ਸਾਕਾ ਨੀਲਾ ਤਾਰਾ ‘ਚ ਬਰਤਾਨੀਆ ਦੀ ਭੂਮਿਕਾ ਦੀ ਜਾਂਚ ਬਾਰੇ ਮੁੜ ਸਰਗਰਮੀ

ਲੰਡਨ: ਬ੍ਰਿਟਿਸ਼ ਸਿੱਖ ਨਾਂ ਦੀ ਜਥੇਬੰਦੀ ਨੇ ਆਪਣੀ ਇਕ ਨਵੀਂ ਰਿਪੋਰਟ ਵਿਚ 1984 ਦੇ ਉਪਰੇਸ਼ਨ ਨੀਲਾ ਤਾਰਾ ਵਿਚ ਯੂਕੇ ਸਰਕਾਰ ਵੱਲੋਂ ਭਾਰਤੀ ਫੌਜ ਦੀ ਕੀਤੀ ਇਮਦਾਦ ਦੀ ਨਿਰਪੱਖ ਸਰਕਾਰੀ ਜਾਂਚ ਕਰਾਏ ਜਾਣ ਦੀ ਮੰਗ ਕੀਤੀ ਹੈ। ਜਥੇਬੰਦੀ ਨੇ ਸਰਕਾਰ ਵੱਲੋਂ ਕੀਤੀ ਪਿਛਲੀ ਅੰਦਰੂਨੀ ਨਜ਼ਰਸਾਨੀ ਨੂੰ ਮਹਿਜ਼ ‘ਅੱਖਾਂ ਵਿਚ ਘੱਟਾ’ ਪਾਉਣ ਵਾਲੀ ਦੱਸਿਆ ਹੈ। ਸਿੱਖ ਫੈਡਰੇਸ਼ਨ ਯੂਕੇ ਵੱਲੋਂ ਤਿਆਰ ‘ਸੈਕਰੀਫਾਈਸਿੰਗ ਸਿੱਖਜ਼: ਦਿ ਨੀਡ ਫਾਰ ਐਨ ਇਨਵੈਸਟੀਗੇਸ਼ਨ’ ਨਾਂ ਦੀ ਇਸ ਰਿਪੋਰਟ ਨੂੰ ਅਜੇ ਯੂਕੇ ਦੀ ਸੰਸਦ ਵਿਚ ਅਧਿਕਾਰਤ ਤੌਰ ਉਤੇ ਰਿਲੀਜ਼ ਕੀਤਾ ਜਾਣਾ ਹੈ।

ਬ੍ਰਿਟਿਸ਼ ਸਿੱਖਾਂ ਦੀ ਆਲ ਪਾਰਟੀ ਸੰਸਦੀ ਗਰੁੱਪ (ਏæਪੀæਪੀæਜੀæ) ਦੀ ਹਮਾਇਤ ਹਾਸਲ ਇਸ ਰਿਪੋਰਟ ਵਿਚ ਉਪਰੋਕਤ ਮੁੱਦੇ ਦੀ ਕੀਤੀ ਨਜ਼ਰਸਾਨੀ ਨੂੰ ਯੂਕੇ ਸਰਕਾਰ ਵੱਲੋਂ ਪਰਦਾ ਪਾਉਣ ਦਾ ਯਤਨ ਦੱਸਿਆ ਗਿਆ ਹੈ। ਰਿਪੋਰਟ ਵਿਚ ਅੰਮ੍ਰਿਤਸਰ ਸਥਿਤ ਸਵਰਨ ਮੰਦਿਰ (ਹਰਿਮੰਦਰ ਸਾਹਿਬ) ਵਿਚ ਹੋਏ ਫੌਜੀ ਉਪਰੇਸ਼ਨ ਵਿਚ ਬ੍ਰਿਟਿਸ਼ ਸਪੈਸ਼ਲ ਏਅਰ ਸੇਵਾ (ਐਸ਼ਏæਐਸ਼) ਦੀ ਸ਼ਮੂਲੀਅਤ ਦੀ ਸਰਕਾਰੀ ਅਧਿਕਾਰੀ ਜੈਰੇਮੀ ਹੇਅਵੁੱਡ ਵੱਲੋਂ 2014 ਵਿਚ ਕੀਤੀ ਅੰਦਰੂਨੀ ਨਜ਼ਰਸਾਨੀ ਨੂੰ ਮਹਿਜ਼ ‘ਅੱਖਾਂ ਵਿਚ ਘੱਟਾ’ ਪਾਉਣ ਵਾਲੀ ਦੱਸਿਆ ਗਿਆ ਹੈ।
ਬ੍ਰਿਟਿਸ਼ ਸਿੱਖਾਂ ਦੀ ਏæਪੀæਪੀæਜੀæ ਦੀ ਮੁਖੀ ਤੇ ਹਾਊਸ ਆਫ ਕਾਮਨਜ਼ ਲਈ ਚੁਣੀ ਗਈ ਪਹਿਲੀ ਸਿੱਖ ਐਮæਪੀæ ਪ੍ਰੀਤ ਕੌਰ ਗਿੱਲ ਨੇ ਕਿਹਾ, ‘ਮੈਂ ਰਿਪੋਰਟ ‘ਸੈਕਰੀਫਾਈਸਿੰਗ ਸਿੱਖਜ਼’ ਦੀਆਂ ਲੱਭਤਾਂ ਨੂੰ ਲੈ ਕੇ ਦਿਲੋਂ ਫਿਕਰਮੰਦ ਹਾਂ, ਰਿਪੋਰਟ ਇਹ ਦਰਸਾਉਂਦੀ ਹੈ ਕਿ ਹੇਅਵੁੱਡ ਵੱਲੋਂ ਕੀਤੀ ਗਈ ਜਾਂਚ ਮਹਿਜ਼ ਡੰਗ ਸਾਰਨਾ ਸੀ।’ ਉਨ੍ਹਾਂ ਕਿਹਾ, ‘ਬ੍ਰਿਟਿਸ਼ ਸਰਕਾਰ ਸਿੱਖਾਂ ਵੱਲੋਂ ਪਹਿਲੀ ਤੇ ਦੂਜੀ ਆਲਮੀ ਜੰਗਾਂ ਵਿਚ ਪਾਏ ਯੋਗਦਾਨ ਤੋਂ ਭਲੀਭਾਂਤ ਵਾਕਿਫ ਹੈ ਤੇ ਸਰਕਾਰ ਨੇ ਉਨ੍ਹਾਂ ਦੇ ਵਿਸ਼ਵਾਸ ਨੂੰ ਤੋੜਿਆ ਹੈ। ਸਰਕਾਰ ਹਜ਼ਾਰਾਂ ਸਿੱਖਾਂ ‘ਤੇ ਢਾਹੇ ਕਹਿਰ ਵਿਚ ਅਸਿੱਧੇ ਤੌਰ ਉਤੇ ਸ਼ਾਮਲ ਸੀ।’ ਉਨ੍ਹਾਂ ਕਿਹਾ ਕਿ ਸਿੱਖ ਫੈਡਰੇਸ਼ਨ ਵੱਲੋਂ ਤਿਆਰ ਇਸ ਰਿਪੋਰਟ ‘ਚ ਕਈ ਅਜਿਹੇ ਤੱਥ ਜੱਗ ਜ਼ਾਹਰ ਹੋਏ ਹਨ, ਜਿਨ੍ਹਾਂ ਨੂੰ ਨਜ਼ਰ ਅੰਦਾਜ਼ ਕਰਨਾ ਮੁਸ਼ਕਲ ਹੈ ਅਤੇ ਜੋ ਨਵੇਂ ਸਿਰੇ ਤੋਂ ਜਾਂਚ ਦੀ ਮੰਗ ਕਰਦੇ ਹਨ।
ਰਿਪੋਰਟ ‘ਚ ਦਾਅਵਾ ਕੀਤਾ ਗਿਆ ਹੈ ਕਿ ਤਤਕਾਲੀਨ ਪ੍ਰਧਾਨ ਮੰਤਰੀ ਮਾਰਗਰੇਟ ਥੈੱਚਰ ਨੇ ਜੂਨ 1984 ਵਿਚ ਸਿੱਖਾਂ ਦੇ ਸਰਵਉਚ ਧਾਰਮਿਕ ਅਸਥਾਨ ਹਰਿਮੰਦਰ ਸਾਹਿਬ ਵਿਚ ਫੌਜੀ ਉਪਰੇਸ਼ਨ ਤੋਂ ਪਹਿਲਾਂ ਐਸ਼ਏæਐਸ਼ ਅਧਿਕਾਰੀ ਨੂੰ ਭਾਰਤੀ ਫੌਜ ਦੀ ਸਲਾਹ ਲਈ ਭੇਜਿਆ ਸੀ। ਇਸ ਅਧਿਕਾਰੀ ਦੀ ਸਲਾਹ ਮਗਰੋਂ ਹੀ ਭਾਰਤ ਨੇ ਬਰਤਾਨਵੀ ਸਰਕਾਰ ਨੂੰ ਪੈਰਾ ਮਿਲਟਰੀ ਯੂਨਿਟਾਂ ਫੌਰੀ ਭੇਜਣ ਦੀ ਅਪੀਲ ਕੀਤੀ ਸੀ, ਪਰ ਮਗਰੋਂ ਗੱਲਬਾਤ ਕਿਸੇ ਤਣ ਪੱਤਣ ਨਾ ਲੱਗਣ ਕਰ ਕੇ ਭਾਰਤੀ ਫੌਜ ਨੇ ਆਪਣੇ ਦਮ ‘ਤੇ ਉਪਰੇਸ਼ਨ ਨੀਲਾ ਤਾਰਾ ਨੂੰ ਅੰਜਾਮ ਦਿੱਤਾ।
ਸੱਜਰੀ ਰਿਪੋਰਟ ਲਿਖਣ ਵਾਲੇ ਮਿੱਲਰ ਨੇ ਦਾਅਵਾ ਕੀਤਾ ਹੈ ਕਿ ਯੂਕੇ ਕੁਝ ਅਜਿਹੀਆਂ ਇਤਿਹਾਸਕ ਫਾਈਲਾਂ ਨੂੰ ਲੁਕਾ ਰਿਹਾ ਹੈ, ਜੋ ਕਿ ਭਾਰਤੀ ਫੌਜੀ ਉਪਰੇਸ਼ਨ ਵਿਚ ਐਸ਼ਏæਐਸ਼ ਦੀ ਸ਼ਮੂਲੀਅਤ ‘ਤੇ ਚਾਨਣਾ ਪਾ ਸਕਦੀਆਂ ਹਨ। ਉਧਰ, ਸਿੱਖ ਫੈਡਰੇਸ਼ਨ ਯੂਕੇ ਦੇ ਮੁਖੀ ਭਾਈ ਅਮਰੀਕ ਸਿੰਘ ਨੇ ਕਿਹਾ ਕਿ ਸੱਜਰੀ ਰਿਪੋਰਟ ਨੇ ਹੇਅਵੁੱਡ ਦੀ ਰਿਪੋਰਟ ਸਬੰਧੀ ਸ਼ੰਕੇ ਖੜੇ ਕੀਤੇ ਹਨ। ਉਨ੍ਹਾਂ ਕਿਹਾ ਕਿ ਨਿਰਪੱਖ ਜਾਂਚ ਨਾਲ ਹੀ ਸੱਚ ਸਾਹਮਣੇ ਆਏਗਾ।