ਸੁੱਚੀਆਂ ਹੋਣ ਜੇ ਨੀਅਤਾਂ ਕਾਰਜ ਆਉਂਦੇ ਰਾਸ

ਮੇਜਰ ਕੁਲਾਰ ਬੋਪਾਰਾਏਕਲਾਂ
ਫੋਨ: 916-273-2856
ਮਨਵੀਰ ਤੇ ਹਾਕਮ-ਦੋਵੇਂ ਆਪਣੀ ਮੰਜ਼ਿਲ ਤੋਂ ਭਟਕ ਗਏ ਸਨ। ਅਨੇਕਾਂ ਖੱਜਲ-ਖੁਆਰੀਆਂ ਵਿਚੋਂ ਲੰਘਦੇ ਇਕ ਦਿਨ ਸੈਕਰਾਮੈਂਟੋ ਇਮੀਗ੍ਰੇਸ਼ਨ ਦਫਤਰ ਇਕੱਠੇ ਹੋ ਗਏ। ਦੁਆ-ਸਲਾਮ ਪਿਛੋਂ ਮਨਵੀਰ ਨੇ ਆਪਣੇ ਦੁੱਖਾਂ ਦੀ ਪਟਾਰੀ ਖੋਲ੍ਹ ਲਈ। ਹਾਕਮ ਦੀ ਕਹਾਣੀ ਵੀ ਮਿਲਦੀ-ਜੁਲਦੀ ਸੀ। ਦਫਤਰ ਤੋਂ ਚੱਲੀ ਯਾਰੀ ਅੱਜ ਦੋਵਾਂ ਦੀ ਰਿਸ਼ਤੇਦਾਰੀ ਵਿਚ ਬਦਲ ਗਈ ਹੈ। ਦੋਵੇਂ ਪਰਿਵਾਰ ਖੁਸ਼ ਹਨ।

ਮਨਵੀਰ ਦਾ ਪਿੰਡ ਸਾਹਨੇਵਾਲ ਦੇ ਕੋਲ ਹੈ। ਵਿਆਹ ਪਿਛੋਂ ਉਹ ਕਿਰਾਏ ਦਾ ਕਮਰਾ ਲੈ ਕੇ ਦਿੱਲੀ ਰਹਿਣ ਲੱਗਾ। ਉਸ ਦੀ ਪਤਨੀ ਕੋਮਲ ਸਿਲਾਈ ਦਾ ਕੰਮ ਵਧੀਆ ਕਰਦੀ ਸੀ। ਕਿਸੇ ਵੱਡੇ ਟੇਲਰ ਨਾਲ ਉਸ ਨੇ ਕਮਿਸ਼ਨ ‘ਤੇ ਲੇਡੀਜ਼ ਸੂਟ ਸਿਊਣ ਦਾ ਕਰਾਰ ਕਰ ਲਿਆ। ਕੋਮਲ ਘਰੇ ਹੀ ਸੂਟ ਸਿਊਂ ਦਿੰਦੀ। ਮਨਵੀਰ ਟੈਕਸੀ ਚਲਾਉਣ ਲੱਗਾ। ਦੋਵੇਂ ਹੱਸ ਖੇਡ ਕੇ ਗ੍ਰਹਿਸਥ ਦੀ ਗੱਡੀ ਨੂੰ ਤੋਰੀ ਜਾ ਰਹੇ ਸਨ। ਆਮਦਨ ਵਿਚੋਂ ਖਰਚਾ ਕੱਢ ਕੇ ਕੁਝ ਬਚਤ ਕਰ ਲੈਂਦੇ। ਸੁਪਨਾ ਸੀ ਕਿ ਦਿੱਲੀ ਵਿਚ ਵੀ ਆਪਣਾ ਮਕਾਨ ਹੋਵੇ ਜਿਸ ਨੂੰ ਪੂਰਾ ਕਰਨ ਲਈ ਉਹ ਮਿਹਨਤ ਕਰਦੇ ਰਹੇ।
