ਆਫੀਆ ਸਦੀਕੀ ਦਾ ਜਹਾਦ-5

1972 ਵਿਚ ਪਾਕਿਸਤਾਨ ‘ਚ ਜੰਮੀ ਆਫੀਆ ਸਦੀਕੀ ਦੀ ਇਹ ਕਹਾਣੀ ‘ਆਫੀਆ ਸਦੀਕੀ ਦਾ ਜਹਾਦ’ ਰੌਂਗਟੇ ਖੜ੍ਹੇ ਕਰਨ ਵਾਲੀ ਹੈ। ਆਫੀਆ ਨੇ ਅਮਰੀਕਾ ਵਿਚ ਉਚ ਸਿੱਖਿਆ ਹਾਸਲ ਕੀਤੀ ਅਤੇ ਡਾਕਟਰ ਬਣੀ, ਪਰ ਉਸ ਦੇ ਜ਼ਿਹਨ ਵਿਚ ਉਸ ਸਿੱਖਿਆ ਨੇ ਵਾਹਵਾ ਉਥਲ-ਪੁਥਲ ਮਚਾਈ ਜੋ ਉਸ ਨੇ ਆਪਣੀ ਅੰਮੜੀ ਦੀਆਂ ਮਜ਼ਹਬੀ ਤਕਰੀਰਾਂ ਤੋਂ ਗ੍ਰਹਿਣ ਕੀਤੀ ਸੀ। ਕਿਸੇ ਨੂੰ ਚਿਤ-ਚੇਤਾ ਵੀ ਨਹੀਂ ਸੀ ਕਿ ਇਸ ਕੁੜੀ ਦਾ ਨਾਂ ਇੰਨੀ ਵੱਡੀ ਪੱਧਰ ਉਤੇ ਜਹਾਦ ਨਾਲ ਜੁੜ ਜਾਵੇਗਾ। ਬਾਅਦ ਵਿਚ ਅਮਰੀਕੀ ਜੇਲ੍ਹਾਂ ਵਿਚ ਇਸ ਕੁੜੀ ਨਾਲ ਜੋ ਹੋਈ-ਬੀਤੀ, ਉਹ ਸੁਣ ਕੇ ਤਾਂ ਪੱਥਰ-ਦਿਲ ਵੀ ਕੰਬ ਉਠਦੇ ਹਨ। ਇਹ ਅਸਲ ਵਿਚ ਇਕੱਲੀ ਆਫੀਆ ਦੀ ਕਥਾ-ਕਹਾਣੀ ਨਹੀਂ, ਸਗੋਂ ਉਸ ਪੀੜ੍ਹੀ ਦੀ ਹੋਣੀ ਦਾ ਬਿਆਨ ਹੈ ਜੋ ਜਹਾਦ ਦੇ ਨਾਂ ਹੇਠ ਰੜੇ ਮੈਦਾਨ ਵਿਚ ਕੁੱਦ ਪਏ। ਅੱਜਕੱਲ੍ਹ ਇਹ ਕੁੜੀ ਅਮਰੀਕੀ ਜੇਲ੍ਹ ਵਿਚ ਬੰਦ ਹੈ ਅਤੇ ਉਸ ਨੂੰ 86 ਸਾਲ ਦੀ ਸਜ਼ਾ ਮਿਲੀ ਹੋਈ ਹੈ। ਲੇਖਕ ਹਰਮਹਿੰਦਰ ਚਹਿਲ ਨੇ ਆਫੀਆ ਦੀ ਇਸ ਕਹਾਣੀ ਦੇ ਬਹਾਨੇ ਉਸ ਉਬਾਲੇ ਮਾਰਦੇ ਵਕਤ ਦੀ ਬਾਤ ਪਾਈ ਹੈ ਜਦੋਂ ਆਲਾ-ਦੁਆਲਾ ਬਹੁਤ ਤੇਜ਼ੀ ਨਾਲ ਕਰਵਟਾਂ ਲੈ ਰਿਹਾ ਸੀ ਅਤੇ ਮਾਸੂਮ ਜਿੰਦਾਂ ਇਨ੍ਹਾਂ ਕਰਵਟਾਂ ਦੇ ਰੂ-ਬ-ਰੂ ਹੋ ਰਹੀਆਂ ਸਨ। ਹਰਮਹਿੰਦਰ ਚਹਿਲ ਦੀ ਇਹ ਲੰਮੀ ਰਚਨਾ ਅਸੀਂ ‘ਪੰਜਾਬ ਟਾਈਮਜ਼’ ਦੇ ਪਾਠਕਾਂ ਲਈ ਲੜੀਵਾਰ ਪ੍ਰਕਾਸ਼ਤ ਕਰ ਰਹੇ ਹਾਂ। -ਸੰਪਾਦਕ

ਹਰਮਹਿੰਦਰ ਚਹਿਲ
ਫੋਨ: 703-362-3239
ਤੁਸੀਂ ਪੜ੍ਹ ਚੁਕੇ ਹੋæææ
ਸਾਲ 2008 ਵਿਚ ਗਜ਼ਨੀ (ਅਫਗਾਨਿਸਤਾਨ) ਵਿਚ ਇਕ ਮੁਟਿਆਰ ਦੀ ਗ੍ਰਿਫਤਾਰੀ ਹੋਈ। ਇਹ ਮੁਟਿਆਰ ਐਫ਼ਬੀæਆਈæ ਵਲੋਂ ਖਤਰਨਾਕ ਐਲਾਨੀ ਦਹਿਸ਼ਤਪਸੰਦ ਆਫੀਆ ਸਦੀਕੀ ਸੀ। ਪਾਕਿਸਤਾਨ ‘ਚ ਰਹਿੰਦਿਆਂ ਆਫੀਆ ਦੀ ਮਾਂ ਇਸਮਤ ਜਹਾਨ ਮਜ਼ਹਬੀ ਤਾਲੀਮ ਦੇ ਖੇਤਰ ਦੀ ਉਘੀ ਸ਼ਖਸੀਅਤ ਸੀ ਤੇ ਇਸ ਮਜ਼ਹਬੀ ਤਾਲੀਮ ਦਾ ਆਫੀਆ ਉਤੇ ਗੂੜ੍ਹਾ ਰੰਗ ਚੜ੍ਹਿਆ। ਆਲੇ-ਦੁਆਲੇ ਦੇ ਮਾਹੌਲ ਨੇ ਵੀ ਅਸਰ ਪਾਇਆ। ਅਫਗਾਨਿਸਤਾਨ ਲਈ ਪਹਿਲਾ ਜਹਾਦੀ ਟੋਲਾ ਸਦੀਕੀ ਪਰਿਵਾਰ ਦੇ ਘਰ ਤੋਂ ਥੋੜ੍ਹੀ ਹੀ ਦੂਰ ਬਿਨੂਰੀ ਕਸਬੇ ਦੀ ਮਸਜਿਦ ‘ਚੋਂ ਗਿਆ ਸੀ। ਪਰਿਵਾਰ ਦਾ ‘ਜਹਾਦੀ’ ਜਨਰਲ ਜ਼ਿਆ-ਉਲ-ਹੱਕ ਅਤੇ ਹੋਰ ਕਹਿੰਦੇ-ਕਹਾਉਂਦੇ ਪਰਿਵਾਰਾਂ ਨਾਲ ਰਾਬਤਾ ਸੀ। ਫਿਰ ਆਫੀਆ ਪੜ੍ਹਾਈ ਲਈ ਆਪਣੇ ਭਰਾ ਮੁਹੰਮਦ ਅਲੀ ਕੋਲ ਅਮਰੀਕਾ ਪੁੱਜ ਗਈ। ਅਲੀ ਕੋਲ ਆਉਂਦੇ ਉਸ ਦੇ ਦੋਸਤਾਂ ਨਾਲ ਉਹ ਅਕਸਰ ਇਸਲਾਮ ਬਾਰੇ ਬਹਿਸਾਂ ਕਰਦੀ। ਉਸ ਦੀ ਹਰ ਗੱਲ ਮਜ਼ਹਬ ਦੇ ਪ੍ਰਸੰਗ ਵਿਚ ਹੁੰਦੀ। ਇਸਲਾਮ ਉਸ ਨੂੰ ਦੁਨੀਆਂ ਦਾ ਨਿਆਰਾ ਅਤੇ ਬਿਹਤਰ ਮਜ਼ਹਬ ਜਾਪਦਾ ਸੀ। ਇਸੇ ਜੋਸ਼ ਵਿਚ ਉਹ ਦੂਜੇ ਮਜ਼ਹਬਾਂ ਦੀ ਕਦਰ ਕਰਨਾ ਵੀ ਭੁੱਲ ਜਾਂਦੀ। ਉਸ ਦੀ ਲੋਚਾ ਸੰਸਾਰ ਉਤੇ ਇਸਲਾਮ ਦਾ ਬੋਲਬਾਲਾ ਸੀ। ਉਹ ਬੋਸਟਨ ਦੀ ਪ੍ਰਸਿੱਧ ਸੰਸਥਾ ਮੈਸਾਚੂਸੈਟਸ ਇੰਸੀਚਿਊਟ ਆਫ ਟੈਕਨਾਲੋਜੀ ਵਿਚ ਦਾਖਲ ਹੋਈ ਤਾਂ ਆਪਣੀ ਲਿਆਕਤ ਕਰ ਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਵਿਚ ਮਕਬੂਲ ਹੋ ਗਈ। ਉਥੇ ਉਸ ਦਾ ਸੰਪਰਕ ਮੁਸਲਿਮ ਸਟੂਡੈਂਟਸ ਐਸੋਸੀਏਸ਼ਨ ਨਾਲ ਹੋਇਆ ਤੇ ਫਿਰ ਜਹਾਦੀਆਂ ਨਾਲ। ਜਹਾਦੀਆਂ ਦਾ ਮੁੱਖ ਨਾਅਰਾ ਵੱਧ ਤੋਂ ਵੱਧ ਕਾਫਰ ਮਾਰਨ ਦਾ ਸੀ। ਇਨ੍ਹਾਂ ਨੇ 26 ਫਰਵਰੀ 1993 ਨੂੰ ਵਰਲਡ ਟਰੇਡ ਨਾਰਥ ਟਾਵਰ ਦੀ ਪਾਰਕਿੰਗ ਵਿਚ ਧਮਾਕਾ ਕੀਤਾ; ਪਰ ਛੇਤੀ ਹੀ ਧਮਾਕੇ ਦਾ ਮੁੱਖ ਸੂਤਰਦਾਰ ਸ਼ੇਖ ਉਮਰ ਅਬਦੁਲ ਰਹਿਮਾਨ ਫੜਿਆ ਗਿਆ।æææਹੁਣ ਅੱਗੇ ਪੜ੍ਹੋæææ

ਆਫੀਆ ਨੇ ਅਗਲੀਆਂ ਕਲਾਸਾਂ ਲਈ ਰਜਿਸਟਰੇਸ਼ਨ ਕਰਵਾ ਦਿੱਤੀ ਤੇ 1993 ਦੀਆਂ ਗਰਮੀਆਂ ਦੀਆਂ ਛੁੱਟੀਆਂ ਪਾਕਿਸਤਾਨ ਵਿਚ ਮਨਾਉਣ ਦਾ ਫੈਸਲਾ ਕਰਕੇ ਟਿਕਟ ਖਰੀਦੀ ਤੇ ਅਗਲੇ ਹਫਤੇ ਹੀ ਪਾਕਿਸਤਾਨ ਚਲੀ ਗਈ। ਉਸ ਦੇ ਕਰਾਚੀ ਪਹੁੰਚਣ ਦੇ ਅਗਲੇ ਦਿਨ ਹੀ ਉਸ ਦਾ ਮਾਮਾ ਐਸ਼ਐਚæ ਫਾਰੂਕੀ ਆਪਣੀ ਘਰਵਾਲੀ ਸਮੇਤ ਮਿਲਣ ਆ ਗਿਆ। ਦੁਪਹਿਰ ਦੇ ਖਾਣੇ ਪਿੱਛੋਂ ਸਾਰਾ ਪਰਿਵਾਰ ਡਰਾਇੰਗ ਰੂਮ ‘ਚ ਬੈਠਾ ਗੱਲੀਂ ਰੁੱਝਿਆ ਹੋਇਆ ਸੀ।
“ਅੱਬੂ ਤੁਸੀਂ ਵੇਖਣ ਨੂੰ ਤਾਂ ਬਿਮਾਰ ਬਿਲਕੁਲ ਨ੍ਹੀਂ ਲੱਗਦੇ, ਪਰ ਫੋਨ ‘ਤੇ ਮਸਾਂ ਈ ਬੋਲਦੇ ਹੁੰਨੇ ਓਂ?” ਆਫੀਆ ਨੇ ਹਾਸੇ ਨਾਲ ਕਿਹਾ।
“ਭਾਈ ਸਾਹਬ ਬਿਲਕੁਲ ਤੰਦਰੁਸਤ ਨੇ, ਇਹ ਤਾਂ ਤੈਨੂੰ ਇੱਥੇ ਆ ਜਾਣ ਲਈ ਬਹਾਨਾ ਘੜਿਆ ਹੋਵੇਗਾ।” ਕੋਲੋਂ ਫਾਰੂਕੀ ਵੀ ਹੱਸਿਆ।
“ਬਿਮਾਰ ਨੂੰ ਬੇਟਾ ਆਫੀਆ ਕੀ ਐ; ਇਸ ਉਮਰ ‘ਚ ਤਾਂ ਵੈਸੇ ਵੀ ਕੋਈ ਨਾ ਕੋਈ ਬਿਮਾਰੀ ਚੰਬੜੀ ਰਹਿੰਦੀ ਐ।” ਆਫੀਆ ਦੇ ਪਿਉ ਨੇ ਢਿੱਲਾ ਜਿਹਾ ਉਤਰ ਦਿੱਤਾ। ਇਸ ਪਿੱਛੋਂ ਹੋਰ ਘਰੇਲੂ ਗੱਲਾਂ ਚੱਲ ਪਈਆਂ।
“ਹੁਣ ਤਾਂ ਫੌਜ਼ੀਆ ਬੇਟੀ ਵੀ ਅਮਰੀਕਾ ਦੀ ਤਿਆਰੀ ਕਰ ਰਹੀ ਲੱਗਦੀ ਐ।” ਫਾਰੂਕੀ ਦੀ ਬੇਗਮ ਨੇ ਗੱਲ ਬਦਲੀ।
“ਹਾਂ ਜੀ ਦਾਖਲਾ ਤਾਂ ਹੋ ਗਿਆ ਐ। ਬੱਸ ਹੁਣ ਜਾਣ ਦਾ ਈ ਕਰਨਾ ਐਂ।”
“ਕੀ ਪੜ੍ਹ ਰਹੀ ਐਂ ਫੌਜ਼ੀਆ ਬੇਟੀ?”
“ਜੀ ਡਾਕਟਰੀ।”
“ਬਹੁਤ ਚੰਗਾ ਐ। ਅੱਜਕੱਲ੍ਹ ਆਪਣੇ ਮੁੰਡੇ-ਕੁੜੀਆਂ ਧੜਾ ਧੜ ਅਮਰੀਕਾ ਜਾ ਕੇ ਡਾਕਟਰ, ਨਰਸਾਂ ਬਣ ਰਹੇ ਨੇ। ਬੜੇ ਫਖ਼ਰ ਵਾਲੀ ਗੱਲ ਐ ਇਹ ਤਾਂ।” ਫਾਰੂਕੀ ਨੇ ਮਾਣ ਨਾਲ ਫੌਜ਼ੀਆ ਵੱਲ ਵੇਖਦਿਆਂ ਕਿਹਾ।
“ਪਰ ਕੁਝ ਕੁ ਲੋਕ ਪਾਕਿਸਤਾਨ ਦੇ ਨਾਂ ਨੂੰ ਉਥੇ ਜਾ ਕੇ ਧੱਬਾ ਵੀ ਲਾ ਰਹੇ ਨੇ।” ਸੁਲੇਹ ਸਦੀਕੀ ਨੇ ਚੋਟ ਕੀਤੀ।
“ਤੁਸੀਂ ਕਿਸ ਦੀ ਗੱਲ ਕਰਦੇ ਓਂ? ਇਸਮਤ ਨੇ ਚੁੱਪ ਤੋੜੀ।
“ਬਲੋਚਿਸਤਾਨ ਦੇ ਉਸ ਅਲ ਬਲੋਚੀ ਪਰਿਵਾਰ ਦੇ ਮੁੰਡੇ ਰਮਜ਼ੀ ਯੂਸਫ ਦੀ; ਜਿਸ ਨੇ ਉਥੇ ਕਿਸੇ ਵੱਡੀ ਬਿਲਡਿੰਗ ਦੇ ਪਾਰਕਿੰਗ ਲਾਟ ‘ਚ ਬੰਬ ਧਮਾਕਾ ਕਰ ਕੇ ਕਿੰਨੇ ਹੀ ਲੋਕ ਮਾਰ ਮੁਕਾਏ। ਲੋਕ ਸਮਝਦੇ ਨ੍ਹੀਂ ਕਿ ਜੋ ਮੁਲਕ ਸਾਨੂੰ ਇੰਨੀਆਂ ਸਹੂਲਤਾਂ ਦੇ ਰਿਹਾ ਐ, ਸਾਡੀ ਅਗਲੀ ਪੀੜ੍ਹੀ ਲਈ ਕਿੰਨੇ ਚੰਗੇ ਪੜ੍ਹਾਈ ਦੇ ਮੌਕੇ ਮੁਹੱਈਆ ਕਰਵਾ ਰਿਹਾ ਐ, ਉਸੇ ਨੂੰ ਤੁਸੀਂ ਤੋੜਨ-ਭੰਨਣ ‘ਤੇ ਲੱਗੇ ਹੋਏ ਓਂ।” ਸੁਲੇਹ ਸਦੀਕੀ ਥੋੜ੍ਹੀ ਨਫਰਤ ‘ਚ ਬੋਲਿਆ।
“ਕੀ ਪਤਾ ਐ ਜੀ ਸੱਚ ਕੀ ਐ। ਆਪਾਂ ਅਮਰੀਕਨਾਂ ਦੇ ਕਹਿਣ ‘ਤੇ ਤਾਂ ਕਿਸੇ ਨੂੰ ਦੋਸ਼ੀ ਨ੍ਹੀਂ ਮੰਨ ਸਕਦੇ।” ਇਸਮਤ ਨੇ ਗੋਲ ਜਿਹਾ ਜੁਆਬ ਦਿੱਤਾ।
“ਪਰ ਉਥੇ ਸਾਡੇ ਅਜਿਹੇ ਲੋਕ ਵੀ ਤਾਂ ਹੈਗੇ ਨੇ ਜਿਹੜੇ ਸਮਾਜ ਸੇਵਾ ਦਾ ਕੰਮ ਕਰ ਰਹੇ ਨੇ।” ਫਾਰੂਕੀ ਦੀ ਬੇਗਮ ਬੋਲੀ।
“ਆਪਣੀ ਆਫੀਆ ਵੀ ਤਾਂ ਸਮਾਜ ਸੇਵਾ ਦੇ ਕੰਮਾਂ ‘ਚ ਵਧ ਚੜ੍ਹ ਕੇ ਹਿੱਸਾ ਪਾਉਂਦੀ ਐ।”
“ਇਹ ਤਾਂ ਬੜੀ ਚੰਗੀ ਗੱਲ ਐ। ਸਮਾਜ ਸੇਵੀ ਮਾਂ ਦੀ ਧੀ, ਸਮਾਜ ਸੇਵਾ ਨਾ ਕਰੂਗੀ ਤਾਂ ਹੋਰ ਕੀ ਕਰੂਗੀ।” ਫਾਰੂਕੀ ਨੇ ਆਫੀਆ ਅਤੇ ਉਸ ਦੀ ਮਾਂ ਨੂੰ ਸਰਾਹਿਆ।
“ਆਫੀਆ, ਉਥੇ ਅਜਿਹੀਆਂ ਭੰਨ-ਤੋੜ ਦੀਆਂ ਕਾਰਵਾਈਆਂ ਬਾਰੇ ਆਪਣੇ ਉਥੇ ਦੇ ਲੋਕਾਂ ਦੇ ਕੀ ਵਿਚਾਰ ਨੇ?”
