦਰਜ ਕਰ ਦਿੱਤੀਆਂ ਤਾਂ ਕਿ ਆਉਣ ਵਾਲੀਆਂ ਨਸਲਾਂ ਵੀ ਬਾਣੀ ਤੋਂ ਸੇਧ ਲੈ ਕੇ ਇਨ੍ਹਾਂ ਲੁਟੇਰਿਆਂ ਤੋਂ ਬਚੇ ਰਹਿਣ, ਪਰ ਅਸੀਂ ਫੇਰ ਵਾਰ ਵਾਰ ਡੇਰਿਆਂ ਦੇ ਫੈਲਾਏ ਜਾ ਰਹੇ ਅੰਧ-ਵਿਸ਼ਵਾਸਾਂ ਅਤੇ ਕਰਾਮਾਤਾਂ ਦੇ ਭਰਮ ਜਾਲ ਵਿਚ ਫਸ ਰਹੇ ਹਾਂ।
ਉਘੇ ਵਿਦਵਾਨ ਡਾæ ਗੁਰਨਾਮ ਕੌਰ ਨੇ ਵੀ ਪੰਜਾਬ ਟਾਈਮਜ਼ ਦੇ 16 ਸਤੰਬਰ 2017 ਦੇ ਅੰਕ ਵਿਚ ਛਪੇ ਆਪਣੇ ਲੇਖ ਵਿਚ ਇਹੀ ਫਿਕਰ ਜ਼ਾਹਰ ਕੀਤਾ ਹੈ। ਉਹ ਲਿਖਦੇ ਹਨ, “ਮੈਨੂੰ ਉਦੋਂ ਵੀ ਪ੍ਰੇਸ਼ਾਨੀ ਹੁੰਦੀ ਸੀ, ਇਹ ਸੋਚ ਕੇ ਕਿ ਗੁਰੂਆਂ ਦੀ ਬਖਸ਼ਿਸ਼ ਨਾਲ ਪੰਜਾਬੀਆਂ ਕੋਲ ਆਮ ਕਰ ਕੇ ਅਤੇ ਸਿੱਖਾਂ ਕੋਲ ਖਾਸ ਕਰ ਕੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿਚ ਸ਼ਬਦ ਦਾ, ਬਾਣੀ ਦਾ ਬਹੁਤ ਵੱਡਾ ਖਜ਼ਾਨਾ ਹੈ, ਜਿਸ ਦੇ ਲੜ ਲਗਣ ਲਈ ਕਿਸੇ ਵਿਚੋਲੇ ਦੀ ਲੋੜ ਵੀ ਹੈ ਨਹੀਂ, ਫਿਰ ਕਿਉਂ ਲੋਕ ਇਸ ਤਰ੍ਹਾਂ ਆਸ਼ੂਤੋਸ਼ ਦੇ ਮਗਰ ਲੱਗੇ ਫਿਰਦੇ ਹਨ?” ਇਹ ਟਿੱਪਣੀ ਉਨ੍ਹਾਂ ਕਈ ਸਾਲ ਪਹਿਲਾਂ ਆਸੂਤੋਸ਼ ਦੇ ਰਫੜ ਸਬੰਧੀ ਬਣੀ ਕਮੇਟੀ ਦੇ ਮੈਂਬਰ ਵਜੋਂ ਹਵਾਲੇ ਦੇ ਤੌਰ ‘ਤੇ ਕੀਤੀ। ਉਨ੍ਹਾਂ ਦੀ ਇਸ ਟਿੱਪਣੀ ਦੀ ਆਖਰੀ ਲਾਈਨ ਵਿਚੋਂ ਆਸੂਤੋਸ਼ ਸ਼ਬਦ ਹਟਾ ਕੇ ‘ਡੇਰੇਦਾਰਾਂ’ ਸਮਝ ਲਿਆ ਜਾਵੇ ਤਾਂ ਇਹ ਅੱਜ ਦੇ ਹਾਲਾਤ ‘ਤੇ ਹੂ-ਬ-ਹੂ ਢੁਕਦੀ ਹੈ। ਇਹ ਸਮਝਣ ਦੀ ਲੋੜ ਹੈ ਕਿ ਸਾਡੇ ਕੋਲ ਗੁਰੂ ਸਾਹਿਬਾਨ ਵਲੋਂ ਸਮੁੱਚੀ ਮਨੁੱਖਤਾ ਨੂੰ ਵਹਿਮਾਂ-ਭਰਮਾਂ, ਅੰਧ-ਵਿਸ਼ਵਾਸਾਂ ਅਤੇ ਕਰਾਮਾਤਾਂ ਦੇ ਮਕੜ-ਜਾਲ ਵਿਚੋਂ ਕੱਢ ਕੇ ਸੱਚੀ-ਸੁੱਚੀ ਤੇ ਸਹੀ ਜੀਵਨ ਜਾਂਚ ਸਿਖਾਉਣ ਵਾਲੇ ਚਾਨਣ ਮੁਨਾਰੇ ਦੇ ਰੂਪ ਵਿਚ ਗੁਰੂ ਗ੍ਰੰਥ ਸਾਹਿਬ ਦੇ ਹੁੰਦਿਆਂ ਅਸੀਂ ਕਿਵੇਂ ਇਨ੍ਹਾਂ ਡੇਰੇਦਾਰਾਂ ਦੇ ਜਾਲ ਵਿਚ ਫਸ ਜਾਂਦੇ ਹਾਂ?
