ਅਫਗਾਨਿਸਤਾਨ ਵਿਚੋਂ ਅਮਰੀਕੀ ਫੌਜ ਕੱਢਣ ਦਾ ਐਲਾਨ

ਵਾਸ਼ਿੰਗਟਨ: ਅਮਰੀਕਾ ਨੇ ਅਗਲੇ ਇਕ ਸਾਲ ਦੌਰਾਨ ਅਫ਼ਗਾਨਿਸਤਾਨ ਵਿਚੋਂ 34000 ਅਮਰੀਕੀ ਫੌਜੀ ਵਾਪਸ ਬੁਲਾਉਣ ਦਾ ਐਲਾਨ ਕੀਤਾ ਹੈ ਜਦਕਿ ਉੱਤਰੀ ਕੋਰੀਆ ਤੇ ਇਰਾਨ ਨੂੰ ਆਪੋ-ਆਪਣੇ ਵਿਵਾਦਗ੍ਰਸਤ ਪਰਮਾਣੂ ਪ੍ਰੋਗਰਾਮਾਂ ‘ਤੇ ਕੌਮਾਂਤਰੀ ਮਾਪਦੰਡਾਂ ਦੀ ਪਾਲਣਾ ਕਰਨ ਜਾਂ ਫਿਰ ਸਖ਼ਤ ਕਾਰਵਾਈ ਦਾ ਸਾਹਮਣਾ ਕਰਨ ਦੀ ਚਿਤਾਵਨੀ ਦਿੱਤੀ ਹੈ।
ਆਪਣੇ ਦੂਜੇ ਕਾਰਜਕਾਲ ਦੇ ਪਹਿਲੇ ਕੌਮ ਦੇ ਨਾਂ ਭਾਸ਼ਣ ਵਿਚ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਕਿ ਇਸ ਬਹਾਰ ਰੁੱਤੇ ਫੌਜ ਸਹਾਇਕ ਭੂਮਿਕਾ ਵਿਚ ਚਲੀ ਜਾਵੇਗੀ ਜਦਕਿ ਅਫ਼ਗਾਨ ਸੁਰੱਖਿਆ ਦਸਤੇ ਮੋਹਰੀ ਕਿਰਦਾਰ ਨਿਭਾਉਣਗੇ। ਅਮਰੀਕਾ, ਨਾਟੋ ਤੇ ਅਫ਼ਗਾਨਿਸਤਾਨ ਨੇ 2010 ਵਿਚ ਲਿਸਬਨ ਤੇ ਇਕ ਸਾਲ ਬਾਅਦ ਸ਼ਿਕਾਗੋ ਵਿਚ ਤੈਅ ਕੀਤਾ ਸੀ ਕਿ 2014 ਦੇ ਅਖੀਰ ਤਕ ਕਾਬੁਲ ਨੂੰ ਸੁਰੱਖਿਆ ਦੀ ਸਮੁੱਚੀ ਜ਼ਿੰਮੇਵਾਰੀ ਸੌਂਪ ਦਿੱਤੀ ਜਾਵੇਗੀ। ਉੱਤਰੀ ਕੋਰੀਆ ਵੱਲੋਂ ਕੀਤੇ ਪਰਮਾਣੂ ਤਜਰਬੇ ਜਿਸ ਨੂੰ ਉਨ੍ਹਾਂ ਭੜਕਾਊ ਕਾਰਵਾਈ ਕਰਾਰ ਦਿੱਤਾ ਸੀ, ਬਾਰੇ ਆਖਿਆ ਕਿ ਉੱਤਰੀ ਕੋਰੀਆ ਦੀ ਹਕੂਮਤ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਉਹ ਕੌਮਾਂਤਰੀ ਮਾਪਦੰਡਾਂ ਦੀ ਪਾਲਣਾ ਕਰਕੇ ਹੀ ਸੁਰੱਖਿਆ ਤੇ ਖੁਸ਼ਹਾਲੀ ਹਾਸਲ ਕਰ ਸਕਦੇ ਹਨ। ਉਨ੍ਹਾਂ ਇਰਾਨੀ ਆਗੂਆਂ ਨੂੰ ਵੀ ਆਖਿਆ ਕਿ ਤਹਿਰਾਨ ਦੇ ਪਰਮਾਣੂ ਪ੍ਰੋਗਰਾਮ ਬਾਰੇ ਅੜਿੱਕਾ ਖਤਮ ਕਰਨ ਦਾ ਸਮਾਂ ਆ ਗਿਆ ਹੈ ਤੇ ਇਸਲਾਮੀ ਗਣਰਾਜ ਲਈ ਕੂਟਨੀਤਕ ਰਾਹ ਅਜੇ ਵੀ ਖੁੱਲ੍ਹਾ ਹੋਇਆ ਹੈ। ਉਨ੍ਹਾਂ ਰੂਸ ਨੂੰ ਪਰਮਾਣੂ ਹਥਿਆਰਾਂ ਵਿਚ ਹੋਰ ਕਟੌਤੀ ਕਰਨ ਲਈ ਹੱਥ ਮਿਲਾਉਣ ਦੀ ਅਪੀਲ ਵੀ ਕੀਤੀ। ਸ੍ਰੀ ਓਬਾਮਾ ਨੇ ਸਕੂਲਾਂ ਤੇ ਸਵੱਛ ਊਰਜਾ ਵਿਚ ਵਧੇਰੇ ਨਿਵੇਸ਼, ਖ਼ਰਚਿਆਂ ਵਿਚ ਕਮੀ ਰਾਹੀਂ ਮਾਲੀ ਖਸਾਰਾ ਘਟਾਉਣ, ਟੈਕਸ ਵਧਾਉਣ ਤੇ ਬੇਹੱਦ ਮਹੱਤਵਪੂਰਨ ਸਹਾਇਕ ਢਾਂਚੇ ਨੂੰ ਵਿਦੇਸ਼ੀ ਦੁਸ਼ਮਣਾਂ ਦੇ ਸਾਈਬਰ ਹਮਲਿਆਂ ਤੋਂ ਬਚਾਉਣ ਦੇ ਨਵੇਂ ਤੌਰ-ਤਰੀਕਿਆਂ ‘ਤੇ ਜ਼ੋਰ ਦਿੱਤਾ।

Be the first to comment

Leave a Reply

Your email address will not be published.