ਆਪਣੀ ਹੀ ਮਰਦਾਨਗੀ ਨਾਲ ਜੂਝਦੇ ਹੋਏ ਮਰਦ

ਸ਼ਮਿੰਦਰ ਕੌਰ ਪਰਵਾਜ਼
ਫੋਨ: 91-75268-08047
Ḕਮਰਦ’ ਲਫਜ਼ ਸੁਣਦੇ ਸਾਰ ਸਾਡੇ ਜ਼ਿਹਨ ਵਿਚ ਇਕ ਮਜ਼ਬੂਤ ਤੇ ਕਠੋਰ ਤਸੱਵੁਰ ਉਭਰਦਾ ਹੈ, ਜਿਸ ਦੀ ਸਿਰਫ ਭਾਰਤ ਵਿਚ ਨਹੀਂ ਦੁਨੀਆਂ ਦੇ ਅਨੇਕਾਂ ਦੇਸ਼ਾਂ ਵਿਚ ਆਪਣੀ ਸੰਪੂਰਨ ਸੱਤਾ ਸਥਾਪਿਤ ਹੈ। ਹਰ ਖੇਤਰ ਵਿਚ ਪ੍ਰਮੁੱਖ। ਜ਼ਾਹਰ ਹੈ, ਜਦ ਉਹ ਇੰਨੀ ਮਜ਼ਬੂਤ ਸਥਿਤੀ ਵਿਚ ਹੈ ਤਾਂ ਉਸ ਨੂੰ ਕੀ ਸਮੱਸਿਆ ਹੋ ਸਕਦੀ ਹੈ। ਪਰ ਕੀ ਸੱਚਮੁੱਚ ਅਜਿਹਾ ਹੈ? ਬਿਲਕੁਲ ਨਹੀਂ। ਮਰਦ ਆਪਣੇ ਹੀ ਰਚੇ ਚੱਕਰਵਿਊ ਵਿਚ ਫਸਿਆ ਹੋਇਆ ਹੈ। ਜਿਹੜੀ ਉਚੀ ਜਗ੍ਹਾ ਉਸ ਨੇ ਆਪਣੇ ਲਈ ਮਿਥ ਲਈ ਹੈ, ਉਥੇ ਬਣੇ ਰਹਿਣਾ ਸੌਖਾ ਨਹੀਂ ਹੈ। ਮਰਦਾਂ ਦੇ ਬਹੁਪੱਖੀ ਵਿਕਾਸ ਨੂੰ ਸਮਰਪਿਤ ਅੰਤਰ-ਰਾਸ਼ਟਰੀ ਪੁਰਸ਼ ਦਿਵਸ ਹਰ ਸਾਲ 19 ਨਵੰਬਰ ਨੂੰ ਮਨਾਇਆ ਜਾਂਦਾ ਹੈ।

ਅੱਠ ਮਾਰਚ ਨੂੰ ਇਸਤਰੀ ਦਿਵਸ ਮੌਕੇ ਮੈਂ ਔਰਤ ਦੀ ਦਰਦਨਾਕ ਹਾਲਤ ਬਾਰੇ ਲੇਖ ‘ਭਾਰਤੀ ਸਮਾਜ ਵਿਚ ਔਰਤ ਦੀ ਸਥਿਤੀ’ ਲਿਖਿਆ ਸੀ। ਲੇਖ ਪੜ੍ਹ ਕੇ ਮੇਰੇ ਭਾਣਜੇ ਨੇ ਕਿਹਾ, “ਮਾਸੀ ਜੀ, ਮੈਂ ਵੀ ਇਕ ਲੇਖ ਲਿਖਾਂਗਾ, ਭਾਰਤੀ ਸਮਾਜ ਵਿਚ ਪੁਰਸ਼ ਦੀ ਸਥਿਤੀ।” ਮੈਂ ਉਸ ਦੀ ਗੱਲ ਹਾਸੇ ਵਿਚ ਟਾਲ ਦਿੱਤੀ ਪਰ ਉਹ ਸੰਜੀਦਾ ਸੀ। ਉਸ ਦਾ ਕਹਿਣਾ ਸੀ ਕਿ ਇਸਤਰੀ ਨੂੰ ਜੋ ਸਹੂਲਤਾਂ ਮਿਲਦੀਆਂ ਹਨ, ਉਹ ਪੁਰਸ਼ ਦੀ ਕਿਸਮਤ ਵਿਚ ਨਹੀਂ ਹਨ। ਔਰਤ ਪੜ੍ਹ-ਲਿਖ ਕੇ ਘਰੇ ਰਹੇ ਜਾਂ ਬੁਟੀਕ ਖੋਲ੍ਹੇ, ਉਸ ਦੀ ਮਰਜ਼ੀ, ਪਰ ਮਰਦ ਘਰ ਰਹਿ ਕੇ ਖੇਤੀ ਵਰਗਾ ਕੋਈ ਕੰਮ ਕਰੇ ਜਾਂ ਬਾਹਰ ਨੌਕਰੀ ਜਾਂ ਕੋਈ ਕਾਰੋਬਾਰ ਕਰੇ, ਉਸ ਨੂੰ ਹਰ ਹਾਲ ਘਰ ਅੰਦਰਲੀਆਂ ਤੇ ਬਾਹਰਲੀਆਂ-ਸਭ ਜ਼ਿੰਮੇਵਾਰੀਆਂ ਚੁੱਕਣੀਆਂ ਪੈਂਦੀਆਂ ਹਨ। ਉਸ ਨੇ ਹਰ ਹਾਲਤ ਘਰ ਦੇ ਹਰ ਜੀਅ ਦੀਆਂ ਲੋੜਾਂ ਪੂਰੀਆਂ ਕਰਨੀਆਂ ਹੁੰਦੀਆਂ ਹਨ।
ਮੈਂ ਸਮਝਦੀ ਹਾਂ, ਇਹ ਸਥਿਤੀ ਮਰਦ-ਪ੍ਰਧਾਨ ਸਮਾਜ ਨੇ ਖੁਦ ਹੀ ਪੈਦਾ ਕੀਤੀ ਹੈ। ਜੇ ਉਹ ਇਸਤਰੀ ਨੂੰ ਪਿੱਛੇ ਰੱਖੇਗਾ ਤਾਂ ਜ਼ਾਹਰ ਹੈ ਕਿ ਉਸ ਨੂੰ ਆਪ ਵੱਧ ਬੋਝ ਚੁੱਕਣਾ ਪਵੇਗਾ। ਹਰ ਗੱਲ ਦੇ ਦੋ ਪਹਿਲੂ ਹੁੰਦੇ ਹਨ। ਜੇ ਪੁਰਸ਼ ਨੂੰ ਆਜ਼ਾਦੀ ਵੱਧ ਮਿਲਦੀ ਹੈ ਤੇ ਦੁਨੀਆਂ ਵਿਚ ਵਿਚਰਨ ਦੇ ਮੌਕੇ ਵੱਧ ਮਿਲਦੇ ਹਨ ਤਾਂ ਨਾਲ ਹੀ ਜ਼ਿੰਮੇਵਾਰੀ ਵੀ ਵੱਧ ਮਿਲਦੀ ਹੈ। ਦੂਜੇ ਪਾਸੇ, ਘਰ ਦੇ ਹਾਲਾਤ ਜੇ ਮੰਦੇ ਹੋਣ, ਫੇਰ ਤਾਂ ਘਰ ਦੇ ਪੈਸੇ ਦੀ ਮਾਲਕੀ ਇਸਤਰੀ ਦੇ ਹੱਥ ਕਿਥੋਂ ਹੋਣੀ ਸੀ, ਜੇ ਚੰਗੇ ਵੀ ਹੋਣ, ਫੇਰ ਵੀ ਘਰ ਚਲਾਉਂਦੀ ਹੋਣ ਦੇ ਬਾਵਜੂਦ ਪੈਸਾ ਇਸਤਰੀ ਦੇ ਹੱਥ-ਵੱਸ ਨਹੀਂ ਹੁੰਦਾ। ਇਸੇ ਕਰਕੇ ਉਹ ਹਮੇਸ਼ਾ ਅਸੁਰੱਖਿਅਤ ਹੀ ਰਹਿੰਦੀ ਹੈ।
