ਸਿੱਖ ਸਿਆਸਤ ਵਿਚ ਨਵੇਂ ਬਦਲ ਦੇ ਸੰਕੇਤ

ਚੰਡੀਗੜ੍ਹ: ਇਸ ਵੇਲੇ ਸਿੱਖਾਂ ਦੀ ਨੁਮਾਇੰਦਗੀ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਲਈ ਨਵੀਂ ਚੁਣੌਤੀ ਖੜ੍ਹੀ ਹੋ ਰਹੀ ਹੈ। ਇਹ ਚੁਣੌਤੀ ਵਰਲਡ ਸਿੱਖ ਪਾਰਲੀਮੈਂਟ (ਡਬਲਿਊæਐਸ਼ਪੀæ) ਦੀ ਸਥਾਪਨਾ ਹੋਏਗੀ ਜਿਸ ਨਾਲ ਨਵੀਂ ਸਿੱਖ ਸਿਆਸਤ ਉਭਰਨ ਦੇ ਆਸਾਰ ਹਨ। ਸਿੱਖ ਪਾਰਲੀਮੈਂਟ ਦੀ ਸਥਾਪਨਾ ਨਾਲ ਸਿੱਖਾਂ ਨੂੰ ਅਜਿਹਾ ਬਦਲ ਮਿਲਣ ਦੀ ਸੰਭਾਵਨਾ ਹੈ ਜਿਸ ਨਾਲ ਉਹ ਨਵੇਂ ਮੰਚ ਉਤੇ ਇੱਕਜੁਟ ਹੋ ਸਕਣਗੇ।

ਦਰਅਸਲ, ਮੁੱਖ ਮੰਤਰੀ ਬੇਅੰਤ ਸਿੰਘ ਹੱਤਿਆ ਕਾਂਡ ਵਿਚ ਤਿਹਾੜ ਜੇਲ੍ਹ ਵਿਚ ਬੰਦ ਤੇ ਸਰਬੱਤ ਖਾਲਸਾ ਵੱਲੋਂ ਥਾਪੇ ਅਕਾਲ ਤਖਤ ਦੇ ਜਥੇਦਾਰ ਜਗਤਾਰ ਸਿੰਘ ਹਵਾਰਾ ਨੇ ਵਰਲਡ ਸਿੱਖ ਪਾਰਲੀਮੈਂਟ (ਡਬਲਿਊæਐਸ਼ਪੀæ) ਬਣਾਉਣ ਦਾ ਐਲਾਨ ਕੀਤਾ ਹੈ। ਡਬਲਿਊæਐਸ਼ਪੀæ ਭਾਰਤ ਤੇ ਵਿਦੇਸ਼ਾਂ ਦੇ 150-150 ਨੁਮਾਇੰਦਿਆਂ ਉਤੇ ਆਧਾਰਿਤ ਹੋਵੇਗੀ। 25 ਨਵੰਬਰ ਤੱਕ ਵਿਦੇਸ਼ਾਂ ਦੇ ਨੁਮਾਇੰਦਿਆਂ ਦੀ ਚੋਣ ਪਿੱਛੋਂ ਭਾਰਤ ਵਿਚੋਂ ਸਮੂਹ ਪੰਥ ਹਿਤੈਸ਼ੀ ਸੰਸਥਾਵਾਂ ਦੇ 150 ਪ੍ਰਤੀਨਿਧ ਚੁਣੇ ਜਾਣਗੇ। ਇਸ ਐਲਾਨ ਤੋਂ ਸਪਸ਼ਟ ਸੰਕੇਤ ਦਿੱਤੇ ਗਏ ਹਨ ਕਿ ਡਬਲਿਊæਐਸ਼ਪੀæ ਸ਼੍ਰੋਮਣੀ ਅਕਾਲੀ ਦਲ ਲਈ ਵੱਡੀ ਸਿਆਸੀ ਚੁਣੌਤੀ ਹੋਵੇਗੀ। ਹਵਾਰਾ ਦੀ 7 ਮੈਂਬਰੀ ਨਿੱਜੀ ਸਲਾਹਕਾਰ ਕਮੇਟੀ ਦੇ ਚਾਰ ਮੈਂਬਰਾਂ ਸੀਨੀਅਰ ਵਕੀਲ ਅਮਰ ਸਿੰਘ ਚਾਹਲ, ਗਿਆਨੀ ਗੁਰਚਰਨ ਸਿੰਘ, ਹਰਮਿੰਦਰ ਸਿੰਘ ਦਿੱਲੀ ਤੇ ਬਗੀਚਾ ਸਿੰਘ ਰੱਤਾਖੇੜਾ ਨੇ ਇਹ ਐਲਾਨ ਕਰਦਿਆਂ ਦਾਅਵਾ ਕੀਤਾ ਹੈ ਕਿ ਡਬਲਿਊæਐਸ਼ਪੀæ ਰਾਹੀਂ ਸਿੱਖ ਕੌਮ ‘ਤੇ ਹੋ ਰਹੇ ਹਮਲਿਆਂ ਦਾ ਹਰੇਕ ਪੱਖੋਂ ਮੁਕਾਬਲਾ ਕੀਤਾ ਜਾਵੇਗਾ। ਹਵਾਰਾ ਵੱਲੋਂ ਭੇਜੇ ਸੰਦੇਸ਼ ਮੁਤਾਬਕ ਸਿੱਖ ਪਾਰਲੀਮੈਂਟ ਕੌਮ ਦੇ ਮਸਲਿਆਂ ਦੇ ਸਦੀਵੀ ਹੱਲ ਲਈ ਬਣਾਈ ਜਾ ਰਹੀ ਹੈ, ਜੋ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਹੇਠ ਚੱਲੇਗੀ। ਉਨ੍ਹਾਂ ਆਪਣੇ ਸੰਦੇਸ਼ ਵਿਚ ਮੰਨਿਆ ਹੈ ਕਿ ਸਿੱਖ ਪਾਰਲੀਮੈਂਟ ਬਾਰੇ ਥੋੜ੍ਹੀ ਮੁਸ਼ਕਲ ਤੋਂ ਬਾਅਦ ਸਰਬ ਸਹਿਮਤੀ ਹੋ ਗਈ ਹੈ। ਵਿਦੇਸ਼ਾਂ ਵਿਚੋਂ ਸਿੱਖ ਪਾਰਲੀਮੈਂਟ ਲਈ 150 ਨੁਮਾਇੰਦਿਆਂ ਦੀ ਚੋਣ ਕਰਨ ਲਈ 15 ਮੈਂਬਰੀ ਤਾਲਮੇਲ ਕਮੇਟੀ ਬਣਾਈ ਗਈ ਹੈ।