ਅਪਰਾਧ ਦੀ ਸੱਤਾ ਦਾ ਚਿਤਰਨ: ਤਕਸ਼ਕ

ਕੁਲਦੀਪ ਕੌਰ
ਫੋਨ: +91-98554-04330
ਫਿਲਮਸਾਜ਼ ਗੋਬਿੰਦ ਨਿਹਲਾਨੀ ਦੁਆਰਾ ਨਿਰਦੇਸ਼ਤ ਫਿਲਮ ‘ਤਕਸ਼ਕ’ ਮੋਟੇ ਰੂਪ ਵਿਚ ਮਾਰੀਉ ਪੋਜ਼ੋ ਦੇ ਨਾਵਲ ‘ਗੌਡ ਫਾਦਰ’ ਉਤੇ ਆਧਾਰਿਤ ਸੀ। ਇਸ ਫਿਲਮ ਦੇ ਨਿਰਦੇਸ਼ਨ ਰਾਹੀਂ ਗੋਬਿੰਦ ਨਿਹਲਾਨੀ ਪਾਪੂਲਰ ਸਿਨੇਮਾ ਵਿਚ ਆਪਣੀ ਪੈਂਠ ਬਿਠਾਉਣਾ ਚਾਹੁੰਦੇ ਸਨ, ਪਰ ਮਾੜੇ ਸਕਰੀਨ ਪਲੇਅ ਅਤੇ ਕਹਾਣੀ ਵਿਚ ਥਾਂ-ਥਾਂ ਪਏ ਖੱਪਿਆਂ ਨੇ ਉਨ੍ਹਾਂ ਦੀ ਇਕ ਨਾ ਚੱਲਣ ਦਿੱਤੀ!

ਮਾਰੀਉ ਪੋਜ਼ੋ ਦੇ ਨਾਵਲ ‘ਗੌਡ ਫਾਦਰ’ ਦੀ ਕਹਾਣੀ ਅਤੇ ਪਟਕਥਾ ਬਹੁਤ ਦਿਲਚਸਪ ਹੈ। ਇਸ ਨਾਵਲ ‘ਤੇ ਤਿੰਨ ਵਾਰ ਫਿਲਮਾਂ ਬਣੀਆਂ ਅਤੇ ਤਿੰਨੇ ਵਾਰ ਬਾਕਮਾਲ ਬਣੀਆਂ। ਇਨ੍ਹਾਂ ਫਿਲਮਾਂ ਨੂੰ ਪਿਉ-ਪੁੱਤ ਦੇ ਰਿਸ਼ਤੇ ਦਾ ਸੰਵੇਦਨਸ਼ੀਲ ਅਤੇ ਗੁੰਝਲਦਾਰ ਚਿਤਰਣ ਕਰਨ ਲਈ ਜਾਣਿਆ ਜਾਂਦਾ ਹੈ। ਅਪਰਾਧ ਦੀ ਦੁਨੀਆਂ ਦਾ ਮੁੱਖ ਕਿਰਦਾਰ ਹੋਣ ਦੇ ਬਾਵਜੂਦ ਪਿਉ ਗੋਲੀ ਦੀ ਬਜਾਏ ਤਰਕ ਦੀ ਭਾਸ਼ਾ ਬੋਲਦਾ ਹੈ। ਪੁੱਤ ਆਪਣੇ ਪਿਉ ਦੀ ਜਗ੍ਹਾ ਲੈਣ ਤੋਂ ਸ਼ਰਮਾਉਂਦਾ ਹੈ, ਇਸ ਦੇ ਬਾਵਜੂਦ ਸਥਿਤੀਆਂ ਅਜਿਹੀਆਂ ਬਣ ਜਾਂਦੀਆਂ ਹਨ ਕਿ ਉਸ ਕੋਲ ਹੋਰ ਕੋਈ ਚਾਰਾ ਹੀ ਨਹੀਂ ਬਚਦਾ। ਦੋਵੇਂ ਮਰਨ-ਮਰਾਉਣ ਤੋਂ ਘੇਸਲ ਵੱਟਦੇ ਹਨ, ਪਰ ਪਰਿਵਾਰਾਂ ਦੀ ਸੁਰੱਖਿਆ ਲਈ ਆਖਿਰ ਉਨ੍ਹਾਂ ਨੂੰ ਖੂਨ-ਖਰਾਬੇ ‘ਤੇ ਉਤਰਨਾ ਪੈਂਦਾ ਹੈ।