ਮਨਵੀਰ ਦਸਤਾਰ ਸੋਹਣੀ ਸਜਾਉਂਦਾ ਸੀ। ਦਾਹੜੀ ਉਸ ਨੇ ਕਦੇ ਕਟਵਾਈ ਨਹੀਂ ਸੀ। ਉਂਜ ਤਾਂ ਉਸ ਦੀ ਟੈਕਸੀ ਵਿਚ ਬਹੁਤ ਵਾਰ ਮੁਸਲਿਮ ਮੁਸਾਫਿਰ ਬੈਠੇ ਸਨ ਪਰ ਇਕ ਮੁਸਾਫਿਰ ਨਾਲ ਤਾਂ ਉਸ ਦੀ ਕਾਫੀ ਦੋਸਤੀ ਹੋ ਗਈ। ਨਾਂ ਸੀ ਮੁਹੰਮਦ ਫਕੀਰ ਖਾਨ, ਜੋ ਟਰੈਵਲ ਏਜੰਟ ਸੀ। ਉਸ ਨੇ ਹਜ਼ਾਰਾਂ ਲੋਕ ਵਿਦੇਸ਼ ਭੇਜੇ ਸਨ। ਮਨਵੀਰ ਨੂੰ ਵੀ ਸਮੇਤ ਪਤਨੀ ਅਮਰੀਕਾ ਦਾ ਵੀਜ਼ਾ ਲਵਾਉਣ ਲਈ ਸਲਾਹ ਦਿੱਤੀ। ਮਨਵੀਰ ਨੇ ਜਵਾਬ ਦੇ ਦਿੱਤਾ, “ਖਾਨ ਭਾਈ, ਦਿੱਲੀ ਮੇ ਦਿਲ ਲਗ ਗਯਾ ਹੈ।” ਖਾਨ ਨੇ ਹੱਸ ਕੇ ਜਵਾਬ ਸਵੀਕਾਰ ਕਰ ਲਿਆ।
ਮਨਵੀਰ ਦੇ ਪਹਿਲਾਂ ਧੀ ਹੋਈ ਤੇ ਫਿਰ ਪੁੱਤ। ਟੈਕਸੀ ਦਾ ਕੰਮ ਘਟਣ ਲੱਗਾ। ਖਾਨ ਭਾਈ ਵੀ ਕਦੇ ਨਾ ਦਿਸਿਆ। ਮਨਵੀਰ ਨੇ ਦਿੱਲੀ ਛੱਡਣ ਦਾ ਮਨ ਬਣਾ ਲਿਆ। ਇਕ ਦਿਨ ਅਚਾਨਕ ਮਨਵੀਰ ਨੂੰ ਖਾਨ ਭਾਈ ਮਿਲ ਪਿਆ। ਮਨਵੀਰ ਨੇ ਜੱਫੀ ਪਾ ਕੇ ਫਤਿਹ ਬੁਲਾਈ। ਖਾਨ ਨੇ ਸਾਲਮ ਦੁਹਰਾਈ। ਚਾਹ ਪੀਂਦਿਆਂ ਮਨਵੀਰ ਨੇ ਦਿਲ ਦੀ ਆਖ ਸੁਣਾਈ। ਖਾਨ ਭਾਈ ਨੇ ਚਾਰੇ ਪਾਸਪੋਰਟ ਤੇ ਅੱਠ-ਅੱਠ ਫੋਟੋਆਂ ਮੰਗ ਲਈਆਂ ਤੇ ਇਕ ਮਹੀਨੇ ਦਾ ਸਮਾਂ ਦੇ ਦਿੱਤਾ। ਖਾਨ ਭਾਈ ਨੇ ਸਿਰਫ ਖਰਚਾ-ਪਾਣੀ ਲੈ ਕੇ ਸੱਚੇ ਮੁਸਲਮਾਨ ਦੀ ਸਰਦਾਰ ਨਾਲ ਮਿੱਤਰਤਾ ਦਾ ਸਬੂਤ ਦਿੱਤਾ। ਮਨਵੀਰ ਸਣੇ ਪਰਿਵਾਰ ਕੈਲੀਫੋਰਨੀਆ ਆ ਗਿਆ। ਅਗਾਂਹ ਕਿਸੇ ਸੱਜਣ-ਮਿੱਤਰ ਨੇ ਦੋ ਮਹੀਨੇ ਕੋਲ ਰੱਖ ਕੇ ਦੋਵਾਂ ਨੂੰ ਕੰਮ ‘ਤੇ ਲੁਆ ਦਿੱਤਾ। ਕੋਮਲ ਛੇ ਮਹੀਨੇ ਰਹਿ ਕੇ ਵਾਪਿਸ ਬੱਚਿਆਂ ਸਮੇਤ ਮੁੜ ਗਈ ਤੇ ਆਪਣੇ ਸਹੁਰੇ ਪਿੰਡ ਰਹਿਣ ਲੱਗੀ।
ਇੱਧਰ ਮਨਵੀਰ ਨੇ ਰਿਫਿਊਜ਼ੀ ਕੇਸ ਪਾ ਦਿੱਤਾ। ਵਰਕ ਪਰਮਿਟ ਮਿਲਿਆ ਤਾਂ ਇਧਰ ਵੀ ਟੈਕਸੀ ਚਲਾਉਣ ਲੱਗਾ। ਡਾਲਰਾਂ ਦੀ ਕਮਾਈ ਨੇ ਉਸ ਨੂੰ ਹੋਰ ਮਿਹਨਤ ਕਰਨ ਦਾ ਬਲ ਦਿੱਤਾ। ਉਹ ਛੇਤੀ ਹੀ ਆਪਣੇ ਪੈਰ ਜਮਾ ਗਿਆ। ਕੋਮਲ ਤਿੰਨ ਵਾਰ ਇਕੱਲੀ ਆ ਕੇ ਮੁੜ ਜਾਂਦੀ ਰਹੀ, ਉਸ ਕੋਲ ਦਸ ਸਾਲ ਦਾ ਸੈਲਾਨੀ ਵੀਜ਼ਾ ਸੀ। ਪਰ ਚੌਥੀ ਵਾਰੀ ਉਹ ਸੈਨ ਫਰਾਂਸਿਸਕੋ ਤੋਂ ਵਾਪਸ ਮੋੜ ਦਿੱਤੀ। ਹੁਣ ਮਨਵੀਰ ਇਥੇ ਫਸ ਗਿਆ ਤੇ ਕੋਮਲ ਆਪਣੇ ਸਹੁਰੇ ਘਰ। ਕੋਮਲ ਨੇ ਬੱਚੇ ਪਿੰਡ ਪੜ੍ਹਨ ਲਾ ਦਿੱਤੇ।
ਮਨਵੀਰ ਵਿਹਲੇ ਸਮੇਂ ਵਿਚ ਲਿੱਕਰ ਸਟੋਰ ‘ਤੇ ਖੜ੍ਹਦਾ, ਜਿਸ ਦਾ ਮਾਲਕ ਇਕ ਇਰਾਨੀ ਸੀ। ਇਰਾਨੀ ਦੇ ਦੋ ਪੁੱਤ ਕੰਮ ਚੋਰ ਨਿਕਲੇ। ਉਨ੍ਹਾਂ ਨੇ ਪਿਉ ਤੋਂ ਅਲੱਗ ਦੁਨੀਆਂ ਵਸਾ ਲਈ। ਇਰਾਨੀ ਨੇ ਅੱਕੇ ਕੇ ਸਟੋਰ ਵੇਚਣ ਦੀ ਪੇਸ਼ਕਸ਼ ਮਨਵੀਰ ਨੂੰ ਕੀਤੀ। ਮਨਵੀਰ ਨੇ ਲਿੱਕਰ ਸਟੋਰ ਤੋਂ ਅਣਜਾਣ ਹੋਣ ਦਾ ਤਰਲਾ ਕੀਤਾ ਪਰ ਇਰਾਨੀ ਨੂੰ ਮਨਵੀਰ ਚੰਗਾ ਲੱਗਿਆ। ਉਸ ਨੇ ਮਨਵੀਰ ਨੂੰ ਸਾਰਾ ਕੰਮ ਸਿਖਾ ਕੇ ਫਿਰ ਜਾਣ ਦੀ ਸਹਿਮਤੀ ਦਿੱਤੀ। ਮਨਵੀਰ ਨੇ ਉਹ ਲਿੱਕਰ ਸਟੋਰ ਖਰੀਦ ਲਿਆ। ਇਰਾਨੀ ਉਸ ਨਾਲ ਚਾਰ ਮਹੀਨੇ ਕੰਮ ਕਰਵਾ ਕੇ ਚਲਾ ਗਿਆ। ਮਨਵੀਰ ਨੂੰ ਸਟੋਰ ਤਾਂ ਇੰਜ ਮਿਲ ਗਿਆ ਜਿਵੇਂ ਮੋਹਰਾਂ ਨਾਲ ਭਰੀ ਬੋਰੀ ਹੋਵੇ। ਉਸ ਦੀ ਦੋ ਸਾਲਾਂ ਵਿਚ ਚੌਗੁਣੀ ਤਰੱਕੀ ਹੋ ਗਈ। ਸਵੇਰ ਆਪ ਸਟੋਰ ਖੋਲ੍ਹਦਾ, ਸ਼ਾਮੀਂ ਦੋ ਜਣੇ ਪਤੀ-ਪਤਨੀ, ਜੋ ਪੰਜਾਬੀ ਸਨ, ਉਹ ਕੰਮ ਕਰਦੇ। ਹੁਣ ਦੁੱਖ ਇਹ ਸੀ ਕਿ ਬੱਚੇ ਪੰਜਾਬ ਸਨ। ਪੈਸੇ ਦੀ ਘਾਟ ਨਹੀਂ, ਪਰਿਵਾਰ ਦੀ ਘਾਟ ਸੀ।