ਗੁਰੂ ਗ੍ਰੰਥ ਸਾਹਿਬ ਦਾ ਮਨੋਰਥ ਤਾਂ ਹੀ ਪੂਰਾ ਹੋ ਸਕਦਾ ਹੈ, ਜੇ ਆਮ ਲੋਕ ਇਸ ਨੂੰ ਪੜ੍ਹਨ, ਸਮਝ ਕੇ ਵਿਚਾਰਨ ਅਤੇ ਉਸ ਅਨੁਸਾਰ ਆਪਣਾ ਜੀਵਨ ਜੀਣ, ਪਰ ਅਸੀਂ ਆਪਣੀ ਅਖੌਤੀ ਸ਼ਰਧਾ ਅਤੇ ਆਸਥਾ ਵੱਸ ਕੁਝ ਅਜਿਹੀਆਂ ਮੰਨਤਾਂ ਦਾ ਪ੍ਰਚਾਰ ਕੀਤਾ ਜਿਨ੍ਹਾਂ ਨੇ ਆਮ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਪਹੁੰਚ ਤੋਂ ਦੂਰ ਕਰ ਦਿੱਤਾ। ਕਦੇ ਬਿਲਕੁਲ ਸ਼ੁੱਧ ਉਚਾਰਨ ਦੇ ਨਾਂ ‘ਤੇ, ਕਦੇ ਪਵਿਤਰਤਾ ਦੇ ਨਾਂ ‘ਤੇ ਅਤੇ ਕਦੇ ਹੋਰ ਮਰਿਆਦਾਵਾਂ ਦੇ ਨਾਂ ‘ਤੇ ਅਸੀਂ ਆਮ ਲੋਕਾਂ ਵਿਚ ਗੁਰੂ ਗ੍ਰੰਥ ਸਾਹਿਬ ਬਾਰੇ ਮਾਨਸਿਕ ਖੌਫ ਖੜ੍ਹਾ ਕਰ ਦਿੱਤਾ ਹੈ ਜਿਸ ਦੇ ਅਸਰ ਹੇਠ ਮਨੁੱਖ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਵਿਚ ਬੈਠ ਕੇ ਗੁਰਬਾਣੀ ਪੜ੍ਹਨਾ ਤਾਂ ਦੂਰ ਦੀ ਗੱਲ, ਉਹ ਤਾਬਿਆ ਵਿਚ ਬੈਠ ਕੇ ਸਿਰਫ ਚੌਰ ਸਾਹਿਬ ਦੀ ਸੇਵਾ ਕਰਨ ਤੋਂ ਵੀ ਹਿਚਕਚਾਉਂਦਾ ਹੈ। ਉਂਜ, ਅਸੀਂ ਇਥੇ ਹੀ ਨਹੀਂ ਰੁਕੇ। ਲਗਦਾ ਇੰਜ ਹੈ, ਜਿਵੇਂ ਆਮ ਲੋਕਾਂ ਵਿਚ ਇਕੱਲੇ ਮਨੋਵਿਗਿਆਨਕ ਖੌਫ ਨਾਲ ਹੀ ਸਾਡੀ ਤਸੱਲੀ ਨਹੀਂ ਹੋ ਰਹੀ, ਹੁਣ ਅਸੀਂ ‘ਰੱਬ ਨੇੜੇ ਕਿ ਘਸੁੰਨ’ ਵਾਲਾ ਵਤੀਰਾ ਅਪਨਾਉਣਾ ਸ਼ੁਰੂ ਕਰ ਦਿੱਤਾ ਹੈ। ਯੂ-ਟਿਊਬ ਉਤੇ ਪੋਸਟਾਂ ਪਾਈਆਂ ਹੁੰਦੀਆਂ ਹਨ ਜਿਨ੍ਹਾਂ ਵਿਚ ਅੰਮ੍ਰਿਤਧਾਰੀ ਪਾਠੀ ਸਿੰਘ ਨੂੰ ਕੁੱਟਿਆ ਜਾ ਰਿਹਾ ਹੁੰਦਾ ਹੈ। ਇਕ ਵਾਰ ਤਾਂ ਇਕ ਚਿੱਟੀ ਦਾੜ੍ਹੀ ਵਾਲੇ ਬਜ਼ੁਰਗ ਪਾਠੀ ਨੂੰ ਉਸ ਤੋਂ ਅੱਧੀ ਉਮਰ ਦਾ ਅੰਮ੍ਰਿਤਧਾਰੀ ਨੌਜਵਾਨ ਦਾੜ੍ਹੀ ਫੜ ਕੇ ਚਪੇੜਾਂ ਮਾਰ ਰਿਹਾ ਹੁੰਦਾ ਹੈ ਅਤੇ ਫੇਰ ਉਸ ਨੂੰ ਲੰਮਾ ਪਾ ਕੇ ਡੰਡਿਆਂ ਨਾਲ ਕੁਟਦਾ ਵਿਖਾਇਆ ਜਾਂਦਾ ਹੈ। ਇਸ ਤਰ੍ਹਾਂ ਦੇ ਮਾਹੌਲ ਵਿਚ ਆਮ ਲੋਕਾਂ ਵਾਸਤੇ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋਣਾ, ਆਪਣੀ ਸਮਰੱਥਾ ਮੁਤਾਬਕ ਤਿਲ-ਫੁਲ ਭੇਟ ਕਰਨਾ, ਆਪਣੀ ਕਿਸੇ ਇੱਛਾ ਜਾਂ ਜ਼ਰੂਰਤ ਦੀ ਪੂਰਤੀ ਵਾਸਤੇ ਸੁਖਾਂ ਸੁਖਣੀਆਂ ਅਤੇ ਮੰਤਵ ਜਾਂ ਕਾਰਜ ਪੂਰਾ ਹੋਣ ‘ਤੇ ਕਿਸੇ ਪਾਠੀ ਸਿੰਘ ਤੋਂ ਸ਼ੁਕਰਾਨੇ ਦੀ ਅਰਦਾਸ ਕਰਵਾਉਣਾ ਹੀ ਗੁਰੂ ਸਾਹਿਬਾਨ ਪ੍ਰਤੀ ਸ਼ਰਧਾ ਅਤੇ ਸੇਵਾ ਬਣ ਗਿਆ ਹੈ।
ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਆਮ ਲੋਕਾਂ ਦੀ ਪਹੁੰਚ ਤੋਂ ਹੀ ਦੂਰ ਨਹੀਂ ਕੀਤਾ, ਸਗੋਂ ਗੁਰੂ ਸਾਹਿਬਾਨ ਦੀਆਂ ਸੱਚੀਆਂ ਰਾਹ ਦਸੇਰਾ ਸਿੱਖਿਆਵਾਂ ਤੋਂ ਦੂਰ ਕਰਨ ਵਾਸਤੇ ਅਨੇਕਾਂ ਕਹਾਣੀਆਂ ਪ੍ਰਚਾਰ ਰਹੇ ਹਾਂ ਜਿਨ੍ਹਾਂ ਵਿਚੋਂ ਬਹੁਤੀਆਂ ਮਨੋਕਲਪਿਤ, ਮਿਥਿਹਾਸਕ, ਅੰਧ-ਵਿਸ਼ਵਾਸੀ ਅਤੇ ਕਰਾਮਾਤਾਂ ਨਾਲ ਭਰਪੂਰ ਹੁੰਦੀਆਂ ਹਨ। ਇਥੇ ਸਿਰਫ ਤਿੰਨ ਕਥਾਵਾਂ, ਜੋ ਬਚਪਨ ਤੋਂ ਸੁਣਦਾ ਆ ਰਿਹਾ ਹਾਂ, ਦਾ ਹਵਾਲਾ ਦੇਵਾਂਗਾ। ਪਹਿਲੀ ਕਥਾ ਸ੍ਰੀ ਗੁਰੂ ਨਾਨਕ ਦੇ ਬਚਪਨ ਵੇਲੇ ਮੱਝਾਂ ਚਾਰਨ ਵੇਲੇ ਦੀ ਹੈ। ਮੱਝਾਂ ਦਾ ਉਜਾੜਿਆ ਖੇਤ ਪਹਿਲਾਂ ਨਾਲੋਂ ਵੀ ਵੱਧ ਹਰਾ-ਭਰਾ ਹੋ ਜਾਂਦਾ ਹੈ। ਦੂਜੀ ਕਥਾ ਸ੍ਰੀ ਗੁਰੂ ਹਰਕ੍ਰਿਸ਼ਨ ਬਾਰੇ ਹੈ ਜੋ ਕਿਸੇ ਘੁਮੰਡੀ ਵਿਦਵਾਨ ਪੰਡਿਤ ਦਾ ਗੁਮਾਨ ਤੋੜਨ ਲਈ ਬਚਪਨ ਤੋਂ ਗੁੰਗੇ-ਬੋਲੇ ਛੱਜੂ ਝਿਊਰ ਦੇ ਸਿਰ ‘ਤੇ ਛੜੀ ਰੱਖ ਕੇ ਉਸ ਨੂੰ ਸਿਰਫ ਬੋਲਣ ਹੀ ਨਹੀਂ ਲਾਉਂਦੇ, ਸਗੋਂ ਗੀਤਾ ਦੇ ਅਰਥ ਵੀ ਕਰਵਾ ਦਿੰਦੇ ਹਨ। ਤੀਜੀ ਸਾਖੀ ਸ੍ਰੀ ਗੁਰੂ ਤੇਗ ਬਹਾਦਰ ਵੱਲੋਂ ਮੱਖਣ ਸ਼ਾਹ ਲੁਬਾਣਾ ਦੇ ਡੁੱਬਦੇ ਜਹਾਜ਼ ਨੂੰ ਹਜ਼ਾਰਾਂ ਮੀਲ ਦੀ ਦੂਰੀ ਤੋਂ ਆਪਣੇ ਮੋਢੇ ਦਾ ਆਸਰਾ ਦੇ ਕੇ ਬਚਾਉਣ ਦੀ ਹੈ।
ਅੱਜ ਵੀ ਜਦੋਂ ਕੋਈ ਕਥਾਕਾਰ ਗੁਰੂ ਗ੍ਰੰਥ ਸਾਹਿਬ ਦੇ ਕਿਸੇ ਸ਼ਬਦ ਦੀ ਵਿਆਖਿਆ ਕਰਦਾ ਹੈ ਤਾਂ ਉਹ ਸ਼ਬਦ ਤੋਂ ਮਿਲਣ ਵਾਲੀ ਸਿੱਖਿਆ ਤੇ ਸੇਧ ਬਾਰੇ ਦਸਣ ਦੀ ਥਾਂ ਉਸ ਸ਼ਬਦ ਨੂੰ ਕਿਸੇ ਪੁਰਾਤਨ ਮਿਥਿਹਾਸਕ ਘਟਨਾ ਨਾਲ ਜੋੜ ਕੇ ਅਤੇ ਕੋਈ ਨਾ ਕੋਈ ਕਰਾਮਾਤੀ ਘਟਨਾ ਸ਼ਾਮਲ ਕਰ ਕੇ ਸੁਣਾਉਣ ਨੂੰ ਪਹਿਲ ਦਿੰਦਾ ਹੈ। ਸ਼ਾਇਦ ਉਹ ਆਪਣੇ ਆਪ ਨੂੰ ਗੁਰੂ ਇਤਿਹਾਸ ਬਾਰੇ ਦੂਜਿਆਂ ਨਾਲੋਂ ਵੱਧ ਗਿਆਨਵਾਨ ਸਾਬਤ ਕਰਨਾ ਚਾਹੁੰਦਾ ਹੈ।
ਇਸ ਸਭ ਕੁਝ ਦੇ ਬਾਵਜੂਦ ਅਸੀਂ ਵਾਰ ਵਾਰ ਕਹਿੰਦੇ ਹਾਂ ਕਿ ਗੁਰੂ ਸਾਹਿਬਾਨ ਕਰਾਮਾਤ ਨਹੀਂ ਸਨ ਦਿਖਾਉਂਦੇ। ਅਸੀਂ ਕਹਿੰਦੇ ਹਾਂ ਕਿ ਸ੍ਰੀ ਗੁਰੂ ਨਾਨਕ ਨੇ ਜੋਗੀਆਂ ਦੇ ਕਹਿਣ ‘ਤੇ ਕੋਈ ਕਰਾਮਾਤ ਨਹੀਂ ਦਿਖਾਈ। ਸ੍ਰੀ ਗੁਰੂ ਹਰਕ੍ਰਿਸ਼ਨ ਨੇ ਔਰੰਗਜ਼ੇਬ ਨਾਲ ਮੁਲਾਕਾਤ ਵੇਲੇ ਔਰੰਗਜ਼ੇਬ ਦੇ ਕਹਿਣ ‘ਤੇ ਕੋਈ ਕਰਾਮਾਤ ਨਹੀਂ ਦਿਖਾਈ। ਸ੍ਰੀ ਗੁਰੂ ਤੇਗ ਬਹਾਦਰ ਨੇ ਸ਼ਹੀਦੀ ਟਾਲਣ ਵਾਸਤੇ ਕੋਈ ਕਰਾਮਾਤ ਨਹੀਂ ਦਿਖਾਈ।
ਦਰਅਸਲ, ਪ੍ਰਚਾਰ ਕਾਰਨ ਆਮ ਲੋਕਾਂ ਦੇ ਮਨਾਂ ‘ਤੇ ਕਰਾਮਾਤਾਂ ਬਾਰੇ ਖਾਸ ਸੰਕਲਪ ਬਣ ਜਾਂਦਾ ਹੈ। ਉਹ ਮਹਿਸੂਸ ਕਰਦੇ ਹਨ ਕਿ ਕਰਾਮਾਤਾਂ ਹੁੰਦੀਆਂ ਤਾਂ ਹਨ, ਪਰ ਉਹ ਸੱਚੇ ਸਤਿਗੁਰੂ ਕੋਲ ਹੀ ਹੁੰਦੀਆਂ ਅਤੇ ਸੱਚਾ ਸਤਿਗੁਰੂ ਕਰਾਮਾਤ ਦਿਖਾਉਣ ਵਾਸਤੇ ਕਰਾਮਾਤ ਨਹੀਂ ਕਰਦਾ। ਉਨ੍ਹਾਂ ਦਾ ਕਰਾਮਾਤਾਂ ਬਾਰੇ ਅਜਿਹਾ ਵਿਸ਼ਵਾਸ ਹੀ ਅੰਤ ਵਿਚ ਉਨ੍ਹਾਂ ਨੂੰ ਡੇਰੇਦਾਰਾਂ ਦੇ ਚੁੰਗਲ ਵਿਚ ਫਸਾ ਦਿੰਦਾ ਹੈ। ਨਿਜੀ ਪੈਰੋਕਾਰ ਆਪਣੇ ਡੇਰਾ ਮੁਖੀ ਬਾਰੇ ਇਕ ਹੋਰ ਪ੍ਰਚਾਰ ਕਰਦੇ ਹਨ ਕਿ ਦੁਨੀਆਂ ‘ਤੇ ਜਦੋਂ ਜਦੋਂ ਜ਼ੁਲਮਾਂ ਦਾ ਬੋਲ ਬਾਲਾ ਹੁੰਦਾ ਹੈ; ਅਧਰਮ, ਧਰਮ ਉਤੇ ਭਾਰੂ ਹੋ ਜਾਂਦਾ ਹੈ; ਝੂਠ, ਸੱਚ ਨੂੰ ਪਿਛੇ ਧੱਕ ਦਿੰਦਾ ਹੈ ਅਤੇ ਮੁਸੀਬਤਾਂ ਨਾਲ ਘਿਰੇ ਲੋਕ ਤਰ੍ਹਾਂ ਤਰ੍ਹਾਂ ਦੇ ਕਰਮ-ਕਾਡਾਂ ਦੇ ਜਾਲ ਵਿਚ ਫਸ ਜਾਂਦੇ ਹਨ ਤਾਂ ਪਰਮਾਤਮਾ ਮਨੁਖਤਾ ਦੇ ਕਲਿਆਣ ਵਾਸਤੇ ਆਪ ਮਨੁੱਖੀ ਜਾਮੇ ਵਿਚ ਪਰਗਟ ਹੁੰਦੇ ਹਨ। ਉਹ ਇਹ ਵੀ ਕਹਿੰਦੇ ਹਨ ਕਿ ਸ੍ਰੀ ਗੁਰੂ ਨਾਨਕ ਨੂੰ ਕਿਹੜਾ ਸਭ ਨੇ ਗੁਰੂ ਮੰਨ ਲਿਆ ਸੀ। ਸਿਰਫ ਉਨ੍ਹਾਂ ਨੇ ਹੀ ਗੁਰੂ ਮੰਨਿਆ ਜਿਨ੍ਹਾਂ ਉਤੇ ਪਰਮਾਤਮਾ ਦੀ ਕ੍ਰਿਪਾ ਹੋਈ ਸੀ।
ਆਮ ਤੌਰ ‘ਤੇ ਸਿੱਖੀ ਨਾਲ ਜੁੜੇ ਮਨੁੱਖ ਛੇਤੀ ਕੀਤੇ ਕਿਸੇ ਦੇਹਧਾਰੀ ਗੁਰੂ ਨੂੰ ਗੁਰੂ ਮੰਨਣ ਲਈ ਤਿਆਰ ਨਹੀਂ ਹੁੰਦੇ, ਪਰ ਜੇ ਮੰਨ ਲੈਣ ਤਾਂ ਡੇਰੇਦਾਰ ਵਾਸਤੇ ਉਹ ਵਧੀਆ ਉਪਜਾਊ ਜਾਇਦਾਦ ਬਣ ਜਾਂਦੇ ਹਨ। ਫਿਰ ਉਹ ਸੁਖਮਨੀ ਸਾਹਿਬ ‘ਸਿਮਰਿ ਸਿਮਰਿ ਸਿਮਰਿ ਸੁਖ ਪਾਵਹੁ॥ ਆਪਿ ਜਪਹੁ ਅਵਰਹ ਨਾਮੁ ਜਪਾਵਹੁ॥’ ਦੇ ਮਹਾਨ ਵਾਕ ਅਨੁਸਾਰ ਡੇਰੇਦਾਰ ਦੀ ਸੰਗਤ ਵਧਾਉਣ ਲਈ ਕੋਈ ਕਸਰ ਨਹੀਂ ਛਡਦੇ ਅਤੇ ਕੁਝ ਹੀ ਸਾਲਾਂ ਵਿਚ ਡੇਰੇਦਾਰ ਦੇ ਪੈਰੋਕਾਰਾਂ ਦੀ ਗਿਣਤੀ ਸੈਂਕੜਿਆਂ ਤੋਂ ਹਜ਼ਾਰਾਂ ਤੇ ਲੱਖਾਂ ਨੂੰ ਪਾਰ ਕਰ ਸਕਦੀ ਹੈ। ਜਿਵੇਂ ਜਿਵੇਂ ਪੈਰੋਕਾਰਾਂ ਦੀ ਗਿਣਤੀ ਵਧਦੀ ਹੈ, ਡੇਰੇਦਾਰ ਦੀ ਆਮਦਨੀ ਤਾਂ ਵਧਦੀ ਹੀ ਹੈ, ਉਸ ਦਾ ਸਰਕਾਰੇ ਦਰਬਾਰੇ ਰੋਹਬ-ਦਾਬ ਵੀ ਵਧਦਾ ਜਾਂਦਾ ਹੈ।