ਪੁਰਸ਼ ਹਰ ਖੇਤਰ ਵਿਚ ਪ੍ਰਧਾਨ ਤੇ ਪ੍ਰਮੁੱਖ ਹੈ। ਉਹ ਵਿੱਤੀ, ਭਾਵਨਾਤਮਕ, ਸਮਾਜਿਕ ਤੇ ਸਰੀਰਕ ਪੱਖੋਂ ਇਸਤਰੀ ਤੋਂ ਮਜਬੂਤ ਮੰਨਿਆ ਜਾਂਦਾ ਹੈ ਤੇ ਹਾਲਾਤ ਨੇ ਉਹਨੂੰ ਮਜ਼ਬੂਤ ਬਣਾਇਆ ਵੀ ਹੋਇਆ ਹੈ। ਇਸੇ ਕਰਕੇ ਮਰਦ ਤੋਂ ਤਾਕਤ, ਮਜ਼ਬੂਤੀ, ਦਲੇਰੀ ਦੀ ਮੰਗ ਵਧੇਰੇ ਕੀਤੀ ਜਾਂਦੀ ਹੈ। ਭਾਰਤੀ ਮਰਦ ਨੇ ਖੁਦ ਨੂੰ ਪ੍ਰਮੁੱਖ ਮੰਨ ਲਿਆ ਹੈ ਤਾਂ ਜ਼ਾਹਰ ਹੈ, ਇਸ ਦੇ ਲਾਇਕ ਵੀ ਉਸ ਨੂੰ ਬਣਨਾ ਪਵੇਗਾ। ਨਹੀਂ ਤਾਂ ਉਸ ਦੀ ਮਰਦਾਨਗੀ ਉਤੇ ਪ੍ਰਸ਼ਨ-ਚਿੰਨ੍ਹ ਲੱਗੇਗਾ, ਜਿਸ ਨੂੰ ਬਰਦਾਸ਼ਤ ਕਰਨਾ ਉਸ ਦੇ ਵੱਸੋਂ ਬਾਹਰੀ ਗੱਲ ਹੋਵੇਗੀ। ਪਰਿਵਾਰ ਵਿਚ ਭਾਵੇਂ ਕਿੰਨੇ ਵੀ ਜੀਅ ਹੋਣ, ਸਭ ਦਾ ਖਰਚ ਚੁੱਕਣਾ ਉਸ ਦੀ ਨੈਤਿਕ ਜ਼ਿੰਮੇਵਾਰੀ ਬਣ ਜਾਂਦੀ ਹੈ। ਜੇ ਉਹ ਇਹ ਜ਼ਿੰਮੇਵਾਰੀ ਨਿਭਾਉਣ ਵਿਚ ਅਸਫਲ ਰਹਿੰਦਾ ਹੈ ਤਾਂ ਇਹ ਉਸ ਲਈ ਇੱਕ ਵੱਡੀ ਨਮੋਸ਼ੀ ਦਾ ਕਾਰਨ ਬਣਦਾ ਹੈ ਕਿ ਉਹ ਨਿਕੰਮਾ ਹੈ ਜੋ ਆਪਣੇ ਘਰ ਨੂੰ ਵੀ ਸਾਂਭ ਨਹੀਂ ਸਕਿਆ। ਉਹ ਕਿਵੇਂ ਵੀ ਕਮਾਵੇ, ਚਾਹੇ ਆਪਣਾ ਗੁਰਦਾ ਵੇਚੇ ਜਾਂ ਖੂਨ, ਪਰ ਕਮਾਵੇ ਜ਼ਰੂਰ। ਇਸ ਜ਼ਿੰਮੇਵਾਰੀ ਵਿਚ ਅਸਫਲ ਰਹੇ ਤਾਂ ਉਹ ਖੁਦਕੁਸ਼ੀ ਤੱਕ ਕਰ ਲੈਂਦਾ ਹੈ। ਕਿੰਨੇ ਹਜ਼ਾਰ ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ ਹਨ, ਉਨ੍ਹਾਂ ਦੀਆਂ ਪਤਨੀਆਂ ਨੇ ਨਹੀਂ ਕੀਤੀਆਂ, ਭਾਵੇਂ ਰਹਿੰਦੀਆਂ ਉਹ ਵੀ ਉਸੇ ਪਰਿਵਾਰ ਵਿਚ ਸਨ।