ਹਾਕਮ ਨਿਆਣੀ ਉਮਰੇ ਜਰਮਨੀ ਆ ਗਿਆ ਸੀ। ਦਸ ਸਾਲ ਕਿਸੇ ਰੈਸਟੋਰੈਂਟ ਵਿਚ ਕੁੱਕ ਰਿਹਾ ਪਰ ਪੇਪਰ ਨਾ ਬਣ ਸਕੇ। ਅਖੀਰ ਪਿੰਡ ਜਾ ਕੇ ਵਿਆਹ ਕਰਵਾ ਲਿਆ। ਉਨ੍ਹਾਂ ਦਿਨਾਂ ਵਿਚ ਟਾਟਾ ਸੂਮੋ ਦਾ ਚੰਗਾ ਕੰਮ ਸੀ। ਹਾਕਮ ਨੇ ਵੀ ਦੋ ਟਾਟਾ ਸੂਮੋ ਪਾ ਲਈਆਂ, ਜੋ ਦਿਨ-ਰਾਤ ਹੀ ਸਵਾਰੀਆਂ ਛੱਡਣ ਦਿੱਲੀ ਨੂੰ ਤੁਰੀਆਂ ਰਹਿੰਦੀਆਂ। ਵਧੀਆ ਰੋਟੀ ਖਾਂਦਾ ਸੀ ਪਰ ਆਪਣੇ ਸਾਲੇ ਦੇ ਪਿਛੇ ਲੱਗ ਆਪਣੀ ਪਤਨੀ ਰੂਪੀ ਨਾਲ ਅਮਰੀਕਾ ਆ ਗਿਆ। ਇਥੇ ਆਉਣ ਤੋਂ ਬਾਅਦ ਰੂਪੀ ਨੇ ਧੀ ਨੂੰ ਜਨਮ ਦਿੱਤਾ। ਜਾਣ-ਪਛਾਣ ਵਾਲੇ ਵਧਾਈਆਂ ਦੇਣ ਕਿ ਤੁਹਾਡੇ ਸਿਟੀਜ਼ਨ ਕੁੜੀ ਪੈਦਾ ਹੋ ਗਈ ਹੈ, ਹੁਣ ਤੁਹਾਨੂੰ ਇਥੋਂ ਕੋਈ ਨਹੀਂ ਕੱਢ ਸਕਦਾ, ਪਰ ਅਮਰੀਕਾ ਦਾ ਕਾਨੂੰਨ ਇਸ ਤਰ੍ਹਾਂ ਨਹੀਂ ਸਵੀਕਾਰਦਾ। ਹਰੇਕ ਬੰਦੇ ਨੂੰ ਇਮੀਗ੍ਰੇਸ਼ਨ ਲੈਣੀ ਪੈਂਦੀ ਹੈ।
ਹਾਕਮ ਨੇ ਪੰਜਾਬੀ ਰੈਸਟੋਰੈਂਟ ‘ਤੇ ਬਤੌਰ ਕੁੱਕ ਨੌਕਰੀ ਸ਼ੁਰੂ ਕਰ ਦਿੱਤੀ। ਪੰਜਾਬੀ ਮਾਲਕ ਨੇ ਗਰੀਨ ਕਾਰਡ ਦਿਵਾਉਣ ਦਾ ਮਿੱਠਾ ਲਾਰਾ ਲਾ ਦਿੱਤਾ। ਰੂਪੀ ਘਰ ਧੀ ਨੂੰ ਪਾਲਦੀ ਤੇ ਹਾਕਮ ਤੰਦੂਰ ‘ਤੇ ਸੇਕ ਝੱਲਦਾ। ਪੰਜਾਬੀ ਮਾਲਕ ਨੇ ਤਿੰਨ ਸਾਲ ਤਾਂ ਉਸ ਨੂੰ ਬਾਹਰਲੀ ਹਵਾ ਨਾ ਲੱਗਣ ਦਿੱਤੀ। ਹਾਕਮ ਦੀ ਚੰਗੀ ਕਿਸਮਤ ਨੂੰ ਇਕ ਨਾਮੀ ਵਕੀਲ ਉਸ ਦੇ ਰੈਸਟੋਰੈਂਟ ‘ਤੇ ਖਾਣਾ ਖਾਣ ਆ ਗਿਆ। ਪਤਾ ਲੱਗਣ ‘ਤੇ ਹਾਕਮ ਨੇ ਉਸ ਵਕੀਲ ਨੂੰ ਆਪਣੀ ਹੱਡ ਬੀਤੀ ਸੁਣਾਈ। ਵਕੀਲ ਨੇ ਉਸ ਦੀ ਬਾਂਹ ਫੜ੍ਹੀ, ਰਿਫਿਊਜ਼ੀ ਕੇਸ ਪਾ ਦਿੱਤਾ ਤੇ ਹਾਕਮ ਚਾਰ ਮਹੀਨਿਆਂ ਵਿਚ ਪੱਕਾ ਹੋ ਗਿਆ। ਨਾਲ ਹੀ ਪਰਮਾਤਮਾ ਨੇ ਪੁੱਤਰ ਦੀ ਦਾਤ ਬਖਸ਼ ਦਿੱਤੀ। ਰੱਬ ਨੇ ਹਾਕਮ ਦੀ ਐਸੀ ਨੀਵਾਂ ਹੋ ਕੇ ਸੁਣੀ, ਜਿਸ ਮਾਲਕ ਦੇ ਕੰਮ ਕਰਦਾ ਸੀ, ਉਹੀ ਮਾਲਕ ਉਸ ਨੂੰ ਰੈਸਟੋਰੈਂਟ ਵੇਚ ਗਿਆ। ਹਾਕਮ ਨੇ ਹੌਲੀ ਹੌਲੀ ਰੈਸਟੋਰੈਂਟ ਦਾ ਕੰਮ ਵਧਾ ਲਿਆ। ਪਾਰਟੀਆਂ ‘ਤੇ ਕੈਟਰਿੰਗ ਕਰਨ ਲੱਗਾ। ਇਮਾਨਦਾਰੀ ਦਾ ਪੱਲਾ ਫੜ੍ਹ ਕੇ ਚੱਲਿਆ, ਵਾਹਿਗੁਰੂ ਨੇ ਕਿਸੇ ਚੀਜ਼ ਦੀ ਘਾਟ ਨਾ ਛੱਡੀ। ਤਿੰਨ ਸਾਲਾਂ ਬਾਅਦ ਉਸ ਨੇ ਆਪਣਾ ਪੰਜ ਬੈਡਰੂਮ ਘਰ ਖਰੀਦ ਲਿਆ। ਹਾਕਮ ਵਾਹਿਗੁਰੂ ਦਾ ਸ਼ੁਕਰਾਨਾ ਕਰਦਾ ਨਾ ਥੱਕਦਾ।
ਮਨਵੀਰ ਨੂੰ ਪੇਪਰਾਂ ਨੇ ਕੋਈ ਰਾਹ ਨਾ ਦਿੱਤਾ। ਉਸ ਨੇ ਸਟੋਰ ਤਾਂ ਇਕ ਹੋਰ ਲੈ ਲਿਆ ਪਰ ਪੇਪਰਾਂ ਵਾਲਾ ਘੜਾ ਊਣਾ ਹੀ ਰਿਹਾ। ਕੋਰਟ-ਕਚਹਿਰੀਆਂ ਦੇ ਧੱਕੇ ਖਾਂਦਾ ਉਹ ਡਿਪੋਰਟੇਸ਼ਨ ਲੁਆ ਬੈਠਾ। ਮਨਵੀਰ ਦੇ ਵਕੀਲ ਨੇ ਪੈਸੇ ਲੈ ਕੇ ਡਿਪੋਰਟੇਸ਼ਨ ਤੁੜਵਾ ਤਾਂ ਦਿੱਤੀ ਪਰ ਉਸ ਨੂੰ ਸੁਪਰਵਿਜ਼ਨ ‘ਤੇ ਸੱਦਣਾ ਸ਼ੁਰੂ ਕਰ ਦਿੱਤਾ। ਮਨਵੀਰ ਚਾਰ ਮਹੀਨਿਆਂ ਬਾਅਦ ਸੈਕਰਾਮੈਂਟੋ ਇਮੀਗ੍ਰੇਸ਼ਨ ਦਫਤਰ ਵਿਚ ਹਾਜ਼ਰੀ ਲੁਆ ਕੇ ਆਉਂਦਾ। ਉਸ ਨੂੰ ਇਹੀ ਡਰ ਲੱਗਾ ਰਹਿੰਦਾ ਕਿ ਕਿਤੇ ਫੜ੍ਹ ਕੇ ਇੰਡੀਆ ਨਾ ਭੇਜ ਦੇਣ।
ਪਿਛੇ ਪਿੰਡ ਕੋਮਲ ਨੇ ਧੀ ਤੇ ਪੁੱਤ ਪਾਲ-ਪਲੋਸ ਕੇ ਵੱਡੇ ਕਰ ਦਿੱਤੇ। ਧੀ ਹਰਲੀਨ ਕਾਲਜ ਪੜ੍ਹਦੀ ਸੀ, ਪੁੱਤ ਕਰਨਵੀਰ ਹਾਈ ਸਕੂਲ ਜਾਂਦਾ ਸੀ। ਕਈਆਂ ਨੇ ਸਲਾਹ ਦਿੱਤੀ ਕਿ ਧੀ ਵਾਸਤੇ ਇਥੇ ਕੋਈ ਸਿਟੀਜ਼ਨ ਮੁੰਡਾ ਲੱਭ ਤੇ ਕੁੜੀ ਇਥੇ ਆ ਕੇ ਤੇਰੇ ਪੇਪਰ ਵੀ ਬਣਾ ਦੇਵੇਗੀ। ਪਰ ਇਹ ਕਾਰਜ ਕੌਣ ਕਰੇ, ਰਿਸ਼ਤੇਦਾਰ ਤਾਂ ਪਹਿਲਾਂ ਹੀ ਉਸ ਦੇ ਸਟੋਰ ਲਏ ਤੋਂ ਖਾਰ ਖਾਂਦੇ ਸਨ, ਧੀ ਦਾ ਵਰ ਕਿਸ ਨੇ ਲੱਭਣ ਸੀ! ਅਖੀਰ ਮਨਵੀਰ ਰੱਬ ‘ਤੇ ਡੋਰੀਆਂ ਛੱਡ ਕੇ ਇਮੀਗ੍ਰੇਸ਼ਨ ਦਫਤਰ ਹਾਜ਼ਰੀ ਲੁਆ ਆਉਂਦਾ ਤੇ ਆਪਣੇ ਕੇਸ ਦੇ ਪਾਸ ਹੋਣ ਦੀ ਝੂਠੀ ਜਿਹੀ ਤਸੱਲੀ ਨਾਲ ਤੁਰਿਆ ਫਿਰਦਾ।
ਹਾਕਮ ਹੋਰਾਂ ਦੀ ਸਿਟੀਜ਼ਨ ਦੀ ਇੰਟਰਵਿਊ ਆ ਗਈ। ਬੱਚੇ ਇਨ੍ਹਾਂ ਦੇ ਵੀ ਜਵਾਨ ਹੋ ਗਏ ਸਨ। ਇਮੀਗ੍ਰੇਸ਼ਨ ਦਫਤਰ ਮਨਵੀਰ ਤੇ ਹਾਕਮ ਦੀ ਮਿਲਣੀ ਵੀ ਉਸੇ ਦਿਨ ਹੋਈ। ਹਾਕਮ ਹੋਰੀਂ ਇੰਟਰਵਿਊ ‘ਤੇ ਆਏ ਸਨ ਤੇ ਮਨਵੀਰ ਸੁਪਰਵਿਜ਼ਨ ‘ਤੇ ਆਇਆ ਸੀ। ਰਸਮੀ ਦੁਆ-ਸਲਾਮ ਪਿਛੋਂ ਉਹ ਲਾਗੇ ਕੌਫੀ ਸ਼ਾਪ ‘ਤੇ ਕੌਫੀ ਦੇ ਬਹਾਨੇ ਆਪੋ-ਆਪਣੀ ਕਹਾਣੀ ਛੇੜ ਕੇ ਬੈਠ ਗਏ। ਫਿਰ ਫੋਨਾਂ ਦੇ ਨੰਬਰ ਵਟਾ ਲਏ। ਹੌਲੀ ਹੌਲੀ ਮਿੱਤਰਤਾ ਗੂੜ੍ਹੀ ਹੁੰਦੀ ਗਈ। ਮਨਵੀਰ ਨੇ ਚਾਰ ਬੈਡਰੂਮ ਮਕਾਨ ਲੈ ਲਿਆ। ਉਸ ਦੇ ਤਿੰਨ ਵਰਕਰ ਵੀ ਉਸ ਦੇ ਨਾਲ ਰਹਿੰਦੇ। ਮਨਵੀਰ ਕਈ ਵਾਰ ਹਾਕਮ ਨਾਲ ਆ ਕੇ ਮਦਦ ਕਰਵਾ ਦਿੰਦਾ, ਨਾਲੇ ਆਪਣੇ ਦੁੱਖਾਂ ਦੀ ਗਠੜੀ ਹੌਲੀ ਕਰ ਲੈਂਦਾ। ਇਕ ਦਿਨ ਹਾਕਮ ਨੇ ਦੋ ਪੈਗ ਲਾਏ ਹੋਏ ਸਨ ਤੇ ਮਨਵੀਰ ਨੂੰ ਕਹਿੰਦਾ, “ਮੰਨੇ ਬਾਈ, ਜੇ ਆਪਾਂ ਦੋਸਤੀ ਨੂੰ ਕੁੜਮਾਈ ਵਿਚ ਬਦਲ ਲਈਏ ਤਾਂ ਤੇਰੀ ਕੀ ਸਲਾਹ ਹੈ?”