ਇਉਂ ਜਦੋਂ ਬਿਨਾ ਮਿਹਨਤ ਤੋਂ ਐਨੀ ਜ਼ਿਆਦਾ ਦੌਲਤ ਤੇ ਤਾਕਤ ਆ ਜਾਵੇ, ਜੁਆਬਦੇਹੀ ਵੀ ਕੋਈ ਨਾ ਹੋਵੇ ਤਾਂ ਕਿਸੇ ਵੀ ਆਦਮੀ ਦੀ ਹਾਲਤ ‘ਸਿਰ ‘ਤੇ ਨਹੀਂ ਕੁੰਡਾ, ਹਾਥੀ ਫਿਰੇ ਲੁੰਡਾ’ ਵਾਲੀ ਹੋ ਜਾਂਦੀ ਹੈ ਅਤੇ ਇਹ ਅੱਤ ਚੁੱਕਣ ‘ਤੇ ਉਤਾਰੂ ਹੋ ਜਾਂਦਾ ਹੈ। ਇਕ ਸੱਚਾਈ ਹੋਰ ਵੀ ਹੈ, ਜਿਵੇਂ ਲੋਕ ਕਥਾਵਾਂ ਵਿਚ ਸੁਣਦੇ ਹਾਂ ਕਿ ਕੋਈ ਵਿਹਲੜ ਤੇ ਆਵਾਰਾ ਕਿਸਮ ਦਾ ਮੁੰਡਾ ਆਪਣੀ ਮਾਂ ਨੂੰ ਕਹਿੰਦਾ ਹੈ ਕਿ ‘ਜੇ ਮੈਂ ਥਾਣੇਦਾਰ ਬਣ ਗਿਆ ਤਾਂ ਸਭ ਤੋਂ ਪਹਿਲਾਂ ਤੇਰੇ æææ ਕੁਟੂੰਗਾ’। ਇਸੇ ਤਰ੍ਹਾਂ ਉਪਰੋਕਤ ਸ਼ਖਸ ਦੇ ਜ਼ੁਲਮਾਂ ਦਾ ਸ਼ਿਕਾਰ ਵੀ ਸਭ ਤੋਂ ਪਹਿਲਾਂ ਉਸ ਦੇ ਨੇੜੇ ਵਾਲੇ ਬਣਦੇ ਹਨ।
ਡੇਰਾਵਾਦ ਫੈਲਣ ਦਾ ਇਕ ਹੋਰ ਕਾਰਨ ਸਮਾਜ ਦੀ ਜਾਤੀ ਵੰਡ ਵੀ ਹੈ। ਕਿਹਾ ਜਾਂਦਾ ਹੈ ਕਿ ਡੇਰੇ ਵਾਲੇ ਨੀਵੀਆਂ ਜਾਤਾਂ ਵਾਲਿਆਂ ਨੂੰ ਬਰਾਬਰ ਦਾ ਸਨਮਾਨ ਦਿੰਦੇ ਹਨ, ਜਦੋਂ ਕਿ ਸਥਾਪਤ ਧਰਮਾਂ ਵਾਲੇ ਉਨ੍ਹਾਂ ਨੂੰ ਨੁਕਰੇ ਲਾ ਕੇ ਰੱਖਦੇ ਹਨ। ਮੈਨੂੰ ਇਸ ਅੰਦਰ ਵੀ ਪ੍ਰਾਪੇਗੰਡਾ ਦਾ ਰੋਲ ਜ਼ਿਆਦਾ ਮਹਿਸੂਸ ਹੁੰਦਾ ਹੈ। ਸਾਰੇ ਧਾਰਮਿਕ ਅਤੇ ਸਿਆਸੀ ਸੰਗਠਨ, ਇਥੋਂ ਤੱਕ ਕਿ ਉਹ ਸੰਗਠਨ ਵੀ ਜੋ ਜਾਤੀਵਾਦ (ਮੰਨੂਵਾਦ) ਦਾ ਖੁੱਲ੍ਹ ਕੇ ਸਮਰਥਨ ਕਰਦੇ ਹਨ, ਪੂਰੇ ਜ਼ੋਰ-ਸ਼ੋਰ ਨਾਲ ਇਨ੍ਹਾਂ ਨੀਵੀਆਂ ਜਾਤਾਂ ਦੀ ਭਲਾਈ ਅਤੇ ਇਨ੍ਹਾਂ ਨੂੰ ਉਪਰ ਚੁਕਣ ਦਾ ਦਿਖਾਵਾ ਕਰਦੇ ਹਨ, ਪਰ ਅਸੀਂ ਕਿਸੇ ਵੀ ਡੇਰੇ, ਧਾਰਮਿਕ ਜਾਂ ਸਿਆਸੀ ਸੰਗਠਨ ਵਿਚ ਇਨ੍ਹਾਂ ਜਾਤਾਂ ਦੇ ਬੰਦਿਆਂ ਦੀ ਮੁੱਖ ਅਹੁਦਿਆਂ ‘ਤੇ ਨਿਯੁਕਤੀ ਨਹੀਂ ਦੇਖਦੇ।
ਡੇਰਿਆਂ ਵੱਲ ਖਿੱਚੇ ਜਾਣ ਦਾ ਇਕ ਹੋਰ ਕਾਰਨ ਲੋੜਵੰਦਾਂ ਦੀ ਇਮਦਾਦ ਕਰਨਾ ਵੀ ਹੈ। ਜੋ ਕੰਮ ਸਰਕਾਰਾਂ ਜਾਂ ਧਰਮਾਂ ਨੂੰ ਕਰਨੇ ਚਾਹੀਦੇ ਹਨ, ਜਿਵੇਂ ਲੋੜਵੰਦਾਂ ਲਈ ਮੁਫਤ ਇਲਾਜ, ਵਿਦਿਆ, ਸਸਤਾ ਭੋਜਨ ਤੇ ਬੇਸਹਾਰਾ ਪਰਿਵਾਰਾਂ ਲਈ ਮਕਾਨ ਆਦਿ ਮੁਹੱਈਆ ਕਰਨੇ ਸਰਕਾਰਾਂ ਅਤੇ ਧਰਮ ਨਹੀਂ ਕਰਦੇ ਤੇ ਡੇਰਿਆਂ ਵਾਲੇ ਕਰਦੇ ਹਨ ਤਾਂ ਲੋਕਾਂ ਦਾ ਉਨ੍ਹਾਂ ਵੱਲ ਖਿੱਚੇ ਜਾਣਾ ਕੁਦਰਤੀ ਹੈ। ਹੁਣ ਡੇਰੇਦਾਰਾਂ ਦੇ ਇਨ੍ਹਾਂ ਲੋਕ ਭਲਾਈ ਕੰਮਾਂ ਦੀ ਸੱਚਾਈ ਕੀ ਹੈ? ਇਸ ਨੂੰ ਸਮਝਣ ਵਾਸਤੇ ਕਾਫੀ ਸਮਾਂ ਪਹਿਲਾਂ ਪਤਵੰਤੇ ਸੱਜਣ ਵਲੋਂ ਦੱਸੀ ਘਟਨਾ ਦੀ ਮਿਸਾਲ ਲਈਏ। ਇਕ ਰਾਤ ਕੁਝ ਡਾਕੂਆਂ ਨੇ ਇਕ ਘਰ ਡਾਕਾ ਮਾਰਿਆ। ਉਨ੍ਹਾਂ ਘਰ ਵਾਲਿਆਂ ਨੂੰ ਬੰਦੂਕ ਦੀ ਨੋਕ ‘ਤੇ ਇਕ ਥਾਂ ਬਿਠਾ ਦਿੱਤਾ ਅਤੇ ਸਾਰਾ ਗਹਿਣਾ-ਗੱਟਾ, ਰੁਪਇਆ-ਪੈਸਾ ਅਤੇ ਹੋਰ ਕੀਮਤੀ ਸਮਾਨ ਇਕੱਠਾ ਕਰ ਲਿਆ। ਔਰਤਾਂ ਦੇ ਸੋਨੇ ਦੇ ਗਹਿਣੇ ਵੀ ਲੁਹਾ ਲਏ। ਜਾਂਦੇ ਹੋਏ ਧਮਕੀ ਦਿੱਤੀ ਕਿ ਸੂਰਜ ਚੜ੍ਹਨ ਤੋਂ ਪਹਿਲਾਂ ਕੋਈ ਰੌਲਾ ਨਹੀਂ ਪਾਉਣਾ, ਨਾ ਹੀ ਪੁਲਿਸ ਨੂੰ ਇਤਲਾਹ ਕਰਨੀ ਹੈ। ਉਸੇ ਵੇਲੇ ਇਕ ਮਾਈ ਨੇ ਹੱਥ ਜੋੜਦਿਆਂ ਤਰਲਾ ਕੀਤਾ ਕਿ ਤੁਸੀਂ ਸਾਡਾ ਸਾਰਾ ਸਮਾਨ ਤਾਂ ਲੁੱਟ ਲਿਆ ਹੈ, ਮੇਰੀ ਇਹ ਪੋਤਰੀ ਤਾਂ ਅੱਜ ਹੀ ਮਿਲਣ ਆਈ ਸੀ, ਤੁਸੀਂ ਇਹਦੇ ਗਹਿਣੇ ਵੀ ਲੁਹਾ ਲਏ। ਇਹ ਵਿਚਾਰੀ ਸਹੁਰਿਆਂ ਨੂੰ ਕੀ ਮੂੰਹæææ। ਮਾਈ ਦੀ ਗੱਲ ਪੂਰੀ ਕਰਨ ਤੋਂ ਪਹਿਲਾਂ ਹੀ ਡਾਕੂਆਂ ਦਾ ਸਰਦਾਰ ਬੋਲਿਆ, “ਪਹਿਲਾਂ ਕਿਉਂ ਨਹੀਂ ਦੱਸਿਆ” ਤੇ ਫਿਰ ਆਪਣੇ ਨਾਲਦਿਆਂ ਨੂੰ ਕਹਿਣ ਲੱਗਾ, “ਸਾਰੇ ਜਣੇ ਕੁੜੀ ਨੂੰ 5-5 ਰੁਪਏ ਸ਼ਗਨ ਦਿਓ। ਇਹ ਪੇਕੀਂ ਮਿਲਣ ਆਈ ਹੈ।” ਸ਼ਗਨ ਦੇ ਕੇ ਉਹ ਚਲੇ ਗਏ।
ਅਗਲੇ ਦਿਨ ਪੁਲਿਸ ਵੀ ਆ ਗਈ ਅਤੇ ਪਿੰਡਾਂ ਵਾਲੇ ਵੀ ਇਕੱਠੇ ਹੋ ਗਏ। ਘਰ ਦੇ ਮੁਖੀ ਨੇ ਸਾਰਾ ਬਿਰਤਾਂਤ ਦੱਸਦਿਆਂ ਰੁਪਏ, ਗਹਿਣੇ-ਗੱਟੇ ਅਤੇ ਬਾਕੀ ਸਮਾਨ ਬਾਰੇ ਪੁਲਿਸ ਨੂੰ ਦੱਸਿਆ। ਇੰਨੇ ਵਿਚ ਮਾਈ ਬੋਲ ਪਈ, ਇਹ ਤਾਂ ਠੀਕ ਹੈ ਕਿ ਉਨ੍ਹਾਂ ਸਾਡੇ ਪੱਲੇ ਕੁਝ ਨਹੀਂ ਛੱਡਿਆ, ਪਰ ਉਨ੍ਹਾਂ ਦਾ ਸਰਦਾਰ ਕੋਈ ਭਲਾ ਤੇ ਧਰਮੀ ਬੰਦਾ ਸੀ। ਉਸ ਨੇ ਸਭ ਤੋਂ ਸ਼ਗਨ ਦਿਵਾਇਆ ਸੀ।
ਇਹ ਸਭ ਕੁਝ ਸਾਡੇ ਡੇਰੇਦਾਰਾਂ ‘ਤੇ ਬਿਲਕੁਲ ਠੀਕ ਢੁਕਦਾ ਹੈ। ਉਨ੍ਹਾਂ ਦੇ ਸ਼ਰਧਾਲੂ ਅੰਨੀ ਸ਼ਰਧਾ ਕਰ ਕੇ ਆਪਣਾ ਤਨ-ਮਨ-ਧਨ ਡੇਰੇਦਾਰਾਂ ਨੂੰ ਲੁਟਾਈ ਜਾਂਦੇ ਹਨ। ਕਦੇ ਕਦੇ ਆਪਣੇ ਧਰਮੀ ਹੋਣ ਦਾ ਪ੍ਰਾਪੇਗੰਡਾ ਕਰਨ ਲਈ ਡੇਰਾ ਮੁਖੀ ਕੁਝ ਅਜਿਹੀਆਂ ਸਕੀਮਾਂ ਦਾ ਐਲਾਨ ਕਰਦਾ ਹੈ ਜੋ ਪੂਰੀ ਤਰ੍ਹਾਂ ਲੋਕ ਭਲਾਈ ਦੀਆਂ ਹੁੰਦੀਆਂ ਹਨ। ਮਸਲਨ, ਉਹ ਕਹੇਗਾ ਕਿ ਫਲਾਣੀ ਬੀਬੀ ਦਾ ਕੋਈ ਵਾਲੀਵਾਰਸ ਨਹੀਂ, ਤੇ ਵਿਚਾਰੀ ਦਾ ਕੋਠਾ ਵੀ ਮੀਂਹ ਵਿਚ ਡਿਗ ਪਿਆ, ਸੋ ਡੇਰੇ ਵੱਲੋਂ ਇਸ ਦਾ ਕੋਠਾ ਬਣਾ ਕੇ ਦੇਣਾ ਹੈ। ਬੀਬੀ ਦਾ ਕੋਠਾ ਬਣਾਉਣ ਵਾਲੇ ਵੀ ਸ਼ਰਧਾਲੂ ਹੁੰਦੇ ਹਨ ਅਤੇ ਖਰਚ ਦਾ ਇੰਤਜ਼ਾਮ ਕਰਨ ਵਾਲੇ ਵੀ। ਕਈ ਡੇਰਾ ਮੁਖੀ ਤਾਂ ਅਜਿਹੇ ਮੌਕੇ ਨੂੰ ਵਾਧੂ ਕਮਾਈ ਵਾਲਾ ਵੀ ਬਣਾ ਲੈਂਦੇ ਹਨ।
