ਗਿਰਜਾਘਰ ਕਾਂਡ: ਜਹਾਦੀਆਂ ਤੋਂ ਵੀ ਵੱਡੀ ਵੰਗਾਰ ਬਣੇ ਸਿਰਫਿਰੇ ਗੋਰੇ

ਵਾਸ਼ਿੰਗਟਨ: ਅਮਰੀਕਾ ਦੇ ਟੈਕਸਸ ਸੂਬੇ ਦੇ ਸਦਰਲੈਂਡ ਸਪਰਿੰਗ ਸ਼ਹਿਰ ਦੇ ਗਿਰਜਾਘਰ ਵਿਚ ਸਿਰਫਿਰੇ ਗੋਰੇ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ 26 ਲੋਕਾਂ ਨੂੰ ਮੌਤ ਦੀ ਨੀਂਦ ਸੁਆ ਦਿੱਤਾ। ਟੈਕਸਸ ਦੇ ਇਤਿਹਾਸ ਵਿਚ ਇਹ ਸਭ ਤੋਂ ਭਿਆਨਕ ਸਮੂਹਿਕ ਕਤਲੇਆਮ ਮੰਨਿਆ ਜਾ ਰਿਹਾ ਹੈ। ਹਮਲਾਵਰ ਦੀ ਪਛਾਣ ਡੈਵਿਨ ਪ੍ਰੈਟ੍ਰਿਕ ਵਜੋਂ ਹੋਈ ਹੈ। ਪਤਾ ਲੱਗਾ ਹੈ ਕਿ ਉਸ ਨੂੰ 2012 ਵਿਚ ਅਮਰੀਕੀ ਹਵਾਈ ਫੌਜ ਵਿਚੋਂ ਬਰਖਾਸਤ ਕਰ ਦਿੱਤਾ ਗਿਆ ਸੀ। ਹਮਲੇ ਸਮੇਂ ਉਹ ਰੂਜਰ ਫੌਜ ਵਰਗੀ ਰਾਇਫਲ ਨਾਲ ਲੈਸ ਸੀ।

ਜਦੋਂ ਉਹ ਗਿਰਜਾ ਘਰ ਤੋਂ ਨਿਕਲਿਆ ਤਾਂ ਇਕ ਸਥਾਨਕ ਵਾਸੀ ਉਸ ਨਾਲ ਭਿੜ ਪਿਆ ਅਤੇ ਉਸ ਦੀ ਬੰਦੂਕ ਖੋਹ ਲਈ। ਕੁਝ ਦੂਰੀ ‘ਤੇ ਹਮਲਾਵਰ ਕਾਰ ਵਿਚ ਮ੍ਰਿਤਕ ਮਿਲਿਆ। ਇਸ ਹਮਲੇ ਤੋਂ 36 ਦਿਨ ਪਹਿਲਾਂ, ਪਹਿਲੀ ਅਕਤੂਬਰ ਨੂੰ ਇਕ ਹੋਰ ਸਿਰਫਿਰੇ ਸਟੀਫਨ ਪੈਡੌਕ ਨੇ ਲਾਸ ਵੈਗਸ ਦੇ ਮਾਂਡਲੇ ਬੇਅ ਹੋਟਲ ਵਿਚ ਸੰਗੀਤ ਮੇਲੇ ਦੌਰਾਨ ਫਾਇਰਿੰਗ ਕਰ ਕੇ 59 ਮਾਸੂਮਾਂ ਦੀਆਂ ਜਾਨਾਂ ਲਈਆਂ ਸਨ। ਬਾਅਦ ਵਿਚ ਉਸ ਨੇ ਵੀ ਖੁਦ ਨੂੰ ਗੋਲੀ ਮਾਰ ਲਈ ਸੀ। ਇਸੇ ਤਰ੍ਹਾਂ 12 ਜੂਨ 2016 ਨੂੰ ਉਮਰ ਸਦੀਕੀ ਮਤੀਨ ਨਾਮੀ ਵਿਅਕਤੀ ਨੇ ਔਰਲੈਂਡੋ ਦੇ ਇਕ ਨਾਈਟ ਕਲੱਬ ਵਿਚ ਹਮਲਾ ਕਰ ਕੇ 49 ਵਿਅਕਤੀ ਕਤਲ ਅਤੇ 50 ਜਖ਼ਮੀ ਕਰ ਦਿੱਤੇ ਸਨ। ਅਮਰੀਕਾ ਵਿਚ ਅਜਿਹੇ ਹਮਲੇ ਜਹਾਦੀ ਸੰਗਠਨ ਤੋਂ ਵੀ ਵੱਡੀ ਚੁਣੌਤੀ ਬਣ ਗਏ ਹਨ। ਜ਼ਿਆਦਾਤਰ ਕੇਸਾਂ ਵਿਚ ਹਮਲਾਵਰ ਅਮਰੀਕੀ ਗੋਰੇ ਹੀ ਹਨ। ਇਕੱਲੇ ਇਸ ਸਾਲ ਹੀ ਅਮਰੀਕਾ ਵਿਚ ਇਸ ਤਰ੍ਹਾਂ ਦੀਆਂ 10 ਘਟਨਾਵਾਂ ਵਾਪਰੀਆਂ ਹਨ ਜਿਸ ਵਿਚ 112 ਜਾਨਾਂ ਗਈਆਂ ਹਨ। ਅਜਿਹੇ ਹਮਲਿਆਂ ਦਾ ਮੁੱਖ ਕਾਰਨ ਅਮਰੀਕਾ ਵਿਚ ਹਥਿਆਰ ਸਹਿਜੇ ਹੀ ਮਿਲ ਜਾਣਾ ਦੱਸਿਆ ਜਾ ਰਿਹਾ ਹੈ। ਤਾਜ਼ਾ ਘਟਨਾ ਪਿੱਛੋਂ ਹਥਿਆਰਾਂ ਦੀ ਪਾਬੰਦੀ ਦੀ ਮੰਗ ਮੁੜ ਉਠੀ ਹੈ, ਪਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਸ ਤੋਂ ਸਾਫ ਨਾਂਹ ਕਰ ਦਿੱਤੀ ਹੈ। 2007 ਵਿਚ ਇਕ ਸਰਵੇਖਣ ਤੋਂ ਪਤਾ ਚੱਲਿਆ ਕਿ ਅਮਰੀਕਾ ਦੀ ਕੁੱਲ 33 ਕਰੋੜ ਜਨ ਸੰਖਿਆ ਵਿਚੋਂ 29 ਕਰੋੜ ਵਿਅਕਤੀਆਂ ਕੋਲ ਮਾਰੂ ਹਥਿਆਰ ਸਨ। ਇਹ ਕੁੱਲ ਅਬਾਦੀ ਦਾ 90 ਫੀਸਦੀ ਬਣਦਾ ਹੈ। ਜਦੋਂ ਵੀ ਅਮਰੀਕਾ ਵਿਚ ਹਥਿਆਰਾਂ ਦੀ ਖਰੀਦੋ ਫਰੋਖਤ ਉਤੇ ਪਾਬੰਦੀਆਂ ਲਗਾਉਣ ਦੀ ਗੱਲ ਚੱਲਦੀ ਹੈ ਜਾਂ ਕੋਈ ਵੱਡਾ ਹੱਤਿਆ ਕਾਂਡ ਹੁੰਦਾ ਹੈ ਤਾਂ ਹਥਿਆਰਾਂ ਦੀ ਵਿਕਰੀ ਵਿਚ ਇਕਦਮ ਵਾਧਾ ਹੋ ਜਾਂਦਾ ਹੈ।
