ਖਰਚੇ ਦੇ ਜੁਗਾੜ ਲਈ ਹੱਥ ਪੈਰ ਮਾਰਨ ਲੱਗੀ ਸਰਕਾਰ

ਬਠਿੰਡਾ: ਪੰਜਾਬ ਸਰਕਾਰ ਹੁਣ ਕਰਜ਼ਾਈ ਕਿਸਾਨਾਂ ਨੂੰ ਰਾਹਤ ਦੇਣ ਲਈ ਮਾਰਕੀਟ ਫੀਸ ਤੇ ਦਿਹਾਤੀ ਵਿਕਾਸ ਫੰਡ ਵਰਤੇਗੀ। ਕਾਨੂੰਨੀ ਤੇ ਵਿਧਾਨਕ ਮਾਮਲਿਆਂ ਬਾਰੇ ਵਿਭਾਗ ਨੇ 30 ਅਕਤੂਬਰ ਨੂੰ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਸਕੱਤਰ ਵਿਵੇਕਪੁਰੀ ਵੱਲੋਂ ਜਾਰੀ ਪੰਜਾਬ ਆਰਡੀਨੈਂਸ ਨੰਬਰ 8 ਅਤੇ 9 ਆਫ਼ 2017 ਨਾਲ ਮਾਰਕੀਟ ਫੀਸ ਤੇ ਪੇਂਡੂ ਵਿਕਾਸ ਫੰਡ ਦਾ ਪੈਸਾ ਕਰਜ਼ਾਈ ਕਿਸਾਨਾਂ ਨੂੰ ਰਾਹਤ ਦੇਣ ਦਾ ਰਾਹ ਪੱਧਰਾ ਹੋ ਗਿਆ ਹੈ। ਪੰਜਾਬ ਸਰਕਾਰ ਨੇ ਪਹਿਲਾਂ ਆਰਡੀਨੈਂਸ 6 ਅਤੇ 7 ਆਫ਼ 2017 ਜਾਰੀ ਕਰ ਕੇ ਮਾਰਕੀਟ ਫੀਸ ਅਤੇ ਦਿਹਾਤੀ ਵਿਕਾਸ ਫੰਡ ਦੋ-ਦੋ ਤੋਂ ਵਧਾ ਕੇ ਤਿੰਨ-ਤਿੰਨ ਫੀਸਦੀ ਕੀਤਾ ਸੀ।

ਵੇਰਵਿਆਂ ਅਨੁਸਾਰ ਮਾਰਕੀਟ ਫੀਸ ਅਤੇ ਦਿਹਾਤੀ ਵਿਕਾਸ ਫੰਡ ਤੋਂ ਪਹਿਲਾਂ ਤਕਰੀਬਨ ਦੋ ਹਜ਼ਾਰ ਕਰੋੜ ਰੁਪਏ ਦੀ ਆਮਦਨ ਹੋ ਰਹੀ ਸੀ। ਦੋ ਫੀਸਦੀ ਦੇ ਵਾਧੇ ਨਾਲ ਹੁਣ ਖਜ਼ਾਨੇ ਨੂੰ ਤਕਰੀਬਨ 900 ਕਰੋੜ ਰੁਪਏ ਸਾਲਾਨਾ ਹੋਰ ਮਿਲਣਗੇ। ਰੌਲਾ ਇਹ ਵੀ ਪਿਆ ਹੈ ਕਿ ਜੇ ਮਾਰਕੀਟ ਫੀਸ ਤੇ ਦਿਹਾਤੀ ਵਿਕਾਸ ਫੰਡ ਦਾ ਸਾਰਾ ਪੈਸਾ ਕਰਜ਼ਾਈ ਕਿਸਾਨਾਂ ਦੀ ਮਦਦ ਉਤੇ ਖਰਚ ਕਰ ਦਿੱਤਾ ਤਾਂ ਲਿੰਕ ਸੜਕਾਂ ਅਤੇ ਪੇਂਡੂ ਢਾਂਚੇ ਦੇ ਵਿਕਾਸ ਨੂੰ ਸੱਟ ਵੱਜੇਗੀ ਪਰ ਸਰਕਾਰ ਨੇ ਸਿਰਫ ਦੋ ਫੀਸਦੀ ਵਾਧੇ ਵਾਲੀ ਆਮਦਨ ਕਰਜ਼ਾਈ ਕਿਸਾਨਾਂ ‘ਤੇ ਖਰਚਣ ਦਾ ਫੈਸਲਾ ਕੀਤਾ ਹੈ। ਭਾਵੇਂ ਇਸ ਫੀਸ ਵਿਚ ਵਾਧੇ ਦਾ ਕਿਸਾਨਾਂ ਉਤੇ ਕੋਈ ਬੋਝ ਨਹੀਂ ਪਵੇਗਾ ਪਰ ਰਾਜ ਸਰਕਾਰ ਨੇ ਜੁਗਾੜਬੰਦੀ ਕਰ ਕੇ ਕੇਂਦਰ ਤੋਂ ਪੈਸਾ ਲਿਆਉਣ ਦਾ ਟੇਢਾ ਰਾਹ ਕੱਢ ਲਿਆ ਹੈ। ਸੂਤਰ ਆਖਦੇ ਹਨ ਕਿ ਪੰਜਾਬ ਸਰਕਾਰ ਨੇ ਕੇਂਦਰ ਤੋਂ ਟੇਢੇ ਢੰਗ ਨਾਲ ਪੈਸਾ ਖਿੱਚਣ ਦਾ ਤਰੀਕਾ ਵਰਤਿਆ ਹੈ। ਹੁਣ ਜੋ ਮਾਰਕੀਟ ਫੀਸ ਤੇ ਦਿਹਾਤੀ ਵਿਕਾਸ ਫੰਡ ਵਿਚ ਦੋ ਫੀਸਦੀ ਵਾਧੇ ਵਾਲਾ ਪੈਸਾ ਪ੍ਰਾਪਤ ਹੋਵੇਗਾ, ਉਹ ਅਸਲ ਵਿਚ ਕੇਂਦਰ ਸਰਕਾਰ ਤੋਂ ਵਾਇਆ ਖਰੀਦ ਏਜੰਸੀਆਂ ਪ੍ਰਾਪਤ ਹੋਵੇਗਾ। ਇਸ ਵਾਧੇ ਮਗਰੋਂ ਪੰਜਾਬ ਦੇਸ਼ ਦਾ ਸਭ ਤੋਂ ਵੱਧ ਮਾਰਕੀਟ ਫੀਸ ਲੈਣ ਵਾਲਾ ਸੂਬਾ ਬਣ ਗਿਆ ਹੈ।
__________________________________________
ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਤੋਂ ਬਾਜਵਾ ਨਾਖੁਸ਼
