ਕਿਰਪਾਲ ਕੌਰ
ਫੋਨ: 815-356-9535
ਜਿਹੜਾ ਸਮਾਂ ਕੱਲ੍ਹ ਬੀਤ ਗਿਆ ਅਤੇ ਜਿਸ ਨੇ ਅਜੇ ਆਉਣਾ ਹੈ, ਦੋਵੇਂ ਕੱਲ੍ਹ ਨੇ। ਇਨ੍ਹਾਂ ਦੋਵਾਂ ਨੇ ਅੱਜ ਦੀ ਸੱਜੀ-ਖੱਬੀ ਬਾਂਹ ਫੜੀ ਹੋਈ ਹੈ। ਅੱਜ ਦੀਆਂ ਰੌਣਕਾਂ ਵਧਾਉਣ ਤੇ ਘਟਾਉਣ ਦਾ ਕੰਮ ਇਹ ਦੋਵੇਂ ਕੱਲ੍ਹ ਕਰਦੇ ਹਨ। ਅੱਜ ਦੇ ਨਿਰਾਸ਼ ਜੀਵਨ ਵਿਚ ਜਦ ਉਦਾਸੀ ਛਾਈ ਹੁੰਦੀ ਹੈ, ਤਾਂ ਕੱਲ੍ਹ ਦੇ ਬੀਤ ਚੁੱਕੇ ਉਹ ਖੁਸ਼ਨੁਮਾ ਪਲ ਯਾਦ ਆਉਂਦੇ ਹਨ ਤਾਂ ਹੰਝੂ ਕੇਰਦੇ ਨੈਣਾਂ ਵਿਚ ਵੀ ਖੁਸ਼ੀ ਦੀ ਚਮਕ ਆ ਜਾਂਦੀ ਹੈ। ਵਿਯੋਗ ਦੀ ਅੱਗ ਵਿਚ ਸੜਦੇ ਅੱਜ ਨੂੰ ਮਿਲਣ ਦੇ ਪਲਾਂ ਦੀ ਯਾਦ ਆਉਂਦਿਆਂ ਹੀ ਖੁਸ਼ੀ ਤੇ ਖੇੜਾ ਪਸਰਿਆ ਦਿਖਾਈ ਦੇਣ ਲੱਗ ਪੈਂਦਾ ਹੈ। ਅੱਜ ਜੇ ਕਿਸੇ ਦਾ ਅਤਿ ਪਿਆਰਾ ਬਹੁਤ ਬਿਮਾਰ ਹੈ, ਦੁਖੀ ਹੈ; ਤਾਂ ਕੱਲ੍ਹ ਨੂੰ ਉਸ ਦੇ ਠੀਕ ਹੋਣ ਦੀ ਆਸ ਵੀ ਤਾਂ ਹੈ। ਇਸੇ ਲਈ ਆਉਣ ਵਾਲਾ ਕੱਲ੍ਹ ਆਸਾਂ ਦਾ ਸਹਾਰਾ ਬਣਦਾ ਹੈ।
ਜੇ ਅੱਜ ਦੀ ਦਹਿਲੀਜ਼ ‘ਤੇ ਕੋਈ ਸੁਹਾਗਣ ਆਪਣਾ ਚੂੜਾ ਭੰਨ੍ਹਦੀ ਹੈ ਤਾਂ ਉਸ ਨੂੰ ਹਿੰਮਤ ਦੇਣ ਵਾਲੇ ਉਸ ਨੂੰ ਕੱਲ੍ਹ ਦਾ ਸਹਾਰਾ ਦਿੰਦੇ ਹਨ, “ਦੇਖ ਹੋਇਆ ਕੱਲ੍ਹ ਨੂੰ ਤੇਰਾ ਪੁੱਤਰ ਜਵਾਨ।” ਇਹ ਕਹਿ ਕੇ ਉਹ ਆਸਾਂ ਦੀ ਪਤੰਗ ਨੂੰ ਕੱਲ੍ਹ ਦੇ ਅਸਮਾਨ ਵਿਚ ਉਡਾ ਕੇ ਡੋਰੀ ਉਸ ਦੇ ਹੱਥ ਫੜਾ ਦਿੰਦੇ ਹਨ। ਇਨ੍ਹਾਂ ਉਮੀਦਾਂ ਦੇ ਸਹਾਰੇ ਉਹ ਉਠ ਖੜ੍ਹਦੀ ਹੈ ਤੇ ਉਨ੍ਹਾਂ ਯਾਦਾਂ ਦੇ ਸਹਾਰੇ ਜਿਹੜੀਆਂ ਕਦੀ ਲਾਲ ਚੂੜਾ ਪਾਉਂਦੀਆਂ ਸਨ, ਉਹ ਆਪਣਾ ਅੱਜ ਲੰਘਾਉਂਦੀ ਹੈ।
ਸਮੇਂ ਨੂੰ ਇਸੇ ਲਈ ਕਾਲ ਕਿਹਾ ਜਾਂਦਾ ਹੈ ਕਿਉਂ ਜੋ ਉਸ ਕੋਲ ਦੋ ਕੱਲ੍ਹ ਹਨ ਜੋ ਗੇੜੇ ‘ਤੇ ਗੇੜਾ ਦੇ ਰਹੇ ਹਨ। ਬੰਦੇ ਨੂੰ ਅੱਗੇ ਤੁਰਨ ਲਈ ਕਿਹਾ ਜਾਂਦਾ ਹੈ, “ਦੇਖ, ਕਿੰਨਾ ਸੋਹਣਾ ਉਜਾਲਾ ਹੋ ਰਿਹਾ ਹੈ, ਸੂਰਜ ਚੜ੍ਹ ਰਿਹਾ ਹੈ” ਤੇ ਬੀਤਿਆ ਕੱਲ੍ਹ ਵੀ ਪਿੱਛੋਂ ਧੱਕਾ ਲਾਉਂਦਾ ਹੈ। ਕੱਲ੍ਹ ਜਦ ਸੂਰਜ ਡੁੱਬਿਆ ਸੀ, ਹਨੇਰਾ ਹੋਇਆ ਸੀ; ਪਰ ਰਾਤ ਕਿੰਨੀ ਸੋਹਣੀ ਸੀ, ਚੰਦ ਤੇ ਤਾਰਿਆਂ ਵਾਲੀ ਰਾਤ। ਰਾਤ ਬੀਤਦੇ ਹੀ ਸੂਰਜ ਚੜ੍ਹ ਪੈਣਾ ਹੈ। ਕਈ ਵਾਰ ਪਰਦੇਸਾਂ ਵਿਚ ਰਹਿੰਦੇ ਪੁੱਤਰਾਂ ਦੀਆਂ ਮਾਂਵਾਂ ਵਿਛੋੜੇ ਦੇ ਹੰਝੂ ਵਹਾ-ਵਹਾ ਕੇ ਭਾਵੇਂ ਨੈਣਾਂ ਦੀ ਜੋਤ ਗੁਆ ਚੁੱਕੀਆਂ ਹੋਣ, ਪਰ ਪੁੱਤਰ ਦਾ ਸਿਰ ਪਲੋਸਣ ਦੀ ਆਸ ਲੈ ਕੇ ਕਈ ਕੱਲ੍ਹ ਬਿਤਾ ਦਿੰਦੀਆਂ ਹਨ। ਹੱਥਾਂ ਵਿਚ ਡਿਗਰੀਆਂ ਫੜੀ ਨੌਜਵਾਨ ਲੜਕੇ ਲੜਕੀਆਂ ਜਦ ਰਾਤ ਨੂੰ ਆਪੋ-ਆਪਣੇ ਘਰੀਂ ਪਰਤਦੇ ਹਨ ਤਾਂ ਸੋਚਦੇ ਹਨ-ਕੱਲ੍ਹ ਜਿਹੜੀ ਇੰਟਰਵਿਊ ਹੈ, ਸ਼ਾਇਦ ਉਹ ਨੌਕਰੀ ਮਿਲ ਜਾਵੇ। ਉਹ ਇਸੇ ਸੁਨਿਹਰੇ ਕੱਲ੍ਹ ਦੀ ਉਡੀਕ ਵਿਚ ਅੱਜ ਦੀ ਨਿਰਾਸ਼ ਦੌੜ ਨੂੰ ਭੁਲਾ ਕੇ ਸੌਂਦੇ ਹਨ।
ਕੱਲ੍ਹ ਇਹ ਹੋਇਆ ਸੀ, ਕੱਲ੍ਹ ਉਹ ਹੋਇਆ ਸੀ, ਕੱਲ੍ਹ ਨੂੰ ਸ਼ਾਇਦ ਇਸ ਤਰ੍ਹਾਂ ਹੋ ਜਾਵੇਗਾ! ਇਉਂ ਸਾਡੀ ਜ਼ਿੰਦਗੀ ਕੱਲ੍ਹ ਨਾਲ ਹੀ ਚਿੰਬੜੀ ਰਹਿੰਦੀ ਹੈ। ਕੱਲ੍ਹ ਦੀ ਕਿਸੇ ਦੀ ਪਲ ਛਿਣ ਦੀ ਮਿਲਣੀ ਕਈ ਵਾਰ ਇੰਨੀ ਮਿੱਠੀ ਹੋ ਨਿਬੜਦੀ ਹੈ ਕਿ ਸਿਦਕੀ ਜਿਊੜੇ ਆਉਣ ਵਾਲੇ ਜੀਵਨ ਦੇ ਸਾਰੇ ਕੱਲ੍ਹ ਉਸ ਕੱਲ੍ਹ ਦੇ ਸਹਾਰੇ ਕੱਟ ਲੈਂਦੇ ਹਨ।
ਆਪਣੇ ਉਜਲੇ ਕੱਲ੍ਹ ਦੇ ਚਾਨਣ ਦੇ ਸਹਾਰੇ ਕੌਮਾਂ ਆਪਣੇ-ਆਪ ਨੂੰ ਜਿਉਂਦਾ ਰੱਖ ਲੈਂਦੀਆਂ ਹਨ। ਅਸੀਂ ਗੁਰਦੁਆਰੇ ਜਾ ਕੇ ਆਪਣੇ ਕੱਲ੍ਹ ਦੀਆਂ ਚਾਨਣੀਆਂ, ਉਤਸ਼ਾਹ ਵਧਾਉਣ ਵਾਲੀਆਂ ਕਥਾਵਾਂ ਸੁਣਦੇ ਹਾਂ। ਉਤਸ਼ਾਹਿਤ ਹੋ ਕੇ ਅਸੀਂ ਆਪਣੇ-ਆਪ ਨੂੰ ਉਸ ਤਰ੍ਹਾਂ ਦਾ ਬਣਾਉਣਾ ਚਾਹੁੰਦੇ ਹਾਂ, “ਅਸੀਂ ਭੀ ਕੱਲ੍ਹ ਨੂੰ ਇਸ ਤਰ੍ਹਾਂ ਦੇ ਬਣ ਕੇ ਦਿਖਾਵਾਂਗੇ।” ਕੱਲ੍ਹ ਦੀ ਗਲਤੀ ਜੇ ਅਸੀਂ ਅੱਜ ਸਮਝ ਜਾਂਦੇ ਹਾਂ ਤਾਂ ਕੱਲ੍ਹ ਲਈ ਤਿਆਰ ਹੋ ਜਾਂਦੇ ਹਾਂ।