ਮਨਵੀਰ ਨੇ ਪੈਗ ਬੁੱਲਾਂ ਤੋਂ ਵਾਪਸ ਮੋੜਦਿਆਂ ਪੁੱਛਿਆ, “ਬਾਈ, ਸਮਝਿਆ ਨਹੀਂ, ਕਿਵੇਂ?”
“ਮੰਨਾ ਸਿਆਂ, ਮੇਰੀ ਧੀ ਸੁਬਰੀਨਾ ਤੇ ਤੇਰਾ ਪੁੱਤਰ ਕਰਨਵੀਰ-ਦੋਵਾਂ ਦਾ ਵਿਆਹ ਕਰ ਦੇਈਏ।” ਹਾਕਮ ਨੇ ਦੂਰ ਦੀ ਸੋਚਦਿਆਂ ਕਿਹਾ।
“ਬੱਲੇ ਬਾਈ, ਮੈਨੂੰ ਮਨਜ਼ੂਰ ਹੈ।” ਮਨਵੀਰ ਨੇ ਉਠ ਕੇ ਹਾਕਮ ਨੂੰ ਗਲਵੱਕੜੀ ਪਾ ਲਈ।
ਹਾਕਮ ਨੂੰ ਪਤਾ ਸੀ ਕਿ ਮਨਵੀਰ ਦੇ ਪਰਿਵਾਰ ਵਰਗਾ ਘਰ-ਬਾਰ ਉਸ ਨੂੰ ਦੀਵਾ ਲੈ ਕੇ ਲੱਭਿਆਂ ਵੀ ਨਹੀਂ ਲੱਭਣਾ ਸੀ। ਰੂਪ ਨੇ ਹਾਕਮ ਨੂੰ ਮਨਵੀਰ ਕੋਲ ਪੇਪਰ ਨਾ ਹੋਣ ਦਾ ਸਵਾਲ ਪਾਇਆ ਤਾਂ ਹਾਕਮ ਕਹਿੰਦਾ, “ਇਕ ਸਾਲ ਵਿਚ ਕਰਨਵੀਰ ਨੇ ਆ ਜਾਣਾ। ਹਾਕਮ ਦਾ ਕੇਸ ਆਪਣੇ ਆਪ ਪੁੱਤ ਵਲੋਂ ਬਦਲ ਕੇ ਉਸ ਨੇ ਪੱਕਾ ਹੋ ਜਾਣਾ। ਅੱਜ ਤੇਰੀ ਧੀ ਦੋ ਸਟੋਰਾਂ ਦੀ ਤੇ ਇਕ ਘਰ ਦੀ ਮਾਲਕਣ ਬਣ ਜਾਊ। ਕਿਸੇ ਹੋਰ ਨੂੰ ਇੰਡੀਆ ਤੋਂ ਵਿਆਹ ਕੇ ਲਿਆਊ ਤਾਂ ਸਾਰੀ ਉਮਰ ਮਕਾਨ ਨਹੀਂ ਬਣਨਾ।”
ਗੱਲ ਰੂਪ ਦੇ ਮਨ ਨੂੰ ਲੱਗ ਗਈ। ਫਿਰ ਉਹ ਸਾਰਾ ਪਰਿਵਾਰ ਜਾ ਕੇ ਸੁਬਰੀਨਾ ਦਾ ਵਿਆਹ ਕਰਨਵੀਰ ਨਾਲ ਕਰ ਆਏ। ਸੁਬਰੀਨਾ ਨੂੰ ਵੀ ਕਰਨਵੀਰ ਬਹੁਤ ਪਸੰਦ ਆਇਆ। ਉਹ ਦੋ ਮਹੀਨੇ ਪਿੰਡ ਰਹਿ ਕੇ ਵਾਪਸ ਆ ਗਈ। ਬੱਸ ਦੁੱਖ ਇਕ ਸੀ ਕਿ ਮਨਵੀਰ ਆਪਣੇ ਪੁੱਤ ਦੇ ਵਿਆਹ ‘ਤੇ ਨਾ ਜਾ ਸਕਿਆ। ਇਕੱਲੀ ਕੋਮਲ ਨੇ ਸਾਰੀ ਜਿੰਮੇਵਾਰੀ ਨਿਭਾਈ।
