ਅਮਰੀਕਾ ਲਈ ਰਵਾਨਾ ਹੋਏ ਨੌਜਵਾਨ ਲਾਪਤਾ

ਚੰਡੀਗੜ੍ਹ (ਗੁਰਵਿੰਦਰ ਸਿੰਘ ਵਿਰਕ): ਧੋਖੇਬਾਜ਼ ਟ੍ਰੈਵਲ ਏਜੰਟਾਂ ਦੇ ਧੱਕੇ ਚੜ੍ਹ ਕੇ ਅਮਰੀਕਾ ਜਾਣ ਲਈ ਨਿਕਲੇ ਕੁਝ ਪੰਜਾਬੀ ਨੌਜਵਾਨਾਂ ਨਾਲ ਕਿਸੇ ਅਣਹੋਣੀ ਦੀ ਖਬਰ ਨੇ ਪੀੜਤ ਪਰਿਵਾਰਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਦੁਆਬੇ ਦੇ ਤਕਰੀਬਨ 20 ਨੌਜਵਾਨਾਂ ਦੇ ਅਮਰੀਕਾ ਦੇ ਮਿਆਮੀ ਲਾਗੇ ਸਮੁੰਦਰ ਵਿਚ ਰੁੜ੍ਹਨ ਦਾ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ। ਤਿੰਨ ਅਗਸਤ ਨੂੰ ਅਮਰੀਕਾ ਨੇੜੇ ਬਹਾਮਸ ਟਾਪੂ ਤੋਂ ਇਨ੍ਹਾਂ ਨੌਜਵਾਨਾਂ ਦੀ ਆਪਣੇ ਮਾਪਿਆਂ ਨਾਲ ਆਖਰੀ ਵਾਰ ਫੋਨ ਉਪਰ ਗੱਲਬਾਤ ਹੋਈ,

ਪਰ ਇਸ ਤੋਂ ਬਾਅਦ ਇਨ੍ਹਾਂ ਦੀ ਕੋਈ ਖਬਰ ਨਹੀਂ। ਨੌਜਵਾਨਾਂ ਦੇ ਮਾਪੇ ਤਿੰਨ ਮਹੀਨਿਆਂ ਤੋਂ ਏਜੰਟਾਂ ਦੁਆਲੇ ਚੱਕਰ ਕੱਟ ਰਹੇ ਸਨ ਤੇ ਏਜੰਟਾਂ ਵੱਲੋਂ ਦਿੱਤੇ ਭਰੋਸਿਆਂ ‘ਤੇ ਯਕੀਨ ਕਰਦੇ ਰਹੇ। ਹੁਣ ਕੋਈ ਚਾਰਾ ਨਾ ਵੇਖ ਕੇ ਇਹ ਪਰਿਵਾਰ ਸਾਹਮਣੇ ਆਏ ਹਨ। ਸ਼ੱਕ ਹੈ ਕਿ ਤਿੰਨ ਅਗਸਤ ਤੋਂ ਬਾਅਦ ਇਹ ਮੁੰਡੇ ਸਮੁੰਦਰ ਰਾਹੀਂ ਅਮਰੀਕਾ ਜਾਣ ਸਮੇਂ ਕਿਸੇ ਅਣਹੋਣੀ ਦਾ ਸ਼ਿਕਾਰ ਹੋ ਗਏ ਹਨ। ਇਸ ਹਾਦਸੇ ਨੇ 1996 ਵਿਚ ਵਾਪਰੇ ਮਾਲਟਾ ਕਾਂਡ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ। ਤੁਰਕੀ ਨੇੜੇ ਮਾਲਟਾ ਤੋਂ ਸਮੁੰਦਰ ਪਾਰ ਕਰ ਰਹੇ ਇਸ ਹਾਦਸੇ ਵਿਚ ਸੈਂਕੜੇ ਹੀ ਨੌਜਵਾਨ ਮਾਰੇ ਗਏ ਸਨ, ਜਿਨ੍ਹਾਂ ਵਿਚ 30 ਨੌਜਵਾਨ ਪੰਜਾਬ ਦੇ ਦੁਆਬੇ ਨਾਲ ਸਬੰਧਤ ਸਨ।
ਜਾਣਕਾਰੀ ਮਿਲੀ ਹੈ ਕਿ ਏਜੰਟਾਂ ਨੂੰ ਹਾਦਸੇ ਦਾ ਪਹਿਲਾਂ ਹੀ ਪਤਾ ਲੱਗ ਗਿਆ ਸੀ ਅਤੇ ਉਹ ਸਮਾਂ ਲੰਘਾ ਕੇ ਗੱਲ ਠੰਢੀ ਪਾਉਣ ਦੇ ਯਤਨ ਵਿਚ ਹਨ। ਪੀੜਤਾਂ ਦਾ ਸ਼ੱਕ ਉਦੋਂ ਹੋਰ ਪੱਕਾ ਹੋ ਗਿਆ ਜਦੋਂ ਇਕ ਏਜੰਟ ਨੇ ਦੋ ਨੌਜਵਾਨਾਂ ਦੇ ਮਾਪਿਆਂ ਨੂੰ ਕੁਝ ਪੈਸੇ ਵਾਪਸ ਕਰ ਦਿੱਤੇ। ਇਸ ਤੋਂ ਸ਼ੱਕ ਵਧਿਆ ਕਿ ਜੇ ਮੁੰਡੇ ਅਮਰੀਕਾ ਪਹੁੰਚ ਗਏ ਹੁੰਦੇ ਜਾਂ ਬਹਾਮਸ ਟਾਪੂ ਵਿਚ ਹੀ ਫਸੇ ਹੋਣ ਤਾਂ ਪੈਸੇ ਵਾਪਸ ਕਿਉਂ ਕੀਤੇ। ਇਨ੍ਹਾਂ ਨੌਜਵਾਨਾਂ ਵਿਚ ਜ਼ਿਆਦਾਤਰ ਭੁਲੱਥ-ਬੇਗੋਵਾਲ ਤੇ ਮੁਕੇਰੀਆਂ ਖੇਤਰਾਂ ਨਾਲ ਸਬੰਧਤ ਦੱਸੇ ਜਾਂਦੇ ਹਨ। ਭੁਲੱਥ ਨੇੜਲੇ ਪਿੰਡ ਤਲਵੰਡੀ ਮਾਨਾ ਦੇ ਨਵਦੀਪ ਸਿੰਘ ਪੁੱਤਰ ਪ੍ਰਗਟ ਸਿੰਘ ਨੂੰ ਅਮਰੀਕਾ ਪਹੁੰਚਾਉਣ ਲਈ 52 ਲੱਖ ਰੁਪਏ ਵਿਚ ਸੌਦਾ ਹੋਇਆ ਸੀ। ਇਤੇ ਤਰ੍ਹਾਂ ਅੰਮ੍ਰਿਤਸਰ ਦਾ ਜਸਵਿੰਦਰ ਸਿੰਘ ਵੀ ਏਜੰਟਾਂ ਰਾਹੀਂ ਅਮਰੀਕਾ ਜਾਣ ਲਈ ਤਿੰਨ ਮਹੀਨੇ ਪਹਿਲਾਂ ਘਰੋਂ ਤੁਰਿਆ ਸੀ। ਪਿੰਡ ਪੁਰੀਕਾ ਤੇ ਅਬਦੁੱਲਾਪੁਰ ਦੇ ਲਾਪਤਾ ਤਿੰਨ ਲੜਕਿਆਂ ਦੇ ਮਾਪਿਆਂ ਨੇ ਪਹਿਲੀ ਨਵੰਬਰ ਨੂੰ ਵਿਦੇਸ਼ ਮੰਤਰਾਲੇ ਦੇ ਦਫਤਰ ‘ਚ ਏਜੰਟਾਂ ਖਿਲਾਫ਼ ਲਿਖਤੀ ਸ਼ਿਕਾਇਤ ਦਿੱਤੀ ਸੀ, ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਨੌਜਵਾਨਾਂ ਨੂੰ ਵਿਦੇਸ਼ ਭੇਜਣ ਵਾਲਾ ਏਜੰਟ ਰੂਪੋਸ਼ ਹੋ ਗਿਆ ਹੈ ਅਤੇ ਉਸ ਨੇ ਫੋਨ ਵੀ ਬੰਦ ਕਰ ਲਿਆ।
ਪੁਰੀਕਾ ਦੇ ਲਾਪਤਾ ਸਰਬਜੀਤ ਸਿੰਘ (24) ਦੀ ਮਾਤਾ ਸੱਤਪਾਲ ਕੌਰ ਦਾ ਕਹਿਣਾ ਹੈ ਕਿ ਏਜੰਟ ਸੁਖਵਿੰਦਰ ਸਿੰਘ ਨਾਲ ਕਾਨੂੰਨੀ ਤਰੀਕੇ ਨਾਲ ਅਮਰੀਕਾ ਭੇਜਣ ਲਈ 35 ਲੱਖ ਰੁਪਏ ਵਿਚ ਗੱਲਬਾਤ ਕੀਤੀ ਸੀ। ਏਜੰਟ ਨੇ ਲੜਕੇ ਨੂੰ ਪੰਜ ਦਿਨਾਂ ਵਿਚ ਵਿਦੇਸ਼ ਪਹੁੰਚਾ ਦੇਣ ਦਾ ਦਾਅਵਾ ਕੀਤਾ ਸੀ। ਅਬਦੁੱਲਾਪੁਰ ਦੇ ਲਾਪਤਾ ਇੰਦਰਜੀਤ ਸਿੰਘ (22) ਦੀ ਮਾਤਾ ਸੁਖਵਿੰਦਰ ਕੌਰ ਦਾ ਕਹਿਣਾ ਹੈ ਕਿ ਅਮਰੀਕਾ ਭੇਜਣ ਲਈ ਏਜੰਟ ਨਾਲ 35 ਲੱਖ ਰੁਪਏ ਵਿਚ ਸੌਦਾ ਤੈਅ ਹੋਇਆ ਸੀ। ਉਨ੍ਹਾਂ ਦੇ ਲੜਕੇ 27 ਮਈ 2017 ਨੂੰ ਘਰੋਂ ਗਏ ਸਨ ਅਤੇ ਏਜੰਟ ਨੇ 10 ਦਿਨ ਦਿੱਲੀ ਰੱਖਣ ਪਿੱਛੋਂ 18 ਦਿਨ ਦੇ ਵੀਜ਼ੇ ‘ਤੇ ਉਨ੍ਹਾਂ ਦੀ ਮਾਸਕੋ ਦੀ ਟਿਕਟ ਕਟਾ ਕੇ ਉਥੇ ਭੇਜ ਦਿੱਤਾ ਸੀ। ਉਥੋਂ ਅੱਗੇ ਲੜਕਿਆਂ ਨੂੰ ਬਹਾਮਸ ਰਾਹੀਂ ਕਾਨੂੰਨੀ ਤਰੀਕੇ ਨਾਲ ਅਮਰੀਕਾ ਭੇਜਿਆ ਜਾਣਾ ਸੀ।
ਪਤਾ ਲੱਗਾ ਹੈ ਕਿ ਅਮਰੀਕਾ ਭੇਜਣ ਲਈ ਮਨੁੱਖੀ ਤਸਕਰੀ ਵਿਚ ਲੱਗੇ ਏਜੰਟਾਂ ਵੱਲੋਂ ਬਹਾਮਸ ਟਾਪੂ ਸਮੁੰਦਰ ਰਾਹੀਂ ਗੈਰ-ਕਾਨੂੰਨੀ ਢੰਗ ਨਾਲ ਨੌਜਵਾਨ ਅਮਰੀਕਾ ਭੇਜਣ ਲਈ ਲਾਂਘੇ ਵਜੋਂ ਵਰਤਿਆ ਜਾ ਰਿਹਾ ਹੈ। ਬਹਾਮਸ ਟਾਪੂ ਲਈ ਵੀਜ਼ੇ ਦੀ ਕੋਈ ਲੋੜ ਨਹੀਂ ਹੁੰਦੀ, ਪਰ ਭਾਰਤ ਵਿਚੋਂ ਬਹਾਮਸ ਟਾਪੂ ਜਾਣ ਲਈ ਸਿੱਧਾ ਇਮੀਗ੍ਰੇਸ਼ਨ ਅਧਿਕਾਰੀ ਹਵਾਈ ਜਹਾਜ਼ ਚੜ੍ਹਨ ਦੀ ਇਜਾਜ਼ਤ ਨਹੀਂ ਦਿੰਦੇ। ਏਜੰਟ ਪਹਿਲਾਂ ਭਾਰਤ ਤੋਂ ਅਜਿਹੇ ਨੌਜਵਾਨਾਂ ਨੂੰ ਦੁਬਈ ਜਾਂ ਅਜਿਹੇ ਕਿਸੇ ਹੋਰ ਦੇਸ਼ ਵਿਚ ਲਿਜਾਂਦੇ ਹਨ, ਜਿਥੋਂ ਦਾ ਵੀਜ਼ਾ ਸੁਖਾਲਾ ਮਿਲ ਜਾਂਦਾ ਹੈ ਤੇ ਫਿਰ ਉਥੋਂ ਬਹਾਮਸ ਟਾਪੂ ਲੈ ਜਾਂਦੇ ਹਨ। ਅਗਾਂਹ ਇਸ ਟਾਪੂ ਤੋਂ ਸਮੁੰਦਰੀ ਰਸਤੇ ਅਮਰੀਕਾ ਦੇ ਮਿਆਮੀ ਲਾਗਲੇ ਖੇਤਰ ਵਿਚ ਗੈਰ-ਕਾਨੂੰਨੀ ਢੰਗ ਨਾਲ ਦਾਖਲ ਕੀਤਾ ਜਾਂਦਾ ਹੈ। ਬਹਾਮਸ ਤੋਂ ਮਿਆਮੀ ਵਿਚਕਾਰ ਦੂਰੀ ਤਕਰੀਬਨ 293 ਕਿਲੋਮੀਟਰ ਹੈ।