ਜਦੋਂ ਮਾਤਾ ਗੁਜਰੀ ਆਪਣੇ ਪੋਤਰਿਆਂ ਨੂੰ ਆਪਣੇ ਕੱਲ੍ਹ ਦੀ ਗੱਲ ਸੁਣਾਉਂਦੇ ਹਨ ਕਿ ਬੱਚਿਓ! ਤੁਹਾਡੇ ਬਾਬਾ ਜੀ ਹਿੰਦੂ ਧਰਮ ਨੂੰ ਬਚਾਉਣ ਲਈ ਸ਼ਹੀਦ ਹੋਏ। ਅੱਗੇ ਦੱਸਦੇ ਹਨ ਕਿ ਅੱਜ ਤੁਹਾਡੇ ਪਿਤਾ ਜੋ ਜੰਗ ਲੜ ਰਹੇ ਹਨ, ਉਹ ਇਸ ਲਈ ਕਿ ਸਿੱਖ ਧਰਮ ਅਤੇ ਦੇਸ਼ ਨੂੰ ਕੋਈ ਆਂਚ ਨਾ ਆਵੇ। ਇਹ ਸੁਣ ਕੇ ਉਹ ਨਿੱਕੇ-ਨਿੱਕੇ ਬਾਲ ਬੋਲੇ ਸਨ-ਮਾਂ, ਫਿਕਰ ਨਾ ਕਰੋ। ਲੋੜ ਪੈਣ ‘ਤੇ ਕੱਲ੍ਹ ਨੂੰ ਅਸੀਂ ਵੀ ਜੰਗ ਵਿਚ ਜਾਵਾਂਗੇ।æææਤੇ ਉਹ ਗਏ ਵੀ। ਅੱਜ ਉਨ੍ਹਾਂ ਬਹਾਦਰ ਬੱਚਿਆਂ ਦੇ ਸਾਕੇ-ਸਾਕਾ ਚਮਕੌਰ ਤੇ ਸਾਕਾ ਸਰਹਿੰਦ ਪੂਰੀ ਦੁਨੀਆਂ ਵਿਚ ਲਾਸਾਨੀ ਬਹਾਦਰੀ ਦੀ ਮਿਸਾਲ ਹੈ। ਸਿੱਖ ਇਤਿਹਾਸ ਦਾ ਇਹ ਕੱਲ੍ਹ ਆਉਣ ਵਾਲੇ ਯੁੱਗਾਂ ਦੇ ਕੱਲ੍ਹ ਨੂੰ ਬਹਾਦਰੀ ਤੇ ਨਿਰਭੈਤਾ ਦਾ ਪਾਠ ਪੜ੍ਹਾਉਂਦਾ ਰਹੇਗਾ।
ਹਰ ਮਨੁੱਖ ਦੇ ਬੀਤੇ ਕੱਲ੍ਹ ਵਿਚ ਕੋਈ ਨਾ ਕੋਈ ਪਲ ਇਹੋ ਜਿਹਾ ਹੁੰਦਾ ਹੈ ਜੋ ਉਸ ਨੂੰ ਆਪਣੀਆਂ ਯਾਦਾਂ ਦੇ ਝਰੋਖੇ ‘ਚੋਂ ਚਮਕਦਾ ਨਜ਼ਰ ਆ ਜਾਂਦਾ ਹੈ। ਚਮਕ ਭਾਵੇਂ ਦੀਪਕ ਦੀ ਹੋਵੇ ਜਾਂ ਟਿਮਟਮਾਉਂਦੇ ਜੁਗਨੂੰ ਦੀ, ਉਹ ਕੁਝ ਪਲ ਛਿਣ ਲਈ ਸੁੱਕੇ ਬੁੱਲ੍ਹਾਂ ‘ਤੇ ਤਰਲਤਾ ਲੈ ਹੀ ਆਉਂਦੀ ਹੈ। ਅੱਜ ਦੇ ਆਕਾਸ਼ ‘ਤੇ ਭਾਵੇਂ ਕਿੰਨੇ ਵੀ ਕਾਲੇ ਬੱਦਲ ਹੋਣ, ਗਮਾਂ ਦੀਆਂ ਘਟਾਵਾਂ ਕਿੰਨੀਆਂ ਵੀ ਡਰਾਉਣੀਆਂ ਹੋਣ, ਹਵਾ ਦੀ ਰਵਾਨੀ ਨਾਲ ਬੱਦਲ ਹਟਣ ਦੇ ਆਸਾਰ ਨਜ਼ਰ ਆ ਜਾਂਦੇ ਹਨ ਤੇ ਕੱਲ੍ਹ ਨੂੰ ਸੂਰਜ ਚਮਕਣ ਦੀ ਆਸ ਹੋ ਜਾਂਦੀ ਹੈ। ਸਾਡਾ ਜੀਵਨ ਹੀ ਇਸ ਤਰ੍ਹਾਂ ਦਾ ਹੈ ਕਿ ਭਾਵੇਂ ਕਿਸੇ ਭੰਵਰ ਵਿਚ ਫਸੇ ਹੋਈਏ, ਅਸੀਂ ਆਪਣੇ ਕੱਲ੍ਹ ‘ਚੋਂ ਕੋਈ ਨਾ ਕੋਈ ਬਾਂਹ ਆਪ ਹੀ ਭਾਲ ਲੈਂਦੇ ਹਾਂ, ਜੋ ਡੁੱਬਦਿਆਂ ਨੂੰ ਬਾਹਰ ਕੱਢ ਲੈਂਦੀ ਹੈ। ਜਿਹੜੇ ਅੱਜ ਦੇ ਹਨੇਰਿਆਂ ‘ਚੋਂ ਕੱਲ੍ਹ ਦਾ ਚਾਨਣ ਨਹੀਂ ਭਾਲ ਸਕਦੇ, ਅੱਜ ਡੁੱਬਦੇ ਹੋਏ ਕੱਲ੍ਹ ਦੀ ਬੁੱਕਲ ‘ਚੋਂ ਕੋਈ ਬਾਂਹ ਨਹੀਂ ਫੜ ਸਕਦੇ, ਉਹ ਕੱਲ੍ਹ ਦਾ ਉਗਣ ਵਾਲਾ ਸੂਰਜ ਵੀ ਨਹੀਂ ਦੇਖ ਸਕਦੇ। ਉਹ ਕਮਜ਼ੋਰ ਹੁੰਦੇ ਹਨ। ਉਨ੍ਹਾਂ ਨੂੰ ਅੱਜ ਦੇ ਚਾਨਣ ਵਿਚ ਖੜ੍ਹਿਆਂ ਨੂੰ ਵੀ ਹਨੇਰਾ ਦਿਸਦਾ ਹੈ। ਉਨ੍ਹਾਂ ਦਾ ਕੱਲ੍ਹ ਵੀ ਉਨ੍ਹਾਂ ਲਈ ਹਨੇਰਾ ਸੀ। ਜਿਹੜੇ ਲੋਕ ਬੀਤੇ ਕੱਲ੍ਹ ‘ਚੋਂ ਕੋਈ ਰੌਸ਼ਨੀ ਦੀ ਲਕੀਰ, ਉਮੀਦ ਦੀ ਕਿਰਨ ਲੱਭ ਲੈਂਦੇ ਹਨ, ਉਹ ਆਉਣ ਵਾਲੇ ਕੱਲ੍ਹ ਦੇ ਚਾਨਣ ਮੁਨਾਰੇ ਬਣ ਜਾਂਦੇ ਹਨ।
