ਆਪਸੀ ਖਿਚੋਤਾਣ ਨਿਬੇੜਨ ਲਈ ਹੁਣ ‘ਆਪ’ ਨੇ ਫੜੀ ਸਰਗਰਮੀ

ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਵੱਲੋਂ ਪੰਜਾਬ ਵਿਚ ਆਪਸੀ ਖਿੱਚੋਤਾਣ ਨੂੰ ਦੂਰ ਕਰਨ ਲਈ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਅਤੇ ਤੈਅ ਹੋਇਆ ਕਿ ਕਮੇਟੀ ਵੱਲੋਂ ਪਾਸ ਕੀਤੇ ਗਏ ਫੈਸਲੇ ਹੀ ਪਾਰਟੀ ਪੱਧਰ ‘ਤੇ ਲਾਗੂ ਕੀਤੇ ਜਾਣਗੇ। ਦਿੱਲੀ ਵਿਚ ਹੋਈ ਬੈਠਕ ਵਿਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਗੋਪਾਲ ਰਾਏ, ਪੰਕਜ ਗੁਪਤਾ ਤੇ ਆਸ਼ੂਤੋਸ਼ ਹਾਜ਼ਰ ਸਨ ਅਤੇ ਉਨ੍ਹਾਂ ਹਾਜ਼ਰ ਵਿਧਾਇਕਾਂ ਤੇ ਅਹੁਦੇਦਾਰਾਂ ਨਾਲ ਸੂਬੇ ਦੇ ਸਿਆਸੀ ਹਾਲਾਤ ਬਾਰੇ ਚਰਚਾ ਕੀਤੀ।

ਪੰਜਾਬ ‘ਚ ਪਾਰਟੀ ਇਕਾਈ ਨੂੰ ਹੋਰ ਮਜ਼ਬੂਤ ਕਰਨ ਬਾਰੇ ਵਿਚਾਰ ਮਸ਼ਵਰਾ ਕੀਤਾ ਗਿਆ। ਇਹ ਵੀ ਚਰਚਾ ਹੈ ਕਿ ਆਪ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪਾਰਟੀ ਦੇ ਪੰਜਾਬ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ, ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਅਤੇ ਮੀਤ ਪ੍ਰਧਾਨ ਤੇ ਵਿਧਾਇਕ ਅਮਨ ਅਰੋੜਾ ਨੂੰ ਪਿਛਲੇ ਦਿਨੀਂ ਦਿੱਲੀ ਸੱਦ ਕੇ ਦਿੱਤੀ ਨਸੀਹਤ ਤੋਂ ਬਾਅਦ ਤਿੰਨਾਂ ਆਗੂਆਂ ਵਿਚਲੀ ਆਪੋਧਾਪੀ ਨੂੰ ਹੈਰਾਨੀਜਨਕ ਢੰਗ ਨਾਲ ਠੱਲ੍ਹ ਪਈ ਹੈ।
ਪਿਛਲੇ ਸਮੇਂ ਭਗਵੰਤ ਮਾਨ, ਅਮਨ ਅਰੋੜਾ ਅਤੇ ਸੁਖਪਾਲ ਸਿੰਘ ਖਹਿਰਾ ਵਿਚਕਾਰ ਕਈ ਤਰ੍ਹਾਂ ਦੇ ਵਖਰੇਵੇਂ ਪੈਦਾ ਹੋ ਗਏ ਸਨ, ਜਿਸ ਦੀ ਚਰਚਾ ਸ਼ੁਰੂ ਹੋ ਗਈ ਸੀ। ਪਾਰਟੀ ਦੇ ਕੁਝ ਸੂਬਾਈ ਤੇ ਜ਼ਿਲ੍ਹਾ ਆਗੂਆਂ ਸਮੇਤ ਕਈ ਵਿਧਾਇਕਾਂ ਨੇ ਗੁਪਤ ਮੀਟਿੰਗ ਕਰ ਕੇ ਇਸ ਦਾ ਗੰਭੀਰ ਨੋਟਿਸ ਲਿਆ ਸੀ ਅਤੇ ਤਿੰਨਾਂ ਪ੍ਰਮੁੱਖ ਨੇਤਾਵਾਂ ਵਿਚਕਾਰ ਪੈਦਾ ਹੋਏ ਵਖਰੇਵਿਆਂ ਕਾਰਨ ਪਾਰਟੀ ਦੀ ਕਾਰਗੁਜ਼ਾਰੀ ਨੂੰ ਲੱਗ ਰਹੀ ਸੱਟ ਦੀ ਜਾਣਕਾਰੀ ਸ੍ਰੀ ਕੇਜਰੀਵਾਲ ਨੂੰ ਦਿੱਤੀ ਗਈ ਸੀ। ਇਸ ਮੀਟਿੰਗ ਵਿਚ ਹਾਈਕਮਾਂਡ ਤੋਂ ਸੂਬੇ ਦਾ ਨਵਾਂ ਇੰਚਾਰਜ ਨਿਯੁਕਤ ਕਰਨ ਦੀ ਮੰਗ ਕੀਤੀ ਗਈ ਸੀ। ਸੂਤਰਾਂ ਅਨੁਸਾਰ ਸ੍ਰੀ ਕੇਜਰੀਵਾਲ ਨੂੰ ਇਸ ਮੀਟਿੰਗ ਵਿਚ ਸ਼ਾਮਲ ਨੇਤਾਵਾਂ ਤੋਂ ਇਲਾਵਾ ਹੋਰ ਸਰੋਤਾਂ ਰਾਹੀਂ ਵੀ ਤਿੰਨਾਂ ਆਗੂਆਂ ਵਿਚਕਾਰ ਕੋਈ ਤਾਲਮੇਲ ਨਾ ਹੋਣ ਅਤੇ ਇਕ-ਦੂਜੇ ਵਿਰੁੱਧ ਖਿੱਚੋਤਾਣ ਵਧਣ ਦੀ ਜਾਣਕਾਰੀ ਮਿਲੀ ਸੀ। ਸ੍ਰੀ ਕੇਜਰੀਵਾਲ ਨੇ ਤਿੰਨਾਂ ਆਗੂਆਂ ਨੂੰ ਦਿੱਲੀ ਤਲਬ ਕਰ ਕੇ ਉਨ੍ਹਾਂ ਨੂੰ ਆਪਸੀ ਮਤਭੇਦ ਭੁਲਾਉਣ ਦੀ ਨਸੀਹਤ ਦਿੱਤੀ ਸੀ।
ਸੂਤਰਾਂ ਅਨੁਸਾਰ ਤਿੰਨਾਂ ਆਗੂਆਂ ਨੇ ਸ੍ਰੀ ਕੇਜਰੀਵਾਲ ਕੋਲ ਆਪੋ-ਆਪਣਾ ਪੱਖ ਰੱਖਿਆ ਸੀ ਤੇ ਸ੍ਰੀ ਕੇਜਰੀਵਾਲ ਨੇ ਤਿੰਨਾਂ ਨੂੰ ਸੁਣਨ ਤੋਂ ਬਾਅਦ ਗੁਰਦਾਸਪੁਰ ਉਪ ਚੋਣ ਵਿਚ ਪਾਰਟੀ ਦੀ ਹੋਈ ਨਮੋਸ਼ੀ ਭਰੀ ਹਾਰ ਦਾ ਜ਼ਿਕਰ ਕਰਦਿਆਂ ਇਕਜੁੱਟ ਹੋਣ ਦੀ ਨਸੀਹਤ ਦਿੱਤੀ ਸੀ। ਸ੍ਰੀ ਕੇਜਰੀਵਾਲ ਦੀ ਨਸੀਹਤ ਦਾ ਅਸਰ ਝਲਕ ਰਿਹਾ ਹੈ। ਪਹਿਲਾਂ ਇਕ ਮੁੱਦੇ ਉਤੇ ਤਿੰਨਾਂ ਆਗੂਆਂ ਦੇ ਮੀਡੀਆ ਵਿਚ ਵੱਖੋ-ਵੱਖਰੇ ਬਿਆਨ ਜਾਰੀ ਕੀਤੇ ਜਾਂਦੇ ਸਨ। ਇਸੇ ਖਿੱਚੋਤਾਣ ਦੌਰਾਨ ਅਮਨ ਅਰੋੜਾ ਨੇ ਕੁਝ ਵਿਧਾਇਕਾਂ ਸਮੇਤ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੇæਪੀæ ਰਾਣਾ ਨੂੰ ਇਕ ਮੁੱਦੇ ਉਤੇ ਮਿਲ ਕੇ ਸ਼ਾਇਦ ਇਹ ਸੰਕੇਤ ਦੇਣ ਦਾ ਯਤਨ ਕੀਤਾ ਸੀ ਕਿ ਸਾਰੇ ਵਿਧਾਇਕ ਸ੍ਰੀ ਖਹਿਰਾ ਨਾਲ ਨਹੀਂ ਹਨ। ਸੂਤਰਾਂ ਅਨੁਸਾਰ ਇਸ ਘਟਨਾ ਤੋਂ ਬਾਅਦ ਮਾਮਲਾ ਸ੍ਰੀ ਕੇਜਰੀਵਾਲ ਕੋਲ ਪੁੱਜਾ ਸੀ, ਜਿਸ ਮਗਰੋਂ ਨੇਤਾਵਾਂ ਵੱਲੋਂ ਤਾਲਮੇਲ ਦਿਖਾਇਆ ਜਾ ਰਿਹਾ ਹੈ।
ਪਿਛਲੇ ਦਿਨਾਂ ਤੋਂ ਉਲਟ ਤਿੰਨਾਂ ਨੇਤਾਵਾਂ ਵੱਲੋਂ ਹੁਣ ਸਾਂਝੇ ਬਿਆਨ ਜਾਰੀ ਕੀਤੇ ਜਾਂਦੇ ਹਨ। ਸ੍ਰੀ ਖਹਿਰਾ ਨੇ ਜਦੋਂ ਅਦਾਲਤ ਵੱਲੋਂ ਸੰਮਨ ਭੇਜਣ ਦੇ ਮੁੱਦੇ ਉਪਰ ਪ੍ਰੈੱਸ ਕਾਨਫਰੰਸ ਸੱਦੀ ਸੀ ਤਾਂ ਅਮਨ ਅਰੋੜਾ ਵੀ ਸ਼ਾਮਲ ਹੋਏ ਸਨ। ਸੰਕੇਤ ਮਿਲ ਰਹੇ ਹਨ ਕਿ ਸ੍ਰੀ ਕੇਜਰੀਵਾਲ ਛੇਤੀ ਹੀ ਪੰਜਾਬ ਇਕਾਈ ਲਈ ਨਵਾਂ ਇੰਚਾਰਜ ਨਿਯੁਕਤ ਕਰ ਰਹੇ ਹਨ, ਜਿਸ ਨਾਲ ਦਿੱਲੀ ਦੀ ਲੀਡਰਸ਼ਿਪ ਦੇ ਨੇੜਲੇ ਪੰਜਾਬ ਦੇ ਆਗੂਆਂ ਦੀ ਪੁੱਛਗਿੱਛ ਹੋਣ ਦੀ ਸੰਭਾਵਨਾ ਹੈ।
_____________________________________________
ਸੰਜੇ ਤੇ ਦੁਰਗੇਸ਼ ਨੂੰ ‘ਆਪ’ ਤੋਂ ਮਿਲੀ ਕਲੀਨ ਚਿੱਟ
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੀ ਪੰਜਾਬ ਇਕਾਈ ਨੇ ਹਾਈਕਮਾਂਡ ਕੋਲੋਂ ਇੰਚਾਰਜ ਨਿਯੁਕਤ ਕਰਨ ਦੀ ਮੰਗ ਕਰਦਿਆਂ ਹੈਰਾਨੀ ਭਰੇ ਢੰਗ ਨਾਲ ਪਹਿਲੇ ਇੰਚਾਰਜਾਂ ਸੰਜੇ ਸਿੰਘ ਅਤੇ ਦੁਰਗੇਸ਼ ਪਾਠਕ ਨੂੰ ਚੋਣਾਂ ਦੌਰਾਨ ਲੱਗੇ ਵੱਖ-ਵੱਖ ਦੋਸ਼ਾਂ ਤੋਂ ਕਲੀਨ ਚਿੱਟ ਦੇ ਦਿੱਤੀ ਹੈ। ਸੂਤਰਾਂ ਅਨੁਸਾਰ ਦਿੱਲੀ ਵਿਚ ਪਾਰਟੀ ਦੀ ਕੌਮੀ ਕੌਂਸਲ ਦੀ ਮੀਟਿੰਗ ਦੌਰਾਨ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਦੀਆਂ ਮੁਸ਼ਕਲਾਂ ਅਤੇ ਮੰਗਾਂ ਸੁਣਨ ਲਈ ਤਿੰਨ ਆਗੂਆਂ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਮੰਤਰੀ ਗੋਪਾਲ ਰਾਏ ਅਤੇ ਪੰਕਜ ਕੁਮਾਰ ਦੀ ਡਿਊਟੀ ਲਾਈ ਗਈ ਸੀ। ਮੀਟਿੰਗ ਵਿਚ ਪੰਜਾਬ ਵੱਲੋਂ ਪਾਰਟੀ ਪ੍ਰਧਾਨ ਭਗਵੰਤ ਮਾਨ, ਸਹਿ ਪ੍ਰਧਾਨ ਅਮਨ ਅਰੋੜਾ ਸਮੇਤ ਕਈ ਵਿਧਾਇਕ, ਸੂਬਾਈ ਲੀਡਰ ਅਤੇ ਜ਼ਿਲ੍ਹਿਆਂ ਆਦਿ ਦੇ ਪ੍ਰਧਾਨ ਵੀ ਮੌਜੂਦ ਸਨ।