ਭਾਰਤੀ ਨਿਆਂ ਪਾਲਿਕਾ ਜ਼ਿੰਦਾਬਾਦ

ਗੁਲਜ਼ਾਰ ਸਿੰਘ ਸੰਧੂ
ਦੇਸ਼ ਦੇ ਅਮਨ ਕਾਨੂੰਨ ਤੇ ਰਾਜ ਪ੍ਰਬੰਧ ਨੂੰ ਠੀਕ ਲੀਹਾਂ ‘ਤੇ ਚਲਾਉਣ ਦੇ ਤਿੰਨ ਥੰਮ ਮੰਨੇ ਗਏ ਹਨ-ਵਿਧਾਨ ਪਾਲਿਕਾ, ਕਾਰਜ ਪਾਲਿਕਾ ਤੇ ਨਿਆਂ ਪਾਲਿਕਾ। ਭਾਰਤ ਦੀ ਅਜੋਕੀ ਸਥਿਤੀ ਵਿਚ ਦੇਸ਼ ਦੇ ਸੰਸਦ ਮੈਂਬਰ ਇੱਕ ਪਾਸੜ ਹੋਣ ਕਾਰਨ ਜੁਰਮ ਇੰਨੇ ਵਧ ਗਏ ਹਨ ਕਿ ਕਾਰਜ ਪਾਲਿਕਾ ਦੇ ਕਾਬੂ ਨਹੀਂ ਆ ਰਹੇ। ਲੁੱਟ-ਖੋਹ ਤੇ ਕਤਲੋਗਾਰਤ ਹੀ ਨਹੀਂ, ਬਲਾਤਕਾਰ ਦੇ ਕਿੱਸੇ ਹਰ ਤਰ੍ਹਾਂ ਦੇ ਹੱਦ ਬੰਨੇ ਟੱਪ ਗਏ ਹਨ। ਪਰ ਇਸ ਗੱਲ ਦੀ ਸੰਤੁਸ਼ਟੀ ਹੈ ਕਿ ਨਿਆਂ ਪਾਲਿਕਾ ਢਿੱਲ੍ਹੀ ਨਹੀਂ ਪਈ। ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਵੀਹ ਸਾਲ ਦੀ ਕੈਦ ਸੁਣਾਉਣਾ, ਦੱਸ ਸਾਲਾ ਬੱਚੀ ਦੇ ਬਲਾਤਕਾਰੀ ਮਾਮਿਆਂ ਨੂੰ ਮਰਨ ਤੱਕ ਦੀ ਉਮਰ ਕੈਦ ਭੇਜਣਾ ਸੱਚ-ਮੁੱਚ ਹੀ ਤਸੱਲੀ ਵਾਲਾ ਹੈ। ਸੱਤ ਨਵੰਬਰ ਦੇ ਦੋ ਹੋਰ ਫੈਸਲੇ ਇਸ ਪਹੁੰਚ ਉਤੇ ਮੋਹਰ ਲਾਉਂਦੇ ਹਨ।

ਚੰਡੀਗੜ੍ਹ ਦੀ ਇੱਕ ਅਦਾਲਤ ਨੇ ਮਨੀਮਾਜਰਾ ਦੇ ਮੋਨੂੰ ਕੁੰਡੂ ਨੂੰ ਆਪਣੀ ਦੂਰ-ਨੇੜੇ ਦੀ ਭੈਣ ਨੂੰ ਕਾਮ ਵਾਸਨਾ ਦਾ ਸ਼ਿਕਾਰ ਬਣਾਉਣ ਉਤੇ ਵੀਹ ਸਾਲ ਦੀ ਕੈਦ ਸੁਣਾਈ ਹੈ। ਇਸੇ ਤਰ੍ਹਾਂ ਕਲਕੱਤਾ ਦੀ ਇਕ ਅਦਾਲਤ ਨੇ ਇੱਕ ਮੱਠ ਵਿਚ ਲੁੱਟ ਮਾਰ ਕਰਨ ਵਾਲੇ ਇਕ ਬੰਗਲਾਦੇਸ਼ੀ ਨੂੰ ਮੱਠ ਵਿਚਲੀ 70 ਸਾਲਾ ਨਨ ਨਾਲ ਬਲਾਤਕਾਰ ਕਰਨ ਦੇ ਦੋਸ਼ ਅਧੀਨ ਮੌਤ ਤੱਕ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਖੂਬੀ ਇਹ ਕਿ ਪਹਿਲੇ ਕੇਸ ਦਾ ਫੈਸਲਾ ਸਵਾ ਸਾਲ ਦੇ ਸਮੇਂ ਵਿਚ ਹੀ ਲੈ ਲਿਆ ਗਿਆ ਅਤੇ ਦੂਜੇ ਕੇਸ ਨੂੰ ਵੀ ਦੋ ਸਾਲ ਦੇ ਅੰਦਰ ਅੰਦਰ ਨਿਪਟਾ ਦਿੱਤਾ। ਵੱਡੀ ਗੱਲ ਇਹ ਕਿ ਨਿਆਂ ਪਾਲਿਕਾ ਅਜਿਹੇ ਕੇਸਾਂ ਵਿਚ ਨਾਬਾਲਗ ਦੋਸ਼ੀਆਂ ਨੂੰ ਵੀ ਥੋੜ੍ਹੇ ਕੀਤੇ ਬਰੀ ਨਹੀਂ ਕਰ ਰਹੀ। ਕਾਰਜ ਪਾਲਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਵੀ ਦੋਸ਼ੀਆਂ ਨੂੰ ਆਨੀਂ ਬਹਾਨੀ ਛੁੱਟ ਜਾਣ ਦਾ ਅਵਸਰ ਨਾ ਦੇਣ ਤਾਂ ਕਿ ਅਮਨ ਕਾਨੂੰਨ ਦੀ ਵਿਗੜੀ ਹੋਈ ਸਥਿਤੀ ਲੀਹੇ ਪੈ ਸਕੇ। ਆਸ ਕੀਤੀ ਜਾਂਦੀ ਹੈ ਕਿ ਦੇਸ਼ ਦੀ ਵਿਧਾਨ ਪਾਲਿਕਾ, ਕਾਰਜ ਪਾਲਿਕਾ ਤੇ ਨਿਆਂ ਪਾਲਿਕਾ ਆਪੋ ਆਪਣੀ ਜ਼ਿੰਮੇਵਾਰੀ ਉਤੇ ਪਹਿਰਾ ਦੇ ਕੇ ਦੇਸ਼ ਦੇ ਹਿੱਤ ਵਿਚ ਚੱਲਣ ਦਾ ਯਤਨ ਕਰਨਗੇ।
ਕਵਿਤਾ ਇੱਕ, ਇਕੱਤੀ ਚਿੱਤਰ: ਚੰਡੀਗੜ੍ਹ ਦੇ 10 ਸੈਕਟਰ ਸਥਿਤ ਕਲਾ ਮਿਊਜ਼ੀਅਮ ਦੀ ਕਲਾ ਗੈਲਰੀ ਵਿਚ ਪੰਜਾਬੀ ਯੂਨੀਵਰਸਟੀ, ਪਟਿਆਲਾ ਦੀ ਅਧਿਆਪਕਾ ਕਵਿਤਾ ਸਿੰਘ ਵਲੋਂ ਇੱਕ ਅਨੋਖੀ ਕਲਾ ਪ੍ਰਦਰਸ਼ਨੀ ਲਾਈ ਗਈ। ਉਸ ਨੇ ਅੰਮ੍ਰਿਤਾ ਪ੍ਰੀਤਮ ਦੀ ਦੇਸ਼ ਵੰਡ ਬਾਰੇ ਲਿਖੀ ਕਵਿਤਾ ‘ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੇ ਕਬਰਾਂ ਵਿਚੋਂ ਬੋਲ’ ਦੇ 28 ਬੰਦਾਂ ਨੂੰ 31 ਖੂਬਸੂਰਤ ਚਿੱਤਰਾਂ ਰਾਹੀਂ ਪੇਸ਼ ਕੀਤਾ ਹੈ। ਕਿਸੇ ਕਿਸੇ ਬੰਦ ਦਾ ਪੂਰਾ ਪ੍ਰਭਾਵ ਪਾਉਣ ਲਈ ਇੱਕ ਤੋਂ ਵੱਧ ਚਿੱਤਰ ਬਣਾਏ ਹਨ। ਚਿੱਤਰਾਂ ਵਿਚ ਚਿਹਰੇ, ਕਬਰਾਂ, ਕਸਬੇ, ਵਣ, ਪ੍ਰਾਣ, ਸੱਪ-ਸੱਪਣੀਆਂ ਤੇ ਉਨ੍ਹਾਂ ਦੇ ਡੰਗ ਇੰਨੇ ਚਿੱਤਰੇ ਹਨ ਕਿ ਸੰਨ ਸੰਤਾਲੀ ਵਿਚ ਉਧਰਲੇ ਤੇ ਇਧਰਲੇ ਪੰਜਾਬ ਦਾ ਵਹਿਸ਼ੀਪੁਣਾ ਮੁੜ ਉਭਰ ਆਉਂਦਾ ਹੈ।
ਨਿਸ਼ਚੇ ਹੀ ਦੇਸ਼ ਦਾ ਬਟਵਾਰਾ ਪੂਰੇ ਦੇ ਪੂਰੇ ਪੰਜਾਬ ਤੇ ਬੰਗਾਲ ਦੀ ਸਮੁੱਚੀ ਜਨਤਾ ਲਈ ਏਨੀ ਵੱਡੀ ਜ਼ਹਿਮਤ ਬਣ ਕੇ ਆਇਆ ਸੀ ਕਿ ਇਸ ਉਤੇ ਅਨੇਕਾਂ ਨਾਵਲ, ਕਹਾਣੀਆਂ ਅਤੇ ਮਹਾ ਕਾਵਿ ਲਿਖੇ ਗਏ, ਤੇ ਅੱਜ ਤੱਕ ਲਿਖੇ ਜਾ ਰਹੇ ਹਨ। ਅੰਮ੍ਰਿਤਾ ਪ੍ਰੀਤਮ ਦੀ ਇਹ ਕਵਿਤਾ ਜਿੰਨੀ ਸਧਾਰਨ ਹੈ, ਓਨੀ ਹੀ ਮਕਬੂਲ ਹੋਈ ਹੈ। ਇਥੋਂ ਤੱਕ ਕਿ ਪ੍ਰਸਿੱਧ ਅੰਗਰੇਜ਼ੀ ਲੇਖਕ ਖੁਸ਼ਵੰਤ ਸਿੰਘ ਨੇ ਇਸ ਨੂੰ ਸੱਤ ਸਮੁੰਦਰ ਪਾਰ ਦੇ ਪਾਠਕਾਂ ਤੱਕ ਪਹੁੰਚਾਣ ਲਈ ਇਸ ਦਾ ਅੰਗਰੇਜ਼ੀ ਵਿਚ ਅਨੁਵਾਦ ਵੀ ਕੀਤਾ। ਉਲਥੇ ਵਿਚ ਵੀ ਇਸ ਵਿਚਲੀ ਕਾਵਿਕ ਸਧਾਰਨਤਾ ਨਾਲੋਂ ਇਸ ਦੀ ਮਕਬੂਲੀਅਤ ਹੀ ਪ੍ਰਧਾਨ ਰਹੀ। ਹੋ ਸਕਦਾ ਹੈ ਕਿ ਕਵਿਤਾ ਸਿੰਘ ਨੇ ਵੀ ਇਸ ਨਜ਼ਮ ਨੂੰ ਨਜ਼ਮ ਦੀ ਪ੍ਰਵਾਨਤਾ ਸਦਕਾ ਹੀ ਚੁਣਿਆ ਹੋਵੇ। ਪਰ ਕਵਿਤਾ ਸਿੰਘ ਨੇ ਇਸ ਨੂੰ ਚਿਤਰਨ ਵਿਚ ਜਿਹੜੀ ਲਗਨ, ਸਿਰੜ ਤੇ ਪੇਸ਼ਕਾਰੀ ਦਿਖਾਈ ਹੈ, ਉਸ ਨੇ ਅੰਮ੍ਰਿਤਾ ਦੀ ਇਸ ਹਰਮਨਪਿਆਰੀ ਕਾਵਿ ਰਚਨਾ ਨੂੰ ਕਾਵਿਕ ਉਤਮੱਤਾ ਵੀ ਪ੍ਰਦਾਨ ਕਰ ਦਿੱਤੀ ਹੈ।
ਕ੍ਰਿਸ਼ਨਾ ਸੋਬਤੀ ਤੇ ਅੰਮ੍ਰਿਤਾ ਪ੍ਰੀਤਮ: ਜਗਤ ਪ੍ਰਸਿੱਧ ਰਚਨਾ ‘ਮਿੱਤਰੋ ਮਰ ਜਾਣੀ’ ਦੀ ਲੇਖਿਕਾ ਕ੍ਰਿਸ਼ਨਾ ਸੋਬਤੀ ਨੂੰ ਗਿਆਨਪੀਠ ਐਵਾਰਡ ਨਾਲ ਸਨਮਾਨੇ ਜਾਣ ਨੇ ਉਸ ਦੀ ਪੰਜਾਬੀ ਲੇਖਿਕਾ ਅੰਮ੍ਰਿਤਾ ਪ੍ਰੀਤਮ ਨਾਲ ਪੈਦਾ ਹੋਈ ਕੁੜਿੱਤਣ ਦਾ ਕਿੱਸਾ ਚੇਤੇ ਕਰਵਾ ਦਿੱਤਾ ਹੈ। ਕ੍ਰਿਸ਼ਨਾ ਸੋਬਤੀ ਦਾ ‘ਜ਼ਿੰਦਗੀਨਾਮਾ’ ਵੀ ਏਨਾ ਪਸੰਦ ਕੀਤਾ ਗਿਆ ਸੀ ਕਿ ਅੰਮ੍ਰਿਤਾ ਪ੍ਰੀਤਮ ਨੇ ਆਪਣੀ ਇਕ ਪੁਸਤਕ ਦਾ ਨਾਂ ਵੀ ‘ਹਰਦਤ ਦਾ ਜ਼ਿੰਦਗੀਨਾਮਾ’ ਰਖ ਲਿਆ ਸੀ ਜਿਸ ਉਤੇ ਕ੍ਰਿਸ਼ਨਾ ਸੋਬਤੀ ਨੇ ਬਾਵੇਲਾ ਮਚਾਇਆ। ਸੋਬਤੀ ਦੇ ਉਜਰ ਵਿਚ ਦਮ ਸੀ ਪਰ ਅੰਮ੍ਰਿਤਾ ਨੇ ਆਪਣੇ ਬਚਾਓ ਪੱਖ ਵਿਚ ਇਹ ਕਿਹਾ ਕਿ ਉਸ ਦੀ ਪੁਸਤਕ ਤਾਂ ਹਰਦਤ ਦੇ ਜੀਵਨ ਬਾਰੇ ਹੈ। ਕਾਪੀਰਾਈਟ ਦਾ ਇਹ ਕੇਸ ਛੱਬੀ ਵਰ੍ਹੇ ਚਲਦਾ ਰਿਹਾ ਅਤੇ ਇਸ ਦਾ ਫੈਸਲਾ ਅੰਮ੍ਰਿਤਾ ਪ੍ਰੀਤਮ ਦੇ ਅਕਾਲ ਚਲਾਣੇ ਤੋਂ ਛੇ ਸਾਲ ਪਿਛੋਂ ਹੋਇਆ। ਇਸ ਦਾ ਇੱਕ ਆਧਾਰ ਕ੍ਰਿਸ਼ਨਾ ਸੋਬਤੀ ਤੇ ਅੰਮ੍ਰਿਤਾ ਪ੍ਰੀਤਮ ਦੀਆਂ ਪਟਕਥਾਵਾਂ ਵਾਲਾ ਡੱਬਾ ਅਦਾਲਤ ਵਿਚੋਂ ਗੁੰਮ ਹੋਣਾ ਦੱਸਿਆ ਜਾਂਦਾ ਹੈ। ਨੋਟ ਕਰਨ ਵਾਲੀ ਗੱਲ ਇਹ ਨਹੀਂ ਕਿ ਫੈਸਲਾ ਕਿਸ ਦੇ ਹੱਕ ਵਿਚ ਹੋਇਆ, ਤੋੜਾ ਇਸ ਗੱਲ ਉਤੇ ਟੁਟਦਾ ਹੈ ਕਿ ਕੋਮਲ ਕਲਾਕਾਰਾਂ ਨੂੰ ਆਪਣੀ ਕਲਾ ਉਤੇ ਏਨਾ ਮਾਣ ਹੁੰਦਾ ਹੈ ਕਿ ਉਹ ਕਲਾ ਨਾਲ ਮਾਮੂਲੀ ਛੇੜਖਾਨੀ ਵੀ ਸਹਿ ਨਹੀਂ ਸਕਦੇ।
ਕ੍ਰਿਸ਼ਨਾ ਸੋਬਤੀ ਨੂੰ ਪਹਿਲਾਂ ਵੀ ਅਨੇਕਾਂ ਮਾਣ ਸਨਮਾਨ ਮਿਲ ਚੁਕੇ ਹਨ ਪਰ ਨਵੇਂ ਸਨਮਾਨ ਨੇ ਉਸ ਦੀ ਕੋਮਲ ਕਲਾ ਵਾਲੀ ਕਲਗੀ ਨੂੰ ਉਚ ਦੁਮਾਲੜਾ ਖੰਭ ਪ੍ਰਦਾਨ ਕੀਤਾ ਹੈ। ਮੈਡਮ ਸੋਬਤੀ ਸੱਚਮੁੱਚ ਹੀ ਵਧਾਈ ਦੀ ਹੱਕਦਾਰ ਹੈ। ਨਿਜੀ ਤੌਰ ‘ਤੇ ਮੈਨੂੰ ਇਸ ਗੱਲ ਦਾ ਦੁੱਖ ਹੈ ਕਿ ਮੇਰੀ ਉਸ ਨਾਲ ਟੈਲੀਫੋਨ ‘ਤੇ ਵੀ ਗੱਲ ਨਾ ਹੋ ਸਕੀ। ਉਹ ਪੁਰਸਕਾਰ ਦੇ ਐਲਾਨ ਤੋਂ ਕੁਝ ਘੰਟੇ ਪਹਿਲਾਂ ਸਿਹਤਯਾਬ ਨਾ ਹੋਣ ਕਾਰਨ ਹਸਪਤਾਲ ਵਿਚ ਦਾਖਲ ਹੋ ਗਈ ਤੇ ਇਸ ਵੇਲੇ ਵੀ ਹਸਪਤਾਲ ਵਿਚ ਹੀ ਹੈ।
ਅੰਤਿਕਾ: (ਸਰਬਜੀਤ ਕੌਰ ਜੱਸ ਦੇ ‘ਰਾਹਾਂ ਦੀ ਤਪਸ਼’ ਵਿਚੋਂ)
ਤੂੰ ਮੈਨੂੰ
ਆਪਣੇ ਪਰਾਂ ਦੀ ਸਹੁੰ ਖਾ ਕੇ
ਸੱਚੋ ਸੱਚ ਦੱਸ ਪਰਿੰਦਿਆ
ਅੰਬਰੀਂ ਉਡਾਣ ਭਰਨ ‘ਚ
ਕਿੰਨਾ ਕੁ ਅਨੰਦ ਆਉਂਦੈ?
ਫਿਰ ਮੈਂ ਤੈਨੂੰ ਪਿੰਜਰੇ ਦੀ ਸਹੁੰ ਖਾ ਕੇ
ਸੱਚੋ ਸੱਚ ਦੱਸਾਂਗੀ
ਸਲਾਖਾਂ ਪਿੱਛੇ ਸਹਿਮੀ
ਕੈਦੀ ਆਵਾਜ਼ ਦੇ ਅਰਥ।