ਨਸ਼ੇ ਛੁਡਾਉਣ ਬਾਰੇ ਭੱਲ ਵੀ ਇਨ੍ਹਾਂ ਡੇਰਿਆਂ ਦੀ ਐਵੇਂ ਬਣੀ ਹੋਈ ਹੈ। ਨਸ਼ਿਆਂ ਵਿਰੁਧ ਪ੍ਰਚਾਰ ਭਾਵੇਂ ਸਾਰੇ ਹੀ, ਸਮੇਤ ਸਿਆਸੀ ਪਾਰਟੀਆਂ ਦੇ ਕਰਦੇ ਹਨ, ਪਰ ਇਨ੍ਹਾਂ ਦੇ ਪੈਰੋਕਾਰਾਂ ਦੇ ਪ੍ਰਾਪੇਗੰਡੇ ਕਰ ਕੇ ਬੱਲ ਬੱਲੇ ਸਿਰਫ ਇਨ੍ਹਾਂ ਦੀ ਹੁੰਦੀ ਹੈ। ਪਰਖ ਲਈ ਅਸੀਂ ਆਪਣੇ ਆਲੇ-ਦੁਆਲੇ, ਪਿੰਡ ਜਾਂ ਗੁਆਂਢੀ ਪਿੰਡਾਂ ਵਿਚ ਪੜਤਾਲ ਕਰਾਂਗੇ ਤਾਂ ਇਸ ਨਤੀਜੇ ‘ਤੇ ਹੀ ਪਹੁੰਚਾਂਗੇ ਕਿ ਇਹ ਭੱਲ ਵੀ ਬਾਬੇ ਵੱਲੋਂ ਮੁੰਡੇ ਦੀ ਦਾਤ ਬਖਸ਼ਣ ਵਰਗਾ ਸ਼ੋਸ਼ਾ ਹੀ ਹੁੰਦਾ ਹੈ।
ਡੇਰਾਵਾਦ ਫੈਲਣ ਦੇ ਬਹੁਪਰਤੀ ਕਾਰਨ ਹੋ ਸਕਦੇ ਹਨ ਅਤੇ ਹਰ ਇਕ ਦਾ ਥੋੜ੍ਹਾ ਜਾਂ ਬਹੁਤਾ ਯੋਗਦਾਨ ਇਸ ਵਿਚ ਹੋ ਸਕਦਾ ਹੈ, ਪਰ ਸਭ ਤੋਂ ਵੱਡਾ ਕਾਰਨ ਕਿਸੇ ਡੇਰਾ ਮੁਖੀ ਬਾਰੇ, ਸੰਤ, ਫਕੀਰ ਜਾਂ ਗੁਰੂ ਨਾਲ ਜੋੜੀਆਂ ਕਰਾਮਾਤਾਂ ਦਾ ਹੀ ਅਸਰ ਲਗਦਾ ਹੈ। ਇਸ ਦੀ ਵਜ੍ਹਾ ਆਪਣੇ ਦੇਸ਼ ਦੇ ਆਰਥਿਕ, ਸਿਆਸੀ, ਸਮਾਜਕ ਅਤੇ ਧਾਰਮਿਕ ਹਾਲਾਤ ਲੋਕਾਂ ਵਾਸਤੇ ਸਾਜ਼ਗਾਰ ਨਾ ਹੋਣਾ ਹੈ। ਆਰਥਿਕ ਪਖੋਂ ਗਰੀਬ ਅਤੇ ਅਮੀਰ ਦਾ ਪਾੜਾ ਲਗਾਤਾਰ ਵਧ ਰਿਹਾ ਹੈ। ਸਿਆਸਤਦਾਨਾਂ ਨੇ ਲੋਕ ਸੇਵਾ ਤਿਆਗ ਕੇ ਆਪਣਾ ਮੁੱਖ ਮਨੋਰਥ ਆਪਣੇ ਘਰ ਭਰਨ ਤੱਕ ਸੀਮਤ ਕਰ ਲਿਆ ਹੈ। ਸਾਡਾ ਸਮਾਜ ਜਾਤ-ਪਾਤ ‘ਤੇ ਆਧਾਰਤ ਤਾਂ ਹੈ ਹੀ, ਹੁਣ ਧਰਮ ਦੇ ਠੇਕੇਦਾਰਾਂ ਨੇ ਆਪਣੇ ਸੌੜੇ ਹਿੱਤਾਂ ਦੀ ਪੂਰਤੀ ਲਈ ਇਸ ਨੂੰ ਖੱਖੜੀਆਂ ਕਰੇਲੇ ਕਰ ਦਿੱਤਾ ਹੈ ਜਿਸ ਕਰ ਕੇ ਭਾਈਚਾਰਕ ਸਾਂਝ ਲਗਭਗ ਖਤਮ ਹੋ ਗਈ ਹੈ। ਧਾਰਮਿਕ ਪੱਖ ਦੀ ਗੱਲ ਕਰਨ ਤੋਂ ਤਾਂ ਹੁਣ ਡਰ ਹੀ ਲਗਦਾ ਹੈ ਕਿ ਪਤਾ ਨਹੀਂ ਕਿਹੜੀ ਗੱਲ ਨੂੰ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਵਲੂੰਧਰਨ ਵਾਲੀ ਗਰਦਾਨ ਦਿੱਤਾ ਜਾਵੇ।
ਅਜਿਹੇ ਮਾਹੌਲ ਅੰਦਰ ਰਾਜਕੀ ਢਾਂਚਾ ਬਹੁਤ ਥੋੜ੍ਹੇ, ਖਾਸ ਹਿੱਸਿਆਂ ਦੇ ਹਿੱਤਾਂ ਲਈ ਕੰਮ ਕਰਦਾ ਹੋਣ ਕਰ ਕੇ ਆਵਾਮ ਦੇ ਹਿੱਤ ਹਮੇਸ਼ਾ ਨਜ਼ਰਅੰਦਾਜ਼ ਕਰਦਾ ਹੈ। ਇਉਂ ਆਮ ਲੋਕਾਂ ਵਾਸਤੇ ਅਨਿਸ਼ਚਤਤਾ ਵਾਲਾ ਮਾਹੌਲ ਬਣਾ ਦਿੱਤਾ ਗਿਆ ਹੈ ਜਿਸ ਵਿਚ ਆਮ ਲੋਕ ਮੁਸੀਬਤਾਂ ਵਿਚ ਘਿਰ ਰਹੇ ਹਨ। ਕਿਸੇ ਨੂੰ ਰੋਜ਼ਗਾਰ ਦੀ ਲੋੜ ਹੈ, ਕੋਈ ਬਿਮਾਰੀ ਤੋਂ ਪੀੜਤ ਹੈ, ਕੋਈ ਕਰਜ਼ੇ ਦਾ ਮਾਰਿਆ ਹੈ ਅਤੇ ਕੋਈ ਕਿਸੇ ਸਕਤੇ ਦੇ ਜ਼ੁਲਮਾਂ ਦਾ ਸਤਾਇਆ ਹੋਇਆ ਹੈ। ਮੁਸੀਬਤਾਂ ਮਾਰੇ ਬੰਦੇ ਨੂੰ ਜਦੋਂ ਕੋਈ ਹੱਲ ਨਹੀਂ ਦਿਸਦਾ, ਤਾਂ ਉਹ ਕਿਸੇ ਸਾਧ, ਸੰਤ ਜਾਂ ਡੇਰੇਦਾਰ ਦੀ ਸ਼ਰਨ ਵਿਚ ਜਾ ਪਹੁੰਚਦੇ ਹਨ। ਹਰ ਡੇਰਾ ਮੁਖੀ ਆਪਣੇ ਪ੍ਰਵਚਨਾਂ ਵਿਚ ਇਕ ਹੋਰ ਡਰਾਮਾ ਕਰਦਾ ਹੈ ਕਿ ਉਸ ਕੋਲ ਕੋਈ ਕਰਾਮਾਤਾਂ ਨਹੀਂ ਹਨ, ਕੇਵਲ ਪਰਮਾਤਮਾ ਹੀ ਸਭ ਕੁਝ ਕਰਨ ਦੇ ਸਮਰੱਥ ਹੈ, ਪਰ ਉਹ ਕਰਤਾ ਪੁਰਖ ਹਮੇਸ਼ਾ ਆਪਣੇ ਸੱਚੇ ਭਗਤਾਂ ਦੀ ਲੱਜ ਰਖਦਾ ਹੈ। ਇਸ ਤਰ੍ਹਾਂ ਕਹਿ ਕੇ ਇਕ ਤਾਂ ਉਹ ਕਰਾਮਾਤਾਂ ਬਾਰੇ ਹੋਣ ਵਾਲੇ ਕਿਸੇ ਵੀ ਚੈਲੰਜ ਤੋਂ ਬਚ ਜਾਂਦਾ ਹੈ, ਦੂਜਾ ਉਹ ਆਪਣੇ ਆਪ ਨੂੰ ਪਰਮਾਤਮਾ ਦਾ ਇਕੋ ਇਕ ਸੱਚਾ ਭਗਤ ਹੋਣ ਦਾ ਪ੍ਰਭਾਵ ਦੇ ਦਿੰਦਾ ਹੈ।
ਬਹੁਤ ਸਾਰੇ ਲੋਕ ਮੰਨਦੇ ਹਨ ਕਿ ਇਨ੍ਹਾਂ ਵਿਚੋਂ ਸਿਰਫ ਕੁਝ ਇਕ ਹੀ ਸੱਚੇ ਸੁੱਚੇ ਸੰਤ ਹੁੰਦੇ ਹਨ, ਬਹੁਤੇ ਪਖੰਡੀ ਹੀ ਹੁੰਦੇ ਹਨ। ਇਸ ਬਾਰੇ ਡਾæ ਗੁਬਿੰਦਰ ਸਿੰਘ ਸਮਰਾਓ ਦਾ ਵਿਸ਼ਲੇਸ਼ਣ ਜ਼ਿਆਦਾ ਸਹੀ ਲਗਦਾ ਹੈ ਜੋ ਉਨ੍ਹਾਂ ‘ਪੰਜਾਬ ਟਾਈਮਜ਼’ ਦੇ 30 ਸਤੰਬਰ 2017 ਦੇ ਅੰਕ ਵਿਚ ਕੀਤਾ ਹੈ। ਉਹ ਲਿਖਦੇ ਹਨ, “ਧਰਮ ਦਾ ਉਜਲ ਬਾਣਾ ਪਾ ਕੇ ਗੱਲ ਕਰਨ ਵਾਲਿਆਂ ਦੀ ਕਹਿਣੀ ਕੁਝ ਹੋਰ ਹੁੰਦੀ ਹੈ ਤੇ ਕਰਨੀ ਕੁਝ ਹੋਰ। ਕਹਿਣੀ ਦੀ ਪੁਨੀਤਤਾ ਤੇ ਕਾਰਗੁਜ਼ਾਰੀ ਵਿਚ ਪਤਿੱਤਤਾ ਦੇ ਕਾਰਨ ਸਭ ਧਾਰਮਿਕ ਸੰਸਥਾਵਾਂ ਤੇ ਡੇਰਿਆਂ ਦੀ ਫਿਤਰਤ ਇਕੋ ਜਿਹੀ ਬਣ ਜਾਂਦੀ ਹੈ। ਪੂਰੇ ਸੁਧਾਰਕ ਪ੍ਰਬੰਧਾਂ ਉਪਰੰਤ ਵੀ ਇੱਥੇ ਸ਼ਰਧਾਲੂਆਂ ਦਾ ਸ਼ੋਸ਼ਣ ਹੋਣਾ ਹੀ ਹੋਣਾ ਹੈ।æææਕਈ ਲੋਕ ਕਹਿੰਦੇ ਹਨ ਕਿ ਸਾਰੇ ਡੇਰੇ ਇਕੋ ਜਿਹੇ ਨਹੀਂ ਹੁੰਦੇ ਪਰ ਗੱਲ ਚੰਗੇ ਤੇ ਮਾੜੇ ਡੇਰਿਆਂ ਦੀ ਨਹੀਂ ਸਗੋਂ ਸਮੁੱਚੇ ਧਾਰਮਿਕ ਢਾਂਚੇ ਵਿਚ ਪੈਦਾ ਹੋਏ ਡੇਰਾ ਕਲਚਰ ਦੀ ਹੈ। ਇਸ ਕਲਚਰ ਦਾ ਮੁੱਖ ਤੱਤ ਹੈ ਕਿ ਧਾਰਮਿਕ ਭੇਖ ਤੋਂ ਬਿਨਾ ਲੋਕ ਇਕੱਠੇ ਨਹੀਂ ਹੁੰਦੇ ਤੇ ਜੇ ਇਨ੍ਹਾਂ ਇਕੱਠਾਂ ਦਾ ਸ਼ੋਸ਼ਣ ਨਾ ਕੀਤਾ ਜਾਵੇ ਤਾਂ ਭੀੜਾਂ ਇਕੱਠੀਆਂ ਕਰਨ ਦਾ ਕੀ ਲਾਭ? ਇਸ ਲਈ ਜੋ ਦੇਖ ਲਏ ਹਨ, ਉਹ ਤਾਂ ਮਾੜੇ ਹਨ ਹੀ ਪਰ ਜੋ ਦੇਖੇ ਨਹੀਂ, ਉਨ੍ਹਾਂ ਨੂੰ ਵੀ ਚੰਗੇ ਕਹਿਣਾ ਕੋਈ ਵਧੀਆ ਦਲੀਲ ਨਹੀਂ।” ਇਸ ਦਲੀਲ ਨੂੰ ਅਸੀਂ ਸੰਖੇਪ ਵਿਚ ਪ੍ਰਚਲਿਤ ਮੁਹਾਵਰਾ ਵਰਤ ਕੇ ਵੀ ਸਾਫ ਕਰ ਸਕਦੇ ਹਾਂ ਕਿ ‘ਢਕੀ ਰਿਝੇ ਤੇ ਕੋਈ ਨਾ ਬੁਝੇ।’