ਹਾਕੀ ਵਿਚ ਭਾਰਤੀ ਕੁੜੀਆਂ ਬਣੀਆਂ ਏਸ਼ੀਆਈ ਚੈਂਪੀਅਨ

ਕਾਕਾਮਿਗਹਾਰਾ (ਜਾਪਾਨ): ਭਾਰਤੀ ਮਹਿਲਾ ਹਾਕੀ ਟੀਮ ਨੇ ਏਸ਼ੀਆ ਕੱਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਫਾਈਨਲ ਵਿਚ ਚੀਨ ਨੂੰ ਹਰਾ ਕੇ ਖਿਤਾਬ ਆਪਣੇ ਨਾਂ ਕਰ ਲਿਆ। ਭਾਰਤੀ ਮਹਿਲਾ ਟੀਮ ਦਾ ਇਹ 13 ਸਾਲਾਂ ਬਾਅਦ ਦੂਸਰਾ ਏਸ਼ੀਆ ਕੱਪ ਖਿਤਾਬ ਹੈ। ਇਸ ਤੋਂ ਪਹਿਲਾਂ ਭਾਰਤ ਨੇ 2004 ਵਿਚ ਇਸ ਪ੍ਰਮੁੱਖ ਖਿਤਾਬ ਨੂੰ ਆਪਣੇ ਨਾਂ ਕੀਤਾ ਸੀ, ਜਦੋਂ ਉਸ ਨੇ ਜਾਪਾਨ ਨੂੰ 1-0 ਨਾਲ ਹਰਾਇਆ ਸੀ। ਭਾਰਤੀ ਟੀਮ ਚੌਥੀ ਵਾਰੀ ਇਸ ਟੂਰਨਾਮੈਂਟ ਦੇ ਫਾਈਨਲ ‘ਚ ਪਹੁੰਚੀ ਸੀ।

1999 ਵਿਚ ਉਸ ਨੂੰ ਆਪਣੀ ਮੇਜ਼ਬਾਨੀ ‘ਚ ਫਾਈਨਲ ਵਿਚ ਦੱਖਣੀ ਕੋਰੀਆ ਹੱਥੋਂ 2-3 ਦੀ ਹਾਰ ਮਿਲੀ ਸੀ। ਹਾਲਾਂਕਿ, 2004 ਵਿਚ ਇਸ ਖਿਤਾਬ ਨੂੰ ਜਿੱਤਣ ‘ਚ ਕਾਮਯਾਬ ਰਹੀ। ਸਾਲ 2009 ਵਿਚ ਬੈਂਕਾਕ ‘ਚ ਹੋਏ ਟੂਰਨਾਮੈਂਟ ਦੌਰਾਨ ਭਾਰਤੀ ਟੀਮ ਨੇ ਫਾਈਨਲ ਤੱਕ ਦਾ ਸਫਰ ਤੈਅ ਕੀਤਾ ਸੀ ਪਰ ਚੀਨ ਨੇ 5-3 ਨਾਲ ਹਰਾ ਕੇ ਖਿਤਾਬ ‘ਤੇ ਕਬਜ਼ਾ ਕਰ ਲਿਆ ਸੀ ਪਰ ਹੁਣ ਉਸ ਨੇ ਚੀਨ ਨੂੰ ਹਰਾ ਕੇ ਆਪਣੀ ਉਸ ਹਾਰ ਦਾ ਬਦਲਾ ਲੈ ਲਿਆ। ਭਾਰਤ ਨੇ ਇਸ ਟੂਰਨਾਮੈਂਟ ਦੇ ਆਪਣੇ ਗਰੁੱਪ ਦੇ ਸਾਰੇ ਮੈਚ ਜਿੱਤੇ, ਜਿਸ ‘ਚ ਉਸ ਨੇ ਮਲੇਸ਼ੀਆ, ਸਿੰਗਾਪੁਰ ਤੇ ਚੀਨ ਨੂੰ ਹਰਾਇਆ। ਭਾਰਤੀ ਟੀਮ ਨੇ ਇਸ ਟੂਰਨਾਮੈਂਟ ਵਿਚ ਆਪਣਾ ਕੋਈ ਵੀ ਮੈਚ ਨਹੀਂ ਹਾਰਿਆ। ਫਾਈਨਲ ਮੁਕਾਬਲੇ ਵਿਚ ਭਾਰਤ ਤੇ ਚੀਨ ਵਿਚਕਾਰ ਜ਼ਬਰਦਸਤ ਟੱਕਰ ਦੇਖਣ ਨੂੰ ਮਿਲੀ। ਫਾਈਨਲ ਸਮੇਂ ਤੱਕ ਸਕੋਰ 1-1 ਨਾਲ ਬਰਾਬਰ ਰਿਹਾ। ਨਤੀਜੇ ਲਈ ਮੈਚ ਸ਼ੂਟਆਊਟ ਤੱਕ ਪਹੁੰਚਿਆ। ਭਾਰਤੀ ਮਹਿਲਾਵਾਂ ਨੇ ਇਥੇ ਵਧੀਆ ਤਾਲਮੇਲ ਤੇ ਸਹੀ ਰਣਨੀਤੀ ਦੇ ਨਾਲ ਖੇਡਦਿਆਂ ਹੋਇਆ 5-4 ਨਾਲ ਜਿੱਤ ਦਰਜ ਕਰਕੇ ਖਿਤਾਬ ਆਪਣੇ ਨਾਂ ਕੀਤਾ। ਇਸ ਤੋਂ ਪਹਿਲਾਂ ਨਵਜੋਤ ਕੌਰ ਨੇ ਪਹਿਲੇ ਹਾਫ ਵਿਚ ਮੈਦਾਨੀ ਗੋਲ ਕਰ ਕੇ ਭਾਰਤੀ ਟੀਮ ਨੂੰ 1-0 ਤੋਂ ਅੱਗੇ ਕੀਤਾ। ਨਵਜੋਤ ਨੇ 25ਵੇਂ ਮਿੰਟ ‘ਚ ਸ਼ਾਨਦਾਰ ਗੋਲ ਕੀਤਾ। ਹਾਫ ਟਾਈਮ ਤੱਕ ਸਕੋਰ ਭਾਰਤੀ ਟੀਮ ਦੇ ਪੱਖ ‘ਚ ਸੀ ਪਰ 47ਵੇਂ ਮਿੰਟ ਵਿਚ ਤਿਆਨਤੀਆਨ ਲੁਓ ਨੇ ਗੋਲ ਕਰ ਕੇ ਸਕੋਰ 1-1 ਉਤੇ ਬਰਾਬਰ ਕਰ ਦਿੱਤਾ। ਫਿਰ ਨਤੀਜੇ ਲਈ ਸ਼ੂਟਆਊਟ ਤੱਕ ਮੈਚ ਪਹੁੰਚਿਆ। ਇਕ ਸਮੇਂ ਤੱਕ ਦੋਵਾਂ ਟੀਮਾਂ ਸ਼ੂਟਆਊਟ ‘ਚ 4-4 ਨਾਲ ਬਰਾਬਰੀ ਉਤੇ ਸਨ ਪਰ ਅਖੀਰ ਵਿਚ ਰਾਣੀ ਨੇ ਗੋਲ ਕਰ ਦਿੱਤਾ ਤੇ ਸਕੋਰ 5-4 ਹੋ ਗਿਆ।
ਇਸ ਤੋਂ ਪਹਿਲਾਂ ਸੈਮੀਫਾਈਨਲ ‘ਚ ਗੁਰਜੀਤ ਕੌਰ ਦੀ ਹੈਟ੍ਰਿਕ ਨਾਲ ਕਜਾਕਿਸਤਾਨ ਨੂੰ ਹਰਾ ਕੇ ਭਾਰਤੀ ਮਹਿਲਾ ਹਾਕੀ ਟੀਮ ਨੇ ਏਸ਼ੀਆ ਕੱਪ ਟੂਰਨਾਮੈਂਟ-2017 ਦੇ ਫਾਈਨਲ ‘ਚ ਜਗ੍ਹਾ ਬਣਾਈ ਸੀ। ਇਸ ਤੋਂ ਇਲਾਵਾ ਦੱਖਣੀ ਕੋਰੀਆ ਨੇ ਦਿਨ ਦੇ ਪਹਿਲੇ ਮੈਚ ‘ਚ ਜਾਪਾਨ ਨੂੰ 1-0 ਨਾਲ ਹਰਾ ਕੇ ਤੀਸਰਾ ਸਥਾਨ ਹਾਸਲ ਕੀਤਾ।
__________________________________
ਵਿਸ਼ਵ ਕੱਪ ਵਿਚ ਖੇਡਣ ਲਈ ਮਿਲੀ ਟਿਕਟ
ਇਸ ਦੇ ਨਾਲ ਹੀ ਭਾਰਤੀ ਟੀਮ ਨੇ 2018 ਵਿਚ ਹੋਣ ਵਾਲੇ ਵਿਸ਼ਵ ਕੱਪ ‘ਚ ਖੇਡਣ ਦੀ ਯੋਗਤਾ ਹਾਸਲ ਕਰ ਲਈ ਹੈ। ਭਾਰਤੀ ਮਹਿਲਾ ਹਾਕੀ ਟੀਮ ਨੇ ਮਹਿਲਾ ਏਸ਼ੀਆ ਕੱਪ ਫਾਈਨਲ ‘ਚ ਚੀਨ ਨੂੰ ਹਰਾ ਕੇ ਇਹ ਖਿਤਾਬ ਪੂਰੇ 13 ਸਾਲ ਬਾਅਦ ਆਪਣੇ ਨਾਂ ਕੀਤਾ ਹੈ। ਇਸ ਤੋਂ ਪਹਿਲਾਂ ਭਾਰਤ ਨੇ 2004 ‘ਚ ਇਸ ਪ੍ਰਮੁੱਖ ਖਿਤਾਬ ਨੂੰ ਆਪਣੇ ਨਾਂ ਕੀਤਾ ਸੀ, ਜਦੋਂ ਉਸ ਨੇ ਜਾਪਾਨ ਨੂੰ 1-0 ਨਾਲ ਹਰਾਇਆ ਸੀ। ਭਾਰਤੀ ਟੀਮ ਚੌਥੀ ਵਾਰੀ ਇਸ ਟੂਰਨਾਮੈਂਟ ਦੇ ਫਾਈਨਲ ‘ਚ ਪਹੁੰਚੀ ਸੀ ਪਰ ਖਿਤਾਬ ਸਿਰਫ ਇਕ ਵਾਰ ਹੀ ਜਿੱਤ ਸਕੀ ਸੀ ਪਰ ਇਸ ਸਾਲ ਚੀਨ ਨੂੰ 5-3 ਨਾਲ ਹਰਾ ਕੇ ਭਾਰਤ ਨੇ ਖਿਤਾਬ ਆਪਣੇ ਨਾਂ ਕਰ ਲਿਆ।