“ਅੰਕਲ ਮੈਂ ਅਤੇ ਮੇਰੀਆਂ ਸਹੇਲੀਆਂ, ਅਸੀਂ ਤਾਂ ਜ਼ਿਆਦਾ ਚੈਰਿਟੀ ਦਾ ਕੰਮ ਕਰਦੇ ਆਂ। ਸਾਨੂੰ ਇਨ੍ਹਾਂ ਗੱਲਾਂ ਦਾ ਬਹੁਤਾ ਪਤਾ ਵੀ ਨ੍ਹੀਂ ਲੱਗਦਾ; ਪਰ ਇੱਕ ਗੱਲ ਜ਼ਰੂਰ ਐ ਕਿ ਸਿਰਫ ਆਪਣੇ ਲੋਕਾਂ ਨੂੰ ਈ ਦੋਸ਼ ਨਾ ਦਿਉ; ਕਿਉਂਕਿ ਉਨ੍ਹਾਂ ਨੂੰ ਅਜਿਹਾ ਕੁਝ ਕਰਨ ਲਈ ਮਜ਼ਬੂਰ ਵੀ ਤਾਂ ਪੱਛਮ ਈ ਕਰਦਾ ਐ। ਹੁਣ ਬੋਸਨੀਆ ‘ਚ ਹੀ ਲੈ ਲਉ। ਉਥੇ ਮੁਸਲਮਾਨਾਂ ‘ਤੇ ਇੰਨੇ ਅੱਤਿਆਚਾਰ ਹੋ ਰਹੇ ਨੇ ਕਿ ਰਹੇ ਰੱਬ ਦਾ ਨਾਂ। ਮੇਰੇ ਕੋਲ ਵੀਡੀਉ ਕੈਸਿਟਾਂ ਨੇ ਜਿਨ੍ਹਾਂ ਵਿਚ ਤੁਸੀਂ ਵੇਖੋਗੇ ਕਿ ਕਿਵੇਂ ਉਥੇ ਸਾਡੇ ਲੋਕਾਂ ‘ਤੇ ਅੱਤਿਆਚਾਰ ਹੋ ਰਹੇ ਨੇ। ਕਿਵੇਂ ਸਾਡੀਆਂ ਧੀਆਂ-ਭੈਣਾਂ ਨਾਲ ਗੈਂਗ ਰੇਪ ਹੁੰਦੇ ਨੇ। ਇਹ ਕੈਸਿਟਾਂ ਵੇਖ ਕੇ ਰੌਂਗਟੇ ਖੜ੍ਹੇ ਹੋ ਜਾਂਦੇ ਨੇ।”
“ਪਰ ਇਹ ਕਿਵੇਂ ਸੰਭਵ ਐ ਕਿ ਜਿਸ ਵੇਲੇ ਰੇਪ ਹੋ ਰਹੇ ਸਨ, ਉਸੇ ਵੇਲੇ ਤੁਹਾਡੇ ਲੋਕਾਂ ਨੇ ਉਹ ਕੈਸਿਟਾਂ ਜਾਂ ਮੂਵੀਆਂ ਬਣਾਈਆਂ। ਤੂੰ ਤਾਂ ਇਉਂ ਦੱਸ ਰਹੀ ਐਂ ਜਿਵੇਂ ਕਿਸੇ ਫਿਲਮ ਦੀ ਸ਼ੂਟਿੰਗ ਦੀਆਂ ਕੈਸਿਟਾਂ ਦੀ ਗੱਲ ਕਰ ਰਹੀ ਹੋਵੇਂ।” ਸਾਲੇਹ ਸਦੀਕੀ ਔਖਾ ਹੋ ਕੇ ਆਫੀਆ ਵੱਲ ਵੇਖਦਾ ਬੋਲਿਆ। ਇਸਮਤ ਨੂੰ ਘਰਵਾਲੇ ਦੀ ਇਹ ਗੱਲ ਚੰਗੀ ਨਾ ਲੱਗੀ, ਪਰ ਇਸ ਦਾ ਜੁਆਬ ਆਫੀਆ ਨੇ ਹੀ ਦਿੱਤਾ। ਉਹ ਬੋਲੀ, “ਜਿਹੜੇ ਜਹਾਦੀ ਉਥੇ ਲੜ ਰਹੇ ਨੇ, ਉਹ ਅਜਿਹੀਆਂ ਘਟਨਾਵਾਂ ਨੂੰ ਕੈਮਰੇ ‘ਚ ਕੈਦ ਕਰ ਲੈਂਦੇ ਨੇ; ਤਾਂ ਕਿ ਤੁਹਾਡੇ ਵਰਗੇ ਪੱਛਮ ਦੇ ਭਗਤਾਂ ਨੂੰ ਸੱਚ ਵਿਖਾਇਆ ਜਾਵੇ।”
“ਮੈਂ ਕਿਸੇ ਪੱਛਮ ਦਾ ਭਗਤ ਨ੍ਹੀਂ ਆਂ, ਪਰ ਸੱਚਾਈ ਤਾਂ ਸੱਚਾਈ ਈ ਐ ਨਾ। ਪਹਿਲਾਂ ਤੂੰ ਇਹ ਦੱਸ ਕਿ ਤੇਰੇ ਕੋਲ ਜੋ ਕੈਸਿਟਾਂ ਨੇ, ਇਹ ਕਿਹੜੇ ਗਰੁਪ ਨੇ ਬਣਾਈਆਂ ਨੇ। ਫਿਰ ਮੈਂ ਅੱਗੇ ਗੱਲ ਕਰੂੰਗਾ।”
“ਅੱਬੂ ਇਹ ਬਹੁਤਾ ਕੰਮ ਮੁਸਲਿਮ ਬ੍ਰਦਰਹੁੱਡ ਦਾ ਕੀਤਾ ਹੋਇਆ ਐ। ਇਸ ਵੇਲੇ ਜਹਾਦ ‘ਚ ਸਭ ਤੋਂ ਵੱਧ ਯੋਗਦਾਨ ਉਹ ਹੀ ਪਾ ਰਹੇ ਨੇ।” ਇੰਨਾ ਕਹਿ ਕੇ ਆਫੀਆ ਆਪਣੀ ਕਾਪੀ ਫਰੋਲਣ ਲੱਗੀ।
“ਇਹ ਮੁਸਲਿਮ ਬ੍ਰਦਰਹੁੱਡ ਹੀ ਅਸਲੀ ਪੁਆੜੇ ਦੀ ਜੜ੍ਹ ਐ। ਤੇਰੀਆਂ ਇਹ ਵੀਡੀਉ ਕੈਸਿਟਾਂ ਵੇਖਣ ਤੋਂ ਪਹਿਲਾਂ ਈ ਮੈਂ ਦੱਸ ਦਿੰਨਾ ਆਂ ਕਿ ਇਹ ਸਭ ਪ੍ਰਾਪੇਗੰਡਾ ਐ। ਮੁਸਲਮਾਨਾਂ ਨੂੰ ਭੜਕਾਉਣ ਲਈ ਅਜਿਹੇ ਕੰਮ ਤਾਂ ਬ੍ਰਦਰਹੁੱਡ ਮੁੱਦਤਾਂ ਤੋਂ ਕਰਦਾ ਆ ਰਿਹਾ ਐ।”
ਘਰਵਾਲੇ ਦੀ ਗੱਲ ਸੁਣ ਕੇ ਇਸਮਤ ਆਫੀਆ ਵੱਲ ਝਾਕੀ ਤੇ ਉਸ ਨੂੰ ਚੁੱਪ ਰਹਿਣ ਦਾ ਇਸ਼ਾਰਾ ਕੀਤਾ। ਅਗਲੇ ਪਲ ਕਮਰੇ ‘ਚ ਖਾਮੋਸ਼ੀ ਜਿਹੀ ਛਾ ਗਈ। ਸਾਰਿਆਂ ਨੂੰ ਚੁੱਪ ਜਿਹੇ ਵੇਖ ਕੇ ਫੌਜ਼ੀਆ ਬੋਲੀ, “ਅੱਬੂ ਇਸ ਮੁਸਲਿਮ ਬ੍ਰਦਰਹੁੱਡ ਦੀ ਅਸਲੀਅਤ ਕੀ ਐ? ਮੇਰਾ ਮਤਲਬ ਇਹ ਕਿਸ ਨੇ ਸ਼ੁਰੂ ਕੀਤਾ ਤੇ ਇਸ ਦਾ ਨਿਸ਼ਾਨਾ ਕੀ ਐ?”
“ਇਸ ਬਾਰੇ ਫੌਜ਼ੀਆ ਬੇਟੀ ਤੈਨੂੰ ਮੈਂ ਦੱਸਦਾ ਆਂ।” ਫਾਰੂਕੀ ਨੇ ਗਲਾ ਸਾਫ ਕਰਦਿਆਂ ਖੰਘੂਰਾ ਮਾਰਿਆ ਤੇ ਫਿਰ ਬੋਲਣ ਲੱਗਿਆ, “ਬਹੁਤ ਪਹਿਲਾਂ ਮਿਸਰ ਦੇ ਮਸ਼ਹੂਰ ਬੁੱਧੀਜੀਵੀ ਹਸਨ ਅਲ-ਬੰਨਾ ਨੇ ਇਸ ਪਾਰਟੀ ਦਾ ਮੁੱਢ ਬੰਨ੍ਹਿਆ ਸੀ। ਉਸ ਦੇ ਇਰਾਦੇ ਬਹੁਤ ਨੇਕ ਸਨ। ਉਸ ਵੇਲੇ ਆਪਣੇ ਆਲੇ-ਦੁਆਲੇ ਬਰਤਾਨੀਆ ਨੇ ਸਭ ਨੂੰ ਗੁਲਾਮ ਬਣਾਇਆ ਹੋਇਆ ਸੀ। ਸਾਰੇ ਮੁਲਕ ਬਰਤਾਨੀਆ ਦੀਆਂ ਕਾਲੋਨੀਆਂ ਬਣਾ ਕੇ ਰੱਖ ਦਿੱਤੇ ਸਨ। ਇਨ੍ਹਾਂ ਕਾਲੋਨੀਆਂ ਦੇ ਲੋਕ ਜੋ ਗਾੜ੍ਹੇ ਪਸੀਨੇ ਦੀ ਕਮਾਈ ਕਰਦੇ ਸਨ, ਬਰਤਾਨਵੀ ਉਸੇ ਕਮਾਈ ‘ਤੇ ਐਸ਼ ਕਰਦੇ ਸਨ ਅਤੇ ਸਾਡੇ ਲੋਕਾਂ ਨਾਲ ਪਸ਼ੂਆਂ ਵਰਗਾ ਵਿਹਾਰ ਕਰਦੇ ਸਨ। ਹਸਨ ਅਲ-ਬੰਨਾ ਦੀ ਇਸ ਨਵੀਂ ਬਣਾਈ ਪਾਰਟੀ ਮੁਸਲਿਮ ਬ੍ਰਦਰਹੁੱਡ ਨੇ ਨਾਅਰਾ ਦਿੱਤਾ ਕਿ ਆਉ ਲੋਕੋ, ਆਪਾਂ ਰਲ ਕੇ ਇਨ੍ਹਾਂ ਬਰਤਾਨਵੀ ਲੋਕਾਂ ਨੂੰ ਇੱਥੋਂ ਭਜਾ ਦੇਈਏ ਤੇ ਇੱਥੇ ਸ਼ੱਰਾ ਮੁਤਾਬਕ ਇਸਲਾਮੀ ਰਾਜ ਕਾਇਮ ਕਰੀਏ। ਜਿੱਥੇ ਅੱਲਾ ਸਾਡੀ ਮੰਜ਼ਿਲ ਹੋਵੇ। ਮੁਹੰਮਦ ਸਾਹਿਬ ਸਾਡੇ ਰਹਿਨੁਮਾ ਹੋਣ ਤੇ ਕੁਰਾਨ ਸਾਡਾ ਸੰਵਿਧਾਨ ਹੋਵੇ। ਉਸ ਦੇ ਕਹਿਣ ਦਾ ਭਾਵ ਸੀ ਕਿ ਰਾਜ ਪ੍ਰਬੰਧ ਅਤੇ ਕਾਨੂੰਨ ਵਿਵਸਥਾ ਵਗੈਰਾ ਮਜ਼ਹਬੀ ਅਕੀਦੇ ਅਨੁਸਾਰ ਹੋਵੇ। ਆਪਣੇ ਹੱਕਾਂ ਲਈ ਲੜਨਾ ਦੀਨ ਵਾਲਾ ਕੰਮ ਮੰਨਿਆ ਜਾਵੇ ਅਤੇ ਇਸ ਨੂੰ ਜਹਾਦ ਸਮਝ ਕੇ ਲੜਿਆ ਜਾਵੇ। ਉਸ ਵੇਲੇ ਬ੍ਰਦਰਹੁੱਡ ਬਰਤਾਨੀਆ ਦੇ ਇੰਨਾ ਖਿਲਾਫ ਸੀ ਕਿ ਇਸ ਨੇ ਦੂਜੀ ਵੱਡੀ ਜੰਗ ਵਿਚ ਜਰਮਨੀ ਦਾ ਪੱਖ ਲਿਆ, ਕਿਉਂਕਿ ਉਹ ਬਰਤਾਨੀਆ ਦੇ ਖਿਲਾਫ ਲੜ ਰਿਹਾ ਸੀ। ਜੰਗ ਬੰਦ ਹੋਣ ਪਿੱਛੋਂ ਜਦੋਂ ਇਜ਼ਰਾਇਲ ਸਟੇਟ ਬਣੀ ਤਾਂ ਮੁਸਲਿਮ ਬ੍ਰਦਰਹੁੱਡ ਨੇ ਸਭ ਤੋਂ ਪਹਿਲਾਂ ਇਸ ਦੀ ਮੁਖਾਲਫਤ ਕੀਤੀ। ਇਸੇ ਕਰ ਕੇ ਪਹਿਲੀ ਅਰਬ ਇਜ਼ਰਾਇਲ ਜੰਗ ‘ਚ ਮਿਸਰ ਮੁੱਖ ਧਿਰ ਸੀ। ਅਰਬ ਭਾਵੇਂ ਉਹ ਜੰਗ ਹਾਰ ਗਿਆ, ਪਰ ਬ੍ਰਦਰਹੁੱਡ ਦੀ ਚੜ੍ਹਾਈ ਹੋ ਗਈ। ਜਦੋਂ ਬਰਤਾਨੀਆ ਉਥੋਂ ਚਲਿਆ ਗਿਆ ਤਾਂ ਮੁਸਲਿਮ ਬ੍ਰਦਰਹੁੱਡ ਆਪਣੀ ਹੀ ਸਰਕਾਰ ਦੇ ਖਿਲਾਫ ਹੋ ਗਿਆ। ਸਰਕਾਰ ਨੇ ਇਸ ‘ਤੇ ਪਾਬੰਦੀ ਲਾ ਦਿੱਤੀ। ਫਿਰ ਇਹ ਹੋਰਨਾਂ ਮੁਲਕਾਂ ਵਿਚ ਫੈਲਣ ਲੱਗਿਆ। ਅੱਜ ਹਾਲਾਤ ਇਹ ਨੇ ਕਿ ਹਰ ਅਰਬ ਮੁਲਕ ਵਿਚ ਇਸ ਦੀਆਂ ਸ਼ਾਖਾਵਾਂ ਨੇ; ਪਰ ਤਕਰੀਬਨ ਸਾਰੇ ਮੁਲਕਾਂ ਨੇ ਇਸ ‘ਤੇ ਪਾਬੰਦੀ ਲਾਈ ਹੋਈ ਐ, ਕਿਉਂਕਿ ਅੱਜਕੱਲ੍ਹ ਇਹ ਗਰਮਦਲੀਆਂ ਦੇ ਕਬਜ਼ੇ ‘ਚ ਐ ਤੇ ਬਹੁਤ ਹੀ ਹਿੰਸਕ ਹੋ ਗਿਆ ਐ।”
“ਜਦੋਂ ਇਹ ਇੰਨਾ ਖਤਰਨਾਕ ਐ ਤਾਂ ਇਹ ਕਿਸੇ ਮੁਲਕ ਦੀ ਮੱਦਦ ਤੋਂ ਬਿਨਾਂ ਆਪਣੀ ਹੋਂਦ ਕਾਇਮ ਕਿਵੇਂ ਰੱਖ ਸਕਦਾ ਐ?” ਇਸਮਤ ਨੇ ਟੇਢਾ ਸੁਆਲ ਕੀਤਾ।
“ਅਜਿਹਾ ਨ੍ਹੀਂ ਐ, ਕਈ ਮੁਲਕਾਂ ਦੇ ਇਹ ਫਿੱਟ ਵੀ ਬੈਠਦਾ ਐ। ਸਾਊਦੀ ਅਰਬ ਦੀ ਉਦਾਹਰਣ ਲੈ ਲਉ। ਉਥੇ ਦਾ ਰਾਜ ਘਰਾਣਾ ਵਹਾਬੀ ਐ ਜਿਹੜਾ ਸੁੰਨੀ ਅਤੇ ਸ਼ੀਆ ਦੋਨਾਂ ਦੇ ਖਿਲਾਫ ਐ। ਉਹ ਆਪਣੀ ਵਹਾਬੀ ਸ਼ਾਖਾ ਨੂੰ ਫੈਲਾਉਣ ਵਾਸਤੇ ਮੁਸਲਿਮ ਬ੍ਰਦਰਹੁੱਡ ਦੀ ਮੱਦਦ ਕਰਦਾ ਐ। ਅਸਲ ‘ਚ ਸਭ ਤੋਂ ਵੱਧ ਸਾਊਦੀ ਅਰਬ ਈ ਬ੍ਰਦਰਹੁੱਡ ਨੂੰ ਚੁੱਕਦਾ ਐ।”
“ਇਸ ਦਾ ਮਤਲਬ ਬਾਕੀ ਸਾਰੀ ਦੁਨੀਆਂ ਪਾਗਲ ਐ ਜੋ ਬ੍ਰਦਰਹੁੱਡ ਦਾ ਪੱਖ ਪੂਰਦੀ ਐ?” ਇਸਮਤ ਗੁੱਸੇ ‘ਚ ਬੋਲੀ। ਇਸ ਪਿੱਛੋਂ ਉਥੇ ਹੋ ਰਹੀ ਬਹਿਸ ਵਿਚ ਤਲਖ਼ੀ ਆਉਣ ਲੱਗੀ। ਫਾਰੂਕੀ ਨੇ ਜਾਣ ਦੀ ਇਜਾਜ਼ਤ ਮੰਗੀ ਤੇ ਦੋਨੋਂ ਮੀਆਂ ਬੀਵੀ ਉਠ ਕੇ ਤੁਰ ਪਏ। ਇਸਮਤ ਅਤੇ ਫੌਜ਼ੀਆ ਉਨ੍ਹਾਂ ਨੂੰ ਤੋਰਨ ਲਈ ਬਾਹਰ ਨਿਕਲ ਗਈਆਂ। ਪਿੱਛੇ ਆਫੀਆ ਅਤੇ ਉਸ ਦਾ ਪਿਉ ਰਹਿ ਗਏ। ਸੁਲੇਹ ਸਦੀਕੀ ਆਫੀਆ ਦੇ ਸਿਰ ‘ਤੇ ਹੱਥ ਫੇਰਦਿਆਂ ਬੋਲਿਆ, “ਬੇਟੀ, ਤੂੰ ਆਪਣੀ ਪੜ੍ਹਾਈ ਵੱਲ ਧਿਆਨ ਦੇਹ। ਤੂੰ ਕੀ ਲੈਣਾ ਐਂ ਇਨ੍ਹਾਂ ਚੈਰਿਟੀਆਂ ਵਗੈਰਾ ਤੋਂ।”
“ਅੱਬੂ ਇਹ ਤਾਂ ਦੀਨ ਵਾਲਾ ਕੰਮ ਐਂ। ਅੰਮੀ ਨੇ ਵੀ ਤਾਂ ਸਾਰੀ ਉਮਰ ਇਹੀ ਕੁਝ ਕੀਤਾ ਐ। ਫਿਰ ਤੁਸੀਂ ਮੈਨੂੰ ਇਸ ਪਾਸਿਉਂ ਕਿਉਂ ਰੋਕਦੇ ਓਂ?”
“ਕਿਉਂਕਿ ਮੈਂ ਜਾਣਦਾ ਆਂ ਕਿ ਇਹ ਅਸਲੀ ਚੈਰਿਟੀ ਨ੍ਹੀਂ ਐ।”
“ਹੋਰ ਕੀ ਐ ਇਹ?”
“ਅਸਲੀ ਚੈਰਿਟੀ ਉਹ ਹੁੰਦੀ ਐ ਜਿਹੜੀ ਵਾਕਿਆ ਈ ਲੋੜਵੰਦਾਂ ਦੀ ਮੱਦਦ ਕਰੇ, ਪਰ ਅੱਜਕੱਲ੍ਹ ਜੋ ਵੀ ਚੈਰਿਟੀਆਂ ਚੱਲ ਰਹੀਆਂ ਨੇ, ਇਹ ਅਸਲ ਵਿਚ ਜਹਾਦ ਦੇ ਨਾਂ ਹੇਠ ਲੜ ਰਹੇ ਅਤਿਵਾਦੀਆਂ ਦੀ ਮੱਦਦ ਕਰ ਰਹੀਆਂ ਨੇ।”
“ਅੱਬੂ ਪਲੀਜ਼, ਉਨ੍ਹਾਂ ਨੂੰ ਅਤਿਵਾਦੀ ਨਾ ਕਹੋ; ਨ੍ਹੀਂ ਤਾਂ ਮੈਂ ਨਾਰਾਜ਼ ਹੋ ਜਾਣਾ ਐਂ।” ਆਫੀਆ ਉਠ ਕੇ ਖੜ੍ਹੋ ਗਈ।
“ਤੂੰ ਇਉਂ ਗੁੱਸੇ ਨਾ ਹੋ, ਮੇਰੀ ਗੱਲ ਸੁਣ।” ਪਿਉ ਨੇ ਆਫੀਆ ਦੀ ਬਾਂਹ ਫੜ ਕੇ ਉਸ ਨੂੰ ਫਿਰ ਤੋਂ ਬਿਠਾ ਲਿਆ।
“ਤੂੰ ਜਹਾਦ ਦੇ ਮਤਲਬ ਸਮਝਦੀ ਐਂ?”