ਸਮੇਂ ਨੂੰ ਬਲਵਾਨ ਕਿਹਾ ਜਾਂਦਾ ਹੈ। ਇਸ ਨੂੰ ਕੋਈ ਫੜ ਨਹੀਂ ਸਕਦਾ। ਇਹ ਕਦੀ ਰੁਕਦਾ ਨਹੀਂ। ਇਸ ਨੂੰ ਕਦੀ ਅਸੀਂ ਉਲਟਾ ਗੇੜਾ ਨਹੀਂ ਦੇ ਸਕਦੇ। ਸਾਡੇ ਮਨ ਦੀ ਸ਼ਕਤੀ ਹੀ ਹੈ ਜੋ ਆਪਣੀ ਸੋਚ ਦੀ ਸਕਰੀਨ ‘ਤੇ ਬੀਤੇ ਸਮੇਂ ਦੀ ਕਾਰਗੁਜ਼ਾਰੀ ਮੁੜ ਸਾਡੀਆਂ ਅੰਦਰਲੀਆਂ ਅੱਖਾਂ ਨੂੰ ਦਿਖਾ ਸਕਦੀ ਹੈ। ਇਹ ਸ਼ਕਤੀ ਹੀ ਸਾਡੇ ਕੱਲ੍ਹ ਦੀਆਂ ਅਮੀਰੀਆਂ ਅਤੇ ਕਮਜ਼ੋਰੀਆਂ ਦਾ ਲੇਖਾ-ਜੋਖਾ ਕਰ ਕੇ ਆਉਣ ਵਾਲੇ ਕੱਲ੍ਹ ਦੇ ਸੁਪਨੇ ਸਜਾ ਕੇ ਸਾਨੂੰ ਤੋਰਦੀ ਹੈ। ਇਨ੍ਹਾਂ ਦੋਹਾਂ ਭੂਤ ਤੇ ਭਵਿੱਖ ਦੇ ਕੱਲ੍ਹ ਨਾਲ ਨਜਿੱਠਣ ਲਈ ਜ਼ਰੂਰੀ ਹੈ ਕਿ ਸਾਡੇ ਪੈਰ ਅੱਜ ਦੇ ਧਰਾਤਲ ‘ਤੇ ਮਜ਼ਬੂਤੀ ਨਾਲ ਟਿੱਕੇ ਹੋਏ ਹੋਣ।
ਜਿਹੜੀਆਂ ਕੌਮਾਂ ਨੇ ਆਪਣੇ ਬੀਤੇ ਕੱਲ੍ਹ ਨੂੰ ਭੁਲਾਇਆ ਨਹੀਂ, ਭਾਵੇਂ ਕਿਹੋ ਜਿਹਾ ਵੀ ਹੋਵੇ, ਅੱਜ ਦੀ ਧਰਤੀ ਵਿਚ ਆਪਣੀਆਂ ਜੜ੍ਹਾਂ ਗੱਡੀਆਂ ਹੋਈਆਂ ਹਨ। ਉਨ੍ਹਾਂ ਕੌਮਾਂ ਨੇ ਹੀ ਕੱਲ੍ਹ ਦੇ ਸੂਰਜ ਨੂੰ ‘ਜੀ ਆਇਆਂ’ ਕਹਿਣਾ ਹੈ, ਜਾਂ ਇਸ ਤਰ੍ਹਾਂ ਕਹਿ ਲਵੋ ਕਿ ਜਿਨ੍ਹਾਂ ਨੇ ਅੱਜ ਦੀ ਧਰਤੀ ‘ਤੇ ਪੈਰ ਟਿਕਾਇਆ ਹੋਇਆ ਹੈ ਅਤੇ ਆਪਣੇ ਬੀਤੇ ਕੱਲ੍ਹ ਨੂੰ ਨਾਲ ਉਂਗਲੀ ਲਾ ਕੇ ਅਗਲਾ ਕਦਮ ਪੁੱਟ ਕੇ ਕੱਲ੍ਹ ਵੱਲ ਜਾ ਰਹੇ ਹਨ, ਉਨ੍ਹਾਂ ਲਈ ਇਹ ਬੋਲ ਆਪ ਮੁਹਾਰੇ ਨਿਕਲਦੇ ਹਨ:
ਤੂੰ ਹੀ ਨਿਸ਼ਾਨੀ ਜੀਤ ਕੀ,
ਆਜ ਤੂੰ ਹੀ ਜਗ ਬੀਰ।
Leave a Reply