ਫਿਰ ਇਕ ਸਾਲ ਵਿਚ ਕਰਨਵੀਰ ਇਥੇ ਆ ਗਿਆ। ਪੁੱਤ ਨੇ ਪਿਉ ਦੇ ਦੁਬਾਰਾ ਪੇਪਰ ਫਾਈਲ ਕੀਤੇ, ਸਟੇਟਸ ਬਦਲ ਗਿਆ। ਦੋ ਸਾਲ ਵਿਚ ਮਨਵੀਰ ਦਾ ਗਰੀਨ ਕਾਰਡ ਆ ਗਿਆ। ਜਿਸ ਦਿਨ ਗਰੀਨ ਕਾਰਡ ਆਇਆ, ਉਸ ਨੇ ਹਾਕਮ ਦੇ ਪੈਰ ਫੜ੍ਹ ਲਏ, “ਧੰਨ ਆ ਤੂੰ ਮੇਰੇ ਯਾਰਾ, ਜਿਸ ਨੇ ਮੇਰਾ ਇੰਨਾ ਵੱਡਾ ਕਾਰਜ ਨੇਪਰੇ ਚਾੜ੍ਹਿਆ।”
ਮਨਵੀਰ ਨੇ ਪੁਰਾਣਾ ਘਰ ਵੇਚ ਕੇ ਸੁਬਰੀਨਾ ਦੇ ਸੁਪਨਿਆਂ ਦਾ ਘਰ ਖਰੀਦ ਦਿੱਤਾ। ਉਸ ਦੀ ਮਨਪਸੰਦ ਕਾਰ ਲੈ ਦਿੱਤੀ। ਕਰਨਵੀਰ ਨੇ ਆਪਣੇ ਪਿਉ ਦਾ ਕਾਰੋਬਾਰ ਸਾਂਭ ਲਿਆ। ਸਮਾਂ ਬੀਤਿਆ, ਕੋਮਲ ਤੇ ਹਰਲੀਨ ਵੀ ਅਮਰੀਕਾ ਆ ਗਈਆਂ। ਮਨਵੀਰ ਇੰਡੀਆ ਜਾ ਆਇਆ। ਦਿੱਲੀ ਰਹਿ ਕੇ ਖਾਨ ਭਾਈ ਨੂੰ ਲੱਭਿਆ ਪਰ ਉਹ ਨਾ ਮਿਲਿਆ। ਅੱਜ ਦੀ ਤਰੀਕ ਵਿਚ ਮਨਵੀਰ ਤੇ ਹਾਕਮ-ਦੋਵਾਂ ਦੇ ਪਰਿਵਾਰ ਖੁਸ਼ੀ ਖੁਸ਼ੀ ਆਪਣੀ ਜ਼ਿੰਦਗੀ ਦਾ ਅਨੰਦ ਮਾਣ ਰਹੇ ਹਨ। ਪਰਮਾਤਮਾ ਦਾ ਕੋਈ ਪਤਾ ਨਹੀਂ, ਕਦੋਂ ਕਿਸ ਰਾਹੀਂ ਤੁਹਾਡੇ ਕੋਲ ਪਹੁੰਚ ਕੇ ਤੁਹਾਡੇ ਕਾਰਜ ਰਾਸ ਕਰ ਦੇਵੇ। ਪਰਮਾਤਮਾ ‘ਤੇ ਭਰੋਸਾ ਰੱਖੋ, ਦੇਰ ਹੋ ਸਕਦੀ ਹੈ ਪਰ ਨਾਂਹ ਕਦੇ ਨਹੀਂ ਹੋਵੇਗੀ।