“ਕੁਝ ਕੁਝ ਸਮਝਦੀ ਆਂ ਤੇ ਬਾਕੀ ਤੁਸੀਂ ਸਮਝਾ ਦਿਉ।” ਆਫੀਆ ਗੁੱਸੇ ‘ਚ ਬੋਲੀ।
“ਵੇਖ ਬੇਟੇ, ਇਹ ਲੋਕ ਪਵਿੱਤਰ ਕੁਰਾਨ ‘ਚੋਂ ਉਨੇ ਕੁ ਲਫਜ਼ ਚੁੱਕ ਲੈਂਦੇ ਨੇ ਜਿੰਨੇ ਇਨ੍ਹਾਂ ਨੂੰ ਠੀਕ ਬੈਠਦੇ ਨੇ। ਸਾਰੀ ਕੁਰਾਨ ਨੂੰ ਪੜ੍ਹਿਆ ਜਾਵੇ ਤਾਂ ਅਸਲੀ ਮਤਲਬ ਕੁਝ ਹੋਰ ਨਿਕਲਦਾ ਐ।”
“ਕੀ ਨਿਕਲਦਾ ਐ ਅਸਲੀ ਮਤਲਬ?” ਆਫੀਆ ਦੀਆਂ ਅਜੇ ਵੀ ਤਿਉੜੀਆਂ ਚੜ੍ਹੀਆਂ ਹੋਈਆਂ ਸਨ।
“ਮੁਹੰਮਦ ਸਾਹਿਬ ਨੇ ਫਰਮਾਇਆ ਐ ਕਿ ਇਨਸਾਨ ਦੀ ਜ਼ਿੰਦਗੀ ‘ਚ ਨੌਂ ਜਹਾਦ ਹੋਰ ਨੇ ਤੇ ਇਹ ਲੜਾਈ ਵਾਲਾ ਜਹਾਦ ਦਸਵੇਂ ਨੰਬਰ ‘ਤੇ ਆਉਂਦਾ ਐ। ਪਹਿਲੇ ਹਨ-ਕਰੋਧ, ਲਾਲਚ, ਲੋਭ, ਮੋਹ ਅਤੇ ਕਾਮ ਵਗੈਰਾ। ਜਿਹੜੇ ਲੋਕ ਇਨ੍ਹਾਂ ਨੌਂ ਜਹਾਦਾਂ ‘ਤੇ ਜਿੱਤ ਪ੍ਰਾਪਤ ਕਰ ਲੈਂਦੇ ਨੇ, ਸਿਰਫ ਉਹੋ ਹੀ ਦਸਵਾਂ ਜਹਾਦ ਲੜਨ ਦੇ ਕਾਬਲ ਸਮਝੇ ਜਾਂਦੇ ਨੇ। ਕੀ ਤੈਨੂੰ ਲੱਗਦਾ ਐ ਕਿ ਅੱਜ ਦੇ ਜਹਾਦੀਆਂ ਨੇ ਇਨ੍ਹਾਂ ‘ਤੇ ਕਾਬੂ ਪਾਇਆ ਹੋਇਆ ਐ।”
ਆਫੀਆ ਚੁੱਪ ਰਹੀ। ਉਹ ਕੁਝ ਨਾ ਬੋਲੀ ਤਾਂ ਉਸ ਦਾ ਪਿਉ ਫਿਰ ਬੋਲਣ ਲੱਗਿਆ, “ਮੈਂ ਤੈਨੂੰ ਇੱਕ ਕਹਾਣੀ ਸੁਣਾਉਂਦਾ ਆਂ। ਜੰਗ ਦੇ ਮੈਦਾਨ ਵਿਚ ਮੁਹੰਮਦ ਸਾਹਿਬ ਦੇ ਨਾਲ ਉਨ੍ਹਾਂ ਦਾ ਇੱਕ ਰਿਸ਼ਤੇਦਾਰ ਜਮੀਲ ਵੀ ਲੜ ਰਿਹਾ ਸੀ। ਉਸ ਨੇ ਲੜਦੇ ਹੋਏ ਨੇ ਆਪਣੇ ਦੁਸ਼ਮਣ ਨੂੰ ਹੇਠਾਂ ਸੁੱਟ ਲਿਆ ਤੇ ਉਸ ਦੀ ਛਾਤੀ ‘ਤੇ ਚੜ੍ਹ ਬੈਠਿਆ। ਹੋਰ ਵਾਹ ਨਾ ਜਾਂਦੀ ਵੇਖ ਕੇ ਹੇਠਾਂ ਪਏ ਦੁਸ਼ਮਣ ਨੇ ਉਸ ਦੇ ਮੂੰਹ ‘ਤੇ ਥੁੱਕ ਦਿੱਤਾ। ਇੱਕ ਦਮ ਗੁੱਸੇ ‘ਚ ਆ ਕੇ ਜਮੀਲ ਨੇ ਤਲਵਾਰ ਚੁੱਕੀ ਤੇ ਦੁਸ਼ਮਣ ਦਾ ਗਲਾ ਵੱਢਣ ਨੂੰ ਅਹੁਲਿਆ। ਉਦੋਂ ਹੀ ਉਸ ਦੇ ਅੰਦਰ ਕੁਛ ਕੌਂਧਿਆ ਤੇ ਉਸ ਨੇ ਤਲਵਾਰ ਪਰ੍ਹਾਂ ਚਲਾ ਮਾਰੀ। ਉਹ ਦੁਸ਼ਮਣ ਦੀ ਛਾਤੀ ਤੋਂ ਵੀ ਉਠ ਖੜ੍ਹਾ ਹੋਇਆ। ਹੇਠਾਂ ਪਏ ਦੁਸ਼ਮਣ ਨੇ ਕਿਹਾ ਕਿ ਹੁਣ ਛੱਡ ਕਿਉਂ ਦਿੱਤਾ, ਮੈਨੂੰ ਮਾਰ ਦੇਹ ਨਾ। ਇਹ ਸੁਣ ਕੇ ਉਸ ਨੇ ਪਤਾ ਐ ਕੀ ਕਿਹਾ?”
“ਕੀ ਕਿਹਾ?”
“ਕਹਿੰਦਾ, ਅਜੇ ਤਾਂ ਮੈਂ ਆਪਣੇ ਆਪ ਨੂੰ ਈ ਨ੍ਹੀਂ ਮਾਰ ਸਕਿਆ, ਕਿਸੇ ਹੋਰ ਨੂੰ ਮੈਂ ਕੀ ਮਾਰੂੰਗਾ। ਉਸ ਦਾ ਮਤਲਬ ਉਸ ਨੂੰ ਆਏ ਗੁੱਸੇ ਤੋਂ ਸੀ। ਉਸ ਦਾ ਭਾਵ ਸੀ ਕਿ ਅਜੇ ਤਾਂ ਮੈਂ ਆਪਣੇ ਗੁੱਸੇ ਨੂੰ ਨ੍ਹੀਂ ਮਾਰ ਸਕਿਆ। ਇੰਨਾ ਕਹਿੰਦਾ ਉਹ ਜੰਗ ਦੇ ਮੈਦਾਨ ‘ਚੋਂ ਬਾਹਰ ਚਲਿਆ ਗਿਆ।”
ਆਫੀਆ ਨੇ ਪਿਉ ਦੀ ਗੱਲ ਤਾਂ ਸੁਣੀ, ਪਰ ਬਹੁਤੀ ਦਿਲਚਸਪੀ ਨਾ ਦਿਖਾਈ। ਉਸ ਵੱਲ ਵੇਖਦਾ ਸੁਲੇਹ ਫਿਰ ਬੋਲਿਆ, “ਆਫੀਆ ਬੇਟੀ, ਪੁੰਨ ਦਾਨ ਕਰਨਾ ਕੋਈ ਮਾੜਾ ਕੰਮ ਨ੍ਹੀਂ ਐ, ਪਰ ਇਸ ਦੇ ਲਈ ਸਾਰੀ ਜ਼ਿੰਦਗੀ ਪਈ ਐ। ਅਜੇ ਤੂੰ ਆਪਣੀ ਪੜ੍ਹਾਈ ਵੱਲ ਧਿਆਨ ਦੇਹ। ਜਦੋਂ ਪੜ੍ਹ ਲਿਖ ਕੇ ਜ਼ਿੰਦਗੀ ਵਿਚ ਕਾਮਯਾਬ ਹੋ ਗਈ ਤਾਂ ਜਿੰਨਾ ਮਰਜ਼ੀ ਚੈਰਿਟੀ ਲਈ ਕੰਮ ਕਰੀ ਜਾਈਂ।”
“ਅੱਬੂ ਜਿਹੜਾ ਕੰਮ ਕਰਨ ਨੂੰ ਤੁਹਾਡਾ ਅੱਜ ਦਿਲ ਕਰ ਰਿਹਾ ਐ, ਉਸ ਦੇ ਲਈ ਤੁਸੀਂ ਅੱਗੇ ਦੀ ਜ਼ਿੰਦਗੀ ਦੀ ਇੰਤਜ਼ਾਰ ਕਿਉਂ ਕਰੋ। ਨਾਲੇ ਮੈਂ ਪਹਿਲਾਂ ਵੀ ਕਿਹਾ ਐ ਕਿ ਇਹ ਕੋਈ ਮਾੜਾ ਕੰਮ ਨ੍ਹੀਂ ਐ।”
“ਵੇਖ ਆਫੀਆ, ਮੈਂ ਤੇਰੀ ਅੰਮੀ ਨੂੰ ਸਾਰੀ ਉਮਰ ਇਹ ਕੰਮ ਕਰਦੀ ਹੋਈ ਨੂੰ ਵੇਖਿਆ ਐ। ਮੈਂ ਇਹ ਵੀ ਜਾਣਦਾ ਆਂ ਕਿ ਇਹ ਸਾਰੇ ਜਹਾਦੀ ਇਸ ਚੈਰਿਟੀ ਦੇ ਰਸਤੇ ਈ ਜਹਾਦੀ ਬਣਦੇ ਨੇ। ਆਖਰ ‘ਤੇ ਸਾਰਿਆਂ ਦੇ ਤਾਰ ਜਹਾਦ ਨਾਲ ਈ ਜਾ ਜੁੜਦੇ ਨੇ। ਇਹ ਤਾਂ ਭਾਂਬੜ ਮਚਾਉਂਦੀ ਅੱਗ ਐ। ਇਸ ਵੱਲ ਜਾਂਦਾ ਹੋਇਆ ਹਰ ਰਾਹ ਬਰਬਾਦੀ ਦਾ ਰਾਹ ਐ। ਇੱਧਰ ਜੋ ਵੀ ਗਿਆ, ਭਸਮ ਹੋ ਗਿਆ। ਇੰਨਾ ਈ ਨ੍ਹੀਂ, ਜਿਹੜਾ ਕੋਲ ਦੀ ਲੰਘਿਆ; ਸੇਕ ਉਸ ਨੂੰ ਵੀ ਲੱਗਿਆ।”
“ਅੱਬੂ ਮੈਂ ਸਮਝਦੀ ਆਂ ਸਭ। ਤੁਸੀਂ ਕੋਈ ਫਿਕਰ ਨਾ ਕਰੋ।”
“ਬੱਸ ਬੇਟੀ ਕੁਛ ਅਜਿਹਾ ਕਰਨ ਬਾਰੇ ਸੋਚੀਂ ਵੀ ਨਾ ਜਿਸ ਨਾਲ ਮੇਰੀ ਅਤੇ ਖਾਨਦਾਨ ਦੀ ਇਜ਼ਤ ਨੂੰ ਵੱਟਾ ਲੱਗੇ।”
“ਠੀਕ ਐ ਅੱਬੂ।” ਇੰਨਾ ਕਹਿੰਦਿਆਂ ਆਫੀਆ ਉਠ ਕੇ ਤੁਰ ਗਈ। ਸੁਲੇਹ ਉਸ ਨੂੰ ਜਾਂਦੀ ਨੂੰ ਵੇਖਦਾ ਰਿਹਾ। ਉਸ ਨੂੰ ਆਫੀਆ ਦੀਆਂ ਗੱਲਾਂ ‘ਚੋਂ ਉਸ ਦੇ ਅੰਦਰ ਦੀ ਤਪਸ਼ ਮਹਿਸੂਸ ਹੁੰਦੀ ਸੀ। ਇਸ ਤੋਂ ਬਿਨਾਂ ਉਸ ਨੂੰ ਆਪਣੇ ਪੁੱਤਰ ਦਾ ਵੀ ਹਿਊਸਟਨ ਤੋਂ ਜਦੋਂ ਵੀ ਫੋਨ ਆਉਂਦਾ ਸੀ ਤਾਂ ਉਹ ਵੀ ਹਮੇਸ਼ਾ ਇਹੀ ਫਿਕਰ ਜ਼ਾਹਿਰ ਕਰਦਾ ਰਹਿੰਦਾ ਸੀ ਕਿ ਕਿਧਰੇ ਆਫੀਆ ਰਾਹ ਤੋਂ ਭਟਕ ਹੀ ਨਾ ਜਾਵੇ; ਕਿਉਂਕਿ ਉਸ ਦੇ ਦੱਸਣ ਅਨੁਸਾਰ ਉਸ ਨੂੰ ਪਤਾ ਲੱਗਦਾ ਰਹਿੰਦਾ ਸੀ ਕਿ ਆਫੀਆ ਉਨ੍ਹਾਂ ਚੈਰਿਟੀਆਂ ਲਈ ਕੰਮ ਕਰਦੀ ਹੈ ਜੋ ਕਿਸੇ ਨਾ ਕਿਸੇ ਜਹਾਦ ਦੀ ਮੱਦਦ ਕਰ ਰਹੀਆਂ ਹਨ।