ਸਮੂਹਿਕ ਹੱਤਿਆ ਕਾਂਡ ਦੀ ਹਰ ਘਟਨਾ ਮਗਰੋਂ ਅਮਰੀਕੀ ਜਨਤਾ, ਨੇਤਾਵਾਂ ਅਤੇ ਮੀਡੀਆ ਵੱਲੋਂ ਹਥਿਆਰਾਂ ‘ਤੇ ਪਾਬੰਦੀਆਂ ਲਗਾਉਣ (ਗੰਨ ਕੰਟਰੋਲ) ਲਈ ਆਵਾਜ਼ ਜੋਰ ਸ਼ੋਰ ਨਾਲ ਉਠਦੀ ਹੈ। ਸੈਨੇਟ ਵਿਚ ਜ਼ੋਰਦਾਰ ਬਹਿਸਾਂ ਹੁੰਦੀਆਂ ਹਨ, ਪਰ ਅੱਜ ਤੱਕ ਗੱਲ ਕਿਸੇ ਸਿਰੇ ਨਹੀਂ ਲੱਗ ਸਕੀ। ਵੱਡਾ ਕਾਰਨ, ਹਥਿਆਰ ਨਿਰਮਾਤਾਵਾਂ ਅਤੇ ਵਿਕਰੇਤਾਵਾਂ ਦੀ ਧਨਾਢ ਜਥੇਬੰਦੀ ਨੈਸ਼ਨਲ ਰਾਈਫਲ ਐਸੋਸੀਏਸ਼ਨ (ਗੰਨ ਲਾਬੀ) ਹੈ। ਆਪਣਾ ਉੱਲੂ ਸਿੱਧਾ ਕਰਨ ਲਈ ਇਹ ਰਾਜਸੀ ਪਾਰਟੀਆਂ ਨੂੰ ਲੱਖਾਂ ਡਾਲਰ ਦਾ ਚੰਦਾ ਦਿੰਦੀ ਹੈ। ਗੰਨ ਲਾਬੀ ਕੋਲ ਕਰੋੜਾਂ ਡਾਲਰ ਦੇ ਬਜਟ ਤੋਂ ਇਲਾਵਾ 50 ਲੱਖ ਮੈਂਬਰ ਹਨ ਜਿਨ੍ਹਾਂ ਨੂੰ ਨਾਰਾਜ਼ ਕਰਨ ਦੀ ਜੁਰਅਤ ਕੋਈ ਪਾਰਟੀ ਨਹੀਂ ਕਰ ਸਕਦੀ।
ਅਮਰੀਕਾ ਦੇ ਕਈ ਰਾਸ਼ਟਰਪਤੀਆਂ ਨੇ ਇਸ ਵਾਅਦੇ ਉਤੇ ਚੋਣਾਂ ਜਿੱਤੀਆਂ ਹਨ ਕਿ ਉਹ ਫੌਜ ਵੱਲੋਂ ਵਰਤੇ ਜਾਂਦੇ ਆਟੋਮੈਟਿਕ ਮਾਰੂ ਹਥਿਆਰਾਂ ਦੀ ਜਨਤਕ ਵਿਕਰੀ ਕਰਨ ‘ਤੇ ਪਾਬੰਦੀਆਂ ਲਗਾਉਣਗੇ। ਬਿਲ ਕਲਿੰਟਨ, ਜਾਰਜ ਵਾਕਰ ਬੁਸ਼ ਅਤੇ ਬਰਾਕ ਓਬਾਮਾ ਸਮੇਤ ਕਈ ਰਾਸ਼ਟਰਪਤੀਆਂ ਨੇ ਇਸ ਸਬੰਧੀ ਗੰਭੀਰ ਕੋਸ਼ਿਸ਼ਾਂ ਕੀਤੀਆਂ ਹਨ, ਪਰ ਟਰੰਪ ਦੇ ਰਾਸ਼ਟਰਪਤੀ ਬਣਨ ਪਿੱਛੋਂ ਇਸ ਮਸਲੇ ‘ਤੇ ਚੁੱਪ ਹੀ ਧਾਰ ਲਈ ਗਈ।