ਪੁਰਸ਼ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਹ ਇੱਕ ਮਜ਼ਬੂਤ ਸਤੰਭ ਹੈ ਜੋ ਨਾ ਕਦੇ ਡੋਲੇਗਾ, ਨਾ ਰੋਵੇਗਾ ਤੇ ਨਾ ਹੀ ਕਮਜ਼ੋਰ ਪਵੇਗਾ। ਉਸ ਨੂੰ ਚਾਹੇ ਕਿੰਨਾ ਵੱਡਾ ਦੁੱਖ ਲੱਗੇ, ਉਹ ਅਣਸਰਦੇ ਨੂੰ ਹੀ ਰੋਵੇਗਾ ਕਿਉਂਕਿ ਪੁਰਸ਼ ਰੋਂਦੇ ਚੰਗੇ ਨਹੀਂ ਲਗਦੇ।
ਜਦ ਇਸਤਰੀ ਨੂੰ ਕੋਈ ਸਮੱਸਿਆ ਹੁੰਦੀ ਹੈ ਤਾਂ ਉਹ ਦੂਜਿਆਂ ਨਾਲ ਦੁੱਖ ਸਾਂਝਾ ਕਰਦੀ ਹੈ ਪਰ ਪੁਰਸ਼ ਅਜਿਹਾ ਨਹੀਂ ਕਰਦੇ। ਉਹ ਕਿਸੇ ਨਾਲ ਕੋਈ ਗੱਲ ਸਾਂਝੀ ਕਰਨ ਦੀ ਥਾਂ ਸਾਰਾ ਬੋਝ ਚੁੱਪ-ਚਾਪ ਚੁੱਕਣ ਦਾ ਯਤਨ ਕਰਦੇ ਹਨ। ਇਹ ਹਾਲਾਤ ਉਨ੍ਹਾਂ ਦੇ ਤਣਾਓ ਵਿਚ ਵਾਧਾ ਕਰਦੇ ਹਨ।
ਜਿਥੇ ਦੇਖੋ ਕੰਧਾਂ ਭਰੀਆਂ ਪਈਆਂ ਹਨ, “ਮਰਦਾਨਾ ਤਾਕਤ ਹਾਸਲ ਕਰੋ!” 20-25 ਸਾਲ ਦੇ ਮੁੰਡੇ ਬਿਨਾ ਲੋੜ ਇਹ ਦਵਾਈਆਂ ਖਾਣ ਲੱਗਦੇ ਹਨ ਕਿਉਂਕਿ ਬੋਝ ਹੈ, ਮਰਦਾਨਗੀ ਸਾਬਤ ਕਰਨ ਦਾ! ਇੱਕ ਆਦਮੀ ਦੇ ਕੋਈ ਔਲਾਦ ਨਹੀਂ ਸੀ। ਉਹ ਡਾਕਟਰ ਕੋਲ ਗਿਆ। ਡਾਕਟਰ ਨੇ ਕਿਹਾ, “ਆਪਣੀ ਪਤਨੀ ਨੂੰ ਬੁਲਾਓ।” ਉਹ ਕਹਿਣ ਲੱਗਾ, “ਬਾਹਰ ਤਿੰਨੇ ਬੈਠੀਆਂ ਹਨ, ਕਿਸ ਨੂੰ ਬੁਲਾਵਾਂ? ਪਹਿਲੀ, ਦੂਜੀ ਕਿ ਤੀਜੀ ਨੂੰ?” ਡਾਕਟਰ ਨੇ ਕਿਹਾ, “ਫੇਰ ਉਨ੍ਹਾਂ ਵਿਚੋਂ ਕਿਸੇ ਨੂੰ ਵੀ ਬੁਲਾਉਣ ਦੀ ਲੋੜ ਨਹੀਂ, ਤੁਸੀਂ ਆਪਣਾ ਚੈਕ-ਅੱਪ ਕਰਵਾਓ।” ਉਹ ਬੰਦਾ ਬੋਲਿਆ, “ਡਾਕਟਰ ਸਾਹਿਬ, ਇੰਨੀ ਵੱਡੀ ਗੱਲ ਕਿਵੇਂ ਬੋਲ ਦਿੱਤੀ ਤੁਸੀਂ?”