ਸ਼ਾਮ ਵੇਲੇ ਇਸਮਤ, ਆਫੀਆ ਅਤੇ ਫੌਜ਼ੀਆ ਨੂੰ ਲੈ ਕੇ ਘੁੰਮਣ ਨਿਕਲ ਗਈ। ਉਹ ਆਪਣੇ ਜਾਣ-ਪਛਾਣ ਵਾਲਿਆਂ ਦੇ ਘਰੀਂ ਆਫੀਆ ਨੂੰ ਮਿਲਾ ਕੇ ਲਿਆਈ। ਉਸ ਦੀ ਸੋਚਣੀ ਸੀ ਕਿ ਲੋਕਾਂ ਵਿਚ ਉਸ ਦੀ ਇਸ ਗੱਲ ਕਰ ਕੇ ਧਾਕ ਜੰਮ ਜਾਵੇ ਕਿ ਉਸ ਦੀ ਧੀ ਕਿੱਡੀ ਵੱਡੀ ਸਮਾਜ ਸੇਵੀ ਹੈ ਤੇ ਮਜ਼ਹਬ ਲਈ ਬਹੁਤ ਵੱਡਾ ਕੰਮ ਕਰ ਰਹੀ ਹੈ। ਅਗਲੇ ਕਈ ਦਿਨ ਉਸ ਨੇ ਆਫੀਆ ਦੀਆਂ ਕਈ ਇਕੱਠਾਂ ‘ਚ ਤਕਰੀਰਾਂ ਵੀ ਕਰਵਾਈਆਂ। ਹਰ ਥਾਂ ਸਰੋਤੇ ਉਸ ਤੋਂ ਬਹੁਤ ਪ੍ਰਭਾਵਤ ਹੋਏ। ਉਹ ਹਰ ਤਕਰੀਰ ਵਿਚ ਬੋਸਨੀਆ ਅੰਦਰ ਚੱਲ ਰਹੇ ਘਰੇਲੂ ਯੁੱਧ ‘ਚ ਮੁਸਲਮਾਨਾਂ ਦੇ ਹੋ ਰਹੇ ਘਾਣ ਦੀ ਗੱਲ ਕਰਦੀ। ਇਨ੍ਹਾਂ ਇਕੱਠਾਂ ‘ਚ ਉਹ ਮੁਸਲਮਾਨਾਂ ‘ਤੇ ਹੋ ਰਹੇ ਅੱਤਿਆਚਾਰਾਂ ਦੀਆਂ ਵੀਡੀਉ ਵੀ ਵਿਖਾਉਂਦੀ। ਇਹ ਸਾਰੇ ਇਕੱਠ ਵੱਡੇ ਪਰਿਵਾਰਾਂ ਵੱਲੋਂ ਕਰਵਾਏ ਜਾਂਦੇ ਸਨ। ਇਹ ਉਹ ਪਰਿਵਾਰ ਸਨ ਜੋ ਸਿਆਸਤਦਾਨਾਂ ਦੇ ਬਹੁਤ ਨੇੜੇ ਸਨ।
ਇਨ੍ਹੀਂ ਹੀ ਦਿਨੀਂ ਇੱਕ ਦਿਨ ਇਸਮਤ ਨੇ ਸ਼ੈਰੇਟਨ ਹੋਟਲ ਵਿਚ ਆਫੀਆ ਦੀ ਤਕਰੀਰ ਕਰਵਾਈ ਤਾਂ ਇੱਕ ਔਰਤ ਇਸਮਤ ਨੂੰ ਪਾਸੇ ਲੈ ਗਈ। ਉਸ ਦਾ ਨਾਂ ਜ਼ਾਹਿਰਾ ਖਾਨ ਸੀ। ਅਸਲ ਵਿਚ ਉਹ ਆਪਣੇ ਪੁੱਤਰ ਅਮਜਦ ਖਾਂ ਲਈ ਲਾੜੀ ਲੱਭ ਰਹੀ ਸੀ। ਆਫੀਆ ਨੂੰ ਵੇਖ ਕੇ ਉਸ ਨੂੰ ਲੱਗਿਆ ਕਿ ਉਸ ਕੁੜੀ ਨਾਲੋਂ ਵਧੀਆ ਬਹੂ ਤਾਂ ਉਸ ਨੂੰ ਮਿਲ ਹੀ ਨਹੀਂ ਸਕਦੀ। ਆਮ ਗੱਲਾਂ ਕਰਦਿਆਂ ਉਸ ਨੇ ਇਸਮਤ ਨੂੰ ਖਾਨ ਪਰਿਵਾਰ ਦੇ ਘਰ ਰਖਵਾਏ ਪ੍ਰੋਗਰਾਮ ਵਿਚ ਆਉਣ ਦਾ ਸੱਦਾ ਦਿੱਤਾ। ਉਹ ਬਹਾਨੇ ਨਾਲ ਆਪਣੇ ਪੁੱਤਰ ਨਾਲ ਆਫੀਆ ਨੂੰ ਮਿਲਾਉਣਾ ਚਾਹੁੰਦੀ ਸੀ। ਉਸ ਦਿਨ ਤਕਰੀਰ ਵੀ ਹੋਈ ਤੇ ਆਫੀਆ ਦੀ ਅਮਜਦ ਨਾਲ ਮੁਲਾਕਾਤ ਵੀ ਹੋਈ, ਪਰ ਪਿੱਛੋਂ ਅਮਜਦ ਨੇ ਆਪਣੀ ਅੰਮੀ ਨੂੰ ਦੱਸਿਆ ਕਿ ਕੁੜੀ ਤਾਂ ਉਸ ਨੂੰ ਪਸੰਦ ਹੈ ਪਰ ਉਸ ਦੀ ਤਕਰੀਰ ਅਤੇ ਹੋਰ ਗੱਲਾਂ ਉਸ ਨੂੰ ਫੋਕੀਆਂ ਲੱਗਦੀਆਂ ਹਨ। ਜ਼ਾਹਿਰਾ ਖਾਨ ਨੂੰ ਲੱਗਿਆ ਕਿ ਚਲੋ ਅਮਜਦ ਕੁੜੀ ਨੂੰ ਪਸੰਦ ਕਰਦਾ ਹੈ, ਇਹੀ ਬਹੁਤ ਹੈ। ਉਸ ਨੇ ਅਮਜਦ ਨੂੰ ਕਿਹਾ ਕਿ ਉਹ ਹੋਰ ਸੋਚੇ ਤੇ ਉਹ ਇਸ ਦਰਮਿਆਨ ਸਦੀਕੀ ਪਰਿਵਾਰ ਨਾਲ ਗੱਲ ਚਲਾਵੇਗੀ। ਆਫੀਆ ਦੀਆਂ ਛੁੱਟੀਆਂ ਖਤਮ ਹੋ ਚੁੱਕੀਆਂ ਸਨ। ਜਿਸ ਦਿਨ ਉਸ ਨੇ ਜਾਣਾ ਸੀ ਤਾਂ ਇਸਮਤ ਨੇ ਏਅਰਪੋਰਟ ‘ਤੇ ਤੋਰਨ ਵੇਲੇ ਉਸ ਨੂੰ ਪਾਸੇ ਕਰ ਲਿਆ ਤੇ ਗਲੇ ਲੱਗ ਮਿਲਦਿਆਂ ਬੋਲੀ, “ਆਫੀਆ ਤੂੰ ਛੇਤੀ ਤੋਂ ਛੇਤੀ ਪੜ੍ਹਾਈ ਪੂਰੀ ਕਰ ਕੇ ਵਾਪਸ ਆ ਜਾ। ਇੱਥੇ ਤੇਰੇ ਕਰਨ ਲਈ ਬੜਾ ਕੁਛ ਐ। ਮੈਨੂੰ ਤੇਰੀ ਕਾਬਲੀਅਤ ‘ਤੇ ਵੀ ਸ਼ੱਕ ਨ੍ਹੀਂ ਐ। ਤੂੰ ਬਹੁਤ ਉਚਾ ਮੁਕਾਮ ਹਾਸਲ ਕਰੇਂਗੀ।”
“ਅੰਮੀ ਮੈਂ ਅਜਿਹਾ ਕਿਹੜਾ ਮਾਅਰਕਾ ਮਾਰੂੰਗੀ?” ਆਫੀਆ ਨੇ ਮਾਂ ਦੀ ਗੱਲ ਹਾਸੇ ‘ਚ ਪਾਈ।
“ਤੂੰ ਕਿਸੇ ਦਿਨ ਸਿਆਸਤ ਦਾ ਚਮਕਦਾ ਸਿਤਾਰਾ ਹੋਵੇਂਗੀ। ਜੇ ਭੁੱਟੋ ਪਰਿਵਾਰ ਦੀ ਕੁੜੀ ਬੇਨਜ਼ੀਰ ਇੰਨੇ ਵੱਡੇ ਅਹੁਦੇ ‘ਤੇ ਪਹੁੰਚ ਸਕਦੀ ਐ ਤਾਂ ਮੇਰੀ ਧੀ ਕਿਉਂ ਨ੍ਹੀਂ। ਤੂੰ ਬੱਸ ਯੂਨੀਵਰਸਿਟੀ ਦੀ ਆਪਣੀ ਪੜ੍ਹਾਈ ਮੁਕਾ ਤੇ ਇੱਥੇ ਆ ਕੇ ਸਿਆਸਤ ਸ਼ੁਰੂ ਕਰ। ਤੈਨੂੰ ਅੱਗੇ ਵਧਣੋਂ ਕੋਈ ਵੀ ਨ੍ਹੀਂ ਰੋਕ ਸਕਦਾ। ਮੈਂ ਤੇਰੇ ਅੰਦਰ ਦੀ ਜੋਸ਼ੀਲੀ ਅੱਗ ਵੇਖ ਸਕਦੀ ਆਂ। ਬੱਸ ਤੂੰ ਮੇਰੀ ਗੱਲ ‘ਤੇ ਧਿਆਨ ਦੇਹ।”
“ਠੀਕ ਐ ਅੰਮੀ।” ਇੰਨਾ ਕਹਿੰਦਿਆਂ ਆਫੀਆ ਸਮਾਨ ਚੁੱਕਦੀ ਤੁਰ ਪਈ। ਫਲਾਈਟ ਅਮਰੀਕਾ ਲਈ ਚੱਲ ਪਈ ਤੇ ਆਫੀਆ ਦੇ ਦਿਲ ‘ਚੋਂ ਮਾਂ ਪਿਉ ਵੱਲੋਂ ਦਿੱਤੀਆਂ ਨਸੀਹਤਾਂ ਭਾਫ ਵਾਂਗ ਉਡ ਗਈਆਂ। ਦੂਜੇ ਦਿਨ ਉਹ ਆਪਣੇ ਯੂਨੀਵਰਸਿਟੀ ਦੇ ਹੋਸਟਲ ਪਹੁੰਚ ਗਈ।
ਇਸ ਵਾਰ ਜਦੋਂ ਉਹ ਇੱਥੇ ਪਹੁੰਚੀ ਤਾਂ ਉਸ ਦੇ ਅੰਦਰ ਜੋਸ਼ ਠਾਠਾਂ ਮਾਰ ਰਿਹਾ ਸੀ। ਇਸ ਦਾ ਵੱਡਾ ਕਾਰਨ ਸੀ ਕਿ ਪਾਕਿਸਤਾਨ ਵਿਚ ਉਸ ਨੇ ਜਿੱਥੇ ਕਿਤੇ ਵੀ ਤਕਰੀਰ ਕੀਤੀ, ਹਰ ਥਾਂ ਉਸ ਨੂੰ ਰੱਜ ਕੇ ਵਾਹਵਾ ਮਿਲੀ। ਹਰ ਕਿਸੇ ਨੇ ਉਸ ਨੂੰ ਇਸਲਾਮ ਦੀ ਸੱਚੀ ਧੀ ਕਹਿ ਕੇ ਸਰਾਹਿਆ। ਇਸ ਤੋਂ ਬਿਨਾ ਉਹ ਖੁਦ ਵੀ ਸੋਚਣ ਲੱਗੀ ਸੀ ਕਿ ਉਸ ਨੂੰ ਜਹਾਦ ਵਿਚ ਅੱਗੇ ਵਧ ਕੇ ਕੰਮ ਕਰਨਾ ਚਾਹੀਦਾ ਹੈ। ਇਸ ਸਾਰੀਆਂ ਗੱਲਾਂ ਨੇ ਉਸ ਦੇ ਅੰਦਰ ਨਵੀਂ ਤਾਕਤ ਭਰ ਦਿੱਤੀ।
ਉਸ ਨੇ ਆਉਂਦਿਆਂ ਹੀ ਜੋਸ਼ੋ-ਖਰੋਸ਼ ਨਾਲ ਕੰਮ ਸ਼ੁਰੂ ਕਰ ਦਿੱਤਾ। ਉਹ ਮੁਸਲਿਮ ਸਟੂਡੈਂਟਸ ਐਸੋਸੀਏਸ਼ਨ (ਐਮæਐਸ਼ਏ) ਦੀਆਂ ਮੀਟਿੰਗਾਂ ਬਾਕਾਇਦਾ ਕਰਵਾਉਣ ਲੱਗੀ। ਚੈਰਿਟੀ ਦੇ ਕੰਮਾਂ ‘ਚ ਦਿਲਚਸਪੀ ਵਧਾ ਦਿੱਤੀ। ਇੱਕ ਦਿਨ ਉਸ ਨੂੰ ਸੁਹੇਲ ਮਿਲਣ ਆਇਆ। ਗੱਲਾਂ ਕਰਦੇ ਉਹ ਪਾਰਕ ਵੱਲ ਨਿਕਲ ਗਏ।
“ਕਿਵੇਂ ਰਹੀਆਂ ਤੇਰੀਆਂ ਛੁੱਟੀਆਂ?” ਸੁਹੇਲ ਨੇ ਗੱਲ ਛੇੜੀ।
“ਬਹੁਤ ਵਧੀਆ।”
“ਤੇਰੇ ਅੱਬੂ ਦਾ ਕੀ ਹਾਲ ਐ ਹੁਣ?”