ਚੰਡੀਗੜ੍ਹ: ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਸੂਬੇ ਵਿਚ ਆਪਣੀ ਪਾਰਟੀ ਦੀ ਸਰਕਾਰ ਦੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ ਹਨ ਅਤੇ ਉਨ੍ਹਾਂ ਨੇ ਆਪਣੀ ਸਰਕਾਰ ਖਿਲਾਫ਼ ਭੜਾਸ ਕੱਢਦਿਆਂ ਬੇਵਸੀ ਜ਼ਾਹਿਰ ਕੀਤੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਕੌਮੀ ਮੀਤ ਪ੍ਰਧਾਨ ਰਾਹੁਲ ਗਾਂਧੀ ਨੂੰ ਤਿੰਨ ਮਹੀਨੇ ਪਹਿਲਾਂ ਅਸਤੀਫਾ ਭੇਜ ਕੇ ਇਕ ਖਤ ਲਿਖਿਆ ਸੀ ਕਿ ਜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ, ਸਾਬਕਾ ਮੰਤਰੀਆਂ ਬਿਕਰਮ ਸਿੰਘ ਮਜੀਠੀਆ, ਤੋਤਾ ਸਿੰਘ ਤੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਖਿਲਾਫ਼ ਪੰਜਾਬ ਸਰਕਾਰ ਕਾਰਵਾਈ ਨਹੀਂ ਕਰਦੀ ਤਾਂ ਮੈਂ ਕੀ ਕਰਾਂ? ਮੈਂ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣਨ ‘ਤੇ ਮਹੀਨੇ ਅੰਦਰ ਇਨ੍ਹਾਂ ਆਗੂਆਂ ਨੂੰ ਜੇਲ੍ਹ ਵਿਚ ਸੁੱਟਣ ਲਈ ਕਿਹਾ ਸੀ ਅਤੇ ਹੁਣ ਵੀ ਆਪਣੇ ਸਟੈਂਡ ‘ਤੇ ਕਾਇਮ ਹਾਂ। ਉਨ੍ਹਾਂ ਕਿਹਾ ਕਿ ਇਨ੍ਹਾਂ ਖਿਲਾਫ਼ ਅਜੇ ਤੱਕ ਕਾਰਵਾਈ ਕਿਉਂ ਨਹੀਂ ਹੋਈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਕਾਰਵਾਈ ਨਾ ਕੀਤੀ ਤਾਂ ਇਸ ਨਾਲ ਕਾਂਗਰਸ ਸਰਕਾਰ ਤੇ ਪਾਰਟੀ ਦੋਵਾਂ ਦਾ ਅਕਸ ਖਰਾਬ ਹੋਵੇਗਾ। ਦੱਸਣਯੋਗ ਹੈ ਕਿ ਨਸ਼ਿਆਂ ਦੇ ਮੁੱਦੇ ‘ਤੇ ਕੈਪਟਨ ਸਰਕਾਰ ਤੇ ਕਾਂਗਰਸੀ ਵਿਧਾਇਕਾਂ ਵਿਚਾਲੇ ਤਿੱਖੇ ਮਤਭੇਦ ਹਨ। ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਤੋਂ ਕੁਝ ਦਿਨ ਪਹਿਲਾਂ ਕਾਂਗਰਸ ਦੇ 40 ਵਿਧਾਇਕਾਂ ਨੇ ਬਿਕਰਮ ਸਿੰਘ ਮਜੀਠੀਆ ਵਿਰੁੱਧ ਕਾਰਵਾਈ ਲਈ ਮੁੱਖ ਮੰਤਰੀ ਨੂੰ ਇਕ ਪੱਤਰ ਵੀ ਦਿੱਤਾ ਸੀ। ਇਨ੍ਹਾਂ ਵਿਧਾਇਕਾਂ ਦੇ ਆਗੂ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਜ਼ਿਮਨੀ ਚੋਣ ਬਾਅਦ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਸੀ। ਉਨ੍ਹਾਂ ਨੇ ਕੈਪਟਨ ਨੂੰ ਸਪੱਸ਼ਟ ਕਰ ਦਿੱਤਾ ਸੀ ਕਿ ਜੇਕਰ ਕਾਰਵਾਈ ਨਾ ਕੀਤੀ ਤਾਂ ਉਹ ਇਸ ਮਾਮਲੇ ਨੂੰ ਜਨਤਕ ਕਰ ਦੇਣਗੇ।