ਜੇਲ੍ਹਾਂ ਵਿਚ ਵੱਧ ਮੌਤਾਂ ਦਾ ਮਸਲਾ ਬਣਿਆ ਪੰਜਾਬ ਲਈ ਨਮੋਸ਼ੀ

ਚੰਡੀਗੜ੍ਹ: ਉਤਰ ਪ੍ਰਦੇਸ਼ ਤੋਂ ਬਾਅਦ ਪੰਜਾਬ ਦੀਆਂ ਜੇਲ੍ਹਾਂ ਵਿਚ ਸਭ ਤੋਂ ਵੱਧ ਕੈਦੀਆਂ ਦੀਆਂ ਮੌਤਾਂ ਹੋ ਰਹੀਆਂ ਹਨ। ਨੈਸ਼ਨਲ ਕਰਾਈਮ ਬਿਊਰੋ ਦੀ ਰਿਪੋਰਟ ਮੁਤਾਬਕ ਭਾਰਤ ਦੀਆਂ ਜੇਲ੍ਹਾਂ ਵਿਚ ਤਿੰਨ ਸਾਲਾਂ ਦੌਰਾਨ ਕੁਦਰਤੀ ਅਤੇ ਗੈਰ ਕੁਦਰਤੀ ਤਰੀਕੇ ਨਾਲ 6354 ਮੌਤਾਂ ਹੋਈਆਂ ਹਨ। ਇਸ ਸਮੇਂ ਦੌਰਾਨ ਯੂæਪੀæ ਦੀਆਂ ਜੇਲ੍ਹਾਂ ਵਿਚ 1358 ਅਤੇ ਪੰਜਾਬ ਦੀਆਂ ਜੇਲ੍ਹਾਂ ਵਿਚ 714 ਕੈਦੀਆਂ ਦੀ ਮੌਤ ਹੋਈ ਹੈ। ਬਿਊਰੋ ਦੀ ਇਸ ਰਿਪੋਰਟ ਵਿਚ ਸਾਲ 2012 ਤੋਂ 2015 ਦਾ ਸਮਾਂ ਰੱਖਿਆ ਗਿਆ ਹੈ।

ਪੰਜਾਬ ਅਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਦੀ ਮਾਡਲ ਜੇਲ੍ਹ ਵਿਚ ਕੋਈ ਗੈਰ ਕੁਦਰਤੀ ਮੌਤ ਨਹੀਂ ਹੋਈ ਹੈ।
ਰਿਪੋਰਟ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਜੇਲ੍ਹਾਂ ਵਿਚ ਗੈਰ ਕੁਦਰਤੀ ਮੌਤਾਂ ਦੀ ਵਜ੍ਹਾ ਆਤਮ ਹੱਤਿਆਵਾਂ ਬਣ ਰਹੀਆਂ ਹਨ ਜਾਂ ਫੇਰ ਕੈਦੀਆਂ ਵੱਲੋਂ ਇਕ-ਦੂਜੇ ਉਤੇ ਕੀਤੇ ਜਾ ਰਹੇ ਹਮਲਿਆਂ ਵਿਚ ਜਾਨਾਂ ਜਾਂਦੀਆਂ ਹਨ। ਇਸ ਤੋਂ ਬਿਨਾਂ ਜੇਲ੍ਹ ਅਧਿਕਾਰੀਆਂ ਦੀ ਅਲਗਰਜ਼ੀ ਵੀ ਕੈਦੀਆਂ ਦੀ ਗੈਰ ਕੁਦਰਤੀ ਮੌਤ ਦਾ ਕਾਰਨ ਬਣ ਰਹੀ ਹੈ। ਨੈਸ਼ਨਲ ਕਰਾਈਮ ਕੰਟਰੋਲ ਬਿਊਰੋ ਦੇ ਅੰਕੜੇ ਕਹਿੰਦੇ ਹਨ ਕਿ ਸਾਲ 2012 ਤੋਂ 2015 ਤੱਕ ਦੇਸ਼ ਭਰ ਦੀਆਂ ਜੇਲ੍ਹਾਂ ਵਿਚ ਗੈਰ ਕੁਦਰਤੀ ਢੰਗ ਨਾਲ 551 ਕੈਦੀਆਂ ਦੀ ਜਾਨ ਗਈ ਹੈ। ਇਨ੍ਹਾਂ ਵਿਚੋਂ 43 ਕੈਦੀ ਪੰਜਾਬ ਦੀਆਂ ਜੇਲ੍ਹਾਂ ਵਿਚ ਬੰਦ ਸਨ। ਪੰਜਾਬ ਦੀਆਂ ਜੇਲ੍ਹਾਂ ਵਿਚ ਸਾਲ 2015 ਵਿਚ ਪੰਜ ਕੈਦੀਆਂ ਦੀ ਗੈਰ ਕੁਦਰਤੀ ਮੌਤ ਹੋਈ, 2014 ਵਿਚ 12, 2013 ਵਿਚ ਨੌਂ ਅਤੇ 2012 ਵਿਚ ਸੱਤ ਕੈਦੀਆਂ ਦੀ ਮੌਤ ਗੈਰ ਕੁਦਰਤੀ ਸੀ। ਹਰਿਆਣਾ ਵਿਚ ਇਸ ਦੇ ਮੁਕਾਬਲੇ 2015 ਵਿਚ ਚਾਰ, 2014 ਵਿਚ ਦਸ, 2013 ਵਿਚ ਨੌਂ ਅਤੇ 2012 ਵਿਚ ਛੇ ਗੈਰ ਕੁਦਰਤੀ ਮੌਤਾਂ ਹੋਈਆਂ ਸਨ। ਉਤਰ ਪ੍ਰਦੇਸ਼ ਵਿਚ ਸਾਲ 2015 ਦੌਰਾਨ ਸਭ ਤੋਂ ਵੱਧ 323 ਮੌਤਾਂ ਹੋਈਆਂ ਸਨ ਜਦੋਂ ਕਿ ਪੰਜਾਬ ਵਿਚ ਇਹ ਅੰਕੜਾ 178 ਦੱਸਿਆ ਗਿਆ ਹੈ। ਇਸ ਸਮੇਂ ਦੌਰਾਨ ਦੇਸ਼ ਭਰ ਵਿਚ 1584 ਕੈਦੀਆਂ ਦੀ ਜਾਨ ਗਈ ਸੀ। ਸਾਲ 2014 ਵਿਚ 329 ਅਤੇ ਪੰਜਾਬ ਵਿਚ 23 ਕੈਦੀ ਮੌਤ ਦੇ ਮੂੰਹ ਵਿਚ ਗਏ ਸਨ।
ਪੰਜਾਬ ਪੁਲਿਸ ਦੇ ਜੇਲ੍ਹ ਵਿਭਾਗ ਦੇ ਇਕ ਉਚ ਅਫਸਰ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ ਉਤੇ ਦੱਸਿਆ ਕਿ ਕਈ ਨਸ਼ੇ ਦੀ ਲਤ ਜਾਂ ਐਚæਆਈæਵੀæ ਬਾਰੇ ਲੁਕੋ ਰੱਖਦੇ ਹਨ, ਜੋ ਮੌਤ ਦਾ ਕਾਰਨ ਬਣਦਾ ਹੈ। ਉਸ ਨੇ ਦਾਅਵਾ ਕੀਤਾ ਕਿ ਜੇਲ੍ਹ ਅਧਿਕਾਰੀਆਂ ਨੂੰ ਕੈਦੀਆਂ ਨੂੰ ਤੁਰਤ ਮੈਡੀਕਲ ਸਹਾਇਤਾ ਦੇਣ ਦੀਆਂ ਹਦਾਇਤਾਂ ਹਨ।
______________________________
ਜੇਲ੍ਹ ਵਿਚ ਗੈਂਗਸਟਰਾਂ ਦੇ ਜਸ਼ਨਾਂ ਨੇ ਖੋਲ੍ਹੀ ਪ੍ਰਬੰਧਾਂ ਦੀ ਪੋਲ