“ਠੀਕ ਐ। ਬੱਸ ਦਿਲ ਦਾ ਰੋਗ ਹੋਣ ਕਰ ਕੇ ਕਮਜ਼ੋਰੀ ਬਹੁਤ ਆ ਗਈ ਐ।”
“ਤੇਰੀ ਅੰਮੀ ਦੇ ਚੈਰਿਟੀ ਦੇ ਕੰਮ ਕਿਵੇਂ ਚੱਲਦੇ ਨੇ?”
“ਅੰਮੀ ਦੇ ਤਾਂ ਠੀਕ ਚੱਲਦੇ ਨੇ, ਪਰ ਇੱਥੇ ਦੇ ਮੈਨੂੰ ਸਹੀ ਨ੍ਹੀਂ ਲੱਗਦੇ।”
“ਉਹ ਕਿਵੇਂ?”
“ਮੇਰੇ ਜਾਣ ਪਿੱਛੋਂ ਸਾਰਾ ਕੁਛ ਸੁਸਤ ਜਿਹਾ ਹੋ ਗਿਆ ਲੱਗਦਾ ਐ।”
“ਤੂੰ ਆ ਗਈ ਐਂ, ਸਭ ਕੁਛ ਠੀਕ ਹੋਜੂਗਾ। ਆਪਾਂ ਨੂੰ ਲੋਕਾਂ ਨੂੰ ਖਿੱਚਣ ਲਈ ਚੰਗੇ ਬੁਲਾਰਿਆਂ ਦੀ ਲੋੜ ਐ।”
“ਬੁਲਾਉ ਫਿਰ, ਦੇਰ ਕਾਹਦੀ ਐ।”
“ਮੈਂ ਪ੍ਰਬੰਧ ਕੀਤਾ ਐ। ਇਸ ਵਾਰ ਕੈਨੇਡਾ ਤੋਂ ਕੈਥਰੀਨ ਬਲਕ ਨੂੰ ਬੁਲਾਇਆ ਐ। ਤੈਨੂੰ ਪਤਾ ਈ ਐ, ਉਹ ਬੋਲਦੀ ਐ ਤਾਂ ਅੱਗ ਵਰ੍ਹਦੀ ਐ।”
“ਹਾਂ ਮੈਂ ਉਸ ਦੀ ਕਿਤਾਬ ‘ਸੋਸ਼ਲ ਜਸਟਿਸ ਇਨ ਅਮੈਰਿਕਾ’ ਪੜ੍ਹੀ ਐ। ਉਸ ਦੇ ਖਿਆਲ ਬਹੁਤ ਉਚੇ ਨੇ, ਪਰ ਇੱਕ ਗੱਲ ਐ।”
“ਉਹ ਕੀ?”
“ਉਸ ਨੂੰ ਆਪਾਂ ਆਮ ਬੁਲਾਰਿਆਂ ਦੇ ਸਾਹਮਣੇ ਨ੍ਹੀਂ ਬੁਲਾ ਸਕਦੇ। ਉਸ ਦੇ ਵਿਚਾਰ ਆਮ ਲੋਕਾਂ ਦੀ ਸਮਝ ਵਿਚ ਆਉਣ ਵਾਲੇ ਨ੍ਹੀਂ ਹਨ; ਸਗੋਂ ਕਈ ਵਾਰ ਤਾਂ ਉਹ ਉਸ ਦੀਆਂ ਗੱਲਾਂ ਨੂੰ ਉਲਟ ਲੈ ਜਾਂਦੇ ਨੇ।”
“ਫਿਰ ਇਸ ਦਾ ਹੱਲ ਕੀ ਐ?”
“ਮੈਂ ਇਹ ਸੋਚਿਆ ਐ ਕਿ ਆਪਾਂ ਵੱਖਰੀ ਜਥਬੰਦੀ ਬਣਾ ਲਈਏ, ਜਿਹੜੀ ਬਿਲਕੁਲ ਗੁਪਤ ਹੋਵੇ। ਉਸ ਦੀਆਂ ਮੀਟਿੰਗਾਂ ਵਿਚ ਜਹਾਦ ਨੂੰ ਪੂਰੀ ਤਰ੍ਹਾਂ ਸਮਰਪਤ ਲੋਕ ਹੀ ਆਉਣ।”
“ਇਹ ਬਿਲਕੁਲ ਠੀਕ ਐ। ਨਾਲੇ ਇਸੇ ਗੱਲ ਤੋਂ ਮੈਨੂੰ ਯਾਦ ਆਇਆ ਕਿ ਬੋਸਨੀਆ ਵਿਚ ਜਹਾਦੀਆਂ ਦੀ ਥੋੜ੍ਹ ਪੈਂਦੀ ਜਾ ਰਹੀ ਐ। ਸਾਨੂੰ ਉਥੇ ਲੜਨ ਲਈ ਜਹਾਦੀ ਚਾਹੀਦੇ ਨੇ।”
“ਇਹ ਗੱਲ ਮੈਂ ਪਹਿਲਾਂ ਈ ਸੋਚ ਲਈ ਸੀ। ਇਸ ਦੇ ਲਈ ਮੈਂ ਆਪਣੀ ਗੁਪਤ ਈਮੇਲ ‘ਤੇ ਮੈਸਿਜ ਵੀ ਪਾ ਦਿੱਤਾ ਐ ਕਿ ਸਾਨੂੰ ਬੋਸਨੀਆ ਦੇ ਜਹਾਦ ਲਈ ਸ਼ਹੀਦਾਂ ਦੀ ਲੋੜ ਐ। ਇਸ ਦੇ ਕਾਫੀ ਸਾਰੇ ਉਤਰ ਵੀ ਆਏ ਨੇ।”
“ਇਹ ਤਾਂ ਤੂੰ ਬਹੁਤ ਚੰਗਾ ਕੀਤਾ। ਤੇਰੀਆਂ ਹੋਰ ਕੀ ਸਕੀਮਾਂ ਨੇ?”
“ਮੈਂ ਚਾਹੁੰਨੀ ਆਂ ਕਿ ਸ਼ਿਕਾਗੋ ‘ਚ ਚੱਲ ਰਹੀਆਂ ਚੈਰਿਟੀਆਂ ਗਲੋਬਲ ਰਿਲੀਫ ਫਾਊਂਡੇਸ਼ਨ ਅਤੇ ਬੈਨੇਵੋਲੈਂਸ ਇੰਟਰਨੈਸ਼ਨਲ ਫਾਊਂਡੇਸ਼ਨ ਦੀਆਂ ਇੱਥੇ ਵੀ ਬਰਾਂਚਾਂ ਖੋਲ੍ਹੀਆਂ ਜਾਣ। ਇਸ ਤਰ੍ਹਾਂ ਚੈਰਿਟੀ ਦੇ ਸੋਮੇ ਵਧ ਜਾਣਗੇ ਤੇ ਬੋਸਨੀਆ ‘ਚ ਚੱਲ ਰਹੇ ਜਹਾਦ ਲਈ ਪੈਸਿਆਂ ਦੀ ਕਮੀ ਵੀ ਨ੍ਹੀਂ ਆਵੇਗੀ। ਤੈਨੂੰ ਪਤਾ ਈ ਹੋਣਾ ਐਂ ਕਿ ਉਥੇ ਹਥਿਆਰਾਂ ਲਈ ਪੈਸੇ ਚਾਹੀਦੇ ਨੇ।”
“ਇਹ ਤਾਂ ਠੀਕ ਐ। ਦੋਨਾਂ ਚੈਰਿਟੀਆਂ ਇੱਥੇ ਵੀ ਸ਼ੁਰੂ ਕਰ ਲੈਨੇ ਆਂ। ਕੁਝ ਹੋਰ?”