ਮਰਦ ਨੇ ਇਹ ਬੋਝ ਆਪਣੇ ਮਨ ਉਤੇ ਪੱਕਾ ਲੱਦਿਆ ਹੋਇਆ ਹੈ ਕਿ ਉਹ ਮਰਦਾਨਗੀ ਦਾ ਮਾਲਕ ਹੋਣਾ ਹੀ ਚਾਹੀਦਾ ਹੈ। ਇਸ ਸੋਚ ਦੇ ਬਹੁਤ ਬੁਰੇ ਨਤੀਜੇ ਨਿਕਲਦੇ ਹਨ। ਆਪੇ ਚੁੱਕਿਆ ਇਹ ਬੋਝ ਕਈ ਵਾਰ ਬਰਦਾਸ਼ਤ ਤੋਂ ਇੰਨਾ ਬਾਹਰ ਹੋ ਜਾਂਦਾ ਹੈ ਕਿ ਮੌਤ ਦੀ ਗੋਦ ਹੀ ਇਕੋ-ਇਕ ਸਹਾਰਾ ਰਹਿ ਜਾਂਦੀ ਹੈ। ਸਰਕਾਰੀ ਅੰਕੜਿਆਂ ਅਨੁਸਾਰ 2014 ਵਿਚ ਭਾਰਤ ਵਿਚ 332 ਲੋਕਾਂ ਨੇ ਨਿਪੁੰਸਕਤਾ ਕਾਰਨ ਆਤਮਘਾਤ ਕੀਤਾ। ਅਗਲੇ ਸਾਲ 2015 ਵਿਚ ਇਹ ਅੰਕੜਾ ਵਧ ਕੇ 448 ਹੋ ਗਿਆ। ਨੈਸ਼ਨਲ ਕਰਾਈਮ ਰਿਕਾਰਡ ਬਿਊਰੋ ਅਨੁਸਾਰ 2015 ਵਿਚ ਨਿਪੁੰਸਕਤਾ ਕਾਰਨ ਹੋਏ 448 ਆਤਮਘਾਤਾਂ ਵਿਚ 7 ਛੋਟੀ ਉਮਰ ਦੇ ਮੁੰਡੇ ਤੇ 34 ਬਜ਼ੁਰਗ ਸ਼ਾਮਲ ਸਨ। 2016 ਦੇ ਅੰਕੜੇ ਅਜੇ ਆਏ ਨਹੀਂ। ਡਰ ਹੈ ਕਿ ਉਹ 2015 ਤੋਂ ਜ਼ਰੂਰ ਵੱਧ ਹੋਣਗੇ। ਇਸ ਸਬੰਧ ਵਿਚ ਇਹ ਗੱਲ ਵੀ ਯਾਦ ਰੱਖਣੀ ਚਾਹੀਦੀ ਹੈ ਕਿ ਨਮੋਸ਼ੀ ਦੇ ਡਰ ਕਾਰਨ ਜਿਨ੍ਹਾਂ ਅਜਿਹੇ ਆਤਮਘਾਤਾਂ ਦੀ ਜਾਣਕਾਰੀ ਸਰਕਾਰ ਤੱਕ ਨਹੀਂ ਪੁਜਦੀ, ਉਨ੍ਹਾਂ ਦੀ ਗਿਣਤੀ ਇਸ ਨਾਲੋਂ ਬਹੁਤ ਵੱਧ ਹੋਵੇਗੀ।