ਚੰਡੀਗੜ੍ਹ: ਪੰਜਾਬ ਦੀਆਂ ਜੇਲ੍ਹਾਂ ਦੀ ਇਕ ਵਾਰ ਮੁੜ ਪੋਲ ਖੁੱਲ੍ਹੀ ਹੈ। ਜੇਲ੍ਹ ਵਿਚ ਬੰਦ ਗੈਂਗਸਟਰਾਂ ਦਾ ਅਜਿਹਾ ਵੀਡੀਓ ਸਾਹਮਣੇ ਆਇਆ ਹੈ ਜਿਸ ਨੇ ਪੁਲਿਸ ਤੰਤਰ ਦੇ ਵੀ ਹੋਸ਼ ਉਡਾ ਦਿੱਤੇ ਹਨ। ਇਸ ਵੀਡੀਓ ਵਿਚ ਅੰਮ੍ਰਿਤਸਰ ਦੀ ਜੇਲ੍ਹ ਵਿਚ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਜਨਮ ਦਿਨ ਦੇ ਜਸ਼ਨ ਮਨਾਏ ਜਾ ਰਹੇ ਹਨ। ਵਧੀਕ ਡੀæਜੀæਪੀæ (ਜੇਲ੍ਹਾਂ) ਇਕਬਾਲਪ੍ਰੀਤ ਸਿੰਘ ਸਹੋਤਾ ਨੇ ਇਸ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਸਹੋਤਾ ਨੇ ਕਿਹਾ ਕਿ ਇਹ ਮਾਮਲਾ ਚਾਰ ਜੂਨ ਦਾ ਹੈ, ਜੋ ਉਨ੍ਹਾਂ ਦੇ ਜੇਲ੍ਹ ਵਿਭਾਗ ਵਿਚ ਆਉਣ ਤੋਂ ਪਹਿਲਾਂ ਦਾ ਹੈ ਪਰ ਡੀæਆਈæਜੀæ ਦੀ ਜਾਂਚ ਰਿਪੋਰਟ ‘ਤੇ ਜੇਲ੍ਹ ਅਮਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਦਰਅਸਲ, ਜੇਲ੍ਹ ਅੰਦਰ ਸ਼ਰੇਆਮ ਜਨਮ ਦਿਨ ਦੇ ਜਸ਼ਨ ਮਨਾਉਣ ਤੇ ਭੰਗੜੇ ਪਾਉਣ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋਈ ਹੈ। ਇਸ ਵੀਡੀਓ ‘ਚ ਕੈਦੀਆਂ ਦੇ ਹੱਥਾਂ ‘ਚ ਮਹਿੰਗੇ ਸਮਾਰਟਫੋਨ ਫੜੇ ਹੋਏ ਹਨ। ਜੇਲ੍ਹਾਂ ਵਿਚ ਮੋਬਾਈਲ ਫੋਨ ਦੀ ਵਰਤੋਂ ‘ਤੇ ਪਾਬੰਦੀ ਹੈ ਪਰ ਇਸ ਵੀਡੀਓ ਨੇ ਸਾਰੀ ਪੋਲ ਖੋਲ੍ਹ ਦਿੱਤੀ ਹੈ। ਪੁਲਿਸ ਰਿਪੋਰਟ ਮੁਤਾਬਕ ਸੂਬੇ ‘ਚ ਗੈਂਗਸਟਰਾਂ ਦੇ ਤਕਰੀਬਨ 55 ਗਰੋਹ ਸਰਗਰਮ ਹਨ, ਜਿਨ੍ਹਾਂ ਦੇ ਮੈਂਬਰਾਂ ਦੀ ਗਿਣਤੀ 500 ਤੋਂ ਵਧੇਰੇ ਹੈ। ਇਸ ਮੁਤਾਬਕ ਤਕਰੀਬਨ 300 ਗੈਂਗਸਟਰ ਪੁਲਿਸ ਦੀ ਗ੍ਰਿਫਤ ‘ਚੋਂ ਬਾਹਰ ਹਨ। ਗੈਂਗਸਟਰਾਂ ਦੇ ਸਿਰ ਉਤੇ ਸਿਆਸੀ ਆਗੂਆਂ ਦਾ ਹੱਥ ਹੋਣ ਦੇ ਇਲਜ਼ਾਮ ਵੀ ਲੱਗਦੇ ਹਨ।