“ਮੈਂ ਕੁੜੀਆਂ ਦੇ ਗਰੁੱਪਾਂ ਨੂੰ ਰਾਈਫਲ ਵਗੈਰਾ ਸਿਖਾਉਣ ਦੇ ਮੰਤਵ ਨਾਲ ਕਲੱਬ ਜੁਆਇਨ ਕਰਵਾਇਆ ਐ। ਆਪ ਵੀ ਉਥੇ ਬੰਦੂਕ ਆਦਿ ਚਲਾਉਣ ਦੀ ਸਿਖਲਾਈ ਲੈ ਰਹੀ ਆਂ। ਇਸ ਤੋਂ ਸਿਵਾਏæææ।” ਆਫੀਆ ਨੇ ਗੱਲ ਵਿਚਾਲੇ ਛੱਡਦਿਆਂ ਉਪਰ ਵੱਲ ਵੇਖਿਆ, ਮੀਂਹ ਉਤਰ ਆਇਆ ਸੀ। ਉਹ ਭੱਜ ਕੇ ਨੇੜਲੀ ਬਿਲਡਿੰਗ ਦੇ ਛੱਜੇ ਹੇਠ ਜਾ ਖੜ੍ਹੇ ਹੋਏ।
“ਇਸ ਤੋਂ ਬਿਨਾਂ ਮੈਂ ਇੱਥੇ ਦੀ ਇੱਕæææ”, ਆਫੀਆ ਫਿਰ ਤੋਂ ਬੋਲਣ ਲੱਗੀ ਹੀ ਸੀ ਕਿ ਸੁਹੇਲ ਨੇ ਮੂੰਹ ‘ਤੇ ਉਂਗਲ ਰੱਖਦਿਆਂ ਉਸ ਨੂੰ ਚੁੱਪ ਰਹਿਣ ਦਾ ਇਸ਼ਾਰਾ ਕੀਤਾ। ਆਫੀਆ ਨੇ ਚੁੱਪ ਹੁੰਦਿਆਂ ਆਲੇ-ਦੁਆਲੇ ਵੇਖਿਆ। ਉਸ ਨੂੰ ਯਾਦ ਆਇਆ ਕਿ ਇੱਥੇ ਹਰ ਬਿਲਡਿੰਗ ਦੀ ਕਿਸੇ ਨਾ ਕਿਸੇ ਨੁੱਕਰ ‘ਚ ਕੈਮਰੇ ਲੱਗੇ ਹੁੰਦੇ ਹਨ ਜੋ ਗੱਲਾਂ ਵੀ ਰਿਕਾਰਡ ਕਰਦੇ ਹਨ। ਉਸ ਨੇ ਕੋਈ ਹੋਰ ਸਾਧਾਰਨ ਜਿਹੀ ਗੱਲ ਸ਼ੁਰੂ ਕਰ ਲਈ। ਪੰਦਰਾਂ ਕੁ ਮਿੰਟ ਪਿੱਛੋਂ ਮੀਂਹ ਬੰਦ ਹੋ ਗਿਆ ਤਾਂ ਉਹ ਬਾਹਰ ਨਿਕਲ ਕੇ ਕਰਾਸਵਾਕ ‘ਤੇ ਤੁਰਨ ਲੱਗੇ। ਆਲੇ-ਦੁਆਲੇ ਝਾਕਦਿਆਂ ਆਫੀਆ ਨੇ ਪਹਿਲਾਂ ਵਿਚਕਾਰ ਛੱਡੀ ਗੱਲ ਫਿਰ ਸ਼ੁਰੂ ਕਰ ਲਈ।
“ਹਾਂ ਮੈਂ ਉਦੋਂ ਕਹਿ ਰਹੀ ਸੀ ਕਿ ਮੈਂ ਇੱਥੇ ਦੀ ਅਜਿਹੀ ਮਸਜਦ ਦੇ ਇਮਾਮ ਨਾਲ ਰਾਬਤਾ ਕਾਇਮ ਕੀਤਾ ਐ ਜਿਹੜਾ ਇੱਥੇ ਦੀਆਂ ਜੇਲ੍ਹਾਂ ‘ਚ ਮੁਸਲਮਾਨ ਕੈਦੀਆਂ ਨੂੰ ਹਰ ਹਫਤੇ ਮਜ਼ਹਬੀ ਸਿੱਖਿਆ ਦੇਣ ਜਾਂਦਾ ਐ। ਮੈਂ ਉਸ ਦੇ ਰਾਹੀਂ ਬਹੁਤ ਸਾਰੀਆਂ ਅੰਗਰੇਜ਼ੀ ‘ਚ ਤਰਜਮਾ ਹੋਈਆਂ ਕਿਤਾਬਾਂ ਮੁਸਲਮਾਨ ਕੈਦੀਆਂ ਤੱਕ ਪਹੁੰਚਾ ਰਹੀ ਆਂ। ਇਸ ਨਾਲ ਉਨ੍ਹਾਂ ਵਿਚ ਵੀ ਜਹਾਦ ਪ੍ਰਤੀ ਚਿੰਗਿਆੜੀ ਸੁਲਘੇਗੀæææ।” ਗੱਲ ਕਰਦੀ ਕਰਦੀ ਆਫੀਆ ਚੁੱਪ ਹੋ ਗਈ ਕਿਉਂਕਿ ਕੋਲ ਦੀ ਕੋਈ ਲੰਘ ਰਿਹਾ ਸੀ। ਥੋੜ੍ਹਾ ਰੁਕਦਿਆਂ ਉਹ ਫਿਰ ਬੋਲਣ ਲੱਗੀ, “ਇਸ ਤੋਂ ਬਿਨਾਂ ਮੈਂ ਪੁਰਾਣੇ ਬੁੱਕ ਸਟੋਰਾਂ ਤੋਂ ਅਮਰੀਕਨ ਮਿਲਟਰੀ ਮੈਨੂਅਲ ਖਰੀਦ ਰਹੀ ਆਂ ਤਾਂ ਕਿ ਉਹ ਸਾਡੇ ਮੁਜਾਹਿਦੀਨਾਂ ਨੂੰ ਭੇਜੇ ਜਾ ਸਕਣ ਤੇ ਉਨ੍ਹਾਂ ਨੂੰ ਅਮਰੀਕਨਾਂ ਖਿਲਾਫ ਲੜਨ ਵੇਲੇ ਇਨ੍ਹਾਂ ਤੋਂ ਮੱਦਦ ਮਿਲੇ।”
“ਆਫੀਆ ਤੂੰ ਤਾਂ ਬਹੁਤ ਈ ਅੱਗੇ ਦਾ ਸੋਚਦੀ ਐਂ। ਜੋ ਕੁਛ ਤੂੰ ਕਰ ਰਹੀ ਐਂ, ਆਮ ਬੰਦਾ ਤਾਂ ਇਹ ਸੋਚ ਵੀ ਨ੍ਹੀਂ ਸਕਦਾ। ਤੇਰੀ ਇਸ ਅਮਰੀਕਨ ਮਿਲਟਰੀ ਮੈਨੂਅਲ ਵਾਲੀ ਗੱਲ ਨੇ ਮੈਨੂੰ ਬੜਾ ਪ੍ਰਭਾਵਤ ਕੀਤਾ ਐ, ਪਰ ਜ਼ਰਾ ਸੰਭਲ ਕੇ ਚੱਲੀਂ ਕਿਉਂਕਿ ਜੇ ਕਿਸੇ ਨੂੰ ਜ਼ਰਾ ਵੀ ਸ਼ੱਕ ਹੋ ਗਿਆ ਤਾਂ ਕੰਮ ਖਰਾਬ ਹੋਜੂਗਾ। ਤੇਰਾ ਇਹ ਕੰਮ ਬਗਾਵਤ ਗਿਣਿਆਂ ਜਾਊਗਾ। ਤੂੰ ਬੱਸ਼ææ।” ਇੰਨੇ ਨੂੰ ਸੁਹੇਲ ਦਾ ਫੋਨ ਖੜਕਿਆ। ਫੋਨ ਆਨ ਕਰ ਕੇ ਉਹ ਗੱਲ ਸੁਣਨ ਲੱਗਿਆ। ਕਈ ਮਿੰਟ ਗੱਲ ਹੋਣ ਪਿੱਛੋਂ ਉਹ ਆਫੀਆ ਵੱਲ ਨੂੰ ਆਉਂਦਾ ਉਦਾਸ ਆਵਾਜ਼ ‘ਚ ਬੋਲਿਆ, “ਅਸਲ ‘ਚ ਕਿਸੇ ਘਰ ਦੇ ਭੇਤੀ ਨੇ ਹੀ ਸਾਰਾ ਕੰਮ ਵਿਗਾੜਿਆ ਸੀ।”
“ਹੈਂ!?”
“ਅੱਜ ਫਿਰ ਅਲ-ਕੀਫਾ ਦੇ ਕਈ ਮੈਂਬਰਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਨੇ। ਯੁਨਾਈਟਡ ਨੇਸ਼ਨਜ਼ ਬਿਲਡਿੰਗ ਅਤੇ ਕਈ ਟਨਲਾਂ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਲਾ ਕੇ ਇਹ ਮੈਂਬਰ ਫੜੇ ਗਏ ਨੇ। ਸੂਹ ਲੱਗੀ ਐ ਕਿ ਜਿਸ ਦਿਨ ਸ਼ੇਖ ਉਮਰ ਅਬਦੁਲ ਰਹਿਮਾਨ ਨੇ ਢਾਈ ਲੱਖ ਅਮਰੀਕਨਾਂ ਨੂੰ ਮਾਰਨ ਦਾ ਫਤਵਾ ਜਾਰੀ ਕੀਤਾ ਸੀ, ਉਸ ਦਿਨ ਉਥੇ ਕੋਈ ਮੁਸਲਮਾਨ ਅਜਿਹਾ ਵੀ ਸੀ ਜੋ ਐਫ਼ਬੀæਆਈæ ਦਾ ਮੁਖਬਰ ਸੀ। ਉਸੇ ਕਰ ਕੇ ਸਾਰੀ ਗੱਲ ਦਾ ਭੇਤ ਖੁੱਲ੍ਹਿਆ ਅਤੇ ਉਹੀ ਅੱਗੇ ਜਾ ਕੇ ਅੱਜ ਵਾਲੀਆਂ ਗ੍ਰਿਫਤਾਰੀਆਂ ਦਾ ਕਾਰਨ ਬਣਿਆਂ।”
“ਅਜਿਹੇ ਗੱਦਾਰਾਂ ਦਾ ਕੀ ਕੀਤਾ ਜਾਵੇ?” ਆਫੀਆ ਦੀਆਂ ਭਵਾਂ ਸੁੰਗੜ ਗਈਆਂ।
“ਇਨ੍ਹਾਂ ਦਾ ਹੱਲ ਉਹੀ ਐ ਜੋ ਕਿਸੇ ਦੁਸ਼ਮਣ ਦਾ ਹੁੰਦਾ ਐ, ਪਰ ਇੱਥੇ ਇਹ ਕੰਮ ਬਹੁਤ ਔਖਾ ਐ।”
“ਅੱਛਾ ਮੈਂ ਚੱਲਦਾ ਆਂ। ਜਦੋਂ ਤੱਕ ਥੋੜ੍ਹਾ ਟਿਕ ਟਿਕਾ ਨ੍ਹੀਂ ਹੋ ਜਾਂਦਾ, ਉਤਨਾ ਚਿਰ ਬਚ ਕੇ ਰਹਿਣ ਦੀ ਲੋੜ ਐ।”
ਸੁਹੇਲ ਚਲਿਆ ਗਿਆ ਤਾਂ ਆਫੀਆ ਹੋਸਟਲ ਵੱਲ ਨੂੰ ਤੁਰ ਪਈ।
(ਚਲਦਾ)

Be the first to comment

Leave a Reply

Your email address will not be published.