ਭਾਰਤੀ ਸਮਾਜ ਵਿਚ ਮਰਦ ਦੀ ਜੋ ਸਥਿਤੀ ਹੈ ਜੇ ਉਹ ਉਸ ਵਿਚ ਸੰਤੁਲਨ ਨਾ ਬਣਾ ਸਕੇ ਤਾਂ ਉਸ ਨੂੰ ਦੂਹਰੀ ਮਾਰ ਪੈਂਦੀ ਹੈ। ਮੁੰਡੇ ਦੇਖਦੇ ਹਨ ਕਿ ਕੁੜੀਆਂ ਮਾਰ-ਮਾਰ ਕੇ ਉਨ੍ਹਾਂ ਨੂੰ ਪੈਦਾ ਕੀਤਾ ਜਾਂਦਾ ਹੈ ਤਾਂ ਉਹ ਹੰਕਾਰੀ ਹੋ ਜਾਂਦੇ ਹਨ। ਇਹ ਸੋਚ ਉਨ੍ਹਾਂ ਨੂੰ ਚੰਗੇ ਇਨਸਾਨ ਬਣਨ ਤੋਂ ਰੋਕਦੀ ਹੈ।
ਜੇ ਸਮਾਜ ਵਿਚ ਮਰਦ ਤੇ ਔਰਤ ਨੂੰ ਬਰਾਬਰ ਦੇ ਹੱਕ ਮਿਲੇ ਹੋਏ ਹੋਣ ਤਾਂ ਦੋਵਾਂ ਦੀਆਂ ਹਾਲਤਾਂ ਵਿਚ ਸੁਧਾਰ ਹੋ ਜਾਵੇਗਾ। ਔਰਤਾਂ ਦੀਆਂ ਰੀਝਾਂ, ਚਾਅ ਤੇ ਹੁਨਰ ਘਰ ਦੀ ਚਾਰਦੀਵਾਰੀ ਵਿਚ ਦਮ ਨਹੀਂ ਤੋੜਨਗੇ ਤੇ ਮਰਦ ਵੀ ਵਾਧੂ ਬੋਝ ਤੋਂ ਬਚੇਗਾ। ਇਸ ਲਈ ਮਰਦ ਤੇ ਔਰਤ-ਦੋਵਾਂ ਲਈ ਇੱਕੋ ਜਿਹੇ ਨੇਮ ਰੱਖਣੇ ਹੋਣਗੇ। ਜ਼ਰੂਰੀ ਗੱਲ ਇਹ ਹੈ ਕਿ ਰਸੋਈ ਦਾ ਕੰਮ ਤੇ ਘਰ ਦਾ ਹੋਰ ਸਾਰਾ ਕੰਮ ਕਰਨਾ, ਬੱਚਿਆਂ ਨੂੰ ਸਾਂਭਣਾ ਆਦਿ ਪੁਰਸ਼ ਲਈ ਕੋਈ ਮਿਹਣਾ ਨਾ ਹੋਵੇ ਅਤੇ ਇਸਤਰੀ ਨੂੰ ਦੇਵੀ ਕਹਿ ਕੇ ਫੋਕਾ ਸ਼ਬਦੀ ਆਦਰ ਦਿੰਦਿਆਂ ਨੀਵੇਂ ਸਥਾਨ ਉਤੇ ਰੱਖਣ ਦੀ ਥਾਂ ਆਮ ਇਨਸਾਨ ਵਜੋਂ ਮਾਨਤਾ ਦਿੱਤੀ ਜਾਵੇ। ਨਾਲ ਹੀ ਔਰਤ ਦੀਆਂ ਜੀਵਨ-ਹਾਲਤਾਂ ਵਿਚ ਵੀ ਸੁਧਾਰ ਹੋਵੇ।