ਫਰਹਾਨ ਦਾ ਫਣ

ਲਿੰਗ ਬਰਾਬਰੀ ਬਾਰੇ ਸਦਾ ਹੀ ਝੰਡੇ ਗੱਡਣ ਵਾਲਾ ਅਦਾਕਾਰ ਫਰਹਾਨ ਅਖਤਰ ਨੇ ਹੁਣ ਫਿਲਮ ਸਨਅਤ ਵਿਚ ਕੁੜੀਆਂ ਨਾਲ ਹੁੰਦੇ ਜਿਨਸੀ ਸ਼ੋਸ਼ਣ ਬਾਰੇ ਖੁੱਲ੍ਹ ਕੇ ਬੋਲਿਆ ਹੈ। ਹਾਲੀਵੁੱਡ ਵਿਚ ਚੱਲੀ ਇਸ ਬਹਿਸ ਦੇ ਹੱਕ ਵਿਚ ਡਟਦਿਆਂ ਉਸ ਨੇ ਕਿਹਾ ਹੈ ਕਿ ਹਿੰਦੀ ਫਿਲਮ ਜਗਤ ਨਾਲ ਜੁੜੇ ਲੋਕਾਂ ਨੂੰ ਵੀ ਹੁਣ ਜਿਨਸੀ ਸ਼ੋਸ਼ਣ ਕਰਨ ਵਾਲਿਆਂ ਖਿਲਾਫ਼ ਖੁੱਲ੍ਹ ਕੇ ਸਾਹਮਣੇ ਆਉਣਾ ਚਾਹੀਦਾ ਹੈ।

ਯਾਦ ਰਹੇ ਕਿ ਫਰਹਾਨ ਅਖਤਰ ਨੇ ਇਕ ਸੰਸਥਾ ‘ਮਰਦ’ (ਐਮæਏæਆਰæਡੀæ- ਮੈੱਨ ਅਗੇਂਸਟ ਰੇਪ ਐਂਡ ਡਿਸਕਰੀਮੀਨੇਸ਼ਨ) ਬਣਾਈ ਹੋਈ ਹੈ ਅਤੇ ਇਹ ਸੰਸਥਾ ਲਿੰਗ ਵਿਤਕਰੇ ਨਾਲ ਜੁੜੇ ਮਸਲੇ ਜ਼ੋਰ-ਸ਼ੋਰ ਨਾਲ ਉਠਾਉਂਦੀ ਹੈ। ਫਰਹਾਨ ਅਖਤਰ ਨੇ ਇਹ ਸੰਸਥਾ ਮਾਰਚ 2013 ਵਿਚ ਬਣਾਈ ਸੀ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਉਹ ਲਗਾਤਾਰ ਸਰਗਰਮੀ ਕਰ ਰਿਹਾ ਹੈ। ਇਸ ਸੰਸਥਾ ਦਾ ਮੁੱਖ ਕੰਮ ਔਰਤਾਂ ਨਾਲ ਬਲਾਤਕਾਰ ਅਤੇ ਵਿਤਕਰੇ ਬਾਰੇ ਸਮਾਜਿਕ ਚੇਤਨਾ ਪੈਦਾ ਕਰਨਾ ਹੈ। ਇਸ ਮਾਮਲੇ ‘ਤੇ ਉਸ ਨੇ ਆਪਣੇ ਨਾਲ ਸ਼ਾਹਰੁਖ ਖਾਨ, ਪ੍ਰਿਯੰਕਾ ਚੌਪੜਾ, ਅਰੁਜਨ ਰਾਮਪਾਲ ਅਤੇ ਰਿਤਿਕ ਰੌਸ਼ਨ ਵਰਗੇ ਅਦਾਕਾਰਾਂ ਨੂੰ ਵੀ ਜੋੜਿਆ ਹੋਇਆ ਹੈ। ਇਹ ਸੰਸਥਾ ਅਗਸਤ 2012 ਵਿਚ ਮੁੰਬਈ ਦੀ ਵਕੀਲ ਪਲਵੀ ਪੁਰਕਾਇਸ਼ਤ ਵਾਲੀ ਘਟਨਾ ਤੋਂ ਪ੍ਰਭਾਵਿਤ ਹੋ ਕੇ ਬਣਾਈ ਗਈ ਹੈ। ਇਸ ਵਕੀਲ ਨੂੰ ਇਕ ਚੌਕੀਦਾਰ ਨੇ ਉਸ ਵਕਤ ਮਾਰ ਮੁਕਾਇਆ ਸੀ ਜਦੋਂ ਇਸ ਚੌਕੀਦਾਰ ਨੇ ਉਸ ਦਾ ਜਿਨਸੀ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕੀਤੀ ਸੀ। ਫਰਹਾਨ ਅਖਤਰ ਦਾ ਕਹਿਣਾ ਹੈ ਕਿ ਹਰ ਥਾਂ ਔਰਤ ਨਾਲ ਛੇੜਖਾਨੀ ਹੁੰਦੀ ਹੈ ਅਤੇ ਉਸ ਦਾ ਜਿਣਸੀ ਸ਼ੋਸ਼ਣ ਹੋ ਰਿਹਾ ਹੈ। ਫਿਲਮੀ ਦੁਨੀਆਂ ਵੀ ਇਸ ਤੋਂ ਬਾਹਰ ਨਹੀਂ ਹੈ। ਹੁਣ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਅਸੁਰੱਖਿਆ ਵਿਚੋਂ ਬਾਹਰ ਆਉਣ ਅਤੇ ਅਜਿਹੇ ਬੁੱਚੜਾਂ ਖਿਲਾਫ਼ ਉਠ ਖੜ੍ਹੇ ਹੋਣ ਜਿਹੜੇ ਧੀਆਂ ਭੈਣਾਂ ਨੂੰ ਖਰਾਬ ਕਰਦੇ ਹਨ। -ਜਗਜੀਤ ਸਿੰਘ ਸੇਖੋਂ