ਫਿਲਮ ਦੀ ਕਹਾਣੀ ਅਨੁਸਾਰ ਇਸ਼ਾਨ (ਅਜੇ ਦੇਵਗਨ) ਮੰਨੇ-ਪ੍ਰਮੰਨੇ ਉਦਯੋਗਪਤੀ ਪਰਿਵਾਰ ਦਾ ਲੜਕਾ ਹੈ। ਇਸ ਪਰਿਵਾਰ ਨੂੰ ਇੱਕ ਹੋਰ ਉਦਯੋਗਪਤੀ ਪਰਿਵਾਰ ਦਾ ਮੁਖੀਆ ਅਤੇ ਉਸ ਦਾ ਲੜਕਾ ਸੰਨੀ (ਰਾਹੁਲ ਬੋਸ) ਤਨ, ਮਨ, ਧਨ ਨਾਲ ਸਹਿਯੋਗ ਦੇ ਰਿਹਾ ਹੈ। ਦੂਜੇ ਪਾਸੇ ਇਸ਼ਾਨ ਅਤੇ ਸੰਨੀ ਦੀ ਦੋਸਤੀ ਦੇ ਵੀ ਸਾਰੇ ਸ਼ਹਿਰ ਵਿਚ ਚਰਚੇ ਹਨ। ਮੁੰਬਈ ਦੀਆਂ ਗਗਨਚੁੰਬੀ ਇਮਾਰਤਾਂ ਵਿਚਕਾਰ ਫਿਲਮਾਈ ਇਹ ਫਿਲਮ ਜਿਥੇ ਹਰ ਸਫਲ ਬਿਜ਼ਨਸ ਪਿੱਛੇ ਕੰਮ ਕਰਦੀਆਂ ਹਿੰਸਕ ਅਤੇ ਮੁਨਾਫਾ-ਮੁਖੀ ਪ੍ਰਵਿਰਤੀਆਂ ਦੀ ਨਿਸ਼ਾਨਦੇਹੀ ਕਰਦੀ ਹੈ, ਉਥੇ ਅਪਰਾਧ ਜਗਤ ਨਾਲ ਜੁੜੇ ਬੰਦਿਆਂ ਦੀਆਂ ਮਨੋਵਿਗਿਆਨਕ ਗੁੰਝਲਾਂ ਅਤੇ ‘ਹਰ ਹੀਲੇ ਜਿੱਤਣ’ ਦੀ ਧਾਰਨਾ ਦੇ ਦੂਰ-ਰਸ ਮਾਰੂ ਸਿੱਟਿਆਂ ਦੀ ਤਸਦੀਕ ਵੀ ਕਰਦੀ ਹੈ।
ਫਿਲਮ ਵਿਚ ਇਸ਼ਾਨ ਦੀ ਮਹਿਬੂਬਾ ਸੁਮਨ (ਤੱਬੂ) ਦੀ ਭੂਮਿਕਾ ਫੈਸਲਾਕੁਨ ਹੈ। ਉਹ ਅਸਲ ਵਿਚ ਫਿਲਮ ਦਾ ਨੈਤਿਕ ਕੰਪਾਸ ਹੈ ਜਿਸ ਰਾਹੀਂ ਇਸ਼ਾਨ ਆਪਣੇ ਅਪਰਾਧਾਂ ਵਿਚ ‘ਗੁਨਾਹ ਦੀ ਭਾਵਨਾ’ ਨੂੰ ਸਮਝਣ ਅਤੇ ਉਸ ਵਿਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦਾ ਨਜ਼ਰ ਆਉਂਦਾ ਹੈ। ਦੂਜੇ ਪਾਸੇ ਆਪਣੇ ਪਿਤਾ ਨਾਹਰ ਸਿੰਘ (ਅਮਰੀਸ਼ ਪੁਰੀ) ਦਾ ਉਸ ਵਿਚ ਅੰਨਾ੍ਹ ਵਿਸ਼ਵਾਸ ਉਸ ਨੂੰ ਅਪਰਾਧ ਨਾਲ ਜੁੜੀ ਸੱਤਾ-ਪ੍ਰਾਪਤੀ ਵੱਲ ਲਗਾਤਾਰ ਧੱਕਦਾ ਹੈ। ਉਸ ਦੀ ਜ਼ਿੰਦਗੀ ਕਸ਼ਮਕਸ਼ ਬਣ ਕੇ ਰਹਿ ਜਾਂਦੀ ਹੈ। ਪਿਤਾ ਦੇ ਆਪਣੇ ਕਿਸਮ ਦੇ ਦਵੰਦ ਹਨ ਅਤੇ ਉਸ ਲਈ ਜ਼ਿੰਦਗੀ ਹਰ ਰੋਜ਼ ਨਵੇਂ ਸਿਰਿਉਂ ਲੜੀ ਜਾਣ ਵਾਲੀ ਜੰਗ ਵਾਂਗ ਹੈ। ਸੰਨੀ ਲਈ ਜ਼ਿੰਦਗੀ ‘ਸ਼ਹਿਰ ਉਤੇ ਹਕੂਮਤ ਕਰਨ’ ਤੱਕ ਸੀਮਤ ਹੈ। ਫਿਲਮ ਵਿਚ ਗੋਬਿੰਦ ਨਿਹਲਾਨੀ ਦਾ ਨਜ਼ਰੀਆ ਸਾਫ-ਸਪਸ਼ਟ ਨਜ਼ਰ ਆਉਂਦਾ ਹੈ ਜਿਸ ਕਾਰਨ ਫਿਲਮ ਵਿਚ ਬਹੁਤ ਸਾਰੀਆਂ ਥਾਵਾਂ ‘ਤੇ ਫਿਲਮ ਭਾਸ਼ਣ ਤੱਕ ਵੀ ਸੀਮਤ ਹੁੰਦੀ ਨਜ਼ਰ ਆਉਂਦੀ ਹੈ। ਆਜ਼ਾਦੀ ਦੇ ਸੰਕੇਤ ਦੇ ਤੌਰ ‘ਤੇ ਪੇਸ਼ ਕੀਤੇ ਬੁਜ਼ਰਗ ਦਾ ਸੰਨੀ ਵੱਲੋਂ ਕੀਤਾ ਕਤਲ ਭਾਰਤੀ ਲੋਕਤੰਤਰ ਦੀਆਂ ਬਦਲ ਰਹੀਆਂ ਕਦਰਾਂ-ਕੀਮਤਾਂ ਵੱਲ ਇਸ਼ਾਰਾ ਕਰਦਾ ਹੈ। ਫਿਲਮ ਵਿਚ ਤੱਬੂ ਦਾ ਕਿਰਦਾਰ ਕਾਵਿਕ ਹੈ ਜਿਸ ਕਾਰਨ ਫਿਲਮ ਵਿਚ ਲਗਾਤਾਰ ਕਵਿਤਾ ਦੀ ਵਰਤੋਂ ਹੋਈ ਹੈ। ਇਸ ਪ੍ਰਯੋਗ ਕਾਰਨ ਗੋਲੀਬਾਰੀ, ਅਗਜ਼ਨੀ ਅਤੇ ਹਿੰਸਾ ਦੇ ਦ੍ਰਿਸ਼ਾਂ ਦੀ ਕਰੂਰਤਾ ਵੱਧ ਉਭਰਵੇਂ ਰੂਪ ਵਿਚ ਸਾਹਮਣੇ ਆਈ ਹੈ।
ਫਿਲਮ ਵਿਚ ਸੰਗੀਤਕਾਰ ਵਜੋਂ ਏæਆਰæ ਰਹਿਮਾਨ ਦੀ ਮਿਹਨਤ ਝਲਕਦੀ ਹੈ। ਗਾਣਾ ‘ਰੰਗ ਦੇ’ ਆਪਣੀ ਕਾਵਿਕ ਸਮਰੱਥਾ ਨਾਲ ਕੀਲਦਾ ਹੈ। ਫਿਲਮ ਮਾੜੀ ਪਟਕਥਾ ਦੇ ਬਾਵਜੂਦ ਅਪਰਾਧ ਦੀ ਦੁਨੀਆਂ ਵਿਚਲੀ ਚਿਰ-ਭੰਗਰੀ ਹੋਂਦ ਦਿਖਾਉਣ ਵਿਚ ਸਫਲ ਹੈ। ਖਾਸ ਤੌਰ ‘ਤੇ ਰਾਹੁਲ ਬੋਸ ਆਪਣੇ ਦਮਦਾਰ ਕਿਰਦਾਰ ਅਤੇ ਤੱਬੂ ਆਪਣੀ ਸੁਭਾਵਿਕ ਅਦਾਕਾਰੀ ਨਾਲ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਦੇ ਹਨ।
ਇਸ ਫਿਲਮ ਵਿਚ ਹਿੰਸਾਤਮਕ ਦ੍ਰਿਸ਼ਾਂ ਦੀ ਬਹੁਤ ਭਰਮਾਰ ਹੈ। ਤਕਨੀਕੀ ਖਾਮੀਆਂ ਵੀ ਮੱਲੋ-ਮੱਲੀ ਆਪਣੇ ਵੱਲ ਧਿਆਨ ਖਿੱਚਦੀਆਂ ਹਨ। ਫਿਲਮ ‘ਅਰਧ ਸੱਤਿਆ’ ਵਿਚ ਜਿਸ ਤਰਾਂ੍ਹ ਨਾਲ ਗੋਬਿੰਦ ਨਿਹਲਾਨੀ ਸਦਾਸ਼ਿਵ ਅਮਰਾਪੁਰਕਰ ਵਰਗੇ ਕਿਰਦਾਰ ਦੀ ਸਿਰਜਣਾ ਕਰਦੇ ਹਨ, ਉਸ ਦੇ ਮੁਕਾਬਲੇ ਇਸ ਫਿਲਮ ਦੇ ਕਿਰਦਾਰ ਕੰਮਜ਼ੋਰ ਅਤੇ ਨਿਮਾਣੇ ਜਿਹੇ ਮਹਿਸੂਸ ਹੁੰਦੇ ਹਨ। ਇਸ ਫਿਲਮ ਨੂੰ ਦੇਖਦਿਆ ਸੁੱਤੇ-ਸਿਧ ਹੀ ਫਿਲਮ ‘ਵਾਸਤਵ’ ਅਤੇ ‘ਸੱਤਿਆ’ ਵਿਚਲੀ ਹਕੀਕਤ ਦੀ ਯਾਦ ਆਉਂਦੀ ਹੈ।